ਉਹ ਇੱਕ ਟਾਪੂ ਤੇ ਮਿਲੀ ਸੀ । ਛੋਟਾ ਜਿਹਾ ਟਾਪੂ । ਚਾਰ-ਚੁਫੇਰੇ ਸਮੁੰਦਰ । ਪਾਣੀ ਹੀ ਪਾਣੀ । ਵੈਸੇ ਉਹ ਟਾਪੂ ਸੀ ਬੜਾ ਪਿਆਰਾ । ਹਰਾ-ਭਰਾ । ਦਰਖਤਾਂ ਦੇ ਪੱਤੇ ਰੰਗ-ਬਿਰੰਗੇ, ਜਿਵੇਂ ਦਰਖਤਾਂ ਨੂੰ ਫੁੱਲ ਲੱਗੇ ਹੋਣ । ਸੰਘਣੀਆਂ ਝਾੜੀਆਂ । ਝਾੜੀਆਂ 'ਚ ਉਲਝੀਆਂ ਹੋਈਆ ਵੇਲਾਂ । ਵੇਲਾਂ ਨੂੰ ਲੱਗੇ ਹੋਏ ਨਿੱਕੇ-ਨਿੱਕੇ ਪਿਆਰੇ-ਪਿਆਰੇ ਫੁੱਲ । ਟਾਪੂ ਦੀ ਦਿੱਖ ਬੜੀ ਹੀ ਸੁੰਦਰ ਸੀ । ਸ਼ਾਂਤ ਮਾਹੌਲ । ਕੋਈ ਸ਼ੋਰ ਨਹੀਂ । ਕੋਈ ਗਰਦ ਨਹੀਂ ।
ਟਾਪੂ ਉਪਰ ਇੱਕ ਬੜੀ ਹੀ ਆਲੀਸ਼ਾਨ ਬਿੰਲਡਿੰਗ ਬਣੀ ਹੋਈ ਸੀ । ਆਲੇ ਦੁਆਲੇ ਦੀ ਹੋਰ ਸਾਰੀ ਆਬਾਦੀ ਨਿੱਕੇ ਨਿੱਕੇ ਮਕਾਨਾਂ ਦੀ ਸੀ । ਕਈ ਤਾਂ ਬਿੱਲਕੁਲ ਹੀ ਝੋਪੜੀ-ਨੁਮਾ । ਇਹ ਬਿੰਲਡਿੰਗ ਕੋਈ ਸਰਕਾਰੀ ਡਾਕ ਬੰਗਲਾ ਸੀ, ਜਾਂ ਪ੍ਰਾਈਵੇਟ – ਪਤਾ ਨਹੀਂ । ਇਸਦੇ ਚਾਰ-ਚੁਫੇਰੇ ਬਹੁਤ ਵਧੀਆ ਘਾਹ-ਦਾਰ ਮੈਦਾਨ, ਤੇ ਰੰਗ-ਬਿਰੰਗੇ ਫੁੱਲਾਂ ਦੀਆ ਕਿਆਰੀਆਂ ਸਨ । ਇੱਕ ਖੁੱਲੇ ਲਾਅਨ ਵਿੱਚ ਪਾਰਟੀ ਦਾ ਪ੍ਰਬੰਧ ਕੀਤਾ ਹੋਇਆ ਸੀ ।
ਸਾਡਾ ਜਹਾਜ਼ ਮੇਨ ਬੰਦਰਗਾਹ ਵਿੱਚ ਲੱਗਾ ਹੋਇਆ ਸੀ । ਕੰਪਨੀ ਏਜੰਟ ਨੇ ਸਾਨੂੰ ਚਾਰ ਬੰਦਿਆਂ ਨੂੰ ਅੱਜ ਦੀ ਇਸ ਪਾਰਟੀ ਲਈ ਵਿਸ਼ੇਸ ਤੌਰ ਤੇ ਸੱਦਿਆ ਸੀ । ਅਸੀਂ ਹੁਣੇ-ਹੁਣੇ ਕੰਪਨੀ ਦੀ ਇੱਕ ਵੱਡੀ ਤੇ ਬੜੀ ਅਰਾਮ-ਦਾਇਕ ਕਿਸ਼ਤੀ (ਬੋਟ) ਰਾਹੀਂ ਮੇਨ ਬੰਦਰਗਾਹ ਤੋਂ ਇਸ ਟਾਪੂ ਤੇ ਪਹੁੰਚੇ ਸਾਂ । ਸਾਡੇ ਨਾਲ ਕੰਪਨੀ ਦਾ ਏਜੰਟ ਵੀ ਆਇਆ ਸੀ । ਇਸ ਬੰਦਰਗਾਹ ਦੇ ਕੁਝ ਹੋਰ ਪਤਵੰਤੇ ਵੀ ਸਾਡੇ ਨਾਲ ਹੀ ਇਸੇ ਕਿਸ਼ਤੀ ਵਿੱਚ ਆਏ ਸਨ । ਹੁਣ ਅਸੀਂ ਸਾਰੇ ਉਸ ਆਲੀਸ਼ਾਨ ਬਿੰਲਡਿੰਗ ਦੇ ਬਾਹਰ ਵਾਲੇ ਖੁੱਲੇ ਲਾਅਨ ਵਿੱਚ ਦਾਖਲ ਹੋ ਰਹੇ ਸਾਂ । ਸਾਂਥੋ ਪਹਿਲਾਂ ਵੀ ਕੁਝ ਲੋਕ ਉਥੇ ਪਹੁੰਚੇ ਹੋਏ ਸਨ ।
ਥੋੜੀ ਦੇਰ ਬਾਅਦ ਕੁੜੀਆਂ ਤੇ ਅੋਰਤਾਂ ਦੀ ਇੱਕ ਟੋਲੀ, ਉਸ ਆਲੀਸ਼ਾਨ ਬਿੰਲਡਿੰਗ ਵਿੱਚੋਂ ਬਾਹਰ ਨਿਕਲੀ । ਹੁਣ ਇਹ ਟੋਲੀ ਵੀ ਖੁੱਲੇ ਲਾਅਨ ਵੱਲ ਆ ਰਹੀ ਸੀ । ਪਾਰਟੀ ਸ਼ੁਰੂ ਹੋ ਚੁੱਕੀ ਸੀ । ਮੇਰਾ ਬੰਗਾਲੀ ਦੋਸਤ – ਦੇਬ, ਵੀ ਮੇਰੇ ਨਾਲ ਆਇਆ ਹੋਇਆ ਸੀ । ਸਾਨੂੰ ਦੋਵਾਂ ਨੂੰ ਨਾਵਲ ਪੜਨ ਦਾ ਸ਼ੌਂਕ ਸੀ । ਇਸੇ ਲਈ ਅਸੀਂ ਜਹਾਜ਼ ਵਿੱਚ ਪੱਕੇ ਦੋਸਤ ਬਣ ਗਏ ਸੀ । ਇੱਕ ਜਰਮਨ ਲੇਖਿਕਾ, ਐਂਡਰੀਅਨ, ਦੇ ਨਾਵਲ ਸਾਨੂੰ ਬੜੇ ਚੰਗੇ ਲੱਗਦੇ ਸਨ। ਮੈਨੂੰ ਤਾਂ ਉਹ ਬਹੁਤ ਹੀ ਵਧੀਆ ਲਗਦੇ । ਦੇਬ ਵੀ ਐਂਡਰੀਅਨ ਨੂੰ ਪੜ੍ਹਦਾ । ਅਸੀਂ ਬੰਦਰਗਾਹਾਂ 'ਚ ਖੜੇ ਹੋਰ ਜਹਾਜ਼ਾਂ 'ਚ ਆਨੇ-ਬਹਾਨੇ ਗੇੜਾ ਮਾਰਦੇ । ਕਿਧਰੇ ਵੀ ਸਾਨੂੰ ਐਂਡਰੀਅਨ ਦਾ ਨਾਵਲ ਮਿਲਦਾ, ਤਾਂ ਅਸੀ ਚੁੱਕ ਲਿਆਉਦੇ । ਅਗਰ ਦੇਬ ਨਾਵਲ ਲੈ ਕੇ ਆਇਆ ਹੁੰਦਾ ਤਾਂ ਉਹ ਪਹਿਲਾਂ ਮੈਨੂੰ ਪੜ੍ਹਨ ਲਈ ਦਿੰਦਾ । ਉਸਨੂੰ ਪਤਾ ਸੀ ਕਿ ਮੈ ਐਂਡਰੀਅਨ ਦਾ ਬਹੁਤ ਵੱਡਾ ਫੈਨ ਹਾਂ । ਮੈਂ ਉਸਦਾ ਹਰ ਨਾਵਲ ਪੜਨ ਤੋ ਬਾਦ, ਦੇਬ ਨਾਲ ਉਸ ਬਾਰੇ ਗੱਲਾਂ ਕਰਦਾ । ਜਹਾਜ਼ 'ਚ ਹੋਰ ਕਿਸੇ ਨੂੰ ਨਾਵਲ ਪੜ੍ਹਨ ਦਾ ਸ਼ੌਕ ਨਹੀਂ ਸੀ । ਦੇਬ ਐਂਡਰੀਅਨ ਨੂੰ ਸਿਰਫ ਮੇਰੀ ਖਾਤਰ ਪੜ੍ਹਦਾ ਸੀ, ਜਾਂ ਉਸਨੂੰ ਵੀ ਉਹ ਚੰਗੀ ਲਗਦੀ ਸੀ, ਇਸਦਾ ਉਸਨੇ ਕਦੀ ਜ਼ਾਹਰ ਨਹੀ ਹੋਣ ਦਿੱਤਾ । ਪਰ ਮੈਂ ਐਂਡਰੀਅਨ ਦੀ ਲੇਖਣੀ ਦਾ ਉਪਾਸ਼ਕ ਬਣ ਚੁੱਕਾ ਸਾਂ । ਉਹ ਲਿਖਦੀ ਹੀ ਬੜਾ ਸੋਹਣਾ ਸੀ । ਕਮਾਲ ਕਰ ਦਿੰਦੀ ਸੀ । ਹਰ ਨਾਵਲ ਇੱਕ ਤੋਂ ਇੱਕ ਵਧਕੇ । ਹਰ ਕਹਾਣੀ ਮਨ ਤੇ ਨਾਲ ਦੀ ਨਾਲ ਉਕਰਦੀ ਜਾਂਦੀ । ਮਜ਼ਬੂਨ ਦੀ ਪਕੜ, ਭਾਸ਼ਾ ਦੀ ਸਰਲਤਾ, ਲਿਖਣ ਦੀ ਕਲਾ, ਪਾਤਰ ਉਸਾਰੀ - ਸਭ ਕੁਝ ਹੀ ਬੜੇ ਸੁੰਦਰ ਤਰੀਕੇ ਨਾਲ ਪਰੁਨਿਆਂ ਹੋਇਆ । ਪਤਾ ਨਹੀਂ ਉਹ ਕਿਥੋ-ਕਿਥੋ ਪਾਤਰ ਲੱਭ ਲੈਦੀ ਸੀ, ਤੇ ਐਸੇ ਕਮਾਲ ਨਾਲ ਚਿਤਰਦੀ ਸੀ, ਕਿ ਪੜ੍ਹਨ ਵਾਲੇ ਪਾਠਕ ਨੂੰ ਲੱਗਦਾ - ਇਹ ਤਾਂ ਮੈ ਹੀ ਹਾਂ ।ਇਹ ਐਂਡਰੀਅਨ ਦਾ ਕਮਾਲ ਸੀ, ਕਿ ਇਸ ਜਰਮਨ ਗੋਰੀ ਦੇ ਇੰਗਲਿਸ਼ ਨਾਵਲ ਨੂੰ ਮੈਂ ਜਦੋ ਵੀ ਪੜ੍ਹਦਾ, ਤਾਂ ਮੈਨੂੰ ਇੰਝ ਲੱਗਦਾ ਕਿ ਮੈਂ ਹੀ ਇਸ ਦਾ ਮੇਨ ਪਾਤਰ ਹਾਂ । ਇੱਕ ਪੰਜਾਬੀ ਪਾਠਕ ਨੂੰ ਅੰਗਰੇਜ਼ੀ ਨਾਵਲ 'ਚੋ ਇਸ ਤਰ੍ਹਾਂ ਮਹਿਸੂਸ ਹੋਣਾ, ਇਹ ਉਸਦੀ ਕਲਾ ਦਾ ਕਮਾਲ ਸੀ । ਇਸੇ ਲਈ ਮੈ ਉਸਦਾ ਫੈਨ ਸਾਂ ਤੇ ਉਹ ਮੈਨੂੰ ਬਹੁਤ ਵਧੀਆ ਤੇ ਚੰਗੀ ਲੱਗਦੀ ਸੀ ।
ਪਹਿਲਾਂ-ਪਹਿਲਾਂ ਮੈਂ ਉਸਦੀ ਕਲਮ ਦਾ ਆਸ਼ਕ ਸਾਂ – ਉਸਦੀ ਲੇਖਣੀ ਦਾ ਆਸ਼ਕ ਸਾਂ – ਉਸਦੇ ਦਿਮਾਗ ਤੇ ਉਸਦੀ ਸੋਚ ਦਾ ਆਸ਼ਕ ਸਾਂ - ਤੇ ਹਰ ਉਸ ਚੀਜ਼ ਦਾ ਆਸ਼ਕ ਸਾਂ ਜੋ ਉਹ ਲਿਖਣ ਪ੍ਰੀਕਿਰਿਆ ਲਈ ਵਰਤਦੀ ਸੀ । ਪਰ ਕੁਝ ਸਮੇ ਤੋਂ ਮੈਂ ਸਰੀਰਕ ਤੌਰ ਤੇ ਵੀ ਉਸਨੂੰ ਚਿਤਰਨ ਲੱਗ ਪਿਆ ਸਾਂ ।
ਮੈਨੂੰ ਉਸਦੇ ਨਾਮ ਤੋਂ ਬਿਨਾ ਉਸ ਬਾਰੇ ਹੋਰ ਕੁਝ ਵੀ ਨਹੀਂ ਸੀ ਪਤਾ । ਫਿਰ ਵੀ ਹਰ ਵਕਤ ਉਹ ਮੇਰੇ ਦਿਮਾਗ ਵਿੱਚ ਘੁੰਮਦੀ ਰਹਿੰਦੀ । ਕਦੀ ਮੈਂ ਉਸਦੀ ਉਮਰ ਦਾ ਅੰਦਾਜ਼ਾ ਲਾਉਦਾ, ……ਚਾਲੀ ……ਪੰਜਾਹ ……ਸੱਠ……ਸੱਤਰ……ਆਦਿ । ਕਦੀ ਕੱਦ ਦਾ ਅੰਦਾਜ਼ਾ ਲਾਉਦਾ, ………ਲੰਬੀ ………ਦਰਮਿਆਨੀ ……ਮਧਰੀ …… । ਕਦੀ ਨੱਕ ਦਾ, ਕਦੀ ਅੱਖਾਂ ਦਾ, ਕਦੀ ਬੁੱਲਾਂ ਦਾ, ਕਦੀ ਸਰੀਰ ਦਾ, ਸਰੀਰ ਦੇ ਅੰਗਾਂ ਦਾ । ਖਿਆਲਾਂ ਹੀ ਖਿਆਲਾਂ 'ਚ ਕਈ ਕੁਝ ਚਿਤਰਦਾ ਤੇ ਮਿਟਾਉਂਦਾ ਰਹਿੰਦਾ । ਉਸਦੇ ਰੰਗ ਬਾਰੇ ਕਦੀ ਅੰਦਾਜ਼ਾ ਨਹੀਂ ਸੀ ਲਾਇਆ । ਮਨ ਨੂੰ ਪੱਕਾ ਯਕੀਨ ਹੋ ਗਿਆ ਸੀ, ਕਿ ਉਹ ਬਹੁਤ ਗੋਰੀ ਤੇ ਸੋਹਣੀ ਹੋਵੇਗੀ ।
ਮੇਰੀ ਨਜ਼ਰ ਲਾਅਨ ਵਿੱਚ ਦਾਖਲ ਹੋ ਰਹੀਆਂ ਕੁੜੀਆਂ ਤੇ ਔਰਤਾਂ ਦੀ ਟੋਲੀ ਵੱਲ ਸੀ । ਉਹਨਾਂ ਵਿੱਚ ਇੱਕ ਕੁੜੀ ਅਲੱਗ-ਅਲੱਗ ਲੱਗ ਰਹੀ ਸੀ । ਉਮਰ 'ਚ ਵੀ ਹੋਰਨਾਂ ਨਾਲੋ ਕੁਝ ਵੱਧ ਲਗਦੀ ਸੀ । ਲੰਮੀ-ਲੰਝੀ ਤੇ ਗੋਰੀ-ਨਿਛੋਹ । ਚੌੜਾ ਮੱਥਾ । ਮੋਟੀ-ਮੋਟੀ ਅੱਖ । ਸੰਤਰੇ ਦੀਆਂ ਫਾੜੀਆ ਵਰਗੇ ਰਸਭਰੇ ਹੋਠ । ਮਜਬੂਤ ਭਰੀਆ ਹੋਈਆਂ ਛਾਤੀਆਂ ਤੇ ਸੋਹਣਾ ਭਰਵਾਂ ਸਰੀਰ । ਹੰਸੂ-ਹੰਸੂ ਕਰਦਾ ਚਿਹਰਾ । ਅੱਖਾਂ 'ਚ ਰੌਣਕ । ਤੋਰ 'ਚ ਨਜ਼ਾਕਤ । ਹੋਠਾਂ ਤੇ ਮੁਸਕਾਨ ।
ਮੈਂ ਜਦੋ ਇਸ ਕੁੜੀਆਂ ਦੀ ਟੋਲੀ ਨੂੰ ਦੇਖਣ 'ਚ ਮਸਤ ਸੀ, ਤਾਂ ਦੇਬ ਉਸ ਸਮੇ ਕੰਪਨੀ ਏਜੰਟ ਨਾਲ ਗੱਲਾਂ ਕਰ ਰਿਹਾ ਸੀ । ਏਜੰਟ ਨੇ ਹੀ ਦੇਬ ਨੂੰ ਦੱਸਿਆ ਕਿ ਅੱਜ ਦੀ ਇਸ ਪਾਰਟੀ ਵਿੱਚ ਇੱਕ ਮਸ਼ਹੂਰ ਜਰਮਨ ਲੇਖਿਕਾ ਐਂਡਰੀਅਨ ਪਹੁੰਚੀ ਹੋਈ ਹੈ, ਜੋ ਕੰਪਨੀ ਦੇ ਮਾਲਕ ਦੀ ਰਿਸ਼ਤੇਦਾਰ ਹੈ । ਦੇਬ ਨੂੰ ਹੈਰਾਨੀ ਹੋਈ । ਐਂਡਰੀਅਨ ! ਇਸ ਪਾਰਟੀ ਵਿਚ ! ਉਹ ਕਾਹਲੀ ਨਾਲ ਮੇਰੇ ਪਾਸ ਆਇਆ ਤੇ ਕਹਿਣ ਲੱਗਾ – "ਅੰਮ੍ਰਿਤ – ਪਾਰਟੀ ਵਿਚ ਐਂਡਰੀਅਨ ਆਈ ਹੋਈ ਹੈ।"
"ਹੈਂਅ – ਐਂਡਰੀਅਨ ! ਕਿਉਂ ਮਜ਼ਾਕ ਕਰ ਰਿਹੈ ਦੇਬ ।"
"ਮੈਂ ਮਜ਼ਾਕ ਨਹੀਂ ਕਰ ਰਿਹਾ।ਐਂਡਰੀਅਨ ਏਥੇ ਹੀ ਹੈ । ਜਿਸਨੂੰ ਤੂੰ ਦੇਖੀ ਜਾ ਰਿਹਾ ਹੈ, ਉਹ ਐਂਡਰੀਅਨ ਹੀ ਹੈ ।"
"ਸੱਚ ! ਤੈਨੂੰ ਕਿਸਨੇ ਕਿਹਾ ਇਹ ਐਂਡਰੀਅਨ ਹੈ । ਉਸਦਾ ਏਥੇ ਕੀ ਕੰਮ ।"
"ਉਹ ਕੰਪਨੀ ਦੇ ਮਾਲਕ ਦੀ ਰਿਸ਼ਤੇਦਾਰ ਹੈ ।ਇਸੇ ਲਈ ਅੱਜ ਦੀ ਇਸ ਪਾਰਟੀ 'ਚ ਆਈ ਹੈ ।"
"ਕੰਪਨੀ ਦੇ ਮਾਲਕ ਦੀ ਰਿਸ਼ਤੇਦਾਰ ! ਸੱਚ !"
"ਹਾਂ ਸੱਚ – ਤੇ ਇਹ ਸੋਹਣੀ ਔਰਤ ਹੀ ਐਂਡਰੀਅਨ ਹੈ ।"
"ਮਾਈ ਗਾਡ ! ਐਂਡਰੀਅਨ ! ਐਨੀ ਸੋਹਣੀ । ਗਾਡ ਯੂ ਆਰ ਗਰੇਟ, ਰੀਅਲੀ ਗਰੇਟ । ਮੇਰੇ ਸੁਪਨਿਆਂ ਦੀ ਮਲਿਕਾ - ਐਨੀ ਸੋਹਣੀ - ਇਹ ਤਾਂ ਸਾਰੇ ਜ਼ਹਾਨ ਦੀ ਮਲਿਕਾ ਲੱਗਦੀ ਹੈ ।"
ਮੈਂ ਖੁਸ਼ੀ ਵਿੱਚ ਖੀਵਾ ਹੋਈ ਜਾ ਰਿਹਾ ਸਾਂ । ਰੱਬ ਦਾ ਵਾਰ-ਵਾਰ ਧੰਨਵਾਦ ਕਰੀ ਜਾ ਰਿਹਾ ਸਾਂ, ਜਿਸਨੇ ਐਂਡਰੀਅਨ ਦੇ ਦਰਸ਼ਨ ਕਰਵਾ ਦਿੱਤੇ । ਬੱਸ ਐਂਡਰੀਅਨ ਨੂੰ ਹੀ ਵੇਖੀ ਜਾ ਰਿਹਾ ਸਾਂ । ਜਿਵੇਂ ਉਸ ਤੋਂ ਬਗੈਰ, ਉਥੇ ਹੋਰ ਕੋਈ ਹੈ ਹੀ ਨਹੀਂ ।
ਦੇਬ ਮੇਰੇ ਕੰਨ ਕੋਲ ਮੂੰਹ ਕਰਕੇ ਕਹਿਣ ਲੱਗਾ, "ਅੰਮ੍ਰਿਤ - ਪਾਗਲ ਨਾ ਬਣ । ਆਪਾਂ ਕੰਪਨੀ ਦੇ ਮੁਲਾਜ਼ਮ ਹਾਂ । ਪਾਰਟੀ 'ਚ ਦਿਲਚਸਪੀ ਲੈ । ਫਿਰ ਐਂਡਰੀਅਨ ਆਪਾਂ ਨੂੰ ਜਾਣਦੀ ਵੀ ਨਹੀਂ । ਉਸਨੂੰ ਕੀ ਪਤਾ ਤੂੰ ਕੌਣ ਹੈ – ਮੈਂ ਕੌਣ ਹਾਂ । ਪਤਾ ਨਹੀਂ ਤੇਰੇ-ਮੇਰੇ ਵਰਗੇ ਉਸਦੇ ਕਿੰਨੇ ਹਜਾਰਾਂ ਪਾਠਕ ਹੋਣਗੇ । ਕਿੰਨੇ ਉਸਨੂੰ ਦਿਲ ਹੀ ਦਿਲ 'ਚ ਪਿਆਰ ਕਰਦੇ ਹੋਣਗੇ । ਆਪਾਂ ਨੂੰ ਏਥੇ ਬਿੱਲਕੁੱਲ ਸਾਧਾਰਣ ਤੇ ਵਧੀਆ ਬੀ-ਹੇਵ ਕਰਨਾ ਚਾਹੀਦਾ ਹੈ ।"
ਲਾਅਨ ਕਾਫੀ ਬੜਾ ਸੀ । ਹੋਰ ਵੀ ਕਾਫੀ ਲੋਕ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਸਨ । ਮਰਦ ਵੀ ਤੇ ਔਰਤਾਂ ਵੀ । ਅਸੀ ਕੰਪਨੀ ਏਜੰਟ ਤੋਂ ਬਿਨ੍ਹਾ ਕਿਸੇ ਨੂੰ ਵੀ ਨਹੀਂ ਸੀ ਜਾਣਦੇ । ਵੈਸੇ ਕੰਪਨੀ ਏਜੰਟ ਨੇ ਕਈਆਂ ਨਾਲ ਸਾਡੀ ਰਸਮੀ ਮੁਲਾਕਾਤ ਕਰਵਾਈ ਸੀ । ਐਂਡਰੀਅਨ ਆਪਣੀਆਂ ਸਹੇਲੀਆਂ ਸਮੇਤ ਇਸ ਪਾਰਟੀ ਵਿੱਚ ਸ਼ਾਮਲ ਹੋਣ ਲਈ ਆਈ ਸੀ । ਆਈ ਨਹੀਂ, ਬਲਕਿ ਉਸਨੂੰ ਵਿਸ਼ੇਸ ਤੌਰ ਤੇ ਬੁਲਾਇਆ ਗਿਆ ਸੀ । ਜਿਸਦਾ ਸਾਨੂੰ ਬਾਦ 'ਚ ਪਤਾ ਲੱਗਾ । ਪਾਰਟੀ ਵਿੱਚ ਉਹ ਕਾਫੀ ਮਸ਼ਰੂਫ ਸੀ । ਮੇਰੀਆਂ ਨਿਗਾਹਾਂ ਉਸਦਾ ਹੀ ਪਿੱਛਾ ਕਰ ਰਹੀਆ ਸਨ । ਮੈਨੂੰ ਪਾਰਟੀ ਬਾਰੇ, ਪਾਰਟੀ ਦੇ ਪ੍ਰਬੰਧਾਂ ਬਾਰੇ ਤੇ ਇਸ ਪਾਰਟੀ 'ਚ ਕੌਣ ਹੋਰ ਸਖਸ਼ੀਅਤਾ ਆਈਆਂ ਸਨ, ਬਾਰੇ ਕੋਈ ਦਿਲਚਸਪੀ ਨਹੀਂ ਸੀ । ਮੈਨੂੰ ਤਾਂ ਸਿਰਫ ਐਂਡਰੀਅਨ ਵਿੱਚ ਦਿਲਚਸਪੀ ਸੀ । ਉਹ ਕੀ ਪੀ ਰਹੀ ਹੈ – ਕੀ ਖਾ ਰਹੀ ਹੈ – ਕੀ ਗੱਲਾਂ ਕਰ ਰਹੀ ਹੈ – ਕਿਵੇਂ ਮਿਲ-ਗਿਲ ਰਹੀ ਹੈ । ਮੈਂ ਥੋੜਾ ਡਰ ਵੀ ਰਿਹਾ ਸੀ । ਦਿਲ ਲੋੜ ਤੋ ਵੱਧ ਧੜਕ ਰਿਹਾ ਸੀ । ਡਰਦਾ ਸੀ ਕਿਤੇ ਮੈਂ ਸਭ ਕੁਝ ਉਲਟਾ-ਪੁਲਟਾ ਹੀ ਨਾ ਕਰ ਬੈਠਾ । ਔਰਤਾਂ ਦੇ ਮਾਮਲੇ 'ਚ ਮੈਂ ਬਿਲਕੁਲ ਅਨਾੜੀ ਸੀ । ਦਿਖਾਵਾ ਤਾਂ ਹਮੇਸ਼ਾ ਇੰਝ ਕਰਦਾ ਸਾਂ, ਕਿ ਮੈਂ ਬੜਾ ਸਖਤ ਆਦਮੀ ਹਾਂ । ਪਰ ਕਿਸੇ ਵੀ ਔਰਤ ਨਾਲ ਗੱਲ ਕਰਨ ਵੇਲੇ ਮੇਰੀ ਜ਼ੁਬਾਨ ਥੁਥਲਾਉਣ ਲੱਗ ਜਾਂਦੀ ਤੇ ਅੰਦਰ ਕੰਬਣੀ ਛਿੜ ਜਾਂਦੀ । ਹਰ ਔਰਤ ਮੈਨੂੰ ਚੰਗੀ ਤਾਂ ਲੱਗਦੀ ਸੀ, ਪਰ ਹਰ ਔਰਤ ਤੋ ਡਰ ਵੀ ਆਉਂਦਾ ਸੀ । ਦਰਅਸਲ ਇਸਦੇ ਪਿੱਛੇ ਇੱਕ ਪੁਰਾਣਾ ਰਾਜ ਸੀ, ਜਿਸਦਾ ਪਰਛਾਵਾਂ ਅੱਜ ਵੀ ਮੇਰਾ ਪਿੱਛਾ ਕਰਦਾ ਹੈ । ਐਂਡਰੀਅਨ ਨੂੰ ਦੇਖਕੇ ਮੇਰੀ ਹਾਲਤ ਹੋਰ ਵੀ ਖਸਤਾ ਹੋਈ ਪਈ ਸੀ । ਇਹ ਗੋਰੀ ਤੇ ਮੈਂ ਕਾਲਾ ਏਸ਼ੀਅਨ । ਇਹ ਕੰਪਨੀ ਦੇ ਮਾਲਕ ਦੀ ਰਿਸ਼ਤੇਦਾਰ, ਤੇ ਮੈਂ ਕੰਪਨੀ ਦਾ ਮੁਲਾਜ਼ਮ । ਮੈਂ ਮਨ ਹੀ ਮਨ ਇਸ ਮਹਾਨ ਲੇਖਿਕਾ ਨੂੰ ਪੂਜਦਾ ਰਿਹਾ ਹਾਂ । ਇਸ ਨਾਲ ਗੱਲ ਕਿਵੇਂ ਕਰਾਂ । ਮੇਰੀ ਪ੍ਰੇਸ਼ਾਨੀ ਵਧ ਰਹੀ ਸੀ । ਦੇਬ ਵੀ ਮੈਥੋ ਦੂਰ, ਪਰੇ ਕਿਸੇ ਨਾਲ ਗੱਲਾਂ ਕਰ ਰਿਹਾ ਸੀ । ਉਹ ਵਿਚਾਰਾ ਵੀ ਕੀ ਕਰਦਾ । ਉਸ ਨਾਲ ਮੈਂ ਕੋਈ ਗੱਲ ਹੀ ਨਹੀਂ ਸੀ ਕਰ ਰਿਹਾ ।
ਐਂਡਰੀਅਨ ਇੱਕ ਗਰੁੱਪ ਵਿੱਚ ਖੜ੍ਹੀ ਸੀ । ਸਾਰੇ ਆਪਸ ਵਿੱਚ ਗੱਲਾਂ ਕਰ ਰਹੇ ਸਨ । ਕਦੀ-ਕਦੀ ਕਿਸੇ ਗੱਲ ਤੇ ਹੱਸ ਵੀ ਪੈਂਦੇ । ਫਿਰ ਉਹ ਇਸ ਗਰੁੱਪ ਨਾਲੋ ਅਲੱਗ ਹੋ ਕੇ ਇੱਕ ਪਾਸੇ ਨੂੰ ਚੱਲ ਪਈ । ਮੈਂ ਝੱਟ-ਪੱਟ, ਕਾਹਲੀ-ਕਾਹਲੀ ਕਦਮ ਪੁੱਟਦਾ ਉਸਦੇ ਬਰਾਬਰ ਤੁਰਨ ਲੱਗਾ – "ਗੁੱਡ ਈਵਨਿੰਗ ਮੈਡਮ ।ਤੁਸੀਂ ਬਹੁਤ ਵਧੀਆ ਲਿਖਦੇ ਹੋ। ਤੁਹਾਡੇ ਪਾਸ ਸ਼ਬਦਾ ਦਾ ਬਹੁਤ ਅਮੀਰ ਖਜ਼ਾਨਾ ਹੈ । ਤੁਹਾਡੀ ਕਲਮ ਵਿੱਚ ਕੋਈ ਜਾਦੂ ਹੈ । ਤੁਸੀਂ ਆਪਣੇ ਪਾਠਕ ਨੂੰ ਕਿਤਾਬ ਦੇ ਪਹਿਲੇ ਪੰਨੇ ਤੋਂ ਲੈ ਕੇ ਆਖਰੀ ਪੰਨੇ ਤੱਕ ਕਿਤਾਬ ਨਾਲ ਬੰਨ ਕੇ ਰੱਖਣ 'ਚ ਪੂਰੇ ਕਾਮਯਾਬ ਹੋ, ਤੇ ਮਾਹਰ ਵੀ । ਤੁਹਾਡੀ ਹਰ ਰਚਨਾ ਕਮਾਲ ਦੀ ਰਚਨਾ ਹੈ । ਮੈਂ ਤੁਹਾਡਾ ਫੈਨ ਹਾਂ ।"
ਜੋ ਮੂੰਹ 'ਚ ਆਇਆ ਮੈ ਫਟਾ-ਫਟ ਹੀ ਬੋਲ ਗਿਆ ਸੀ । ਉਹ ਹੈਰਾਨ ਹੋਈ । ਗੰਭੀਰਤਾ ਨਾਲ ਸਭ ਕੁਝ ਸੁਣਿਆ ਤੇ ਫਿਰ ਮੇਰੇ ਵੱਲ ਦੇਖ ਕੇ ਬੋਲੀ, "ਤੁਸੀਂ ਮੇਰੀ ਕੋਈ ਰਚਨਾ ਪੜ੍ਹੀ ਹੈ ?"
