ਕਵਿਤਾਵਾਂ

  •    ਛੋਟੇ ਸਾਹਿਬਜਾਦੇ ਤੇ ਵਜ਼ੀਰ ਖਾਨ / ਮੇਹਰ ਸਿੰਘ ਸੇਖਾ (ਕਵੀਸ਼ਰੀ )
  •    ਦੁਨੀਆਂ ਗੋਲ ਹੈ / ਜਗਜੀਵਨ ਕੌਰ (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਦਸ ਗ਼ਜ਼ਲਾਂ / ਗੁਰਭਜਨ ਗਿੱਲ (ਗ਼ਜ਼ਲ )
  •    ਛੱਲਾ / ਲੱਕੀ ਚਾਵਲਾ (ਕਵਿਤਾ)
  •    ਗ਼ਜ਼ਲ / ਸੁਰਜੀਤ ਸਿੰਘ ਕਾਉਂਕੇ (ਗ਼ਜ਼ਲ )
  •    ਮਿਸ਼ਰ ਦੇ ਲੋਕਾਂ ਦੇ ਨਾਮ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਸੱਚ ਆਖਾਂ / ਹਨੀ ਖੁੜੰਜ਼ (ਕਵਿਤਾ)
  •    ਭਖਦੇ ਮਸਲਿਆਂ 'ਤੇ ਸੰਵਾਦ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਕਬਿੱਤ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਜਾਦੂਗਰ / ਗੁਰਮੀਤ ਰਾਣਾ (ਕਵਿਤਾ)
  •    ਜ਼ਹਿਰੀ ਗੀਤ / ਗੁਰਮੇਲ ਬੀਰੋਕੇ (ਕਵਿਤਾ)
  •    ਮਤਲਬ / ਹਰਦੀਪ ਬਿਰਦੀ (ਕਵਿਤਾ)
  •    ਲੇਖਕਾਂ ਦੀ ਗੱਲਬਾਤ / ਸੁੱਖਾ ਭੂੰਦੜ (ਕਵਿਤਾ)
  •    ਗ਼ਜ਼ਲ / ਬਲਦੇਵ ਸਿੰਘ ਜਕੜੀਆ (ਗ਼ਜ਼ਲ )
  •    ਬੁੱਢੀ ਮਾਂ / ਬਲਜੀਤ ਸਿੰਘ 'ਭੰਗਚੜਹੀ' (ਕਵਿਤਾ)
  •    ਜ਼ਖ਼ਮਾਂ ਦੇ ਦਰਦ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
  •    ਅਖ਼ਬਾਰ / ਹਰਦੇਵ ਸਿੰਘ (ਕਵਿਤਾ)
  • ਦਸ ਗ਼ਜ਼ਲਾਂ (ਗ਼ਜ਼ਲ )

    ਗੁਰਭਜਨ ਗਿੱਲ   

    Email: gurbhajansinghgill@gmail.com
    Cell: +91 98726 31199
    Address: 113 ਐਫ., ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ
