ਕਵਿਤਾਵਾਂ

  •    ਛੋਟੇ ਸਾਹਿਬਜਾਦੇ ਤੇ ਵਜ਼ੀਰ ਖਾਨ / ਮੇਹਰ ਸਿੰਘ ਸੇਖਾ (ਕਵੀਸ਼ਰੀ )
  •    ਦੁਨੀਆਂ ਗੋਲ ਹੈ / ਜਗਜੀਵਨ ਕੌਰ (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਦਸ ਗ਼ਜ਼ਲਾਂ / ਗੁਰਭਜਨ ਗਿੱਲ (ਗ਼ਜ਼ਲ )
  •    ਛੱਲਾ / ਲੱਕੀ ਚਾਵਲਾ (ਕਵਿਤਾ)
  •    ਗ਼ਜ਼ਲ / ਸੁਰਜੀਤ ਸਿੰਘ ਕਾਉਂਕੇ (ਗ਼ਜ਼ਲ )
  •    ਮਿਸ਼ਰ ਦੇ ਲੋਕਾਂ ਦੇ ਨਾਮ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਸੱਚ ਆਖਾਂ / ਹਨੀ ਖੁੜੰਜ਼ (ਕਵਿਤਾ)
  •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਕਬਿੱਤ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਜਾਦੂਗਰ / ਗੁਰਮੀਤ ਰਾਣਾ (ਕਵਿਤਾ)
  •    ਜ਼ਹਿਰੀ ਗੀਤ / ਗੁਰਮੇਲ ਬੀਰੋਕੇ (ਕਵਿਤਾ)
  •    ਮਤਲਬ / ਹਰਦੀਪ ਬਿਰਦੀ (ਕਵਿਤਾ)
  •    ਲੇਖਕਾਂ ਦੀ ਗੱਲਬਾਤ / ਸੁੱਖਾ ਭੂੰਦੜ (ਕਵਿਤਾ)
  •    ਗ਼ਜ਼ਲ / ਬਲਦੇਵ ਸਿੰਘ ਜਕੜੀਆ (ਗ਼ਜ਼ਲ )
  •    ਬੁੱਢੀ ਮਾਂ / ਬਲਜੀਤ ਸਿੰਘ 'ਭੰਗਚੜਹੀ' (ਕਵਿਤਾ)
  •    ਜ਼ਖ਼ਮਾਂ ਦੇ ਦਰਦ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
  •    ਅਖ਼ਬਾਰ / ਹਰਦੇਵ ਸਿੰਘ (ਕਵਿਤਾ)
  • ਹਾਦਸੇ ਅਤੇ ਹੌਸਲੇ (ਲੇਖ )

    ਗੁਰਸ਼ਰਨ ਸਿੰਘ ਕੁਮਾਰ   

    Email: gursharan1183@yahoo.in
    Cell: +91 94631 89432
    Address: 1183, ਫੇਜ਼-10
    ਮੁਹਾਲੀ India
    ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਜ਼ਿੰਦਗੀ ਕੋਈ ਫੁੱਲਾਂ ਦੀ ਸੇਜ ਨਹੀਂ ਹੈ। ਜ਼ਿੰਦਗੀ ਵਿਚ ਹਾਦਸੇ ਵਾਪਰਦੇ ਹੀ ਰਹਿੰਦੇ ਹਨ। ਇਨਾਂ੍ਹ ਹਾਦਸਿਆਂ ਵਿਚ ਮਨੁੱਖ ਹੌਸਲੇ ਨਾਲ ਹੀ ਸੰਭਲ ਸਕਦਾ ਹੈ। ਹੌਸਲੇ ਨਾਲ ਹੀ ਮਨੁੱਖ ਆਪਣੇ ਪੈਰ ਜ਼ਿੰਦਗੀ ਰੂਪੀ ਧਰਤੀ 'ਤੇ ਮਜ਼ਬੂਤੀ ਨਾਲ ਟਿਕਾ ਕੇ ਕਾਇਮ ਰਹਿ ਸਕਦਾ ਹੈ। ਕਈ ਵਾਰੀ ਮਨੁੱਖ ਸੋਚਦਾ ਕੁਝ ਹੈ ਪਰ ਵਾਪਰ ਕੁਝ ਹੋਰ ਹੀ ਜਾਂਦਾ ਹੈ। ਮਨੁੱਖ ਹਮੇਸ਼ਾਂ ਸੁੱਖ ਅਤੇ ਖ਼ੁਸ਼ੀ ਦੀ ਕਾਮਨਾ ਕਰਦਾ ਹੈ ਪਰ ਵਾਪਰ ਉਸ ਦੀ ਇੱਛਾ ਤੋਂ ਕੁਝ ਉਲਟ ਹੀ ਜਾਂਦਾ ਹੈ। ਮਨੁੱਖ ਦੀ ਇੱਛਾ ਤੋਂ ਉਲਟ ਵਾਪਰੀ ਅਨਸੁਖਾਵੀਂ ਘਟਨਾ ਉਸ 'ਤੇ ਬਿਪਤਾ ਦੀ ਤਰਾਂ੍ਹ ਪੈਂਦੀ ਹੈ। ਇਸੇ ਨੂੰ ਹੀ ਔਖੀ ਘੜੀ ਕਹਿੰਦੇ ਹਨ। ਔਖੀ ਘੜੀ ਕੇਵਲ ਗ਼ਰੀਬ ਅਤੇ ਮਾੜਿਆਂ ਬੰਦਿਆਂ ਉੱਤੇ ਹੀ ਨਹੀਂ ਆਉਂਦੀ, ਔਖੀ ਘੜੀ ਵੱਡੇ ਵੱਡੇ ਰਾਜੇ ਮਹਾਰਾਜਿਆਂ ਅਤੇ ਪੀਰਾਂ ਪੈਗੰਬਰਾਂ 'ਤੇ ਵੀ ਆ ਜਾਂਦੀ ਹੈ। ਬਿਪਤਾ ਜਾਂ ਔਖੀ ਘੜੀ ਕਈ ਪ੍ਰਕਾਰ ਦੀ ਹੁੰਦੀ ਹੈ ਜਿਵੇਂ ਗ਼ਰੀਬੀ, ਬੀਮਾਰੀ, ਮੁਕਦਮਾ, ਪਰਿਵਾਰ ਵਿਚ ਅਣਬਨ, ਕਿਸੇ ਨਾਲ ਦੁਸ਼ਮਣੀ ਅਤੇ ਲੜਾਈ ਝਗੜਾ ਜਾਂ ਕੋਈ ਹੋਰ ਦੁਰਘਟਨਾ ਆਦਿ। ਔਖੀ ਘੜੀ ਕਿਸੇ ਇਕੱਲੇ ਬੰਦੇ 'ਤੇ ਵੀ ਆ ਸਕਦੀ ਹੈ, ਪੂਰੇ ਪਰਿਵਾਰ ਪੂਰੇ ਦੇਸ਼ ਜਾਂ ਪੂਰੇ ਸਮਾਜ 'ਤੇ ਵੀ ਆ ਸਕਦੀ ਹੈ।
    ਔਖੀ ਘੜੀ ਨੂੰ ਕੱਟਣਾ ਬਹੁਤ ਮੁਸ਼ਕਲ ਹੁੰਦਾ ਹੈ। ਔਖੀ ਘੜੀ ਨੂੰ ਹੌਸਲੇ ਅਤੇ ਇਤਫਾਕ ਨਾਲ ਹੀ ਕੱਟਿਆ ਜਾ ਸਕਦਾ ਹੈ। ਇਸ ਸਮੇਂ ਕਿਸੇ ਦੂਸਰੇ ਦੀ ਮਦਦ ਦੀ ਵੀ ਜ਼ਰੂਰਤ ਪੈਂਦੀ ਹੈ। ਮੰਨ ਲਉ ਤੁਸੀਂ ਦੋ ਜਣੇ ਕਿਸੇ ਦੁਰਗਮ ਮਾਰਗ 'ਤੇ ਜਾ ਰਹੇ ਹੋ। ਤੁਹਾਡਾ ਸਾਥੀ ਅਚਾਨਕ ਰਸਤੇ ਵਿਚ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ। ਉਸ ਨੂੰ ਭਿਆਨਕ ਸੱਟ ਲੱਗ ਜਾਂਦੀ ਹੈ ਤਾਂ ਤੁਸੀਂ ਕੀ ਕਰੋਗੇ? ਕੀ ਤੁਸੀਂ ਹੌਸਲਾ ਛੱਡ ਕੇ ਉਸ ਤੋਂ ਪਹਿਲਾਂ ਹੀ ਰੋਣ ਲੱਗ ਜਾਵੋਗੇ ਜਾਂ ਬੇਹੋਸ਼ ਹੋ ਜਾਵੋਗੇ? ਜਾਂ ਹਿੰਮਤ ਕਰ ਕੇ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰੋਗੇ? ਇਹ ਸੋਚੋ ਦੋਵੇਂ ਅਲੱਗ ਅਲੱਗ ਹਾਲਾਤ ਵਿਚ ਅੰਜਾਮ ਕੀ ਹੋਵੇਗਾ। ਜ਼ਾਹਿਰ ਹੈ ਕਿ ਪਹਿਲੀ ਹਾਲਾਤ ਵਿਚ ਤੁਹਾਡੇ ਸਾਥੀ ਦੀ ਜਾਨ ਤੇ ਬਣ ਆਵੇਗੀ ਅਤੇ ਤੁਸੀਂ ਵੀ ਮਾਨਸਿਕ ਅਤੇ ਸਰੀਰਕ ਤੋਰ ਤੇ ਨੁਕਸਾਨ ਉਠਾਵੋਗੇ। ਦੂਸਰੇ ਹਾਲਾਤ ਵਿਚ ਤੁਸੀਂ ਹਿੰਮਤ ਕਰ ਕੇ ਆਪਣਾ ਮਾਨਸਿਕ ਅਤੇ ਸਰੀਰਕ ਸੰਤੁਲਨ ਕਾਇਮ ਰੱਖੋਗੇ ਅਤੇ ਆਪਣੇ ਸਾਥੀ ਦੀ ਯਥਾ ਸੰਭਵ ਮਦਦ ਕਰ ਕੇ ਉਸ ਨੂੰ ਮੁਸੀਬਤ ਵਿਚੋਂ ਕੱਢ ਲਉਗੇ ਅਤੇ ਅਗਲੇ ਸਫ਼ਰ ਲਈ ਤਿਆਰ ਹੋ ਜਾਵੋਗੇ।
    ਮੁਸੀਬਤ ਜਾਂ ਔਖੀ ਘੜੀ ਵਿਚ ਆਪਸੀ ਇਤਫਾਕ ਦੀ ਬਹੁਤ ਜ਼ਰੂਰਤ ਹੁੰਦੀ ਹੈ। ਇਤਫਾਕ ਵਿਚ ਬਹੁਤ ਤਾਕਤ ਅਤੇ ਬਰਕਤ ਹੁੰਦੀ ਹੈ। ਬੇਸ਼ੱਕ ਅਸੀ ਸਾਰੇ ਅੰਦਰੋਂ ਇਕੱਲੇ ਹੀ ਹੁੰਦੇ ਹਾਂ ਪਰ ਜੇ ਅਸੀਂ ਰਲ ਕੇ ਆਪਣੀ ਥੋੜ੍ਹੀ ਥੋੜ੍ਹੀ ਊਰਜਾ ਇਕ ਦਿਸ਼ਾ ਵਲ ਲਾ ਦਈਏ ਤਾਂ ਇਕ ਵੱਡੀ ਤਾਕਤ ਬਣ ਜਾਂਦੀ ਹੈ ਜਿਸ ਦੇ ਹੈਰਾਨੀ-ਜਨਕ ਚੰਗੇ ਨਤੀਜੇ ਦੇਖਣ ਨੂੰ ਮਿਲਦੇ ਹਨ। ਸਾਡੇ ਵਿਚ ਵੱਡੀ ਤੋਂ ਵੱਡੀ ਮੁਸੀਬਤ ਨਾਲ ਟਕਰਾਉਣ ਦਾ ਹੌਸਲਾ ਅਤੇ ਸ਼ਕਤੀ ਆਉਂਦੀ ਹੈ। ਫਿਰ ਕੋਈ ਪਹਾੜ, ਕੋਈ ਸਮੁੰਦਰ ਜਾਂ ਕੋਈ ਸੁਨਾਮੀ ਇਸ ਸ਼ਕਤੀ ਦੇ ਸਾਹਮਣੇ ਨਹੀਂ ਠਹਿਰ ਸਕਦੀ। ਅਸੀ ਜ਼ਿੰਦਗੀ ਦੀ ਜੰਗ ਵਿਚ ਜੇਤੂ ਬਣ ਕੇ ਉਬਰਦੇ ਹਾਂ। ਇਤਫਾਕ ਨਾਲ ਸਾਡੀ ਅੰਦਰ ਦੀ ਟੁੱਟ ਭੱਜ ਖਤਮ ਹੁੰਦੀ ਹੈ ਅਤੇ ਸਾਨੂੰ ਇਕ ਸ਼ਕਤੀ ਮਿਲਦੀ ਹੈ। ਜੇ ਸਾਡੇ ਵਿਚ ਇਤਫਾਕ ਨਾ ਰਿਹਾ ਤਾਂ ਸਾਡੀ ਸਾਰੀ ਸ਼ਕਤੀ ਖਿੰਡ ਜਾਵੇਗੀ ਅਤੇ ਅਸੀ ਕੁਝ ਵੀ ਨਹੀਂ ਕਰ ਪਾਵਾਂਗੇ। ਛੋਟੀ ਜਹੀ ਮੁਸੀਬਤ ਵੀ ਸਾਨੂੰ ਲਿਤਾੜ ਕੇ ਰੱਖ ਦੇਵੇਗੀ। ਇਕ ਬਜ਼ੁਰਗ ਦੇ ਚਾਰ ਪੁੱਤਰ ਸਨ। ਜਦ ਉਹ ਮਰਨ ਲੱਗਾ ਤਾਂ ਉਸ ਨੇ ਆਪਣੇ ਪੁੱਤਰਾਂ ਨੂੰ ਨਸੀਹਤ ਦੇਣ ਲਈ ਆਪਣੇ ਕੋਲ ਸੱਦਿਆ ਅਤੇ ਕਿਹਾ ਕਿ ਸਾਰੇ ਇਕ ਇਕ ਸੋਟੀ ਲਿਆਓ। ਫਿਰ ਉਨ੍ਹਾਂ ਨੂੰ ਕਿਹਾ ਕੇ ਹਰੇਕ ਆਪਣੀ ਆਪਣੀ ਸੋਟੀ ਤੋੜੇ। ਸਭ ਨੇ ਆਪਣੀ ਆਪਣੀ ਸੋਟੀ ਅਸਾਨੀ ਨਾਲ ਤੋੜ ਦਿੱਤੀ। ਫਿਰ ਬਜ਼ੁਰਗ ਨੇ ਉਨ੍ਹਾਂ ਨੂੰ ਇਕ ਇਕ ਸੋਟੀ ਹੋਰ ਲਿਆਉਣ ਲਈ ਕਿਹਾ। ਜਦ ਚਾਰੇ ਜਣੇ ਸੋਟੀਆਂ ਲੈ ਆਏ ਤਾਂ ਉਸ ਨੇ ਇਨ੍ਹਾਂ ਚਾਰਾਂ ਸੋਟੀਆਂ ਨੂੰ ਇਕ ਬੰਡਲ ਵਿਚ ਬੰਨ ਦਿੱਤਾ। ਫਿਰ ਉਸ ਨੇ ਚਾਰਾਂ ਨੂੰ ਵਾਰੀ ਵਾਰੀ ਉਸ ਬੰਡਲ ਨੂੰ ਤੋੜਨ ਲਈ ਕਿਹਾ ਪਰ ਚਾਰਾਂ ਵਿਚੋਂ ਕੋਈ ਵੀ ਉਸ ਬੰਡਲ ਨੂੰ ਨਾ ਤੋੜ ਸੱਕਿਆ। ਬਜ਼ੁਰਗ ਨੇ ਪੁੱਤਰਾਂ ਨੂੰ ਸਿੱਖਿਆ ਦਿੱਤੀ ਕਿ ਜੇ ਚਾਰੇ ਇਕੱਠੇ ਰਹੋਗੇ ਤਾਂ ਤੁਹਾਨੂੰ ਕੋਈ ਨਹੀਂ ਹਰਾ ਸੱਕੇਗਾ। ਤੁਸੀਂ ਹਰ ਮੁਸੀਬਤ ਦਾ ਡੱਟ ਕੇ ਮੁਕਾਬਲਾ ਕਰ ਸੱਕੋਗੇ। ਜੇ ਤੁਸੀ ਅਲੱਗ ਅਲੱਗ ਰਹੋਗੇ ਤਾਂ ਮਾਰੇ ਜਾਵੋਗੇ। ਇਸ ਲਈ ਮੇਰੇ ਪਿਛੋਂ ਆਪਸ ਵਿਚ ਇਤਫਾਕ ਰੱਖਣਾ।
    ਹਮੇਸ਼ਾਂ ਆਪਣੇ ਵਿਚਾਰ ਊਸਾਰੂ ਅਤੇ ਹਾਂ ਪੱਖੀ ਰੱਖੋ। ਨਾਂਹ ਪੱਖੀ ਅਤੇ ਢਾਊ ਵਿਚਾਰਾਂ ਨਾਲ ਮਨੁੱਖ ਕਦੀ ਕਾਮਯਾਬ ਨਹੀਂ ਹੋ ਸਕਦਾ। ਜੇ ਆਪਸ ਵਿਚ ਇਤਫਾਕ ਹੋਵੇ ਤਾਂ ਮਾਨਸਿਕ ਪ੍ਰੇਸ਼ਾਨੀ ਘਟਦੀ ਹੈ ਅਤੇ ਮੁਸ਼ਕਲਾਂ ਨਾਲ ਟਕਰਾਉਣ ਦਾ ਬੱਲ ਮਿਲਦਾ ਹੈ। ਇੱਥੇ ਬਚਪਨ ਦੀ ਸੁਣੀ ਹੋਈ ਇਕ ਹੋਰ ਕਹਾਣੀ ਵੀ ਵਰਨਣਯੋਗ ਹੈ। ਕਿਸੇ ਸ਼ਹਿਰ ਵਿਚ ਇਕ ਪਰਿਵਾਰ ਰਹਿੰਦਾ ਸੀ। ਸਾਰੇ ਟੱਬਰ ਵਿਚ ਬਹੁਤ ਇਤਫਾਕ ਸੀ। ਬੱਚੇ ਮਾਂ ਪਿਓ ਦੇ ਆਗਿਆਕਾਰੀ ਸਨ। ਸਮੇਂ ਦੇ ਗੇੜ ਨਾਲ ਉਨ੍ਹਾਂ ਦੇ ਕੰਮ ਵਿਚ ਘਾਟੇ ਪੈ ਗਏ। ਗ਼ਰੀਬੀ ਛਾ ਗਈ। ਰੋਟੀ ਦੇ ਵੀ ਲਾਲੇ ਪੈ ਗਏ। ਆਖਿਰ ਉਨ੍ਹਾਂ ਨੇ ਘਰ ਛੱਡ ਕੇ ਕਿਧਰੇ ਹੋਰ ਜਾ ਕੇ ਵੱਸਣ ਦਾ ਪਰੋਗਰਾਮ ਬਣਾ ਲਿਆ। ਰਸਤੇ ਵਿਚ ਜੰਗਲ ਆ ਗਿਆ। ਰਾਤ ਪੈ ਗਈ। ਸਭ ਨੂੰ ਭੁੱਖ ਵੀ ਬਹੁਤ ਲੱਗੀ ਸੀ। ਆਦਮੀ ਨੇ ਪਤਨੀ ਨੂੰ ਕਿਹਾ ਤੂੰ ਥੋੜ੍ਹੀ ਜਹੀ ਜ਼ਮੀਨ ਸਾਫ ਕਰ। ਬੇਟੀ ਨੂੰ ਕਿਹਾ ਤੂੰ ਚੁੱਲ੍ਹਾ ਬਣਾ ਅਤੇ ਬੇਟੇ ਨੂੰ ਕਿਹਾ ਤੂੰ ਲੱਕੜਾਂ ਲਿਆ ਅੱਗ ਬਾਲੀਏ। ਸਾਰੇ ਜਣੇ ਹੁਕਮ ਮੰਨ ਕੇ ਆਪਣਾ ਆਪਣਾ ਕੰਮ ਕਰਨ ਲੱਗੇ। ਜਿਸ ਦਰੱਖ਼ਤ ਥੱਲੇ ਉਹ ਬੈਠੇ ਸਨ ਉਸ ਦਰੱਖ਼ਤ 'ਤੇ ਇਕ ਦਿਓ ਰਹਿੰਦਾ ਸੀ। ਉੇਹ ਹੈਰਾਨ ਹੋ ਗਿਆ ਕਿ ਇਨ੍ਹਾਂ ਕੋਲ ਖਾਣ ਨੂੰ ਤਾਂ ਕੁਝ ਹੈ ਨਹੀਂ। ਇਹ ਅੱਗ ਬਾਲ ਕੇ ਰਿਨੱਣਗੇ ਕੀ ਅਤੇ ਖਾਣਗੇ ਕੀ? ਉਹ ਵਿਚੋਂ ਹੀ ਬੋਲ ਪਿਆ ਤੁਸੀਂ ਸਾਰੇ ਜਣੇ ਅੱਗ ਬਾਲ ਕੇ ਬਣਾਓਗੇ ਕੀ ਅਤੇ ਖਾਓਗੇ ਕੀ? ਇੰਨ੍ਹੀ ਗਲ ਸੁਣ ਕੇ ਆਦਮੀ ਨੇ ਕਿਹਾ, ਤੈਨੂੰ ਭੁੰਨ ਕੇ ਖਾਵਾਂਗੇ। ਦਿਓ ਇਕ ਦਮ ਡਰ ਗਿਆ। ਉਹ ਦਰੱਖ਼ਤ ਤੋਂ ਥੱਲੇ ਉਤਰਿਆ ਅਤੇ ਹੱਥ ਜੋੜ ਕੇ ਖੜਾ ਹੋ ਗਿਆ। ਕਹਿਣ ਲੱਗਾ,"ਤੁਸੀਂ ਮੈਨੂੰ ਨਾ ਖਾਓ। ਇਸ ਦਰੱਖ਼ਤ ਥੱਲੇ ਬਹੁਤ ਵੱਡਾ ਖ਼ਜ਼ਾਨਾ ਦੱਬਿਆ ਪਿਆ ਹੈ। ਤੁਸੀਂ ਉਹ ਲੈ ਜਾਓ ਅਤੇ ਆਪਣੀ ਜ਼ਿੰਦਗੀ ਸੁੱਖ ਨਾਲ ਬਸਰ ਕਰੋ।। ਉਨ੍ਹਾਂ ਨੇ ਜ਼ਮੀਨ ਖੋਦੀ। ਅੰਦਰੋਂ ਸੱਚ ਮੁੱਚ ਹੀ ਖ਼ਜ਼ਾਨਾ ਨਿਕਲਿਆ। ਉਹ ਸਾਰਾ ਧਨ ਲੈ ਕੇ ਆਪਣੇ ਘਰ ਵਪਿਸ ਮੁੜ ਆਏ ਅਤੇ ਠਾਠ ਨਾਲ ਜ਼ਿੰਦਗੀ ਬਸਰ ਕਰਨ ਲੱਗੇ। ਗੁਆਂਢੀ ਹੈਰਾਨ ਹੋ ਗਏ ਕਿ ਕੱਲ ਤੱਕ ਤਾਂ ਇਨ੍ਹਾਂ ਕੋਲ ਖਾਣ ਨੂੰ ਰੋਟੀ ਵੀ ਨਹੀਂ ਸੀ। ਅੱਜ ਇਨ੍ਹਾਂ ਕੋਲ ਇਤਨੇ ਪੈਸੇ ਕਿੱਥੋਂ ਆ ਗਏ। ਗੁਆਂਢੀਆਂ ਨੇ ਉਨ੍ਹਾਂ ਨੂੰ ਅਮੀਰੀ ਦਾ ਰਾਜ਼ ਪੁੱਛਿਆ। ਉਨ੍ਹਾਂ ਨੇ ਸਾਰੀ ਗੱਲ ਦਸ ਦਿੱਤੀ। ਗੁਆਂਢੀ ਵੀ ਲਾਲਚ ਵਿਚ ਆ ਗਏ। ਉਹ ਵੀ ਅਗਲੇ ਦਿਨ ਜੰਗਲ ਵਲ ਚਲ ਪਏ। ਉਹ ਉਸੇ ਦਰੱਖ਼ਤ ਥੱਲੇ ਆ ਕੇ ਰੁਕੇ।