ਪਾ ਕੇ ਦਿਲਬਰ ਦੀ ਇਨਾਇਤ ਮੁਸਕਰਾਵੇ ਜਿੰਦਗੀ I
ਮਗਨ ਹੋ ਕੇ ਪਿਆਰ ਦੇ ਫਿਰ ਗੀਤ ਗਾਵੇ ਜਿੰਦਗੀ I
ਮੰਜਿਲਾਂ ਤੇ ਪਹੁੰਚ ਜਾਵੇ ਨਫਰਤਾਂ ਨੂੰ ਚੀਰ ਕੇ,
ਰਸਤਿਆਂ ‘ਚੋਂ ਪੁੱਟ ਕੇ ਸੂਲਾਂ ਪਬ ਉਠਾਵੇ ਜਿੰਦਗੀ I
ਧਰਤ ਤੇ ਆਕਾਸ਼ ਸਾਰਾ ਅੱਗ ਪਾਣੀ ਤੇ ਹਵਾ,
ਅੱਖੀਆਂ ਵਿਚ ਕੁੱਲ ਬ੍ਰਹਿਮੰਡ ਨੂੰ ਸਮਾਵੇ ਜਿੰਦਗੀ I
ਮੋਮਨਾਂ ਤੋਂ ਦੀਨ ਦੀ ਗਲ ਕਾਫਰਾਂ ਤੋਂ ਕੁਫਰ ਦੀ,
ਆਸ਼ਕਾਂ ਤੋਂ ਇਸ਼ਕ ਦਾ ਹੀ ਯਸ਼ ਲਿਖਾਵੇ ਜਿੰਦਗੀ I
ਦਰਦ ਹੰਝੂਆਂ ਤੁਹਮਤਾਂ ਸੰਗ ਇਹ ਸ਼ਿੰਗਾਰੇ ਆਪ ਨੂੰ,
ਉਲਝ ਕੇ ਕੰਡਿਆਂ ‘ਚ ਮਹਿਕਾਂ ਵੀ ਖਿੰਡਾਵੇ ਜਿੰਦਗੀ I
ਇਹ ਮਿਲਾਵੇ ਵਿਛੜਿਆਂ ਨੂੰ ਦੂਰ ਆਪਣੇ ਵੀ ਕਰੇ,
ਹਿਜ਼ਰ ਤੇ ਵਸਲਾਂ ਦੇ ਰੰਗਾਂ ਨੂੰ ਵਿਖਾਵੇ ਜਿੰਦਗੀ I
ਕਰ ਦਵੇ ਜ਼ਹਿਰਾਂ ਨੂੰ ਅਮ੍ਰਿਤ ਪਿਆਰ ਦੇ ਰੰਗ ਘੋਲ ਕੇ,
ਭਾਲ ਕੇ ਸ਼ੁਕਰਾਤ ਜ਼ਹਿਰਾਂ ਵੀ ਪਿਲਾਵੇ ਜਿੰਦਗੀ I
ਬੇਬਸਾਂ ਦਾ ਸਿਦਕ ਬਣਦੀ ਹੌਸਲਾ ਮਜ਼ਲੂਮ ਦਾ,
ਆਸ ਦੇ ਦੀਪਕ ਦਿਲਾਂ ਵਿਚ ਹੀ ਜਗਾਵੇ ਜਿੰਦਗੀ I