ਮੈਂ ਫਿਰ ਇਕੋ ਸਾਹੇ ਉਸ ਦੀਆਂ ਕਈ ਰਚਨਾਵਾਂ ਦਾ ਨਾਮ ਲਿਆ ਤੇ ਛੋਟੇ-ਛੋਟੇ ਕਦਮ ਭਰਦਾ ਉਸਦੇ ਨਾਲ-ਨਾਲ ਤੁਰਦਾ ਵੀ ਗਿਆ । ਮੈ ਘੱਟ ਤੋ ਘੱਟ ਸਮੇਂ ਵਿੱਚ ਵੱਧ ਤੋ ਵੱਧ ਗੱਲਾਂ ਕਰਨਾ ਚਾਹੁੰਦਾ ਸੀ । ਉਹ ਦੂਰ ਖੜੇ ਇੱਕ ਹੋਰ ਗਰੁੱਪ ਵੱਲ ਵਧ ਰਹੀ ਸੀ । ਮੈਨੂੰ ਡਰ ਸੀ ਕਿ ਉਹ ਉਸ ਗਰੁੱਪ ਕੋਲ ਪਹੁੰਚ ਕੇ ਉਹਨਾਂ ਨਾਲ ਗੱਲੀਂ ਪੈ ਜਾਏਗੀ । ਤੇ ਸ਼ਾਇਦ ਮੈਨੂੰ ਕਦੀ ਵੀ ਦੁਬਾਰਾ ਗੱਲ ਕਰਨ ਦਾ ਮੌਕਾ ਨਾ ਮਿਲੇ । ਮੈਂ ਉਸ ਦੀਆਂ ਕਈ ਰਚਨਾਵਾਂ ਬਾਰੇ ਗੰਭੀਰ ਟਿੱਪਣੀਆਂ ਵੀ ਕੀਤੀਆਂ । ਮੈਨੂੰ ਲੱਗਾ ਕਿ ਉਹ ਮੇਰੀਆਂ ਗੱਲਾਂ ਤੋਂ ਪ੍ਰਭਾਵਤ ਹੋ ਰਹੀ ਸੀ ।
"ਇੰਗਲਿਸ਼ ਲਿਟਰੇਚਰ ਪੜ੍ਹਨ ਦਾ ਸ਼ੌਂਕ ਕਿਵੇਂ ਪੈਦਾ ਹੋਇਆ ?" ਉਸਨੇ ਸਵਾਲ ਕੀਤਾ ।
"ਇਹ ਵੀ ਆਪ ਹੀ ਦੀ ਦੇਣ ਹੈ ਮੈਡਮ। ਤੁਹਾਡੀਆਂ ਰਚਨਾਵਾਂ ਨੇ ਮੈਨੂੰ ਪ੍ਰਭਾਵਤ ਕੀਤਾ ।" ਮੈ ਜਵਾਬ ਦਿੱਤਾ ।
"ਗਰੇਟ-ਗਰੇਟ – ਥੈਂਕਸ" ਉਹ ਹਲਕਾ ਜਿਹਾ ਮੁਸਕਰਾਈ ।
"ਮੈਨੂੰ ਵੀ ਲਿਖਣ ਦਾ ਥੌੜਾ ਬਹੁਤ ਸ਼ੌਂਕ ਹੈ । ਮੈ ਤੁਹਾਡੇ ਨਾਲ ਕੁਝ ਗੱਲਾਂ ਕਰਨੀਆ ਚਾਹੁੰਦਾ ਹਾਂ ।" ਮੈਂ ਗੱਲ ਅੱਗੇ ਜਾਰੀ ਰੱਖੀ।
"ਅੱਜ ਨਹੀਂ – ਸਾਹਿਤ ਬਾਰੇ ਕਦੇ ਫਿਰ ਸਹੀ । ਅੱਜ ਮੈ ਪਾਰਟੀ ਦੇ ਮੂੰਡ 'ਚ ਹਾਂ ।" ਉਸਨੇ ਸਾਧਾਰਨ ਜਿਹਾ ਜਵਾਬ ਦਿੱਤਾ। ਫਿਰ ਉਸਨੇ ਆਪਣੇ ਪਰਸ 'ਚੋਂ ਆਪਣਾ ਵਿਜ਼ਟਿੰਗ ਕਾਰਡ ਕੱਢਿਆ ਤੇ ਮੈਨੂੰ ਫੜਾਉਦੀ ਹੋਈ ਬੋਲੀ – "ਯੂ ਆਰ ਵੈਰੀ ਇੰਟਰਸਟਿੰਗ ਪਰਸਨ, ਕਦੀ ਫਿਰ ਮਿਲੋ । ਇੰਨਜੁਆਨੇ ਦਾ ਪਾਰਟੀ" ਤੇ ਉਹ ਦੂਸਰੇ ਖੜ੍ਹੇ ਗਰੁੱਪ ਵਿੱਚ ਜਾ ਮਿਲੀ ।
ਉਸਦਾ ਵਿਜ਼ਟਿੰਗ ਕਾਰਡ ਪਾ ਕੇ ਮੈਨੂੰ ਲੱਗਾ, ਜਿਵੇਂ ਮੈਂ ਐਂਡਰੀਅਨ ਨੂੰ ਹੀ ਪਾ ਲਿਆ ਹੈ । ਮੈਨੂੰ ਲੱਗਾ ਕਿ ਮੇਰਾ ਹਰ ਕਣ ਖੁਸ਼ੀ 'ਚ ਨੱਚੀ ਜਾ ਰਿਹਾ ਹੈ । ਫਿਰ ਮੈਨੂੰ ਲੱਗਾ ਮੈਂ ਹਵਾ 'ਚ ਉਡ ਰਿਹਾ ਹਾਂ । ਉਸ ਪਲ ਦੀ ਖੁਸ਼ੀ ਮੈਂ ਹੁਣ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ । ਉਹ ਆਨੰਦ ਦੇ ਪਲ, ਉਹ ਖੁਸ਼ੀ ਦੇ ਪਲ, ਸਿਰਫ ਮੇਰੇ ਹਿੱਸੇ ਹੀ ਆਏ ਸਨ । ਜਿਵੇਂ ਉਸਨੇ ਆਪਣੇ ਪਰਸ 'ਚੋ ਕਾਰਡ ਨਹੀਂ, ਬਲਕਿ ਆਪਣੇ ਸੋਹਣੇ ਬਦਨ 'ਚੋ ਆਪਣਾ ਦਿਲ ਕੱਢ ਕੇ ਮੇਰੇ ਹੱਥ ਤੇ ਰੱਖ ਦਿੱਤਾ ਹੋਵੇ, ਤੇ ਕਹਿ ਗਈ ਹੋਵੇ - ਇਸਦੀ ਧੜਕਣ ਮਹਿਸੂਸ ਕਰਦਾ ਰਹੀਂ । ਸੁਹਾਵਣੀ ਸ਼ਾਮ, ਸੁੰਦਰ ਟਾਪੂ, ਖੁਬਸੂਰਤ ਲਾਅਨ, ਟਿਮਟਿਮਾਉਦੀਆਂ ਰੰਗ-ਬਿਰੰਗੀਆਂ ਲਾਈਟਾਂ, ਤੇ ਉਥੇ ਟਹਿਲ ਰਹੀ ਇਸ ਧਰਤੀ ਦੀ ਮਲਿਕਾ, ਮੇਰੇ ਖਵਾਬਾਂ ਦੀ ਮਲਿਕਾ, ਮੇਰੇ ਦਿਲ ਤੇ ਰਾਜ਼ ਕਰ ਰਹੀ ਮਲਿਕਾ । ਇਹ ਸੀ ਐਡਰੀਅਨ ਦਾ ਮਿਲਨ । ਇਸ ਤੋ ਅੱਗੋ ਸ਼ੁਰੂ ਹੋ ਗਈ ਸੀ ਇੱਕ ਨਵੀ ਕਹਾਣੀ ।
ਮੈਂ ਉਸਨੂੰ ਚਿੱਠੀ ਲਿਖਦਾ ਤੇ ਫਿਰ ਬੇ-ਸਬਰੀ ਨਾਲ ਉਸਦੇ ਜਵਾਬ ਦੀ ਉਡੀਕ ਕਰਨ ਲੱਗਦਾ । ਉਹ ਜਵਾਬ ਲਿਖਦੀ । ਹਰ ਚਿੱਠੀ ਦਾ ਜਵਾਬ ਦਿੰਦੀ ਸੀ ਉਹ । ਰਸਮੀ ਤੇ ਸਾਧਾਰਣ । ਆਮ ਜ਼ਿੰਦਗੀ ਦੀਆ ਗੱਲਾਂ । ਕੁਝ-ਕੁਝ ਸਾਹਿਤਕ ਗੱਲਾਂ ਵੀ । ਕੋਈ ਇਕਰਾਰ ਨਹੀਂ । ਕੋਈ ਵਾਅਦਾ ਨਹੀਂ । ਕੋਈ ਹਵਾਈ ਕਿਲਿਆਂ ਵਾਲੀਆ ਗੱਲਾਂ ਨਹੀਂ । ਫਿਰ ਵੀ ਉਸਦੀ ਹਰ ਚਿੱਠੀ ਮੈਨੂੰ ਬੜੀ ਪਿਆਰੀ ਲੱਗਦੀ । ਮੈਂ ਕਈ ਵਾਰ ਪੜ੍ਹਦਾ । ਵਾਰ-ਵਾਰ ਪੜ੍ਹਦਾ । ਉਸਦੇ ਸੁਭਾਵਕ ਲਿਖੇ ਸ਼ਬਦਾ ਤੇ ਵਾਕਾਂ ਵਿੱਚ ਤਰ੍ਹਾਂ-ਤਰ੍ਹਾਂ ਦੇ ਰੰਗ ਭਰਦਾ ਰਹਿੰਦਾ । ਜਿਵੇਂ ਕਿਸੇ ਬੱਚੇ ਦੇ ਹੱਥ, ਰੰਗਾਂ ਵਾਲੀ ਪੈਨਸਲਾਂ ਦੀ ਡੱਬੀ ਲੱਗ ਜਾਵੇ । ਫਿਰ ਕਦੀ ਕਿਸੇ ਰੰਗ ਦੀ ਕਦੀ ਕਿਸੇ ਰੰਗ ਦੀ ਲਾਈਨ ਖਿੱਚ ਦੇਵੇ ਜਾਂ ਉਈ-ਮੂਈ ਦੀਆਂ ਝਰੀਟਾਂ ਜਿਹੀਆਂ ਮਾਰ-ਮਾਰ ਖੁਸ਼ ਹੋਈ ਜਾਵੇ । ਆਪ ਹੀ ਹੱਸੀ ਜਾਵੇ । ਮੇਰੀ ਹਾਲਤ ਬਿਲਕੁਲ ਉਸ ਮਸਤ ਬੱਚੇ ਵਰਗੀ ਹੋ ਗਈ ਸੀ । ਦਰਅਸਲ ਇਸ ਤੋ ਪਹਿਲਾਂ ਮੈ ਬੇਰਹਿਮੀ ਨਾਲ ਤੋੜਿਆ ਤੇ ਬੁਰੀ ਤਰ੍ਹਾਂ ਮਿੱਧਿਆ ਹੋਇਆ ਇੱਕ ਫੁੱਲ ਸਾਂ । ਮੈਂ ਪੂਰੀ ਤਰ੍ਹਾਂ ਖਿੜਨਾ ਚਾਹੁੰਦਾ ਸੀ, ਪਰ ਖਿੜਨ ਨਾ ਦਿੱਤਾ ਗਿਆ । ਮੈਂ ਮਹਿਕ ਵੰਡਣੀ ਚਾਹੁੰਦਾ ਸੀ, ਪਰ ਮੈਨੂੰ ਉਸ ਤੋ ਵੀ ਰੋਕਿਆ ਗਿਆ । ਉਹ ਪਿਛਲਾ ਰਾਜ਼ ਮੇਰੇ ਅੰਦਰ ਨਸੂਰ ਦੀ ਤਰ੍ਹਾਂ ਪੱਕਿਆ ਪਿਆ ਸੀ । ਮੈ ਇੱਕ ਲੜਕੀ ਨੂੰ ਪਿਆਰ ਕੀਤਾ ਸੀ । ਬਹੁਤ ਪਿਆਰ ਕਰਦਾ ਸੀ ਮੈਂ ਉਸਨੂੰ । ਤੇ ਉਸੇ ਨਾਲ ਸ਼ਾਦੀ ਕਰਨ ਦਾ ਵੀ ਪੱਕਾ ਇਰਾਦਾ ਸੀ । ਪਰ ਉਸ ਲੜਕੀ ਨੂੰ ਸਿਰਫ ਤੇ ਸਿਰਫ ਮੇਰੇ ਪੈਸੇ ਨਾਲ ਪਿਆਰ ਸੀ । ਮੈ ਪਿਆਰ ਦੇ ਨਸ਼ੇ 'ਚ ਸੀ ਤੇ ਇਸੇ ਨਸ਼ੇ ਦਾ ਫਾਇਦਾ ਉਠਾ ਕੇ ਉਸਨੇ ਮੈਨੂੰ ਰੱਜ਼ ਕੇ ਲੁੱਟਿਆ । ਚੱਲੋ ਲੁੱਟੀ ਜਾਂਦੀ – ਕੋਈ ਗੱਲ ਨਹੀਂ । ਪਰ ਪਿਆਰ ਤਾਂ ਕਰਦੀ । ਉਸਨੇ ਮੈਨੂੰ ਕਦੀ ਪਿਆਰ ਨਾ ਕੀਤਾ । ਮੇਰਾ ਪਿਆਰ ਇੱਕ ਤਰਫਾ ਪਿਆਰ ਹੀ ਰਹਿ ਗਿਆ । ਗੱਲ-ਗੱਲ ਤੇ ਗੁੱਸੇ ਹੋਣਾ । ਉਸਦੀ ਆਦਤ ਸੀ । ਗੁੱਸੇ ਨਾਲ ਜਾਂ ਰੋਅਬ ਨਾਲ ਆਪਣੀ ਗੱਲ ਮਨਵਾਉਣੀ ਤੇ ਪਾਣੀ ਦੀ ਤਰ੍ਹਾਂ ਪੈਸਾ ਵਹਾਉਣਾ – ਇਹ ਉਸਦਾ ਸ਼ੌਕ ਸੀ । ਸ਼ਾਇਦ ਉਹ ਸਮਝਦੀ ਸੀ ਕਿ ਮੈਂ ਜਹਾਜ਼ 'ਚ ਜਾ ਕੇ, ਕੰਮ ਕਰਕੇ, ਪੈਸੇ ਨਹੀਂ ਕਮਾਉਦਾ । ਉਥੇ ਤਾਂ ਪੈਸੇ ਐਵੇ ਖਿਲਰੇ ਪਏ ਹਨ । ਫੌੜਾ ਲੈਕੇ ਇਕੱਠੇ ਕਰਦਾ ਹਾਂ ਤੇ ਪੰਡ ਬੰਨ ਲਿਆਉਦਾ ਹਾਂ । ਬਿੱਲਕੁੱਲ ਇਸ ਤਰ੍ਹਾਂ ਦਾ ਹੀ ਰਵੱਈਆ ਸੀ ਉਸਦਾ ।ਕਦੀ ਪਿਆਰ ਭਰੀਆ ਨਿਗਾਹਾਂ ਨਾਲ ਮੈਨੂੰ ਤੱਕਿਆ ਹੀ ਨਹੀਂ । ਪਿਆਰ ਨਾਲ ਮਨ ਨੂੰ ਕਦੀ ਛੁਹਿਆ ਹੀ ਨਹੀਂ । ਮੇਰੇ ਜਜ਼ਬਾਤਾਂ ਨੂੰ ਕਦੀ ਸਮਝਿਆ ਹੀ ਨਹੀਂ । ਭੁੱਲ ਭੁਲੇਖੇ ਉਸ ਨਾਲ ਘੁੰਮਦਾ ਫਿਰਦਾ ਕਦੇ ਆਪਣੇ ਦੋਸਤਾਂ ਜਾਂ ਪ੍ਰੀਵਾਰ ਦੀ ਗੱਲ ਕਰ ਲੈਦਾ ਤਾਂ ਇੱਕਦਮ ਲੋਹੀ-ਲਾਖੀ ਹੋ ਜਾਂਦੀ । ਅੱਖਾਂ ਚੋ ਅੰਗਾਰ ਨਿਕਲਦੇ ਤੇ ਮੂੰਹ ਚੋ ਨਫਰਤ ਦੇ ਤੀਰ । ਤੇ ਉਹ ਤੀਰ ਮੈਨੂੰ ਵਿੰਨ ਕੇ ਲੰਘ ਜਾਂਦੇ । ਮੈਂ ਗਹਿਰੀ ਚੀਸ ਵੱਟ ਕੇ ਰਹਿ ਜਾਂਦਾ । ਬੜੀ ਹੈੰਕੜਬਾਜ਼ ਸੀ ਉਹ । ਚੰਗਾ ਹੋਇਆ ਵਿਆਹ ਤੋਂ ਪਹਿਲਾ-ਪਹਿਲਾ ਹੀ ਸਭ ਪਤਾ ਲੱਗ ਗਿਆ ਤੇ ਸਾਡੀ ਸ਼ਾਦੀ ਨਹੀਂ ਹੋਈ ।ਵੈਸੇ ਸ਼ਾਦੀ ਨਾਲ ਉਸਨੂੰ ਕੋਈ ਮਤਲਬ ਵੀ ਨਹੀਂ ਸੀ । ਉਸ ਅੰਦਰ ਮਰਦ ਦੀ ਭੁੱਖ ਮੈਂ ਕਦੀ ਦੇਖੀ ਹੀ ਨਹੀਂ । ਭੁੱਖ ਸੀ ਤਾਂ ਸਿਰਫ ਪੈਸੇ ਦੀ । ਮੇਰੇ ਦਿਲ ਤੇ ਐਸੀ ਸੱਟ ਵੱਜੀ ਸੀ ਕਿ ਮੈਂ ਸ਼ਾਦੀ ਨਾ ਕਰਨ ਦੀ ਪੱਕੀ ਧਾਰ ਲਈ ਸੀ ।