    ਲੁਧਿਆਣਾ India 141002
    ਗੁਰਭਜਨ ਗਿੱਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਗੁਰਭਜਨ ਗਿੱਲ ਜ਼ਹੀਨ, ਸਥਾਪਿਤ, ਸਮਰੱਥ ਅਤੇ ਉਮਦਾ ਲੇਖਕ ਹੈ। ਉਸ ਦਾ ਨਵਾਂ ਗ਼ਜ਼ਲ ਸੰਗ੍ਰਹਿ ਮਿਰਗਾਵਲੀ ਛਪ ਕੇ ਆਇਆ ਹੈ ਜਿਸ ਵਿਚ ਸੌ ਗ਼ਜ਼ਲਾਂ ਹਨ ਜੋ ਮਨ ਨੂੰ ਮੋਹਣ ਵਾਲੀਆਂ ਹਨ। ਇਹ ਪੁਸਤਕ ਉਸ ਨੇ ਪੰਜਾਬੀ ਮਾਂ ਵਿਚ ਛਪਣ ਹਿਤ ਭੇਜੀ ਹੈ। ਗ਼ਜ਼ਲਾਂ ਦੀ ਖੂਬਸੂਰਤੀ ਨੂੰ ਦੇਖਦੇ ਹੋਏ ਅਸੀਂ ਇਨ੍ਹਾਂ ਨੂੰ ਕੁਝ ਭਾਗਾਂ ਵਿਚ ਛਾਪਣ ਦਾ ਫੈਸਲਾ ਕੀਤਾ ਹੈ। ਪੇਸ਼ ਹਨ ਕੁਝ ਗ਼ਜ਼ਲਾਂ। - ਸੰਪਾਦਕ



    1
    ਅਕਲਾਂ ਵਾਲੇ ਕਿੱਧਰ ਤੁਰ ਪਏ ਭਾਸ਼ਨ ਝਾੜੀ ਜਾਂਦੇ ਨੇ।
    ਚਾਰ ਘਰਾਣੇ ਵਣਜਾਂ ਪਿੱਛੇ, ਵਤਨ ਉਜਾੜੀ ਜਾਂਦੇ ਨੇ।
    ਪਰਮਾਰਥ ਦਾ ਦੇਂਦਾ ਹੋਕਾ, ਨਜ਼ਰਾਂ ਸਿਰਫ਼ ਪਦਾਰਥ ਤੇ,
    ਅਕਲਾਂ ਦੀ ਪੋਥੀ 'ਚੋਂ ਬਾਂਦਰ ਵਰਕੇ ਪਾੜੀ ਜਾਂਦੇ ਨੇ।
    ਘਰ ਵਿਚ ਰੌਸ਼ਨਦਾਨ ਖਿੜਕੀਆਂ, ਚਾਨਣ ਖ਼ਾਤਰ ਸ਼ੀਸੇ ਵੀ,
    ਖ਼ੁਦ ਤੋਂ ਡਰਦੇ ਮਾਰੇ ਲੋਕੀਂ ਪਰਦੇ ਚਾੜ੍ਹੀ ਜਾਂਦੇ ਨੇ।
    ਬਾਗਬਾਨ ਬੇਨਸਲੇ ਹੋ ਗਏ, ਧਰਮ ਕਰਮ ਦੇ ਨਾਂ ਥੱਲੇ,
    ਨਫ਼ਰਤ ਦੀ ਅੱਗ ਅੰਦਰ ਫੁੱਲ ਤੇ ਕਲੀਆਂ ਸਾੜੀ ਜਾਂਦੇ ਨੇ।
    ਗਿਆਨ ਅਤੇ ਵਿਗਿਆਨ ਦੇ ਨਾਂ ਤੇ ਅੰਬਰ ਕੀਤਾ ਛਾਨਣੀਆਂ,
    ਚੰਦਰਮਾ ਤੇ ਮੰਗਲ ਖ਼ਾਤਰ, ਧਰਤ ਪਛਾੜੀ ਜਾਂਦੇ ਨੇ।
    ਲੋਕਤੰਤਰੀ ਲੀਲ੍ਹਾ ਓਹਲੇ, ਵੇਖੋ ਕੀ ਕੁਝ ਵਾਪਰਦਾ,
    ਰਖਵਾਲੇ ਹੀ ਚੋਰ ਲੁਟੇਰੇ ਸੰਸਦ ਵਾੜੀ ਜਾਂਦੇ ਨੇ।
    ਆਪਣੀ ਮਾਂ ਤੋਂ ਤੋੜ ਵਿਛੋੜਾ, ਹੇਜ ਪਰਾਈ ਬੋਲੀ ਦਾ,
    ਬਾਲ ਬਚਪਨਾ ਸਾਂਭਣ ਵਾਲੇ, ਸ਼ਬਦ ਲਿਤਾੜੀ ਜਾਂਦੇ ਨੇ।

    2
    ਭੀਲ ਬੱਚਾ ਫੇਰ ਹਾਜ਼ਰ ਹੇ ਦਰੋਣਾਚਾਰੀਆ।
    ਮੈਂ ਦਰਾਵੜ ਏਕਲਵਿਆ, ਤੂੰ ਬ੍ਰਾਹਮਣ ਆਰੀਆ।
    ਫਿਰ ਅੰਗੂਠਾ ਮੰਗਦਾ ਹੈ, ਦਖਸ਼ਣਾ ਵਿਚ ਵੇਖ ਲੈ,
    ਚੁੱਪ ਕਿਉਂ, ਤੂੰ ਬੋਲਦਾ ਨਹੀਂ, ਮੌਸਮੀ ਬਨਵਾਰੀਆ।
    ਏਨੀਆਂ ਸਦੀਆਂ ਤੋਂ ਮਗਰੋਂ, ਫੇਰ ਓਥੇ ਹੀ ਖੜਾਂ,
    ਘੂਰਦਾ ਮੈਨੂੰ ਅਜੇ ਵੀ ਧਰਮ-ਵੇਦਾਚਾਰੀਆ।
    ਤੀਸਰਾ ਨੇਤਰ ਲਿਆਕਤ, ਤੇਰੇ ਮੱਥੇ ਦਾ ਸ਼ਿੰਗਾਰ,
    ਖੜਗ-ਭੁਜ ਬਣਿਆ ਰਹੀਂ ਨਾ ਯੋਧਿਆ ਬਲਕਾਰੀਆ।
    ਮੈਂ ਅਕਲ ਮੰਗਾਂ ਤਾਂ ਕਿਸ ਤੋਂ, ਨੇਰ੍ਹ ਘੁੰਮਣਘੇਰ ਵਿਚ,
    ਚੋਰ, ਕੁੱਤੀ ਨਾਲ ਰਲਿਆ ਤੀਸਰਾ ਅਖ਼ਬਾਰੀਆ।
    ਤੂੰ ਕਦੇ ਸੀ ਢਾਲ ਬਣਿਆ, ਧਰਮ-ਧਰਤੀ ਪਾਲਕਾ,
    ਬਾਜ਼ ਤੋਂ ਚਿੜੀਆਂ ਨੂੰ ਖ਼ਤਰਾ, ਫੇਰ ਕਲਗੀਧਾਰੀਆ।
    ਲਿਖ ਰਿਹਾ ਸਿਹਰੇ ਕਸੀਦੇ, ਲੈ ਵਜ਼ੀਫ਼ੇ ਭੁਰ ਗਿਆ,
    ਕਲਮਧਾਰੀ ਵੇਖ ਲਉ ਹੁਣ ਬਣ ਗਿਆ ਦਰਬਾਰੀਆ।

    3
    ਦੀਵੇ ਨਾਲ ਤੂਫ਼ਾਨ ਲੜਾਈ ਕਰਦਾ ਕਰਦਾ ਹਾਰ ਗਿਆ ਹੈ।
    ਸੱਚ ਪੁੱਛੋ ਤਾਂ ਰੂੰ ਦਾ ਫੰਬਾ, ਹਸਤੀ-ਕੀਮਤ ਤਾਰ ਗਿਆ ਹੈ।
    ਧੁੱਪ ਤੇ ਛਾਂ ਵੀ ਮੇਰੇ ਅੰਗ ਸੰਗ, ਦੁੱਖ ਤੇ ਸੁਖ ਵੀ ਮੇਰੀ ਸ਼ਕਤੀ,
    ਮੈਂ ਕਿਉਂ ਡਰਾਂ ਹਨ੍ਹੇਰੇ ਕੋਲੋਂ, ਭਾਵੇਂ ਇਹ ਹੰਕਾਰ ਗਿਆ ਹੈ।
    ਸ਼ਾਮ ਢਲੇ ਕਿਉਂ ਤੁਰ ਜਾਂਦਾ ਹੈਂ, ਸੂਰਜ ਵਾਂਗੂੰ ਮਾਰ ਕੇ ਬੁੱਕਲ,
    ਤਾਰੇ ਰਾਤੀਂ ਪੁੱਛਦੇ ਤੇਰਾ ਕਿੱਧਰ ਮਹਿਰਮ ਯਾਰ ਗਿਆ ਹੈ।
    ਇੱਕ ਦੂਜੇ ਨੂੰ ਜੋ ਦਿਲਬਰੀਆਂ ਦਿੱਤੀਆਂ ਸੀ ਉਹ ਲੀਰਾਂ ਹੋਈਆਂ,
    ਰੂਹ ਦਾ ਕੋਰਾ ਵਸਤਰ, ਤੇਰਾ ਇੱਕੋ ਸ਼ਬਦ ਲੰਗਾਰ ਗਿਆ ਹੈ।
    ਯਾਦਾਂ ਦੀ ਕੰਨੀ ਨੂੰ ਫੜ ਕੇ, ਨਕਸ਼ ਗੁਆਚੇ ਲੱਭਦਾ ਫਿਰਦਾਂ,
    ਵੇਖ ਕਿਵੇਂ ਪਰ ਹੀਣਾ ਪੰਛੀ ਦੂਰ ਦੋਮੇਲੋਂ ਪਾਰ ਗਿਆ ਹੈ।
    ਵੇਖ ਲਵੋ ਸੰਸਾਰ ਮੇਰੇ ਘਰ ਖੋਲ੍ਹ ਜਬਾੜੇ ਆ ਬੈਠਾ ਏ,
    ਨਿੱਕੀਆਂ ਨਿੱਕੀਆਂ ਕਿੰਨੀਆਂ ਹੱਟੀਆਂ, ਵੱਟਿਆਂ ਸਣੇ ਡਕਾਰ ਗਿਆ ਹੈ।
    ਆਸਾਂ ਦੀ ਤੰਦ ਟੁੱਟ ਗਈ ਜਾਪੇ, ਕੰਧਾਂ ਡੁਸਕਦੀਆਂ ਨੇ ਦੱਸਿਆ,
    ਪੁੱਤ ਪਰਦੇਸੀ ਘਰ ਨੂੰ ਬਾਹਰੋਂ, ਕੁੰਡੇ ਜੰਦਰੇ ਮਾਰ ਗਿਆ ਹੈ।

    4
    ਪਾਣੀ ਪਹਿਰੇਦਾਰ ਚੁਫ਼ੇਰੇ, ਬਿਰਖ਼ ਇਕੱਲਾ ਨਹੀ. ਘਬਰਾਉਂਦਾ।
    ਇਸ ਤੋਂ ਮੈਂ ਵੀ ਲਵਾਂ ਹੌਸਲਾ, ਦਰਦ ਜਦੋਂ ਹੱਲੇ ਕਰ ਆਉਂਦਾ।
    ਸ਼ਾਮ ਸਵੇਰੇ ਨਵੀਂ ਕਰੂੰਬਲ, ਆਸ ਦੀ ਟਾਹਣੀ ਇੰਜ ਲਹਿਰਾਵੇ,
    ਨਿੱਤਨੇਮੀ ਕਾਦਰ ਜਿਉਂ ਮੈਨੂੰ, ਲਾਗੇ ਬਹਿ ਕੇ ਗੀਤ ਸੁਣਾਉਂਦਾ।
    ਜਿਸ ਧਰਤੀ ਨੂੰ ਮੈਂ ਨਹੀਂ ਤੱਕਿਆ, ਨਾ ਹੀ ਸ਼ਾਇਦ ਕਦੇ ਹੈ ਚਿਤਵੀ,
    ਸਮਝ ਨਾ ਪੈਂਦੀ, ਕਿਉਂ ਹਰ ਵਾਰੀ, ਓਸੇ ਦਾ ਹੀ ਸੁਪਨ ਜਗਾਉਂਦਾ।
    ਸ਼ਹਿਰ ਨਿਵਾਸੀ ਹੋ ਗਏ ਭਾਵੇ ਅੰਦਰੋਂ ਹਾਲੇ ਪਿੰਡ ਨਾ ਮਰਿਆ,
    ਹੱਥ ਅਰਦਾਸ 'ਚ ਜੁੜ ਜਾਂਦੇ ਵੈਸਾਖ 'ਚ ਜਦ ਬੱਦਲ ਘਿਰ ਆਉਂਦਾ।
    ਬਲਦੇ ਖੰਭਾਂ ਵਾਲਾ ਪੰਛੀ, ਉੱਡਦਾ ਉੱਡਦਾ ਇਹ ਕਹਿੰਦਾ ਹੈ,
    ਬਿਰਖ਼ ਵਿਹੂਣੀ ਧਰਤੀ ਉੱਤੇ ਰੱਬ ਵੀ ਕਹਿੰਦੇ ਪੈਰ ਨਹੀਂ ਪਾਉਂਦਾ।
    ਵੇਖ ਸ਼ਰੀਂਹ ਕਿੰਜ ਪੱਤਝੜ ਰੁੱਤੇ, ਵਜਦ 'ਚ ਆ ਫ਼ਲੀਆਂ ਛਣਕਾਵੇ,
    ਐਸੇ ਗੀਤ ਇਲਾਹੀ ਦੀ ਰੱਬ, ਬਿਰਖ਼ੀ ਬਹਿ ਕੇ ਤਰਜ਼ ਬਣਾਉਂਦਾ।
    ਹਰ ਹਾਲਤ ਵਿਚ ਖਿੜ ਕੇ ਰਹਿ ਤੇ ਰੱਖ ਹਯਾਤੀ ਘੁੰਮਦਾ ਪਹੀਆ,
