ਕਾਂਡ 7
ਅਗਲੇ ਦਿਨ ਦੇਬੀ ਤੜਕੇ ਹੀ ਨਿਰਮਲ ਨੂੰ ਨਾਲ ਲੈ ਕੇ ਨਕੋਦਰ ਨੂੰ ਚੱਲ ਪਿਆ, ਅਪਣਾ ਅਕਾਉਟ ਖੁਲਵਾਉਣਾ, ਫੋਰਡ ਟਰੈਕਟਰ ਦੀ ਏਜੰਸੀ ਵਿੱਚ ਟਰੈਕਟਰ ਦਾ ਕਲੇਮ ਕਰਾਉਣਾ ਅਤੇ ਖੇਤੀਬਾੜੀ ਮਹਿਕਮੇ ਨਾਲ ਸਬੰਧਿਤ ਦਫਤਰ ਵਿੱਚ ਸਹਾਇਕ ਧੰਦਿਆ ਦੀ ਜਾਂਣਕਾਰੀ ਲੈਣੀ ਆਦਿ ਕੰਮ ਨਬੇੜਨੇ ਚਾਹੁੰਦਾ ਸੀ, ਸੱਜਣ ਕਾਲਜ ਜਾਂਦੇ ਝਾਤੀ ਮਾਰਦੇ ਰਹੇ ਪਰ ਦੇਬੀ ਨਾਂ ਦਿਸਿਆ ਭੂਆ ਨੇ ਦੱਸਿਆ ਸ਼ਹਿਰ ਗਏ ਆ, ਅੱਜ ਦੂਜੇ ਦਿਨ ਫੇਰ ਅਤੇ ਤੀਜੇ ਦਿਨ ਵੀ ਸਾਰਾ ਦਿਨ ਸ਼ਹਿਰ ਬੀਤਿਆ ਪਰ ਦੇਬੀ ਨੇ ਬਹੁਤ ਸਾਰੇ ਕੰਮ ਨਜਿੱਠ ਲਏ ਸਨ, ਪੰਜਾਬ ਵਿੱਚ ਰਿਸ਼ਵਤ ਖੋਰੀ ਬਾਰੇ ਉਸ ਨੇ ਸੁਣਿਆ ਸੀ ਹੁਣ ਦੇਖ ਵੀ ਰਿਹਾ ਸੀ, ਧੀਮੀ ਗਤੀ ਦੇ ਸਮਾਚਾਰਾਂ ਵਾਗ, ਕੀੜੀ ਦੀ ਚਾਲੇ ਕੰਮ ਕਰਦੇ ਦਫਤਰੀ ਮੁਲਾਜਮ, ਸਾਰਾ ਦਿਨ ਚਾਹ ਪੀ ਕੇ ਅਤੇ ਯੱਕੜ ਵਾਹ ਕੇ ਸਮਾਂ ਪਾਸ ਕਰਦੇ ਸਰਕਾਰੀ ਕਰਮਚਾਰੀ, ਬਜਾਰ ਵਿੱਚ ਮੰਗਤਿਆ ਦਾ ਉਸ ਨੂੰ ਥਾਂ ਥਾਂ ਰੋਕਣਾ ਅਤੇ ਹੋਰ ਕਈ ਕੁਝ … ।।
ਉਹ ਰਿਸ਼ਵਤ ਆਦਿ ਦਾ ਸਖਤ ਵਿਰੋਧੀ ਸੀ ਪਰ ਇਹ ਵੀ ਜਾਣਦਾ ਸੀ ਕਿ ਜੇ ਉਸ ਨੇ ਵਿਰੋਧ ਕੀਤਾ ਤਾਂ ਕੁੱਝ ਨਹੀ ਕਰ ਪਾਵੇਗਾ, ਉਸ ਕੋਲ ਸਮਾਂ ਬਹੁਤ ਥੋੜਾ ਸੀ ਪਰ ਕੰਮ ਬਹੁਤ ਜਿਆਦੇ, ਨਿਰਮਲ ਨੂੰ ਸ਼ਹਿਰ ਕਈ ਲੋਕ ਜਾਂਣਦੇ ਸਨ ਪਰ ਉਹ ਰਿਹਾ ਅਨਪੜ, ਕੋਈ ਬਹੁਤੀ ਸੂਚਨਾਂ ਉਸ ਕੋਲ ਨਹੀ ਸੀ …
"ਬਾਈ ਅਪਣੀ ਕਚਿਹਰੀ ਵਿੱਚ ਸਭ ਤੋ ਚਲਾਕ ਬੰਦਾ ਕੌਣ ਆ"।
ਦੇਬੀ ਮੰਜਿਲ ਨੂੰ ਖਿੱਚ ਕੇ ਨੇੜੇ ਲਿਆਉਣਾਂ ਚਾਹੁੰਦਾ ਸੀ।
"ਚਲਾਕ ਤਾਂ ਬਾਈ ਇਥੇ ਹਰ ਕੋਈ ਆ, ਪਰ ਪਰੇਮ ਚੰਦ ਕਲਰਕ ਸਾਰਿਆ ਦਾ ਪਿਓ ਆ, ਕੋਈ ਕੰਮ ਕਰਾਉਣਾ ਹੋਵੇ ਬੱਸ ਪਰੇਮ ਚੰਦ ਨੂੰ ਪੁੱਛੋ"।
ਨਿਰਮਲ ਨੇ ਦੱਸਿਆ, ਦੇਬੀ ਨੇ ਪਤਾ ਕੀਤਾ ਪਰੇਮ ਚੰਦ ਅਪਣੇ ਅੱਡੇ ਤੇ ਬੈਠਾ ਸੀ, ਪੁਰਾਂਣੀ ਜਿਹੀ ਟਾਈਪਰਾਈਟਰ ਅਤੇ ਕੁੱਝ ਫਾਈਲਾਂ ਉਸ ਦੀ ਪੂਰੀ ਪੂੰਜੀ ਸੀ, ਪਰ ਅਸਲੀ ਪੂੰਜੀ ਸੀ ਉਸਦੀ ਜਬਾਨ, ਦੋਧਾਰੀ ਛੁਰੀ ਪਰ ਨਿਰੀ ਮਿਸ਼ਰੀ, ਮਜਾਲ ਸੀ ਕੋਈ ਨਾਂਹ ਕਹਿ ਜਾਵੇ।
"ਪਰੇਮ ਜੀ ਜਨਾਬ ਦੀਆਂ ਸਿਫਤਾਂ ਸੁਣ ਕੇ ਆਇਆ, ਕੁੱਝ ਮਿਹਰਬਾਨੀ ਕਰ ਦਿਓ ਤਾਂ ਬੜੀ ਮਿਹਰਬਾਨੀ"।
ਦੇਬੀ ਲੋੜ ਪੈਂਣ ਤੇ ਪੈਂਤਰਾ ਬਦਲਣ ਨੂੰ ਚਾਪਲੂਸੀ ਨਹੀ ਸਗੋ ਵਕਤ ਪਛਾਂਣੇ ਸੋ ਬੰਦਾ ਹੋਇ ਦੀ ਨੀਤੀ ਸਮਝਦਾ ਸੀ।
"ਮਾਹਰਾਜ, ਗੋਲੀ ਕੀਹਦੀ ਤੇ ਗਹਿਣੇ ਕੀਹਦੇ, ਮੁਖਾਰਬਿੰਦ ਚੋ ਹੁਕਮ ਤਾਂ ਕਰੋ"।
ਪਰੇਮ ਚੰਦ ਪਰੇਮ ਦੀ ਮੂਰਤੀ ਬਣਿਆ ਪਿਆ ਸੀ, ਦੇਬੀ ਨੇ ਇੱਕ ਲਿਸਟ ਕੱਢ ਕੇ ਦਿੱਤੀ, ਉਸ ਵਿੱਚ ਜਿਮੀਦਾਰਾ ਧੰਦੇ ਨਾਲ ਸਬੰਧਿਤ ਸਰਕਾਰੀ ਸਹਾਇਤਾ, ਵਧੀਆ ਬੀਜ, ਸਹਾਇਕ ਧੰਦਿਆ ਲਈ ਸਰਕਾਰੀ ਸਬਸਿਡੀਆਂ, ਬਿਜਲੀ ਬੋਰਡ ਨਾਲ ਸਬੰਧਿਤ ਕਰਮਚਾਰੀ, ਟੈਲੀਫੋਨ ਮਹਿਕਮਾ ਦੇ ਕਰਿੰਦੇ ਅਤੇ ਹੋਰ ਕੰਮ ਆਉਣ ਵਾਲੇ ਬੰਦਿਆ ਦਾ ਵੇਰਵਾ ਸੀ।
"ਪਰੇਮ ਜੀ ਮੇਰਾ ਖਿਆਲ ਆ ਬਈ ਏਨਾਂ ਸਾਰਿਆ ਨਾਲ ਤੁਹਾਡਾ ਬਥੇਰਾ ਪਰੇਮ ਹੋਣਾ ਅਤੇ ਬੇਨਤੀ ਇਹ ਆ ਬਈ ਥੋੜਾ ਜਿਹਾ ਪਰੇਮ ਸਾਡਾ ਵੀ ਇਨਾਂ ਨਾਲ ਕਰਵਾ ਦਿਓ ਅਤੇ ਇਹ ਰਿਹਾ ਸਾਡੇ ਵੱਲੋ ਜਨਾਬ ਲਈ ਪਰੇਮ "।
ਦੇਬੀ ਉਸਨੂੰ ਇੱਕ ਲਿਫਾਫਾ ਫੜਾ ਕੇ ਨਿਰਮਲ ਨੂੰ ਨਾਲ ਲਿਆ ਤੇ ਤੁਰ ਪਿਆ … ।।
"ਮਾਹਰਾਜ, ਚਾਹ ਤਾਂ ਪੀ … ।" ਬਾਕੀ ਸ਼ਬਦ ਪਰੇਮ ਦੇ ਮੂੰਹ ਵਿੱਚ ਹੀ ਰਹਿ ਗਏ, ਦੇਬੀ ਨੇ ਪਿੱਛਾ ਮੁੜ ਕੇ ਨਾਂ ਦੇਖਿਆ, ਨਿਰਮਲ ਕੁੱਝ ਸਮਝ ਨਾਂ ਸਕਿਆ, ਦੇਬੀ ਪਛਤਾ ਰਿਹਾ ਸੀ ਕਿ ਪਰੇਮ ਚੰਦ ਨੂੰ ਦੋ ਦਿਨ ਪਹਿਲਾ ਮਿਲਿਆ ਹੁੰਦਾ ਤਾਂ ਮਸਲੇ ਪਹਿਲਾਂ ਹੱਲ ਹੋ ਜਾਣੇ ਸਨ, ਪਰੇਮ ਚੰਦ ਨੇ ਲਿਫਾਫਾ ਖੋਲਿਆ, ਸੌ ਸੋ ਦੇ ਨੋਟਾਂ ਦੀ ਦੱਥੀ ਉਸ ਨੁੰ ਸਲਾਮਾਂ ਕਰ ਰਹੀ ਸੀ, ਪਰੇਮ ਚੰਦ ਦੇ ਪੂਰੇ ਕੈਰੀਅਰ ਵਿੱਚ ਐਸੀ ਘਟਨਾ ਉਸ ਨਾਲ ਨਹੀ ਸੀ ਵਾਪਰੀ, ਰਿਸਵਤ ਲੈਣ ਦਾ ਹਰ ਤਰੀਕਾ ਉਸ ਨੂੰ ਅਉਦਾ ਸੀ, ਪਰ ਕਦੇ ਕੋਈ ਏਦਾਂ ਨੋਟਾਂ ਦਾ ਬੰਡਲ ਬਿਨਾ ਕੰਮ ਤੋ ਨਹੀ ਸੀ ਦੇ ਕੇ ਗਿਆ, ਪਰੇਮ ਚੰਦ ਨੂੰ ਲੱਗਿਆ ਇਹ ਬੰਦਾ ਬਹੁਤ ਕੰਮ ਦੇਵੇਗਾ, ਉਸ ਨੇ ਦੇਬੀ ਦੇ ਕੰਮਾਂ ਦੀ ਲਿਸਟ ਫਿਰ ਪੜੀ ਤੇ ਮਨ ਹੀ ਮਨ ਮੁਸਕਰਾਉਣਾ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਦੇਬੀ ਦੀ ਸਕੀਮ ਦੇ ਸਦਕੇ ਜਾ ਰਿਹਾ ਸੀ।
ਦੋ ਦਿਨ ਬਾਅਦ ਐਤਵਾਰ ਸੀ, ਦੇਬੀ ਨੇ ਘਰ ਸੁਖਮਨੀ ਸਾਹਿਬ ਦੇ ਪਾਠ ਦਾ ਆਯੋਜਨ ਕੀਤਾ ਸੀ, ਇਸ ਦਿਨ ਸਾਰੇ ਪਿੰਡ ਨੂੰ ਨਿਊਂਦਾ ਦਿੱਤਾ ਸੀ, ਲਿਸਟ ਤੇ ਲਿਖੇ ਸਰਕਾਰੀ ਕਰਮਚਾਰੀ ਵੀ ਇਸ ਦਿਨ ਸੱਦੇ ਸਨ, ਦਸ ਹਜਾਰ ਰੁਪਏ ਨਾਲ ਉਹ ਲੱਖ ਦੇ ਕੰਮ ਲੈਂਣੇ ਚਾਹੁੰਦਾ ਸੀ, ਸਾਰੇ ਪਿੰਡ ਨੂੰ ਸੱਦਾ ਭੇਜਿਆ ਸੀ, ਘੁੱਦਾ ਐਂਡ ਪਾਰਟੀ ਨੂੰ ਕਿਹਾ ਕਿ ਤੁਸੀ ਐਤਵਾਰ ਤੱਕ ਕਾਲਜ ਨਹੀ ਜਾਣਾਂ, ਮੋਟਰਸਾਈਕਲ ਦੀ ਚਾਬੀ ਉਨਾਂ ਨੂੰ ਦੇ ਕੇ ਟੰਕੀ ਫੁੱਲ ਕਰਕੇ ਕਿਹਾ …
"ਮਿੱਤਰੋ ਹਲਵਾਈ ਤੋ ਲੈ ਕੇ ਟੈਂਟ ਆਦਿ ਤੇ ਬਾਕੀ ਸਾਰੇ ਕੰਮ ਤੁਸੀ ਕਰਨੇ ਆਂ, ਅਤੇ ਘੁੱਦਿਆ ਤੇਰੇ ਲਈ ਇੱਕ ਸ਼ਪੈਸ਼ਲ ਕੰਮ ਆ, ਉਹ ਇਹ ਕਿ ਦਸ ਕੁ ਬੰਦਿਆ ਦੀ ਟੋਲੀ ਨੇ ਆਉਣਾ ਆ ਤੇ ਉਨਾਂ ਨੂੰ ਖੁਸ਼ ਕਰਨਾਂ ਆ, ਖਾਂਣ ਪੀਣ ਵਾਲੇ ਬੰਦੇ ਆ"।
ਬਾਕੀ ਘੁੱਦਾ ਸਭ ਆਪ ਹੀ ਸਮਝ ਗਿਆ ਸੀ, ਉਹਦੇ ਭਾਅ ਦੀ ਦੀਵਾਲੀ ਹੋ ਗਈ ।
"ਬਾਈ ਸਿਆਂ ਬੁਲੇਟ ਥੱਲੇ ਹੋਵੇ ਤਾਂ ਭਾਵੇ ਕਾਲੇ ਪਾਂਣੀ ਤੱਕ ਭੇਜ ਦੇ"।
ਘੁੱਦਾ ਬਾਗੋ ਬਾਗ ਸੀ ਉਸ ਨੇ ਜੁੰਡੀ ਦੇ ਵਿਹਲੜ ਯਾਰ ਹੋਰ ਸੱਦ ਲਏ ਤੇ ਦਿਨ ਰਾਤ ਇੱਕ ਕਰ ਦਿੱਤਾ।
ਭੂਆ ਨੂੰ ਉਸ ਨੇ ਕਿਹਾ ਕਿ ਹਰ ਘਰ ਆਪ ਜਾ ਕੇ ਕਹਿ ਕੇ ਆਉਣਾਂ, ਉਹ ਯਕੀਨੀ ਬਣਾਉਣਾ ਚਾਹੁੰਦਾ ਸੀ ਕਿ ਸੱਜਣ ਵੀ ਫੇਰਾ ਪਾਉਣ, ਭੂਆ ਘਰ ਘਰ ਜਾ ਕੇ ਕਹਿ ਆਈ, ਐਤਵਾਰ ਆ ਗਿਆ, ਨੌ ਕੁ ਵਜੇ ਗਰੰਥੀ ਸਿੰਘ ਦਾ ਸੁਨੇਹਾ ਆ ਗਿਆ ਕਿ ਮਹਾਰਾਜ ਦੀ ਸਵਾਰੀ ਲੈਂਣ ਲਈ ਕਾਕਾ ਜੀ ਆਪ ਆਉਣ, ਦੇਬੀ ਕੁੱਝ ਮੁੰਡਿਆ ਤੇ ਦੋ ਕੁ ਬਯੁਰਗਾਂ ਨੂੰ ਨਾਲ ਲੈ ਕੇ ਗੁਰਦਵਾਰੇ ਪਹੁੰਚ ਗਿਆ, ਉਹਦਾ ਖੱਦਰ ਦਾ ਕੁੜਤਾ ਪਜਾਮਾ ਆ ਚੁੱਕਿਆ ਸੀ, ਸਿਰ ਤੇ ਪੀਲੇ ਰੰਗ ਦਾ ਸਾਫਾ ਬੰਨ ਕੇ ਉਹ ਸਹੀ ਪੰਜਾਬੀ ਜਿਮੀਦਾਰ ਲਗਦਾ ਸੀ, ਅਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖ ਕੇ ਉਹ ਖੁਦ ਨੂੰ ਪਛਾਂਣ ਨਾਂ ਸਕਿਆ, ਖੱਦਰ ਦੇ ਕੱਪੜੇ ਉਸਨੂੰ ਉਪਰੇ ਜਿਹੇ ਲੱਗਦੇ ਸਨ, ਸਾਰੀ ਉਮਰ ਜੀਨ ਪਾਉਣ ਵਾਲਾ ਅਚਾਂਨਕ ਖੱਦਰਧਾਰੀ ਬਣ ਗਿਆ, ਪਰ ਗਰਮੀ ਦੇ ਮੌਸਮ ਵਿੱਚ ਬਹੁਤ ਅਰਾਂਮਦਾਇਕ ਵੀ ਸਨ, ਮਹਾਤਮਾ ਗਾਂਧੀ ਖੱਦਰ ਕਿਓ ਪਸੰਦ ਕਰਦੇ ਸਨ ਹੁਣ ਉਹ ਸਮਝ ਸਕਦਾ ਸੀ।
"ਬਾਈ ਬਾਕੀ ਤਾਂ ਸਭ ਠੀਕ ਆ ਪਰ ਆਹ ਤੇਰੇ ਖੱਦਰ ਨੇ ਸਾਡੀ ਟੌਹਰ ਖਰਾਬ ਕਰਤੀ"।
ਘੁੱਦੇ ਨੂੰ ਦੇਬੀ ਦਾ ਲਿਬਾਸ ਬਿਲਕੁਲ ਚੰਗਾ ਨਹੀ ਸੀ ਲਗਦਾ।
"ਉਹ ਯਾਰ ਤੁਹਾਡੀ ਟੌਹਰ ਏਸ ਖੱਦਰ ਨੇ ਘਟਾਉਣੀ ਨਹੀ ਵਧਾਉਣੀ ਆ, ਜੇ ਲੋਕ ਮੇਰੇ ਵੱਲ ਦੇਖਦੇ ਰਹੇ ਤਾ ਤੇਰੀ ਵਾਰੀ ਨਹੀ ਆਉਣੀ, ਮੈਨੂੰ ਏਦਾ ਈ ਮਜਾ ਆਉਦਾ"।
ਘੁੱਦਾ ਕੁੱਝ ਸਮਝ ਨਹੀ ਸੀ ਸਕਿਆ।
ਪਿੰਡੋ ਕੁੱਝ ਬੀਬੀਆ ਤੇ ਮੁਟਿਆਰਾ ਕੁੜੀਆ ਸਵੇਰ ਤੋ ਹੀ ਆ ਗਈਆਂ ਸਨ, ਭੂਆ ਦੀ ਮਦਦ ਕਰਨ ਲਈ, ਪੰਮੀ ਘਰ ਵਿੱਚ ਇਵੇ ਫਿਰਦੀ ਸੀ ਜਿਵੇ ਉਹਦੇ ਭਰਾ ਦਾ ਵਿਆਹ ਹੋਵੇ, ਉਹ ਖਾਂਣ ਪੀਣ ਦੇ ਸਮਾਂਨ ਦੀ ਇਨਚਾਰਜ ਸੀ ।
"ਪੰਮੋ ਅੱਜ ਚਾਂਨਣ ਹੋਵੇਗਾ ਕਿ ਹਨੇਰਾ ਈ ਰਹੂੰ"? ।
ਦੇਬੀ ਨੇ ਕੁੱਝ ਦੇਰ ਪਹਿਲਾਂ ਪੰਮੀ ਨੂੰ ਪੁੱਛਿਆ ਸੀ।
"ਵੀਰੇ ਚਾਂਨਣ ਤਾਂ ਹਰ ਹਾਲਤ ਹੋਵੇਗਾ, ਲੇਟ ਭਾਵੇ ਹੋ ਜੇ"।
ਪੰਮੀ ਨੇ ਉਸਦੀ ਦਿਲ ਦੀ ਸਮਝ ਕੇ ਕਿਹਾ।
"ਪਰ ਚਾਂਨਣ ਦੇ ਚੱਕਰ ਵਿੱਚ ਓਹ ਮੇਰੇ ਸਰਪਰਾਈਜ ਨੂੰ ਭੁੱਲ ਗਏ ਲਗਦੇ ਓ"।
ਪੰਮੀ ਨੇ ਯਾਦ ਕਰਾਇਆ।
"ਪੰਮੋ ਤੇਰਾ ਸਰਪਰਾਈਜ ਭੁੱਲਣ ਦਾ ਤਾਂ ਸਵਾਲ ਈ ਨੀ ਪੈਦਾ ਹੁੰਦਾ, ਇਹ ਸਾਰਾ ਕੁੱਝ ਇੱਕ ਵੱਡੇ ਸਰਪਰਾਈਜ ਦਾ ਹੀ ਹਿੱਸਾ ਆ, ਹਰ ਕੰਮ ਮੇਰੇ ਪਲੈਨ ਮੁਤਾਬਿਕ ਹੁੰਦਾ ਨਹੀ, ਜੇ ਹੋ ਸਕਦਾ ਹੁੰਦਾ ਤਾਂ ਆਪਾਂ ਹਨੇਰਾ ਕਦੇ ਹੋਣ ਈ ਨਹੀ ਸੀ ਦੇਣਾ"।
ਹਾਲੇ ਉਹ ਇਹ ਗੱਲਾਂ ਕਰ ਹੀ ਰਹੇ ਸਨ ਕਿ ਗਰੰਥੀ ਜੀ ਦਾ ਸੁਨੇਹਾ ਆ ਗਿਆ, ਤੇ ਉਹ ਗੁਰਦਵਾਰੇ ਵੱਲ ਤੁਰ ਪe, ਗਰੰਥੀ ਜੀ ਨੇ ਅਰਦਾਸ ਕਰ ਕੇ ਗਰੰਥ ਸਾਹਿਬ ਦੀ ਬੀੜ ਉਸ ਦੇ ਸਿਰ ਤੇ ਟਿਕਾ ਦਿੱਤੀ, ਦੇਬੀ ਦੇ ਘਰ ਨੇ ਬਹੁਤ ਸਾਲ ਉਡੀਕਿਆ ਸੀ ਐਸੇ ਮੌਕੇ ਨੂੰ, ਗਰੰਥੀ ਜੀ ਅੱਗੇ ਅੱਗੇ ਸੰਖ ਪੂਰਦੇ ਜਾ ਰਹੇ ਸਨ, ਪਾਣੀ ਦਾ ਛਿੱਟਾ ਦਿੱਤਾ ਜਾ ਰਿਹਾ ਸੀ, ਲੋਕ ਦੇਬੀ ਨੂੰ ਖੱਦਰਧਾਰੀ ਹੋਇਆ ਦੇਖ ਪਤਾ ਨਹੀ ਕੀ ਕੁੱਝ ਸੋਚ ਰਹੇ ਸਨ, ਪਿੰਡੋ ਕਾਫੀ ਲੋਕ ਗਰੰਥ ਸਾਹਿਬ ਦੀ ਸਵਾਰੀ ਦੇ ਪਿੱਛੇ ਪਿੱਛੇ ਜਾ ਰਹੇ ਸਨ, ਗਰੰਥ ਸਾਹਿਬ ਨੂੰ ਪਹਿਲਾਂ ਤੋ ਸਵਾਰੀ ਜਗਾ ਤੇ ਸ਼ੁਸ਼ੋਭਿਤ ਕੀਤਾ ਗਿਆ, ਪਰਾਹੁਣੇ ਚਾਹ ਪਾਣੀ ਛਕ ਰਹੇ ਸਨ, ਮਿਠਾਈ ਤੇ ਪਕਾਉੜੇ ਸਵੇਰ ਤੋ ਹੀ ਵਰਤਾਏ ਜਾ ਰਹੇ ਸਨ, … ।।
