ਮਨ ਦੀ ਤਮੰਨਾ ਦਾ ਪੂਰਾ ਹੋਣਾ (ਸਵੈ ਜੀਵਨੀ )

ਮਲਕੀਤ ਕੌਰ ਬਾਵਰਾ   

Email: malkitjagjit@gmail.com
Cell: +91 97794 31472
Address: ਮੋਗਾ ਰੋਡ ਬਾਘਾ ਪੱਤੀ ਬਾਘਾ ਪੁਰਾਣਾ
ਮੋਗਾ India
ਮਲਕੀਤ ਕੌਰ ਬਾਵਰਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਜਦੋ ਬੱਚੇ ਸਕੂਲ ਜਾਣਾ ਸ਼ੁਰੂ ਕਰਦੇ ਹਨ ਤਾਂ ਆਪਣੇ ਅਧਿਆਪਕਾਂ ਦੀਆਂ ਰੀਸਾਂ ਜ਼ਰੂਰ ਲਾਉਂਦੇ ਹਨ।ਖਾਸ ਕਰ ਕੇ ਲੜਕੀਆਂ ਮੈਡਮ ਮੈਡਮ ਬਣ ਕੇ ਖੇਡਦੀਆਂ ਹਨ। ਹੁਣ ਮੈਂ ਦੇਖਦੀ ਹਾਂ ਕਿ ਸਾਡੀ ਪੋਤੀ ਜਸਲੀਨ ਅਤੇ ਦੋਹਤੀਆਂ ਜਸ ਤੇ ਕਿਰਨ ਮੈਡਮ ਬਣ ਕੇ ਖੇਡਦੀਆਂ ਹਨ। ਮੂਹਰੇ ਬਲੈਕ ਬੋਰਡ ਰੱਖ ਲੈਂਦੀਆਂ ਹਨ ਅਤੇ ਕੁਝ ਖਿਡਾਉਣਿਆਂ ਨੂੰ ਬੱਚੇ ਬਣਾ ਲੈਂਦੀਆਂ ਹਨ ਜਿਨ੍ਹਾਂ ਨੂੰ ਵਿਦਿਆਰਥੀ ਸਮਝ ਲੈਂਦੀਆਂ ਹਨ।ਉਦੋਂ ਬੱਚੀਆਂ ਨੂੰ ਖੇਡਦੇ ਦੇਖ ਕੇ ਆਪਣਾ ਬਚਪਨ ਚੇਤੇ ਆ ਜਾਂਦਾ ਹੈ। ਇਸੇ ਤਰ੍ਹਾਂ ਮੈਂ ਤੇ ਮੇਰੀ ਛੋਟੀ ਭੈਣ ਪਰਮਜੀਤ (ਜੋ ਅੱਜ ਕਲ਼੍ਹ ਸ.ਸ.ਸਕੂਲ ਲੜਕੀਆਂ ਮੋਗਾ ਵਿਚ ਨੌਕਰੀ ਕਰ ਰਹੀ ਹੈ) ਵੀ ਮੈਡਮ ਬਣ ਕੇ ਖੇਡਦੀਆਂ ਸਾਂ। ਕਦੀ ਉਸ ਨੇ ਮੈਡਮ ਬਣਨਾ ਤੇ ਕਦੀ ਮੈਂ।ਫਿਰ ਚੁੰਨੀਆਂ ਵੀ ਉਸੇ ਤਰ੍ਹਾਂ ਲੈਣੀਆਂ, ਬੋਲਣਾ ਵੀ ਉਸੇ ਤਰ੍ਹਾਂ। ਪੂਰੀਆਂ ਰੀਸਾਂ ਲਾ ਕੇ ਮਨ ਖੁਸ਼ ਕਰ ਲੈਣਾ।ਕਿਉਂਕਿ ਹਰ ਇਨਸਾਨ ਦੇ ਮਨ ਵਿਚ ਕੁਝ ਬਣਨ ਦੀ ਤਮੰਨਾ ਹੁੰਦੀ ਹੈ ਕਿ ਮੈਂ ਵੀ ਕਦੇ ਇਸ ਤਰ੍ਹਾਂ ਬਣ ਜਾਵਾਂ।
ਜਦੋਂ ਮੈਂ ਦਸਵੀਂ ਪਾਸ ਕਰ ਲਈ ਤਾਂ ਮਾਪੇ ਵਿਆਹ ਦਾ ਫਿਕਰ ਕਰਨ ਲੱਗੇ। ਉਸ ਸਮੇਂ ਮਾਂ ਬਾਪ ਲੜਕੀਆਂ ਦੀ ਸ਼ਾਦੀ ਛੋਟੀ ਉਮਰ ਵਿਚ ਹੀ ਕਰ ਦਿੰਦੇ ਸਨ। ਸੋਚਦੇ ਸਨ ਕਿ ਵਿਆਹ ਕਰ ਕੇ ਸਿਰੋਂ ਭਾਰ ਲਾਹ ਦਈਏ। ਮੇਰੇ ਪਿਤਾ ਜੀ ਸਵਰਗੀ ਸ. ਸੱਜਣ ਸਿੰਘ ਰਾਗੀ ਜੀ ਚੜਿਕ ਬੱਚਿਆਂ ਨੂੰ ਵਿਦਿਆ ਦੇਣ ਦੇ ਹੱਕ ਵਿਚ ਸਨ। ਉਨ੍ਹਾਂ ਦੀ ਇਹ ਤਮੰਨਾ ਸੀ ਕਿ ਗੁੱਡੀ (ਮੇਰਾ ਛੋਟਾ ਨਾਮ) ਨੂੰ ਜੇ. ਬੀ. ਟੀ. ਕਰਾ ਦਿੰਦੇ ਤਾਂ ਚੰਗਾ ਸੀ।ਪਰ ਕੁਦਰਤੀ ਉਸ ਸਮੇਂ 1966-67 ਤੋਂ ਲੈ ਕੇ 1973 ਤਕ ਜੇ.ਬੀ.ਟੀ. ਦੀ ਟਰੇਨਿੰਗ ਬੰਦ ਰਹੀ।ਪਰ ਪਿਤਾ ਜੀ ਦੀ ਸੋਚ ਬਹੁਤ ਉੱਚੀ ਸੀ। ਸਾਨੂੰ ਸ਼ਾਇਦ ਉਸ ਸਮੇਂ ਉਨ੍ਹਾਂ ਦੀ ਸੋਚ ਚੰਗੀ ਨਾ ਲਗਦੀ ਹੋਵੇ ਕਿਉਂਕਿ ਅਸੀਂ ਅਨਜਾਣ ਬੱਚੇ ਸੀ। ਨਾਲ ਗੱਲ ਇਹ ਵੀ ਸੀ ਕਿ ਲੜਕੀਆਂ ਉਸ ਸਮੇਂ ਵਿਆਹ ਦੇ ਮਸਲੇ ਵਿਚ ਕੁਝ ਨਹੀਂ ਸੀ ਬੋਲਦੀਆਂ।
ਪਿਤਾ ਜੀ ਨੇ ਘਰ ਦਿਆਂ ਨਾਲ ਸਲਾਹ ਕਰ ਕੇ ਕਿ ਟਰੇਨਿੰਗ ਤਾਂ ਪਤਾ ਨਹੀਂ ਕਦੋਂ ਖੁੱਲ੍ਹੇ, ਜੇ ਇਸ ਨੇ ਪੜ੍ਹਨਾ ਹੋਇਆ ਤਾਂ ਅਗਲੇ ਘਰ ਜਾ ਕੇ ਪੜ੍ਹ ਲਵੇਗੀ। ਹੁਣ ਇਸ ਦੇ ਵਿਆਹ ਦਾ ਸੋਚੀਏ। ਪਿਤਾ ਜੀ ਦੇ ਸਿਆਣੇ ਦੋਸਤਾਂ ਅਤੇ ਮੇਰੇ ਭਰਾਵਾਂ ਨੇ ਵੀ ਇਸ ਸਲਾਹ ਨੂੰ ਠੀਕ ਕਿਹਾ।