    ਕੰਧ ਤੇ ਟੰਗਿਆ ਟਾਈਮ ਪੀਸ ਵੀ ਟਿੱਕ ਟਿੱਕ ਮੈਨੂੰ ਇਹ ਸਮਝਾਉਂਦਾ। 

    5
    ਸੱਤ ਸਮੁੰਦਰ ਪਾਰ ਗਵਾਚੇ ਫਿਰਦੇ ਹਾਂ।
    ਖ਼ੁਦ ਨੂੰ ਲੱਭਦੇ ਫਿਰਦੇ ਕਿੰਨੇ ਚਿਰ ਦੇ ਹਾਂ।
    ਮਾਂ ਹੀ ਚੇਤੇ ਆਵੇ ਜਾਂ ਫਿਰ ਧਰਤੀ ਮਾਂ,
    ਵਿੱਚ ਮੁਸੀਬਤ ਜਦ ਵੀ ਆਪਾਂ ਘਿਰਦੇ ਹਾਂ।
    ਚਿੱਤ ਬੇਚੈਨ ਉਦਾਸੀ, ਘੁੰਮਣ ਘੇਰੀ ਵਿੱਚ,
    ਪਤਾ ਨਹੀਂ ਕਿਸ ਖ਼ਾਤਰ ਦੌੜੇ ਫਿਰਦੇ ਹਾਂ।
    ਵਿੱਚ ਵਿਚਾਲੇ ਹਾਂ ਨਾ ਗੋਰੇ ਨਾ ਕਾਲੇ,
    ਕਿੱਦਾਂ ਦੱਸੀਏ ਆਪਾਂ ਕਿਹੜੀ ਧਿਰ ਦੇ ਹਾਂ।
    ਜੜ੍ਹ ਤੋਂ ਹੀਣ ਬਿਰਖ਼ ਦੀ ਜੂਨੇ ਹਾਂ ਪੈ ਗਏ,
    ਟਾਹਣੀ ਨਾਲੋਂ ਪੱਤਿਆਂ ਵਾਂਗੂੰ ਕਿਰਦੇ ਹਾਂ।
    ਮਨ ਮਸਤਕ ਵਿਚ ਕਿੰਨਾ ਕੁਝ ਹੈ ਅਣਚਾਹਿਆ,
    ਖ਼ੁਦ ਨੂੰ ਕਹੀਏ, ਆਪਾਂ ਕੋਮਲ ਹਿਰਦੇ ਹਾਂ।
    ਹੱਸ ਕੇ ਵੇਖ ਮਨਾ ਲੈ ਰੁੱਸਿਆ ਸੱਜਣਾਂ ਨੂੰ,
    ਵੇਖੀ ਫਿਰ ਤੂੰ ਕਿੰਨੀ ਜਲਦੀ ਵਿਰਦੇ ਹਾਂ।

    6
    ਰੰਗ ਕਿਉਂ ਥੁੜ੍ਹੇ ਮੁਸੱਵਰ ਮਿੱਤਰਾ, ਮੱਥੇ ਲੀਕਾਂ ਵਾਹੀਆਂ ਲਈ।
    ਬੇਪਰਵਾਹਾ ਕਿੰਜ ਬਲਿਹਾਰੇ ਜਾਵਾਂ, ਲਾਪਰਵਾਹੀਆਂ ਲਈ।
    ਸਾਥੋਂ 'ਰੱਬ' ਕਹਾਵੇਂ ਤੇ 'ਯੱਬ' ਪਾਵੇਂ ਗਲਮੇ ਲਈ ਸਾਡੇ,
    ਜ਼ਾਲਮ ਨੂੰ ਪਰਵਾਨਗੀਆਂ ਕਿਉਂ ਥਾਂ ਥਾਂ ਗੱਡੀਆਂ ਫਾਹੀਆਂ ਲਈ।
    ਰਾਜ ਘਰਾਣਿਆਂ ਖ਼ਾਤਰ ਤੇਰੇ ਸਭ ਦਰਵਾਜ਼ੇ ਖੁੱਲ੍ਹਦੇ ਨੇ,
    ਬੰਦ ਕਿਉਂ ਹੋ ਜਾਂਦੇ ਨੇ ਇਹ, ਗੁਰ-ਮਾਰਗ ਦੇ ਰਾਹੀਆਂ ਲਈ।
    ਦੌਲਤਮੰਦ ਨੂੰ ਹੋਰ ਮਸ਼ੀਨਾਂ ਵੰਡੀ ਜਾਵੇਂ ਦੌਲਤ ਲਈ,
    ਖੁੰਢੀਆਂ ਕਿਉਂ ਨੇ ਰੰਬੀਆਂ ਹਾਲੇ, ਸਾਡੇ ਪਿੰਡ ਦੇ ਘਾਹੀਆਂ ਲਈ।
    ਦਿਲ ਦੀ ਦੌਲਤ ਖਿੱਲਰ ਚੱਲੀ, ਰੂਹ ਨੂੰ ਗੁਰਬਤ ਘੇਰ ਲਿਆ,
