ਬਜਰੰਗੀ ਦਾ ਪੰਜਾਬੀ ਪ੍ਰੇਮ
(ਲੇਖ )
ਬਠਿੰਡਾ ਤੋ ਜੋਧਪੁਰ (ਰਾਜਸਥਾਨ) ਤੀਕ ਦਾ ਲੰਮਾ ਰੇਲ ਸਫਰ ਜਦੋਂ ਅਕਾਊ ਤੇ ਬੋਝਲ ਹੋ ਗਿਆ ਤਾਂ ਮੈਂ ਅਜਿਹੇ ਕਿਸੇ ਅਜਿਹੇ ਸਹਿ ਯਾਤਰੀ ਦੀ ਭਾਲ ਵਿਚ ਸਾਂ, ਜਿਸ ਨਾਲ ਇੱਧਰ ਉਧਰ ਦੀਆ ਗੱਲਾਂ ਮਾਰ ਕੇ ਸਮਾਂ ਬਤੀਤ ਕੀਤਾ ਜਾ ਸਕੇ। ਆਸੇ ਪਾਸੇ ਨਜ਼ਰ ਮਾਰੀ ਤਾਂ ਸਾਰੇ ਰੇਲ ਡੱਬੇ ਵਿਚ ਲਾਂਗੜ ਧੋਤੀ ਵਾਲੇ ਪੁਰਸ਼ਾ ਤੇ ਰੰਗ ਬਿਰੰਗੇ ਘੱਘਰੇ ਤੇ ਘੁੰਡ ਵਾਲੀਆਂ ਔਰਤਾਂ ਵਿਚਕਾਰ ਕੇਵਲ ਮੈ ਤੇ ਮੇਰੀ ਪਤਨੀ ਸੰਤੋਸ਼ ਹੀ ਪੰਜਾਬੀ ਭਾਸ਼ੀ ਸਾਂ। ਪਤਨੀ ਨੂੰ ਇਸ ਵੇਲੇ ਨੀਂਦ ਨੇ ਘੇਰਿਆ ਹੋਇਆ ਸੀ । ਮੈ ਇਕੱਲਤਾ ਕਾਰਨ ਕਾਫੀ ਬੋਰ ਹੋ ਰਿਹਾ ਸਾਂ ਪਰ ਬਾਗੜੀ ਲੋਕਾਂ ਦੀ ਗੂੜ੍ਹ ਰਾਜਸਥਾਨੀ ਭਾਸ਼ਾ ਸਮਝ ਸਕਣ ਤੋਂ ਅੱਸਮਰਥ ਰਹਿਣ ਕਾਰਨ ਉਹਨਾਂ ਨਾਲ ਗੱਲ ਬਾਤ ਕਰਨ ਦੀ ਸਥਿਤੀ ਵਿੱਚ ਨਹੀਂ ਸਾਂ । ਪਤਾ ਨਹੀਂ ਕਿਉਂ ਨਾਲ ਲਿਆਂਦੀ ਸਾਹਿਤਕ ਪੁਸਤਕ ਦੇ ਪਾਠ ਵਿਚ ਵੀ ਮੇਰੀ ਇਕਾਗਰਤਾ ਨਹੀਂ ਸੀ ਬਣ ਰਹੀ।ਖਿੜਕੀ ਤੋਂ ਬਾਹਰ ਝਾਕਦਾ ਤਾਂ ਚਾਰੇ ਪਾਸੇ ਰੇਤ ਦੇ ਢੇਰ ਹੀ ਢੇਰ ਵਿਖਾਈ ਦੇਂਦੇ ।ਮੀਲਾ ਬੱਧੀ ਕੋਈ ਅਬਾਦੀ ਵਿਖਾਈ ਨਹੀਂ ਸੀ ਦੇਂਦੀ। ਮੈਂ ਮਹਿਸੂਸ ਕਰ ਰਿਹਾ ਸਾਂ ਕਿ ਲਗਾਤਾਰ ਇੱਕੋ ਜਿਹੇ ਦ੍ਰਿਸ਼ ਵੇਖਣਾ ਬਹੁਤ ਹੀ ਨੀਰਸ ਕੰਮ ਹੈ।
