ਸਮੇਂ ਦੇ ਵੇਗ 'ਚ ਰੁੜ ਗਿਆ ਸਤਿਕਾਰ
(ਲੇਖ )
ਕੋਈ ਸਮਾਂ ਸੀ ਜਦੋਂ ਪੰਜਾਬ ਨੂੰ ਇੱਜਤਾਂ ਦਾ ਰਖਵਾਲਾ ਕਿਹਾ ਜਾਂਦਾ ਸੀ, ਸਾਂਝੇ ਪਰਿਵਾਰਾਂ ਵਿੱਚ ਛਲ-ਛਲ ਵਗਦੇ ਦਰਿਆਵਾਂ ਵਾਗੂੰ ਪਿਆਰ ਠਾਠਾਂ ਮਾਰਦਾ ਸੀ। ਧੀਆਂ ਭੈਣਾਂ ਦਾ ਸਤਿਕਾਰ ਕੀਤਾ ਜਾਂਦਾ ਸੀ। ਘਰ ਦੇ ਵਿੱਚ ਕੋਈ ਵੀ ਕੰਮ ਦੀ ਸ਼ੁਰੂਆਤ ਕਰਨੀ ਜਿਵੇਂ ਵਿਆਹ ਸ਼ਾਦੀ, ਨਵੇਂ ਘਰ ਦੀ ਨੀਂਹ ਰੱਖਣੀ, ਕੋਈ ਜਾਇਦਾਦ ਖਰੀਦਣੀ, ਕੋਈ (ਹਲਾਵਾ) ਦੁਧਾਰੂ ਪਸ਼ੂ ਆਦਿ ਖਰੀਦਣ ਵੇਲੇ ਧੀ ਨੂੰ ਪਹਿਲ ਦੇ ਅਧਾਰ ਤੇ ਸੂਟ ਦੇਣਾ, ਕੋਈ ਸੋਨੇ ਦੀ ਚੀਜ਼ ਦੇਣੀ ਅਤੇ ਸਮਝਿਆ ਜਾਂਦਾ ਸੀ ਕਿ ਧੀ ਧਿਆਣੀ ਨੂੰ ਦਿੱਤੀ ਚੀਜ਼ ਦਰਗਾਹ 'ਚ ਫਲਦੀ ਹੈ, ਭਾਵ ਬਹੁਤ ਵੱਡਾ ਪੁੰਨ ਲੱਗਦਾ ਹੈ। ਧੀਆਂ ਦੇ ਨਾਮ ਤੇ ਕੋਈ ਸੁੱਖ ਸੁਖ ਲੈਣੀ ਅਤੇ ਸਮਝਿਆ ਜਾਂਦਾ ਸੀ ਕਿ ਪੁੰਨ ਜ਼ਿਆਦਾ ਲਗਦਾ ਹੈ। ਇਸੇ ਤਰਹਾਂ ਸਹੁਰੀ ਵਿਆਹੀਆਂ ਹੋਈਆਂ ਭੈਣਾਂ ਲਈ ਚਾਈਂ-ਚਾਈਂ ਵੀਰ ਸੰਧਾਰਾ ਲੈ ਕੇ ਜਾਂਦੇ, ਬੇਸ਼ੱਕ ਉਨਹਾਂ ਸਮਿਆਂ ਵਿੱਚ ਆਵਾਜਾਈ ਦੇ ਸਾਧਨ ਸੀਮਤ ਸਨ ਭਾਵੇਂ ਉੱਠ ਗੱਡੀਆਂ ਆਦਿ ਤੇ ਸਵਾਰੀ ਕੀਤੀ ਜਾਂਦੀ ਸੀ। ਜਦੋਂ ਸਹੁਰੇ ਘਰ ਵੀਰ ਸੰਧਾਰਾ ਲੈ ਕੇ ਪਹੁੰਚਦਾ ਤਾਂ ਭੈਣ ਦੀ ਖੁਸ਼ੀ ਦੀ ਕੋਈ ਹੱਦ ਨਹੀ ਸੀ ਹੁੰਦੀ, ਜੋ ਸਾਡੇ ਲੋਕ ਗੀਤਾਂ ਵਿੱਚ ਵੀ ਪ੍ਰਚੱਲਿਤ ਰਹੀ ਹੈ ਕਿ 'ਬੋਤਾ ਬੰਨ• ਦੇ ਸਰਵਨਾ ਵੀਰਾ ਕਿੱਲੀਆ ਰੰਗੀਲ ਗੱਡੀਆਂ'। ਭੈਣਾਂ ਨੂੰ ਚਾਅ ਚੜ• ਜਾਣਾ ਤੇ ਭੈਣ ਦੀ ਸੱਸ ਵੀ ਬੇਸ਼ੱਕ ਭਰਾ ਦੀ ਖਾਤਿਰਦਾਰੀ ਕਰਦੀ, ਪਰ ਆਮ ਕਹਾਵਤ ਹੈ ਕਿ ਸੱਸ ਤਾਂ ਭਾਂਵੇ ਕਾਠ ਦੀ ਵੀ ਹੋਵੇ ਉਹ ਵੀ ਨਹੀ ਮਾਣ। ਇਸੇ ਕਰਕੇ ਇਸ ਦੀ ਹਾਮੀ ਵੀ ਸਾਡੇ ਪੁਰਾਤਨ ਲੋਕ ਗੀਤਾਂ 'ਚੋਂ ਝਲਕਦੀ ਹੈ, ਜਿਵੇਂ ਭੈਣ ਸੱਸ ਨੂੰ ਮਿਹਣਾ ਮਾਰ ਕੇ ਕਹਿੰਦੀ ਹੈ ਕਿ 'ਸੱਸੇ ਤੇਰੀ ਮੱਝ ਮਰਜੇ, ਮੇਰੇ ਵੀਰ ਨੂੰ ਸੁੱਕੀ ਖੰਡ ਪਾਈ'। ਬੇਸ਼ੱਕ ਇਹ ਗੱਲਾਂ ਨਿਹੋਰਿਆਂ ਭਰੀਆਂ ਸਨ, ਪਰ ਸਾਡੇ ਪੁਰਾਤਨ ਵਿਰਸੇ ਦਾ ਅਤੁੱਟ ਅੰਗ ਰਹੀਆਂ ਹਨ। ਪਹਿਲੀ ਗੱਲ ਤਾਂ ਉਦੋਂ ਸਮੇਂ ਵੀ ਵਧੀਆ ਸਨ, ਪਰ ਫਿਰ ਵੀ ਜੇਕਰ ਸਹੁਰੇ ਘਰ ਧੀ ਧਿਆਣੀ ਔਖੀ ਹੁੰਦੀ ਤਾਂ ਵੀਰਾਂ ਕੋਲ ਸਹੁਰੇ ਘਰ ਦੀ ਨਰਾਜ਼ਗੀ ਜਰੂਰੀ ਜਾਹਿਰ ਕਰਦੀ। ਜਿਸਦੀ ਝਲਕ ਵੀ ਸਾਡੇ ਪੁਰਾਤਨ ਵਿਰਸੇ ਤੇ ਲੋਕ ਗੀਤਾਂ 'ਚੋਂ ਝਲਕਦੀ ਸੀ ਜਿਵੇਂ 'ਪੀੜ•ੀ ਡਾਹ ਕੇ ਬਹਿਜਾ ਵੀਰਨਾ, ਸੱਸ ਚੰਦਰੀ ਦੇ ਰੁਦਨ ਸੁਨਾਵਾਂ' ਤੇ ਮਿੱਠਾ-ਮਿੱਠਾ ਉਲਾਂਭਾ ਭਰਾ ਨੂੰ ਸੁਣਾ ਕੇ ਭੈਣ ਦਾ ਦਿਲ ਹਲਕਾ ਹੋ ਜਾਂਦਾ। ਅੱਗੋਂ ਸੱਸ ਦਾ ਮਿੱਠਾ ਮਿਹਣਾ ਵੀ ਭੈਣ ਨੂੰ ਜਰੂਰ ਮਿਲਦਾ। ਜੇਕਰ ਕਿਸੇ ਦਿਨ ਦਿਹਾਰ ਜਾਂ ਤੀਆਂ ਵੇਲੇ ਧੀ ਭੈਣ ਦੇ ਪੇਕਿਆਂ ਵੱਲੋਂ ਕਿਸੇ ਕਾਰਨ ਵੱਸ ਕੋਈ ਨਾ ਬਹੁੜਦਾ ਤਾਂ ਸੱਸ ਕਹਿੰਦੀ 'ਤੈਨੂੰ ਤੀਆਂ 'ਚ ਲੈਣ ਨਾ ਆਏ, ਬਹੁਤਿਆਂ ਭਰਾਵਾਂ ਵਾਲੀਏ'। ਉਨਹਾਂ ਸਮਿਆਂ ਵਿੱਚ ਵੀ ਧੀਆਂ-ਭੈਣਾਂ ਸੱਸਾਂ ਨੂੰ ਜਵਾਬ ਦਿੰਦੀਆਂ ਰਹੀਆਂ ਹਨ। ਪਰ ਅੱਜ ਵਾਂਗੂੰ ਨਹੀ ਕਿ ਕਿਸੇ ਕਹੀ ਗੱਲ ਦਾ ਬਹੁਤ ਵੱਡਾ ਵਾਕਿਆ ਜਾਂ ਕਚਹਿਰੀਆਂ ਤੱਕ ਗੱਲ ਪਹੁੰਚ ਜਾਵੇ। ਉਨਹਾਂ ਸਮਿਆਂ ਵਿੱਚ ਸਭ ਵਿੱਚ ਸਬਰ ਸੰਤੋਖ ਸੀ, ਜੋ ਕਿ ਅਜੋਕੇ ਸਮਿਆਂ ਵਿੱਚ ਖਤਮ ਹੋ ਚੁੱਕਿਆ ਹੈ। ਧੀਆਂ-ਭੈਣਾਂ ਸੱਸ ਦੀ ਗੱਲ ਦਾ ਜਵਾਬ ਪਿਆਰ ਭਰੀ ਅਵਾਜ ਵਿੱਚ ਹੀ ਦਿੰਦੀਆਂ ਜਿਵੇਂ 'ਸੱਸੇ ਨੀ ਚੋਰ ਅੱਖੀਏ, ਤੈਥੋਂ ਡਰਦੇ ਲੈਣ ਨਾ ਆਏ'। ਪਰ ਉਹ ਸਮੇਂ ਅਪਣੱਤ ਪਿਆਰ ਮੁਹੱਬਤ ਵਾਲੇ ਰਹੇ ਹਨ। ਜੇਕਰ ਕਿਸੇ ਸਮੇਂ ਕੋਈ ਗੁੱਸਾ ਗਿਲਾ ਹੋਣਾਂ ਵੀ ਤਾਂ ਥੋੜੇ ਸਮੇਂ ਬਾਅਦ ਹੀ ਨਿਪਟਦੇ ਰਹੇ ਹਨ। ਪੰਜਾਬ ਵਿੱਚ ਐਸੇ ਸਮੇਂ ਵੀ ਰਹੇ ਹਨ ਕਿ ਖੇਤ ਗਏ ਵੀਰ ਹੀ ਭੈਣਾਂ ਨੂੰ ਮਿਲ ਆਉਂਦੇ ਸਨ, ਇਸਦੀ ਹਾਮੀ ਵੀ ਸਾਡੇ ਪੁਰਾਤਨ ਵਿਰਸੇ ਵਿੱਚੋਂ ਮਿਲਦੀ ਹੈ।
ਸਮੇਂ ਦੇ ਵੇਗ ਨੇ ਇਹ ਸਭ ਨਿਗਲ ਲਿਆ ਹੈ, ਭਾਵ ਭੱਜ ਦੌੜ ਦੀ ਅਤੇ ਪੈਸੇ ਦੀ ਹੋੜ ਵਿੱਚ ਨਾ ਤਾਂ ਉਹ ਪਿਆਰ ਹੀ ਰਹੇ ਹਨ ਤੇ ਨਾਂ ਹੀ ਓਸੇ ਸਤਿਕਾਰ ਰਹੇ ਹਨ। ਅਜੋਕੀਆਂ ਭੈਣਾਂ ਵੀ ਭਰਾਵਾਂ ਦੀ ਜਾਇਦਾਦ ਵਿੱਚੋਂ ਹਿੱਸਾ ਭਾਲਦੀਆਂ ਹਨ ਤੇ ਅਜੋਕੇ ਭਰਾ ਵੀ ਮਸਾਂ ਹੀ ਇਕ ਵਾਰ ਭੈਣ ਨੂੰ ਵਿਆਹ ਕੇ ਘੱਟ ਹੀ ਸਾਰ ਲੈਂਦੇ ਹਨ। ਕਿਸੇ ਕੋਲ ਵੀ ਸਮਾਂ ਨਹੀ ਕਿ ਪੂਰਾ ਇਕ ਦਿਨ ਭੈਣ ਜਾਂ ਕਿਸੇ ਰਿਸ਼ਤੇਦਾਰੀ ਵਿੱਚ ਲਗਾ ਲਵੇ, ਓਪਰਿਆਂ ਵਾਗੂੰ ਹੀ ਮਸਾਂ ਇਕ ਘੰਟਾ ਕੱਢਿਆ ਜਾਂਦਾ ਹੈ। ਜੇਕਰ ਕਿਸੇ ਖਾਸ ਰਿਸ਼ਤੇਦਾਰੀ ਵਿੱਚ ਕੋਈ ਐਸਾ ਕਾਰਜ ਹੈ ਤਾਂ ਭਲਾਂ ਦੋ ਘੰਟੇ ਪਹਿਲਾਂ ਚਲੇ ਜਾਣ ਨਹੀ ਤਾਂ ਟਾਈਮ ਦੇ ਟਾਈਮ ਤੇ ਪਹੁੰਚਣਾ ਅਜੋਕੇ ਇਨਸਾਨ ਦਾ ਟਰਿੰਡ ਬਣ ਗਿਆ ਹੈ। ਘੜਿਆ ਘੜਾਇਆ ਇਕੋ ਹੀ ਜਵਾਬ ਹੁੰਦਾ ਹੈ ਕਿ ਮਸਾਂ ਹੀ ਟਾਇਮ ਕੱਢ ਕੇ ਆਇਆ ਹਾਂ। ਅਜੋਕੇ ਸਾਇੰਸੀ ਯੁੱਗ ਵਿੱਚ ਦੁਖ-ਸੁਖ ਵੀ ਮੋਬਾਇਲਾਂ ਦੇ ਜਰੀਏ ਹੋਣ ਲੱਗ ਪਿਆ ਹੈ। ਉਹ ਸਮੇਂ ਲੱਦ ਗਏ ਹਨ ਜਦੋਂ ਕੁਆਰੀਆਂ ਧੀਆਂ-ਭੈਣਾਂ ਕੋਲ ਘਰ ਦੀਆਂ ਸਾਰੀਆਂ ਚਾਬੀਆਂ ਭਾਵ ਕਾਰ ਮੁਖਤਿਆਰੀ ਹੁੰਦੀ ਸੀ ਤੇ ਉਨਹਾਂ ਤੋਂ ਮੰਗਕੇ ਹੀ ਪੈਸੇ ਲੈ ਕੇ ਕਿਤੇ ਜਾਣਾ, ਤੇ ਫਸਲ ਵਗੈਰਾ ਦੀ ਵੱਟਤ ਬੱਚਤ ਧੀਆਂ ਨੂੰ ਫੜਾਉਣੀ ਤੇ ਕਹਿਣਾ ਇਹ ਤਾਂ ਚਾਰ ਦਿਨ ਦੀ ਪ੍ਰਾਹੁਣੀ ਹੈ ਭਾਵ ਬੇਗਾਨੀ ਅਮਾਨਤ ਹੈ, ਇਹਨੇ ਕਿਹੜਾ ਸਦਾ ਬੈਠੇ ਰਹਿਣਾ ਹੈ ਇਸਦਾ ਤਾਂ ਸਤਿਕਾਰ ਹੀ ਹੈ। ਪਰ ਅੱਜ ਜੇਕਰ ਅਜੋਕੀ ਪੀੜ•ੀ ਨੂੰ ਇਨਹਾਂ ਗੱਲਾਂ ਦਾ ਹਵਾਲਾ ਵੀ ਦੇਈਏ ਤਾਂ ਮਖੌਲ ਸਮਝਿਆ ਜਾਂਦਾ ਹੈ। ਸਮੇਂ ਦੇ ਵੇਗ ਨਾਲ ਸਭ ਕੁਝ ਬਦਲ ਗਿਆ ਹੈ। ਅਜੋਕੀ ਮਨੁੱਖਤਾ ਵਿੱਚੋਂ ਪਿਆਰ ਮੁਹੱਬਤ ਅਪਣੱਤ ਖੰਭ ਲਾ ਕੇ ਉੱਡ ਗਿਆ ਹੈ। ਪੈਸੇ ਦੀ ਦੌੜ ਵਿੱਚ ਮਨੁੱਖ ਆਪਣਿਆਂ ਨੂੰ ਹੀ ਭੁਲਦਾ ਜਾ ਰਿਹਾ ਹੈ। ਪਤਾ ਨਹੀ ਇਹ ਵਰਤਾਰਾ ਕਿੱਥੇ ਜਾ ਕੇ ਰੁਕਦਾ ਹੈ।