ਪਰ ਐਂਡਰੀਅਨ ਦੇ ਮਿਲਣ, ਤੇ ਬਾਦ ਵਿੱਚ ਉਸਦੀਆ ਚਿੱਠੀਆਂ ਨੇ ਸਭ ਕੁਝ ਹੀ ਬਦਲ ਦਿੱਤਾ ਸੀ । ਜਦ ਟਾਪੂ ਤੇ ਮੈਨੂੰ ਮਿਲੀ ਸੀ ਤਾਂ ਉਸਦੇ ਜਿਸਮ ਚੋਂ ਇੱਕ ਅਜੀਬ ਤੇ ਬੜੀ ਪਿਆਰੀ ਮਹਿਕ ਆਈ ਸੀ । ਹੁਣ ਉਹੋ ਮਹਿਕ ਉਸਦੀ ਹਰ ਚਿੱਠੀ ਚੋਂ ਆਉਣ ਲੱਗ ਪਈ ਸੀ । ਮੇਰੇ ਅੰਦਰਲੇ ਨਿਰਾਸ਼ ਤੇ ਅਧਮੋਏ ਹੋਏ ਪਏ ਮਰਦ ਨੂੰ ਨਵੀਂ ਖੁਰਾਕ ਮਿਲ ਗਈ ਸੀ । ਤੇ ਹੁਣ ਮੇਰੇ ਅੰਦਰਲਾ ਮਰਦ ਅੰਗੜਾਈਆਂ ਭੰਨਣ ਲੱਗ ਪਿਆ ਸੀ । ਮੈਂ ਐਡਰੀਅਨ ਦੀ ਨੇੜਤਾ ਚਾਹੁੰਣ ਲੱਗਾ ਸਾਂ । ਸਿਰ ਤੋਂ ਪੈਰਾਂ ਤੱਕ ਮੈਨੂੰ ਉਸਦੇ ਇਸ਼ਕ ਦਾ ਬੁਖਾਰ ਚੜ੍ਹ ਚੁੱਕਾ ਸੀ । ਚਾਹੁੰਦਾ ਸਾਂ ਕਿ ਹੁਣ ਐਂਡਰੀਅਨ ਦੀ ਚਿੱਠੀ ਨਹੀਂ, ਸਗੋ ਉਹ ਖੁਦ ਆਵੇ । ਪਹਿਲਾ ਮੇਰਾ ਮੱਥਾ ਚੁੰਮੇ ਤੇ ਚੰਨ ਵਾਗੂੰ ਠਾਰ ਦੇਵੇ । ਫਿਰ ਮੇਰਾ ਸਿਰ ਕਾਮ ਨਾਲ ਭਰੀਆ ਪਈਆ ਛਾਤੀਆਂ 'ਚ ਘੁੱਟ ਲਵੇ, ਤੇ ਮੈਂ ਸਹਿਜ ਹੋ ਜਾਵਾਂ । ਅਖੀਰ 'ਚ ਆਪਣੇ ਰਸੀਲੇ ਹੋਂਠ ਮੇਰੇ ਹੋਠਾਂ ਤੇ ਰੱਖ ਕੇ ਮੇਰੇ ਜਿਸਮ ਅੰਦਰ ਭਰੀ ਪਈ ਸਾਰੀ ਗਰਮੀ ਨੂੰ ਗਟ ਗਟ ਕਰਕੇ ਪੀ ਲਵੇ, ਤੇ ਮੈਂ ਉਸ ਦੀਆਂ ਬਾਹਾਂ ਵਿੱਚ, ਉਸਦੀ ਗੋਦ ਵਿੱਚ ਇੱਕ ਬੇ-ਫਿਕਰ ਬੱਚੇ ਦੀ ਤਰ੍ਹਾਂ ਸੁੰਗੜ ਜਾਵਾਂ । ਉਸ ਨਾਲ ਚਿਪਕ ਜਾਵਾਂ । ਜਦੋਂ ਤੋਂ ਉਸਨੂੰ ਦੇਖ ਲਿਆ ਸੀ, ਉਸ ਦੀਆਂ ਲਿਖਤਾਂ ਹੋਰ ਵੀ ਪਿਆਰੀਆਂ ਲੱਗਣ ਲੱਗ ਪਈਆ ਸਨ ।
ਐਂਡਰੀਅਨ ਦੀ ਕੋਈ ਵੀ ਕਿਤਾਬ ਮਿਲਦੀ, ਮੈਂ ਉਸਨੂੰ ਪੜ੍ਹਦਾ ਤੇ ਫਿਰ ਉਸ ਬਾਰੇ ਐਂਡਰੀਅਨ ਨੂੰ ਚਿੱਠੀ 'ਚ ਲਿਖਣ ਲੱਗ ਪਿਆ ਸਾਂ । ਉਹ ਪਹਿਲਾਂ ਛੋਟੀਆਂ ਚਿੱਠੀਆ ਲਿਖਦੀ ਹੁੰਦੀ ਸੀ । ਪਰ ਹੁਣ ਉਸ ਦੀਆ ਚਿੱਠੀਆਂ ਵੀ ਲੰਬੀਆਂ ਹੋ ਗਈਆ ਸਨ । ਕਈ-ਕਈ ਪੰਨਿਆਂ ਦੀਆਂ । ਉਹ ਕਾਫੀ ਕੁਝ ਲਿਖਣ ਤੇ ਪੁੱਛਣ ਲੱਗ ਪਈ ਸੀ । ਇੱਕ ਚਿੱਠੀ ਵਿੱਚ ਮੈਂ ਉਸਨੂੰ ਕੋਈ ਗੱਲ ਲਿਖੀ । ਉਸਦੇ ਜਵਾਬ 'ਚ ਉਸਨੇ ਲਿਖਿਆ, "ਯੂ ਨਾਟੀ ਇੰਡੀਅਨ ਬੁਆਏ – ਬੜਾ ਸ਼ਰਾਰਤੀ ਬਣਦਾ ਜਾ ਰਿਹਾ ਹੈ ।" ਮੈਨੂੰ ਪਤਾ ਸੀ ਉਸਨੇ ਗੁੱਸੇ ਨਾਲ ਨਹੀਂ, ਬਲਕਿ ਪਿਆਰ ਨਾਲ ਮੈਨੂੰ ਨਾਟੀ ਬੁਆਏ ਕਿਹਾ ਹੈ । ਮੈਨੂੰ ਬੜਾ ਚੰਗਾ ਲੱਗਾ । ਚਿੱਠੀ ਪੜ੍ਹਕੇ ਬੜਾ ਮਜ਼ਾ ਆਇਆ । ਮੈਂ ਆਪ ਹੀ ਆਪਣੇ ਆਪ ਨੂੰ ਨਾਟੀ ਬੁਆਏ – ਨਾਟੀ ਬੁਆਏ ਕਹਿ-ਕਹਿ ਹੱਸੀ ਜਾਵਾਂ । ਜ਼ਿੰਦਗੀ ਬਹੁਤ ਹੀ ਰੰਗੀਨ ਲੱਗਣ ਲੱਗ ਪਈ ਸੀ । ਪਿਛਲੀ ਸਾਰੀ ਜ਼ਿੰਦਗੀ, ਸਾਰੇ ਸਾਲ, ਸਾਰਾ ਰੁੱਖਾਪਣ, ਸਾਰੀ ਉਦਾਸੀ, ਸਾਰੇ ਗਮ, ਪਤਾ ਨਹੀਂ ਕਿਧਰ ਉਡ ਪੁੱਡ ਗਏ । ਹਰ ਵਕਤ ਇੱਕ ਨਸ਼ਾ ਜਿਹਾ ਚੜ੍ਹਿਆ ਰਹਿੰਦਾ । ਉਸ ਨੂੰ ਚਿੱਠੀ ਲਿਖਣ ਦਾ ਇੱਕ ਅੱਡ ਨਸ਼ਾ ਸੀ । ਉਸਦੀ ਚਿੱਠੀ ਦੇ ਇੰਤਜ਼ਾਰ ਦਾ ਇੱਕ ਅੱਡ ਨਸ਼ਾ ਸੀ । ਉਸਦੀ ਚਿੱਠੀ ਪੜ੍ਹਨ ਦਾ ਇੱਕ ਅੱਡ ਨਸ਼ਾ ਸੀ । ਮੈਂ ਜਹਾਜ਼ੀ ਜ਼ਿੰਦਗੀ ਦੌਰਾਨ ਮਹਿੰਗੀ ਤੋ ਮਹਿੰਗੀ ਸ਼ਰਾਬ ਦੇ ਪੈਗ ਲਾਏ ਸਨ । ਪਰ ਉਹ ਸਾਰੇ ਪੈਗਾ ਦਾ ਨਸ਼ਾ ਇਸ ਨਸ਼ੇ ਦੇ ਸਾਹਮਣੇ ਕੁਝ ਵੀ ਨਹੀਂ ਸੀ । ਸਾਰੀ ਮਹਿੰਗੀ ਸ਼ਰਾਬ ਦੇ ਉਹ ਪੈਗ ਤਾਂ ਹੁਣ ਬਕਬਕੇ ਜੇ ਲਗਦੇ ਸੀ । ਬੱਸ ਜੇ ਨਸ਼ਾ ਸੀ ਤਾਂ ਐਂਡਰੀਅਨ ਦਾ ਨਸ਼ਾ ਸੀ ।
ਕਈ ਵਾਰ ਮੈਂ ਸੋਚਦਾ ਕਿ ਐਂਡਰੀਅਨ ਨੇ ਕਦੇ ਕੋਈ ਐਸੀ ਗੱਲ ਨਹੀਂ ਲਿਖੀ ਜਿਸਨੂੰ ਰੁਮਾਂਟਿਕ ਕਿਹਾ ਜਾਵੇ । ਅਸੀਂ ਇੱਕ ਦੂਜੇ ਨੂੰ ਕਦੀ ਛੁਹਿਆ ਵੀ ਨਹੀਂ । ਸਾਡੇ ਵਿੱਚ ਕੋਈ ਵਾਅਦਾ ਨਹੀਂ । ਕੋਈ ਇਕਰਾਰ ਨਹੀਂ । ਪਿਆਰ ਜਾਂ ਰੁਮਾਂਸ ਵਾਲੀ ਵੀ ਕੋਈ ਗੱਲ ਅਜੇ ਤੱਕ ਨਹੀਂ ਹੋਈ। ਫਿਰ ਵੀ ਜ਼ਿੰਦਗੀ 'ਚ ਐਡੀ ਵੱਡੀ ਤਬਦੀਲੀ – ਆਖਰ ਕਿਵੇਂ ?
