ਕੁੱਖ 'ਚ ਧੀ ਦਾ ਕਤਲ, ਕਿਉਂ ?
(ਲੇਖ )
ਧੀ ਜੰਮਣ ਤੇ ਲੋਕ ਬੁਰਾ ਮਨਾਉਂਦੇ ਹਨ। ਲੋਕ ਧੀ ਹੋਣ ਤੇ ਗ਼ਮ ਦੇ ਸਮੁੰਦਰ ਵਿੱਚ ਡੁੱਬ ਜਾਂਦੇ ਹਨ ਅਤੇ ਪੁੱਤਰ ਹੋਣ ਦੀਆਂ ਦੁਆਵਾਂ ਕਰਦੇ ਹਨ, ਵਧਾਈਆਂ ਦਿੰਦੇ ਹਨ ਤੇ ਘਰ ਵਿੱਚ ਸ਼ਰੀਂਹ ਬੰਨਿਆਂ ਜਾਂਦਾ ਹੈ, ਮਠਿਆਈਆਂ ਵੰਡੀਆਂ ਜਾਂਦੀਆਂ ਹਨ। ਪਰ ਅਜਿਹਾ ਕਿਉਂ ? ਜ਼ਰਾ ਸੋਚ ਕੇ ਵੇਖੋ ਕਿਉਂ ਬੁਰਾ ਮਨਾਉਂਦੇ ਹਨ ਲੋਕ ਧੀ ਪੈਦਾ ਹੋਣ ਤੇ। ਜ਼ਰਾ ਸੋਚੋ ਸਾਨੂੰ ਜਨਮ ਦੇਣ ਵਾਲੀ ਵੀ ਇਕ ਧੀ ਹੀ ਸੀ, ਜਿਸਨੇ ਸਾਨੂੰ ਜਨਮ ਦੇ ਕੇ ਇਸ ਰੰਗਲੇ ਸੰਸਾਰ ਨੂੰ ਵੇਖਣ ਦਾ ਮੌਕਾ ਦਿੱਤਾ ਹੈ। ਪਰ ਸਾਡੇ ਸੰਸਾਰ ਵਿੱਚ ਲੜਕੀ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕੁੱਖ ਵਿੱਚ ਮਾਰ ਦਿੱਤਾ ਜਾਂਦਾ ਹੈ। ਵਿਗਿਆਨ ਨੇ ਭਾਵੇਂ ਬਹੁਤ ਤਰੱਕੀ ਕਰ ਲਈ, ਪਰ ਫਿਰ ਵੀ ਮਨੁੱਖ ਇਕ ਅਨਪੜਾ ਵਾਂਗ ਕਰ ਰਿਹਾ ਹੈ। ਅੱਜ ਉਸ ਦੀ ਕੀਤੀ ਹੋਈ ਵਿਗਿਆਨ ਤਰੱਕੀ ਉਸਦਾ ਆਪਣਾ ਹੀ ਨੁਕਸਾਨ ਕਰ ਰਹੀ ਹੈ। ਜਿਸ ਤਰ•ਾਂ ਅਲਟਰਾ ਸਾਊਂਡ ਮਸ਼ੀਨ ਦਾ ਹੋਣਾ ਪਰ ਅੱਜ ਲੜਕੀਆਂ ਦੀ ਅਨੁਪਾਤ ਦਰ ਲੜਕਿਆਂ ਤੋਂ ਬਹੁਤ ਘੱਟ ਰਹੀ ਹੈ। ਇਸ ਦਰ ਦੇ ਸਰਵੇਖਣ ਅਨੁਸਾਰ ਕਿਸੇ ਸਮੇਂ ਲੜਕਿਆਂ ਨੂੰ ਕੁਵਾਰਾ ਰਹਿਣਾ ਪਵੇਗਾ। ਕੁੱਖ ਵਿੱਚ ਕੀਤੀ ਲੜਕੀ ਦੀ ਹੱਤਿਆ ਦੀ ਆਵਾਜ਼ ਆਉਂਦੀ ਹੈ।
“ਨੀ ਮਾਂ ਮੈਨੂੰ ਕੁੱਖ 'ਚ ਨਾ ਕਤਲ ਕਰਾ, ਨੀ ਮੈਨੂੰ ਜੱਗ ਵੇਖਣ ਦਾ ਚਾਅ।''
