ਮਾਵਾਂ ਪੁੱਤਾਂ ਨੂੰ ਕਦੇ ਵੀ ਭੁੱਲ ਦੀਆਂ ਨਹੀਂ, ਭੁੱਲ ਵੀ ਕਿਵੇਂ ਜਾਣ ਜਨਮ ਦੇ ਕੇ ਪਾਲਿਆ ਪਲੋਸਿਆ ਹੁੰਦਾ ਹੈ। ਮੇਰੀ ਦਾਦੀ ਜੀ ਮੇਰੇ ਚਾਚਾ ਹਾਕਮ ਨੂੰ ਕਦੇ ਵੀ ਭੁੱਲ ਨਹੀ ਸਕੀ। ਰੋਂਦੀ ਵਿਲਕਦੀ ਮਾਂ ਨੂੰ ਛੱਡ ਕੇ ਕੋਹਾਂ ਦੂਰ ਚਲਾ ਗਿਆ ਸੀ। ਮਗਰ ਪਰਿਵਾਰ ਕੋਲ ਦੁੱਖ ਦਰਦ ਰਹਿ ਗਿਆ ਸੀ। ਉਦੋਂ ਮੈਨੂੰ ਸਮਝ ਨਹੀਂ ਸੀ। ਮਾਸੀ ਸੁਖਦੇਵ ਕੌਰ, ਚਰਨੋਂ, ਜੱਸਾ, ਬਲਕਰਨ ਪਿੰਡ ਨਾਨਕੇ ਕਿਉਂ ਰਹਿ ਰਹੇ ਸੀ। ਮੈਨੂੰ ਥੋੜੀ ਦੇਰ ਬਾਅਦ ਇਸ ਗੱਲ ਦੀ ਸਮਝ ਆ ਗਈ ਸੀ। ਸਾਰਾ ਪਰਿਵਾਰ ਭਾਂਵੇ ਪਿੰਡ ਜੀਦਾ ਚਲਾ ਗਿਆ ਸੀ, ਪਰ ਮੇਰੀ ਦਾਦੀ ਮਾਂ ਨੂੰ ਸਭ ਦਾ ਫ਼ਿਕਰ ਸੀ। ਮੇਰੀ ਦਾਦੀ ਹਮੇਸ਼ਾਂ ਹੀ ਸਾਰਿਆਂ ਨੂੰ ਯਾਦ ਕਰਦੀ ਰਹਿੰਦੀ। ਮੇਰੇ ਚਾਚੇ ਹਾਕਮ ਨੂੰ ਕਦੇ ਵੀ ਨਹੀਂ ਭੁਲਾਇਆ ਸੀ। ਜਦੋਂ ਉਹ ਪਾਣੀ ਪੀਣ ਲਈ ਮੰਗਦੀ ਤਾਂ ਕਹਿੰਦੀ ''ਵੇ ਹਾਕਮਾ ! ਮੈਨੂੰ ਪਾਣੀ ਦੇ ਜਾਹ'' ਮੇਰੀ ਰੂਹ ਕੰਬ ਜਾਂਦੀ। ਮੇਰੀ ਦਾਦੀ ਆਪਣੇ ਪੁੱਤਰ ਨੂੰ ਵੇਖਣ ਲਈ ਵਾਰ-ਵਾਰ ਅਵਾਜ਼ ਮਾਰਦੀ, ਪਰ ਉਸਦੀ ਅਵਾਜ਼ ਕੋਹਾਂ ਦੂਰ ਕਿਵੇਂ ਜਾਂਦੀ। ਕਦੇ ਕਹਿੰਦੀ, ਵੇ ਹਾਕਮਾਂ ਜੇ ਤੂੰ ਨੇੜੇ ਹੁੰਦਾ ਤਾਂ ਤੇਰੀ ਬਾਂਹ ਫੜ ਲਿਆਉਂਦੀ। ਪਰ ਮੇਰਾ ਚਾਚਾ ਬੇ-ਰੁੱਤੇ ਤੁਰ ਗਿਆ ਸੀ। ਪਰਿਵਾਰ ਨੂੰ ਬਹੁਤ ਵੱਡਾ ਸਦਮਾ ਸੀ। ਜਿਹੜਾ ਸਾਰੀ ਉਮਰ ਭੁਲਾਇਆ ਨਾ ਗਿਆ। ਮੇਰੀ ਦਾਦੀ ਦੇ ਅੱਖਾਂ ਦੀ ਜੋਤ ਘਟਦੀ ਜਾ ਰਹੀ ਸੀ। ਮੇਰੇ ਚਾਚੇ ਹਾਕਮ ਨੂੰ ਯਾਦ ਕਰਕੇ ਰੋਂਦੀ ਰਹਿੰਦੀ। ਜਦੋਂ ਅਸੀ ਸਕੂਲੋਂ ਪੜ• ਕੇ ਘਰ ਵਾਪਸ ਆਉਂਦੇ ਤਾਂ ਆਪ ਮੁਹਾਰੇ ਕਹਿੰਦੀ, ਵੇ ਹਾਕਮਾਂ ! ਤੂੰ ਆ ਗਿਐਂ।'' ਝੱਟ ਮੈਂ ਕਹਿ ਦਿੰਦਾ, ਬੇਬੇ ਅਸੀ ਰਾਮਾ ਤੇ ਕਾਕਾ।'' ਅਸੀ ਸਕੂਲੋਂ ਪੂਰੀ ਛੁੱਟੀ ਆਏ ਹਾਂ। ਫ਼ਿਰ ਸਾਨੂੰ ਦੋਹਾਂ ਨੂੰ ਕੋਲ ਬੁਲਾ ਕੇ ਸਾਡਾ ਮੂੰਹ ਪਲੋਸਣ ਲੱਗ ਪੈਂਦੀ। ਮੂੰਹ ਪਲੋਸਦੇ-ਪਲੋਸਦੇ ਕਹਿੰਦੀ, ਚੰਗਾ ਹਾਕਮਾਂ ਚਾਹ ਬਣਾ ਲੈ, ਮੈਂ ਵੀ ਪੀ ਲਵਾਂਗੀ।''
ਮੇਰੀ ਦਾਦੀ ਨੇ ਕਦੇ ਆਸ ਤਿਆਗੀ ਨਹੀਂ ਸੀ। ਆਸ ਸਹਾਰੇ ਆਪਣੀ ਜਿੰਦਗੀ ਗੁਜ਼ਾਰ ਰਹੀ ਸੀ। ਉਸਨੂੰ ਪੂਰਾ ਵਿਸ਼ਵਾਸ਼ ਸੀ ਕਿ ਮੇਰਾ ਪੁੱਤ ਜਰੂਰ ਵਾਪਸ ਆਵੇਗਾ। ਅਖ਼ੀਰ ਚਾਚੇ ਹਾਕਮ ਨੂੰ ਉਡੀਕਦੀ-ਉਡੀਕਦੀ ਇਸ ਸੰਸਾਰ ਵਿੱਚੋਂ ਚਲੀ ਗਈ। ਹਮੇਸ਼ਾਂ ਮੇਰੀ ਇਹੀ ਦੁਆ ਹੈ ਕਿ ਪ੍ਰਮਾਤਮਾ ਕਿਸੇ ਮਾਂ ਕੋਲੋਂ ਉਸ ਦਾ ਪੁੱਤਰ ਨਾ ਖੋਵੇ।