ਮੈਨੇਜਰ ਸਾਹਿਬ! ਮੈਂ ਸਰਦਾਰ ਬਲਬੀਰ ਸਿੰਘ ਜੀ ਹੁਰਾਂ ਨੂੰ ਮਿਲਣਾ ਚਾਹੁੰਦਾ ਹਾਂ।
ਅੱਗੋਂ ਸਵਾਲ ਆਇਆ, ਤੁਸੀਂ ਕੌਣ ਹੋ ?
ਮੈਂ ਹਰਕੀਰਤ ਸਿੰਘ ਕੈਨੇਡਾ ਤੋਂ, ਉਹਨਾਂ ਦਾ ਬੇਟਾ।
ਬੇਟਾ..?? ਇਹ ਕਿੱਦਾਂ ਹੋ ਸਕਦਾ, ਜੇ ਤੂੰ ਉਹਨਾਂ ਦਾ ਬੇਟਾ ਹੁੰਦਾ ਤਾਂ ਆਪਣੇ ਬਾਪ ਨੂੰ ਇਸ ਬਿਰਧ ਘਰ ਵਿੱਚ ਨਾ ਛੱਡ ਕੇ ਜਾਂਦਾ...।
ਨਹੀਂ ਸਰ, ਸ਼ਾਇਦ ਤੁਸੀਂ ਗਲਤ ਸਮਝ ਰਹੇ ਹੋ.. ਮੈਂ ਕੱਲ੍ਹ ਰਾਤ ਹੀ ਕੈਨੇਡਾ ਤੋਂ ੧੦ ਸਾਲ ਬਾਅਦ ਵਾਪਸ ਆਇਆ ਹਾਂ। ਮੈਨੂੰ ਤਾਂ ਅੱਜ ਕਈ ਸਾਲਾਂ ਬਾਅਦ ਪਤਾ ਲੱਗਾ ਕਿ ਮੇਰੇ ਪਿਤਾ ਜੀ ਇੱਥੇ ਹਨ। ਪਲੀਜ਼ ਮੈਨੂੰ ਉਹਨਾਂ ਨਾਲ ਮਿਲਵਾ ਦਿਉ। ਮੈਂ ਉਹਨਾਂ ਨੂੰ ਆਪਣੇ ਨਾਲ ਲਿਜਾਉਣ ਆਇਆ ਹਾਂ।
ਆਉ ਤੁਹਾਨੂੰ ਮਿਲਵਾਉਂਦਾ ਹਾਂ ਤੁਹਾਡੇ ਪਿਤਾ ਜੀ ਨਾਲ, ਕਹਿ ਕੇ ਬਿਰਧ ਘਰ ਦਾ ਮੈਨੇਜਰ ਆਪਣੀ ਕੁਰਸੀ ਤੋਂ ਉੱਠਿਆ ਅਤੇ ਬਰਾਂਡੇ ਵੱਲ ਨੂੰ ਹੋ ਤੁਰਿਆ। ਬਰਾਂਡੇ ਦੇ ਕੋਲ ਇੱਕ ਖਿੜਕੀ ਦੇ ਨੇੜਿਉਂ ਮੈਨੇਜਰ ਨੇ ਕਿਹਾ ਕਿ, 'ਉਹ ਨੀਲੇ ਦਸਤਾਰੇ ਸਜਾਈ ਖੜ੍ਹਾ, ਆਪਣੇ ਪੁੱਤਰ ਕੀਰਤ ਬਾਰੇ ਆਪਣੇ ਸਾਥੀਆਂ ਨਾਲ ਗੱਲ ਕਰ ਰਿਹਾ ਹੈ ਤੇ ਹਮੇਸ਼ਾਂ ਹੀ ਕਰਦਾ ਰਹਿੰਦਾ ਹੈ।
ਹਾਂ ਜੀ ਮੈਨੇਜਰ ਸਾਹਿਬ ਬਾਪੂ ਜੀ ਮੈਨੂੰ ਹੀ ਕੀਰਤ ਕਹਿੰਦੇ ਹਨ।
ਬਲਬੀਰ ਸਿੰਘ ਦੇ ਚਿਹਰੇ ਤੇ ਝੁਰੜੀਆਂ, ਗੋਰਾ ਰੰਗ, ਚਿੱਟੀ ਚਾਂਦਨੀ ਦੇ ਵਰਗੇ ਚਿੱਟੇ ਲਿਸ਼ਕਦੇ ਵਾਲ, ਖੜ੍ਹੀਆਂ ਮੁੱਛਾਂ, ਥੱਲੇ ਚਿੱਟਾ ਬਿਸਕੁਟੀ ਡੱਬੀਆਂ ਵਾਲਾ ਚਾਦਰਾ , ਪੈਰੀਂ ਕਾਲੇ ਮੌਜੇ ਤੇ ਦੁੱਧ ਚਿੱਟਾ ਕੁੜਤਾ ਪਾਈ, ਹੱਥ ਵਿੱਚ ਇੱਕ ਖੂੰਡੀ ਫੜ੍ਹ ਕੇ, ਅੱਖਾਂ ਤੇ ਲੱਗੀਆਂ ਵੱਡੀਆਂ-ਵੱਡੀਆਂ ਐਨਕਾਂ ਰਾਹੀਂ ਗੱਲ ਸੁਣ ਰਹੇ ਸਾਥੀਆਂ ਵੱਲ ਧਿਆਨ ਨਾਲ ਵੇਖਦਾ ਹੋਇਆ ਪੂਰੇ ਜੋਸ਼ ਨਾਲ ਦੱਸ ਰਿਹਾ ਸੀ, ਯਾਰੋ! ਮੈਂ ਬਾਪ ਵੱਲੋਂ ਮਿਲੇ ਦੋ ਕਿਲ੍ਹੇ ਜ਼ਮੀਨ ਤੋਂ ੧੦੦ ਕਿੱਲ੍ਹੇ ਬਣਾਏ ਸੀ, ਪਰ ਜਦ ਭੋਗਣ ਦਾ ਵੇਲਾ ਆਇਆ ਤਾਂ ਮੇਰੇ ਪੁੱਤ ਨੇ ਮੈਨੂੰ ਇੱਥੇ ਸੁੱਟ ਦਿੱਤਾ। ਮੇਰਾ ਕਮਾਏ ੯੮ ਕਿਲ੍ਹੇ ਤਾਂ ਕੀ ਮਿਲਣੇ ਸੀ, ਜੇਹੜੇ ਮੇਰੇ ਬਾਪ ਨੇ ਮੈਨੂੰ ਦੋ ਕਿਲ੍ਹੇ ਦਿੱਤੇ ਸੀ ਉਹ ਵੀ ਜਾਂਦੇ ਰਹੇ। ਜੇ ਮੇਰਾ ਵੱਡਾ ਪੁੱਤ, ਕੀਰਤ ਮੇਰੇ ਤੋਂ ਦੂਰ ਨਾ ਜਾਂਦਾ ਤਾਂ ਅੱਜ ੧੦੦ ਦੇ ੨੦੦ ਕਿਲ੍ਹੇ ਹੋ ਜਾਣੇ ਸੀ, ਪਰ ਵਾਹਿਗੁਰੂ ਘਰ ਦੇਰ ਹੈ ਹਨੇਰ ਨਹੀਂ, ਜਲਦੀ ਹੀ ਮੈਂ ਇੱਥੋਂ ਚਲਿਆ ਜਾਣਾ ਫਿਰ ਆਪਣੇ ਘਰ ਵਾਪਿਸ, ਕਿਉਂਕਿ ਮੇਰਾ ਪੁੱਤ ਕੀਰਤ ਇਕ ਨਾ ਇੱਕ ਦਿਨ ਮੈਨੂੰ ਜ਼ਰੂਰ ਲੈਣ ਆਊਗਾ.. ਕਹਿੰਦਿਆਂ ਹੀ ਬਲਬੀਰ ਸਿੰਹੁ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਤੇ ਗਲ ਭਰ ਗਿਆ...।
ਕੋਲ ਬੈਠਾ ਪ੍ਰਦੂਮਣ ਸਿੰਘ ਬੋਲਿਆ, 'ਬਲਬੀਰ ਸਿੰਹਾਂ ਤਕੜਾ ਬਣ ਤਕੜਾ, ਐਵੇਂ ਹਿੰਮਤ ਨਹੀਂ ਹਾਰੀਦੀ, ਉਸਦੀ ਦਰਗਾਹ ਤੋਂ ਕਦੇ ਕੋਈ ਨਹੀਂ ਮੁੜਿਆ, ਬਲਬੀਰ ਸਿੰਹਾਂ ਸੱਚ ਨੂੰ ਪਹਿਚਾਣ, ਹਿੰਮਤ ਰੱਖ।
ਨਹੀਂ ਪ੍ਰਦੂਮਣ ਸਿੰਘਾਂ! ਉਹ ਉਸਦੀ ਦਰਗਾਹ ਤੇ ਨਹੀਂ ਗਿਆ, ਉਹ ਤਾਂ ਇੱਥੇ ਕਿਤੇ ਈ ਆ, ਬੱਸ ਅੇਵੇਂ ਲੁਕਣ ਮਿਟੀ ਖੇਡਦਾ ਕਿਤੇ ਲੁੱਕ ਗਿਆ ਹੈ, ਮੈਂਥੋਂ ਲੱਭਿਆ ਨਹੀਂ ਗਿਆ, ਪਰ ਵੇਖੀਂ, ਉਹਨੇ ਆਪੇ ਈ ਬਾਹਰ ਆ ਕੇ, ਘੁੱਟ ਕੇ ਗਲ ਨਾਲ ਲਾ ਲੈਣਾ ਐ ਤੇ ਆਖਣਾ ਬਾਪੂ ਮੈਂ ਆ ਗਿਆ...
ਗੁਰਕੀਰਤ ਦੇ ਪੈਰ ਬਾਪੂ ਦੀ ਗੱਲਾਂ ਸੁਣ ਕੇ ਉਸ ਵੱਲ ਭੱਜ ਪਏ ਤੇ, ਤੇ ਜ਼ੋਰ ਦੀ ਆਵਾਜ਼ ਮਾਰੀ... ਹਾਂ ਬਾਪੂ ਮੈਂ ਆ ਗਿਆ ਈ, ਆਜਾ ਮੇਰੇ ਕਾਲਜੇ ਲੱਗ ਜਾ ਬਾਪੂ, ਤੇਰੇ ਬਿਨ੍ਹਾਂ ਕਦੇ ਕਿਸੇ ਖੁਸ਼ੀ ਨੂੰ, ਕਿਸੇ ਸੁੱਖ ਨੂੰ ਮਾਣ ਨਹੀਂ ਸਕਿਆ ਮੈਂ...
ਆਵਾਜ਼ ਸੁਣ ਕੇ ਬਲਬੀਰ ਸਿੰਘ ਨੇ ਪਿੱਛੇ ਮੁੜ ਗੁਰਕੀਰਤ ਨੂੰ ਵੇਖਿਆ, ਹੱਥੋਂ ਖੂੰਡੀ ਛੁੱਟ ਗਈ, ਲੱਤਾਂ ਵਿੱਚ ਜਾਣ ਆ ਗਈ ਤੇ ਉੱਚੀ ਸਾਰੀ ਬੋਲਿਆ, ਵੇਖ ਓਏ ਪ੍ਰਦੂਮਣਿਆਂ, 'ਓ ਸੱਚੀਂ ਆ ਗਿਆ ਈ ਮੇਰਾ ਪੁੱਤ ਕੀਰਤ, ਮੈਂ ਨਾ ਕਹਿੰਦਾ ਸੀ ਕਿ ਉਹ ਜ਼ਰੂਰ ਆਊਗਾ, ਕਹਿੰਦਾ ਹੋਇਆ ਪੁੱਤ ਕੀਰਤ ਦੇ ਘੁੱਟ ਕੇ ਗਲ ਲੱਗ ਗਿਆ।
ਮਾਹੌਲ ਬੜਾ ਭਾਵੁਕ ਤੇ ਗਮਗੀਨ ਹੋ ਗਿਆ। ਕਿੱਥੇ ਚਲਿਆ ਗਿਆ ਸੀ ਪੁੱਤਰਾ, ਬੱਸ ਤੈਨੂੰ ਆਖਰੀ ਵਾਰ ਦੇਖਣ ਲਈ ਹੀ ਜਿਊਂਦਾ ਹਾਂ, ਉਹ ਪ੍ਰਮਾਤਮਾ ਬੜਾ ਬਲੀ ਹੈ, ਮੇਰੀ ਅਰਦਾਸ ਉਸਨੇ ਸੁਣ ਲਈ, ਮੈਂ ਧੰਨ ਹੋ ਗਿਆ ਪੁੱਤਰਾ, ਮੈਂ ਧੰਨ ਹੋ ਗਿਆ।
ਬਾਪੂ ਮੈਂ ਕਿਤੇ ਨਹੀਂ ਸੀ ਗਿਆ, ਬਸ ਰੱਬ ਦੀ ਮਰਜ਼ੀ ਹੀ ਸੀ।
ਬਿਰਧ ਘਰ ਦੀ ਮੈਨੇਜਮੈਂਟ ਨੇ ਦੋਹਾਂ ਪਿਉ ਪੁੱਤਰਾਂ ਦੀ ਇਸ ਮਿਲਣੀ ਨੂੰ ਮਾਣਿਆ ਹੈ ਅਤੇ ਪਿਉ-ਪੁੱਤ ਦੇ ਇੱਕ ਸੱਚੇ ਰਿਸ਼ਤੇ ਨੂੰ ਵੇਖਿਆ।
ਹੁਣ ਬੱਸ ਸਾਰਿਆਂ ਦੇ ਦਿਲ ਵਿੱਚ ਇਹੀ ਸਵਾਲ ਸੀ ਕਿ ਇਸ ਸਾਰੇ ਪਿੱਛੇ ਮਾਜ਼ਰਾ ਕੀ ਹੈ? ਸੱਭ ਦੀਆਂ ਅੱਖਾਂ ਕੀਰਤ ਅਤੇ ਬਲਬੀਰ ਸਿੰਘ ਵੱਲ ਟਿਕੀਆਂ ਹੋਈਆਂ ਸਨ, ਮਨ ਵਿੱਚ ਕਈ ਕੁੱਝ ਆ ਰਿਹਾ ਸੀ, ਕਿ ਕੀਰਤ ਤਾਂ ਮਰ ਚੁੱਕਾ ਸੀ? ਜਾਂ ਬਲਬੀਰ ਸਿੰਘ ਸੱਚ ਬੋਲਦਾ ਸੀ, ਕੁੱਝ ਵੀ ਕਿਸੇ ਦੀ ਸਮਝ ਵਿੱਚ ਨਹੀਂ ਸੀ। ਜੇ ਦੋਹਾਂ ਪਿਉ-ਪੁੱਤਰਾਂ ਵਿੱਚ ਇੰਨਾ ਪਿਆਰ ਹੈ ਤਾਂ ਘਰੋਂ ਚੁੱਕ ਕੇ ਪਿਉ ਨੂੰ ਇੱਥੇ ਕਿਉਂ ਸੁੱਟ ਗਿਆ? ਪਿਛਲੇ ਇੰਨੇ ਸਾਲਾਂ ਵਿੱਚ ਪਿਉ ਦੀ ਯਾਦ ਕਿਉਂ ਨਾ ਆਈ?
ਹਰਕੀਰਤ ਨੇ ਸਾਰੀ ਕਹਾਣੀ ਦੱਸਣੀ ਸ਼ੁਰੂ ਕੀਤੀ। ਅਸੀਂ ਦੋ ਭਰਾ ਹਾਂ ਮੈਂ ਅਤੇ ਮੇਰਾ ਛੋਟਾ ਮਨਬੀਰ ਸਿੰਘ। ਸਾਡੀ ਮਾਂ ਬਚਪਨ ਵਿੱਚ ਗੁਜ਼ਰ ਗਈ ਸੀ। ਉਦੋਂ ਮੇਰੀ ਉਮਰ ੭ ਸਾਲ ਤੇ ਛੋਟੇ ਦੀ ੩ ਕੁ ਸਾਲ ਸੀ। ਦੋਹਾਂ ਭਰਾਵਾਂ ਨੂੰ ਕਿਤੇ ਮਤਰੇਈ ਮਾਂ ਕਿਸੇ ਤਰ੍ਹਾਂ ਕੋਈ ਦੁੱਖ, ਕਸ਼ਟ ਨਾ ਦੇਵੇ, ਮੇਰੇ ਬਾਪੂ ਨੇ ਕਦੇ ਦੂਜੇ ਵਿਆਹ ਦੀ ਸੋਚੀ ਵੀ ਨਾਂਹ। ਸਾਡੀ ਮਾਂ ਵੀ ਇਹੋ ਤੇ ਪਿਉ ਵੀ ਇਹੋ ਸੀ। ਇੱਕ ਮਿਹਨਤਕਸ਼ ਇਨਸਾਨ ਹੋਣ ਦੇ ਨਾਲ ਧਾਰਮਿਕ ਬਿਰਤੀ ਹੋਣ ਕਰਕੇ ਇਸ ਬੰਦੇ ਵਿੱਚ ਰੱਬ ਤੇ ਭਰੋਸਾ, ਸਹਿਜ ਤੇ ਸਬਰ-ਸੰਤੋਖ ਕਦੇ ਨਾ ਮੁੱਕਿਆ। ਸਾਨੂੰ ਦੋਹਾਂ ਭਰਾਵਾਂ ਨੂੰ ਪੜ੍ਹਾਇਆ ਲਿਖਾਇਆ ਤੇ ਵੱਡੇ ਕੀਤਾ। ਜਦ ਜਵਾਨੀ ਵਿੱਚ ਪੈਰ ਧਰਦਿਆਂ ਮੇਰੇ ਵਿਆਹ ਦੀ ਗੱਲ ਨਾਲਦੇ ਪਿੰਡ ਚੱਲੀ ਤਾਂ ਮੈਂ ਬਾਪੂ ਨੂੰ ਕਿਹਾ ਬਾਪੂ, ਮੈਂ ਬਾਹਰ ਜਾਣਾ ਚਾਹੁੰਦਾ ਜੇ ਤੂੰ ਹਾਂ ਕਰ ਦੇਵੇਂ, ਵਿਆਹ ਤਾਂ ਬਾਅਦ ਵਿੱਚ ਵੀ ਹੋਜੂ। ਮੈਂ ਵਿਦੇਸ਼ ਜਾ ਕੇ ਹੋਰ ਵੀ ਕਾਮਯਾਬ ਬਣਨਾ ਚਾਹੁੰਦਾ ਹਾਂ। ਬਾਪੂ ਨੇ ਨਾ ਚਾਹੁੰਦਿਆਂ ਵੀ ਆਪਣੀ ਅੱਧੀ ਜ਼ਮੀਨ ਵੇਚ ਛੱਡੀ ਤੇ ਠੱਗ ਏਜੰਟਾਂ ਦੇ ਢਹੇ ਚੜ੍ਹ ਕੇ ਲੱਖਾਂ ਰੁਪਿਆਂ ਦਾ ਨੁਕਸਾਨ ਕਰਵਾ ਕੇ, ਸਾਲ ਦੋ ਸਾਲ ਦੀ ਜੱਦੋ ਜਹਿਦ ਕਰਕੇ ਮੈਨੂੰ ਵਿਦੇਸ਼ ਭੇਜ ਦਿੱਤਾ।
ਬੁਰੀ ਕਿਸਮਤ ਨੂੰ ਵੀਜ਼ਾ ਨਕਲੀ ਸੀ ਤੇ ਦੂਜਾ ਸਾਨੂੰ ਕਿਤੇ ਹੋਰ ਹੀ ਇਲਾਕੇ ਜੰਗਲਾਂ ਬੀਆਬਾਨਾਂ ਵਿੱਚ ਛੱਡ ਦਿੱਤਾ ਗਿਆ। ਛੇ ਮਹੀਨੇ ਦੀ ਜੱਦੋ ਜਹਿਦ ਬਾਅਦ ਸਮੁੰਦਰ ਦੇ ਰਸਤੇ ਅਸੀਂ ਉਥੇ ਪੁਜੇ, ਪਹਿਲਾਂ ਲੁੱਕ ਛਿਪ ਕੇ ਕੰਮ ਕਰਦੇ ਰਹੇ, ਫਿਰ ਹੌਲੀ ਹੌਲੀ ਸਖਤ ਮਿਹਨਤ ਨਾਲ, ਜੋ ਆਪਣੇ ਬਾਪੂ ਤੋਂ ਸਿੱਖੀ ਸੀ ਉਸਦੀ ਬਰਕਤ ਨਾਲ ਮੈਂ ਤਿੰਨ ਸਾਲ ਬਾਅਦ ਪੱਕਾ ਹੋਇਆ। ਇਹਨਾਂ ਤਿੰਨਾਂ ਸਾਲਾਂ ਦੌਰਾਨ ਮੈਂ ਕਈ ਵਾਰ ਘਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਚਿੱਠੀ ਵੀ ਲਿਖੀ ਪਰ ਕਦੇ ਕਿਸੇ ਨੇ ਜੁਆਬ ਨਾ ਦਿੱਤਾ। ਮੈਂ ਘਰ ਫੋਨ ਕਰਦਾ ਰਿਹਾ ਪਰ ਘਰ ਦੇ ਕਿਸੇ ਮੈਂਬਰ ਨਾਲ ਗੱਲ ਨਾ ਹੋ ਸਕੀ। ਛੋਟੇ ਮਨਬੀਰ ਨੇ ਇੱਕ ਵਾਰ ਫੋਨ ਚੁੱਕਿਆ ਤੇ ਦੱਸਿਆ ਕਿ ਮੇਰੇ ਬਾਪੂ ਦੀ ਮੌਤ ਹੋ ਗਈ ਹੈ ਦੋ ਸਾਲ ਹੋ ਚੁੱਕੇ ਹਨ, ਜਦੋਂ ਮੈਂ ਕੈਨੇਡਾ ਗਿਆ ਸੀ ਉਸੇ ਦਿਨ ਇੱਕ ਜਹਾਜ ਹਾਦਸਾਗ੍ਰਸਤ ਹੋਇਆ ਸੀ। ਏਜੰਟ ਨੇ ਦੱਸਿਆ ਕਿ ਉਸ ਵਿੱਚ ਹਰਕੀਰਤ ਦੀ ਮੌਤ ਹੋ ਗਈ ਹੈ।
ਇਸ ਪਿੱਛੇ ਵੀ ਇਹੀ ਸੱਚ ਸੀ ਕਿ ਏਜੰਟ ਧੋਖੇਬਾਜ਼ ਸੀ, ਤੇ ਲੋਕ ਉਸ ਕੋਲੋਂ ਆਪਣੇ ਪੁੱਤਰਾਂ ਬਾਰੇ ਨਾ ਪੁੱਛਣ ਇਸ ਲਈ ਉਸਨੇ ਉਸ ਹਾਦਸਾਗ੍ਰਸਤ ਜਹਾਜ ਨੂੰ, ਸਾਡੇ ਵਾਲਾ ਜਹਾਜ਼ ਬਣਾ ਦਿੱਤਾ। ਮੈਨੂੰ ਬਾਪੂ ਦੀ ਮੌਤ ਦਾ ਯਕੀਨ ਨਾ ਹੋਇਆ ਜਦ ਵੀਰੇ ਨੇ ਦੱਸਿਆ ਕਿ ਬਾਪੂ ਦੀ ਸੰਖੇਪ ਬਿਮਾਰੀ ਤੋਂ ਬਾਅਦ ਮੌਤ ਹੋਈ ਹੈ। ਖੈਰ! ਅਣਚਾਹੇ ਜਿਹੇ ਮਨ ਨਾਲ ਇਸ ਭਾਣੇ ਨੂੰ ਮੰਨ ਲਿਆ।
ਬਾਕੀ ਬਾਪੂ ਜੀ ਤੁਸੀਂ ਦੱਸੋ, ਕੀ ਗੱਲ ਹੋਈ ਸੀ??
ਹੋਣਾਂ ਕੀ ਸੀ ਪੁੱਤਰਾ, ਮੈਂ ਤਾਂ ਕਦੀ ਵੀ ਯਕੀਨ ਨਹੀਂ ਕੀਤਾ, ਕਿ ਮੇਰਾ ਪੁੱਤ ਇਸ ਦੁਨੀਆ ਵਿੱਚ ਨਹੀਂ ਹੈ। ਲੋਕੀ ਜੋ ਮਰਜ਼ੀ ਪਏ ਸੀ ਕਹਿੰਦੇ, ਮੈਨੂੰ ਪੂਰਾ ਯਕੀਨ ਸੀ ਉਸ ਸੱਚੇ ਰੱਬ ਤੇ, ਕਿ ਮੇਰੇ ਤੋਂ ਮੇਰਾ ਪੁੱਤ ਇੱਦਾਂ ਨਹੀਂ ਖੋਹ ਸਕਦਾ। ਭਰੋਸਾ ਸੀ ਕਿ ਇੱਕ ਨਾ ਇੱਕ ਦਿਨ ਤੂੰ ਜ਼ਰੂਰ ਆਵੇਂਗਾ।
