ਪਰਿਵਰਤਨ ਕੁਦਰਤ ਦਾ ਨੇਮ ਹੈ, ਜੁਗਾਂ-ਜੁਗਾਤਰਾਂ ਤੋਂ ਇਹ ਹੋ ਰਿਹਾ ਹੈ ਤੇ ਹੁੰਦਾ ਰਹੇਗਾ ਇਹ ਅਟੱਲ ਸੱਚਾਈ ਹੈ। ਜੋ ਕੱਲ੍ਹ ਸੀ ਉਹ ਅੱਜ ਨਹੀਂ, ਜੋ ਅੱਜ ਹੈ ਉਹ ਕੱਲ੍ਹ ਨੂੰ ਨਹੀ ਹੋਣਾ। ਪ੍ਰਵਿਰਤੀ ਕੁਦਰਤ ਦਾ ਹੀ ਦੂਸਰਾ ਨਾਮ ਹੈ। ਇਸ ਪਰਿਵਰਤਨ ਵਿੱਚ ਸ੍ਰਿਸ਼ਟੀ ਦਾ ਹਰ ਜੀਵ-ਜੰਤੂ, ਪਸ਼ੂ-ਪ੍ਰਾਣੀ ਸਭ ਹੀ ਆਉਂਦੇ ਹਨ। ਸਮੇਂ-ਸਮੇਂ ਮੁਤਾਬਕ ਜੇਕਰ ਅਸੀਂ ਆਪ ਖੁਦ ਨੂੰ ਬਦਲ ਜਾਈਏ ਤਾਂ ਜਿੰਦਗੀ ਭਾਰ ਮਹਿਸੂਸ ਨਹੀਂ ਹੁੰਦੀ। ਨਹੀਂ ਤਾਂ ਇਨਸਾਨ ਜਿੰਦਗੀ ਦੇ ਉਪਰ ਹਾਵੀ ਹੋ ਕੇ ਉਸ ਨੂੰ ਬਦਲਣ ਦੇ ਕੁਦਰਤੀ ਵਤੀਰੇ ਮੁਤਾਬਕ ਢਲਣ ਨੂੰ ਮਜਬੂਰ ਕਰਦੀ ਹੈ। ਜੇ ਇਨਸਾਨ, ਜੀਵ-ਜੰਤੂ, ਮਾਨਵ ਸਮੇਂ ਦੇ ਹਾਣ ਦਾ ਨਹੀਂ ਬਣਦਾ ਉਹ ਜਿੰਦਗੀ ਖੁਸ਼ੀ-ਖੁਸ਼ੀ ਜਿਉਂ ਨਹੀ ਬਲਕਿ ਦਿਨ ਕਟੀ ਕਰਦਾ ਰਹਿੰਦਾ ਹੈ।
ਇਨਸਾਨ ਨੂੰ ਤਿੰਨ ਅਵਸਥਾਵਾਂ ਵਿੱਚੋਂ ਗੁਜਰਦਿਆਂ-ਗੁਜਰਦਿਆਂ ਆਪਣੇ ਆਪ ਵਿੱਚ ਬਦਲਾਅ ਲਿਆਉਣੇ ਪੈਂਦੇ ਹਨ। ਬਚਪਨ ਦੀਆਂ ਆਦਤਾਂ, ਜਵਾਨੀ ਵਿੱਚ ਜੇ ਇਨਸਾਨ ਕਰਦਾ ਹੈ ਤਾਂ ਉਸਨੂੰ ਲੋਕ ਭੋਲਾ ਜਾਂ ਅਨਾੜੀ ਕਹਿੰਦੇ ਹਨ। ਜਵਾਨੀ ਵਾਲੀਆਂ ਆਦਤਾਂ ਜੇ ਇਨਸਾਨ ਬੁਢਾਪੇ ਵਿਚ ਕਰੇ ਤਾਂ ਉਸਨੂੰ ਵੀ ਲੋਕ ਹਮੇਸ਼ਾਂ ਅਕਲ ਦਾ ਅੰਨ੍ਹਾਂ ਜਾਂ ਬੁੱਢੇ ਵਾਰੇ ਨਿਆਣਾ ਕਹਿੰਦੇ ਆਮ ਹੀ ਸੁਣੇ ਜਾ ਸਕਦੇ ਹਨ। ਆਪਣੀ ਉਮਰ ਮੁਤਾਬਕ ਜੇਕਰ ਅਸੀ ਬਜੁਰਗਾਂ ਦੇ ਜੀਵਨ ਤਜਰਬੇ 'ਚੋਂ ਕੁਝ ਸਿੱਖ ਕੇ, ਉਨ੍ਹਾਂ ਦੀਆਂ ਗੱਲਾਂ ਨੂੰ ਜੀਵਨ ਵਿੱਚ ਅਪਣਾ ਲਈਏ ਤਾਂ ਸਾਨੂੰ ਸਮੇਂ ਦਾ ਹਾਣ ਹੋਣ ਦਾ ਮਾਨ ਪ੍ਰਾਪਤ ਹੋ ਸਕਦਾ ਹੈ। ਆਮ ਹੀ ਵੇਖਿਆ ਜਾਂਦਾ ਹੈ ਕਿ ਜੋ ਇਨਸਾਨ ਦੀਆਂ ਆਦਤਾਂ ਆਪੋ ਆਪਣੇ ਘਰਾਂ ਵਿੱਚ ਹੁੰਦੀਆਂ ਹਨ, ਉਹ ਬਾਹਰ ਪੰਚਾਇਤ ਜਾਂ ਕਿਸੇ ਆਂਢ ਗੁਆਂਢ ਦੇ ਨਾਲ ਗੱਲਬਾਤ ਕਰਨ ਵੇਲੇ ਨਹੀਂ ਹੁੰਦੀਆਂ। ਉਦਹਾਰਨ ਦੇ ਤੌਰ ਤੇ ਜੇ ਇਨਸਾਨ ਜਾਂ ਤੀਵੀਆਂ ਘਰਾਂ ਦੇ ਵਿੱਚ ਬਹੁਤ ਹੀ ਕੁਰੱਖਤ ਜਾਂ ਅੜੀਅਲ ਸੁਭਾਅ ਦੇ ਹੁੰਦੇ ਹਨ, ਜਿਵੇਂ ਕਿ ਗੱਲ-ਗੱਲ ਤੇ ਲੜਾਈ, ਗਾਲ੍ਹ ਜਾਂ ਮੱਥੇ ਵੱਟ ਰਹਿਣੇ (ਸਿਰਫ਼ ਘਰਾਂ ਚ) ਉਹ ਬਾਹਰ ਬਿਲਕੁਲ ਇਸ ਸੁਭਾਅ ਦੇ ਉਲਟ ਮਿਠ ਬੋਲੜੇ, ਹਲੀਮੀ, ਨਿਮਰਤਾ ਵਾਲੇ ਦਿਸਦੇ ਹਨ। ਜੋ ਲੋਕ ਉਨ੍ਹਾਂ ਨੂੰ ਜਾਣਦੇ ਹੁੰਦੇ ਹਨ ਕਿ ਘਰ ਵਿੱਚ ਇਨ੍ਹਾਂ ਦਾ ਕੀ ਵਤੀਰਾ ਹੈ, ਉਹ ਹਮੇਸ਼ਾਂ ਉਨ੍ਹਾਂ ਤੇ ਵਿਅੰਗ ਕਸਦੇ ਹਨ। ਇਸ ਦੇ ਉਲਟ ਬਾਹਰ ਵਾਲਾ ਸੁਭਾਅ ਜੇਕਰ ਅਸੀ ਆਪਣੇ ਘਰਾਂ ਦੇ ਵਿੱਚ ਵਰਤੀਏ ਤਾਂ ਘਰ ਸਵਰਗ ਦਾ ਨਮੂਨਾ ਬਣ ਸਕਦਾ ਹੈ। ਇਸੇ ਤਰ੍ਹਾਂ ਜਦੋਂ ਆਪਾਂ ਕਿਸੇ ਧਾਰਮਿਕ ਅਸਥਾਨ ਗੁਰੂਦੁਆਰਾ ਸਾਹਿਬ, ਮੰਦਿਰ ਜਾਂ ਕਿਸੇ ਸਤਿਸੰਗ ਵਿੱਚ ਜਾਂਦੇ ਹਾਂ, ਉਥੇ ਜਾ ਕੇ ਨਿਉਂ ਕੇ ਅਦਬ ਸਤਿਕਾਰ ਨਾਲ ਬੈਠਦੇ ਹਾਂ ਤੇ ਕੀਰਤਨ ਸਰਵਨ ਕਰਦੇ ਹਾਂ, ਤੇ ਉੱਥੋਂ ਉਹ ਗ੍ਰਹਿਣ ਕਰਕੇ ਹੀ ਅਸੀ ਉਹੀ ਬਚਨ ਤੇ ਉਹੀ ਵਤੀਰਾ ਆਪੋ-ਆਪਣੇ ਘਰੀਂ ਨਹੀਂ ਆਪਣਾ ਸਕਦੇ ? ਸਿਆਣੇ ਕਹਿੰਦੇ ਹਨ ਕਿ ਜਿੰਦਗੀ ਬਦਲ ਦਿੰਦੀ ਹੈ, ਹਰ ਰੋਜ਼ਮਰਾ ਦੀ ਜਿੰਦਗੀ ਵਿੱਚ ਅਪਣਾਈ ਇਕ ਛੋਟੀ ਜਿਹੀ ਤਬਦੀਲੀ। ਜਿੰਦਗੀ ਦੇ ਵਿੱਚ ਜੇਕਰ ਹਰ ਰੋਜ਼ ਇਕ ਅੱਛਾਈ (ਚੰਗੀ ਗੱਲ) ਅਪਣਾਈ ਜਾਵੇ ਤਾਂ ਸੱਚ ਮੁੱਚ ਬੰਦੇ ਦੀ ਜੀਵਨ ਜਾਂਚ ਹੀ ਬਦਲ ਸਕਦੀ ਹੈ, ਤੇ ਘਰ ਸਵਰਗ ਦਾ ਨਮੂਨਾ ਬਣ ਸਕਦਾ ਹੈ। ਜਿਸ ਕਿਸੇ ਇਨਸਾਨ ਤੋਂ ਕੋਈ ਚੰਗੀ ਸਿੱਖਿਆ ਮਿਲੇ ਉਸਨੂੰ ਗ੍ਰਹਿਣ ਕਰਕੇ ਤੇ ਜਿੰਦਗੀ ਵਿੱਚ ਅਪਣਾ ਕੇ ਅਸੀ ਰਲ-ਮਿਲ ਕੇ ਆਪਣੇ ਪਰਿਵਾਰਾਂ ਨੂੰ, ਆਲੇ ਦੁਆਲੇ ਨੂੰ, ਦੇਸ਼ ਨੂੰ ਸੱਚਮੁੱਚ ਸਵਰਗ ਦਾ ਨਮੂਨਾ ਬਣਾ ਸਕਦੇ ਹਾਂ। ਜਿੰਦਗੀ ਹਰ ਇਨਸਾਨ ਨੂੰ ਮਿਲੀ ਹੈ, ਤੇ ਆਪੋ-ਆਪਣੀ ਵਾਰੀ ਮੁਤਾਬਕ ਸਭ ਨੇ ਇਹ ਸੰਸਾਰ ਛੱਡ ਕੇ ਤੁਰ ਜਾਣਾ ਹੈ। ਪਰ ਜੋ ਇਨਸਾਨ ਕੁਦਰਤ ਦੇ ਨਿਯਮਾਂ ਮੁਤਾਬਕ ਬਦਲ ਜਾਵੇ, ਉਹ ਮਹਾਨ ਬਣ ਜਾਂਦਾ ਹੈ। ਇਸ ਦੀਆਂ ਇਕ ਨਹੀਂ ਸੈਂਕੜੇ ਉਦਹਾਰਨਾਂ ਹਨ।
ਦੋਸਤੋ ! ਘਰ, ਆਲਾ-ਦੁਆਲਾ ਤੇ ਦੇਸ਼ ਨੂੰ ਆਪਾਂ ਬਦਲਣਾ ਹੈ। ਚੰਗੀਆਂ ਗੱਲਾਂ ਜਿੰਦਗੀ ਵਿੱਚ ਅਪਣਾ ਕੇ ਤੇ ਦੂਜਿਆਂ ਨੂੰ ਇਹ ਸੱਭ ਸਿਖਾ ਕੇ ਸਮੇਂ ਦੇ ਹਾਣੀ ਬਣਾ ਕੇ। ਸੋ, ਆਓ ! ਅੱਜ ਤੋਂ ਹੀ ਇਹ ਤੁਹੱਈਆ ਕਰੀਏ ਕਿ ਰੋਜ਼ਮਰਾ ਦੀ ਜਿੰਦਗੀ ਵਿੱਚ ਹਰ ਰੋਜ਼ ਇਕ ਅਛਾਈ (ਚੰਗੀ ਗੱਲ) ਸਿੱਖਾਂਗੇ ਤੇ ਉਸ ਮੁਤਾਬਕ ਜਿੰਦਗੀ ਜੀਵਾਂਗੇ, ਤੇ ਦੂਜਿਆਂ ਆਪਦੇ ਹਾਣੀਆਂ ਅਤੇ ਆਪ ਤੋਂ ਛੋਟਿਆਂ ਨੂੰ ਇਸ ਲਈ ਪ੍ਰੇਰਾਂਗੇ ਕਿ ਵੱਡਿਆਂ ਤੋਂ ਅੱਛਾਈ ਗ੍ਰਹਿਣ ਕਰਕੇ ਜਿੰਦਗੀ ਵਿੱਚ ਅਪਣਾ ਕੇ, ਆਪਦੇ ਆਪ ਨੂੰ, ਆਪਦੇ ਘਰ ਬਾਰ, ਗ੍ਰਹਿਸਥੀ ਜੀਵਨ ਤੇ ਦੇਸ਼ ਦੇ ਭਵਿੱਖ ਲਈ ਇਹ ਸਭ ਕੁਝ ਜੀਅ ਜਾਨ ਨਾਲ ਕਰਕੇ ਚੰਗੇ ਸ਼ਹਿਰੀ ਤੇ ਦੇਸ਼ ਵਾਸੀ ਬਣਾਂਗੇ।