ਰੇਸ਼ਮੀ ਜਿਹੇ ਪੰਨਿਆਂ 'ਤੇ ਸ਼ਬਦਾਂ ਦੇ ਮੋਤੀ ਪਾਏ
ਲਿਖ-ਲਿਖ ਚੰਨਾ ਅਸੀਂ ਰੁੱਤਾਂ ਦੇ ਉਲਾਂਭੇ ਲਾਹੇ
ਫੁੱਲਾਂ ਨੇ ਵੀ ਸਾਡੇ ਸੰਗ ਮੁਹੱਬਤਾਂ ਦੇ ਗੀਤ ਗਾਏ
ਰੁੱਖਾਂ ਨੇ ਹੈ ਰਮਜ਼ ਪਛਾਣੀ ਚੰਨ ਵੇ,
ਤੇਰੇ ਮੇਰੇ ਪਿਆਰ ਦੀ ਕਹਾਣੀ ਚੰਨ ਵੇ
ਮਹਿਕੇ ਜਿਵੇਂਂ ਫੁੱਲਾਂ ਵਾਲੀ ਟਾਹਣੀ ਚੰਨ ਵੇ
ਸੀਨੇ ਲਾ ਕੇ ਰੱਖਾਂ ਤੇਰੇ ਦਿੱਤੇ ਸਿਰਨਾਂਵੇਂ ਨੂੰ
'ਮਹਾਨ ਕੋਸ਼' ਉਹ ਜਿਲਦ ਪੁਰਾਣੀ ਚੰਨ ਵੇ
ਤੇਰੇ ਮੇਰੇ ਪਿਆਰ……………………
ਤਾਰਿਆਂ ਦੇ ਦੇਸ਼ ਵਿੱਚ ਸੁਫਨੇ ਸਜਾਈਏ ਚੱਲ
ਸੋਨੇ ਰੰਗਾ ਸੱਧਰਾਂ ਦਾ ਆਲ੍ਹਣਾ ਬਣਾਈਏ ਚੱਲ
ਅੰਬਰਾਂ ਦੇ ਉੱਤੇ ਸੋਹਣੀ ਦੁਨੀਆ ਵਸਾਈਏ ਚੱਲ
ਹੋਵੇਂਗਾ ਤੂੰ ਰਾਜਾ ਤੇ ਮੈਂ ਰਾਣੀ ਚੰਨ ਵੇ
ਤੇਰੇ ਮੇਰੇ ਪਿਆਰ ਦੀ ਕਹਾਣੀ ਚੰਨ ਵੇ
ਮਹਿਕੇ ਜਿਵੇ………………………
ਤੇਰੀ ਰਾਹ ਤੱਕਦੇ ਨੇ ਰਾਵੀ ਦੇ ਕਿਨਾਰੇ ਵੇ
ਪਲਕਾਂ ਵਿਛਾਉਣ ਪੈਰੀਂ ਕਿਰਨਾਂ ਦੇ ਵਣਜਾਰੇ ਵੇ
ਪਰ ਠੱਗਦੇ ਨੇ ਚੰਨਾ ਸਾਨੂੰ ਤੇਰੇ ਝੂਠੇ ਲਾਰੇ ਵੇ
ਫਿਕਰਾਂ ਨੇ ਮਾਰੀ ਜਿੰਦ ਨਿਮਾਣੀ ਚੰਨ ਵੇ
ਤੇਰੇ ਮੇਰੇ ਪਿਆਰ ਦੀ ਕਹਾਣੀ ਚੰਨ ਵੇ
ਮਹਿਕੇ ਜਿਵੇ………………………
ਮਜ਼੍ਹਬਾਂ ਦੇ ਇਕੱਠੇ ਸਾਰੇ ਕਰ ਲਈਏ ਟੋਟੇ ਵੇ
ਜੋੜ ਦੇਈਏ ਸਭ ਉਪਰ ਲਾ ਦੇਈਏ ਗੋਟੇ
ਪੰਛੀਆਂ ਨਾਲ ਸਾਂਝ ਪਾਉਣ ਜੀਕਣ ਬਰੋਟੇ ਵੇ
ਉੱਚੀ-ਸੁੱਚੀ ਨਾਨਕ ਦੀ ਬਾਣੀ ਚੰਨ ਵੇ
ਤੇਰੇ ਮੇਰੇ ਪਿਆਰ ਦੀ ਕਹਾਣੀ ਚੰਨ ਵੇ
ਮਹਿਕੇ ਜਿਵੇਂ………………………
ਮੇਰਿਆਂ ਕਲੀਰਿਆਂ ਨੂੰ ਰੰਗ ਉਦੋਂ ਚੜ੍ਹ ਜਾਣਾ
ਬੰਨ ਸਿਹਰਾ ਜਦ ਤੂੰ ਬੂਹੇ ਅੱਗੇ ਖੜ੍ਹ ਜਾਣਾ
ਤਕਦੀਰਾਂ ਨੇ 'ਲਾਂਵਾਂ' ਦਾ ਪੰਨਾ ਫਿਰ ਪੜ੍ਹ ਜਾਣਾ
ਉਤੋਂ ਮਾਂ ਨੇ ਵੀ ਵਾਰ ਦੇਣਾ ਪਾਣੀ ਚੰਨ ਵੇ
ਤੇਰੇ ਮੇਰੇ ਪਿਆਰ ਦੀ ਕਹਾਣੀ ਚੰਨ ਵੇ
ਮਹਿਕੇ ਜਿਵੇਂਂ ਫੁੱਲਾਂ ਵਾਲੀ ਟਾਹਣੀ ਚੰਨ ਵੇ
ਸੀਨੇ ਲਾ ਕੇ ਰੱਖਾਂ ਤੇਰੇ ਦਿੱਤੇ ਸਿਰਨਾਂਵੇਂ ਨੂੰ
'ਮਹਾਨ ਕੋਸ਼' ਉਹ ਜਿਲਦ ਪੁਰਾਣੀ ਚੰਨ ਵੇ
ਤੇਰੇ ਮੇਰੇ ਪਿਆਰ……………………