ਜਰਾ ਸੋਚ ਕੇ ਵੇਖੋ ਲੜਕੀ ਲੜਕਿਆਂ ਤੋਂ ਵੱਧ ਨਹੀਂ ਖਾਂਦੀ। ਅੱਜਕੱਲ ਲੜਕੀਆਂ ਲੜਕਿਆਂ ਤੋਂ ਹਰੇਕ ਰਾਜਨੀਤਕ, ਡਾਕਟਰ, ਪਾਇਲਾਟ ਆਦਿ ਹਰੇਕ ਖੇਤਰ ਵਿੱਚ ਅੱਗੇ ਹਨ। ਜਿਵੇਂ ਮਦਰ ਟਰੇਸਾ, ਇੰਦਰਾ ਗਾਂਧੀ, ਕਲਪਨਾ ਚਾਵਲਾ, ਕਿਰਨ ਬੇਦੀ ਜੋ ਕਿ ਧੀਆਂ ਲਈ ਮਾਣ ਵਾਲੀ ਗੱਲ ਹੈ, ਅਤੇ ਇਹਨਾਂ ਦੀਆਂ ਉਦਹਾਰਨਾਂ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਹਨ। ਪਰ ਫ਼ਿਰ ਸੋਚਣ ਵਾਲੀ ਗੱਲ ਇਹ ਹੈ ਕਿ, ਸਾਨੂੰ ਪਤਾ ਹੋਣ ਦੇ ਬਾਵਜੂਦ ਵੀ ਅਸੀ ਕਿਉਂ ਧੀ ਨੂੰ ਜਨਮ ਦੇਣ ਤੋਂ ਡਰਦੇ ਹਾਂ 'ਤੇ ਕਿਉਂ ਕੁੱਖ ਵਿੱਚ ਮਾਰਦੇ ਹਾਂ। 'ਕਲੀਆਂ ਦੇ ਬਾਦਸ਼ਾਹ' ਪੰਜਾਬੀ ਲੋਕ ਗਾਇਕ ਸਵ: ਕੁਲਦੀਪ ਮਾਣਕ ਜੀ ਨੇ ਧੀਆਂ ਤੇ ਬਹੁਤ ਵਧੀਆ ਗਾਇਆ ਹੈ ਕਿ : “ਹੋਇਆ ਕੀ ਜੇ ਧੀ ਜੰਮ ਪਈ, ਕੁੱਖ ਤਾਂ ਸੁਲੱਖਣੀ ਹੋਈ।''
ਵੈਸੇ ਸੋਚਣ ਵਾਲੀ ਗੱਲ ਇਹ ਹੈ ਕਿ ਲੜਕੀ ਹੋਣ ਤੇ ਮਾਪੇ ਖੁਸ਼ ਨਹੀਂ ਹੁੰਦੇ, ਪਰ ਜਦੋਂ ਕੰਜਕ ਪੂਜਨ ਕਰਦੇ ਹਨ ਤਾਂ ਦੂਰੋਂ ਦੂਰੋਂ ਲੜਕੀਆਂ ਘਰ ਵਿੱਚ ਲਿਆ ਕੇ ਕੰਜਕਾਂ ਦੇ ਪੈਰ ਪੂਜਦੇ ਹਨ। ਉਹਨਾਂ ਲੜਕੀਆਂ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਜਾਂਦਾ ਹੈ। ਜ਼ਰਾ ਸੋਚੋ ਕੰਜਕ ਪੂਜਨ ਕਰਦੇ ਹੋਂ, ਪਰ ਦੂਜੇ ਪਾਸੇ ਕੰਨਿਆਂ ਨੂੰ ਜਨਮ ਦੇਣ ਤੋਂ ਡਰਦੇ ਹੋਂ। ਇਹ ਸਭ ਬਨਾਵਟੀ ਕਿਉਂ ? ਜਦ ਕਿ ਇਸ ਬਾਰੇ ਸਭ ਲੋਕਾਂ ਨੂੰ ਪਤਾ ਹੈ ਕਿ ਲੜਕੀ ਦੀ ਹੱਤਿਆ ਇਕ ਮਹਾਂਪਾਪ ਹੈ। ਇਕ ਪਾਸੇ ਲੋਕ ਮਾਤਾ ਲੱਛਮੀ ਦੀ ਪੂਜਾ ਕਰਦੇ ਹਨ, ਪਰ ਦੂਸਰੇ ਪਾਸੇ ਘਰ ਆਈ ਕੰਨਿਆ ਨੂੰ ਠੁਕਰਾਉਂਦੇ ਹਨ।
ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਲੜਕੀ ਪੈਦਾ ਹੋਣ ਤੇ ਨੂੰਹ ਨਾਲ ਕੁੱਟਮਾਰ ਕੀਤੀ ਜਾਂਦੀ ਹੈ, 'ਤੇ ਜਦ ਦੂਸਰੀ ਲੜਕੀ ਬਾਰੇ ਪਤਾ ਚੱਲਦਾ ਹੈ ਤਾਂ ਨੂੰਹ ਨੂੰ ਘਰੋਂ ਕੱਢਣ ਦੇ ਬਹਾਨੇ ਆਦਿ ਬਣਾਏ ਜਾਂਦੇ ਹਨ। ਲੜਕੀ ਅਤੇ ਲੜਕਾ ਰੱਬ ਦੀ ਦੇਣ ਹਨ, ਪਰ ਅਜਿਹਾ ਕਿਉ ? ਧੀਆਂ ਆਪਣੇ ਕਰਮਾਂ ਦਾ ਖਾਂਦੀਆਂ ਹਨ । ਜੇਕਰ ਲੋਕ ਪੁੱਤਰਾਂ ਨੂੰ ਮਿੱਠੇ ਮੇਵੇ ਦੱਸਦੇ ਹਨ ਤਾਂ ਲੜਕੀਆਂ ਵੀ ਮਿਸ਼ਰੀ ਦੀਆਂ ਡਲੀਆਂ ਹੁੰਦੀਆਂ ਹਨ।
ਇਕ ਵਾਰ ਕਿਸੇ ਦੇਸ਼ ਦੇ ਰਾਜੇ ਦੇ ਸੱਤ ਲੜਕੀਆਂ ਸਨ। ਉਸਨੇ ਸੱਤਾਂ ਲੜਕੀਆਂ ਨੂੰ ਆਪਣੇ ਕੋਲ ਬੁਲਾ ਕੇ ਪੁਛਿਆ ਕਿ ਤੁਸੀ ਕਿਸ ਦਾ ਦਿੱਤਾਂ ਖਾਂਦੀਆਂ ਹੋ ? ਤਾਂ ਉਹਨਾਂ ਵਿੱਚੋਂ ਛੇ ਲੜਕੀਆਂ ਨੇ ਕਿਹਾ ਕਿ ਪਿਤਾ ਜੀ ਅਸੀ ਤੁਹਾਡਾ ਦਿੱਤਾ ਖਾਂਦੀਆਂ ਹਾਂ। ਪਰ ਸੱਤਵੀਂ ਲੜਕੀ ਨੇ ਕਿਹਾ ਕਿ ਪਿਤਾ ਜੀ ਮੈਂ ਆਪਣੇ ਕਰਮਾਂ ਦਾ ਦਿੱਤਾ ਖਾਂਦੀ ਹਾਂ। ਬਾਅਦ ਵਿੱਚ ਇਹ ਸਿੱਧ ਹੋਇਆ ਕਿ ਉਹ ਆਪਣੇ ਕਰਮਾਂ ਦਾ ਹੀ ਖਾਂਦੀ ਸੀ। ਅਤੇ ਲੜਕੀਆਂ ਸਾਡੇ ਤੇ ਬੋਝ ਨਹੀਂ ਹਨ। ਲੜਕੀਆਂ ਸਦਾ ਮਾਪਿਆਂ ਦੀ ਸੁੱਖ ਮੰਗਦੀਆਂ ਹਨ। ਕਈ ਵਾਰ ਲੜਕਿਆਂ ਵੱਲੋਂ ਮਾਤਾ-ਪਿਤਾ ਨੂੰ ਕਰਨ ਤੇ ਲੜਕੀਆਂ ਮਾਪਿਆਂ ਦਾ ਹਰ ਪੱਖ ਪੂਰਦੀਆਂ ਹਨ। ਲੜਕੀਆਂ ਮਾਪਿਆਂ ਦੇ ਹਰ ਸੁੱਖ-ਦੁੱਖ ਵਿੱਚ ਪਹੁੰਚ ਜਾਂਦੀਆਂ ਹਨ। ਕਿਸੇ ਸਿਆਣੇ ਨੇ ਠੀਕ ਕਿਹਾ ਤੇ ਠੀਕ ਗਾਇਆ ਹੈ ਕਿ “ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ।”
ਕੁੱਖ ਵਿੱਚ ਲੜਕੀ ਦੀ ਹੱਤਿਆ ਕਰਨੀ ਜੁਰਮ ਹੈ। ਉਨਾ ਡਾਕਟਰਾਂ ਅਤੇ ਦਾਈਆਂ ਨੂੰ ਅਪੀਲ ਕਰਨੀ ਚਹੁੰਦੇ ਹਾਂ ਕਿ ਉਹ ਰੁਪਏ ਦੀ ਖਾਤਰ ਇਹਨਾਂ ਮਾਸੂਮ ਜਾਨਾਂ (ਲੜਕੀਆਂ) ਤੇ ਇਹ ਜੁਰਮ ਨਾ ਕਰਨ। ਲੜਕੀਆਂ ਨੂੰ ਵੀ ਇਹ ਰੰਗਲੇ ਸੰਸਾਰ ਨੂੰ ਵੇਖਣ ਦਾ ਅਧਿਕਾਰ ਹੈ। ਜੇਕਰ ਲੜਕੀ ਨਹੀਂ ਹੋਵੇਗੀ ਤਾਂ ਕੌਣ ਬੰਨੂਗਾ ਰੱਖੜੀ ? ਇਕ ਲੜਕੀ ਹੋਣ ਬਹੁਤ ਸਾਰੀਆਂ ਰਿਸ਼ਤੇਦਾਰੀਆਂ ਬਣ ਜਾਂਦੀਆਂ ਹਨ। ਲੜਕੇ ਅਤੇ ਲੜਕੀ ਵਿੱਚ ਕੋਈ ਫ਼ਰਕ ਨਹੀਂ ਹੁੰਦਾ, ਫ਼ਰਕ ਤਾਂ ਸਾਡੀ ਸੋਚ ਵਿੱਚ ਹੈ। ਜੇਕਰ ਲੜਕੀਆਂ ਪ੍ਰਤੀ ਸਾਡੀ ਸੋਚ ਬਦਲੇਗੀ ਤਾਂ ਹੀ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। ਲੜਕੀ ਦੇ ਵਿਆਹ ਦੇ ਸੰਯੋਗ ਉਪਰੋਂ ਬਣ ਕੇ ਆਉਂਦੇ ਹਨ। ਜਿਸ ਟਾਈਮ ਲੜਕੀ ਦੇ ਵਿਆਹ ਦੇ ਦਿਨ ਲਿਖ਼ੇ ਹੁੰਦੇ ਹਨ ਉਹ ਟਲਦੇ ਨਹੀਂ ਅਤੇ ਲੜਕੀ ਦੇ ਵਿਆਹ ਦੇ ਵਿਦਾਈ ਸਮੇਂ ਜੋ ਵੇਖਣ ਨੂੰ ਮਿਲਦਾ ਹੈ ਉਸ ਸਮੇਂ ਪੱਥਰ ਦਿਲ ਇਨਸਾਨ ਵੀ ਭੁੱਬਾਂ ਮਾਰ ਕੇ ਰੋ ਪੈਂਦਾ ਹੈ। ਜਿਸ ਘਰ ਵਿੱਚ ਧੀ ਹੈ ਉਹ ਘਰ ਜੰਨਤ ਦਾ ਨਮੂਨਾ ਪੇਸ਼ ਕਰਦਾ ਹੈ। ਉਸ ਘਰ ਨੂੰ ਕੋਈ ਦੁੱਖ ਨਹੀਂ ਹੁੰਦਾ। ਸਰਕਾਰ ਨੂੰ ਚਾਹੀਦਾ ਹੈ ਲੜਕੀ ਦੀ ਹੱਤਿਆ ਦੀ ਸਖ਼ਤ ਸਜਾ ਦਿੱਤੀ ਜਾਵੇ। ਇਸ ਮਹਾਂਪਾਪ ਦੇ ਦੋਸ਼ੀਆਂ ਨੂੰ ਕਦੇ ਰੱਬ ਵੀ ਮਾਫ਼ ਨਹੀ ਕਰਦਾ। ਧੀ ਨਾਲ ਪਿਆਰ ਕਰੋ, ਗੁਰਦਾਸ ਮਾਨ ਜੀ ਨੇ ਗਾਇਆ ਹੈ : “ਬਾਬਲ ਤੇਰੇ ਦਾ ਦਿਲ ਕਰੇ ਧੀਆਂ ਮੇਰੀਏ, ਡੋਲੀ ਤੈਨੂੰ ਕਦੇ ਨਾ ਬਿਠਾਵਾਂ”, ਗੁੱਡੀਆਂ ਪਟੋਲੇ ਸਦਾ ਰਹਿ ਖੇਡਦੀ, ਚੁੱਕ ਲੋਰੀਆਂ ਸੁਨਾਵਾਂ ਆਮ ਤੌਰ ਤੇ ਵੇਖਣ ਨੂੰ ਮਿਲਦਾ ਹੈ ਧੀਆਂ ਨੂੰ ਮਾਪੇ ਬਿਗਾਨਾ ਧਨ ਕਹਿੰਦੇ ਹਨ, ਪਰ ਸਹੁਰੇ ਉਸ ਨੂੰ ਪਰਾਇਆ ਧਨ ਕਹਿੰਦੇ ਹਨ। ਹੁਣ ਤੁਸੀ ਦੱਸੋ ਉਸ ਦਾ ਅਸਲੀ ਘਰ ਕਿਹੜਾ ਹੈ ? ਸੋ, ਇਸ ਤਰ•ਾਂ ਸੋਚਣਾ ਵੀ ਗਲਤ ਹੈ।