ਪਿਆਰ ਤੇਰੇ ਨਾਲ ਮੈਨੂੰ, ਬੇਪਨਾਹ ਐ ਜਿੰਦਗੀ I
ਦੂਰ ਨਾ ਜਾ ਪਾਸ ਆ ਕੇ, ਗਲ ਲਗਾ ਐ ਜਿੰਦਗੀ I
ਯਾਦ ਕਰ ਉਂਗਲੀ ਫੜਾ ਕੇ, ਤੂੰ ਸਿਖਾਇਆ ਤੋਰਨਾ,
ਹੁਣ ਕਿਸੇ ਵੀ ਮੋੜ ਤੇ ਨਾ, ਹੱਥ ਛੁਡਾ ਐ ਜਿੰਦਗੀ I
ਪਿਆਰ ਬੀਜਣ ਵਾਸਤੇ ਦਿਲ, ਨਾ ਕਦੇ ਬੰਜਰ ਰਹੇ,
ਰਹਿਮ ਕਰ ਜਰਖੇਜ਼ ਇਸਨੂੰ, ਹੀ ਬਣਾ ਐ ਜਿੰਦਗੀ I
ਹਰ ਪੜਾਅ ਤੇ ਮੰਜਿਲਾਂ ਦਾ , ਮੈਂ ਪਤਾ ਪੁੱਛਦਾ ਰਿਹਾ,
ਮਿਲ ਨਾ ਪਾਇਆ ਥੋਹ ਪਤਾ ਪਰ, ਤੂੰ ਵਿਖਾ ਐ ਜਿੰਦਗੀ I
ਸੋਚਿਆ ਤੂੰ ਜਿਸਮ ਦਾ ਹੀ, ਸਫਰ ਮੈਂ ਕਰਦਾ ਰਹਾਂ,
ਬਣ ਨਾ ਤੂੰ ਅਨਭੋਲ ਐਂਵੇਂ, ਰੂਹ ਮਿਲਾ ਐ ਜਿੰਦਗੀ I
ਕੌਲ ਸ਼ਿੱਦਤ ਨਾਲ ਸਾਰੇ, ਮੈਂ ਨਿਭਾਉਂਦਾ ਹੀ ਰਿਹਾ,
ਆਪਣੇ ਇਕਰਾਰ ਪਰ ਤੂੰ, ਵੀ ਨਿਭਾ ਐ ਜਿੰਦਗੀ I
ਆਸ ਦੇ ਦੀਪਕ ਨਿਰਾਸ਼ਾ, ਨਾ ਬੁਝਾਵੇ ਹੁਣ ਕਦੇ,
ਬਣ ਕੇ ਹਰ ਦਿਨ ਤੂੰ ਦੀਵਾਲੀ,ਜਗਮਗਾ ਐ ਜਿੰਦਗੀ I
ਸੋਚ ਹੁਣ ਬਸ ਗਮ ਹੀ ਮੇਰੇ, ਘਰ ਕਿਓਂ ਆਉਂਦੇ ਰਹੇ,
ਬਣ ਕੇ ਤੂੰ ਹਮਸਫਰ ਖੁਸ਼ੀਆਂ, ਵੀ ਲਿਆ ਐ ਜਿੰਦਗੀ I
ਆਦਮੀ ‘ਚੋਂ ਚੇਤਨਾ ਦੀ, ਲਾਟ ਬੁਝਦੀ ਜਾ ਰਹੀ,
ਏਸ ਦੀਵੇ ਵਿਚ ਤੂੰ ਮੁੜ ਕੇ, ਤੇਲ ਪਾ ਐ ਜਿੰਦਗੀ I