    ਤਨ ਮੇਰੇ ਨੂੰ ਝੋਰਾ ਲੱਗਾ, ਕੁਝ ਮਰਲੇ ਸਰਸਾਹੀਆਂ ਲਈ।
    ਕਲਮ ਦਵਾਤ ਡੁਸਕਦੀ ਵੇਖੀ ਕੱਚੇ ਘਰ ਦੇ ਵਿਹੜੇ ਵਿੱਚ,
    ਦੇਸ਼ ਆਜ਼ਾਦ ਗੁਲਾਮ ਬਚਪਨਾ, ਤਰਸੇ ਕਲਮ ਸਿਆਹੀਆਂ ਲਈ।
    ਟੁੱਟੀ ਮੰਜੀ ਵਾਣ ਪੁਰਾਣਾ, ਗਾਂਢੇ ਲਾ ਲਾ ਹੰਭ ਗਏ ਹਾਂ,
    ਹੁਣ ਤੇ ਸਿਰਫ਼ ਸਹਾਰਾ ਇੱਟਾਂ ਰੱਖੀਆਂ ਦਾ ਹੀ ਬਾਹੀਆਂ ਲਈ।

    7
    ਅੱਜ ਉੱਠਦੇ ਸਵੇਰੇ ਤੇਰਾ ਆਇਆ ਸੀ ਖ਼ਿਆਲ।
    ਝੋਲੀ ਭਰ ਗਈ ਹੈ ਮੇਰੀ ਸੂਹੇ ਸੂਹੇ ਫੁੱਲਾਂ ਨਾਲ।
    ਹੋਰ ਸਾਰੇ ਹੀ ਸਵਾਲਾਂ ਦੇ ਜਵਾਬ ਮੇਰੇ ਕੋਲ,
    ਕੱਲ੍ਹਾ ਹੱਲ ਹੀ ਨਾ ਹੋਵੇ, ਤੇਰੀ ਚੁੱਪ ਦਾ ਸਵਾਲ।
    ਰਾਤੀਂ ਵੇਖਿਆ ਮੈਂ ਚੰਨ, ਟਿਕੀ ਰਾਤ ਸੀ ਚੁਫ਼ੇਰ,
    ਜਾਪ ਅੰਬਰਾਂ 'ਚ ਲੈ ਕੇ ਫਿਰੇਂ ਮੋਤੀਆਂ ਦਾ ਥਾਲ।
    ਓਸ ਖ਼ਤ ਨੂੰ ਵੀ ਕਦੇ ਪੜ੍ਹ ਲਿਆ ਕਰ ਜਾਨੇ,
    ਜਿਹੜਾ ਲਿਖਿਆ ਮੈਂ ਕਿੰਨੀ ਵਾਰੀ ਹੰਝੂਆਂ ਦੇ ਨਾਲ।
    ਤੈਨੂੰ ਪਹਿਲੀ ਵਾਰੀ ਸੁਪਨੇ 'ਚ ਵੇਖਿਆ ਸੀ ਜਦੋਂ,
    ਲੱਗਾ ਕਿੰਨੀ ਸੋਹਣੀ ਵੇਲ ਭਰੀ ਮੋਤੀਏ ਦੇ ਨਾਲ।
    ਆ ਜਾ ਜ਼ਿੰਦਗੀ ਨੂੰ ਹਾਉਕਿਆਂ ਦੇ ਕਹਿਰ ਤੋਂ ਬਚਾ,
    ਇਹ ਤੇ ਮੰਗਦੀ ਹੁੰਗਾਰਾ ਤੈਥੋਂ ਹਾੜ੍ਹ ਤੇ ਸਿਆਲ।
    ਪੱਤਝੜ ਤੋਂ ਫੁਟਾਰਾ ਤੇ ਫੁਟਾਰੇ ਪਿੱਛੋਂ ਫੁੱਲ,
    ਫੁੱਲਾਂ ਪਿੱਛੋਂ ਫ਼ਲ ਪੈਣੈਂ, ਤੇਰੇ ਮੇਰੇ ਸੰਗ ਨਾਲ।

    8
    ਹਾਮੀ ਨਾ ਇਨਕਾਰ ਕਰੇਂ ਤੂੰ ਕਿਉਂ ਏਦਾਂ ਸਰਕਾਰ ਵਾਂਗਰਾਂ।
    ਇਸ ਰਿਸ਼ਤੇ ਨੂੰ ਚੁੱਕੀ ਫਿਰਦਾਂ ਮੈਂ ਸਦੀਆਂ ਤੋਂ ਭਾਰ ਵਾਂਗਰਾਂ।
    ਕੰਮ ਦੀ ਖ਼ਬਰ ਕਦੇ ਨਾ ਕੋਈ, ਦੁਨੀਆਂ ਭਰ ਦਾ ਰੋਲ ਘਚੋਲਾ,