"ਮੈਂ ਕਿਹੜੀ ਐਸੀ ਖੁਰਾਕ ਖਾ ਲਈ ਕਿ ਚਿਹਰਾ ਹਰ ਵਕਤ ਖਿੜਿਆ ਰਹਿੰਦਾ ਹੈ ।"
"ਅੱਖਾਂ 'ਚ ਅਜਿਹਾ ਕੀ ਪਾ ਲਿਆ ਕਿ ਹਰ ਵਕਤ ਨਸ਼ਿਆਈਆਂ ਰਹਿੰਦੀਆਂ ਨੇ ।"
"ਬੁੱਲਾਂ ਨੇ ਐਸਾ ਕੀ ਚੁੰਮ ਲਿਆ ਕਿ ਹਰ ਵਕਤ ਹੀ ਮੁਸਕਰਾਹਟ ਬਿਖਰੀ ਰਹਿੰਦੀ ਹੈ ।"
"ਹੱਥਾਂ ਨੇ ਅਜਿਹਾ ਕੀ ਛੂਹ ਲਿਆ ਕਿ ਚੁਟਕੀਆਂ, ਢੋਲਕੀ, ਛੈਣੇ, ਪਤਾ ਨਹੀਂ ਕੀ-ਕੀ ਵੱਜੀ ਜਾਂਦਾ ਹੈ"
"ਸਰੀਰ ਕਾਹਦਾ ਬਣ ਗਿਆ ਕਿ ਕੰਮ ਦੀ ਥਕਾਵਟ ਹੀ ਮਹਿਸੂਸ ਨਹੀਂ ਹੁੰਦੀ ।"
"ਪੈਰਾਂ 'ਚ ਕੇਹੋ ਜਿਹੇ ਸਪਰਿੰਗ ਫਿੱਟ ਹੋ ਗਏ ਕਿ ਧਰਤੀ ਤੇ ਹੀ ਨੀ ਲੱਗਦੇ ।"
ਇਹ ਕੀ ਹੋ ਰਿਹਾ ਹੈ ? ਸਰੀਰ ਉਡਜੂ-ਉਡਜੂ ਕਰ ਰਿਹਾ ਹੈ । ਕੈਸਾ ਮਨੋਵਿਗਿਆਨ ਹੈ ? ਕੋਈ ਗਿਆਨੀ – ਕੋਈ ਸਿਆਣਾ – ਕੋਈ ਮਨੋਵਿਗਿਆਨੀ – ਕੋਈ ਡਾਕਟਰ ਆ ਕੇ ਸਮਝਾਵੇ ਤਾਂ ਸਹੀਂ । ਹਜਾਰਾਂ ਮੀਲ ਦੂਰ ਉਹ ਜਰਮਨ 'ਚ ਬੈਠੀ ਹੈ । ਮੈਂ ਸਮੁੰਦਰਾਂ 'ਚ ਜਹਾਜ਼ਾ 'ਚ ਘੁੰਮ ਰਿਹਾ ਹਾਂ । ਇਹ ਕਿਹੜੀਆਂ ਚੁੰਬਕੀ ਕਿਰਨਾਂ ਹਨ ਜੋ ਐਨੀਆਂ ਤਾਕਤਵਰ ਹਨ । ਕਮਾਲ ਹੈ ਯਾਰ ! ਸੱਚ-ਮੁੱਚ ਹੀ ਕਮਾਲ ਹੈ । ਸਮਝ ਤੋ ਪਰੇ । ਉਸਨੂੰ ਛੂਹਿਆ ਨਹੀਂ, ਚੁੰਮਿਆ ਨਹੀਂ, ਬਾਹਾਂ 'ਚ ਕਸਿਆ ਨਹੀਂ, ਛਾਤੀ ਨਾਲ ਘੁਟਿਆ ਨਹੀਂ, ਉਸਦੇ ਜਿਸਮ ਨੂੰ ਪਲੋਸਿਆ ਨਹੀਂ । ਉਹ ਕੁਝ ਵੀ ਨਹੀਂ ਹੋਇਆ ਜੋ ਔਰਤ ਮਰਦ ਵਿੱਚ ਹੁੰਦਾ ਹੈ – ਤੇ ਮੇਰੀ ਰੂਹ ਨੂੰ ਐਨੀ ਖੁਰਾਕ ਮਿਲ ਗਈ । ਜਿਸ ਦਿਨ ਉਹ ਸੱਚ-ਮੁੱਚ ਮੈਨੂੰ ਮਿਲ ਗਈ ਫਿਰ ਕੀ ਹੋਏਗਾ । ਉਸਤੋ ਬਾਦ ਕਿਤੇ ਇਹ ਸਾਰਾ ਨਸ਼ਾ ਉਤਰ ਤਾਂ ਨਹੀਂ ਜਾਏਗਾ । ਨਹੀਂ-ਨਹੀਂ ! ਇਹ ਜਰੂਰ ਦੁਗਣਾ ਤਿੱਗਣਾ ਹੋ ਜਾਏਗਾ । ਅਜੇ ਤਾਂ ਮੈਂ ਉਸਨੂੰ ਘੁੱਟਾ-ਬਾਟੀ ਕਰਕੇ ਪੀਣਾ ਹੈ । ਅਜੇ ਤੱਕ ਤਾਂ ਸਿਰਫ ਦੂਰ ਦੀ ਸੁਗੰਧੀ ਮਾਣੀ ਹੈ ।
ਇਹ ਜਿਸਮ ਹੁਣ ਤੱਕ ਮਰਿਆ ਪਿਆ ਸੀ । ਐਵੇ ਈ ਗੋਲੀਆ ਚੱਬਦਾ ਰਹਿੰਦਾ ਸੀ । ਕਦੇ ਕਾਸੇ ਦੀਆ ਕਦੇ ਕਾਸੇ ਦੀਆ । ਡਾਕਟਰ ਵੀ ਸਾਰੇ ਬੁਧੂ ਨੇ । ਪਾਈਆ ਪਾਈਆ ਗੋਲੀਆ ਫੜਾ ਛੱਡਦੇ । ਸਰੀਰ ਫਿਰ ਵੀ ਹਰ ਵਕਤ ਮਿੱਟੀ ਬਣਿਆ ਰਹਿੰਦਾ । ਹੱਡ ਪੈਰ ਟੁੱਟੀ ਜਾਣੈ । ਸਿਰ ਭਾਰਾ ਭਾਰਾ । ਸਰੀਰ ਬੋਝਲ । ਸਾਲੀ ਦਾਰੂ ਪੀ ਪੀ ਗਮ ਭੁਲਾਉਣ 'ਚ ਲੱਗੇ ਰਹੇ । ਮਣਾ ਮੂੰਹੀ ਪੀ ਲੀ । ਨਾ ਡਾਕਟਰਾਂ ਦੀਆਂ ਗੋਲੀਆ ਨੇ ਅਸਰ ਕੀਤਾ ਨਾ ਹੀ ਦਾਰੂ ਨੇ । ਵਾਹ ਨੀ ਐਂਡਰੀਏ ।ਤੂੰ ਕਾਹਦਾ ਮਿਲਗੀ । ਸਾਰੇ ਦੁੱਖ ਹੀ ਟੁੱਟ ਗਏ ।
ਮੈਨੂੰ ਉਸ ਦੀਆਂ ਚਿੱਠੀਆਂ ਤੋ ਪਤਾ ਲੱਗਾ ਕਿ ਉਹ ਇੱਕ ਬੱਚੇ ਦੀ ਮਾਂ ਹੈ । ਉਸਦਾ ਲੜਕਾ ਜਰਮਨ ਵਿੱਚ ਹੀ ਸਕੂਲ ਵਿੱਚ ਪੜ੍ਹਦਾ ਹੈ । ਉਹ ਲੇਖਿਕਾ ਦੇ ਨਾਲ-ਨਾਲ ਸਮਾਜ ਸੇਵੀ ਵੀ ਹੈ । ਇੱਕ ਹੋਰ ਗੱਲ ਜਿਸ ਤੋ ਮੈਨੂੰ ਹੈਰਾਨੀ ਵੀ ਹੋਈ । ਉਹ ਇਹ, ਕਿ ਅਰਾਧਨਾ ਬਹੁਤ ਜਿਆਦਾ ਧਾਰਮਿਕ ਵਿਚਾਰਾ ਵਾਲੀ ਔਰਤ ਹੈ । ਹਰ ਐਤਵਾਰ ਚਰਚ ਜਾਂਦੀ ਹੈ । ਉਸ ਦਿਨ ਦੇਖਣ ਉਪਰੰਤ ਤਾਂ ਬਿਲਕੁੱਲ ਹੀ ਨਹੀਂ ਸੀ ਲੱਗਾ ਕਿ ਇਹ ਧਾਰਮਿਕ ਵੀ ਹੋ ਸਕਦੀ ਹੈ । ਜੋ ਕੁਝ ਉਹ ਲਿਖਦੀ ਹੈ, ਇੱਕ ਲੇਖਿਕਾ ਦੇ ਤੌਰ ਤੇ ਬੜੀ ਬੇਬਾਕੀ ਨਾਲ ਲਿਖਦੀ ਹੈ । ਹਰ ਵਿਸ਼ੇ ਨੂੰ ਛੂੰਹਦੀ ਹੈ । ਜ਼ਿੰਦਗੀ ਬਾਰੇ, ਪ੍ਰੀਵਾਰ ਬਾਰੇ, ਸੈਕਸ ਬਾਰੇ, ਸਮਾਜ ਬਾਰੇ, ਰਾਜਨੀਤੀ ਬਾਰੇ, ਧਰਮ ਬਾਰੇ ਖੁੱਲ ਕੇ ਗੱਲਾਂ ਕਰਦੀ ਹੈ । ਹਰ ਵਿਸ਼ੇ ਤੇ ਉਸਦੀ ਸੂਝ ਤੇ ਲਿਖਣ ਕਲਾ ਪਾਠਕ ਨੂੰ ਕਾਇਲ ਕਰ ਲੈਦੀ ਹੈ । ਉਸਦੇ ਸਾਹਮਣੇ ਮੈਂ ਆਪਣੇ ਆਪ ਨੂੰ ਬਹੁਤ ਛੋਟਾ ਸਮਝਦਾ ਹਾਂ । ਮੈਂ ਜਹਾਜ਼ੀ ਜ਼ਿੰਦਗੀ ਤੋਂ ਸਿਵਾਏ ਹੋਰ ਕੁਝ ਜਾਣਦਾ ਹੀ ਨਹੀਂ ਸੀ । ਹੁਣ ਉਸ ਦੀਆਂ ਚਿੱਠੀਆਂ ਤੋ ਬਹੁਤ ਕੁਝ ਸਿਖਿਆ ਹੈ । ਕੁਝ ਗੱਲਾਂ ਉਹ ਇੰਝ ਲਿਖਦੀ ਹੈ ਜਿਵੇ ਕਿਸੇ ਬੱਚੇ ਨੂੰ ਸਮਝਾ ਰਹੀ ਹੋਵੇ ।ਮਨ ਹੀ ਮਨ ਮੈਂ ਉਸਨੂੰ ਕਈ ਕੁਝ ਮੰਨਦਾ ਹਾਂ । ਕਦੀ ਗਾਡ ਮਦਰ – ਸਵੀਟ ਗਾਡ ਮਦਰ । ਕਦੀ ਆਪਣੀ ਵਧੀਆ ਦੋਸਤ । ਕਦੀ ਆਪਣੀ ਪ੍ਰੇਮਿਕਾ । ਬਹੁਤ ਪਿਆਰੀ ਪ੍ਰੇਮਿਕਾ ।