ਪਾਠ ਸ਼ੁਰੂ ਹੋ ਗਿਆ, ਤਕਰੀਬਨ ਸਾਰਾ ਪਿੰਡ ਹੀ ਪਹੁੰਚਿਆ ਹੋਇਆ ਸੀ, ਸ਼ਹਿਰ ਤੋ ਪਰੇਮ ਚੰਦ ਦੀ ਮਿਹਰਬਾਨੀ ਸਦਕਾ ਕਲਰਕ, ਛੋਟੇ ਅਫਸਰ ਅਤੇ ਕੁੱਝ ਹੋਰ ਅਸਰ ਰਸੂਖ ਵਾਲੇ ਬੰਦੇ ਪਹੁੰਚ ਗਏ, ਪਿੰਡ ਵਾਲੇ ਇਸ ਗੱਲ ਤੇ ਹੈਰਾਂਨ ਸਨ ਕਿ ਇਹ ਸਭ ਕਿਸ ਦੇ ਕਹੇ ਤੇ ਆਏ, ਦੇਬੀ ਨੂੰ ਤਾਂ ਕੋਈ ਜਾਣਦਾ ਈ ਨਹੀ ਸੀ, ਦੀਪੀ ਦੇ ਮਾਂ ਪਿਓ ਵੀ ਆ ਬੈਠੇ, ਦੇਬੀ ਦੀਆਂ ਨਜਰਾਂ ਵਾਰ ਵਾਰ ਬਾਹਰ ਵੱਲ ਉਠ ਰਹੀਆਂ ਸਨ, ਸੂਰਜ ਚੜਨ ਦਾ ਨਾ ਹੀ ਨਹੀ ਸੀ ਲੈ ਰਿਹਾ, ਮਨਦੀਪ ਤੇ ਬਾਕੀ ਕੁੜੀਆਂ ਵੀ ਆ ਪਹੁੰਚੀਆਂ, ਦੇਬੀ ਨੇ ਕੁੜੀਆਂ ਦਾ ਆਓ ਭਗਤ ਕੀਤਾ ਅਤੇ ਸਵਾਲੀਆ ਨਜਰਾਂ ਨਾਲ ਮਨਦੀਪ ਵੱਲ ਦੇਖਿਆ, … ।
"ਵੀਰੇ ਉਹਨੂੰ ਕੋਈ ਸੂਟ ਈ ਨੀ ਪਸੰਦ ਆਉਦਾ, ਕਹਿੰਦੀ ਤੁਸੀ ਚਲੋ ਮੈ ਆਉਨੀ ਆ"।
ਮਨਦੀਪ ਨੇ ਦੱਸ ਕੇ ਦੇਬੀ ਨੂੰ ਜਰਾ ਸੌਖਾ ਕਰ ਦਿੱਤਾ, ਥੋੜੀ ਕੁ ਦੇਰ ਬਾਅਦ ਦਲੀਪ ਦੀ ਲੰਡੀ ਜੀਪ ਬਾਹਰ ਆ ਕੇ ਰੁਕੀ, ਦੋਵੇ ਭੈਂਣ ਭਰਾ ਉਤਰੇ, ਦੇਬੀ ਤਾ ਖੜਾ ਹੀ ਦਰਵਾਜੇ ਨੇੜੇ ਸੀ, ਹਲਕਾ ਜਿਹਾ ਮੇਕਅੱਪ ਤੇ ਪੀਲੇ ਰੰਗ ਦਾ ਸੂਟ, ਸਰੋਂ ਦਾ ਫੁੱਲ ਬਣੀ ਦੀਪੀ ਨੇ ਜਦੋ ਦੋਵੇ ਹੱਥ ਜੋੜ ਕੇ ਸਤਿ ਸ਼ਿਰੀ ਅਕਾਲ ਕਹੀ ਤਾਂ ਦੇਬੀ ਦਾ ਦਿਲ ਕਰਦਾ ਸੀ ਕਿ ਉਹਨੂੰ ਲੈ ਕੇ ਕਿਧਰੇ ਉਡ ਜਾਵੇ, ਪਰ ਨਾਲ ਕੁੜੀ ਦਾ ਭਰਾ ਖੜਾ ਸੀ, ਤੂੰ ਕੁੜੀਆਂ ਨਾਲ ਕਿਓ ਨਹੀ ਆਈ, ਦੇਬੀ ਮਨ ਹੀ ਕਲਪ ਗਿਆ, ਦਲੀਪ ਨੇ ਆ ਕੇ ਗਰਮਜੋਸ਼ੀ ਨਾਲ ਹੱਥ ਮਿਲਾਇਆ … ।।
"ਬਾਈ ਜੀ, ਆਹ ਸਾਰਿਆ ਨਾਲ ਜਾਣ ਪਛਾਣ ਦਾ ਵਧੀਆ ਤਰੀਕਾ ਆ ਤੁਹਾਡਾ, ਨਾਲੇ ਪੁੰਨ ਨਾਲੇ ਫਲੀਆਂ"।
ਦਲੀਪ ਦੇਬੀ ਤੋ ਪ੍ਰਭਾਵਿਤ ਹੋ ਗਿਆ ਸੀ ।
"ਮੈ ਸੋਚਿਆ ਕਿ ਸਾਰੇ ਪਿੰਡ ਦੇ ਹਰ ਘਰ ਵਿੱਚ ਜਾ ਕੇ ਜੇ ਮਿਲਣ ਲੱਗਿਆ ਤਾ ਦੋ ਹਫਤੇ ਏਸੇ ਕੰਮ ਵਿੱਚ ਲੰਘ ਜਾਣੇ, ਕਿਓ ਨਾ ਇੱਕ ਦਿਹਾੜੀ ਵਿੱਚ ਇਹ ਕੰਮ ਹੋ ਜਾਵੇ ?"।
ਦੇਬੀ ਨੇ ਜਵਾਬ ਦਿੱਤਾ।
ਪਾਠ ਦਾ ਭੋਗ ਪਿਆ, ਲੰਗਰ ਵਰਤਿਆ ਸਭ ਭੂਆ ਨੂੰ ਵਧਾਈਆ ਦੇਈ ਜਾ ਰਹੇ ਸਨ, ਤੇ ਨਾਲੇ ਦੇਬੀ ਦੇ ਪਿਓ ਤੇ ਉਸਦੇ ਫਰਕ ਦੀਆਂ ਗੱਲਾਂ ਕਰੀ ਜਾਂਦੇ ਸਨ, ਹੁਣ ਜੋ ਹੋਣ ਲੱਗਾ ਸੀ ਉਸ ਦੀ ਕਿਸੇ ਨੂੰ ਵੀ ਕਲਪਨਾ ਨਹੀ ਸੀ, ਮਹਾਰਾਜ ਦੀ ਸਵਾਰੀ ਘੁੱਦੇ ਦੇ ਬਾਪੂ ਦੇ ਸਿਰ ਤੇ ਰਖਾ ਕੇ ਦੇਬੀ ਨੇ ਸਾਰੇ ਮਹਿਮਾਨਾਂ ਨੂੰ ਇਕੱਠ ਹੋਣ ਲਈ ਬੇਨਤੀ ਕੀਤੀ …
ਮਾਈਕ ਹੱਥ ਵਿੱਚ ਫੜ ਕੇ ਉਹ ਕਹਿਣ ਲੱਗਾ …
"ਸਤਿਕਾਰ ਯੋਗ ਬਯੁਰਗ ਸਾਹਿਬਾਨੋ, ਸ਼ਹਿਰ ਤੋ ਆਏ ਸੱਜਣੋ, ਮੇਰੇ ਹਮ ਉਮਰ ਮੇਰੇ ਮਿੱਤਰੋ ਅਤੇ ਮੇਰੀ ਪੂਜਣ ਯੋਗ ਭੂਆ ਜੀ …
ਮੈਂ ਭਾਵੇ ਇਸੇ ਹੀ ਪਿੰਡ ਦਾ ਜੰਮ ਪਲ ਹਾਂ ਪਰ ਫਿਰ ਵੀ ਬਿਗਾਨਾ ਜਿਹਾ ਮਹਿਸੂਸ ਕਰਦਾ ਹਾਂ, ਜਰਮਨ ਵਿੱਚ ਤਾਂ ਮੈ ਪਰਦੇਸੀ ਹੈਗਾ ਈ ਆ, ਪਰ ਲਗਦਾ ਨਵੇ ਪਿੰਡ ਵੀ ਮੈ ਪਰਦੇਸੀ ਆਂ, ਕਿਤੇ ਨਾਂ ਕਿਤੇ ਮੇਰਾ ਘਰ ਜਰੂਰ ਆ, ਮੇਰਾ ਦਿਲ ਕਹਿੰਦਾ ਕਿ ਇਹ ਪਿੰਡ ਮੇਰਾ ਘਰ ਆ, ਤੇ ਆਪ ਸਭ ਮੇਰੇ ਮਾਂ ਪਿਓ, ਭੈਣ ਭਰਾ ਦੋਸਤ ਮਿੱਤਰ … ।
ਅੱਜ ਜੇ ਮੈ ਆਪ ਦੇ ਸਾਹਮਣੇ ਖੜਾ ਹਾਂ ਤਾਂ ਇਹ ਇਸ ਲਈ ਹੀ ਸੰਭਵ ਹੋ ਸਕਿਆ ਕਿਉਕਿ ਮੇਰਾ
ਪਰੇਮ ਜਰਮਨ ਦੀ ਚਮਕ ਦਮਕ ਤੋ ਵੱਧ ਇਸ ਪਿੰਡ ਨਾਲ ਹੈ, ਤੁਹਾਡੇ ਨਾਲ ਹੈ … ।।
ਜਿੰਨਾ ਮੈ ਆਪ ਸਭ ਤੋ ਦੂਰ ਰਿਹਾ ਹਾਂ ਉਨਾ ਹੀ ਆਪ ਸਭ ਦੇ ਨੇੜੇ ਰਹਿਣ ਦੀ ਇੱਛਾ ਹੈ, ਮੈਂ ਸਦਾਂ ਤੋ ਹੀ ਤੁਹਾਡਾ ਸੀ, ਅਤੇ ਤੁਹਾਨੂੰ ਮੈਂ ਅਪਣੀ ਮਰਜੀ ਨਾਲ ਹੀ ਅਪਣੇ ਬਣਾ ਲਿਆ ਹੈ, ਮੇਰੀ ਇਸ ਪਿੰਡ ਦੇ ਹਰ ਛੋਟੇ ਵੱਡੇ ਨੂੰ ਇਹ ਬੇਨਤੀ ਹੈ ਕਿ ਮੈਨੂੰ ਸਿਰਫ ਸਰੂਪ ਸਿੰਘ ਦਾ ਪੁੱਤਰ ਨਹੀ ਸਮਝਣਾ, ਮੈਂ ਇਸ ਪਿੰਡ ਦਾ ਪੁੱਤਰ ਹਾਂ, ਮੇਰੇ ਇਸ ਘਰ ਵਿੱਚ ਕਦੇ ਕੋਈ ਰੌਣਕ ਨਹੀ ਰਹੀ, ਅੱਜ ਇਹ ਪਹਿਲਾ ਦਿਨ ਹੈ ਕਿ ਮੈਂ ਅਪਣੇ ਪਰਵਾਰ ਵਿੱਚ ਬੈਠਾ ਹਾਂ, ਪਿਛਲੇ ਸਾਲਾਂ ਵਿੱਚ ਮੈ ਜੋ ਜੋ ਮਹਿਸੂਸ ਕਰਦਾ ਰਿਹਾ ਹਾਂ ਉਹ ਇੱਕ ਗੀਤ ਦੇ ਰੂਪ ਵਿੱਚ ਆਪ ਨੂੰ ਸੰਬੋਧਨ ਕਰਨਾ ਚਾਹੁੰਗਾ …
ਸਭ ਹੈਰਾਂਨੀ ਵਿੱਚ ਅੱਖਾ ਅੱਡੀ ਦੇਬੀ ਦੇ ਮੂੰਹ ਵੱਲ ਦੇਖ ਰਹੇ ਸਨ, ਤੇ ਇਹ ਗੱਭਰੂ ਜਿਸ ਨਾਲ ਕਿਸਮਤ ਨੇ ਬਹੁਤ ਖੇਲ ਖੇਲੇ ਸਨ ਉਹ ਅਪਣੇ ਅੰਦਰ ਏਨਾ ਪਰੇਮ ਛੁਪਾਈ ਬੈਠਾ ?
ਜਰਮਨ ਵਿੱਚ ਮਿਲੀਅਨ ਲੋਕ ਰਹਿੰਦੇ ਆ ਪਰ ਹਰ ਵਿਸਾਖੀ, ਦੀਵਾਲੀ ਤੇ ਲੋਹੜੀ ਵੇਲੇ ਮੈ ਕੁੱਝ ਇਸ ਤਰਾਂ ਮਹਿਸੂਸ ਕਰਦਾ ਰਿਹਾ ਹਾ …
ਉਸ ਨੇ ਗੀਤ ਸ਼ੁਰੂ ਕੀਤਾ … ।।
ਸੁੰਨੀਆਂ ਵਿਸਾਖੀਆ ਦਿਵਾਲੀਆਂ ਤੇ ਹੋਲੀਆਂ, ਪਰਦੇਸੀ ਪੁੱਤ ਬੜੀ ਦੂਰ ਵੱਸਦੇ …
ਖੁਸ਼ੀਆਂ ਤਾਂ ਦੂਰ ਸਾਥੋ ਗਮੀਆਂ ਵੀ ਖੋਹ ਲਈਆਂ, ਪਰਦੇਸੀ ਪੁੱਤ ਬੜੀ ਦੂਰ ਵੱਸਦੇ … ।
ਕਦੇ ਕਦੇ ਦਿਲ ਕਰੇ, ਉਡ ਮੈਂ ਪੰਜਾਬ ਜਾਵਾਂ, ਗੰਨਿਆ ਦਾ ਰਸ ਪੀਵਾਂ ਸਰੋ ਵਾਲਾ ਸਾਗ ਖਾਵਾ ਮੱਕੀ ਦੀਆਂ ਰੋਟੀਆ ਦੇ ਕੀ ਕਹਿਣੇ ਮੱਖਣ ਦਾ ਪੇੜਾ ਰੱਖ ਦੇਂਦੀਆਂ ਸੀ ਕਦੇ ਮਾਵਾਂ ਰਾੜ ਕੇ ਪਰਾਉਠੇ ਤੇ ਅਚਾਰ ਰੱਖਦੇ, ਪਰਦੇਸੀ ਪੁੱਤ… ।
ਸਭ ਸਾਹ ਰੋਕੀ ਬੈਠੇ ਸਨ, ਦੀਪੀ ਦਾ ਦਿਲ ਕਰਦਾ ਸੀ ਕਿ ਉਡ ਕੇ ਉਸਦੇ ਗਲ ਆ ਲੱਗੇ ਤੇ ਮਲਮ ਬਣ ਕੇ ਉਸਦੇ ਜਖਮਾਂ ਤੇ ਲੱਗ ਜਾਵੇ, ਪਰ … ।।
ਕੋਈ ਜੰਮੇ ਕੋਈ ਮਰੇ, ਸਾਡੀ ਤਾਂ ਬਲਾ ਜਾਣੇ
ਕਦੇ ਨਾਂ ਬਾਰਾਤੀ ਜਾਈਏ ਨਾ ਹੀ ਕਿਸੇ ਦੀ ਮਕਾਣੇ
ਮਜਦੂਰ ਆਦਮੀ ਹਾਂ ਕੰਮ ਕਰਦੇ, ਜਵਾਨੀਆ ਲੁਟਾ ਕੇ ਅਸੀ ਨੋਟ ਕਮਾਉਣੇ
ਵੇਚੇ ਪਿੰਡ ਕੋਈ ਤਾਂ ਜਮੀਨ ਦੱਸਦੇ, ਪਰਦੇਸੀ ਪੁੱਤ… ।
ਤੇ ਮੇਰੀ ਮੋਈ ਮਾਂ, ਨੂੰ ਸਮਰਪਿਤ ਇਹ ਬੋਲ , ਅਵਾਜ ਕੰਬ ਗਈ ਦੇਬੀ ਦੀ … ।।
ਤੇਰੀਆਂ ਦੁਆਵਾਂ ਸਦਾ ਮੇਰੇ ਨਾਲ ਨੀ ਮਾਂ, ਮੇਰੇ ਸਿਰੋ ਉਤਰੀ ਆ ਤੇਰੀ ਕਾਹਨੂੰ ਠੰਡੀ ਛਾਂ
ਤੈਥੌ ਬੜੀ ਦੂਰ ਹੋਇਆ, ਖੋਰੇ ਕੀ ਕਸੂਰ ਹੋਇਆ, ਤੇਰੇ ਚਾਅ ਨਾਂ ਪੂਰੇ ਹੋਏ,
ਦੇਬੀ ਮਜਬੂਰ ਹੋਇਆ
ਰੱਬ ਕਰੇ ਇੱਕ ਵਾਰੀ ਬਣੇ ਮੇਰੀ ਫੇਰ ਮਾਂ, ਅੱਖਾਂ ਸਾਹਵੇ ਰਹੂ ਤੇਰੇ ਆਥਣ ਸਵੇਰ ਮਾਂ
ਅਗਲੇ ਜਨਮ ਕਰੂੰ ਚਾਅ ਤੇਰੇ ਪੂਰੇ, ਨਵੇ ਪਿੰਡ ਜਾਕੇ ਭਾਵੇ ਦੱਸਦੇ … ।
ਪਰਦੇਸੀ ਪੁੱਤ … ।
ਅਵਾਜ ਬੰਦ, ਚੁੱਪ ਛਾ ਗਈ …
ਦੇਬੀ ਦਾ ਤੀਰ ਨਿਸਾਨੇ ਲੱਗਾ ਸੀ, ਭੂਆ ਦੀਆਂ ਅੱਖਾ ਭਰੀਆਂ ਹੋਈਆ ਸਨ, ਹਰ ਉਹ ਔਰਤ ਜਿਹੜੀ ਮਾਂ ਬਣ ਚੁੱਕੀ ਸੀ ਉਹਦਾ ਦਿਲ ਪਸੀਜਿਆ ਗਿਆ ਸੀ, ਇੱਕ ਤਾਂ ਦਰਦ ਭਰੇ ਬੋਲ ਤੇ ਦੂਜੀ ਦਰਦ ਭਰੀ ਅਵਾਜ, ਤੇ ਉਹ ਵੀ ਦਿਲ ਦੀ ਗਹਿਰਾਈ ਵਿਚੋ ਨਿਕਲੀ ਹੋਈ, ਘੁੱਦੇ ਵਰਗੇ ਬੇਪਰਵਾਹ ਅਤੇ ਖੱਪੀ ਬੰਦੇ ਵੀ ਹੁਣ ਸਮਝ ਰਹੇ ਸਨ ਕਿ ਜਰਮਨ ਦੀ ਚਮਕ ਦਮਕ ਦੇ ਜੀਵਨ ਪਿੱਛੇ ਕਿਹੜੀਆ ਕਿਹੜੀਆ ਕਮੀਆ ਛੁਪੀਆ ਹੋ ਸਕਦੀਆ ਹਨ ।
ਪੰਮੀ ਨੂੰ ਲੱਗਿਆ ਕਿ ਦੇਬੀ ਵੀਰ ਸਮੁੰਦਰ ਵਾਗੂੰ ਡੂੰਘਾ ਹੈ ਜਿਸ ਨੂੰ ਜਾਨਣ ਲਈ ਪਤਾ ਨਹੀ ਕਿੰਨਾ ਕੁ ਸਮਾਂ ਲੱਗੇ, ਦੇਬੀ ਦਾ ਇੱਕ ਇਕ ਸ਼ਬਦ ਸੱਜਣਾ ਦਾ ਬੁਰਾ ਹਾਲ ਕਰੀ ਜਾ ਰਿਹਾ ਸੀ, ਦੀਪੀ ਦੇਬੀ ਦੇ ਹੌਸਲੇ ਤੇ ਕੁਰਬਾਂਨ ਵੀ ਜਾ ਰਹੀ ਸੀ ਜੋ ਬੜੇ ਸਧਾਰਨ ਲਫਜਾਂ ਵਿੱਚ ਅਪਣਾ ਦਿਲ ਖੋਲ ਕੇ ਦਿਖਾ ਰਿਹਾ ਸੀ, ਦੀਪੀ ਅੱਜ ਜਾਂਣ ਬੁੱਝ ਕੇ ਲੇਟ ਆਈ ਸੀ ਉਹ ਦੇਬੀ ਨੂੰ ਪਿਛਲੇ ਦੋ ਤਿੰਨ ਦਿਨ ਨਾਂ ਮਿਲਣ ਦਾ ਮੌਕਾ ਦੇਣ ਤੇ ਖਿਝੀ ਹੋਈ ਸੀ ਤੇ ਉਸਨੂੰ ਇੰਤਜਾਰ ਕਰਵਾ ਕੇ ਇਹ ਦੱਸਣਾ ਚਾਹੁੰਦੀ ਸੀ ਕਿ ਸੱਜਣਾ ਨੂੰ ਦੁਖੀ ਨਹੀ ਕਰੀਦਾ, ਪਰ ਹੁਣ ਜਦੋ ਉਸਨੇ ਦੇਬੀ ਦੇ ਜੀਵਨ ਦਾ ਇੱਕ ਹੋਰ ਪੇਜ ਪੜ ਲਿਆ ਤਾਂ ਉਸ ਨੂੰ ਅਪਣੇ ਕੀਤੇ ਤੇ ਪਛਤਾਵਾ ਹੋ ਰਿਹਾ ਸੀ, ਉਹ ਸਮਝ ਰਹੀ ਸੀ ਕਿ ਦੇਬੀ ਪੰਜਾਬ ਪਰੇਮ ਲੱਭਣ ਤੇ ਵੰਡਣ ਆਇਆ ਅਤੇ ਮੈਂ ਸ਼ਰੀਕਾ ਕਰੀ ਜਾ ਰਹੀ ਹਾਂ, ਉਹ ਮਨ ਹੀ ਮਨ ਸਹੁੰ ਖਾ ਰਹੀ ਸੀ ਕਿ ਕੁੱਝ ਵੀ ਹੋ ਜਾਵੇ ਦੇਬੀ ਨੂੰ ਉਸਦੇ ਕਾਰਨ ਤਕਲੀਫ ਨਾਂ ਸਹਿਣੀ ਪਵੇਗੀ, ਉਨਾ ਦਾ ਪਰੇਮ ਮਾਸਟਰ ਜੀ ਦੀ ਕੁੱਟ ਤੋ ਸ਼ੁਰੂ ਹੋਇਆ ਸੀ ਤੇ ਇਹ ਮਾਨਸਿਕ ਕੁੱਟ ਸਰੀਰਕ ਪੀੜ ਤੋ ਗਹਿਰੀ ਹੈ,
ਨਹੀ, ਹੁਣ ਹੋਰ ਤਕਲੀਫ ਨਹੀ ਦੇਣੀ, ਜੋਗੀ ਨੂੰ … ।
ਦੇਬੀ ਨੇ ਅੱਗੇ ਕਹਿਣਾਂ ਸ਼ੁਰੂ ਕੀਤਾ …
'' ਮੈਂ ਕਿਉਕਿ ਇਹ ਕਿਹਾ ਹੈ ਕਿ ਮੈਂ ਤੁਹਾਡਾ ਪੁੱਤਰ ਹਾਂ ਅਤੇ ਤੁਹਾਡਾ ਵੀਰ ਹਾਂ, ਫਿਰ ਇਹ ਸਵਾਲ ਬਣਦਾ ਹੈ ਕਿ ਤੁਹਾਡਾ ਪੁੱਤ ਤੇ ਤੁਹਾਡਾ ਭਰਾ ਤੁਹਾਡੇ ਲਈ ਕੁੱਝ ਲੈ ਕੇ ਆਇਆ ? ਜੇ ਸਾਰਾ ਕੁੱਝ ਭੂਆ ਨੂੰ ਮਿਲੇ ਤਾਂ ਫਿਰ ਮੈ ਭੂਆ ਦਾ ਹੀ ਪੁੱਤ ਹੋਇਆ ਅਤੇ ਕਿਉਕਿ ਮੈਂ ਸਿਰਫ ਭੂਆ ਦਾ ਹੀ ਨਹੀ ਇਸ ਲਈ ਤੁਹਾਡੇ ਪਰਦੇਸੀ ਪੁੱਤ ਤੇ ਪਰਦੇਸੀ ਭਰਾ ਦੀ ਕਮਾਈ ਵਿੱਚੋ ਮੈਂ ਕੁੱਝ ਆਪ ਸਭ ਨੂੰ ਭੇਟ ਕਰਨਾ ਚਾਹੁੰਦਾ ਹਾਂ, ਪਰ ਇੱਕ ਜਰੂਰੀ ਗੱਲ ਇਹ ਕਿ ਹਰ ਮਨੁੱਖ ਦੀ ਲੋੜ ਵੱਖਰੀ ਹੈ ਤੇ ਹਰ ਕਿਸੇ ਲਈ ਲੋੜੀਂਦਾ ਤੋਹਫਾ ਮੈ ਅੱਜ ਨਹੀ ਲੈ ਸਕਿਆ, ਜਿਨਾ ਨੂੰ ਅੱਜ ਮੈਂ ਕੁੱਝ ਭੇਟ ਨਾਂ ਕਰ ਸਕਾਂ ਉਨਾ ਲਈ ਕੁੱਝ ਹੋਰ ਤੋਹਫੇ ਮੈਂ ਸੋਚ ਰੱਖੇ ਹਨ ਜਿਨਾ ਲਈ ਮੈਨੂੰ ਕੁੱਝ ਸਮੇ ਦੀ ਲੋੜ ਹੈ, ਅਤੇ ਉਹ ਸਭ ਪਦਾਰਥਿਕ ਤੋਹਫੇ ਵੀ ਨਹੀ, ਸਮਾਂ ਆਉਣ ਤੇ ਇਸ ਬਾਰੇ ਖੁਦ ਸਮਝ ਜਾਉਗੇ, ਫਿਲਹਾਲ ਮੇਰੀ ਬੇਨਤੀ ਹੈ ਕਿ ਇਹ ਛੋਟੀ ਜਿਹੀ ਭੇਟ ਸਵੀਕਾਰ ਕੀਤੀ ਜਾਵੇ … ।।"
