ਦੁਖ ਪੁੱਤਾਂ ਵਾਂਗਰ ਪਾਲੇ ਵੇ (ਕਵਿਤਾ)

ਐਸ. ਸੁਰਿੰਦਰ   

Address:
Italy
ਐਸ. ਸੁਰਿੰਦਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

ਰਾਤ ਗ਼ਮਾਂ ਦੀ ਯੁਗਾਂ ਜੇਡੀ ਲੇਖ ਅਸਾਡੇ ਕਾਲੇ ਵੇ ,
ਸੱਜਣਾ ਦੂਰ ਦਿਆ , ਦੁਖ ਪੁੱਤਾਂ ਵਾਂਗਰ ਪਾਲੇ ਵੇ ।

ਕੋਹਾਂ ਲੰੰਮੀ ਵਾਟ ਅਸਾਡੀ , ਰਾਹਾਂ ਪੈਰੀਂ ਛਾਲੇ ਵੇ ,
ਸੱਜਣਾ ਦੂਰ ਦਿਆ , ਦੁਖ ਪੁੱਤਾਂ ਵਾਂਗਰ ਪਾਲੇ ਵੇ ।

ਰੋਜ਼ ਉਡੀਕਾਂ,ਰਾਹਾਂ ਤੱਕਾਂ, ਤੂੰ ਨਾਂ ਡਿੱਠਾ ਹਾਲੇ ਵੇ,
ਸੱਜਣਾ ਦੂਰ ਦਿਆ , ਦੁਖ ਪੁੱਤਾਂ ਵਾਂਗਰ ਪਾਲੇ ਵੇ ।

ਫੁੱਲਾਂ ਵਰਗੇ ਚਾਅ ਅਸਾਂ ਨੇ , ਕੱਖਾਂ ਵਾਂਗੂੰ ਬਾਲੇ ਵੇ ,
ਸੱਜਣਾ ਦੂਰ ਦਿਆ , ਦੁਖ ਪੁੱਤਾਂ ਵਾਂਗਰ ਪਾਲੇ ਵੇ ।

ਹਾਸੇ,ਖੇੜੇ,ਤਨ ਗੁਲਾਬੀ ਗ਼ਮ ਦੀ ਭੱਠੀ ਢਾਲੇ ਵੇ,
ਸੱਜਣਾ ਦੂਰ ਦਿਆ , ਦੁਖ ਪੁੱਤਾਂ ਵਾਂਗਰ ਪਾਲੇ ਵੇ ।

ਭਾਵੇਂ ਰੁੱਖੀ -ਸੁੱਖੀ ਦੇਵੀਂ , ਵੱਸਣਾ ਤੇਰੇ ਨਾਲ਼ੇ ਵੇ ,
ਸੱਜਣਾ ਦੂਰ ਦਿਆ , ਦੁਖ ਪੁੱਤਾਂ ਵਾਂਗਰ ਪਾਲੇ ਵੇ ।

ਤੇਰੇ ਬਾਝੋਂ ਜੀਣਾ ਔਖਾ , ਰੋ - ਰੋ ਦੀਦੇ ਗਾਲੇæ ਵੇ ,
ਸੱਜਣਾ ਦੂਰ ਦਿਆ , ਦੁਖ ਪੁੱਤਾਂ ਵਾਂਗਰ ਪਾਲੇ ਵੇ ।

ਕਿੱਥੇ ਜਾਕੇ ਡੇਰਾ ਲਾਇਆ , ਤੱਤੜੀ ਤੈਨੂੰ ਭਾਲੇ ਵੇ,