ਇਹ ਸਭ ਕੁਝ ਉਸ ਦੀ ਸਖਸ਼ੀਅਤ ਸੀ । ਇਹ ਸਭ ਕੁਝ ਮੇਰੀ ਸੋਚ ਸੀ । ਇਹ ਸਭ ਕੁਝ ਚਿੱਠੀਆਂ ਵਿੱਚੋ ਪੈਦਾ ਹੋਇਆ ਸੀ । ਪਰ ਇਹ ਸੱਚ ਹੈ ਕਿ ਮੈਂ ਉਸਨੂੰ ਪਿਆਰ ਕਰਨ ਲੱਗਾ ਸਾਂ । ਬਹੁਤ ਪਿਆਰ ਕਰਨ ਲੱਗ ਪਿਆ ਸਾਂ । ਮੈਂ ਉਸ ਦੀਆਂ ਮਜਬੂਰੀਆਂ ਵੀ ਸਮਝਦਾ ਸੀ । ਇੱਕ ਧਾਰਮਿਕ ਵਿਚਾਰਾਂ ਵਾਲੀ । ਇੱਕ ਬੱਚੇ ਦੀ ਮਾਂ । ਪਤੀ ? ਪਤੀ ਬਾਰੇ ਉਸਨੇ ਕਦੀ ਕੁਝ ਨਹੀਂ ਲਿਖਿਆ । ਹੈ ਸੀ ਜਾਂ ਨਹੀਂ, ਜਾਂ ਉਹ ਤਲਾਕਸ਼ੁਦਾ ਸੀ, ਪਤਾ ਨਹੀਂ । ਉਹ ਸਿਰਫ ਆਪਣੇ ਬਾਰੇ ਤੇ ਬੱਚੇ ਬਾਰੇ ਹੀ ਲਿਖਦੀ ਸੀ ।
ਮੇਰੇ ਲਈ ਇਹ ਵੱਡੀ ਸਮੱਸਿਆਂ ਸੀ ਕਿ ਪਿਆਰ ਦਾ ਇਜ਼ਹਾਰ ਕਿਵੇਂ ਕਰਾਂ । ਚਿੱਠੀ ਕੋਈ ਹੋਰ ਵੀ ਪੜ੍ਹ ਸਕਦਾ ਸੀ । ਕਿਸੇ ਦੇ ਵੀ ਹੱਥਾਂ 'ਚ ਜਾ ਸਕਦੀ ਸੀ । ਦੂਸਰਾ ਡਰ ਇਹ ਸੀ ਕਿਤੇ ਬੁਰਾ ਹੀ ਨਾ ਮਨਾ ਲਵੇ । ਮੈਂ ਜਿਥੇ ਉਸਨੂੰ ਬਹੁਤ ਜਿਆਦਾ ਪਿਆਰ ਕਰਦਾ ਸੀ, ਉਸ ਤੋ ਵੀ ਕਿਤੇ ਵੱਧ ਉਸਦੀ ਇੱਜ਼ਤ ਕਰਦਾ ਸੀ । ਇੱਕ ਵੱਡੀ ਲੇਖਿਕਾ ਹੋਣ ਦੇ ਨਾਤੇ ਮੇਰੇ ਅੰਦਰ ਸ਼ਰਧਾ ਭਾਵਨਾ ਜਿਆਦਾ ਭਾਰੂ ਸੀ । ਮੇਰੀ ਵਜ੍ਹਾ ਕਰਕੇ ਉਸਦੇ ਮਨ ਨੂੰ ਕੋਈ ਠੇਸ ਪਹੁੰਚੇ, ਇਸਦਾ ਮੈਨੂੰ ਹੋਰ ਵੀ ਵੱਡਾ ਦੁੱਖ ਹੋਣਾ ਸੀ । ਇਸ ਸਮੱਸਿਆ ਦਾ ਕੋਈ ਢੁਕਵਾਂ ਹੱਲ ਨਹੀਂ ਸੀ ਲੱਭ ਰਿਹਾ । ਟਾਪੂ ਤੇ ਇੱਕ ਮਿਲਣੀ ਤੋ ਬਾਦ ਦੁਬਾਰਾ ਕੋਈ ਮਿਲਣ ਨਾ ਹੋ ਸਕਿਆ । ਨਾ ਹੀ ਮੇਰਾ ਜਹਾਜ਼ ਕਦੀ ਜਰਮਨ ਗਿਆ । ਨਹੀਂ ਤਾਂ ਬੰਦਰਗਾਹ ਤੋ ਟੈਕਸੀ ਪਕੜ ਜਰੂਰ ਉਸਦੇ ਸ਼ਹਿਰ ਪੁੱਜ ਜਾਣਾ ਸੀ । ਸਾਡੇ ਵਿਚਕਾਰ ਚਿੱਠੀਆਂ ਹੀ ਇੱਕ ਐਸਾ ਪੁਲ ਸਨ, ਜਿੰਨਾ ਰਾਹੀ ਦੋਵੇਂ, ਇੱਕ ਸੀਮਾਂ ਦੇ ਅੰਦਰ ਰਹਿ ਕੇ ਆਪਣੇ ਖਿਆਲਾਂ ਦਾ, ਤੇ ਆਪਣੇ ਜਜਬਾਤਾਂ ਦਾ ਆਦਾਨ ਪ੍ਰਦਾਨ ਕਰਦੇ ਸਾਂ ।
ਇੱਕ ਦਿਨ ਉਸਦੀ ਚਿੱਠੀ ਆਈ । ਸ਼ਾਇਦ ਉਹ ਮੇਰੇ ਜਜਬਾਤਾਂ ਦੀ ਗਹਿਰਾਈ ਨੂੰ ਜਾਣ ਚੁੱਕੀ ਸੀ । ਮੇਰੇ ਅੰਦਰਲੀ ਕਸਕ ਨੂੰ ਉਸਨੇ ਸਮਝ ਲਿਆ ਲਗਦਾ ਸੀ । ਉਸਨੇ ਲਿਖਿਆ ਸੀ – "ਯੂ ਨਾਟੀ ਇੰਡੀਅਨ ਬੁਆਏ, ਤੂੰ ਸਿਰਫ ਨਾਟੀ ਹੀ ਨਹੀਂ, ਸਗੋਂ ਰੁਮਾਂਟਿਕ ਵੀ ਹੋ ਗਿਆ ਹੈਂ । ਤੇਰਾ ਜਹਾਜ਼ ਕਦੀ ਜਰਮਨ ਆਵੇ ਤਾਂ ਆਕੇ ਮੈਨੂੰ ਮਿਲੀ ।"
ਪਰ ਇਹ ਮੇਰੀ ਬਦਕਿਸਮਤੀ ਹੀ ਰਹੀ ਕਿ ਮੇਰਾ ਜਹਾਜ਼ ਕਦੀ ਵੀ ਜਰਮਨ ਨਹੀਂ ਗਿਆ । ਚਿੱਠੀਆਂ ਆਉਦੀਆਂ ਜਾਂਦੀਆਂ ਰਹੀਆਂ । ਹੁਣ ਵੀ ਆਉਦੀਆਂ ਹਨ । ਐਂਡਰੀਅਨ ਮੇਰੇ ਪਿਆਰ ਨੂੰ ਭਲੀ ਭਾਂਤ ਸਮਝਣ ਲੱਗ ਪਈ ਹੈ । ਉਸ ਦੀਆਂ ਚਿਠੀਆਂ ਦੀ ਸ਼ਬਦਾਵਲੀ ਹੁਣ ਪਹਿਲਾਂ ਵਾਲੀ ਨਹੀਂ ਰਹੀ । ਬਹੁਤ ਰੁਮਾਂਟਕ ਹੋ ਗਈ ਹੈ । ਐਨੇ ਚਿਰਾਂ ਬਾਦ ਹੁਣ ਉਸਨੇ ਮੇਰੇ ਨਾਲ ਇੱਕ ਵਾਅਦਾ ਕੀਤਾ ਹੈ –
"ਅੰਮ੍ਰਿਤ ਤੂੰ ਬਹੁਤ ਚੰਗਾ ਇਨਸਾਨ ਹੈ । ਦਿਲਚਸਪ ਤੇ ਰੁਮਾਂਟਿਕ ਵੀ । ਮੈਂ ਕਦੀ ਤੇਰੇ ਇੰਡੀਆ ਆਂਵਾਗੀ । ਇੱਕ ਵਾਰ ਜਰੂਰ ਆਂਵਾਗੀ । ਸਿਰਫ ਤੇਰੇ ਵਾਸਤੇ । ਤੇਰੀ ਖਾਤਰ । ਤੇ ਉਸ ਟਾਇਮ ਮੈਂ ਭਾਵੇ ਇੱਕ ਦਿਨ ਇੰਡੀਆ ਰਹਾਂ ਤੇ ਭਾਵੇ ਵੱਧ । ਇਹ ਤਾਂ ਮੌਕਾ ਹੀ ਦੱਸੇਗਾ । ਪਰ ਇਹ ਵਾਅਦਾ ਰਿਹਾ - ਕਿ ਉਸ ਵਕਤ ਮੈਂ ਤੇਰੀ ਹੋਵਾਂਗੀ, ਸਿਰਫ ਤੇਰੀ । ਜਿੱਥੇ ਮਰਜ਼ੀ ਰੱਖੀ, ਜਿੱਥੇ ਮਰਜ਼ੀ ਘੁੰਮਾਈ । ਮੈ ਤੇਰੀ ਬਣਕੇ ਰਹਾਂਗੀ ।"
ਇਹ ਪਹਿਲਾ ਵਾਅਦਾ ਹੈ ਜੋ ਐਡਰੀਅਨ ਨੇ ਕੀਤਾ ਹੈ । ਮੈਨੂੰ ਖੁਸ਼ੀ ਹੈ । ਯਕੀਨ ਵੀ ਹੈ । ਉਹ ਆਏਗੀ – ਜ਼ਰੂਰ ਆਏਗੀ । ਮੇਰੀ ਜ਼ਿੰਦਗੀ 'ਚ ਇੱਕ ਨਵਾਂ ਰੰਗ ਭਰੇਗੀ । ਇੱਕ ਨਵੇ ਅਧਿਆਏ ਦੀ ਸ਼ੁਰੂਆਤ ਹੋਵੇਗੀ । ਉਡੀਕ ਜਾਰੀ ਹੈ ……………।