ਗੱਡੀ ਲਾਲਗੜ੍ਹ ਪਹੁੰਚੀ ਤਾਂ ਉੱਥੇ ਮੇਰੇ ਵਾਲੇ ਡੱਬੇ ਵਿਚ ਦਾਖਿਲ ਹੋਇਆ ਵੀਹ ਕੁ ਸਾਲ ਦਾ ਕਾਲਜ਼ੀਏਟ ਨੌ- ਜਵਾਨ ਬੈਠਣ ਲਈ ਥਾਂ ਨਾ ਮਿਲਣ ਕਰਕੇ ਮੇਰੀ ਸੀਟ ਨਾਲ ਢੌਅ ਲਾ ਕੇ ਖੜ੍ਹ ਗਿਆ। ਮੈ ਸੋਚਿਆ ਪੜਿ•ਆ ਲਿੱਖਿਆ ਮੁੰਡਾ ਹੈ, ਇਸ ਨਾਲ ਅਸਾਨੀ ਨਾਲ ਹਿੰਦੀ ਭਾਸ਼ਾ ਵਿਚ ਗੱਲ ਕਰਕੇ ਸਫ਼ਰ ਨੂੰ ਕੁਝ ਦਿਲਚਸਪ ਬਣਾ ਸਕਦਾ ਹਾਂ। ਮੈਂ ਥੋੜਾ ਜਿਹਾ ਪਾਸਾ ਮਾਰ ਕੇ ਉਸ ਲਈ ਬੈਠਣ ਲਈ ਥਾਂ ਬਣਾ ਲਈ । ਜਿਵੇਂ ਕਿ ਸਹਿ ਯਾਤਰੀਆਂ ਵਿਚ ਅਕਸਰ ਹੁੰਦਾ ਹੈ ਸਾਡੀ ਗੱਲਬਾਤ ਵੀ “ਬਹੁਤ ਗਰਮੀ ਪੜ੍ਹ ਰਹੀ ਹੈ ਆਜ” ਦੇ ਰਸਮੀ ਵਾਕ ਨਾਲ ਸ਼ੁਰੂ ਹੋਈ ਪਰ ਛੇਤੀ ਹੀ ਇਹ ਨਿਜ਼ੀ ਕਿਸਮ ਦੀਆ ਜਾਣਕਾਰੀਆਂ ਦੇ ਅਦਾਨ ਪ੍ਰਦਾਨ ਤੀਕ ਪਹੁੰਚ ਗਈ। ਉਸ ਨੇ ਦੱਸਿਆ ਕਿ ਉਸ ਦਾ ਨਾਂ ਬਜਰੰਗ ਹੈ ਤੇ ਉਹ ਬੀ.ਏ. ਭਾਗ ਤੀਜਾ ਦਾ ਵਿਦਿਆਰਥੀ ਹੈ। ਭਾਵੇਂ ਮੈਂ ਉਸ ਨਾਲ ਗੱਲਬਾਤ ਕਰਦਿਆਂ ਚੁਣ ਚੁਣ ਕੇ ਹਿੰਦੀ ਸ਼ਬਦਾਂ ਦਾ ਪ੍ਰਯੋਗ ਕਰ ਰਿਹਾ ਸਾਂ ਫਿਰ ਵੀ ਉਸ ਨੇ ਮੇਰੇ ਬੋਲਣ ਦੇ ਲਹਿਜੇ ਤੋਂ ਮੇਰੇ ਪੰਜਾਬੀ ਹੋਣ ਦੀ ਸਨਾਖ਼ਤ ਕਰ ਲਈ।
'ਆਪ ਪੰਜਾਬ ਸੇ ਆ ਰਹੇਂ ਹੈ ਅੰਕਲ”! ਉਸ ਮੈਥੌ ਪੁੱਛਿਆ।
““ਹਾਂ, ਮਗਰ ਤੁਮ ਨੇ ਕੈਸੈ ਜਾਣਾ ?” ਉਸ ਦੇ ਇਸ ਅਨੁਮਾਨ ਤੋਂ ਮੈ ਹੈਰਾਨ ਸਾਂ।
“ “ਹਮਾਰੇ ਸਾਥ ਏਕ ਪੰਜਾਬੀ ਪਰਿਵਾਰ ਕਾ ਲੜਕਾ ਭੀ ਪੜ੍ਹਤਾ ਹੈ। ਉਸ ਕੇ ਬੋਲਣੇ ਕਾ ਅੰਦਾਜ਼ ਵੀ ਕੁਛ ਆਪ ਜੈਸਾ ਹੀ ਹੈ। ਫਿਰ ਆਪ ਕੇ ਪਾਸ ਪੜੀ ਯਹ ਕਿਤਾਬ ਵੀ ਤੋ ਪੰਜਾਬੀ ਭਾਸ਼ਾ ਕੀ ਹੈ।“ ਉਸ ਨੇ ਮੇਰੇ ਹੱਥ ਵਿਚ ਫੜੀ ਹੋਈ ਪੁਸਤਕ ਵੱਲ ਇਸ਼ਾਰਾ ਕਰਦਿਆ ਕਿਹਾ ।
““ਹਾਂ, ਮੈਂ ਪੰਜਾਬ ਕਾ ਹੀ ਰਹਿਣੇ ਵਾਲਾ ਹੂੰ , ਇੱਧਰ ਜੋਧਪੁਰ ਮੇਂ ਹਮਾਰੇ ਕੁਛ ਰਿਸ਼ਤੇਦਾਰ ਰਹਿਤੇ ਹੈ -- ਏਕ ਸ਼ਾਦੀ ਕੇ ਸਬੰਧ ਮੇਂ ਵਹਾ ਜਾ ਰਹਾ ਹੂੰ ।“ ਮੈਂ ਆਪਣੇ ਬਾਰੇ ਦੱਸਿਆ ।
“ “ਯਹ ਪੁਸਤਕ ਦੇਖ ਸਕਤਾ ਹੂੰ ਅੰਕਲ”' ਮੇਰੇ ਵੱਲੋਂ ਹਾਂ ਕਰਨ ਤੋਂ ਪਹਿਲਾਂ ਹੀ ਉਸ ਮੇਰੇ ਹੱਥ ਵਿਚੋਂ ਜਗਤਾਰ ਜੀਤ ਦੀ ਪੁਸਤਕ 'ਰੰਗ ਤੇ ਲਕੀਰਾਂ ਫੜ੍ਹ ਲਈ ਤੇ ਉਸਦੇ ਟਾਈਟਲ ਨੂੰ ਬੜੇ ਗਹੁ ਨਾਲ ਵੇਖਣ ਲੱਗਾ ।
“ “ਕਯਾ ਤੁਮ ਪੰਜਾਬੀ ਪੜ੍ਹਣਾ ਜਾਨਤੇ ਹੋ?”” ਉਸ ਨੂੰ ਕਿਤਾਬ ਤੇ ਨਿਗ•ਾ ਟਿਕਾਈ ਬੈਠਿਆ ਵੇਖ ਕੇ ਮੈੰ ਪੁੱਛਿਆ ।
““ਨਹੀ ਅੰਕਲ ਹਮਾਰੇ ਯਹਾ ਪੰਜਾਬੀ ਭਾਸ਼ਾ ਬਿਲਕੁਲ ਨਹੀਂ ਪੜ•ਾਈ ਜਾਤੀ। ਮੈਂ ਤੋਂ ਯਹ ਦੇਖ ਰਹਾ ਥਾ ਕਿ ਯੇ ਹਿੰਦੀ ਭਾਸ਼ਾ ਸੇ ਕਿਤਨੀ ਮਿਲਤੀ ਜੁਲਤੀ ਹੈ। ਉਸ ਉਦਾਸ ਜਿਹੇ ਲਹਿਜੇ ਵਿਚ ਕਿਹਾ ਤੇ ਫਿਰ ਕੁਝ ਪਲ ਚੁਪ ਰਹਿਣ ਤੋਂ ਬਾਦ ਉਹ ਕੁਝ ਉਤਸ਼ਾਹ ਜਿਹੇ ਨਾਲ ਬੋਲਿਆ “ “ਆਪ ਮੁਝੇ ਪੰਜਾਬੀ ਲਿੱਖਣਾ ਸਿਖਾਈਏ ਅੰਕਲ! ਮੁਝੇ ਪੰਜਾਬੀ ਸੰਗੀਤ ਬਹੁਤ ਅੱਛਾ ਲੱਗਤਾ ਹੈ।ਮੈਨੇ ਆਪਣੇ ਸਾਥ ਪੜ੍ਹਣੇ ਵਾਲੇ ਪੰਜਾਬੀ ਲੜਕੇ ਸੇ ਭੀ ਕਈ ਵਾਰ ਬੋਲਾ ਹੈ, ਮਗਰ ਵੋਹ ਮੇਰੀ ਬਾਤ ਕੋ ਮਜ਼ਾਕ ਮੇਂ ਉਡਾ ਦੇਤਾ ਹੈ।”“