ਸ਼ਹਿਰ ਤੋ ਲਿਆਂਦੇ ਕੱਪੜੇ ਆਦਿ ਹੁਣ ਲੋੜਵੰਦ ਲੋਕਾਂ ਵਿੱਚ ਵੰਡੇ ਜਾ ਰਹੇ ਸਨ, ਐਸਾ ਪਿੰਡ ਵਿੱਚ ਕਦੇ ਨਹੀ ਸੀ ਵਾਪਰਿਆ, ਦੇਬੀ ਇੱਕ ਝਟਕੇ ਵਿੱਚ ਹੀ ਸਾਰੇ ਪਿੰਡ ਦੇ ਦਿਲ ਵਿੱਚ ਵਸ ਗਿਆ।
ਲੋਕਾਂ ਨੂੰ ਇਸ ਛੋਟੇ ਜਿਹੇ ਪਰੋਗਰਾਂਮ ਦਾ ਕਿਸੇ ਵਿਆਹ ਨਾਲੋ ਵੱਧ ਅਨੰਦ ਆ ਰਿਹਾ ਸੀ …
ਹਾਂਣ ਨੂੰ ਹਾਂਣ ਪਿਆਰਾ ਹੁੰਦਾ ਆ, ਪਿੰਡ ਦੇ ਮੁੰਡਿਆ ਤੇ ਉਥੇ ਮੌਜੂਦ ਮੁਟਿਆਰਾਂ ਲਈ ਉਹ ਹੀਰੋ ਸੀ, ਰੱਬ ਨੇ ਜੇ ਬਚਪਨ ਵਿੱਚ ਧੱਕੇ ਲਿਖੇ ਤਾਂ ਹੋਰ ਗੁਣਾਂ ਵੱਲੋ ਵੀ ਕੋਈ ਕਸਰ ਨਾਂ ਛੱਡੀ, ਦੇਬੀ ਲਈ ਇਹ ਇੱਕ ਸੁਨਿਹਰੀ ਦਿਨ ਸੀ,ਦੁਪਿਹਰ ਢਲ ਗਈ, ਪਰਾਹੁਣੇ ਹੌਲੀ ਹੌਲੀ ਜਾਂਣ ਲੱਗ ਪਏ,
"ਪੁੱਤਰਾ ਸਰੂਪ ਸਿੰਘ ਨਾਲ ਮੇਰੀ ਕਦੇ ਨੀ ਬਣੀ ਪਰ ਤੂੰ ਮੈਨੂੰ ਚੰਗਾ ਲੱਗਿਆ"।
ਦੀਪੀ ਦਾ ਪਿਓ ਕਠੋਰ ਸੁਭਾਅ ਦਾ ਸੀ ਪਰ ਦੇਬੀ ਤੋ ਪ੍ਰਭਾਵਿਤ ਹੋਏ ਬਿਨਾ ਨਾਂ ਰਹਿ ਸਕਿਆ, ਵੈਸੇ ਵੀ ਸਰਪੰਚ ਦੇ ਕਠੋਰ ਸੁਭਾਅ ਦੇ ਪਿੱਛੇ ਇੱਕ ਨਰਮ ਦਿਲ ਲੁਕਿਆ ਹੋਇਆ ਸੀ, ਇਸ ਗੱਲ ਦਾ ਪਤਾ ਇਸ ਲਈ ਨਹੀ ਸੀ ਲੱਗ ਰਿਹਾ ਕਿਉਕਿ ਸਰਪੰਚ ਦੀ ਸੋਚ ਅਨੁਸਾਰ ਇਸ ਪਿੰਡ ਦੇ ਲੋਕ ਪਰੇਮ ਦੇ ਹੱਕਦਾਰ ਨਹੀ ਸਨ ਤੇ ਜਿੰਨਾ ਉਹ ਸਖਤ ਰਹਿੰਦਾ ਸੀ ਉਨੇ ਹੀ ਸਭ ਉਹਦੇ ਨਾਲ ਚਲਦੇ ਸੀ, ਪਰ ਦੇਬੀ ਨੂੰ ਉਹ ਅਪਣੇ ਨਰਮ ਦਿਲ ਨਾਲ ਦੇਖ ਰਿਹਾ ਸੀ।
"ਤੁਹਾਡਾ ਆਸ਼ੀਰਵਾਦ ਆ ਬਯੁਰਗੋ"।
ਦੇਬੀ ਲਈ ਇਹ ਬਹੁਤ ਵੱਡੀ ਜਿੱਤ ਸੀ, ਦੇਬੀ ਨੇ ਘੁੱਦਾ ਐਡ ਪਾਰਟੀ ਨੂੰ ਸ਼ਹਿਰੀ ਸੱਜਣਾ ਨਾਲ ਬਾਹਰਲੀ ਜਮੀਨ ਵੱਲ ਤੋਰ ਦਿੱਤਾ, ਉਥੇ ਉਨਾਂ ਦੇ ਖਾਂਣ ਪੀਣ ਦਾ ਪਰਬੰਧ ਕਰਾਇਆ ਸੀ।
"ਪਰੇਮ ਜੀ, ਤੁਸੀ ਆਨੰਦ ਮਾਣੌ, ਮੈਨੂੰ ਜਰਾ ਘਰ ਰਹਿਣਾ ਪਊ, ਮੇਰੇ ਯਾਰ ਘੁੱਦੇ ਨੂੰ ਸੇਵਾ ਦਾ ਮੌਕਾ ਦਿਓ"।
ਦੇਬੀ ਨੇ ਪਰੇਮ ਨੂੰ ਅਪਣੀ ਮਜਬੂਰੀ ਦੱਸੀ, ਬੰਦੇ ਸਾਰੇ ਤਕਰੀਬਨ ਜਾ ਚੁੱਕੇ ਸਨ, ਕੁੜੀਆਂ ਤੇ ਬਾਕੀ ਔਰਤਾਂ ਸਾਰੇ ਖਲਾਰੇ ਨੂੰ ਸੰਭਾਲ ਰਹੀਆਂ ਸਨ ।
"ਦੀਦੀ ਚੱਲੀਏ"।
ਦਲੀਪ ਨੇ ਦੀਪੀ ਨੂੰ ਕਿਹਾ, ਦੀਪੀ ਬਿਲਕੁਲ ਨਹੀ ਸੀ ਜਾਣਾ ਚਾਹੁੰਦੀ ਪਰ ਭਰਾ ਨੂੰ ਕੀ ਕਹਿੰਦੀ, ਉਹ ਹਾਲੇ ਕੁੱਝ ਕਹਿਣ ਹੀ ਵਾਲੀ ਸੀ ਕਿ ਨੇੜਿਓ ਪੰਮੀ ਜੋ ਇਸ ਮੌਕੇ ਦੀ ਤਲਾਸ਼ ਵਿੱਚ ਹੀ ਸੀ ਕਹਿਣ ਲੱਗੀ ।
"ਤੇ ਆਹ ਸਾਰਾ ਖਲਾਰਾ ਭੂਆ ਕੱਲੀ ਕਿਵੇ ਸੰਭਾਲੂ ?" ।
ਅਸੀ ਰਲ ਮਿਲ ਕੇ ਸਮੇਟ ਲੈਨੀਆਂ ਤੇ ਫਿਰ ਕੱਠੀਆ ਘਰ ਨੂੰ ਆ ਜਾਵਾਗੀਆ"।
"ਠੀਕ ਆ ਜਿਵੇ ਤੁਹਾਡੀ ਮਰਜੀ ਪਰ ਆਪਾਂ ਤਾਂ ਚੱਲੇ"।
ਕਹਿ ਕੇ ਦਲੀਪ ਨੌ ਦੋ ਗਿਆਰਾਂ ਹੋ ਗਿਆ।
ਸੱਜਣਾ ਲਈ ਜਿਵੇ ਜੇਲ ਦਾ ਬੂਹਾ ਖੁੱਲ ਗਿਆ ਹੋਵੇ, ਦੇਬੀ ਨੇ ਦਲੀਪ ਨੂੰ ਜਾਦੇ ਦੇਖ ਕੇ ਸ਼ੁਕਰ ਮਨਾਇਆ।
ਦੀਪੀ ਵੀ ਖਲਾਰਾ ਸੰਭਾਲਣ ਵਿੱਚ ਮਦਦ ਕਰਨ ਲੱਗ ਪਈ, ਪਰ ਧਿਆਂਨ ਦੇਬੀ ਵਿੱਚ ਸੀ, ਉਹਦੇ ਗੀਤ ਦੇ ਬੋਲ ਹਾਲੇ ਕੰਨਾ ਵਿੱਚ ਗੂੰਜ ਰਹੇ ਸਨ, ਜੋਗੀ ਗਾਉਦਾ ਵੀ ਹੈ ਇਹ ਵੀ ਅੱਜ ਹੀ ਪਤਾ ਲੱਗਿਆ … ।।
"ਵੀਰੇ ਇਨਾ ਸੋਹਣਾ ਗੀਤ ਜੋ ਗਾਇਆ ਉਹ ਕੀਹਨੇ ਲਿਖਿਆ ?" ।
ਪੰਮੀ ਵੀ ਜਾਨਣਾ ਚਾਹੁੰਦੀ ਸੀ ਕਿ ਵੀਰ ਸਿਰਫ ਗਵੱਈਆ ਹੀ ਆ ਕਿ ਲੇਖਕ ਵੀ।
"ਪੰਮਿਆ, ਹੱਥ ਮੇਰੇ ਸਨ ਪਰ ਲਿਖਵਾਇਆ ਤੁਸੀ ਹੈ''।
ਦੇਬੀ ਨੇ ਬੁਝਾਰਤ ਪਾਈ, ਪੰਮੀ ਨੂੰ ਉਹ ਪੰਮੋ ਕਹਿੰਦਾ ਕਹਿੰਦਾ ਪੰਮੇ ਤੇ ਆ ਗਿਆ ਸੀ।
"ਇਹ ਕਿਵੇ ਹੋ ਸਕਦਾ ਆ ਜੀ, ਹੱਥ ਤੁਹਾਡੇ ਤੇ ਲਿਖਾਉਣ ਵਾਲੇ ਏਨੀ ਦੂਰ ?"।
ਕੋਇਲ ਕੂਕੀ, ਦੇਬੀ ਦੇ ਕੰਨੀ ਜੀ ਸ਼ਬਦ ਸੁਣ ਕੇ ਜਿਵੇ ਸ਼ਹਿਦ ਘੁਲ ਗਿਆ ਹੋਵੇ, ਉਸ ਨੇ ਮਨ ਵਿੱਚ ਹੀ ਕਿਹਾ ਇੱਕ ਵਾਰ ਫਿਰ ਕਹਿ ਦੇ ਹੀਰੇ, ਦੇਬੀ ਨੂੰ ਉਹਦਾ ਹਰ ਬੋਲ ਘੁੰਗਰੂਆ ਦੀ ਛਣਕਾਰ ਲਗਦਾ ਸੀ, ਦੀਪੀ ਦੇ ਮੂੰਹੋ ਵੀਰ ਤਾ ਕੀ ਭਾਜੀ ਆਦਿ ਵੀ ਲੋਕਾਂ ਦੀ ਹਾਜਰੀ ਵਿੱਚ ਵੀ ਨਹੀ ਸੀ ਨਿਕਲ ਰਿਹਾ।
"ਹੋ ਇਵੇ ਸਕਦਾ ਕਿ ਜੇ ਮੈਨੂੰ ਤੁਹਾਡੇ ਨਾਲ ਪਰੇਮ ਨਾਂ ਹੋਵੇ, ਮੈਂ ਤੁਹਾਨੂੰ ਮਿੱਸ ਨਾਂ ਕਰਾਂ ਤਾਂ ਨਾਂ ਇਨਾ ਸ਼ਬਦਾ ਦਾ ਜਨਮ ਹੋ ਸਕਦਾ ਹੈ ਤੇ ਨਾਂ ਮੇਰੀ ਅਵਾਜ ਵਿੱਚ ਦਰਦ ਪੈਦਾ ਹੋ ਸਕਦਾ, ਇਸ ਸਿੱਧੇ ਜਿਹੇ ਹਿਸਾਬ ਨਾਲ ਮੈਂ ਕਿਹਾ ਕਿ ਹੱਥ ਮੇਰੇ ਪਰ ਲਿਖਾਉਦਾ ਤੁਹਾਡਾ ਪਰੇਮ ਆ"।
ਦੇਬੀ ਦੀ ਇਸ ਸਧਾਰਨ ਜਿਹੀ ਦਲੀਲ ਦਾ ਕੋਈ ਜਵਾਬ ਨਹੀ ਸੀ ਕਿਸੇ ਕੋਲ।
"ਸਾਡਾ ਪਰੇਮ ਕਿ ਕਿਸੇ ਇੱਕ ਦਾ ਪਰੇਮ ?" ।
ਮਨਦੀਪ ਪਿੱਛੇ ਖੜੀ ਇੱਕ ਛਮਕ ਜਿਹੀ ਕੁੜੀ ਕੋਲੋ ਰਿਹਾ ਨਾਂ ਗਿਆ।
"ਤੂੰ ਵੀ ਠੀਕ ਕਿਹਾ, ਮੇਰੀ ਸੋਹਣੀ ਭੈਂਣ, ਕਿਸੇ ਇੱਕ ਦਾ ਪਰੇਮ ਵੀ ਲਿਖਾਉਦਾ ਪਰ ਤੁਹਾਡਾ ਵੀ"। ਕੁੜੀ ਦੇਬੀ ਦੇ ਮੂੰਹੋ ਸੋਹਣੀ ਭੈਂਣ ਸੁਣ ਕੇ ਗਿੱਠ ਉਚੀ ਹੋ ਗਈ।
"ਤੁਹਾਨੂੰ ਜਰਮਨ ਵਿੱਚ ਕਿਸੇ ਦੀ ਯਾਦ ਨੀ ਆਉਦੀ ?"।
ਦੀਪੀ ਜਾਨਣਾ ਚਾਹੁੰਦੀ ਸੀ ਕਿ ਉਹ ਜਰਮਨ ਵਿੱਚ ਕਿਸੇ ਨਾਲ ਬੱਝਾ ਤਾਂ ਨਹੀ ਹੋਇਆ, ਭਾਵੇ ਕਿ ਉਹਦਾ ਦਿਲ ਕਹਿੰਦਾ ਸੀ ਕਿ ਐਸਾ ਹੋ ਹੀ ਨਹੀ ਸਕਦਾ।
"ਆਉਦੀ ਆ ਤੇ ਬਹੁਤ ਆਉਦੀ ਆ, ਕਈ ਵਾਰ ਰਾਤ ਨੂੰ ਉਠ ਕੇ ਬਹਿ ਜਾਨਾ"।
ਦੇਬੀ ਨੇ ਚਿੱਬੜ ਜਿਹਾ ਮੂੰਹ ਬਣਾ ਕੇ ਕਿਹਾ।
"ਕਿਸ ਨੂੰ ਯਾਦ ਕਰਦੇ ਜੇ ?"।
ਦੀਪੀ ਛੇਤੀ ਜਾਨਣਾ ਚਾਹੁੰਦੀ ਸੀ।
"ਇੱਕ ਕੁੜੀ ਆ, ਸੋਹਣੀ ਵੀ ਰੱਜ ਕੇ ਆ, ਚੰਗੀ ਵੀ ਬਹੁਤ ਆ ਤੇ ਉਹ ਮੈਨੂੰ ਪਿਆਰ ਵੀ ਬਹੁਤ ਕਰਦੀ ਆ"।
ਦੇਬੀ ਥੋੜਾ ਸ਼ਰਾਰਤ ਦੇ ਮੂਢ ਵਿੱਚ ਆ ਗਿਆ, ਪਤਾ ਨੀ ਕਦੋ ਫਿਰ ਮੌਕਾ ਮਿਲਣਾ, ਦੀਪੀ ਦੇ ਚਿਹਰੇ ਦਾ ਰੰਗ ਬਦਲ ਰਿਹਾ ਸੀ।
"ਕੋਈ ਮੇਮ ਆ ?"।
ਦੀਪੀ ਕੋਲੋ ਰਿਹਾ ਨੀ ਗਿਆ, ਪੰਮੀ ਨੂੰ ਸਮਝ ਆ ਰਹੀ ਸੀ ਤੇ ਉਹ ਅੰਦਰੋ ਅੰਦਰੀ ਹੱਸ ਵੀ ਰਹੀ ਸੀ।
"ਤੁਹਾਡੇ ਤੋ ਜਰਾ ਗੋਰੀ ਆ, ਥੋੜੀ ਜਿਹੀ ਮਧਰੀ ਆ, ਨਾਂ ਉਸਦਾ ਕੁਲਦੀਪ ਆ ਤੇ ਮੇਰੀ ਛੋਟੀ ਭੈਂਣ ਆ"।
ਦੇਬੀ ਨੇ ਹੱਸ ਕੇ ਕਿਹਾ, ਹੋਰ ਸਸਪੈਂਸ ਠੀਕ ਨਹੀ ਸੀ, ਸੱਜਣਾਂ ਨਾਲ ਥੋੜੀ ਨੋਕ ਝੋਕ ਤਾਂ ਠੀਕ ਹੈ ਪਰ ਪੀੜਤ ਕਰਨਾ ਜੁਲਮ ਹੈ, ਜਬਰਦਸਤੀ ਹੈ, ਹਿੰਸਾ ਹੈ, ਬੇਇਨਸਾਫੀ ਹੈ, ਸਾਰੇ ਹੱਸ ਪਏ, ਹੌਲੀ ਹੌਲੀ ਜਾਂਣ ਪਹਿਚਾਂਣ ਹੋ ਰਹੀ ਸੀ, ਦਿਲ ਨੇੜੇ ਆ ਰਹੇ ਸਨ, ਦੇਬੀ ਭਾਵੇ ਉਥੇ ਮੌਜੂਦ ਕੁੜੀਆਂ ਵਿਚੋ ਹਰ ਕਿਸੇ ਦੀ ਪਸੰਦ ਸੀ ਪਰ ਉਹ ਸਮਝ ਚੁੱਕੀਆ ਸਨ ਕਿ ਦੇਬੀ ਦੀ ਤੱਕਣੀ ਵਿੱਚ ਜੋ ਪਿਆਰ ਹੈ ਉਹ ਕਲਯੁਗੀ ਨਹੀ, ਜਦੋ ਉਹ ਮੇਰੀ ਭੈਂਣ ਜਾਂ ਸੋਹਣੀ ਭੈਂਣ ਕਹਿੰਦਾ ਤਾ ਸੁਣਨ ਵਾਲੀ ਨੂੰ ਚਾਅ ਚੜ ਜਾਦਾ।
"ਉਹ ਵੀ ਇਥੇ ਆਉਣਗੇ ?" ।
ਦੀਪੀ ਬਿੰਦਰ ਤੇ ਕੁਲਦੀਪ ਨੂੰ ਮਿਲਣਾ ਚਾਹੁੰਦੀ ਸੀ।
"ਦੋਵੇ ਟਰੇਨਿੰਗ ਕਰ ਰਹੇ ਆ, ਇਸ ਸਾਲ ਕੰਪਲੀਟ ਹੋ ਜਾਣੀ ਆ, ਫਿਰ ਕਿਤੇ ਨੌਕਰੀ ਸ਼ੁਰੂ ਕਰਨ ਤੋ ਪਹਿਲਾਂ ਸਾਨੂੰ ਮਿਲਣ ਜਰੂਰ ਆਉਣਗੇ"।
ਦੇਬੀ ਵੀ ਉਸ ਦਿਨ ਨੂੰ ਉਡੀਕ ਰਿਹਾ ਸੀ।
"ਤੁਸੀ ਮੁੰਡਿਆ ਵਾਲੇ ਕਾਲਜ ਪੜੇ ਓ ਕਿ ਕੋ ਐਜੂਕੇਸ਼ਨ ਵਿੱਚ ?"।
ਪੰਮੀ ਨੇ ਕੁੱਝ ਜਰਮਨ ਬਾਰੇ ਜਾਨਣਾ ਚਾਹਿਆ।
"ਪੰਮੇ ਜਰਮਨ ਤੇ ਯੋਰਪ ਵਿੱਚ ਸਿਰਫ ਕੌ ਐਜੂਕੇਸ਼ਨ ਹੀ ਹੁੰਦੀ ਆ, ਉਥੇ ਦੀਆਂ ਕੁੜੀਆਂ ਨੂੰ ਮੁੰਡਿਆ ਤੋ ਕੋਈ ਖਤਰਾ ਨਹੀ, ਕਿਸੇ ਨੂੰ ਲੁਕਣ ਛਿਪਣ ਦੀ, ਨਜਰਾਂ ਨੀਵੀਆਂ ਕਰ ਕੇ ਚੱਲਣ ਦੀ ਲੋੜ ਨਹੀ, ਕਈ ਵਾਰ ਤਾਂ ਏਹ ਫੈਸਲਾ ਕਰਨਾ ਮੁਸ਼ਕਿਲ ਹੋ ਜਾਂਦਾ ਆ ਕਿ ਸਾਹਮਣੇ ਜੋ ਹੈ, ਉਹ ਬੈਠਾ ਹੈ ਕਿ ਬੈਠੀ ਆ, ਜਾਂ ਆਉਦਾ ਆ ਕਿ ਆਉਦੀ ਆ"।
ਦੇਬੀ ਨੇ ਗੱਲ ਮੁਕਾਈ ਤਾਂ ਕੁੜੀਆਂ ਦਾ ਹਾਸਾ ਨਿਕਲ ਗਿਆ, ਨੇੜੇ ਬੈਠੀਆਂ ਕੁੱਝ ਅਧਖੜ ਵੀ ਉਹਨਾਂ ਦੇ ਚੋਹਲ ਮੋਹਲ ਦਾ ਅਨੰਦ ਲੈ ਰਹੀਆਂ ਸਨ, ਕੀ ਹੋ ਗਿਆ ਜੇ ਜਵਾਨੀ ਨਹੀ ਰਹੀ, ਪਰ ਜਦੋ ਸੀ, ਹਨੇਰੀ ਤੋ ਘੱਟ ਨਹੀ ਸੀ, ਤੂਫਾਨ ਦੇ ਬਰਾਬਰ ਸੀ, ਸਭ ਰੰਗ ਦੇਖੇ ਸੀ ਜਮਾਨੇ ਦੇ ਹਿਸਾਬ ਨਾਲ।
"ਤੇ ਵੀਰੇ ਤੁਹਾਨੂੰ ਕੋਈ ਚੰਗੀ ਨਹੀ ਲੱਗੀ ?"।
ਪੰਮੀ ਹੋਰ ਅੱਗੇ ਵਧੀ।
"ਕੋਈ ਚੰਗੀ ਨਹੀ ਲੱਗੀ ? ਚੰਗੀਆਂ ਲੱਗੀਆਂ, ਸਾਰੀਆ ਹੀ ਚੰਗੀਆਂ ਲੱਗੀਆ, ਜਰਮਨ ਦੀਆ ਕੁੜੀਆ ਸਾਰੀਆ ਈ ਚੰਗੀਆ''।
ਦੇਬੀ ਬੂਝੜ ਸਿੰਘ ਦੇ ਰੋਲ ਵਿੱਚ ਆ ਗਿਆ।
"ਮੇਰਾ ਮਤਲਬ, ਹੋਰ ਆ ਭੋਲਿਆ ਭਰਾਵਾ"।
ਪੰਮੀ ਅੰਦਾਜਾ ਨਹੀ ਸੀ ਲਗਾ ਸਕੀ ਕਿ ਵੀਰ ਹੈ ਈ ਸਿੱਧਰਾ ਕਿ ਨਾਟਕ ਕਰਦਾ।
"ਅੱਛਾ, ਤੂੰ ਗੱਲ ਘੁਮਾ ਕੇ ਕਰਦੀ ਆਂ, ਤੇਰਾ ਮਤਲਬ ਮੇਰੀ ਕੋਈ ਗਰਲ ਫਰੈਂਡ ??