ਛੋਟੇ ਮਨਬੀਰ ਨੇ ਵੀ ਘਰ ਬਿਨ੍ਹਾਂ ਗੱਲ ਕੀਤਿਆਂ ਕੋਰਟ ਮੈਰਿਜ਼ ਕਰਵਾ ਲਈ ਤੇ ਆਪਣੀ ਵਹੁਟੀ ਸਮੇਤ ਘਰ ਆ ਢੁੱਕਿਆ। ਚੱਲੋ ਘਰ ਵਿੱਚ ਧੀ ਆ ਗਈ, ਰੋਟੀ-ਟੁੱਕ ਸੋਹਣਾ ਪੱਕਣ ਲੱਗ ਪਿਆ ਤੇ ਜਿੰਦਗੀ ਮੁੜ ਹੌਲੀ-ਹੌਲੀ ਲੀਹਾਂ ਤੇ ਆਉਣ ਲੱਗ ਪਈ। ਪਰ ਸਮਾਂ ਬੀਤਣ ਦੇ ਨਾਲ ਆਪਣੀ ਘਰਵਾਲੀ ਦੇ ਮਗਰ ਲੱਗ ਕੇ ਮਨਬੀਰ ਨੇ ਮੇਰੀ ਸਾਰੀ ਜਾਇਦਾਦ ਨੂੰ ਆਪਣੇ ਨਾਮ ਤੇ ਕਰਵਾਉਣ ਲਈ ਮੈਨੂੰ ਕਿਹਾ, ਮੈਂ ਇੱਕ ਤੇਰਾ ਤੇ ਇੱਕ ਉਸਦਾ ਦੋ ਹਿੱਸੇ ਕਰਦਾ ਸੀ, ਪਰ ਉਹ ਸਾਰੀ ਜ਼ਮੀਨ ਚਾਹੁੰਦਾ ਸੀ।
ਮੈਂ ਬੜਾ ਸਮਝਾਇਆ ਕਿ ਮੇਰੇ ਮਗਰੋਂ ਇਹ ਸਾਰੀ ਤੇਰੀ ਹੀ ਹੋ ਜਾਣੀ ਹੈ, ਪਰ ਉਹ ਜਨਾਨੀ ਦੀ ਚੁੱਕਣਾ ਵਿੱਚ ਆ ਕੇ ਕਾਗਜ਼ੀ ਕਾਰਵਾਈ ਮੁਕਾਉਣ ਲਈ ਕਾਹਲਾ ਪੈਣ ਲੱਗ ਪਿਆ। ਉਸਦੀ ਘਰਵਾਲੀ ਵੀ ਨਿੱਤ ਕਲੇਸ਼ ਕਰਦੀ, ਘਰ ਵਿੱਚ ਸੁੱਖ ਸ਼ਾਤੀ ਕਿੱਧਰੇ ਉੱਡ ਹੀ ਗਿਆ। ਉਹ ਕੰਮ ਤੇ ਜਾਂਦਾ ਤੇ ਮਗਰੋਂ ਮੈਨੂੰ ਸ਼ਾਮਾਂ ਤੱਕ ਰੋਟੀ ਨਾ ਜੁੜਦੀ। ਮੈਂ ਸੱਚੇ ਪਰਵਦਗਾਰ ਦੇ ਭਾਣੇ ਵਿੱਚ ਕਦੀਂ ਗਰਦੁਆਰੇ ਲੰਗਰ ਛੱਕ ਆਉਂਦਾ ਤੇ ਕਦੀ ਦੋ ਰੋਟੀਆ ਨਾਲ ਲੈ ਆਉਂਦਾ। ਜਦ ਨੂੰਹ ਸੱਜੇ-ਖੱਬੇ ਹੁੰਦੀ ਤਾਂ ਚੋਰੀ-ਚੋਰੀ ਖਾ ਕੇ ਵਕਤ ਲੰਘਾ ਲੈਂਦਾ।
ਇੱਕ ਦਿਨ ਮੈਨੂੰ ਹਾਰਟ ਅਟੈਕ ਆ ਗਿਆ। ਦੋਵੇਂ ਨੂੰਹ ਤੇ ਪੁੱਤ ਮੈਨੂੰ ਹਸਪਤਾਲ ਲੈ ਗਏ। ਮੇਰੇ ਦਿਲ ਤੇ ਬੜਾ ਬੋਝ ਸੀ ਪੁੱਤਰਾ। ਆਖੀਰ ਮੈਂ ਹਾਰ ਮੰਨ ਕੇ ਜਿਉਂਦਾ ਰਹਿਣ ਲਈ ਤੇ ਤੇਰੀ ਤਾਂਘ ਵਿੱਚ, ਸਾਰੀ ਜ਼ਮੀਨ ਜਾਇਦਾਦ ਛੋਟੇ ਪੁੱਤ ਮਨਬੀਰ ਦੇ ਨਾਮ ਕਰ ਦਿੱਤੀ। ਇਸ ਨਾਲ ਕਲੇਸ਼ ਤਾਂ ਮੁੱਕ ਗਿਆ। ਪਰ ਉਸਨੇ ਜ਼ਮੀਨ ਵੇਚਣੀ ਸ਼ੁਰੂ ਕਰ ਦਿੱਤੀ ਤੇ ਬਦਲੇ ਵਿੱਚ ਮਿਲਣ ਵਾਲੇ ਪੈਸਿਆਂ ਨਾਲ ਐਸ਼-ਇਸ਼ਰਤ ਦੀਆਂ ਮਹਿੰਗੀਆਂ ਚੀਜਾਂ ਘਰ ਆਉਣ ਲੱਗ ਪਈਆਂ, ਜਿਹਨਾਂ ਵਿੱਚ ਚੰਦਰੀ ਸ਼ਰਾਬ ਵੀ ਇਸ ਘਰ ਵਿੱਚ ਆਣ ਵੜੀ। ਮਨਬੀਰ ਅਕਸਰ ਨਸ਼ੇ ਵਿੱਚ ਰਹਿੰਦਾ ਤੇ ਇਸ ਸ਼ਰਾਬ ਦੀ ਨਿੱਕੀ ਜਿਹੀ ਬੋਤਲ ਵਿੱਚ ਤੇਰੀ ਪਿਉ ਦੀ ਸਾਰੀ ਜਿੰਦਗੀ ਦੀ ਮਿਹਨਤ, ਘਰ ਦੀ ਜ਼ਮੀਨ-ਜਾਇਦਾਦ ਰੁੜ੍ਹਨ ਲੱਗ ਪਈ। ਜਦ ਇੱਕ ਵਾਰ ਮੈਂ ਰੋਕਿਆ ਤਾਂ ਘਰ ਵਿੱਚ ਪੂਰਾ ਮਹਾਂਭਾਰਤ ਹੋਇਆ ਤੇ ਅਗਲੇ ਦਿਨ ਮਨਬੀਰ ਮੈਨੂੰ ਹਸਪਤਾਲੋਂ ਦਵਾਈ ਲੈਣ ਦੇ ਬਹਾਨੇ ਗੱਡੀ ਵਿੱਚ ਬਿਠਾ ਕੇ, ਇਸ ਬਿਰਧ ਘਰ ਦੇ ਸਾਹਮਣੇ ਛੱਡ ਗਿਆ। ਮੈਂ ਸੱਭ ਕੁੱਝ ਸਮਝ ਗਿਆ ਅਤੇ ਇੱਥੇ ਆ ਕੇ ਠਹਿਰ ਗਿਆ। ਇੱਥੇ ਮੈਨੂੰ ਮੇਰੇ ਵਰਗੇ ਹੋਰ ਯਾਰ ਮਿਲ ਪਏ ਤੇ ਮੈਂ ਨਵੀਂ ਜਿੰਦਗੀ ਸ਼ੁਰੂ ਕਰ ਲਈ। ਨਾ ਤਾਂ ਕਦੇ ਮਨਬੀਰ ਆਇਆ ਤੇ ਨਾ ਹੀ ਮੈਂ ਉਸ ਕੋਲ ਮੁੜ ਕਦੇ ਗਿਆ।
ਪਰ ਕੀਰਤ ਪੁੱਤ! ਤੈਨੂੰ ਕਿੱਦਾਂ ਪਤਾ ਲੱਗਾ ਮੈਂ ਇੱਥੇ ਹਾਂ..?
ਬਾਪੂ ਜੀ, ਛੋਟੇ ਵੀਰ ਮਨਬੀਰ ਨੇ ਦੱਸਿਆ...।
...... ਉਹ ਤੇਰਾ ਛੋਟਾ ਵੀਰ ਨਹੀਂ ਆ ਪੁੱਤ, ਮੇਰਾ ਇੱਕੋ ਈ ਪੁੱਤ ਆ ਮੇਰਾ ਕੀਰਤ।
... ਨਹੀਂ ਬਾਪੂ ਜੀ! ਉਹ ਬੜਾ ਸ਼ਰਮਿੰਦਾ ਹੈ। ਆਪਣੇ ਕੀਤੇ ਤੇ। ਬਾਪੂ ਜੀ ਤੁਹਾਨੂੰ ਇੱਥੇ ਛੱਡ ਕੇ ਜਾਣ ਮਗਰੋਂ ਉਸਦੀ ਗੱਡੀ ਦਾ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਸੀ ਜਿਸ ਕਰਕੇ ਉਸਦੀ ਇੱਕ ਲੱਤ ਬੁਰੀ ਤਰ੍ਹਾਂ ਟੁੱਟ ਗਈ। ਉਸਦੇ ਇਲਾਜ ਤੇ ਰਹਿੰਦੀ ਜਾਇਦਾਦ ਵੀ ਜਾਂਦੀ ਰਹੀ ਤੇ ਘਰਵਾਲੀ ਅਤੇ ਉਸਦੇ ਬੱਚੇ ਸੜਕ ਤੇ ਆ ਗਏ। ਉਸਦੀ ਘਰਵਾਲੀ ਵੀ ਸਾਹ ਦੀ ਬਿਮਾਰੀ ਨਾਲ ਪੀੜ੍ਹਿਤ ਹੈ ਤੇ ਦੋਵੇਂ ਹਸਪਤਾਲ ਵਿੱਚ ਮਰੀਜ਼ ਬਣੇ ਪਏ ਨੇ। ਇੱਕ ਟੁੱਟੀ ਜਿਹੀ ਝੌਂਪੜੀ ਵਿੱਚ ਗੁਜ਼ਾਰਾ ਕਰਦੇ ਨੇ।
ਮੈਂ ਤਾਂ ਅਕਸਰ ਹੀ ਇੰਡੀਆ ਫੋਨ ਕਰਦਾ ਰਿਹਾ, ਪਰ ਨੰਬਰ ਬੰਦ ਰਿਹਾ ਤੇ ਮੈਂ ਇਹਨਾਂ ਬਾਰੇ ਪਤਾ ਨਹੀਂ ਕਰ ਸਕਿਆ। ਪਰ ਜਦ ਮੈਂ ਇਹਨਾਂ ਦੀ ਗਰੀਬੀ, ਮਜਬੂਰੀ ਅਤੇ ਬੇਬਸੀ ਉੱਤੇ ਕਿਸੇ ਪੱਤਰਕਾਰ ਵੱਲੋਂ ਅਖਬਾਰ ਵਿੱਚ ਲਿਖੀ ਦਾਨੀ ਸੱਜਣਾਂ ਨੂੰ ਅਪੀਲ ਪੜ੍ਹੀ ਤਾਂ ਵਾਪਿਸ ਇੰਡੀਆ ਆਇਆ।