    ਕੀਹ ਦੱਸਾਂ ਮੈਂ ਮਨ ਦੀ ਹਾਲਤ, ਹੋ ਗਈ ਹੈ ਅਖ਼ਬਾਰ ਵਾਂਗਰਾਂ।
    ਕੰਬਦੀ ਟਾਹਣੀ ਉੱਤੋਂ ਉੱਡ ਗਏ ਵੇਖ ਪਰਿੰਦੇ, ਡਰ ਕੇ ਸਾਰੇ,
    ਦਿਲ ਦੀ ਬੁੱਕਲ ਦੇ ਵਿੱਚ ਜਿਹੜੇ, ਰਹਿੰਦੇ ਸੀ ਪਰਿਵਾਰ ਵਾਂਗਰਾਂ।
    ਦਰਦ ਦਿਲੇ ਦਾ ਸੁਣ ਲੈਂਦਾ ਜੇ ਮਹਿਰਮ ਮੇਰਾ ਕੋਲ ਬੈਠ ਕੇ,
    ਮਹਿੰਗੇ ਮੋਤੀ ਕਿੰਜ ਪਰੋਂਦਾ, ਮੈਂ ਹੰਝੂਆਂ ਦੇ ਹਾਰ ਵਾਂਗਰਾਂ।
    ਕਿੰਨਾ ਚਾਨਣ, ਅਗਨੀ, ਤਾਕਤ, ਅੰਦਰ ਤੇਰੇ ਕਿੰਨੇ ਸੂਰਜ,
    ਅਪਣੇ ਅੰਦਰ ਕੀ ਕੁਝ ਰੱਖਿਆ, ਤੂੰ ਬਿਜਲੀ ਦੀ ਤਾਰ ਵਾਂਗਰਾਂ।
    ਅੱਖਾਂ ਮੀਟ ਲਵਾਂ ਤੇ ਦਿਸਦੀ, ਤੇਰੀ ਸੂਰਤ ਜੁਗਨੂੰ ਜਗਦੇ,
    ਨੰਗੀ ਅੱਖ ਨੂੰ ਖ਼ਬਰ ਨਹੀਂ ਹੈ, ਅਣਦਿਸਦੇ ਸੰਸਾਰ ਵਾਂਗਰਾਂ।
    ਯਾਦ ਤੇਰੀ ਦਾ ਪੱਲੂ ਫੜ ਕੇ, ਹੁਣ ਵੀ ਭਟਕਣ ਤੋਂ ਬਚ ਜਾਨਾਂ,
    ਜੀਵਨ ਦੀ ਰਣਭੂਮੀ ਅੰਦਰ, ਤੂੰ ਹੈਂ ਕ੍ਰਿਸ਼ਨ ਮੁਰਾਰ ਵਾਂਗਰਾਂ।

    9
    ਅੱਗੇ ਅੱਗ ਸੀ ਪਿੱਛੇ ਪਾਣੀ, ਜਾਨ ਦੀ ਖ਼ਾਤਰ ਦੱਸ ਕੀਹ ਕਰਦੇ।
    ਦੋਹੀਂ ਪਾਸੀਂ ਮੌਤ ਖੜ੍ਹੀ ਸੀ, ਦੱਸ ਤੂੰ ਕਿਸਦੀ ਹਾਮੀ ਭਰਦੇ।
    ਸੱਤ ਨਦੀਆਂ ਤੇ ਸੱਤ ਸਮੁੰਦਰ, ਇਸ ਤੋਂ ਡੂੰਘੇ ਨੈਣ ਬਲੌਰੀ,
    ਦਿਲ ਦਰਿਆ ਤੋਂ ਅੱਗੇ ਜਾ ਕੇ, ਇਹ ਸਾਰਾ ਕੁਝ ਕਿੱਦਾਂ ਤਰਦੇ।
    ਸ਼ਾਮ ਢਲੀ ਪਰਛਾਵੇਂ ਲੰਮੇ, ਰਾਤ ਪਈ ਤੇ ਜਗ ਪਏ ਦੀਵੇ,
    ਪੌਣ ਵਗੀ ਤੇ ਲਾਟਾਂ ਡੋਲਣ, ਜੀਕਣ ਉਹ ਸੀ ਹੌਕੇ ਭਰਦੇ।
    ਡਾਢਾ ਗੂੜ੍ਹਾ ਘੋਰ ਹਨੇਰਾ, ਮਨ ਦੇ ਅੰਦਰ ਸ਼ੋਰ ਬਥੇਰਾ,
    ਚੁੱਪ ਦਾ ਚਾਰ ਚੁਫ਼ੇਰੇ ਜੰਗਲ, ਏਸੇ ਚੁੱਪ ਤੋਂ ਰਹੀਏ ਡਰਦੇ।
    ਤੂੰ ਤੇ ਹੁਕਮ ਚੜ੍ਹਾ ਦਿੱਤਾ ਸੀ, ਸਿਖ਼ਰ ਚੁਬਾਰੇ ਪਹੁੰਚੋ ਸਾਰੇ,
    ਬਿਨ ਪੌੜੀ ਤੋਂ ਆਪੇ ਦੱਸ ਤੂੰ, ਕਦਮ ਉਤਾਂਹ ਨੂੰ ਕਿੱਥੇ ਧਰਦੇ।
    ਮੰਡੀ ਦੇ ਵਿਚ ਆਸ ਦੇ ਪੰਛੀ, ਪੈਲੀ ਵਿਚ ਉਮੀਦਾਂ ਮੋਈਆਂ,
    ਰਾਤ ਹਨ੍ਹੇਰੀ ਅੰਦਰ ਜੁਗਨੂੰ, ਜੇ ਨਾ ਮੱਚਦੇ, ਦੱਸ ਕੀ ਕਰਦੇ।
    ਗਿਲਤੀ ਬੰਨ੍ਹੀ, ਗ਼ਮ ਦੀ ਬੁੱਕਲ, ਬੈਠੇ ਬੀਬੇ ਬੱਚਿਆਂ ਵਾਂਗੂੰ,
    ਹੌਕੇ, ਹਾਵੇ ਤੇ ਉਦਰੇਵੇਂ, ਮੇਰੇ ਸਾਰੇ ਹਾਣੀ ਠਰਦੇ।

    10
    ਅੰਬਰਾਂ ਵਿਚ ਤਾਰੀ ਲੱਗਣੀ ਨਹੀਂ, ਜੇ ਖੰਭਾਂ ਵਿਚ ਪਰਵਾਜ਼ ਨਹੀਂ।
    ਕਬਰਾਂ ਜਿਹੀ ਚੁੱਪ ਕਿਉਂ ਚਿਹਰੇ ਤੇ, ਹੈ ਬੰਦ ਜ਼ਬਾਨ, ਆਵਾਜ਼ ਨਹੀਂ।
    ਕਾਵਾਂ ਦੀ ਅਸਲ ਹਕੀਕਤ ਨੂੰ, ਤੂੰ ਜਾਣਦਿਆਂ ਵੀ ਚੁੱਪ ਰਹਿੰਦੈਂ,
    ਸੱਚ ਬੋਲਣ ਤੋਂ ਘਬਰਾ ਜਾਣਾ, ਇਸ ਧਰਤੀ ਦਾ ਅੰਦਾਜ਼ ਨਹੀਂ।
    ਚਿੜੀਆਂ ਵੀ ਜਿਸ ਤੋਂ ਸਹਿਮਦੀਆਂ, ਨਾ ਸੁਣੇਂ ਅਪੀਲਾਂ ਰਹਿਮ ਦੀਆਂ,
    ਇਹ ਸ਼ਿਕਰਾ ਆਦਮਖ਼ੋਰ ਜਿਹਾ, ਚੋਟੀ ਤੇ ਬੈਠਾ ਬਾਜ਼ ਨਹੀਂ।
    ਗਰਜ਼ਾਂ ਲਈ ਫ਼ਰਜ਼ ਭੁਲਾ ਬੈਠਾਂ, ਮੈਂ ਹੌਲੀ ਹੌਲੀ ਗਰਕ ਗਿਆਂ,
    ਮੈਂ ਤਾਹੀਉਂ ਚੁੱਪ ਚੁੱਪ ਰਹਿੰਦਾ ਹਾਂ, ਉਂਝ ਤੇਰੇ ਨਾਲ ਨਾਰਾਜ਼ ਨਹੀਂ।
    ਮੇਰੀ ਚੁੱਪ ਨੂੰ ਜੋ ਮਿਸਮਾਰ ਕਰੇ, ਤੇ ਰੂਹ ਮੇਰੀ ਸਰਸ਼ਾਰ ਕਰੇ,
    ਸਾਹਾਂ ਵਿਚ ਸੰਦਲ ਘੋਲੇ ਜੋ, ਕਿਉਂ ਵੱਜਦਾ ਇੱਕ ਵੀ ਸਾਜ਼ ਨਹੀਂ।
    ਇਹ ਸਾਰਾ ਖੇਲ ਰਚਾਇਆ ਹੈ, ਚੋਰਾਂ ਤੇ ਸਾਧਾਂ ਰਲ ਮਿਲ ਕੇ,
    ਸਭ ਜਾਣਦਿਆਂ ਵੀ ਚੁੱਪ ਬੈਠੇ, ਹੁਣ ਇਹ ਗੱਲ ਲੁਕਵਾਂ ਰਾਜ਼ ਨਹੀਂ।
    ਤੂੰ ਮਾਣ ਮਰਤਬੇ ਕੁਰਸੀ ਤੇ, ਕਲਗੀ ਦਾ ਕੈਦੀ ਬਣ ਬੈਠਾ,
    ਜੋ ਸੱਚ ਦਾ ਮਾਰਗ ਛੱਡ ਜਾਵੇ, ਫਿਰ ਰਹਿੰਦਾ ਉਹ ਜਾਂਬਾਜ਼ ਨਹੀਂ।