ਔਰਤ ਦਿਵਸ ਨੂੰ ਹਾਲੇ ਕੁਝ ਦਿਨ ਬਾਕੀ ਸਨ ਤੇ ਸਿਮਰ ਨੇ ਅਪਣੀ ਕਵਿਤਾ ਜੋ ਕਿ ਨਾਰੀ ਨਾਲ ਸੰਬੰਧਿਤ ਸੀ ਹਾਲੇ ਕੁਝ ਦੇਰ ਪਹਿਲਾਂ ਹੀ email ਰਾਹੀਂ ਅਖ਼ਬਾਰ ਵਾਲਿਆਂ ਨੂੰ ਭੇਜੀ ਸੀ| ਕੁਝ ਦੇਰ ਹੀ ਅਖ਼ਬਾਰ ਤੋਂ ਔਰਤ ਐਡੀਟਰ ਦਾ ਫੋਨ ਆ ਗਿਆ ਕਿ ਤੁਹਾਡੀ ਕਵਿਤਾ ਨਾਰੀ ਦਿਵਸ ਤੋਂ ਇੱਕ ਦਿਨ ਪਹਿਲਾਂ ਛਾਪੀ ਜਾਏਗੀ ਤੁਸੀਂ ਤੁਰੰਤ ਅਪਣੀਂ ਪਾਸਪੋਰਟ ਸਇਜ ਫੋਟੋ ਭੇਜੋ | ਬਿਨਾਂ ਸਮਾਂ ਗਵਾਏ ਸਿਮਰ ਨੇ ਅਪਣੀ ਤਸਵੀਰ ਵੀ ਭੇਜ ਦਿੱਤੀ | ਸਿਮਰ ਕਾਫੀ ਖੁਸ਼ ਸੀ ਕਿ ਉਸ ਦੀ ਕਵਿਤਾ ਇੱਕ ਨਾਮੀ ਅਖ਼ਬਾਰ ਵਿੱਚ ਛਪਣ ਜਾ ਰਹੀ ਹੈ ਤੇ ਉਸ ਨੇ ਅਪਣੀ ਇਹ ਖੁਸ਼ੀ ਆਪਣੇ ਘਰਦਿਆਂ ਅਤੇ ਦੋਸਤਾਂ ਨਾਲ ਸਾਂਝੀ ਕੀਤੀ ਕਿ ਉਸਦੀ ਕਵਿਤਾ ਫਲਾਣੇ ਦਿਨ ਉਸ ਅਖ਼ਬਾਰ ਵਿੱਚ ਛਪੇਗੀ ਤੁਸੀਂ ਸਭ ਉਸ ਦਿਨ ਉਹ ਅਖ਼ਬਾਰ ਜਰੂਰ ਖਰੀਦਣਾ ਤੇ ਮੇਰੀ ਕਵਿਤਾ ਪੜ੍ਹਨਾ | ਸਭ ਸਿਮਰ ਦੇ ਨਾਲ ਖੁਸ਼ ਦਿਸ ਰਹੇ ਸਨ | ਤੇ ਅੱਜ ਉਹ ਦਿਨ ਆ ਗਿਆ ਸੀ, ਨਾਰੀ ਦਿਵਸ ਤੋਂ ਇੱਕ ਦਿਨ ਪਹਿਲਾਂ ਵਾਲਾ | ਸਿਮਰ ਨੇ ਅਖ਼ਬਾਰ ਚੁੱਕਿਆ ਤੇ ਉਤਸੁਕਤਾ ਨਾਲ ਅਖ਼ਬਾਰ ਫਰੋਲਣ ਲੱਗ ਪਿਆ ਤੇ ਸਾਹਿਤ ਵਾਲੇ ਪੰਨੇ ਤੇ ਦੇਖਣ ਲੱਗਾ | ਪਰ ਅਖ਼ਬਾਰ ਚ ਸਿਰਫ਼ ਔਰਤਾਂ ਦੀਆਂ ਕਵਿਤਾਵਾਂ ਹੀ ਸਨ | ਅਖ਼ਬਾਰ ਦੇਖਦੇ ਦੇਖਦੇ ਸਿਮਰ ਦੇ ਰਿਸ਼ਤੇਦਾਰ ਤੇ ਦੋਸਤ ਵੀ ਫੋਨ ਕਰਨ ਲੱਗੇ," ਸਿਮਰ ਤੇਰੀ ਕਵਿਤਾ ਨਹੀਂ ਆਈ "| ਸਿਮਰ ਸਭ ਜਾਣਦੇ ਹੋਏ ਵੀ ਇਹੀ ਜਵਾਬ ਦੇ ਰਿਹਾ ਸੀ ਕਿ , " ਦੇਖਦਾਂ ਮੈਂ ਅਖ਼ਬਾਰ ਫੇਰ ਦਸਦਾਂ "| ਸਿਮਰ ਨੂੰ ਇੰਝ ਲੱਗ ਰਿਹਾ ਸੀ ਕਿ ਮੋਢੇ ਨਾਲ ਮੋਢਾ ਮਿਲਾ ਕਿ ਚਲਣ ਦੀਆਂ ਗੱਲਾਂ ਕਰਨ ਵਾਲੀਆਂ ਔਰਤਾਂ ਵਿੱਚੋਂ ਔਰਤ ਐਡੀਟਰ ਤੇ ਔਰਤ ਕਵਿਤਰੀਆਂ ਉਸ ਨੂੰ ਬਿਨਾਂ ਕਿਸੇ ਗੱਲ ਤੋਂ ਠਿੱਬੀ ਦੇਕੇ ਸੁੱਟ ਗਈਆਂ ਸਨ ਤੇ ਉਸ ਵੱਲ ਹੱਥ ਕਰ ਕਰ ਹੱਸ ਰਹੀਆਂ ਸਨ |