ਮਨਬੀਰ ਮੇਰੇ ਗੱਲ ਲੱਗ ਇੰਨਾਂ ਉੱਚੀ-ਉੱਚੀ ਰੋਇਆ ਕਿ ਬਰਦਾਸ਼ਤ ਨਹੀਂ ਸੀ ਹੁੰਦਾ। ਫਿਰ ਉਸਨੇ ਮੁਆਫੀ ਮੰਗਦੇ ਹੋਏ ਦੱਸਿਆ ਕਿ ਬਾਪੂ ਜਿੰਦਾ ਹੈ। ਫਿਰ ਮੈਂ ਲੱਭ ਲਭਾ ਕੇ ਇੱਥੇ ਪੁੱਜਾ ਹਾਂ।
ਬੱਸ ਹੁਣ ਤੁਸੀਂ ਜਲਦੀ ਘਰ ਚੱਲੋ। ਨਾਲੇ ਤੁਹਾਨੂੰ ਤੁਹਾਡੀ ਨੂੰਹ ਨਾਲ ਮਿਲਾਉਂਦਾ ਹੈ, ਪਰ ਨੂੰਹ ਅਜੇ ਬਣੀ ਨਹੀਂ, ਤੁਹਾਡਾ ਆਸ਼ੀਰਵਾਦ ਤੋਂ ਬਿਨ੍ਹਾਂ ਕੁੱਝ ਵੀ ਸੰਭਵ ਨਹੀਂ ਬਾਪੂ ਜੀ। ਉਹ ਪੰਜਾਬ ਦੀ ਹੀ ਹੈ, ਕੱਲ ਸਵੇਰੇ ਉਸਨੇ ਇੱਥੇ ਸ਼ਹਿਰ ਮੈਨੂੰ ਮਿਲਣ ਆਉਣਾ ਹੈ।
ਪਰ ਪੁੱਤ! ਮੇਰਾ ਨਿੱਕਾ ਪੁੱਤ ਮਨਬੀਰ...??
ਹਾਂ ਬਾਪੂ ਜੀ! ਉਹ ਵੀ ਸਵੇਰੇ ਉਸੇ ਹੋਟਲ ਵਿੱਚ ਮਿਲਣਗੇ। ਮੈਂ ਆਪਣੇ ਦੋਸਤ ਨੂੰ ਕਹਿ ਕੇ ਦੋਵੇਂ ਜਾਣਿਆ ਨੂੰ ਹੋਟਲ ਬੁਲਾ ਲਿਆ ਹੈ ਅਤੇ ੫੦,੦੦੦/- ਰੁਪਏ ਨਕਦ ਦੇ ਕੇ ਉਹਨਾਂ ਨੂੰ ਕੱਪੜੇ ਤੇ ਘਰ ਦੀਆਂ ਜ਼ਰੂਰੀ ਚੀਜਾਂ ਮੰਗਵਾ ਦਿੱਤੀਆਂ ਹਨ। ਜਲਦੀ ਹੀ ਮੈਂ ਆਪਣੀ ਪੁਰਾਣੀ ਜ਼ਮੀਨ ਦਾ ਸੌਦਾ ਕਰ ਲਵਾਂਗਾ ਤੇ ਆਪਾਂ ਵਾਪਿਸ ਆਪਣੇ ਘਰ ਵਿੱਚ ਜਾਵਾਂਗੇ ਬਾਪੂ। ਨਾਲੇ ਹੁਣ ਤੈਨੂੰ ਛੱਡ ਕੇ ਨਹੀਂ ਜਾਣਾ, ਇੱਥੇ ਰਹੂੰਗਾ ਆਪਣੇ ਸਾਰੇ ਪਰਿਵਾਰ ਨਾਲ।
ਬਾਪੂ ਜੀ! ਲੋਕੀ ਜੋ ਮਰਜ਼ੀ ਕਹਿਣ, ਮੇਰਾ ਬਾਪੂ ਮੇਰੇ ਲਈ ਸੱਭ ਕੁੱਝ ਹੈ, ਭਾਵੇਂ ਬੱਚਾ ਜੰਮਦਾ ਆਪਣੀ ਮਾਂ ਨੂੰ ਯਾਦ ਕਰਦਾ ਹੈ, ਪਰ ਬਾਪੂ ਤੋਂ ਬਿਨ੍ਹਾਂ ਜਿੰਦਗੀ ਦੇ ਸੁੱਖ, ਸੁਪਨਿਆਂ ਦੀ ਪੂਰਤੀ, ਜਿੰਦਗੀ ਦੇ ਕੌੜੇ-ਮਿੱਠੇ ਤਜ਼ੁਰਬੇ ਬਾਪੂ ਕੋਲੋਂ ਹੀ ਮਿਲਦੇ ਨੇ। ਬਾਪੂ ਦੇ ਕੰਧਾਰੇ ਦਾ ਸੁੱਖ, ਮਾਂ ਦੀ ਗੋਦ ਜਿੰਨਾਂ ਹੀ ਹੁੰਦਾ ਹੈ।