ਦੇਬੀ ਨੇ ਇਓ ਕਿਹਾ ਜਿਵੇ ਹੁਣ ਸਮਝ ਆਈ ਹੋਵੇ।
"ਪਰਾਬਲਮ ਗਰਲ ਫਰੈਂਡ ਨਹੀ ਸੀ, ਪਰਾਬਲਮ ਮੇਰਾ ਟਾਈਮ ਟੇਬਲ ਸੀ, ਮੈਨੂੰ ਜਾਨਣ ਵਾਲੇ ਜਾਂਣਦੇ ਸਨ ਕਿ ਦਿਨ ਵਿੱਚ ਸੋਲਾਂ ਘੰਟੇ ਜੋ ਬੰਦਾ ਬਿਜੀ ਰਹਿੰਦਾ ਉਹਦੇ ਕੋਲ ਗਰਲ ਫਰੈਂਡ ਲਈ ਸਮਾਂ ਕਿੱਥੇ ਹੋਣਾ"।
ਦੇਬੀ ਨੇ ਅੱਗੇ ਦੱਸਿਆ।
"ਜਾਣੀ ਕਿ ਕਿਤਾਬ ਖਾਲੀ, ਕਿਤੇ ਕੋਈ ਅੱਖਰ ਨਹੀ ਲਿਖਿਆ"।
ਛਮਕ ਨੇ ਫੇਰ ਬੁਝਾਰਤ ਵਿੱਚ ਕਿਹਾ।
"ਖਾਲੀ ਕਾਹਨੂੰ, ਕੋਈ ਥਾਂ ਈ ਨਹੀ ਰਹੀ, ਨਵੇ ਪਿੰਡੋ ਏਨਾ ਕੁੱਝ ਲਿਖ ਕੇ ਲੈ ਗਿਆ ਸੀ ਕਿ ਹੋਰ ਲਿਖਣ ਦੀ ਗੁੰਜਾਇਸ਼ ਈ ਨਾ ਰਹੀ, ਕੁੱਝ ਕੋਸ਼ਿਸ਼ਾਂ ਹੋਈਆਂ ਪਰ ਰੰਗ ਮੈਚ ਨਹੀ ਕੀਤੇ"।
ਦੇਬੀ ਦਾ ਜਵਾਬ ਸੁਣ ਛਮਕ ਬਗਲੀ ਝਾਕਣ ਲੱਗ ਪਈ ਤੇ ਦੀਪੀ ਹੋਰ ਵੀ ਸੋਹਣੀ ਹੋ ਗਈ।
"ਨੀ ਤੁਸੀ ਕੀ ਮੁੰਡੇ ਨੂੰ ਘੇਰੀ ਬੈਠੀਆਂ ?"।
ਇੱਕ ਸੜੀ ਜਿਹੀ ਬੁੜੀ ਤੋ ਰਿਹਾ ਨਾਂ ਗਿਆ।
"ਤਾਈ ਇਹ ਮੁੰਡਾ ਸਾਡਾ ਵੀਰ ਆ ਤੇ ਬੜੀ ਚਿਰੀ ਮਿਲਿਆ, ਗੱਲਾਂ ਕਰਨ ਨੂੰ ਢੇਰ ਪਈਆਂ, ਕੀਹਦੇ ਨਾਲ ਕਰੀਏ ?"।
ਪੰਮੀ ਤਾਈ ਨੂੰ ਕੱਚਾ ਚਬਾ ਜਾਣਾ ਚਾਹੁੰਦੀ ਸੀ, ਉਸਨੂੰ ਪਤਾ ਸੀ ਬਈ ਨਾਸਲ ਜਿਹੀ ਤਾਈ ਕੋਲੋ ਬਰਦਾਸ਼ਤ ਨਹੀ ਹੋ ਰਿਹਾ।
"ਤਾਈ ਜੀ ਤੁਸੀ ਕੁੱਝ ਖਾਧਾ ਪੀਤਾ ਵੀ ਆ ਕਿ ਕੰਮ ਈ ਕਰੀ ਜਾਨੇ ਆਂ ?" ।
ਪੰਮੀਏ ਤਾਈ ਨੂੰ ਤਾਈ ਵਰਗੀ ਚੰਗੀ ਜਿਹੀ ਕੋਈ ਚੀਜ ਖੁਆ, ਨਾਲੇ ਭੂਆ ਨੂੰ ਪੁੱਛ ਬਈ ਤਾਈ ਦਾ ਸੂਟ ਉਹਨੂੰ ਦਿੱਤਾ ਕਿ ਭੁੱਲ ਈ ਗਈ''।
ਦੇਬੀ ਤਾਈ ਨੂੰ ਅਪਣੇ ਤੇ ਕੁੜੀਆਂ ਦੇ ਵਿਰੋਧ ਵਿੱਚ ਨਹੀ ਸੀ ਕਰਨਾ ਚਾਹੁੰਦਾ, ਉਹ ਸਮਝਦਾ ਸੀ ਕਿ ਇੱਕ ਨਰਾਜ ਔਰਤ ਗੁੜ ਦਾ ਗੋਬਰ ਕਰ ਸਕਦੀ ਆ, ਦੇਬੀ ਨੇ ਤਾਈ ਨਾਲ ਦੋਸਤੀ ਕਰਨੀ ਜਰੂਰੀ ਸਮਝੀ।
"ਲੈ ਪੁੱਤ ਮੈਨੂੰ ਕਾਦਾ ਸੂਟ, ਮੈ ਤੇਰਾ ਕੇਹੜਾ ਗੱਡਾ ਹੱਕਦੀ ਆ ?" ।
ਤਾਈ ਸੂਟ ਦਾ ਨਾਂ ਸੁਣ ਕੇ ਪੁੱਤ ਤੇ ਆ ਗਈ।
"ਮਾਵਾਂ ਕੋਲੋ ਕਿਤੇ ਗੱਡੇ ਹਕਾਈਦੇ ਆ ਤਾਈ, ਮਸਾਂ ਤਾ ਮੈਨੂੰ ਮੌਕਾ ਮਿਲਿਆ ਤੁਹਾਡੀ ਸੇਵਾ ਕਰਨ ਦਾ, ਜੇ ਮੇਰੀ ਮਾਂ ਨਹੀ ਰਹੀ ਤਾਂ ਹੁਣ ਹੋਰ ਕੀਹਦੀ ਸੇਵਾ ਕਰਾਂ"? ।
ਦੇਬੀ ਨੇ ਮਮਤਾ ਵਾਲਾ ਬਾਂਣ ਕੱਢ ਮਾਰਿਆ।
"ਹਾਂ ਪੁੱਤ, ਤੇਰੀ ਮਾਂ ਦੀਆਂ ਕੀ ਰੀਸਾ ਸੀ, ਜੀਂਦੀ ਹੁੰਦੀ ਤਾਂ ਸ਼ੇਰ ਵਰਗੇ ਪੁੱਤ ਨੂੰ ਦੇਖ ਫੁੱਲੀ ਨਾਂ ਸਮਾਉਦੀ, ਪਰ ਪੁੱਤ ਡਾਢੇ ਅੱਗੇ ਕੀਦਾ ਜੋਰ ਆ, ਪਰ ਤੂੰ ਕੱਲਾ ਨਾਂ ਸਮਝੀ, ਅਸੀ ਵੀ ਤੇਰੇ ਈ ਆ"।
ਤਾਈ ਝੱਟ ਪੈਂਤਰਾ ਬਦਲ ਗਈ, ਪੰਮੀ ਤਾਈ ਲਈ ਮਠਿਆਈ ਦੀ ਪਲੇਟ ਭਰ ਲਿਆਈ,
"ਲੈ ਤਾਈ, ਮਜੇ ਨਾਲ ਬੈਠ ਕੇ ਛਕ" ।
ਉਹ ਤਾਈ ਨੂੰ ਥੋੜੀ ਦੂਰ ਮੰਜੇ ਵੱਲ ਲੈ ਗਈ।
"ਮੰਨ ਗਏ ਜੀ ਤੁਹਾਨੂੰ, ਇਨੇ ਸਿੱਧੇ ਵੀ ਨਹੀ ਤੁਸੀ ਜਿੱਨੇ ਕਈ ਵਾਰ ਲਗਦੇ ਓ"।
ਦੀਪੀ ਨੇ ਦੇਖਿਆ ਸੀ ਕਿ ਤਾਈ ਵਾਲਾ ਮਸਲਾ ਨਾ ਸੁਲਝਦਾ ਤਾਂ ਇਸ ਫੱਫੇਕੁਟਣੀ ਨੇ ਕੋਈ ਪੰਗਾ ਜਰੂਰ ਖੜਾ ਕਰਨਾ ਸੀ।
"ਸਵਾਲ ਸਿੱਧੇ ਤੇ ਪੁੱਠੇ ਦਾ ਨਹੀ, ਸਵਾਲ ਪਰੇਮ ਦਾ ਆ, ਮੈਂ ਤਾਈ ਨੂੰ ਕੋਈ ਚਲਾਕੀ ਨਾਲ ਨੀ
ਮਨਾਇਆ, ਪਰੇਮ ਨਾਲ ਮਨਾਇਆ, ਤੇ ਇਸਤੋ ਇਲਾਵਾ ਮੈਂ ਇਹ ਸਮਝਦਾ ਆ ਕਿ ਤਾਈ ਦੀ ਜਵਾਨੀ ਵਿੱਚ ਉਹਦੀਆਂ ਸੱਧਰਾਂ ਪੂਰੀਆਂ ਨਹੀ ਹੋਈਆਂ ਹੋਣਗੀਆਂ, ਜਿਨਾਂ ਨੂੰ ਖੁਦ ਪਰੇਮ ਨਾਂ ਮਿਲਿਆ ਹੋਵੇ ਉਨਾ ਕੋਲੋ ਕਿਸੇ ਹੋਰ ਨੂੰ ਪਰੇਮ ਮਿਲਦਾ ਦੇਖ ਨੀ ਹੁੰਦਾ, ਇਨਾ ਔਰਤਾ ਤੇ ਗੁੱਸਾ ਨਹੀ ਕਰਨਾ ਇਹ ਤਰਸ ਦੀਆ ਪਾਤਰ ਹਨ ਪਤਾ ਨਹੀ ਕਦੇ ਕਿਸੇ ਤੋ ਲਵ ਯੂ ਸੁਣਿਆ ਹੋਣਾ ਕਿ ਨਹੀ"।
ਦੇਬੀ ਫਲਸਫੇ ਤੇ ਆ ਗਿਆ,ਤੇ ਕੁੜੀਆ ਲਵ ਯੂ ਸ਼ਬਦ ਸੁਣ ਕੇ ਹੱਸ ਪਈਆ।
"ਅੱਛਾ ਮੈਨੂੰ ਇਹ ਦੱਸੋ ਬਈ ਤਾਈ ਵਰਗੇ ਹੋਰ ਦੁਖੀ ਕਿੰਨੇ ਕੁ ਆ ਪਿੰਡ ਵਿੱਚ ?"।
ਦੇਬੀ ਖਤਰਨਾਕ ਸੁਭਾਅ ਰੱਖਣ ਵਾਲਿਆ ਤੋ ਸਾਵਧਾਂਨ ਰਹਿਣਾ ਚਾਹੁੰਦਾ ਸੀ।
"ਵੈਸੇ ਤਾਂ ਸਾਰੇ ਬੁੜੇ ਈ ਦੁਖੀ ਆ, ਪਰ ਇੱਕ ਇਹ ਤਾਈ ਤੇ ਦੂਜਾ ਨੰਬਰਦਾਰ ਤਾਇਆ ਮਹਿੰਗਾ ਸਿੰਘ, ਇਹ ਦੋਵੇ ਕਾਲੇ ਪਾਣੀ ਭੇਜਣ ਵਾਲੇ ਆ, ਸ਼ਾਇਦ ਉਥੇ ਇੱਕ ਦੂਜੇ ਨਾਲ ਜਰਾ ਪਰੇਮ ਪੈ ਜੇ"।
ਪਰੀਤੀ ਦੋਵਾਂ ਤੇ ਬਹੁਤ ਖਫਾ ਸੀ।
"ਪਰੀਤੋ ਚਿੰਤਾ ਨਾਂ ਕਰ ਕਿਤੇ ਤਾਏ ਤੇ ਵੀ ਪਰੇਮ ਦਾ ਬਾਂਣ ਚੱਲ ਗਿਆ ਤਾਂ ਕਾਲੇ ਪਾਣੀ ਜਾਣ ਦੀ ਲੋੜ ਨੀ ਰਹਿਣੀ"।
ਦੇਬੀ ਨੇ ਪਰੀਤੀ ਨੂੰ ਹੋਸਲਾ ਦਿਵਾਇਆ, ਪਰੀਤੀ ਹੁਣੀ ਬੱਸ ਵਿੱਚ ਇੱਕ ਦਿਨ ਜਰਾ ਉਚੀ ਕੀ ਹੱਸ ਪਈਆ, ਸ਼ਹਿਰ ਨੂੰ ਜਾਦਾ ਤਾਇਆ ਵੀ ਬੱਸ ਵਿੱਚ ਬੈਠਾ ਸੀ, ਉਹਨੇ ਘਰ ਆ ਕੇ ਪਰੀਤੀ ਦੇ ਬਾਪੂ ਨੂੰ ਪਤਾ ਨੀ ਕੀ ਕੀ ਦੱਸਿਆ ਬਾਪੂ ਕਹੇ ਪੁੱਤ ਕੱਲ ਨੂੰ ਕਾਲਜ ਨੀ ਜਾਣਾ, ਪਰੀਤੀ ਰੋ ਰੋ ਕੇ ਅੱਧੀ ਰਹਿ ਗਈ, ਦੋ ਦਿਨ ਰੋਟੀ ਨਾਂ ਖਾਧੀ, ਘੁੱਦੇ ਦੇ ਜੋਰ ਪਾਉਣ ਤੇ ਬਾਪੂ ਮਸਾਂ ਮੰਨਿਆ, ਉਦੋ ਦਾ ਉਹ ਪਰੀਤੀ ਤੋ ਦੇਖਿਆ ਨੀ ਸੀ ਜਾਂਦਾ।
ਸੱਜਣ ਭਾਵੇ ਸਾਹਾਂ ਦੇ ਨੇੜੇ ਬੈਠੇ ਸਨ ਪਰ ਡਰਾਮਾ ਕਰਨਾ ਪੈ ਰਿਹਾ ਸੀ, ਸਮਾਜਿਕ ਜੇਲ ਵਿੱਚ ਬੰਦ ਦੋ ਕੈਦੀ ਅਤੇ ਪਤਾ ਨਹੀ ਕਿੰਨੇ ਕੁ ਹੋਰ, ਸਭ ਛਟਪਟਾ ਰਹੇ ਸਨ, ਜੇ ਡੁੰਘਾਈ ਨਾਲ ਦੇਖੀਏ ਤਾਂ ਸਾਰੇ ਈ ਕੈਦੀ ਆ, ਅੱਧਖੜ ਉਮਰ ਤੋ ਬਾਅਦ ਅਪਣੀ ਅਜਾਦੀ ਦੀ ਕੁਰਬਾਨੀ ਦੇ ਕੇ ਬਹੁਤੇ ਲੋਕ ਖੁਦ ਲਈ ਸ਼ਰੀਫੀ ਦਾ ਸਰਟੀਫਿਕੇਟ ਇਸ਼ੂ ਕਰ ਲੈਦੇ ਆ ਤੇ ਬਾਕੀ ਸਭ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਣਾ ਅਪਣਾ ਮੁਢਲਾ ਫਰਜ ਸਮਝਦੇ ਆ, ਦੇਬੀ ਸਮਝਦਾ ਸੀ ਕਿ ਕੁੜੀਆਂ ਕੋਲ ਬਹੁਤੀ ਦੇਰ ਬੈਠਣਾ ਠੀਕ ਨਹੀ, ਉਸ ਨੇ ਸੱਤ ਸੂਟ ਮੰਗਵਾਏ ਤੇ ਉਥੇ ਹਾਜਰ ਛੇ ਕੁੜੀਆਂ ਤੇ ਦੀਪੀ ਨੂੰ ਫੜਾ ਕੇ ਕਹਿਣ ਲੱਗਾ।
"ਜਿਹੜਾ ਜਿਸਨੂੰ ਵੀ ਪਸੰਦ ਆ ਪਾ ਲਵੇ, ਤੁਹਾਡੀ ਪਸੰਦ ਅਤੇ ਨਾਪ ਮੈਨੂੰ ਨਹੀ ਸੀ ਪਤਾ, ਇਸ ਲਈ ਜੋ ਚੰਗਾ ਲੱਗਿਆ ਲੈ ਆਇਆ ਹਾਂ, ਪਸੰਦ ਨਾ ਆਵੇ ਤਾਂ ਮੋੜਨਾ ਵੀ ਕਰ ਆਇਆ ਵਾਂ, ਜਿਹੜੀਆਂ ਦੋ ਦੇਵੀਆ ਅੱਜ ਆਈਆ ਨਹੀ ਉਨਾ ਨੂੰ ਕਹਿਣਾ ਬਈ ਜੇ ਸੂਟ ਲੈਣੇ ਤਾਂ ਘਰ ਆਉਣਾ ਪਊ"।
ਕਹਿ ਕੇ ਦੇਬੀ ਨੇ ਸੂਟ ਪੰਮੀ ਵੱਲੋ ਵਧਾ ਦਿੱਤੇ।
ਦੇਬੀ ਕੋਲ ਸਮਾਂ ਸੀ ਕਿ ਨਿਰਮਲ ਨੂੰ ਭੇਜ ਕੇ ਇੱਕ ਸੂਟ ਹੋਰ ਮੰਗਵਾ ਸਕਦਾ, ਕੁੜੀਆਂ ਨੂੰ ਇਨੀ ਖੁਸ਼ੀ ਸੂਟਾਂ ਦੀ ਨਹੀ ਸੀ ਜਿੰਨੀ ਇਸ ਗੱਲ ਦੀ ਖੁਸ਼ੀ ਸੀ ਕਿ ਇਹ ਸੂਟ ਦੇਬੀ ਵੱਲੋ ਮਿਲ ਰਹੇ ਆ,
ਉਸਨੇ ਪਹਿਲਾਂ ਦੀਪੀ ਲਈ ਸੂਟ ਨਹੀ ਸੀ ਖਰੀਦਿਆ, ਦੀਪੀ ਲਈ ਉਹ ਕੁੱਝ ਖਾਸ ਖਰੀਦਣਾ ਚਾਹੁੰਦਾ ਸੀ ਪਰ ਦੋ ਗੱਲਾਂ ਬਾਰੇ ਸੋਚ ਕੇ ਉਸਨੇ ਅਪਣਾ ਫੈਸਲਾ ਬਦਲ ਲਿਆ, ਪਹਿਲੀ ਇਹ ਕਿ ਜਦੋ ਬਾਕੀਆਂ ਨੂੰ ਸੂਟ ਮਿਲੇ ਤੇ ਦੀਪੀ ਨੂੰ ਨਾ ਮਿਲਿਆ ਤਾ ਦੂਸਰੇ ਕੀ ਸੋਚਣਗੇ ਅਤੇ ਦੂਸਰਾ ਇਹ ਕਿ ਕੋਈ ਵੀ ਖਾਸ ਤੋਹਫਾ ਜੇ ਘਰਦਿਆ ਦੀ ਨਜਰੀ ਚੜ ਗਿਆ ਤਾਂ ਉਹ ਕੀ ਦੱਸੇਗੀ, ਵੈਸੇ ਪਿੰਡ ਦੀਆ ਕੁੜੀਆ ਨੂੰ ਕੋਈ ਗੱਭਰੂ ਸੂਟ ਵੀ ਭੇਟ ਨਹੀ ਕਰ ਸਕਦਾ ਪਰ ਦੇਬੀ ਨੇ ਅਪਣੀ ਸਪੀਚ ਵਿੱਚ ਪਹਿਲਾਂ ਹੀ ਸਾਰੇ ਪਿੰਡ ਦਾ ਪੁੱਤ ਬਣ ਕੇ ਇਹ ਅਧਿਕਾਰ ਧੱਕੇ ਨਾਲ ਹੀ ਲੈ ਲਿਆ ਸੀ, ਫਿਰ ਦੀਪੀ ਲਈ ਕਿਸੇ ਖਾਸ ਤੋਹਫੇ ਤੋ ਉਸਨੇ ਅਪਣਾ ਫੈਸਲਾ ਬਦਲ ਲਿਆ ਸੀ, ਜਾਂਣ ਬੁੱਝ ਕੇ ਅੱਗ ਵਿੱਚ ਹੱਥ ਪਾਉਣਾ ਕੋਈ ਸਿਆਣਪ ਨਹੀ, ਹੁਣ ਉਸਦਾ ਇੱਕ ਸੂਟ ਘਟਦਾ ਸੀ, ਪਰ ਕੁਦਰਤੀ ਟੋਲੀ ਦੀਆ ਦੋ ਕੁੜੀਆਂ ਕਿਤੇ ਗਈਆਂ ਹੋਈਆ ਸੀ, ਤੇ ਉਹਦੀ ਗਲਤੀ ਸਾਹਮਣੇ ਨਾਂ ਆਈ ।
"ਚੁਣ ਲੈ'' ਪੰਮੀ ਨੇ ਸੂਟ ਦੀਪੀ ਵੱਲ ਕਰ ਦਿੱਤੇ, ਦੀਪੀ ਲਈ ਸੱਜਣਾਂ ਦਾ ਪਹਿਲਾ ਤੋਹਫਾ, ਫਿੱਕੇ ਨੀਲੇ ਰੰਗ ਦਾ ਇੱਕ ਸੂਟ ਉਸ ਨੇ ਚੁੱਕ ਲਿਆ, ਬਾਕੀ ਆਪੋ ਅਪਣੇ ਸੂਟ ਦੇਖਣ ਲੱਗ ਪਈਆ, ਸਮਾ ਸੀ ਨਜਰਾਂ ਦੇ ਚਾਰ ਹੋਣ ਦਾ, ਸੂਟ ਨੂੰ ਘੁੱਟ ਕੇ ਹਿੱਕ ਨਾਲ ਲਾ ਲਿਆ ਦੀਪੀ ਨੇ, ਉਸ ਨੂੰ ਲੱਗਿਆ ਜਿਵੇ ਦੇਬੀ ਉਸ ਦੀਆਂ ਬਾਹਾ ਵਿੱਚ ਹੋਵੇ, ਇੱਕ ਹਲਕੀ ਜਿਹੀ ਤੇ ਛੁਪਵੀ ਜਿਹੀ ਫਲਾਈਗ ਕਿੱਸ ਦੇਬੀ ਵੱਲ ਆਈ, ਅਮਰਿਤ ਦੀ ਵਰਖਾ ਹੋ ਗਈ, ਸਾਰਾ ਵਜੂਦ ਪਵਿੱਤਰ ਜਿਹਾ ਲੱਗਣ ਲੱਗ ਪਿਆ, ਉਹ ਗੱਲਾ ਵਿੱਚ ਕੁੱਝ ਐਸੇ ਮਸਤ ਹੋਏ ਸਨ ਕਿ ਥੋੜੀ ਹੀ ਦੇਰ ਵਿੱਚ ਘਿਰੇ ਬੱਦਲਾ ਨੇ ਅਸਮਾਨ ਤੇ ਕਾਲੀ ਘਟਾ ਕਦੋ ਬਣਾ ਲਈ ਪਤਾ ਨਹੀ ਲੱਗਿਆ, ਕਿਧਰੇ ਬਾਰਿਸ਼ ਹੋਈ ਹੋਵੇਗੀ, ਠੰਡੀ ਹਵਾ ਦੇ ਬੁੱਲੇ ਆਏ, ਦੇਖਦੇ ਹੀ ਦੇਖਦੇ ਬੱਦਲਾਂ ਦੀ ਗੜਗੜਾਹਟ, ਸਭ ਨੂੰ ਹੱਥਾ ਪੈਰਾਂ ਦੀ ਪੈ ਗਈ, ਬਾਹਰ ਪਿਆ ਖਰਾਬ ਹੋ ਜਾਂਣ ਵਾਲਾ ਸਮਾਨ ਅੰਦਰ ਰੱਖਦੀ ਭੂਆ ਸਾਰਿਆ ਨੂੰ ਕਹਿ ਰਹੀ ਸੀ,
"ਵੇ ਅੰਦਰ ਹੋ ਜੋ ਸਾਰੇ ਭਾਈ, ਪੁੱਤ ਦੇਬੀ ਆਹ ਬਾਹਰੋ ਮੰਜੇ ਚੱਕ ਕੇ ਅੰਦਰ ਡਾਹ ਦਿਓ, ਇਹਨੇ ਹੁਣ ਪਤਾ ਨਹੀ ਕਦੋ ਰੁਕਣਾਂ"।
ਭੂਆ ਘਨਘੋਰ ਘਟਾ ਦੇਖ ਕੇ ਅਪਣਾ ਅਨੁਮਾਨ ਲਗਾ ਰਹੀ ਸੀ, ਸਾਰਿਆ ਨੂੰ ਜਿਥੇ ਜਿੱਥੇ ਲੁਕਣ ਨੂੰ ਥਾਂ ਮਿਲਿਆ ਅੰਦਰੀ ਵੜ ਗਏ, ਦੇਬੀ ਮੰਜੇ ਅੰਦਰ ਰੱਖਦਾ ਭਿੱਜ ਚੁੱਕਿਆ ਸੀ, ਪਰਾਹੁਣੇ ਬੈਠਕ ਵੱਲ ਨੂੰ ਭੱਜੇ, ਕੁੜੀਆਂ ਦਾ ਟੋਲਾ ਵੀ ਉਧਰ ਜਾਂਣ ਲੱਗਿਆ ਤਾਂ ਪੰਮੀ ਬੋਲੀ।
"ਨੀ ਰਸੋਈ ਵੱਲ"।
ਉਹਦਾ ਤੇਜ ਦਿਮਾਗ ਕਿਸੇ ਚੱਕਰ ਵਿੱਚ ਸੀ, ਦੇਬੀ ਨੇ ਕਿਵੇ ਨਾਂ ਕਿਵੇ ਲੌੜੀਂਦਾ ਸਮਾਨ ਅੰਦਰ ਰਖ ਦਿੱਤਾ, ਭੂਆ ਵਿਹੜੇ ਵਿੱਚ ਭੱਜੇ ਫਿਰਦੇ ਦੇਬੀ ਨੂੰ ਦੇਖ ਕੇ ਚੀਕੀ
"ਵੇ ਪੁੱਤ ਭਿੱਜ ਲੈਂਣ ਦੇ ਜੋ ਭਿੱਜਦਾ ਅੰਦਰ ਆ ਜਾ ਹੁਣ"।
"ਬੱਸ ਭੂਆ ਆਇਆ"।
ਦੇਬੀ ਬੈਠਕ ਵੱਲ ਚੱਲਿਆ ਹੀ ਸੀ ਕਿ ਪੰਮੀ ਦੀ ਅਵਾਜ ਸੁਣੀ।
"ਵੀਰ ਆ ਰਸੋਈ ਦਾ ਬੂਹਾ ਬੰਦ ਨੀ ਹੁੰਦਾ ਸਾਰੀ ਵਾਛੜ ਨਾਲ ਫਰਸ਼ ਭਰ ਚੱਲੀ ਆ"।