ਉਸ ਟੱਬਰ ਵਿਚ ਇਤਫਾਕ ਕੋਈ ਨਹੀਂ ਸੀ। ਘਰ ਵਾਲੇ ਨੇ ਜਦ ਪਤਨੀ ਨੂੰ ਕਿਹਾ ਕਿ ਥੋੜ੍ਹੀ ਜਹੀ ਜ਼ਮੀਨ ਸਾਫ ਕਰ ਦੇ ਤਾਂ ਉਸ ਨੇ ਟਕੇ ਵਰਗਾ ਜੁਆਬ ਦੇ ਦਿੱਤਾ। ਲੜਕੀ ਨੇ ਵੀ ਚੁਲ੍ਹਾ ਬਣਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਲੜਕਾ ਲੱਕੜਾਂ ਲਿਆਉਣ ਦੀ ਬਜਾਏ ਬਹਿਸ ਕਰਨ ਲੱਗਾ ਕਿ ਸਾਡੇ ਕੋਲ ਖਾਣ ਨੂੰ ਤਾਂ ਕੁਝ ਹੈ ਨਹੀਂ ਫਿਰ ਅੱਗ ਬਾਲ ਕੇ ਕੀ ਕਰਨਾ ਹੈ? ਪਿਤਾ ਨੇ ਕਿਹਾ ਦਿਓ ਨੂੰ ਭੁੰਨ ਕੇ ਖਾਵਾਂਗੇ। ਦਿਓ ਦਰੱਖ਼ਤ ਤੋਂ ਸਭ ਕੁਝ ਦੇਖ ਰਿਹਾ ਸੀ। ਉਹ ਇਕ ਦਮ ਥੱਲੇ ਉਤਰਿਆ ਅਤੇ ਕਹਿਣ ਲੱਗਾ, "ਉਹ ਹੋਰ ਹੀ ਸਨ ਜਿੰਨ੍ਹਾਂ ਦੇ ਇਤਫਾਕ ਕਾਰਨ ਮੈਂ ਡਰ ਗਿਆ ਸੀ। ਤੁਸੀ ਮੇਰਾ ਕੁਝ ਨਹੀਂ ਵਿਗਾੜ ਸਕਦੇ। ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਖਾਵਾਂਗਾ।"
    ਜੇ ਕਿਸੇ ਦੁਸ਼ਮਣ ਨੂੰ ਜਿੱਤਣਾ ਹੋਵੇ ਤਾਂ ਪਹਿਲਾਂ ਉਸ ਦੇ ਬੰਦਿਆਂ ਵਿਚ ਫੁੱਟ ਪਾਈ ਜਾਂਦੀ ਹੈ। ਉਨ੍ਹਾਂ ਦੇ ਆਪਸੀ ਵਿਸ਼ਵਾਸ ਨੂੰ ਤੋੜਿਆ ਜਾਂਦਾ ਹੈ। ਉਨ੍ਹਾਂ ਵਿਚ ਜਾਤ, ਧਰਮ, ਰੰਗ ਭੇਦ ਜਾਂ ਲਿੰਗ ਦੇ ਵਖਰੇਵੇਂ ਖੜ੍ਹੇ ਕੀਤੇ ਜਾਂਦੇ ਹਨ। ਉਨ੍ਹਾਂ ਦਾ ਆਪਸੀ ਇਤਫਾਕ ਖਤਮ ਹੋ ਜਾਂਦਾ ਹੈ।ਉਹ ਇਕੱਠੇ ਹੋ ਕੇ ਲ਼ੜਨ ਦੇ ਸਮਰੱਥ ਨਹੀਂ ਰਹਿੰਦੇ।। ਇਸ ਲਈ ਹਾਰ ਜਾਂਦੇ ਹਨ। ਅੰਗਰੇਜ਼ ਭਾਰਤ ਨੂੰ ੩੫੦ ਸਾਲ ਪਾੜੋ ਅਤੇ ਰਾਜ ਕਰੋ ਦੀ ਨੀਤੀ ਕਾਰਨ ਹੀ ਗ਼ੁਲਾਮ ਬਣਾ ਕੇ ਰੱਖ ਸੱਕੇ।
    ਜੇ ਜ਼ਿੰਦਗੀ ਵਿਚ ਕਦੀ ਔਖੀ ਘੜੀ ਆ ਹੀ ਜਾਏ ਤਾਂ ਕੀ ਕਰਨਾ ਚਾਹੀਦਾ ਹੈ? ਪਹਿਲਾਂ ਤਾਂ ਇਹ ਸੋਚੋ ਕਿ ਕੀ ਇਹ ਔਖੀ ਘੜੀ ਅੱਜ ਮੇਰੇ ਇਕੱਲੇ ਤੇ ਕੋਈ ਨਵੀਂ ਨਹੀਂ ਆਈ। ਮੇਰੇ ਤੋਂ ਪਹਿਲਾਂ ਵੀ ਕਈ ਲੋਕਾਂ ਤੇ ਅਜਿਹੀ ਔਖੀ ਘੜੀ ਆਉਂਦੀ ਰਹੀ ਹੈ। ਇਸ ਲਈ ਅਜਿਹੇ ਕਠਿਨ ਸਮੇਂ ਮੈਂ ਆਪਣਾ ਹੌਸਲਾ ਨਹੀਂ ਛੱਡਣਾ। ਇਸ ਔਖੀ ਘੜੀ ਦਾ ਮੁਕਾਬਲਾ ਮੈਂ ਹੌਸਲੇ ਨਾਲ ਕਰਨਾ ਹੈ ਇਸ ਵਿਚੋਂ ਸਫ਼ਲਤਾ ਨਾਲ ਜੇਤੂ ਬਣ ਕੇ ਉਬਰਨਾ ਹੈ। ਪ੍ਰਮਾਤਮਾ ਵੀ ਹਿੰਮਤ ਵਾਲਿਆਂ ਦਾ ਹੀ ਸਾਥ ਦਿੰਦਾ ਹੈ। ਕਿਸਮਤ ਵੀ ਹਿੰਮਤੀ ਬੰਦਿਆਂ ਦੀ ਹੀ ਚਮਕਦੀ ਹੈ ਅਤੇ ਕਾਮਯਾਬੀ ਉਨ੍ਹਾਂ ਦੇ ਕਦਮ ਚੁੰਮਦੀ ਹੈ। ਜੋ ਹਿੰਮਤ ਨਹੀਂ ਹਾਰਦੇ ਅਤੇ ਆਪਣੀ ਮਦਦ ਆਪ ਕਰਦੇ ਹਨ ਉਨ੍ਹਾਂ ਦੀ ਮਦਦ ਲਈ ਆਪਣੇ ਆਪ ਦੂਸਰੇ ਲੋਕ ਆ ਕੇ ਜੁੜ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਹਿਯੋਗ ਦਿੰਦੇ ਹਨ।ਜੇ ਘਰ ਵਿਚ ਇਤਫਾਕ ਹੋਵੇ ਤਾਂ ਬੰਦਾ ਇਕੱਲਾ ਨਹੀਂ ਰਹਿੰਦਾ। ਉਸ ਵਿਚ ਆਤਮ ਵਿਸ਼ਵਾਸ  ਵਧਦਾ ਹੈ। ਔਖਾ ਸਮਾਂ ਸੌਖਿਆਂ ਹੀ ਕੱਟਿਆ ਜਾਂਦਾ ਹੈ। ਮਨੁੱਖ ਅੰਦਰ ਦੀ ਟੁੱਟ ਭੱਜ ਤੋਂ ਬਚ ਜਾਂਦਾ ਹੈ। ਇਸ ਲਈ ਦੂਸਰੇ ਦੇ ਨੁਕਤਾ ਨਿਗਾਹ ਨੂੰ ਵੀ ਸਮਝਣ ਦੀ ਲੋੜ ਹੁੰਦੀ ਹੈ। ਦੂਸਰੇ ਦੀ ਮਾਨਸਿਕਤਾ ਨੂੰ ਪਛਾਣੋ। ਦੂਸਰੇ ਵਿਚ ਵਿਸ਼ਵਾਸ ਰੱਖੋ। ਆਪਣੇ ਵਿਚ ਵੀ ਕੁਰਬਾਨੀ ਦਾ ਜਜ਼ਬਾ ਰੱਖੋ ਅਤੇ ਦੂਸਰੇ ਦਾ ਸਾਥ ਦਿਓ। ਔਖੀ ਘੜੀ ਜਾਂਦੀ ਜਾਂਦੀ ਮਨੁੱਖ ਨੂੰ ਇਕ ਨਵਾਂ ਤਜ਼ਰਬਾ ਵੀ ਦੇ ਜਾਂਦੀ ਹੈ। ਮਨੁੱਖ ਜ਼ਿੰਦਗੀ ਦੀਆਂ ਚੁਨੌਤੀਆਂ ਸਵੀਕਾਰ ਕਰਨ ਲਈ ਅੱਗੇ ਨਾਲੋਂ ਮਜ਼ਬੂਤ ਬਣਦਾ ਹੈ। ਔਖੀ ਘੜੀ ਵਿਚ ਹੀ ਮਨੁੱਖ ਦੇ ਦੋਸਤ ਮਿੱਤਰ ਅਤੇ ਸਨਬੰਧੀ ਪਰਖੇ ਜਾਂਦੇ ਹਨ। ਸਾਨੂੰ ਪਤਾ ਚਲਦਾ ਹੈ ਕਿ ਸਾਡੇ ਅਸਲ ਹਮਦਰਦ ਕਿਹੜੇ ਹਨ ਅਤੇ ਫੌਕੀ ਹਮਦਰਦੀ ਪ੍ਰਗਟ ਕਰਨ ਵਾਲੁ ਮਤਲਬੀ ਲੋਕ ਕਿਹੜੇ ਹਨ।
    ਇਤਫਾਕ ਲਈ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਆਪਣਾ ਘੁਮੰਢ ਛੱਡ ਕੇ ਆਪਣੇ ਮਨ ਵਿਚ ਨਿਮਰਤਾ ਰੱਖੀਏ। ਆਪਣੇ ਵਿਚਾਰਾਂ ਨੂੰ ਅੰਤਿਮ ਸੱਚ ਨਹੀਂ ਸਮਝਣਾ ਚਾਹੀਦਾ, ਨਾ ਹੀ ਆਪਣੇ ਵਿਚਾਰਾਂ ਨੂੰ ਕਿਸੇ ਦੂਸਰੇ ਤੇ ਠੋਸਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹਰ ਇਨਸਾਨ ਦੀ ਸੋਚਣੀ ਆਪਣੀ ਤਰ੍ਹਾਂ ਦੀ ਹੁੰਦੀ ਹੈ ਇਸ ਲਈ ਹਰ ਇਕ ਦੇ ਵਿਚਾਰ ਅਲੱਗ ਅਲੱਗ ਹੁੰਦੇ ਹਨ। ਦੂਸਰੇ ਦਾ ਦ੍ਰਿਸ਼ਟੀਕੌਣ ਵੀ ਸਮਝਣ ਦੀ ਕੀਸ਼ਸ਼ ਕਰਨੀ ਚਾਹੀਦੀ ਹੈ ਤਾਂ ਕਿ ਆਪਸ ਵਿਚ ਇਤਫਾਕ ਪੈਦਾ ਹੋ ਸੱਕੇ ਅਤੇ ਇਕ ਰਾਇ ਬਣ ਸੱਕੇ। ਅਸੀਂ ਆਪਣੀ ਹਉਮੇਂ ਛੱਡ ਕੇ ਹੀ ਦੂਸਰੇ ਨਾਲ ਸਮਝੋਤਾ ਕਰ ਸਕਦੇ ਹਾਂ ਅਤੇ ਉਸ ਤੋਂ ਜ਼ਿਆਦਾ ਸਹਿਯੋਗ ਲੈ ਸਕਦੇ ਹਾਂ। ਜ਼ਿੰਦਗੀ ਵਿਚ ਕਈ ਸਮਝੋਤੇ ਕਰਨੇ ਪੈਂਦੇ ਹਨ ਤਾਂ ਹੀ ਜ਼ਿੰਦਗੀ ਸਹਿਜ ਨਾਲ ਤੁਰਦੀ ਹੈ। ਥੋੜ੍ਹਾ ਝੁਕਣ ਵਿਚ ਕੋਈ ਹਰਜ਼ ਨਹੀਂ। ਝੁਕਦਾ ਉਹ ਹੀ ਹੈ ਜਿਸ ਵਿਚ ਜਾਨ ਹੁੰਦੀ ਹੈ। ਆਕੜ ਤਾਂ ਮੁਰਦੇ ਦੀ ਪਛਾਣ ਹੁੰਦੀ ਹੈ। ਇਸ ਲਈ ਝੁਕਣ ਵਿਚ ਹੀ ਤੁਹਾਡੀ ਜਿੱਤ ਹੈ। ਕੋਈ ਸਾਥੀ ਮੁਸੀਬਤ ਵਿਚ ਹੋਵੇ ਤਾਂ ਉਸ ਨੂੰ ਕਹੋ, "ਘਬਰਾ ਨਾ, ਹੌਸਲਾ ਰੱਖ, ਮੈਂ ਤੇਰੇ ਨਾਲ ਹਾਂ।" ਉਸ ਦੀ ਹਰ ਸੰਭਵ ਮਦਦ ਕਰੋ।
    ਹਮੇਸ਼ਾਂ ਇਹ ਯਾਦ ਰੱਖੋ ਕਿ ਔਖੀ ਘੜੀ ਕਿਸੇ ਤੇ ਵੀ ਆ ਸਕਦੀ ਹੈ। ਰੋਣਾ ਕਿਸੇ ਸਮੱਸਿਆ ਦਾ ਹੱਲ ਨਹੀਂ ਅਤੇ ਨਾ ਹੀ ਕਿਸੇ ਸਮੱਸਿਆ ਤੋਂ ਅੱਖਾਂ ਮੀਟਨ ਨਾਲ ਉਸ ਦਾ ਕੋਈ ਹੱਲ ਨਿਕਲਦਾ ਹੈ। ਜਿਤਨਾ ਅਸੀਂ ਕਿਸੇ ਸਮੱਸਿਆ ਨੂੰ ਟਾਲਾਂਗੇ ਉਹ ਉਤਨੀ ਹੀ ਵੱਡੀ ਅਤੇ ਭਿਆਨਕ ਹੁੰਦੀ ਜਾਵੇਗੀ। ਸਮੱਸਿਆ ਦਾ ਡਟ ਕੇ ਮੁਕਾਬਲਾ ਕਰੋ। ਬੇਸ਼ੱਕ ਪ੍ਰਮਾਤਮਾ ਦਾ ਵੀ ਓਟ ਆਸਰਾ ਲਓ। ਫੇਰ ਜੋ ਵੀ ਹੋਵੇ ਉਸ ਨੂੰ ਸਵੀਕਾਰ ਕਰੋ। ਪ੍ਰਮਾਤਮਾ ਦੀ ਰਜ਼ਾ ਵਿਚ ਰਹੋ। ਰੋਣ ਨਾਲ ਕਦੀ ਨਸੀਬ ਨਹੀਂ ਬਦਲਦੇ। ਨਸੀਬ ਕਰਮ ਨਾਲ ਬਦਲਦੇ ਹਨ। ਜ਼ਿੰਦਗੀ ਵਿਚ ਹਰ ਕੋਈ ਬੁਲੰਦੀਆਂ ਤੇ ਪਹੁੰਚਣਾ ਚਾਹੁੰਦਾ ਹੈ। ਬੁਲੰਦੀਆਂ ਤੇ ਪਹੁੰਚਣ ਲਈ ਕਠਿਨ ਮਿਹਨਤ ਕਰਨੀ ਪੈਂਦੀ ਹੈ ਅਤੇ ਜੋਖ਼ਿਮ ਵੀ ਉਠਾਉਣੇ ਪੈਂੇਦੇ ਹਨ। ਹਾਦਸਿਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਪਰ ਹਾਦਸੇ ਹਿੰਮਤ ਅਤੇ ਇਤਫਾਕ ਨਾਲ ਹੀ ਕੱਟੇ ਜਾਂਦੇ ਹਨ।