ਸਾਡੇ ਨਜ਼ਦੀਕੀ ਰਿਸ਼ਤੇਦਾਰ ਨੇ ਦੱਸ ਪਾਈ ਕਿ ਇਕ ਲੜਕਾ ਬਾਘੇ ਪੁਰਾਣੇ ਤੋਂ ਮਾਸਟਰ ਹੈ। ਉਹ ਅੱਗੇ ਵੀ ਪੜ੍ਹ ਰਿਹਾ ਹੈ ਭਾਵ ਤਰੱਕੀ ਕਰ ਰਿਹਾ ਹੈ। ਮੇਰੇ ਪਿਤਾ ਜੀ ਅਤੇ ਵੀਰਾਂ ਨੇ ਦੇਖਿਆ ਕਿ ਲੜਕਾ ਠੀਕ ਹੈ, ਸੋਹਣਾ ਵੀ ਹੈ ਤੇ ਮੰਗ ਵੀ ਕੋਈ ਨਹੀਂ। ਸਾਡੇ ਘਰ ਦੇ ਜਿਥੇ ਕੋਈ ਮੰਗ ਰੱਖ ਦਿੰਦਾ ਸੀ ਪਿਛਾਂਹ ਹਟ ਜਾਂਦੇ ਸੀ ਕਿਉਂਕਿ ਮੇਰਾ ਬਾਪ ਗਰੀਬੀ ਵਿਚ ਸਿਲਾਈ ਦਾ ਕੰਮ ਕਰ ਕੇ ਪਰਿਵਾਰ ਪਾਲਦਾ ਸੀ। ਮੇਰਾ ਰਿਸ਼ਤਾ ਉਸ ਮਾਸਟਰ ਨਾਲ ਪੱਕਾ ਹੋ ਗਿਆ। 1971 ਵਿਚ ਚਾਰ ਕੁ ਮਹੀਨਿਆਂ ਮਗਰੋਂ ਵਿਆਹ ਵੀ ਹੋ ਗਿਆ। ਮੇਰੇ ਪਤੀ ਸ. ਜਗਜੀਤ ਸਿੰਘ ਬਾਵਰਾ ਜੀ ਉਦੋਂ ਜੇ.ਬੀ.ਟੀ. ਮਾਸਟਰ ਹੀ ਸਨ ਪਰ ਉਨ੍ਹਾਂ ਨੇ ਬੀ.ਏ. ਕੀਤੀ ਹੋਈ ਸੀ ਅਤੇ ਬੀ.ਐਡ ਕਰ ਰਹੇ ਸੀ। ਬਾਅਦ ਵਿਚ ਐਮ.ਏ. ਕੀਤੀ ਤੇ ਹੁਣ ਲੈਕਚਰਰ ਰਿਟਾਇਰਡ ਹਨ।
ਜ਼ਿਲ੍ਹਾ ਫਿਰੋਜ਼ਪੁਰ ਵਿਚ ਜਿਥੇ ਪਤੀ ਦੀ ਸਰਵਿਸ ਸੀ ਉਥੇ ਨਾਲ ਹੀ ਮੈਂ ਚਲੀ ਗਈ।ਪ੍ਰਾਇਮਰੀ ਸਕੂਲ ਵਿਚ ਉਸ ਸਮੇਂ ਮਹੀਨੇ ਦੇ ਆਖਰੀ ਦਿਨ ਮੀਟਿੰਗ ਹੁੰਦੀ ਸੀ।ਮੀਟਿੰਗ ਤੇ ਇਸਤਰੀ ਅਧਿਆਪਕਾਵਾਂ ਨੇ ਮੈਨੂੰ ਵੀ ਬੁਲਾ ਲਿਆ। ਮੈਨੂੰ ਬਹੁਤ ਸ਼ਰਮ ਆਵੇ ਕਿ ਇਹ ਮੈਡਮਾਂ ਹਨ ਤੇ ਮੈਂ ਸਿਰਫ ਦਸਵੀਂ ਪਾਸ। ਉਨ੍ਹਾਂ ਮੈਨੂੰ ਸਕਲ ਵਿਚ ਗਈ ਨੂੰ ਬਹੁਤ ਹੀ ਪਿਆਰ ਨਾਲ ਕਿਹਾ,’ਬੈਠੋ ਭੈਣ ਜੀ’। ਮੇਰੇ ਮੂੰਹੋਂ ਇਕ ਦਮ ਨਿਕਲਿਆ ਕਿ ਮੈਂ ਕਾਹਦੀ ਭੈਣ ਜੀ। ਮੇਰੇ ਪਤੀ ਉਦੋਂ ਹੀ ਬੋਲ ਪਏ ਕਿ ਇਸ ਦੀ ਇਹ ਤਮੰਨਾ ਵੀ ਪੂਰੀ ਕਰ ਹੀ ਦੇਣੀ ਹੈ। ਪਰ ਉਦੋਂ ਜੇ.