"ਮੈਂ ਆਇਆ"।
ਕਹਿ ਕੇ ਦੇਬੀ ਰਸੋਈ ਵੱਲ ਮੁੜ ਗਿਆ।
ਹਾਲੇ ਸ਼ਾਮ ਨਹੀ ਸੀ ਹੋਈ ਪਰ ਕਾਲੇ ਬੱਦਲਾਂ ਨੇ ਇਨਾ ਹਨੇਰਾ ਕਰ ਦਿੱਤਾ ਸੀ ਕਿ ਰਾਤ ਦਾ ਭੁਲੇਖਾ ਪਵੇ, ਦੋ ਤਿੰਨ ਵਾਰ ਬਿਜਲੀ ਇਨੇ ਜੋਰ ਦੀ ਕੜਕੀ ਜਿਵੇ ਕਿਤੇ ਡਿੱਗੀ ਹੋਵੇ, ਬਲਬ ਜਗਾ ਦਿੱਤੇ,
ਰਸੋਈ ਵਿੱਚ ਕੁੜੀਆਂ ਤੋ ਬਿਨਾ ਬਰਤਨ ਸਾਫ ਕਰਨ ਆਈਆਂ ਦੋ ਮਹਿਰੀਆਂ ਵੀ ਸਨ, ਇਹ ਸਾਰਾ ਕੁੱਝ ਇਨੀ ਜਲਦੀ ਹੋ ਗਿਆ ਸੀ ਕਿ ਕਿਸੇ ਨੂੰ ਸਮਝ ਹੀ ਨਾਂ ਆਈ ਕਦੋ ਵਿਹੜੇ ਵਿੱਚ ਜਲ ਥਲ ਹੋਣ ਲੱਗ ਪਈ, ਪੰਜ ਕੁ ਮਿੰਟ ਵਿੱਚ ਹੀ ਬੱਤੀ ਗੁੱਲ ਹੋ ਗਈ, ਆਸ਼ਕਾਂ ਨੂੰ ਹੁਣ ਸਮਝ ਆਈ ਸੀ ਕਿ ਇਹ ਘਟਾ ਜਿਵੇ ਰੱਬ ਨੇ ਉਨਾ ਨੂੰ ਤੋਹਫੇ ਵਿਚ ਭੇਜੀ ਹੋਵੇ, ਯਕੀਨਨ ਹੀ ਹੁਣ ਵੱਧ ਸਮਾ ਇੱਕ ਦੂਜੇ ਨਾਲ ਗੁਜਾਰਿਆ ਜਾ ਸਕੇਗਾ ਤੇ ਉਹ ਵੀ ਤਾਈਆਂ ਦੀ ਸ਼ਿਕਾਰੀ ਨਜਰ ਤੋ ਉਹਲੇ, ਦੀਪੀ ਨੂੰ ਪਹਿਲੀ ਵਾਰ ਬੱਤੀ ਦਾ ਅਚਾਨਕ ਗੁੱਲ ਹੋ ਜਾਣਾ ਚੰਗਾ ਲੱਗਿਆ।
"ਬਿਜਲੀ ਬੋਰਡ ਵਾਲਿਓ, ਤੁਹਾਡਾ ਪਹਿਲੀ ਵਾਰੀ ਧੰਨਵਾਦ"।
ਦੀਪੀ ਨੇ ਮਨ ਹੀ ਮਨ ਧੰਨਵਾਦ ਕੀਤਾ।
ਮਿੰਟਾ ਵਿੱਚ ਹੀ ਤਾਪਮਾਨ ਠੰਡਾ ਹੋ ਗਿਆ, ਕੁਦਰਤ ਦੀ ਤਾਕਤ, ਰੱਬ ਜਿਵੇ ਆਸ਼ਕਾ ਨੂੰ ਤਾਏ ਤੇ ਤਾਈਆ ਦੀਆਂ ਜਹਿਰੀ ਨਜਰਾਂ ਤੋ ਬਚਾਉਣਾ ਚਾਹੁੰਦਾ ਹੋਵੇ ।
"ਵੀਰ ਜੀ ਤੁਸੀ ਤਾਂ ਬਹੁਤ ਭਿੱਝ ਗਏ ਹੋਣੇ ਆ ਆਹ ਲਓ ਤੌਲੀਆ ?"।
ਹਨੇਰੇ ਵਿੱਚ ਪੰਮੀ ਦੀ ਅਵਾਜ ਸੁਣੀ।
ਹਨੇਰਾ ਗੂੜਾ ਹੋ ਗਿਆ ਸੀ, ਕਦੇ ਕਦੇ ਬਿਜਲੀ ਦੀ ਚਮਕ ਸਾਰਾ ਕੁੱਝ ਚਮਕਾ ਜਾਦੀ ਤੇ ਫਿਰ ਘੁੱਪ ਹਨੇਰਾ ਛਾ ਜਾਦਾ, ਦੇਬੀ ਪੰਮੀ ਦੇ ਨੇੜੇ ਪਹੁੰਚ ਗਿਆ।
"ਸ਼ੁਕਰ ਆ ਮੀਂਹ ਆ ਗਿਆ, ਥੋੜੀ ਠੰਡ ਤਾਂ ਹੋ ਜਾਊ"।
ਦੇਬੀ ਦੇ ਮੂਹੋ ਇਹ ਸ਼ਬਦ ਹਾਲੇ ਨਿਕਲੇ ਹੀ ਸਨ ਕਿ ਦੋ ਬਾਹਾਂ ਨੇ ਉਸ ਨੂੰ ਕਲਾਵੇ ਵਿੱਚ ਘੁੱਟ ਲਿਆ, ਕੁੜੀਆਂ ਦੀ ਸਕੀਮ ਬੱਸ ਵਾਲੀ ਸੀ, ਉਹ ਮਿੰਟਾ ਵਿੱਚ ਹੀ ਪਲੈਨ ਬਣਾ ਚੁੱਕੀਆਂ ਸਨ, ਭੀੜ ਦਾ ਫਾਇਦਾ ਹੋਵੇ ਜਾਂ ਹਨੇਰੇ ਦਾ ਫਾਇਦਾ, ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ … ।
ਦੀਪੀ ਦਾ ਸਰੀਰ ਬੁਖਾਰ ਵਾਂਗ ਤਪਿਆ ਪਿਆ ਸੀ, ਦੇਬੀ ਅੱਜ ਰੱਬੀ ਤੋਹਫੇ ਨੂੰ ਜੀ ਆਇਆ ਕਹਿਣਾ ਚਾਹੁੰਦਾ ਸੀ, ਹੁਣ ਦੀਪੀ ਦਾ ਸਿਰ ਉਸਦੀ ਚੌੜੀ ਛਾਤੀ ਤੇ ਸੀ, ਸੀਨੇ ਨਾਲ ਸੀਨਾ ਲੱਗਿਆ ਹੋਇਆ ਸੀ, ਦਿਲ ਇੱਕ ਦੂਜੇ ਦਾ ਹਾਲ ਪੁੱਛ ਰਹੇ ਸਨ, ਜਿਸਮ ਦੀ ਹਰ ਇੱਕ ਨਸ ਇਕਾਗਰ ਸੀ, ਕੋਈ ਬੋਲ ਮੂੰਹ ਵਿਚੋ ਨਹੀ ਸੀ ਨਿਕਲ ਰਿਹਾ, ਲੋੜ ਵੀ ਨਹੀ ਸੀ, ਬਿਨਾ ਬੋਲੇ ਸਭ ਸਮਝ ਆ ਰਹੀ ਸੀ, ਜਿਸਮਾਂ ਦੀ ਅਪਣੀ ਭਾਸ਼ਾ ਹੈ, ਜੁਬਾਨ ਤੋ ਕਿਤੇ ਮਿੱਠੀ, ਜੁਬਾਨ ਅਕਸਰ ਜਹਿਰ ਉਗਲਦੀ ਆ, ਦੇਬੀ ਨੇ ਦੀਪੀ ਦੇ ਚਿਹਰੇ ਨੂੰ ਉਪਰ ਚੁੱਕਿਆ, ਗਰਮ ਸਾਹ ਦੇਬੀ ਦੇ ਅੰਦਰ ਪਰਵੇਸ਼ ਕਰ ਗਏ, ਉਹ ਮਦਹੋਸ਼ ਹੋ ਗਿਆ, ਪਤਾ ਨਹੀ ਕਿਵੇ ਉਸਦੇ ਫਰਕਦੇ ਬੁੱਲ ਕੋਮਲ ਪੱਤੀਆਂ ਤੇ ਆ ਟਿਕੇ, ਬਾਹਰ ਬੱਦਲ ਜੋਰ ਨਾਲ ਗਰਜਿਆ, ਜਿਵੇ ਸਭ ਦੇਖ ਰਿਹਾ ਹੋਵੇ, ਦੀਪੀ ਨੂੰ ਹੋਰ ਘੁੱਟ ਲਿਆ, ਦੀਪੀ ਦਾ ਜਿਸਮ ਅਪਣੀ ਹੱਦ ਤੱਕ ਆਇਆ ਪਿਆ ਸੀ, ਥੋੜੀ ਜਿਹੀ ਹੋਰ ਘੋਟ ਤੇ ਕੋਮਲ ਹੱਡੀਆਂ ਦਾ ਚੂਰਾ ਹੋ ਜਾਦਾ, ਦੀਪੀ ਦਾ ਦਿਲ ਕਰਦਾ ਸੀ ਕਿ ਦੇਬੀ ਦੇ ਮਜਬੂਤ ਸਰੀਰ ਵਿੱਚ ਕਿਧਰੇ ਛੁਪ ਜਾਵੇ, ਜਿੰਨਾ ਉਸ ਨੂੰ ਘੁੱਟਦੀ ਉਨਾਂ ਹੀ ਘੱਟ ਲਗਦਾ।
"ਆਈ ਲਵ ਯੂ"। ਦੇਬੀ ਦੇ ਕੰਨੀ ਮਿੱਠੇ ਬੋਲ ਪਏ … ।
"ਕਦੋ ਤੋ … ?" ਉਸ ਨੇ ਹੋਲੇ ਜਿਹੀ ਪੁੱਛਿਆ ।
"ਸਦਾਂ ਤੋ …"। ਜਵਾਬ ਉਹੀ ਸੀ ਜੋ ਦੇਬੀ ਮਹਿਸੂਸ ਕਰਦਾ ਸੀ।
ਇਜਹਾਰ ਏ ਇਸ਼ਕ ਹੋ ਗਿਆ … ਪਰੇਮ ਦਾ ਦੇਵਤਾ ਦੇਖ ਕੇ ਹੱਸ ਰਿਹਾ ਸੀ, ਇੰਦਰ ਦੇ ਤੇਜ ਬਾਂਣ ਦੋਵਾਂ ਦੇ ਸਰੀਰ ਵਿੱਚ ਵੱਜ ਰਹੇ ਸਨ, ਸੱਜਣਾ ਦਾ ਮਿਲਾਪ ਇਨਾ ਸੁਹਾਵਣਾ ਹੁੰਦਾ ਆ ਐਸਾ ਦੋਵੇ ਨਹੀ ਸੀ ਜਾਂਣਦੇ, ਕਿੰਨੇ ਲੋਕ ਬਿਲਕੁਲ ਇਸ ਵਕਤ ਕੁਦਰਤ ਨੂੰ ਬੁਰਾ ਭਲਾ ਕਹਿ ਰਹੇ ਸਨ, ਕਿਸੇ ਦਾ ਬਾਹਰ ਕੁੱਝ ਭਿੱਜ ਗਿਆ, ਕੋਈ ਰਾਹ ਵਿੱਚ ਆਪ ਘਿਰ ਗਿਆ, ਕਿਸੇ ਦੀ ਫਸਲ ਖਰਾਬ ਹੋ ਗਈ, ਪਰ ਘੱਟੋ ਘੱਟ ਇਹ ਦੋ ਪਰਾਂਣੀ ਇਸ ਵੇਲੇ ਕੁਦਰਤ ਦੇ ਬਲਿਹਾਰ ਜਾ ਰਹੇ ਸਨ, ਬਾਬੇ ਦੇ ਬੋਲ ਯਾਦ ਆ ਗਏ ਦੀਪੀ ਨੂੰ … । ,
"ਕੁਦਰਤ ਕਵਣੁ ਕਹਾ ਵੀਚਾਰ ਵਾਰਿਆ ਨਾਂ ਜਾਵਾਂ ਏਕ ਵਾਰ"।
ਕੋਈ ਇਸ ਤੁਕ ਦੇ ਅਰਥ ਕਿਵੇ ਕਰਦਾ ਇਸ ਗੱਲ ਦੀ ਪਰਵਾਹ ਨਹੀ ਸੀ ਸੋਹਣਿਆ ਨੂੰ, ਉਨਾਂ ਲਈ ਕੁਦਰਤ ਉਹ ਤੋਹਫਾ ਲੈ ਕੇ ਆਈ ਸੀ ਜਿਸ ਨੂੰ ਸਾਲਾ ਬੱਧੀ ਉਡੀਕਿਆ ਸੀ, ਵਾਕਿਆ ਹੀ ਕੁਦਰਤ ਦੇ ਬਲਿਹਾਰ ਨਹੀ ਸੀ ਜਾਇਆ ਜਾ ਸਕਦਾ, ਕੌਣ ਹੈ ਉਹ ਸ਼ਕਤੀਸ਼ਾਲੀ ਜਿਹੜਾ ਚਮਕਦੇ ਦਿਨ ਨੂੰ ਮਿੰਟਾ ਵਿੱਚ ਹਨੇਰੇ ਵਿੱਚ ਬਦਲ ਦੇਵੇ ?
ਜੇ ਸਮਾਜ ਰੌਸ਼ਨੀ ਵਿੱਚ ਪਰੇਮ ਨਹੀ ਕਰਨ ਦਿੰਦਾ ਤਾ ਪਰੇਮੀ ਕੀ ਕਰਨ ?
ਪਰੇਮ ਹੋਣੋ ਰੁਕਿਆ ਨਹੀ ਕਦੇ ਰੁਕਣਾ ਵੀ ਨਹੀ, ਇਹ ਮੌਜੂਦਾ ਤਾਏ ਤਾਈਆ ਬੱਸ ਐਵੇ ਹੜਾਂ ਨੂੰ ਹੱਥਾ ਨਾਲ ਰੋਕਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ, ਜਦੋ ਇਹ ਆਪ ਜਵਾਨ ਹੁੰਦੇ ਸੀ ਉਦੋ ਵੀ ਹੋਰ ਪੁਰਾਣੇ ਤਾਏ ਹੁੰਦੇ ਸੀ, ਪਰੇਮ ਵੀ ਹੁੰਦਾ ਸੀ, ਸੱਚਾਈ ਇਹ ਸੀ ਤੇ ਹੈ ਆ ਕਿ ਤਾਏ ਬਦਲਦੇ ਗਏ, ਹੜ ਰੋਕਣ ਦੀ ਕੋਸ਼ਿਸ਼ ਕਰਦੇ ਰਹੇ ਤੇ ਜਾਦੇ ਰਹੇ ਪਰ ਪਰੇਮ ਉਦੋ ਵੀ ਹੁੰਦਾ ਸੀ, ਅੱਜ ਵੀ ਆ ਤੇ ਇਹਨੇ ਰਹਿਣਾ ਵੀ ਆ, ਮੌਜੂਦ ਤਾਇਆ ਦੀ ਉਮਰ ਦੇ ਵੀ ਥੌੜੇ ਸਾਲ ਰਹਿ ਗਏ ਪਰ ਜਦ ਤੱਕ ਜੀਊਣਗੇ ਦੂਜਿਆ ਦੇ ਪਰੇਮ ਵਿੱਚ ਰੁਕਾਵਟਾਂ ਪਾਉਣਗੇ, ਰਸਮਾ ਦੇ ਨਾ ਤੇ, ਕਲਚਰ ਦੇ ਨਾ ਤੇ, ਜਿਨਾ ਨੂੰ ਬਣਾਉਣ ਵਾਲੇ ਪਤਾ ਨਹੀ ਕਦੋ ਦੇ ਮਿੱਟੀ ਹੋ ਗe, ਹਾਂ ਦੇਰ ਜਰੂਰ ਹੋਈ, ਪਰ ਹਨੇਰ ਨਹੀ ਸਿਰਜਣਹਾਰ ਦੇ ਘਰ …
ਅੱਖ ਹੋਲੀ ਹੋਲੀ ਹਨੇਰੇ ਵਿੱਚ ਦੇਖਣ ਦੀਆ ਆਦੀ ਹੋ ਗਈਆ ਸਨ, ਮੀਂਹ ਤੇ ਬੱਦਲਾਂ ਦੇ ਸ਼ੋਰ ਵਿੱਚ ਦੀਪੀ ਦੇ ਕਾਹਲੇ ਸਾਹ ਸਿਵਾਏ ਦੇਬੀ ਤੋ ਬਿਨਾਂ ਕਿਸੇ ਨੂੰ ਨਹੀ ਸੀ ਸੁਣਦੇ, ਪੰਮੀ ਅਪਣੀ ਸਹੇਲੀ ਵਰਗੀ ਭੈਂਣ ਅਤੇ ਅਚਾਂਨਕ ਮਿਲੇ ਦੇਬੀ ਵਰਗੇ ਵੀਰ ਦੀ ਖੁਸ਼ੀ ਲਈ ਸਮਾਜ ਨਾਲ ਟਕਰਾ ਗਈ ਸੀ, ਕੀ ਉਹ ਕੋਈ ਗੁਨਾਹ ਤੇ ਨਹੀ ਕਰ ਰਹੀ … ?
ਇਹ ਸੋਚ ਉਸ ਦੇ ਅੰਦਰ ਦੌੜ ਰਹੀ ਸੀ ।
ਗੁਨਾਹ ? ਕਿਹੜਾ ਗੁਨਾਹ ? ਕੌਣ ਕਰੇਗਾ ਇਸ ਗੱਲ ਦਾ ਫੈਸਲਾ ਕਿ ਗੁਨਾਹ ਕੀ ਹੈ ? ਮੁਸਲਮਾਨ ਲਈ ਸੂਰ ਖਾਣਾ ਗੁਨਾਹ ਹੈ, ਹਿੰਦੂ ਲਈ ਗਊ ਹੱਤਿਆ ਪਾਪ ਹੈ, ਇਸਾਈਆ ਲਈ ਚਰਚ ਵਿੱਚ ਵਾਈਨ ਪੀਣੀ ਮਨਾ ਨਹੀ, ਪਾਦਰੀ ਪੂਰਾ ਜੀਵਨ ਸੈਕਸ ਨਹੀ ਕਰ ਸਕਦਾ, ਗਰੰਥੀ ਸਿੰਘ ਦਾ ਗਰਿਹਸਤੀ ਹੋਣਾ ਲਾਜਮੀ ਹੈ, ਕਿੰਨੇ ਅਸੂਲ ਹਨ ਜੋ ਕਿਸੇ ਨਾਂ ਕਿਸੇ ਤੇ ਲਾਗੂ ਨਹੀ ਹੁੰਦੇ, ਹਰ ਮਨੁੱਖ ਲਈ ਦੂਜੇ ਦਾ ਬੁਰਾ ਸੋਚਣਾ ਗੁਨਾਹ ਹੈ, ਝੂਠ ਬੋਲਣਾ ਗੁਨਾਹ ਹੈ, ਜੇ ਤਾਏ ਨੰਬਰਦਾਰ ਦਾ ਝੂਠ ਮਾਫ ਕੀਤਾ ਜਾ ਸਕਦਾ ਹੈ ਜਿਸਨੇ ਅਣਹੋਈਆ ਗੱਲਾਂ ਕੀਤੀਆਂ ਤਾਂ ਦੋ ਪਿਆਸਿਆ ਨੂੰ ਪਾਂਣੀ ਦਾ ਘੁੱਟ ਦੇਣਾ ਗੁਨਾਹ ਕਿਵੇ ਹੋਇਆ ?
ਜੇ ਪੂਰੇ ਸਮਾਜ ਦੀਆਂ ਕੁੜੀਆਂ ਦੇ ਹਾਸੇ ਤੇ ਰੋਕ ਲਾਈ ਜਾ ਸਕਦੀ ਹੈ ਤਾਂ ਇਹ ਰੋਕ ਲਾਉਣ ਵਾਲੇ, ਇਹ ਸਮਾਜਿਕ ਕਾਨੂੰਨਦਾਂਨ ਅਤੇ ਇਨਾ ਦੇ ਪਹਿਰੇਦਾਰ ਕਿਸੇ ਇੱਜਤ ਦੇ ਹੱਕਦਾਰ ਕਿਵੇ ਹਨ ?
ਦੇਬੀ ਤੋ ਖਤਰਾ ਨਹੀ, ਤਾਇਆ, ਫੁੱਫੜਾਂ ਤੇ ਮਾਸੜਾ ਤੋ ਜਿਆਦਾ ਖਤਰਾ ਹੈ, ਦੇਬੀ ਸ਼ਾਇਦ ਕਿਸੇ ਮੌਕੇ ਨੂੰ ਹੱਥੋ ਜਾਂਣ ਦੇਵੇ ਪਰ ਤਾਏ ਨੇ ਹੱਥ ਆਈ ਗਊ ਹੱਤਿਆ ਕਰ ਦੇਣੀ ਆ,ਖੁਦ ਹੀ ਖਤਰੇ ਤੇ ਖੁਦ ਹੀ ਰਾਖੇ ?
ਦੁਨੀਆਂ ਵਿੱਚ ਜਿੰਨੇ ਬਲਾਤਕਾਰ ਹੁੰਦੇ ਆ ਉਨਾਂ ਵਿੱਚ ਦੇਬੀ ਦੀ ਉਮਰ ਦੇ ਘੱਟ ਤੇ ਅੱਧਖੜ ਤੋ ਬਯੁਰਗ ਉਮਰ ਦੇ ਜਿਆਦਾ ਹੁੰਦੇ ਆ, ਨੱਬੇ ਫੀ ਸਦੀ ਝਗੜੇ ਜਾਂ ਤਾਂ ਸਿਆਂਣੇ ਕਰਦੇ ਆ ਤੇ ਜਾਂ ਉਹ ਕਿਵੇ ਨਾਂ ਕਿਵੇ ਝਗੜੇ ਵਿੱਚ ਸ਼ਰੀਕ ਹੁੰਦੇ ਆ, ਪਿੰਡ ਵਿੱਚ ਧੜੇਬੰਦੀ, ਨਸ਼ਿਆ ਦਾ ਵਿਉਪਾਰ, ਦਾਜ ਦਹੇਜ ਦੀ ਮੰਗ, ਸਰਪੰਚੀ ਤੇ ਹੋਰ ਇਲੈਕਸ਼ਨਾਂ ਵੇਲੇ ਝਗੜੇ ਤੋ ਲੈ ਕੇ ਕਤਲ, ਰਿਸ਼ਵਤਖੋਰੀ, ਦਫਤਰਾਂ ਵਿੱਚ ਰੁਲਦੇ ਲੋਕ, ਥਾਣਿਆ ਵਿੱਚ ਹੁੰਦੀ ਬੇਇਜਤੀ ਤੇ ਬੇਪਤੀ ਇਹ ਸਾਰਾ ਕੁੱਝ ਜਵਾਂਨ ਮੁੰਡੇ ਤੇ ਕੁੜੀਆਂ ਕਰਦੇ ਆ ?????????????
ਹਾਂ ਗੱਭਰੂ ਨਸ਼ੇ ਦਾ ਆਦੀ ਹੋ ਜਾਵੇ ਤਾਂ ਨਿਕੰਮਾ ਹੋ ਗਿਆ, ਪਰ ਉਸ ਨਸ਼ੇ ਨੂੰ ਬਣਾਉਣ ਵਾਲਾ ਤੇ ਵੇਚਣ ਵਾਲਾ ਅਤੇ ਵਿਕਣ ਦੇਣ ਵਾਲੇ ਸ਼ਰੀਫ ਲੋਕ ਹਨ, ਬੀਬੀਆਂ ਦਾੜੀਆਂ ਵਾਲੇ, ਨਸ਼ਾ ਨਹੀ ਵਿਕੇਗਾ ਤਾਂ ਗੱਭਰੂ ਨਸ਼ਈ ਕਿਵੇ ਹੋਣਗੇ ? ਗੱਭਰੂ ਜੋ ਪਹਿਲਾ ਹੀ ਕਮਜੋਰ ਸੀ ਅਤੇ ਨਸ਼ੇ ਨੇ ਹੋਰ ਕਮਜੋਰ ਕਰ ਦਿੱਤਾ ਉਸ ਦੀ ਹੁਣ ਹੋਰ ਬੇਇਜਤੀ ਕਰੋ, ਮਰੇ ਨੂੰ ਹੋਰ ਮਾਰੋ, ਹਿੰਮਤ ਨਾ ਦਿਓ, ਨਰਕ ਵਿਚੋ ਬਾਹਰ ਕੱਢਣ ਲਈ ਸਾਥ ਨਾਂ ਦਿਓ, ਬੱਸ ਜਖਮਾਂ ਤੇ ਲੂਣ ਛਿੜਕੋ, ਲਾਹਨਤ ਹੈ ਇਸ ਸ਼ਰਾਫਤ ਤੇ।
ਕੁੜੀਆਂ ਮੁੰਡੇ ਜਵਾਨ ਹੋ ਗਏ ? ਖਤਰੇ ਦੀ ਘੰਟੀ ਵੱਜਣੀ ਸ਼ੁਰੂ ਹੋ ਗਈ ?
ਕੁਦਰਤ ਦਾ ਨਿਯਮ ਆ, ਜਵਾਂਨ ਮੁੰਡੇ ਨੂੰ ਮੁਟਿਆਰ ਵਿੱਚ ਦਿਲਚਸਪੀ ਨਾਂ ਹੋਈ ਤਾ ਉਹ ਕਾਹਦਾ ਜਵਾਨ ਹੋਇਆ ? ਅੱਜ ਦੇ ਬਾਪੂ ਬੀਤੇ ਕੱਲ ਦੇ ਗੱਭਰੂ ਨਹੀ ਰਹੇ? ਕੰਧਾਂ ਕੋਠੇ ਨਹੀ ਟੱਪਦੇ ਰਹੇ ? ਖੇਤਾਂ ਵਿੱਚ ਕੰਮੀਆਂ ਦੀਆਂ ਔਰਤਾਂ ਨਾਲ ਖੇਹ ਨਹੀ ਖਾਂਦੇ ਰਹੇ ? ਜੇ ਉਦੋ ਕੋਈ ਪਰਲੋ ਨਹੀ ਆਈ ਤਾਂ ਹੁਣ ਦੇਬੀ ਤੇ ਦੀਪੀ ਦੇ ਇੱਕ ਦੂਜੇ ਨੂੰ ਬਾਹਾਂ ਵਿੱਚ ਲੈਂਣ ਤੇ ਕਿਹੜਾ ਅਸਮਾਨ ਫਟਦਾ ?
ਗੁਰੂ ਸਾਹਿਬਾਂ ਨੇ ਕਾਂਮ ਨੂੰ ਨੰਬਰ ਇੱਕ ਤੇ ਰੱਖਿਆ, ਹੈ ਵੀ ਇੱਕ ਨੰਬਰ, ਜਨਮ ਦਾਤਾ ਹੈ, ਪੂਜਣ ਯੋਗ ਹੈ, ਭੋਗਣ ਯੋਗ ਹੈ, ਜੇ ਇੰਦਰ ਨੂੰ ਅਹੱਲਿਆ ਦਾ ਸਤ ਭੰਗ ਕਰਨ ਦੀ ਲੋੜ ਪੈ ਗਈ, ਖੁਦ ਬਰੰਹਮਾ ਜੀ ਕਾਮ ਤੋ ਨਹੀ ਬਚੇ ਤੇ ਅੱਜ ਦੇ ਕਲਯੁਗੀ ਗੱਭਰੂ ਤੇ ਮੁਟਿਆਰਾਂ ਕਿਸ ਬਾਗ ਦੀ ਮੂਲੀ ਆ, ਕੀ ਕਾਮ ਨੂੰ ਦੁਸ਼ਮਣ ਕਹਿ ਕੇ ਇਸ ਤੋ ਬਚਣ ਦੀ ਲੋੜ ਹੈ ਜਾਂ ਕਾਮ ਨੂੰ ਮਿੱਤਰ ਸਮਝ ਕੇ ਇਸ ਨੂੰ ਤਰਤੀਬ ਅਤੇ ਤੰਦਰੁਸਤ ਮਰਿਆਦਾ ਦੇਣ ਦੀ ਲੋੜ ਹੈ ? ਵਿਆਹ ਤੋ ਪਹਿਲਾਂ ਭੋਗ ਪਾਪ ਹੈ ? ਭੋਗ ਦੀ ਇੱਛਾ ਚੋਦਾਂ ਪੰਦਰਾਂ ਸਾਲ ਤੋ ਸ਼ੁਰੂ ਹੋ ਜਾਂਦੀ ਆ, ਅੱਜ ਦੇ ਯੁੱਗ ਵਿੱਚ ਇਸ ਤੋ ਵੀ ਪਹਿਲਾਂ, ਤੇ ਵਿਆਹ ਹੋਵੇਗਾ ਕਿਤੇ ਅਠਾਰਾਂ, ਵੀਹ ਜਾਂ ਪੱਚੀ ਅਤੇ ਪੜਨ ਵਾਲਿਆ ਦਾ ਸ਼ਾਇਦ ਤੀਹ ਸਾਲ ਵਿੱਚ, ਇਸ ਕਾਮ ਦੇ ਤੀਰਾ ਦੀ ਜੋ ਵਰਖਾ ਹੁੰਦੀ ਹੈ ਉਸ ਤੋ ਬਚਣ ਲਈ ਕਿਹੜੀ ਛਤਰੀ ਤਾਂਣੀ ਜਾਵੇ ?
ਇਹ ਮੇਰੇ ਸਤਿਕਾਰਯੋਗ ਤਾਇਆ ਨੇ, ਬਯੁਰਗਾ ਨੇ ਹਜਾਰਾ ਸਾਲਾ ਵਿੱਚ ਕੋਈ ਤਰੀਕਾ ਲੱਭ ਕਿਓ ਨਹੀ ਲਿਆ ਜਿਸ ਨਾਲ ਨੋਜਵਾਨ ਮੁੰਡੇ ਕੁੜੀਆ ਇਸ ਪਾਪ ਤੋ ਬਚ ਜਾਦੇ ? ਜੋ ਜੰਗ ਬਯੁਰਗ ਨਹੀ ਜਿੱਤ ਸਕੇ ਉਹ ਔਲਾਦ ਜਿੱਤੇ ? ਔਲਾਦ ਪੜੀ ਲਿਖੀ ਹੈ, ਕੋਈ ਤਰੀਕਾ ਲੱਭ ਵੀ ਸਕਦੀ ਆ, ਸ਼ਾਇਦ ਜਿੱਤ ਵੀ ਲਵੇ, ਪਰ ਜੋ ਜੰਗ ਹੈ ਹੀ ਨਹੀ ਉਸਨੂੰ ਜਿੱਤਣ ਦਾ ਸਵਾਲ ਹੀ ਕਿੱਥੇ ਪੈਦਾ ਹੁੰਦਾ ਆ ? ਜੇ ਬਯੁਰਗਾ ਨੂੰ ਇਹ ਸਮਝਣ ਵਿੱਚ ਭੁਲੇਖਾ ਪੈ ਗਿਆ ਕਿ ਕੌਣ ਦੁਸ਼ਮਣ ਤੇ ਕੌਣ ਦੋਸਤ ਹੈ ਤਾ ਇਹਦੇ ਵਿੱਚ ਦੇਬੀ ਕੀ ਕਰੇ ?
ਦੀਪੀ ਦੀ ਕੀ ਗਲਤੀ ਆ ?
ਜੇ ਇਨਾ ਦੋਵਾ ਨੂੰ ਪਤਾ ਹੁੰਦਾ ਕਿ ਪੰਜਾਬ ਵਿੱਚ ਪੈਦਾ ਹੋ ਕੇ ਇਨਾ ਤਾਇਆ ਦੀਆ ਬਣਾਈਆ ਕਠੋਰ ਰਸਮਾ ਦੇ ਵੱਸ ਪੈਣਾ ਆ ਤਾ ਮੈ ਗਰੰਟੀ ਨਾਲ ਕਹਿ ਸਕਦਾ ਕਿ ਦੇਬੀ ਤੇ ਦੀਪੀ ਮਨੁੱਖੀ ਜੀਵਨ ਦੀ ਥਾ ਕਿਸੇ ਪਸ਼ੂ ਜੂਨ ਨੂੰ ਤਰਜੀਹ ਦਿੰਦੇ, ਜਿਸ ਤੇ ਏਨੇ ਸੜੇ ਹੋਏ ਨਿਯਮ ਲਾਗੂ ਨਾ ਹੁੰਦੇ ।
ਸਵਾਲਾ ਦੇ ਚੱਕਰਵਿਊ ਵਿੱਚ ਘਿਰੀ ਪੰਮੀ ਇੱਕ ਮਿਕ ਹੋਏ ਜੋੜੇ ਨੂੰ ਦੇਖ ਰਹੀ ਸੀ, ਦੇਬੀ ਇਨਾ ਬੇਸ਼ਰਮ ਨਹੀ ਸੀ ਕਿ ਇਸ ਮੌਕੇ ਤੇ ਕੁੱਝ ਐਸਾ ਕਰਨ ਦੀ ਕੋਸ਼ਿਸ਼ ਕਰਦਾ ਜੋ ਉਸ ਨੂੰ ਅਪਣੀਆਂ ਭੈਂਣਾ ਦੀ ਹਾਜਰੀ ਵਿੱਚ ਸ਼ਰਮਿੰਦਾ ਕਰਦਾ, ਕੁੱਝ ਮਿੰਟ ਸੱਜਣਾਂ ਨੂੰ ਅਪਣੇ ਬਹੁਤ ਨੇੜੇ ਕਰਨ ਤੋ ਬਾਅਦ ਹੁਣ ਸਿਰਫ ਸੱਜਣਾ ਦਾ ਹੱਥ ਅਪਣੇ ਹੱਥਾ ਵਿੱਚ ਫੜ ਰੱਖਿਆ ਸੀ, ਕੋਈ ਇਤਰਾਜ ਯੋਗ ਅਵਸਥਾ ਅਤੇ ਸ਼ਬਦ ਨਹੀ ਸੀ ਵਰਤੇ ਜਾ ਰਹੇ, ਦੇਬੀ ਦਾ ਨਿੱਗਰ ਚਰਿੱਤਰ ਕਾਮ ਦੇ ਤੀਰਾ ਤੋ ਕਮਜੋਰ ਨਹੀ ਪਿਆ, ਉਹ ਇੱਕ ਜਿੰਮੇਵਾਰੀ ਦੇ ਅਸਰ ਅਧੀਨ ਅਪਣੇ ਮਨ ਦੀ ਵਾਗ ਖਿੱਚੀ ਖੜਾ ਸੀ … ।
ਦੀਪੀ ਦੇ ਦਿਲ ਵਿੱਚ ਦੇਬੀ ਦੀ ਹੋਰ ਵੀ ਇਜਤ ਬਣ ਗਈ, ਉਸ ਨੂੰ ਵੀ ਸਬਰ ਜਿਹਾ ਆ ਗਿਆ ਸੀ, ਦਿਲ ਸ਼ਾਂਤ ਹੋ ਗਏ ਸਨ, ਕੁੜੀਆਂ ਵਿੱਚ ਵਾਰ ਕੋਈ ਇਧਰ ਉਧਰ ਦੀ ਗੱਲ ਕਰ ਲੈਂਦੀਆਂ, ਇਹ ਕੁੜੀਆ ਦੀਪੀ ਨਾਲ ਈਰਖਾ ਵੀ ਕਰ ਸਕਦੀਆ ਸਨ, ਉਸਦੀ ਗੁੱਤ ਵੀ ਪੁਟਵਾ ਸਕਦੀਆ ਸਨ ਪਰ ਇਹ ਹਾਲੇ ਤਾਈਆਂ ਨਹੀ ਬਣੀਆ, ਏਨਾ ਦੇ ਦਿਲਾ ਵਿੱਚ ਪਰੇਮ ਦੀ ਛਣਕਾਰ ਖਤਮ ਨਹੀ ਹੋਈ, ਭਾਵੇ ਪਰੇਮ ਦੀਪੀ ਨੂੰ ਮਿਲ ਰਿਹਾ ਸੀ ਪਰ ਉਸ ਵਾਤਾਵਰਣ ਵਿੱਚ ਪਰੇਮ ਦੀ ਜੋ ਬਰਸਾਤ ਹੋ ਰਹੀ ਸੀ ਉਹਦੇ ਵਿੱਚ ਇਹ ਵੀ ਥੋੜਾ ਬਹੁਤ ਭਿੱਝ ਰਹੀਆ ਸਨ, ਕਿਧਰੇ ਇਹ ਤਾਏ ਵੀ ਪਰੇਮ ਸਮਝ ਲੈਣ ਤਾ ਭਾਰਤੀ ਸਮਾਜ ਨੂੰ ਕੋਈ ਤਰਤੀਬ ਮਿਲ ਜਾਵੇ, ਕਾਮ ਦੇਵਤੇ ਨਾਲ ਦੋਸਤੀ ਹੋ ਜਾਵੇ ਤੇ ਉਹ ਭੂਤਰੇ ਸਾਨ ਵਾਗੂ ਫਿਰਨਾ ਛੱਡ ਦੇਵੇ, ਹੁਣ ਜਦ ਸਾਰੇ ਕਾਮ ਨੂੰ ਦੁਸ਼ਮਣ ਕਹੀ ਜਾ ਰਹੇ ਆ ਤਾ ਗੁੱਸਾ ਆਉਣਾ ਸਵਭਾਵਿਕ ਹੈ, ਫਿਰ ਕਾਮ ਮਹਾਬਲੀ ਹੈ, ਤਾਇਆ ਤੇ ਬਾਪੂਆ ਦੀ ਕੀ ਮਜਾਲ ਆ ਜੋ ਏਹਨੂੰ ਰੋਕ ਲੈਣ ?
ਕੁਦਰਤ ਕੋਈ ਵੀਹ ਕੁ ਮਿੰਟ ਜੋਰ ਲਾ ਕੇ ਥੋੜੀ ਮੱਠੀ ਪੈ ਗਈ ਸੀ, ਮੋਹਲੇਧਾਰ ਮੀਹ ਹੁਣ ਵਰਖਾ ਤੇ ਕਿਣਮਿਣ ਦਾ ਰੂਪ ਧਾਰਨ ਕਰ ਚੁੱਕਾ ਸੀ, ਇੱਕ ਦੋ ਪਰਾਹੁਣੇ ਹੁਣ ਮੱਠੇ ਮੱਠੇ ਮੀਂਹ ਵਿੱਚ ਹੀ ਘਰ ਨੂੰ ਤੁਰ ਪਏ, ਭੂਆ ਵੀ ਸਿਰ ਤੇ ਥਾਲੀ ਜਿਹੀ ਰੱਖੀ ਆ ਗਈ,
"ਰੱਬ ਨੇ ਵੀ ਅੱਜ ਈ ਕੰਮ ਚ ਘੜੰਮ ਪਾਉਣਾ ਸੀ"।
ਭੂਆ ਨੂੰ ਬਹੁਤ ਗਿਲਾ ਸੀ ਕਿ ਉਸਦੇ ਘਰ ਜੋ ਇਹ ਵਿਘਨ ਪਿਆ।
"ਭੂਆ ਰੱਬ ਤੇ ਗਿਲਾ ਨਾਂ ਕਰ, ਉਹ ਜੋ ਕਰਦਾ ਠੀਕ ਈ ਕਰਦਾ, ਕੀ ਪਤਾ ਕਿੰਨੇ ਕੁ ਜੀਆ ਨੂੰ ਇਸ ਵਰਖਾ ਦੀ ਲੋੜ ਸੀ"।
ਦੇਬੀ ਨੇ ਭੂਆ ਨੂੰ ਕਿਹਾ।
"ਗੱਲ ਤਾਂ ਤੇਰੀ ਵੀ ਠੀਕ ਆ ਪੁੱਤ, ਚੱਲ ਬਾਕੀ ਹੁਣ ਆਪਾ ਆਪੇ ਸੰਭਾਲ ਲਵਾਗੇ ਤੂੰ ਕੁੜੀਆਂ ਨੂੰ ਘਰ ਛੱਡ ਆ"।
ਭੂਆ ਨੇ ਕਿਹਾ।
"ਲੈ ਭੂਆ ਅਸੀ ਕਹਿੜਾ ਵਲੈਤ ਜਾਣਾ, ਆਪੇ ਚਲੇ ਜਾਵਾਗੀਆਂ"।
ਪੰਮੀ ਬੋਲ ਪਈ।
"ਦੇਵੀਓ, ਤੁਹਾਡਾ ਵੀਰ ਤੁਹਾਡਾ ਹਮੇਸ਼ਾਂ ਰਿਣੀ ਰਹੇਗਾ, ਤੁਹਾਨੂੰ ਰੱਬ ਹਰ ਖੁਸ਼ੀ ਬਖਸ਼ੇ"। ਦੇਬੀ ਨੇ ਕੁੜੀਆ ਅੱਗੇ ਹੱਥ ਜੋੜ ਦਿੱਤੇ, ਉਹਦਾ ਰੋਮ ਰੋਮ ਉਹਨਾ ਦੇ ਧੰਨਵਾਦ ਵਿੱਚ ਭਿੱਜਿਆ ਪਿਆ ਸੀ।
"ਲੈ ਵੀਰ ਧੰਨਵਾਦੀ ਤਾ ਅਸੀ ਤੇਰੀਆਂ, ਤੇਰੇ ਆਉਣ ਤੋ ਪਹਿਲਾ ਇਹ ਸਧਾਰਨ ਜਿਹਾ ਪਿੰਡ ਸੀ, ਹੁਣ ਇਹ ਬਹੁਤ ਪਿਆਰਾ ਲਗਦਾ ਆ, ਅਗਲੇ ਜਨਮ ਵਿੱਚ ਰੱਬ ਤੈਨੂੰ ਮੇਰਾ ਸੱਚੀ ਮੁੱਚੀ ਦਾ ਵੀਰ ਬਣਾਵੇ"।
ਪੰਮੀ ਦਾ ਮੋਹ ਦੇਬੀ ਨਾਲ ਹਰ ਪਲ ਵਧਦਾ ਜਾ ਰਿਹਾ ਸੀ।
"ਕਮਲੀਏ ਅਗਲੇ ਜਨਮ ਤੱਕ ਉਡੀਕ ਕਿਓ ਕਰਨੀ ਆ, ਇਸੇ ਜਨਮ ਈ ਤੇਰਾ ਵੀਰ ਆ, ਜਨਮ ਦੇਣ ਵਾਲੀ ਭਾਵੇ ਵੱਖਰੀ ਹੋਵੇ ਪਰ ਪਾਲਣ ਵਾਲੀ ਕੁਦਰਤ ਮਾਂ ਤਾ ਸਾਡੀ ਇੱਕ ਆ, ਝੂਠੀ ਮੂਠੀ ਦਾ ਵੀਰ ਨਹੀ ਹੁਣ ਵੀ ਸੱਚੀ ਮੁੱਚੀ ਦਾ ਆ"।
ਕਹਿ ਕੇ ਦੇਬੀ ਨੇ ਪੰਮੀ ਨੂੰ ਕਲਾਵੇ ਵਿੱਚ ਲੈ ਲਿਆ ਤੇ ਉਸਦੇ ਸਿਰ ਨੂੰ ਚੁੰਮਦਾ ਹੋਇਆ ਕਹਿਣ ਲੱਗਾ, "ਆਇਆ ਯਕੀਨ ?" ਪੰਮੀ ਧੰਨ ਹੋ ਗਈ, ਉਹਦੀਆ ਅੱਖਾ ਭਰ ਆਈਆ,
"ਤੇ ਰੋਦੀ ਕਾਹਤੋ ਆ ਕਮਲੀ ?" ।
ਦੇਬੀ ਨੇ ਉਹਦੇ ਅੱਥਰੂ ਡਿਗਣ ਤੋ ਪਹਿਲਾ ਪੂੰਝ ਦਿੱਤੇ "ਮੇਰੀ ਭੈਂਣ ਕਮਜੋਰ ਨਹੀ ਹੋ ਸਕਦੀ"
"ਰੋਵੇ ਮੇਰੀ ਬਲਾ, ਏਨੀ ਖੁਸ਼ੀ ਸੰਭਾਲੀ ਨੀ ਗਈ"।
ਕਹਿ ਕੇ ਪੰਮੀ ਨੇ ਬਹਾਦਰੀ ਦਾ ਸਬੂਤ ਦਿੱਤਾ।
"ਠੀਕ ਆ ਵੀਰ, ਰੱਬ ਨੇ ਚਾਹਿਆ ਤਾ ਕੱਲ ਮਿਲਾਂਗੇ"।
ਕਹਿ ਕੇ ਪੰਮੀ ਸਹੇਲਿਆਂ ਨਾਲ ਘਰ ਨੂੰ ਤੁਰ ਪਈ,
"ਰੱਬ ਚਾਹ ਹੀ ਰਿਹਾ"।
ਹੱਸਦੇ ਦੇਬੀ ਨੇ ਕੁੜੀਆਂ ਨੂੰ ਤੋਰ ਦਿੱਤਾ, ਸੱਜਣਾ ਵੱਲ ਇੱਕ ਪਿਆਰ ਭਰੀ ਨਜਰ ਭੇਜੀ ਤੇ ਅੱਗੋ ਫੁੱਲ ਖਿੜ ਗਿਆ, ਕੁੜੀਆਂ ਦਾ ਟੋਲਾ ਜਿਵੇ ਘਰੋ ਆਇਆ ਸੀ ਹੁਣ ਉਵੇ ਵਾਪਿਸ ਨਹੀ ਸੀ ਜਾ ਰਿਹਾ, ਸਭ ਦਿਲ ਇੱਕ ਨਸ਼ੇ ਵਿੱਚ ਭਿੱਜੇ ਹੋਏ ਸਨ, ਕੁਦਰਤ ਵੀ ਨਹਾ ਚੁੱਕੀ ਸੀ, ਬੱਦਲ ਅਪਣਾ ਕੰਮ ਕਰ ਕੇ ਜਿੱਥੋ ਆਏ ਉਥੇ ਚਲੇ ਗਏ ਸਨ, ਡੁੱਬਦਾ ਹੋਇਆ ਸੂਰਜ ਆਖਰੀ ਲਾਲੀ ਬਿਖੇਰ ਕੇ ਅਲਵਿਦਾ ਕਹਿ ਰਿਹਾ ਸੀ, ਮੀਹ ਤੋ ਬਾਅਦ ਵਗਣ ਵਾਲੀ ਰੁਮਕਦੀ ਜਿਹੀ ਹਵਾ ਸਰੀਰਾ ਨਾਲ ਖੈਹ ਖੈਹ ਕੇ ਲੰਘਦੀ ਸੀ, ਜਿਵੇ ਜੱਫੀ ਪਾਉਣ ਦੀ ਕੋਸ਼ਿਸ਼ ਕਰਦੀ ਹੋਵੇ, ਪਪੀਹੇ ਦੀ ਪੁਕਾਰ ਸੁਣੀ ਗਈ ਸੀ।
ਦੇਬੀ ਨੇ ਮੋਟਰ ਸਾਈਕਲ ਚੱਕਿਆ ਤੇ ਬਾਹਰਲੀ ਜਮੀਨ ਵੱਲ ਚਾਲੇ ਪਾ ਦਿੱਤੇ, ਉਥੇ ਦਾ ਰੰਗ ਹੀ ਕੁੱਝ ਹੋਰ ਸੀ, ਅੰਗਰੇਜੀ ਸ਼ਰਾਬ ਤੇ ਦੇਸੀ ਮੁਰਗਾ ਕਲਰਕਾਂ ਤੇ ਛੋਟੇ ਅਫਸਰਾਂ ਦੇ ਢਿੱਡ ਵਿੱਚ ਬਾਂਗਾ ਦੇ ਰਿਹਾ ਸੀ।
"ਓ ਬਾਈ ਬਾਹਲਾ ਚਿਰ ਲਾ ਤਾ, ਧੰਨ ਧੰਨ ਕਰਾ ਤੀ ਘੁ ਘੁੱਦੇ ਸ਼ੇਰ ਨੇ"।
ਪਰੇਮ ਦੀ ਜਬਾਂਨ ਨਸ਼ੇ ਵਿੱਚ ਉਖੜ ਰਹੀ ਸੀ।
ਦੇਬੀ ਨੂੰ ਸ਼ਰਾਬ ਦੀ ਬੋਅ ਤੋ ਵੀ ਐਲਰਜੀ ਸੀ ਪਰ ਸਰਦਾ ਨਹੀ ਸੀ, ਕਈ ਕੰਮ ਲੈਣੇ ਸਨ ਸ਼ਰਾਬ ਦੀ ਮਦਦ ਨਾਲ ਜੋ ਵੈਸੇ ਹੋ ਈ ਨਹੀ ਸੀ ਸਕਦੇ, ਇਸ ਸਮਾਜ ਦੇ ਸਾਰੇ ਰਾਖੇ ਏਨੇ ਕਮਜੋਰ ਪੈ ਚੁੱਕੇ ਸਨ ਕਿ ਵੱਡੇ ਵੱਡੇ ਸ਼ੇਰ ਇੱਕ ਬੋਤਲ ਅੱਗੇ ਭਿੱਜੀ ਬਿੱਲੀ ਬਣ ਜਾਦੇ ਸਨ, ਇਹ ਖਰੀਦੇ ਜਾ ਸਕਣ ਵਾਲੇ ਬਹੁਤੇ ਭਾਰਤੀ, ਬਹੁਤ ਗਰੀਬ ਹਨ, ਹਾਲੇ ਅਪਣੇ ਪੈਸਿਆ ਦੀ ਸ਼ਰਾਬ ਵੀ ਨਹੀ ਪੀ ਸਕਦੇ, ਅਪਣੀ ਮਰਜੀ ਨਾਲ ਅਪਣੀ ਹੋਸ਼ ਵੀ ਨਹੀ ਗਵਾ ਸਕਦੇ, ਉਹ ਵੀ ਕੋਈ ਮਜਬੂਰ ਆਵੇ ਜਿਸ ਨੇ ਕੋਈ ਕੰਮ ਕਰਾਉਣਾ ਹੋਵੇ ਤਾ ਉਹ ਹੀ ਇਨਾ ਦੀ ਹੋਸ਼ ਭੁਲਾਉਣ ਲਈ ਪੈਸੇ ਖਰਚੇ ਤਾ ਹੀ ਬੇਹੋਸ਼ ਹੋਣ ਦਾ ਮਜਾ ਆਉਦਾ ਆ, ਹੁਣ ਦੇਬੀ ਨੇ ਖੁਦ ਪਰਾਹੁਣਿਆ ਦੀ ਸੇਵਾ ਕੀਤੀ, ਉਹ ਸਾਰੇ ਦੇਬੀ ਦੇ ਗੁਣ ਗਾਉਦੇ ਅੱਠ ਨੌ ਵਜੇ ਨਕੋਦਰ ਵੱਲ ਚਾਲੇ ਪਾ ਗਏ, ਦੇਬੀ ਨੇ ਸ਼ੁਕਰ ਕੀਤਾ ਅਤੇ ਘੁੱਦਾ ਐਡ ਪਾਰਟੀ ਦਾ ਧੰਨਵਾਦ ਕਰਦਿਆ ਕਹਿਣ ਲੱਗਾ।
"ਬਾਈ ਘਰ ਪੰਮੀ ਤੋ ਬਿਨਾ ਨਹੀ ਸੀ ਸਰਨਾ ਤੇ ਏਥੇ ਤੇਰੇ ਤੋ ਬਿਨਾ, ਤੁਸੀ ਮੇਰੇ ਸਹੀ ਰਿਸ਼ਤੇਦਾਰ ਓ"।
"ਬਾਈ ਯਾਰੀ ਆ, ਕੋਈ ਛੋਲਿਆ ਦਾ ਵੱਢ ਨੀ, ਜਿਥੇ ਮਰਜੀ ਪਰਖ ਲੀ"।
ਘੁੱਦਾ ਭਾਵੇ ਨਸ਼ੇ ਵਿੱਚ ਸੀ ਪਰ ਪੂਰੀ ਹੋਸ਼ ਵਿੱਚ ਸੀ।
ਕਾਂਡ 8