ਉਸ ਦੀ ਮਸੂਮੀਅਤ 'ਤੇ ਮੈਂਨੂੰ ਬਹੁਤ ਪਿਆਰ ਆਇਆ । ਮੈ ਉਸਦਾ ਸਿਰ ਪਲੂਸਦਿਆਂ ਬੜੇ ਪਿਆਰ ਨਾਲ ਸਮਝਾਇਆ, “ਬੇਟੇ ਚਾਰ ਪਾਂਚ ਘੰਟੋ ਕੇ ਸਫ਼ਰ ਮੈਂ ਤੁਝੇ ਪੰਜਾਬੀ ਭਾਸ਼ਾ ਕੈਸੇ ਸਿਖਾ ਸਕਤਾ ਹੂੰ।”“
“ “ ਆਪ ਇਸ ਕਾਪੀ ਪਰ ਪੰਜਾਬੀ ਕਾ ਕੈਅ ਖੈਅ ਲਿੱਖ ਦੇਜੀਏ, ਮੈ ਘਰ ਜਾਕਰ ਪੰਜਾਬੀ ਲਿਖਣੇ ਕੀ ਪ੍ਰੈਕਟਿਸ ਕਰੂੰਗਾਂ”। ਉਸ ਬੈਗ ਵਿਚ ਕਾਪੀ ਕੱਢ ਕੇ ਮੇਰੇ ਸਾਹਮਣੇ ਰੱਖ ਦਿੱਤੀ । ਉਸ ਦੀ ਪਿਆਰ ਭਰੀ ਬੇਨਤੀ ਦਾ ਮਾਣ ਰੱਖਣ ਲਈ ਮੈਂ ਉਸ ਦੀ ਕਾਪੀ 'ਤੇ ਗੁਰਮੁਖੀ ਲਿਪੀ ਦੇ ਪੈਂਤੀ ਅੱਖਰ ਉਕਰ ਦਿੱਤੇ। ਤਦ ਤੀਕ ਮੇਰੀ ਪਤਨੀ ਦੀ ਜਾਗ ਵੀ ਖੁਲ• ਗਈ ਤੇ ਉਹ ਵੀ ਸਾਡੀ ਗੱਲਬਾਤ ਵਿਚ ਦਿਲਚਸਪੀ ਲੈਣ ਲੱਗੀ। ਉਹ ਮੇਰੇ ਪਿੰਡ ਬੋਹਾ ਦੇ ਨਾਲ ਲੱਗਦੀ ਹਰਿਆਣਾ ਦੀ ਹੱਦ ਵਿਚ ਪੈਂਦੇ ਪਿੰਡ ਲੁਠੇੜਾ ਵਿਚ ਅਧਿਆਪਕਾ ਹੈ, ਇਸ ਲਈ ਹਿੰਦੀ ਭਾਸ਼ਾ ਲਿੱਖਣ ਤੇ ਬੋਲਣ ਵਿਚ ਉਸਦਾ ਅਭਿਆਸ ਮੇਰੇ ਨਾਲੋਂ ਵੱਧ ਹੈ । ਉਸ ਕਾਪੀ ਮੈਥੋਂ ਪਕੜ ਲਈ ਲਈ ਤੇ ਮੇਰੇ ਵੱਲੋਂ ਲਿੱਖੇ ਊੜੈ ਆੜੇ ਦੇ ਹੇਠਾਂ ਬਣਦੇ ਕ੍ਰਮ ਅਨੁਸਾਰ ਹਿੰਦੀ ( ਦੇਵ ਨਾਗਰੀ ਲਿਪੀ) ਦੇ ਅੱਖਰ ਲਿੱਖ ਦਿਤੇ। ਉਸ ਬਜਰੰਗੀ ਨੂੰ ਪੰਜਾਬੀ ਤੇ ਹਿੰਦੀ ਭਾਸ਼ਾ ਦੀਆ ਲਗਾ- ਮਾਤਰਾਂ ਵਿਚਲਾ ਫ਼ਰਕ ਵੀ ਮੋਟੇ ਤੌਰ ਤੇ ਸਮਝਾ ਦਿੱਤਾ। ਸਾਡੇ ਦੋਹਾਂ ਦਾ ਵਾਰ ਵਾਰ ਧੰਨਵਾਦ ਕਰਦਿਆਂ ਉਹ ਉਹ ਉੱਥੇ ਹੀ ਬੈਠਾ ਵਿੰਗੇ ਟੇਢੇ ਗੁਰਮੁਖੀ ਦੇ ਅੱਖਰ ਵਾਹ ਕੇ ਪੰਜਾਬੀ ਲਿੱਖਣ ਦੀ ਪ੍ਰੈਕਟਿਸ ਕਰਨ ਲੱਗਾ । ਅਸੀ ਵਾਰ ਵਾਰ ਉਸ ਦੀ ਕਾਪੀ 'ਤੇ ਅੱਖਰਾਂ ਦੀ ਬਨਾਵਟ ਦੀ ਸੋਧ ਕਰਦੇ ਤੇ ਥਾਪੜਾ ਦੇ ਕੇ ਉਸ ਨੂੰ ਹੋਰ ਚੰਗਾ ਲਿੱਖਣ ਲਈ ਉਤਸ਼ਾਹਿਤ ਕਰਦੇ।
ਬਜਰੰਗੀ ਦੀ ਪੰਜਾਬੀ ਭਾਸ਼ਾ ਸਿੱਖਣ ਸਬੰਧੀ ਗਹਿਰ ਗੰਭੀਰ ਦਿਲਚਸਪੀ ਤੋਂ ਲੱਗਦਾ ਸੀ ਕਿ ਉਹ ਜੇ ਘਰ ਜਾ ਕੇ ਪ੍ਰੈਕਟਿਸ ਕਰਦਾ ਰਿਹਾ ਤਾਂ ਇਕ ਮਹੀਨੇ ਵਿਚ ਹੀ ਗੁਜਾਰੇ ਜੋਗੀ ਪੰਜਾਬੀ ਲਿਖਣੀ ਤੇ ਪੜ੍ਹਣੀ ਸਿੱਖ ਜਾਵੇਗਾ।ਉਸ ਦੀ ਮੋਹ ਭਰੀ ਬੋਲੀ ਨੇ ਸਾਨੂੰ ਕੀਲ ਕੇ ਰੱਖ ਦਿਤਾ ਤੇ ਸਾਨੂੰ ਜਾਪ ਰਿਹਾ ਸੀ ਜਿਵੇ ਉਹ ਸਾਡਾ ਜਲੰਧਰ ਪੜ੍ਹਦਾ ਬੇਟਾ ਨਵਨੀਤ ਹੀ ਹੋਵੇ। ਅਸੀਂ ਰਾਤ ਦਾ ਖਾਣਾ ਇੱਕਠੇ ਹੀ ਖਾਧਾ। ਉਸ ਦੀ ਪਹੁੰਚ ਮੰਜ਼ਿਲ ਸਾਡੇ ਤੋਂ ਕੁਝ ਨੇੜੇ ਸੀ । ਸਾਡੇ ਤੋਂ ਵਿਦਾ ਲੈਣ ਲੱਗਿਆਂ ਉਹ ਵਾਰ ਵਾਰ ਬੇਨਤੀ ਕਰ ਰਿਹਾ ਸੀ ਕਿ ਅਸੀਂ ਉਸਦੇ ਟੈਲੀਫੋਨ ਤੇ ਖਤਾਂ ਦਾ ਜੁਆਬ ਜਰੂਰ ਦੇਂਦੇ ਰਹੀਏ।
ਜੋਧਪੁਰ ਤੋਂ ਬੋਹਾ ਵਾਪਸੀ ਤੇ ਦੋ ਦਿਨ ਬਾਦ ਹੀ ਉਸ ਦਾ ਖ਼ਤ ਆ ਗਿਆ । ਖ਼ਤ ਵਿਚ ਉਸ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਨਾਂ ਲਿੱਖੇ ਸਨ ਤੇ ਬੇਨਤੀ ਕੀਤੀ ਸੀ ਕਿ ਇਹਨਾਂ ਨਾਵਾਂ ਨੂੰ ਪੰਜਾਬੀ ਵਿਚ ਲਿੱਖ ਕੇ ਉਸ ਕੋਲ ਵਾਪਸੀ ਡਾਕ ਵਿਚ ਹੀ ਭੇਜਾਂ। ਇਕ ਪੰਜਾਬੀ ਲੇਖਕ ਹੋਣ ਦੇ ਨਾਤੇ ਮੈਂ ਇਸ ਨਵੇਂ ਬਣੇ ਪੰਜਾਭੀ ਭਾਸ਼ਾ ਦੇ ਪ੍ਰੇਮੀ ਦਾ ਕਹਿਣਾ ਭਲਾ ਕਿਵੇਂ ਟਾਲ ਸਕਦਾ ਸਾਂ । ਹੁਣ ਉਸ ਦਾ ਖ਼ਤ ਹਰ ਹਫਤੇ ਆਉਣ ਲੱਗ ਪਿਆ । ਹਰ ਖਤ ਦੇ ਨਾਲ ਡਾਕ ਟਿਕਟ ਲੱਗਾ ਉਸਦੇ ਪਤੇ ਵਾਲਾ ਜੁਆਬੀ ਲਿਫਾਫਾ ਵੀ ਜੁੜਿਆ ਹੁੰਦਾ। ਉਸ ਨੇ ਕੁਝ ਸ਼ਬਦ ਆਪ ਪੰਜਾਬੀ ਵਿਚ ਲਿਖੇ ਹੁੰਦੇ ਤੇ ਹਿੰਦੀ ਭਾਸ਼ਾ ਦੇ ਕੁਝ ਸ਼ਬਦਾਂ ਨੂੰ ਪੰਜਾਬੀ ਵਿਚ ਅਨੁਵਾਦ ਕਰਕੇ ਭੇਜਣ ਦੀ ਬੇਨਤੀ ਕੀਤੀ ਹੁੰਦੀ । ਇਕ ਤਰ•ਾਂ ਨਾਲ ਉਹ ਮੇਰੇ ਕੋਲੋਂ ਪੱਤਰ ਵਿਹਾਰ ਰਾਹੀਂ ਪੰਜਾਬੀ ਭਾਸ਼ਾ ਸਿੱਖਣ ਦਾ ਕੋਰਸ ਕਰ ਰਿਹਾ ਸੀ । ਆਪਣੇ ਇਕੋ ਇਕ ਇਸ ਵਿਦਿਆਰਥੀ 'ਤੇ ਮੈਨੂੰ ਮਾਣ ਹੈ ਤੇ ਮੈ ਉਸ ਤੋਂ ਇਹ ਵਾਦਾ ਵੀ ਲੈ ਲਿਆ ਹੈ ਕਿ ਉਹ ਪੰਜਾਬੀ ਭਾਸ਼ਾ ਚੰਗੀ ਤਰਾਂ ਸਿੱਖਣ ਤੋਂ ਬਾਦ ਆਪਣੇ ਹੋਰ ਭੈਣ ਭਰਾਵਾਂ ਨੂੰ ਵੀ ਇਹ ਭਾਸ਼ਾ ਸਿੱਖਣ ਵਿਚ ਮੱਦਦ ਕਰੇਗਾ। ਨਵੇਂ ਖ਼ਤ ਵਿਚ ਉਸ ਲਿਖਿਆ ਹੈ ਕਿ ਉਸ ਨਾਲ ਪੜ੍ਹਦਾ ਪੰਜਾਬੀ ਪਰਿਵਾਰ ਦਾ ਲੜਕਾ ਵੀ ਹੁਣ ਇਸ ਕੰਮ ਵਿਚ ਉਸਦੀ ਮੱਦਦ ਕਰਨ ਲੱਗ ਪਿਆ ਹੈ। ਹੁਣ ਉਸ ਦਾ ਹਰ ਖ਼ਤ ਮੈਨੂੰ ਉਨੀਂ ਹੀ ਖੁਸ਼ੀ ਦੇਂਦਾ ਹੈ ਜਿਨੀਂ ਖੁਸ਼ੀ ਕਿਸੇ ਲੇਖਕ ਨੂੰ ਆਪਣੀ ਕੋਈ ਨਵੀਂ ਕਿਤਾਬ ਪ੍ਰਕਾਸ਼ੀਤ ਹੋਣ 'ਤੇ ਮਿਲਦੀ ਹੈ। ਮੈਨੂੰ ਲੱਗਦੈ ਹੈ ਕਿ ਮੈ ਇਕ ਰਾਜਸਥਾਨੀ ਲੜਕੇ ਨੂੰ ਪੰਜਾਬੀ ਪੜ•ਾ ਕੇ ਭਾਸ਼ਾ ਤੇ ਅਦਬ ਲਈ ਕੋਈ ਮਹੱਤਵ ਪੂਰਨ ਕਾਰਜ਼ ਕਰ ਰਿਹਾ ਹਾਂ ।