17ਵਾਂ ਬਾਈ ਮੱਲ ਸਿੰਘ ਯਾਦਗਾਰੀ ਸਨਮਾਨ ਸਮਾਰੋਹ (VIDEO)
(ਖ਼ਬਰਸਾਰ)
ਲੁਧਿਆਣਾ - ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ 17ਵਾਂ ਬਾਈ ਮੱਲ ਸਿੰਘ ਯਾਦਗਾਰੀ ਸਨਮਾਨ ਸਮਾਰੋਹ ਪੰਜਾਬੀ ਭਵਨ ਵਿਖੇ ਕਰਵਾਇਆ ਗਿਆ ਜਿਸ ਵਿਚ ਪਦਮ ਭੂਸ਼ਣ ਡਾ. ਸਰਦਾਰਾ ਸਿੰਘ ਜੌਹਲ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ।ਪ੍ਰਧਾਨਗੀ ਮੰਡਲ ਵਿਚ ਸਰਵ ਸ੍ਰੀ ਜਰਨੈਲ ਸਿੰਘ ਸੇਖਾ, ਜਗਜੀਤ ਸਿੰਘ ਬਾਵਰਾ, ਹਰਬੀਰ ਭੰਵਰ ਅਤੇ ਕਰਮਜੀਤ ਸਿੰਘ ਔਜਲਾ ਸ਼ਾਮਲ ਹੋਏ।ਇਸ ਸਮਾਗਮ ਵਿਚ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਨੂੰ ਬਾਈ ਮੱਲ ਸਿੰਘ ਯਾਦਗਾਰੀ ਪੁਰਸਕਾਰ ਅਤੇ ਪ੍ਰੋ. ਕ੍ਰਿਸ਼ਨ ਸਿੰਘ ਨੂੰ ਬਾਈ ਮੱਲ ਸਿੰਘ ਯਾਦਗਾਰੀ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।ਬਾਈ ਮੱਲ ਸਿੰਘ ਬਾਰੇ ਬੋਲਦਿਆਂ ਹਰਬੀਰ ਭੰਵਰ ਨੇ ਕਿਹਾ ਕਿ ਉਹ ਇਕ ਕਿਰਤੀ ਇਨਸਾਨ ਸਨ ਜਿੰਨ੍ਹਾਂ ਨੇ ਸਚਾਈ ਦੇ ਰਸਤੇ ਚਲਦਿਆਂ ਆਪਣੀ ਜ਼ਿੰਦਗੀ ਬਤੀਤ ਕੀਤੀ। ਜਰਨੈਲ ਸੇਖਾ ਨੇ ਕਿਹਾ ਕਿ ਮੱਲ ਸਿੰਘ ਮੇਰੇ ਵਡੇ ਭਰਾ ਸਨ ਜਿੰਨ੍ਹਾ ਨੇ ਇਕ ਗਾਡੀ ਰਾਹ ਵਾਂਗ ਸਾਰੇ ਪਰਿਵਾਰ ਦੀ ਅਗਵਾਈ ਕੀਤੀ।ਡਾ. ਜੌਹਲ ਨੇ ਕਿਹਾ ਕਿ ਮੈਨੂੰ ਸਿਰਜਣਧਾਰਾ ਦੇ ਸਮਾਗਮ ਤੇ ਆ ਕੇ ਖੁਸ਼ੀ ਮਿਲਦੀ ਹੈ ਜੋ ਸਾਹਿਤਕਾਰਾਂ ਨੂੰ ਪਹਿਚਾਨ ਦਿੰਦੇ ਹਨ।ਉਨ੍ਹਾਂ ਕਿਹਾ ਕਿ ਬਾਈ ਮੱਲ ਸਿੰਘ ਦੇ ਪਰਿਵਾਰ ਵਿਚੋਂ ਚਾਰ ਨਾਮੀ ਸਾਹਿਤਕਾਰ ਹਨ ਜੋ ਸਾਰਿਆਂ ਲਈ ਮਾਣ ਵਾਲੀ ਗੱਲ ਹੈ।ਇਸ ਮੌਕੇ ਚਿੱਤਰਕਾਰ ਪ੍ਰਵੀਨ ਕੁਮਾਰ ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਹਰਪਾਲ ਸਿੰਘ ਘਈ ਦੀ ਪੁਸਤਕ ਵੀ ਰਿਲੀਜ਼ ਕੀਤੀ ਗਈ।ਸਮਾਗਮ ਵਿਚ ਭਾਰੀ ਗਿਣਤੀ ਵਿਚ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਸ਼ਾਮਲ ਹੋਏ।