ਦੇਬੀ, ਮਿੱਤਰਾ ਆਸ਼ਕੀ ਬਹੁਤ ਹੋ ਗਈ, ਹੁਣ ਆਨੇ ਵਾਲੀ ਥਾਂ ਆ ਜਾ, ਰਾਤ ਦੇਰ ਗਈ ਤੱਕ ਉਹ ਸੋਚ ਰਿਹਾ ਸੀ, ਹਫਤੇ ਤੋ ਉਪਰ ਹੋ ਗਿਆ ਸੀ ਪੰਜਾਬ ਆਏ ਨੂੰ ਤੇ ਹਾਲੇ ਤੱਕ ਉਹ ਕੁੱਝ ਖਾਸ ਨਹੀ ਸੀ ਕਰ ਸਕਿਆ, ਦੇਖਿਆ ਜਾਵੇ ਤਾਂ ਬਹੁਤ ਕੁੱਝ ਕਰ ਵੀ ਚੁੱਕਿਆ ਸੀ ਪਰ ਦੇਬੀ ਅਪਣੀ ਪਰੌਗਰੈਸ ਨੂੰ ਸਦਾ ਹੀ ਘੱਟ ਸਮਝਦਾ ਸੀ, ਸਮਾਂ ਥੋੜਾ ਤੇ ਕੰਮ ਬਹੁਤੇ, ਇਸ ਤੋ ਇਲਾਵਾ ਉਹ ਇਕੱਲਾ, ਭਾਵੇ ਘੁੱਦਾ ਐਡ ਪਾਰਟੀ ਤੇ ਉਸ ਨੂੰ ਆਸ ਸੀ ਪਰ ਫਿਰ ਵੀ ਇਹ ਸਭ ਅਸਾਂਨ ਨਹੀ ਸੀ, ਖੈਰ …ਉਹ ਅਚਾਂਨਕ ਉਠ ਕੇ ਮੰਜੇ ਤੇ ਬੈਠ ਗਿਆ, …
"ਦੇਵੀ ਕੁੱਝ ਸਮੇ ਲਈ ਛੁੱਟੀ ਦੇ ਅਤੇ ਮੇਰੇ ਨੇੜੇ ਨੇੜੇ ਰਹੀ" ਮਨ ਹੀ ਮਨ ਦੀਪੀ ਨੂੰ ਮਿਲਣ ਦੇ ਚੱਕਰ ਵਿੱਚ ਖਰਚ ਆਉਣ ਵਾਲੇ ਸਮੇ ਨੂੰ ਹੁਣ ਕਿਸੇ ਹੋਰ ਪਾਸੇ ਲਾਉਣ ਦੀ ਸੋਚ ਰਿਹਾ ਸੀ।
"ਹੇ ਸਤਗੁਰ, ਨਾਨਕ ਦੇਵ ਜੀ, ਕਿਰਪਾ ਕਰਨੀ, ਮੈਂ ਨਹੀ ਜਾਣਦਾ ਕਿ ਮੈਂ ਕੀ ਚਾਹੁੰਦਾ ਆ, ਤੇ ਮੇਰਾ ਰਸਤਾ ਠੀਕ ਹੈ ਜਾਂ ਨਹੀ, ਤੂੰ ਕਿਰਪਾ ਕਰੀ ਤੇ ਮੈਨੂੰ ਸਹੀ ਰਸਤੇ ਤੇ ਰੱਖੀ, ਮਨ ਡੋਲੇ ਨਾਂ, ਸ਼ਕਤੀ ਬਖਸ਼ ਦਾਤਾਰ … । ਤੇ ਮੂਲ ਮੰਤਰ ਦਾ ਪਾਠ ਕਰ ਕੇ ਸਾਂਤ ਮਨ ਨਾਲ ਸੌਂ ਗਿਆ …
ਸਵੇਰ ਹੋਈ, ਭੂਆ ਕੱਲ ਦਾ ਬਚਿਆ ਕੰਮ ਕਰ ਰਹੀ ਸੀ, ਭਾਂਡਿਆ ਦੇ ਖੜਾਕ ਨੇ ਦੇਬੀ ਦੀ ਅੱਖ ਖੋਲ ਦਿੱਤੀ, ਉਹ ਉਠਿਆ, ਭੂਆ ਦੇ ਪੈਰੀਂ ਹੱਥ ਲਾਏ, ਇਸ਼ਨਾਨ ਕੀਤਾ ਅਤੇ ਅਪਣਾ ਲਿਬਾਸ ਪਾ ਕੇ ਗੁਰਦਵਾਰੇ ਵੱਲ ਹੋ ਤੁਰਿਆ … ।
ਜਾ ਕੇ ਉਸ ਨੇ ਮੱਥਾ ਟੇਕਿਆ ਅਤੇ ਬਾਹਰ ਆ ਕੇ ਨਾਲ ਲਿਆਂਦੇ ਰੰਬੇ ਨਾਲ ਗੁਰਦਵਾਰੇ ਦੇ ਅੱਗੇ ਉਗਿਆ ਘਾਹ ਫੂਸ ਸਾਫ ਕਰਨ ਲੱਗ ਪਿਆ, ਜਿਹੜਾ ਵੀ ਗੁਰਦਵਾਰੇ ਆਉਦਾ ਹੈਰਾਂਨ ਜਿਹਾ ਹੋ ਕੇ ਦੇਖਦਾ ਕਿ ਮੁੰਡੇ ਨੂੰ ਕੀ ਹੋ ਗਿਆ , ਗਰੰਥੀ ਸਿੰਘ ਨੇ ਅਰਦਾਸ ਕੀਤੀ, ਪ੍ਰਸਾਦਿ ਲੈ ਕੇ ਲੋਕ ਬਾਹਰ ਆਏ, ਦੇਬੀ ਬਾਹਰ ਮੁੜਕੇ ਨਾਲ ਭਿੱਜਾ ਹੋਇਆ ਸੀ ਅਤੇ ਗੁਰਦਵਾਰੇ ਦਾ ਵਿਹੜਾ ਤਕਰੀਬਨ ਅੱਧਾ ਸਾਫ ਹੋ ਚੁੱਕਾ ਸੀ … ।
"ਬੇਟਾ ਜੀ ਤੁਸੀ ਕੀ ਕਰ ਰਹੇ ਓ ?" ।
ਗਰੰਥੀ ਸਿੰਘ ਹੈਰਾਂਨੀ ਤੇ ਖੁਸ਼ੀ ਨਾਲ ਬੋਲਿਆ।
"ਬਾਬਾ ਜੀ, ਮੈ ਸੋਚਿਆ ਥੋੜੀ ਸਫਾਈ ਕਰ ਦੇਵਾਂ, ਇਹ ਘਾਹ ਫੂਸ ਗੁਰਦਵਾਰੇ ਦੇ ਅੰਦਰ ਜਰਾ ਸੋਹਣਾ ਨਹੀ ਲੱਗਦਾ"।
ਦੇਬੀ ਨੇ ਨਿਮਰਤਾ ਨਾਲ ਕਿਹਾ।
"ਬਹੁਤ ਅੱਛੇ ਪੁੱਤਰ ਜੀ"ਸਰਮਿੰਦੇ ਤੇ ਖੁਸ਼ ਹੋਏ ਗਰੰਥੀ ਨੇ ਕਹਿ ਕੇ ਪ੍ਰਸਾਦਿ ਉਹਦੇ ਵੱਲ ਵਧਾ ਦਿੱਤਾ, ਸਿਰ ਦੇ ਸਾਫੇ ਨਾਲ ਹੱਥ ਸਾਫ ਕਰ ਕੇ ਦੇਬੀ ਨੇ ਪ੍ਰਸਾਦਿ ਲੈ ਲਿਆ, ਦੇਬੀ ਨੂੰ ਸਫਾਈ ਕਰਦੇ ਦੇਖ ਕੇ ਗਰੰਥੀ ਸਿੰਘ ਅਤੇ ਹੋਰ ਲੋਕਾਂ ਨੂੰ ਬਹੁਤ ਸ਼ਰਮ ਆਈ,
"ਵੇ ਪੁੱਤ ਜਾ ਘਰੋ ਰੰਬਾ ਲੈ ਕੇ ਆ ਮੁੰਡਾ ਕੱਲਾ ਖਪੀ ਜਾਦਾ"।
ਇੱਕ ਬਯੁਰਗ ਨੂੰ ਜਰਾ ਜਿਆਦਾ ਹੀ ਸ਼ਰਮ ਆ ਗਈ ਸੀ, ਉਸ ਨੇ ਨਾਲ ਲਿਆਂਦੇ ਪੋਤੇ ਨੂੰ ਰੰਬਾ ਲੈਂਣ ਭੇਜ ਦਿੱਤਾ, ਥੋੜੀ ਦੇਰ ਬਾਅਦ ਬਯੁਰਗ ਵੀ ਘਾਹ ਸਾਫ ਕਰ ਰਿਹਾ ਸੀ, ਉਸ ਨੂੰ ਦੇਖ ਕੇ ਕੁੱਝ ਹੋਰ ਆਂਢ ਗੁਆਂਢ ਦੇ ਲੋਕ ਨਾਲ ਆ ਬੈਠੇ ਤੇ ਕੁੱਝ ਨਿਆਂਣੇ ਖੋਤਿਆ ਹੋਇਆ ਘਾਹ ਇਕੱਠਾ ਕਰਨ ਲੱਗ ਪਏ, ਨਿੱਕਾ ਜਿਹਾ ਮੇਲਾ ਲੱਗ ਗਿਆ, ਪੰਜਾਬੀ ਲੋਕ ਰਲ ਕੇ ਜਦੋ ਕੁੱਝ ਕਰਨ ਲੱਗ ਪੈਂਣ ਤਾ ਪਹਾੜ ਨੂੰ ਅਪਣੀ ਥਾਂ ਤੋ ਸਰਕਾ ਦੇਣ, ਪਰ ਰਲ ਕੇ ਤੁਰਨ ਦੀ ਹੀ ਮੁਸ਼ਕਿਲ ਹੈ, ਪਹਿਲਾ ਇਹ ਪੁੱਛਣ ਲੱਗ ਪੈਂਦੇ ਆ ਬਈ ਲੀਡਰ ਕੌਣ ਆ, ਤੇ ਲੀਡਰ ਕਿਸੇ ਨਾ ਕਿਸੇ ਨੂੰ ਬੇਪਸੰਦ ਹੁੰਦਾ ਈ ਆ, ਫਿਰ ਵਿਰੋਧ ਸ਼ੁਰੂ ਤੇ ਕੰਮ ਠੱਪ ।
ਕੱਲ ਦੇ ਪਏ ਮੀਂਹ ਨੇ ਧਰਤੀ ਠੰਡੀ ਤੇ ਪੋਲੀ ਕਰ ਦਿੱਤੀ ਸੀ ਅਤੇ ਘਾਹ ਬੜੀ ਅਸਾਂਨੀ ਨਾਲ ਖੋਤਿਆ ਜਾ ਰਿਹਾ ਸੀ, ਦੇਬੀ ਰੰਬਾ ਚਲਾਉਣਾ ਜਾਣਦਾ ਤਾਂ ਨਹੀ ਸੀ ਪਰ ਇਰਾਦਾ ਨੇਕ ਹੋਵੇ ਗੁਰੂ ਜਾਚ ਝੱਟ ਹੀ ਸਿਖਾ ਦਿੰਦਾ ਆ, ਸਾਢੇ ਸੱਤ ਹੋ ਗਏ, ਸਕੂਲ, ਕਾਲਜ ਜਾਂਣ ਵਾਲੇ ਘਰੋ ਨਿਕਲਣੇ ਸ਼ੁਰੂ ਹੋ ਗਏ, ਅੱਡੇ ਦਾ ਰਾਹ ਗੁਰਦਵਾਰੇ ਦੇ ਸਾਹਮਣੇ ਦੀ ਲੰਘਦਾ ਸੀ ਅਤੇ ਹਰ ਕਿਸੇ ਨੂੰ ਸ਼ਹਿਰ ਜਾਂਣ ਲਈ ਇਥੋ ਦੀ ਲੰਘਣਾਂ ਪੈਂਦਾ ਸੀ, ਸੱਜਣਾ ਦਾ ਕਾਫਲਾ ਕਾਲਜ ਵੱਲ ਤੁਰ ਪਿਆ, ਗੁਰਦਵਾਰੇ ਰਸ਼ ਜਿਹਾ ਦੇਖ ਕੇ ਉਤਸੁਕਤਾ ਜਾਗੀ ਕਿ ਅੱਜ ਨਾਂ ਪੁੰਨਿਆ ਨਾਂ ਮੱਸਿਆ ਇਹ ਸੰਗਤ ਕਿਓ ਜੁੜੀ ਆ ? ਗੁਰਦਵਾਰੇ ਦੇ ਸਾਹਮਣੇ ਆ ਕੇ ਦੇਖਿਆ, ਦੇਬੀ ਰੰਬਾ ਚਲਾ ਰਿਹਾ ਸੀ ਤੇ ਬਾਕੀ ਵੀ ਸਫਾਈ ਵਿੱਚ ਰੁੱਝੇ ਸਨ, ਉਹ ਹਾਲੇ ਕੱਲ ਦੇ ਕਾਰਨਾਮਿਆ ਤੋ ਹੀ ਪ੍ਰਭਾਵਿਤ ਸੀ ਕਿ ਇੱਕ ਹੋਰ ਕਾਰਨਾਮਾ ਕਰ ਮਾਰਿਆ ਜੋਗੀ ਨੇ। ਉਹ ਹੁਣ ਉਥੇ ਰੁਕ ਨਹੀ ਸੀ ਸਕਦੀਆਂ, ਮਜਬੂਰੀ ਵੱਸ ਅੱਗੇ ਤੁਰ ਪਈਆਂ …
ਦੇਬੀ ਕਿਸੇ ਪਾਸੇ ਦੇਖ ਵੀ ਨਹੀ ਸੀ ਰਿਹਾ, ਇੱਕ ਤਾਂ ਅਪਣੇ ਹੱਥ ਨੂੰ ਕੱਟਣ ਤੋ ਬਚਾਉਣ ਲਈ ਅਤੇ ਦੂਸਰੇ ਸੱਜਣਾ ਨਾਲ ਅੱਖਾ ਮਿਲਣ ਤੇ ਜੋ ਦੋਵੇ ਬੰਨਿਆ ਤੋ ਪਰੇਮ ਬਰਸੇਗਾ ਉਹ ਤਾਇਆਂ ਤੇ ਤਾਈਆਂ ਦੀਆਂ ਤੇਜ ਨਜਰਾਂ ਤੋ ਬਚਣਾ ਨਹੀ, ਇਸ ਲਈ ਸਾਵਧਾਂਨੀ ਬਹੁਤ ਜਰੂਰੀ ਸੀ।
"ਦੀਪੀ ਮੈਨੂੰ ਤਾਂ ਡਰ ਲੱਗਦਾ ਬਈ ਛਾਮ ਨੂੰ ਜਦੋ ਆਪਾਂ ਘਰ ਨੂੰ ਆਈਏ ਤਾਂ ਰਾਂਝਾ ਕੰਨੀ ਮੁੰਦਰਾਂ ਪਾ ਕੇ ਹੀਰ ਦੇ ਦਵਾਰੇ ਭਿੱਖਿਆ ਨਾਂ ਮੰਗਣ ਆ ਜਾਵੇ"।
ਮਨਦੀਪ ਤੋ ਰਿਹਾ ਨਾਂ ਗਿਆ।
"ਸੰਭਵ ਤਾਂ ਹੈ ਪਰ ਮੇਰਾ ਖਿਆਲ ਆ ਜੋਗੀ ਸਿਰਫ ਰਾਂਝਾ ਨਹੀ ਮਿਰਜਾ ਵੀ ਆ"।
ਦੀਪੀ ਹੁਣ ਸਹੇਲੀਆਂ ਨਾਲ ਖੁੱਲ ਚੁੱਕੀ ਸੀ।
"ਮਤਲਬ ਟੂ ਇੰਨ ਵੰਨ ?"। ਇੱਕ ਹੋਰ ਚਹਿਕੀ।
ਕੁਝ ਦਿਨ ਪਹਿਲਾਂ ਪਿੰਡ ਦੇ ਲੋਕਾਂ ਅਤੇ ਇਨਾਂ ਮੁਟਿਆਰਾ ਦੀਆਂ ਗੱਲਾਂ ਦੇ ਮੁੱਦੇ ਵਿੱਚ ਅਪਣੇ ਪਿੰਡ ਦੀ ਗੱਲ ਘੱਟ ਹੁੰਦੀ ਸੀ, ਜਿਸ ਦਿਨ ਦਾ ਦੇਬੀ ਆਇਆ ਉਸ ਦਿਨ ਦੀ ਹਰ ਜਬਾਨ ਤੇ ਦੇਬੀ ਦੀ ਹੀ ਗੱਲ ਕਿਸੇ ਅੱਗ ਵਾਗੂ ਫੈਲੀ ਪਈ ਸੀ, ਤੇ ਇੱਕ ਦੇਬੀ ਸੀ ਜਿਹੜਾ ਕੋਈ ਨਾਂ ਕੋਈ ਨਵੀਂ ਗੱਲ ਕਰਕੇ ਇਸ ਅੱਗ ਨੂੰ ਬੁਝਣ ਨਹੀ ਸੀ ਦੇ ਰਿਹਾ,
"ਨੀ ਸਰੂਪ ਦਾ ਇਹਦੇ ਚ ਕੋਈ ਵੀ ਚੱਜ ਨਹੀ"।
ਤੀਵੀਆਂ ਮੂੰਹ ਚ ਉਗਲਾ ਦੇਈ ਬੈਠੀਆ ਸਨ।
"ਬਈ ਬਾਹਲਾ ਈ ਬੀਬਾ ਮੁੰਡਾ ਲੱਗਦਾ"।
ਤਾਏ ਜਿਹੜੇ ਪਿੰਡ ਦੇ ਗੱਭਰੂਆਂ ਨੂੰ ਮੁਡੀਰ ਕਹਿੰਦੇ ਸਨ ਦੇਬੀ ਬਾਰੇ ਕੁੱਝ ਨਰਮ ਖਿਆਲ ਰੱਖਦੇ ਸਨ, ਦੋ ਤਿੰਨ ਘੰਟਿਆ ਵਿੱਚ ਗੁਰਦਵਾਰੇ ਦਾ ਵਿਹੜਾ ਸਾਫ ਹੋ ਗਿਆ, ਦੇਬੀ ਘਰ ਨੂੰ ਤੁਰ ਗਿਆ, ਕਈ ਉਸ ਨੂੰ ਘਰ ਲਿਜਾਣਾ ਚਾਹੁੰਦੇ ਸੀ ਪਰ ਉਹ ਪੱਲਾ ਛੁਡਾ ਗਿਆ, ਸੱਜਣ ਪਿੰਡ ਵਿੱਚ ਨਹੀ ਤੇ ਹੁਣ ਪਿੰਡ ਵੀ ਕੀ ਕਰਨਾ, ਦੇਬੀ ਘਰ ਆ ਗਿਆ, ਭੂਆ ਉਸ ਨੂੰ ਪਸੀਨੇ ਨਾਲ ਭਿੱਜਿਆ ਦੇਖ ਕੇ ਹੈਰਾਂਨ ਰਹਿ ਗਈ,
"ਪੁੱਤ ਆਹ ਕੀ ਕੰਮ ਸ਼ੁਰੂ ਕਰ ਦਿੱਤਾ ?" ।
ਪੰਮੀ ਹੋਰੀ ਜਾਂਦੀਆਂ ਭੂਆ ਨੂੰ ਘਾਹ ਖੋਤਣ ਬਾਰੇ ਦੱਸ ਗਈਆਂ ਸਨ।
"ਭੂਆ ਗੁਰਦਵਾਰੇ ਗਿਆ ਸੀ, ਥੋੜੀ ਸੇਵਾ ਕਰ ਕੇ ਆਇਆ"।
ਦੇਬੀ ਨੇ ਦੱਸਿਆ।
"ਲੈ ਪਿੰਡ ਵਾਲੇ ਆਪੇ ਕਰਨ ਤੈਨੂੰ ਕੀ ਲੋੜ ਪਈ ਆ"।
ਭੂਆ ਨੂੰ ਇਹ ਸੇਵਾ ਬਾਹਲੀ ਜਚੀ ਨਹੀ ਸੀ।
"ਆਪਾਂ ਵੀ ਤਾਂ ਪਿੰਡ ਵਾਲੇ ਈ ਆ, ਨਾਲੇ ਮੇਰੇ ਸਿਰ ਤੇ ਪਿੰਡ ਦਾ ਪੰਦਰਾਂ ਸਾਲਾ ਦਾ ਬਕਾਇਆ ਬਣਦਾ, ਵੈਸੇ ਵੀ ਭੂਆ ਸਾਰੇ ਕੰਮ ਲੋੜ ਕਰਕੇ ਹੀ ਨਹੀ ਕਰੀਦੇ"।
ਦੇਬੀ ਅਪਣੇ ਖਿਆਲ ਦੀ ਪਰੋੜਤਾ ਕਰਦਾ ਹੋਇਆ ਬੋਲਿਆ।
"ਚੱਲ ਪੁੱਤ ਤੇਰੀ ਮਰਜੀ, ਨਾ ਕੇ ਰੋਟੀ ਖਾ ਲੈ"।
ਭੂਆ ਛੇਤੀ ਹਥਿਆਰ ਸੁੱਟ ਗਈ, ਨਿਰਮਲ ਵੀ ਹੁਣ ਪੈਰਾਂ ਸਿਰ ਹੋ ਗਿਆ ਸੀ, ਰਾਤ ਦੀ ਪੀਤੀ ਲਹਿ ਚੁੱਕੀ ਸੀ।
"ਬਾਈ ਅੱਜ ਫੇਰ ਕਿੱਧਰ ਦਾ ਗੇੜਾ ਕੱਢਣਾ ਆ ?" ।
ਨਿਰਮਲ ਨੇ ਕਿਹਾ ਉਸ ਨੂੰ ਹੁਣ ਝੋਨੇ ਦੀ ਬਿਜਾਈ ਦਾ ਫਿਕਰ ਆ ਪਿਆ ਸੀ।
"ਗੇੜਾ ਹੁਣ ਖੇਤਾਂ ਦਾ, ਅੱਜ ਤੂੰ ਮੈਨੂੰ ਟਰੈਕਟਰ ਚਲਾਉਣਾ ਸਿਖਾਉਣਾ ਆ ਤੇ ਬਾਕੀ ਕੰਮ ਬਾਅਦ ਵਿੱਚ ਦੱਸੂਗਾ"।
ਦੇਬੀ ਨੇ ਕਿਹਾ, ਰੋਟੀ ਖਾ ਕੇ ਉਹ ਦੋਵੇ ਖੇਤਾਂ ਵੱਲ ਚੱਲ ਪਏ, ਪੁਰਾਣਾ ਟਰੈਕਟਰ ਸੀ ਪਰ ਜਿਵੇ ਕੋਈ ਕਰਮਾਂ ਵਾਲੀ ਮਸ਼ੀਨਰੀ ਹੁੰਦੀ ਆ, ਬਾਹਲਾ ਖਰਾਬ ਨਹੀ ਸੀ ਹੁੰਦਾ, ਖਾਲੀ ਟਰੈਕਟਰ ਚਲਾਉਣਾ ਦੇਬੀ ਲਈ ਕੋਈ ਮੁਸ਼ਕਿਲ ਨਹੀ ਸੀ, ਮੀਂਹ ਪੈਣ ਕਾਰਨ ਪਾਣੀ ਦੀ ਕਿੱਲਤ ਕੁੱਝ ਘਟ ਚੁੱਕੀ ਸੀ, ਜਿਮੀਦਾਰ ਇਸ ਮੌਕੇ ਦਾ ਫਾਇਦਾ ਲੈਣ ਲਈ ਸਭ ਖੇਤਾ ਵਿੱਚ ਸਨ, ਝੋਨੇ ਦੀ ਫਸਲ ਦਾ ਕੱਦ ਕਰਨ ਲਈ ਪਾਣੀ ਜਿੰਨਾ ਵੀ ਹੋਵੇ ਥੋੜਾ, ਨਿਰਮਲ ਨੇ ਟਰੈਕਟਰ ਕੱਦ ਕਰਨ ਲਈ ਖੇਤ ਵਿੱਚ ਲਿਆ ਵਾੜਿਆ, ਮੋਟਰ ਤੇ ਆਟੋਮੈਟਿਕ ਲੱਗਾ ਹੋਇਆ ਸੀ, ਪਿੰਡ ਵਾਲੀ ਜਮੀਨ ਵਿੱਚ ਦੋ ਬੋਰ ਸਨ, ਅੱਜ ਦੋਵਾਂ ਮੋਟਰਾਂ ਦਾ ਪਾਣੀ ਕੱਦ ਵਾਲੇ ਖੇਤ ਨੂੰ ਪਾ ਕੇ ਕੱਦ ਤਿਆਰ ਕਰਨਾਂ ਸੀ, ਬਾਹਰਲੀ ਜਮੀਨ ਵਾਲੇ ਮਕਾਂਨ ਵਿੱਚ ਪੰਦਰਾ ਕੁ ਭਈਆ ਦਾ ਟੋਲਾ ਝੋਨਾ ਲਾਉਣ ਲਈ ਬਿਠਾਇਆ ਹੋਇਆ ਸੀ, ਨਿਰਮਲ ਨੇ ਚਾਰ ਪੰਜ ਗੇੜੇ ਕੱਢੇ ਤੇ ਦੇਬੀ ਨੂੰ ਜਾਚ ਸਿਖਾਈ, ਹੁਣ ਦੇਬੀ ਪਾਣੀ ਨਾਲ ਭਰੇ ਖੇਤ ਵਿੱਚ ਹਲ ਵਾਹ ਰਿਹਾ ਸੀ, ਮੋੜ ਮੁੜਦੇ ਉਸ ਨੇ ਹਲ ਜਰਾ ਡੂੰਘੇ ਕਰ ਦਿੱਤੇ ਤੇ ਰੇਸ ਘੱਟ, ਟਰੈਕਟਰ ਦੇ ਪਿਛਲੇ ਟਾਇਰ ਘੁੰਮ ਗਏ ਪਰ ਟਰੈਕਟਰ ਅੱਗੇ ਨਾਂ ਤੁਰਿਆ … ।।