ਬੀ.ਟੀ. ਅਜੇ ਵੀ ਬੰਦ ਸੀ। ਜੇ.ਬੀ.ਟੀ. ਟਰੇਨਿੰਗ 1973 ਵਿਚ ਖੁਲ੍ਹ ਗਈ। 
ਹੁਣ ਮੇਰੀ ਪੜ੍ਹਾਈ ਬਾਰੇ ਵਿਚਾਰ ਚਰਚਾ ਸ਼ੁਰੂ ਹੋ ਗਈ। ਪਰ ਹੁਣ ਇਕ ਸਮੱਸਿਆ ਹੋ ਗਈ ਕਿ ਉਸ ਤੋਂ ਪਹਿਲਾਂ ਸਾਡੇ ਘਰ ਬਹੁਤ ਹੀ ਪਿਆਰੀ ਬੇਟੀ ਨੇ ਜਨਮ ਲਿਆ ਜੋ ਉਦੋਂ ਨੌਂ ਕੁ ਮਹੀਨੇ ਦੀ ਸੀ। ਸਾਨੂੰ ਜਿਥੇ ਖੁਸ਼ੀ ਸੀ ਉਥੇ ਫਿਕਰ ਵੀ ਸੀ ਕਿ ਜੇ ਸਿਲੈਕਟ ਹੋ ਗਈ ਤਾਂ ਇਸ ਦਾ ਕੀ ਬਣੂ, ਇਹ ਤਾਂ ਅਜੇ ਬਹੁਤ ਛੋਟੀ ਹੈ।ਪਰ ਮੇਰੀ ਮਾਂ ਨੇ ਸਾਨੂੰ ਹੌਂਸਲਾ ਦਿੰਦਿਆਂ ਕਿਹਾ ਕਿ ਤੂੰ ਸਿਲੈਕਟ ਹੋ ਸਹੀ ਤੇਰੀ ਬੇਟੀ ਮੈਂ ਸਾਂਭ ਲਵਾਂਗੀ। ਮੇਰੇ ਪਤੀ ਨੂੰ ਵੀ ਇਹ ਸੁਣ ਕੇ ਹੌਂਸਲਾ ਹੋ ਗਿਆ। ਇੰਟਰਵਿਊ ਹੋਈ ਤਾਂ ਮੈਂ ਸਿਲੈਕਟ ਹੋ ਗਈ।ਪਰ ਮਨ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੈਂ ਸਿਲੈਕਟ ਹੋ ਗਈ ਹਾਂ।ਪਰ ਇਹ ਸੱਚ ਸੀ। ਜੇ.ਬੀ.ਟੀ. ਪੂਰੀ ਹੋਣ ਤੋਂ ਬਾਅਦ ਮੈਂ ਅਧਿਆਪਕਾ ਲੱਗ ਕੇ ਮਾਰਚ 2009 ਵਿਚ ਰਿਟਾਇਰ ਹੋ ਗਈ ਹਾਂ।ਮੇਰੀ ਬੇਟੀ ਜਿਸ ਨੂੰ ਮੇਰੀ ਪਿਆਰੀ ਮਾਂ ਨੇ ਬੜੇ ਪਿਆਰ ਨਾਲ ਸਾਂਭਿਆ ਸੀ ਉਹ ਅੱਜ ਫਾਰਮਾਸਿਸਟ ਹੈ।
ਮੇਰੇ ਬੇਟੇ ਸਤਿੰਦਰ ਦੇ ਮਨ ਵਿਚ ਬਾਹਰ ਜਾਣ ਦੀ ਤਮੰਨਾ ਸੀ ਪਰ ਉਸਨੂੰ ਬਾਹਰ ਭੇਜਣ ਵਿਚ ਅਸੀਂ ਅੜਿੱਕਾ ਬਣੇ ਹੋਏ ਸੀ। ਕਿਉਂਕਿ ਇਹ ਗੱਲਾਂ ਆਮ ਹੀ ਸੁਣਨ ਵਿਚ ਆਉਂਦੀਆਂ ਸਨ ਕਿ ਲੜਕੇ ਬਾਹਰ ਜਾ ਕੇ ਮਾਂ ਬਾਪ ਨੂੰ ਭੁੱਲ ਜਾਂਦੇ ਹਨ।ਪਰ ਸਾਡਾ ਬੇਟਾ ਆਗਿਆਕਾਰ ਹੋਣ ਕਰ ਕੇ ਆਪਣੀ ਮਰਜ਼ੀ ਜਾਂ ਜਿਦ ਕਦੇ ਨਹੀਂ ਸੀ ਕਰਦਾ। ਉਹ ਚੰਡੀਗੜ੍ਹ ਵਿਚ ਕਿਸੇ ਚੰਗੀ ਕੰਪਨੀ ਵਿਚ ਨੌਕਰੀ ਕਰਦਾ ਸੀ। ਉਸੇ ਕਰ ਕੇ ਅਮਰੀਕਾ ਦੀ ਕਿਸੇ ਕੰਪਨੀ ਨੇ ਆਪ ਹੀ ਬੁਲਾਵਾ ਭੇਜ ਦਿੱਤਾ। ਫਿਰ ਵੀ ਸਾਨੂੰ ਫੋਨ ਕਰ ਕੇ ਪੁਛਿਆ ਕਿ ਹੁਣ ਮੈਨੂੰ ਬਾਹਰ ਜਾਣ ਦਾ ਮੌਕਾ ਮਿਲ ਰਿਹਾ ਹੈ। ਕਹਿੰਦਾ ਮੰਮੀ ਜੀ ਹਾਂ ਜਾਂ ਨਾਂਹ ਦਾ ਜਵਾਬ ਹੁਣੇ ਹੀ ਦੇ ਦੇਣਾ। ਅਸੀਂ ਵੀ ਅਣਮੰਨੇ ਮਨ ਨਾਲ ਹਾਂ ਕਹਿ ਦਿੱਤੀ। ਪ੍ਰਮਾਤਮਾ ਨੇ ਉਸ ਸ਼ਰੀਫ ਅਤੇ ਆਗਿਆਕਾਰ ਬੱਚੇ ਦੀ ਤਮੰਨਾ ਪੂਰੀ ਕਰ ਦਿੱਤੀ। ਬੇਟੇ ਦੀ ਵਿਆਹ ਵੇਲੇ ਵੀ ਇਹੀ ਤਮੰਨਾ ਸੀ ਕਿ ਕਿ ਲੜਕੀ ਮੇਰੀ ਲਾਈਨ ਦੀ ਹੋਵੇ। ਪ੍ਰਮਾਤਮਾ ਨੇ ਉਸ ਦੀ ਇਹ ਤਮੰਨਾ ਵੀ ਪੂਰੀ ਕਰ ਦਿੱਤੀ। ਉਸ ਦੀ ਸ਼ਾਦੀ ਕਮਲਪ੍ਰੀਤ ਕੌਰ ਜੋ ਇਕ ਸੁਲਝੇ ਪਰਿਵਾਰ ਦੀ ਬੇਟੀ ਹੈ ਨਾਲ ਹੋ ਗਈ ਜੋ ਚੰਗੀ ਪੋਸਟ ਤੇ ਕੰਮ ਕਰ ਰਹੀ ਹੈ।
ਆਪਣੇ ਮਨ ਵਿਚ ਕੁਝ ਬਣਨ ਦੀ ਤਮੰਨਾ ਹੋਵੇ ਤਾਂ ਸਾਡੀਆਂ ਨੀਤਾਂ ਨੂੰ ਪ੍ਰਮਾਤਮਾ ਜ਼ਰੂਰ ਫਲ ਦਿੰਦਾ ਹੈ। ਸਾਨੂੰ ਜ਼ਿੰਦਗੀ ਵਿਚ ਹੌਂਸਲਾ ਨਹੀਂ ਛੱਡਣਾ ਚਾਹੀਦਾ, ਸਗੋਂ ਹਰੇਕ ਕੰਮ ਦੀ ਚੰਗੀ ਆਸ ਰੱਖਣੀ ਚਾਹੀਦੀ ਹੈ।