"ਬਾਈ, ਰੁਕ ਜਾ, ਹੁਣ ਏਦਾਂ ਨੀ ਗੱਲ ਬਣਨੀ"।
ਨਰਮਲ ਨੇ ਛੇਤੀ ਰੋਕ ਲਿਆ, ਇਸ ਤੋ ਪਹਿਲਾਂ ਕਿ ਟਰੈਕਟਰ ਹੋਰ ਨੀਵਾਂ ਧਸਦਾ, ਨਿਰਮਲ ਨੇ ਲਿਫਟ ਚੱਕ ਕੇ ਦੋ ਕੁ ਵਾਰ ਅੱਗੇ ਪਿੱਛੇ ਕਰ ਕੇ ਟਰੈਕਟਰ ਬਾਹਰ ਕੱਢ ਲਿਆ, ਤੇ ਨਾਲੇ ਦੇਬੀ ਨੂੰ ਲਿਫਟ ਬਾਰੇ ਸਮਝਾਇਆ ਕਿ ਇੱਕ ਹੱਥ ਲਿਫਟ ਦੇ ਨੇੜੇ ਹੋਣਾ ਚਾਹੀਦਾ ਆ, ਦੇਬੀ ਹੁਣ ਅਪਣੀ ਗਲਤੀ ਸਮਝ ਚੁੱਕਾ ਸੀ, ਇਸ ਤੋ ਬਾਅਦ ਉਸ ਨੇ ਬਿਨਾ ਕਿਸੇ ਮੁਸ਼ਕਿਲ ਦੇ ਪੂਰਾ ਖੇਤ ਵਾਹ ਦਿੱਤਾ, ਦੋ ਪੱਕੇ ਰੱਖੇ ਭਈਏ ਨਵੇ ਸਰਦਾਰ ਨੂੰ ਟਰੈਕਟਰ ਸਿੱਖਦਾ ਦੇਖ ਕੇ ਹੱਸ ਰਹੇ ਸਨ, ਇਕ ਖੇਤ ਦਾ ਕੱਦ ਪੂਰਾ ਹੋ ਚੁੱਕਾ ਸੀ, ਦੂਜੇ ਵਿੱਚ ਕੱਦ ਲਈ ਪਾਣੀ ਪੂਰਾ ਹੋ ਚੁੱਕਿਆ ਸੀ,
"ਬਾਈ ਹੁਣ ਤੂੰ ਜਾ ਪਰੇਮ ਕੋਲ ਤੇ ਉਸ ਨੂੰ ਕਹਿ ਕਿ ਫੋਰਡ ਟਰੈਕਟਰ ਦੀ ਏਜੰਸੀ ਨਾਲ ਤੇ ਬੈਂਕ ਨਾਲ ਗੱਲ ਕਰਕੇ ਟਰੈਕਟਰ ਦਾ ਕਲੇਮ ਕਰੇ, ਜਿਹੜੇ ਕਾਗਜ ਉਸ ਨੂੰ ਚਾਹੀਦੇ ਆ ਕੱਲ ਤੱਕ ਉਸ ਕੋਲ ਪਹੁੰਚਾਦੇ, ਕਹੀ ਕਿ ਕੱਲ ਤੱਕ ਟਰੈਕਟਰ ਸਾਡੇ ਘਰ ਹੋਣਾ ਚਾਹੀਦਾ ਆ, ਅੱਧੇ ਪੈਸੇ ਨਕਦ ਤੇ ਬਾਕੀ ਬੈਂਕ ਕੋਲੋ ਲੈ ਕੇ ਅਪਣਾ ਮਨਪਸੰਦ ਰੰਗ ਚੁਣ ਕੇ ਟਰੈਕਟਰ ਲੈ ਆ"।
ਦੇਬੀ ਨੇ ਕਿਹਾ ਤਾਂ ਨਿਰਮਲ ਸੁਣ ਕੇ ਬਾਗੋ ਬਾਗ ਹੋ ਗਿਆ।
"ਬਾਈ ਆਹ ਤਾਂ ਤੂੰ ਮੇਰੇ ਦਿਲ ਦੀ ਕੀਤੀ ਆ, ਟਰੈਕਟਰ ਅਪਣਾ ਭਾਵੇ ਇਹ ਵੀ ਮਾੜਾ ਨਹੀ ਪਰ ਹੁਣ ਬੁੱਢਾ ਹੋ ਗਿਆ, ਬਹੁਤ ਸਾਥ ਦਿੱਤਾ ਇਸ ਨੇ, ਪਰ ਭੂਆ ਦਾ ਬੈਂਕ ਚ ਬਥੇਰਾ ਪੈਸਾ ਪਿਆ, ਨਕਦ ਵੀ ਖਰੀਦ ਸਕਦੇ ਆਂ"।
ਨਿਰਮਲ ਲਈ ਨਵੇ ਫੋਰਡ ਤੋ ਵੱਡਾ ਹੋਰ ਕੀ ਤੋਹਫਾ ਹੋ ਸਕਦਾ ਸੀ।
"ਆਪਾਂ ਹਾਲੇ ਹੋਰ ਕਈ ਕੁੱਝ ਕਰਨਾਂ ਤੇ ਨਕਦ ਪੈਸੇ ਜਿੰਨੇ ਵੀ ਆ ਥੋੜੇ ਆ, ਅੱਛਾ ਇਹ ਦੱਸ ਬਈ ਜਿਹੜੀ ਪਨੀਰੀ ਤੂੰ ਬੀਜੀ ਆ ਉਸ ਤੋ ਵਧੀਆ ਕਿਸਮ ਵੀ ਹੈ ਕੋਈ ਝੋਨੇ ਦੀ ?" ।
ਦੇਬੀ ਝੋਨੇ ਦੀ ਸਭ ਤੋ ਵਧੀਆ ਕਿਸਮ ਚਾਹੁੰਦਾ ਸੀ।
"ਬਾਈ ਇੱਕ ਨਵਾਂ ਬੀ ਆਇਆ ਪਰ ਆਪਾ ਨੂੰ ਅਗਲੇ ਸਾਲ ਮਿਲੂ"।
ਨਿਰਮਲ ਨੇ ਦੱਸਿਆ।
"ਅਗਲੇ ਸਾਲ ਕਿਓ ?" ਦੇਬੀ ਨੇ ਪੁੱਛਿਆ ।
"ਵੱਡੇ ਜਿਮੀਦਾਰ ਅਪਣੀ ਪਹੁੰਚ ਨਾਲ ਵਧੀਆ ਬੀ ਪਹਿਲਾਂ ਲੈ ਜਾਦੇ ਆ ਹਮਾਤੜਾ ਦੀ ਵਾਰੀ ਸਦਾ ਈ ਮਗਰੋ ਆਉਦੀ ਆ, ਨਾਲੇ ਹੁਣ ਮਿਲ ਵੀ ਜਾਵੇ ਤਾਂ ਪਨੀਰੀ ਵੱਡੀ ਹੁੰਦੇ ਫਸਲ ਲੇਟ ਹੋ ਜਾਉ"। ਨਿਰਮਲ ਨੇ ਮੁਸ਼ਕਿਲ ਦੱਸੀ।
"ਪਰੇਮ ਨੂੰ ਕਹੀ ਬਈ ਇੱਕ ਤਾ ਸਾਢੇ ਘਰ ਫੋਨ ਦਾ ਕੁਨੈਕਸ਼ਨ ਚਾਹੀਦਾ ਤੇ ਦੂਜਾ ਖੇਤੀਬਾੜੀ ਮਹਿਕਮੇ ਵਾਲੇ ਨੂੰ ਕਹਿ ਕੇ ਜਿੰਨੀ ਪਨੀਰੀ ਹੋ ਸਕੇ ਸਾਨੂੰ ਕਿਤਿਓ ਲੈ ਕੇ ਦੇਵੇ"।
ਦੇਬੀ ਨੇ ਕੋਸ਼ਿਸ਼ ਕਰ ਕੇ ਦੇਖਣੀ ਚਾਹੀ।
ਨਿਰਮਲ ਸ਼ਹਿਰ ਨੂੰ ਚਲੇ ਗਿਆ ਤੇ ਦੇਬੀ ਵਾਹਿਗੁਰੂ ਕਹਿ ਕੇ ਟਰੈਕਟਰ ਤੇ ਬੈਠ ਗਿਆ, ਸ਼ਾਮ ਪੈਦੇ ਉਸ ਨੇ ਤਿੰਨ ਖੇਤ ਹੋਰ ਤਿਆਰ ਕਰ ਦਿੱਤੇ ਸਨ, ਭਈਆ ਘਰ ਜਾ ਕੇ ਰੋਟੀ ਲੈ ਆਇਆ ਸੀ, ਸ਼ਾਮ ਨੂੰ ਜਦੋ ਨਿਰਮਲ ਆਇਆ ਤਾਂ ਤਿਆਰ ਖੇਤ ਦੇਖ ਕੇ ਹੈਰਾਂਨ ਰਹਿ ਗਿਆ।
"ਬਾਈ ਕਮਾਲ ਆ ਦੇਖਣ ਨੂੰ ਤਾਂ ਤੂੰ ਕੋਈ ਲਾਲਿਆ ਦਾ ਪੁੱਤ ਲਗਦਾ ਪਰ ਮਿਹਨਤ ਜੱਟਾ ਤੋ ਉਪਰ ਦੀ"।
ਨਿਰਮਲ ਸਿਫਤ ਕਰਨੋ ਨਾ ਰਹਿ ਸਕਿਆ।
"ਜਿਮੀਦਾਰਾ ਦਾ ਪੁੱਤ ਆ ਬਾਈ, ਨਾਲੇ ਜਰਮਨ ਵਿੱਚ ਬਹਿ ਕੇ ਰੋਟੀ ਨੀ ਮਿਲਦੀ, ਅੱਛਾ ਪਰੇਮ ਕੀ ਕਹਿੰਦਾ ਸੀ ?"।
ਦੇਬੀ ਨੇ ਪੁੱਛਿਆ।
"ਉਹਨੇ ਨਾਲ ਜਾ ਕੇ ਬੈਂਕ ਤੇ ਏਜੰਸੀ ਵਾਲਿਆ ਨਾਲ ਮੇਰੀ ਗੱਲ ਕਰਾ ਦਿੱਤੀ ਸੀ, ਨਕਦ ਪੈਸੇ ਜੋ ਦੇਣੇ ਹਨ ਉਹ ਤੇ ਬਾਕੀ ਜਮੀਨ ਦੇ ਕਾਗਜ ਕੱਲ ਨੂੰ ਦੇ ਕੇ ਟਰੈਕਟਰ ਘਰ ਨੂੰ ਤੋਰ ਦੇਣਗੇ ਤੇ ਟੈਲੀਫੋਨ ਵੀ ਛੇਤੀ ਕਹਿੰਦਾ ਲੱਗ ਜੂ, ਪਨੀਰੀ ਪੰਜ ਕੁ ਕਿੱਲੇ ਦੀ ਤਾਂ ਕਹਿੰਦਾ ਮਿਲਜੂ ਬਾਕੀ ਹੋਰ ਦੀ ਵੀ ਕੋਸ਼ਿਸ਼ ਕਰੇਗਾ"।
ਨਿਰਮਲ ਨੇ ਦੱਸਿਆ।
ਦੇਬੀ ਨੂੰ ਪਤਾ ਸੀ ਉਸਨੂੰ ਪਰੇਮ ਵਰਗੇ ਜਾਂਣਕਾਰ ਦੀ ਲੋੜ ਆ ਤੇ ਪਰੇਮ ਨੂੰ ਨਕਦ ਨਾਰਾਇਣ, ਮੁਰਗਾ ਤੇ ਦਾਰੂ ਚਾਹੀਦੀ ਆ, ਪਰੇਮ ਪੁਰਾਣਾ ਖਿਲਾੜੀ ਸੀ ਉਸਨੇ ਮੁੰਡੇ ਨੂੰ ਪਹਿਲੀ ਵਾਰ ਹੀ ਪਛਾਂਣ ਲਿਆ ਸੀ ਕਿ ਇਹ ਖਰਾ ਸੋਨਾ ਆ, ਇਤਬਾਰ ਯੋਗ ਆ, ਐਸਾ ਕੋਈ ਮਹਿਕਮਾ ਨਹੀ ਸੀ ਜਿਸ ਵਿੱਚ ਪਰੇਮ ਦੀ ਪਹਾਣ ਨਹੀ ਸੀ, ਬੱਸ ਸੁਨੇਹੇ ਤੇ ਕੰਮ ਹੋ ਸਕਦਾ ਸੀ।
ਜਮੀਨ ਹੈ ਤਾਂ ਕਨੇਡਾ ਵਾਲੇ ਤਾਏ ਦੇ ਨਾਮ, ਪਰ ਉਸਨੇ ਭੂਆ ਨੂੰ ਮੁਖਤਿਆਰ ਨਾਮਾ ਦਿੱਤਾ ਹੋਇਆ ਸੀ, ਸਰੂਪ ਸਿੰਘ ਦਾ ਹੱਕ ਤਾਂ ਬਣਦਾ ਸੀ ਪਰ ਬਾਪੂ ਨੇ ਤਾਏ ਨੂੰ ਕਿਹਾ ਸੀ ਕਿ ਮੇਰੇ ਮਗਰੋ ਸਰੂਪ ਸਿੰਘ ਦੇ ਹਿੱਸੇ ਦੀ ਜਮੀਨ ਉਸਦੇ ਪੁੱਤਾ ਨੂੰ ਦੇ ਦੇਵੇ, ਅਗਲੇ ਦਿਨ ਨਿਰਮਲ ਤੇ ਭੂਆ ਪਰੇਮ ਕੋਲ ਚਲੇ ਗਏ, ਉਨਾ ਦੇ ਜਾਂਦਿਆ ਪਟਵਾਰੀ ਆਦਿ ਪਹਿਲਾ ਹੀ ਪਰੇਮ ਵੱਲੋ ਸੂਚਿਤ ਕੀਤੇ ਜਾ ਚੁੱਕੇ ਸਨ ਉਨਾ ਝੱਟ ਜਮੀਨ ਦੇ ਕਾਗਜ ਤਿਆਰ ਕੀਤੇ, ਭੂਆ ਨੇ ਫਸਲ ਦੇ ਬਚਦੇ ਪੈਸੇ ਜਮਾ ਕਰਾ ਰੱਖੇ ਸਨ, ਉਸਦਾ ਖਰਚ ਵੀ ਕੋਈ ਨਹੀ ਸੀ, ਬੈਕ ਵਿੱਚੋ ਹੀ ਪੈਸੇ ਟਰਾਂਸਫਰ ਕਰਕੇ, ਕਾਗਜ ਤਿਆਰ ਕਰ ਦਿੱਤੇ ਤੇ ਏਜੰਸੀ ਵਾਲੇ ਨੇ ਕਿਹਾ … ।।
"ਪਰੇਮ ਜੀ, ਟਰੈਕਟਰ ਭਾਵੇ ਹੁਣੇ ਤੋਰ ਦਿਓ, ਜੇ ਕੋਈ ਪੇਪਰ ਰਹਿ ਵੀ ਗਿਆ ਤਾਂ ਬਾਅਦ ਵਿੱਚ ਹੋਜੂ"। ਏਜੰਸੀ ਵਾਲਾ ਪਰੇਮ ਨੂੰ ਖੁਸ਼ ਕਰਨਾ ਚਾਹੁੰਦਾ ਸੀ, ਪਰੇਮ ਦੀ ਖੁਸ਼ੀ ਦਾ ਉਸ ਨੂੰ ਬਹੁਤ ਫਾਇਦਾ ਹੋ ਸਕਦਾ ਸੀ, ਟਰੈਕਟਰ ਆ ਗਿਆ, ਹੁਣ ਦੇਬੀ ਪੁਰਾਣਾ ਟਰੈਕਟਰ ਚਲਾ ਰਿਹਾ ਸੀ ਤੇ ਨਿਰਮਲ ਨਵਾਂ, ਦੋਵਾਂ ਨੇ ਦਿਨ ਰਾਤ ਇੱਕ ਕਰਕੇ ਕੱਦ ਕਰਨੇ ਸ਼ੁਰੂ ਕਰ ਦਿੱਤੇ, ਦੇਬੀ ਨੇ ਗਵਾਂਢ ਜਮੀਨ ਵਾਲੇ ਨੂੰ ਕਿਹਾ … ।
"ਤਾਇਆ ਜੀ ਜਾਂ ਸਾਡੀ ਮੋਟਰ ਦਾ ਪਾਣੀ ਤੁਸੀ ਲੈ ਲਓ ਤੇ ਜਾ ਮੈਨੂੰ ਦੇ ਦਿਓ, ਕੱਦ ਛੇਤੀ ਹੋ ਜੂ ਤੇ ਫਿਰ ਰਲ ਕੇ ਦੂਜੀ ਜਮੀਨ ਬਣਾ ਲਵਾਗੇ"।
"ਕਾਕਾ ਤੂੰ ਪਾਣੀ ਲਾ ਲੈ, ਸਾਡੀ ਪਨੀਰੀ ਹਾਲੇ ਚਾਰ ਦਿਨ ਲੈਦੀ ਆ, ਫੇ ਤੂੰ ਸਾਡੀ ਮਦਦ ਕਰਦੀ"। ਤਾਇਆ ਮੰਨ ਗਿਆ, ਤਿੰਨ ਮੋਟਰਾ ਦੇ ਅਤੇ ਮੀਹ ਦੇ ਪਾਣੀ ਨੇ ਧੰਨ ਧੰਨ ਕਰਾ ਦਿੱਤੀ, ਉਹ ਹੁਣ ਦੇਰ ਰਾਤ ਗਏ ਘਰ ਜਾਦਾ ਤੜਕੇ ਫਿਰ ਆ ਟਰੈਕਟਰ ਤੇ ਬੈਠਦਾ, ਦੂਜੇ ਦਿਨ ਘੁੱਦਾ ਖੇਤਾ ਵਿੱਚ ਆ ਧਮਕਿਆ।
"ਬਾਈ ਹੁਣ ਖੇਤਾਂ ਵਿੱਚ ਈ ਰਿਹਾ ਕਰਨਾ, ਸਾਡੇ ਭਾਅ ਦਾ ਪਿੰਡ ਫੇ ਸੁੰਨਾ ਹੋ ਗਿਆ"।
"ਮਿੱਤਰਾ ਘਰ ਤਾਂ ਹੁਣ ਝੋਨਾ ਲਾ ਕੇ ਈ ਆਉਣਾ ਆ, ਫਸਲ ਬੀਜੀ ਗਈ ਤਾਂ ਫਿਰ ਆਪਾ ਪਿੰਡ ਵਿੱਚ ਈ ਰਹਿਣਾ, ਬੱਸ ਚਾਰ ਦਿਨਾ ਦੀ ਗੱਲ ਆ"।
ਦੇਬੀ ਜੋ ਕਹਿੰਦਾ ਕਰ ਦਿੰਦਾ ਸੀ।
"ਸਾਡੇ ਲਾਇਕ ਕੋਈ ਸੇਵਾ ਹੈ ਤਾਂ ਦੱਸ ?" ਘੁੱਦੇ ਨੇ ਕਿਹਾ।
"ਫਿਲਹਾਲ ਸਭ ਠੀਕ ਆ, ਤੂੰ ਬੁਲੇਟ ਦੀ ਚਾਬੀ ਕੋਲ ਰੱਖ, ਕਾਲਜ ਜਾਂਣ ਆਉਣ ਤੱਕ ਠੀਕ ਆ, ਵਾਧੂ ਅਵਾਰਾਗਰਦੀ ਵਿੱਚ ਆਪਾ ਤੇਰੇ ਬੇਲੀ ਨਹੀ, ਜਿੰਨਾ ਚਿਰ ਮੈਂ ਝੋਨਾ ਲਾ ਰਿਹਾ ਉਨਾ ਚਿਰ ਬੁਲੇਟ ਤੇਰਾ"।
ਦੇਬੀ ਨੇ ਕਿਹਾ ਤਾਂ ਘੁੱਦਾ ਉਸ ਨੂੰ ਆ ਚੰਬੜਿਆ।
"ਓ ਖੁਸ ਕੀਤਾ ਈ ਬਾਈ"।
"ਘੁੱਦਿਆ ਇੱਕ ਛੋਟਾ ਜਿਹਾ ਕੰਮ ਮੇਰਾ ਵੀ ਕਰਦੇ, ਪਰੀਤੀ ਨੂੰ ਕਹੀ ਜਰਾ ਖੁੱਲੇ ਦਿਲ ਨਾਲ ਚਟਣੀ ਬਣਾ ਕੇ ਭੇਜ ਦੇਵੇ"।
ਦੇਬੀ ਨੇ ਕਿਹਾ ਤਾਂ ਘੁੱਦਾ ਹੱਸ ਕੇ ਬੋਲਿਆ।
"ਇਹ ਵੀ ਕੋਈ ਕੰਮ ਆ, ਸਵੇਰ ਦੀ ਰੋਟੀ ਆਪਣੇ ਘਰੋ ਆਊ"। ਘੁੱਦਾ ਚਲੇ ਗਿਆ, ਨਿਰਮਲ ਭਈਆਂ ਨੂੰ ਨਾਲ ਲੈ ਜਾ ਕੇ ਜਿੰਨੀ ਪਨੀਰੀ ਨਵੇ ਬੀਜ ਦੀ ਮਿਲੀ ਪੁਟਵਾ ਕੇ ਲੈ ਆਇਆ, ਹੁਣ ਘਰ ਨੇੜਲੀ ਅੱਧੀਓ ਵੱਧ ਜਮੀਨ ਦਾ ਕੱਦ ਹੋ ਚੁੱਕਾ ਸੀ, ਦੇਬੀ ਨੇ ਨਿਰਮਲ ਨੂੰ ਬਾਹਰ ਵਾਲੀ ਜਮੀਨ ਵਿੱਚ ਭੇਜ ਦਿੱਤਾ, ਮੀਂਹ ਦਾ ਪਾਣੀ ਹੁਣ ਸੁੱਕਣ ਤੇ ਆਇਆ ਸੀ, ਤੇ ਦੇਖਾ ਦੇਖੀ ਬਾਕੀ ਜਿਮੀਦਾਰ ਵੀ ਤੇਜ ਹੋਈ ਜਾ ਰਹੇ ਸਨ, ਪਾਣੀ ਤੇ ਬਿਜਲੀ ਦੀ ਕਿੱਲਤ ਆਉਣ ਤੋ ਪਹਿਲਾਂ ਉਹ ਫਸਲ ਬੀਜ ਕੇ ਵਿਹਲਾ ਹੋਣਾ ਚਾਹੁੰਦਾ ਸੀ, ਦੂਜੇ ਦਿਨ ਸਵੇਰੇ ਘੁੱਦਾ ਤੇ ਪਰੀਤੀ ਸਿੱਧੇ ਖੇਤਾ ਵਿੱਚ ਆ ਗਏ, ਪਰੀਤੀ ਨੇ ਬੜੀ ਪਰੀਤ ਨਾਲ ਬਣਾਈ ਚਟਣੀ, ਅਚਾਰ ਤੇ ਨਾਲ ਪਰਾਉਠੇ ਦੇਬੀ ਦੇ ਮੋਹਰ ਰੱਖ ਦਿੱਤ,ਘੁੱਦਾ ਪਰੀਤੀ ਨੂੰ ਉਤਾਰ ਕੇ ਚਲੇ ਗਿਆ, ਬੁਲੇਟ ਉਸ ਦੇ ਥੱਲੇ ਸੀ, ਹੁਣ ਉਹ ਟਿਕਣ ਵਾਲਾ ਨਹੀ ਸੀ।
"ਵੀਰੇ ਤੂੰ ਤਾ ਇੱਕ ਦੰਮ ਜਿਮੀਦਾਰ ਲਗਦਾ"। ਦੇਬੀ ਦਾ ਹੁਲੀਆ ਦੇਖ ਕੇ ਪਰੀਤੀ ਨੂੰ ਹਾਸਾ ਵੀ ਆ ਗਿਆ ਤੇ ਉਸ ਨੂੰ ਦੇਬੀ ਤੇ ਮਾਣ ਵੀ ਸੀ ਜੋ ਕਿ ਬਾਹਰੋ ਆ ਕੇ ਜਰਾ ਵੀ ਟੌਹਰ ਨਹੀ ਸੀ ਦਿਖਾ ਰਿਹਾ।
"ਪਰੀਤੋ, ਜਿਮੀਦਾਰਾ ਦਾ ਪੁੱਤ ਜਿਮੀਦਾਰ ਨਾਂ ਲੱਗੂ ਤਾਂ ਹੋਰ ਕੀ ਲੱਗੂ ?" ।
ਦੇਬੀ ਦੇ ਅੰਦਰ ਪੈਦਾਇਸ਼ੀ ਜਿਮੀਦਾਰ ਜਾਗਿਆ ਹੋਇਆ ਸੀ।
"ਇਸ ਤੋ ਪਹਿਲਾ ਕਿ ਪਰਾਉਠੇ ਠੰਡੇ ਹੋਣ ਤੇ ਚਟਣੀ ਗਰਮ ਹੋ ਜਾਵੇ, ਹੱਥ ਧੋ ਲੈ ਵੀਰ"।
ਪਰੀਤੀ ਨੇ ਕਿਹਾ।
ਦੇਬੀ ਉਥੇ ਈ ਥੱਲੇ ਚੌਕੜੀ ਮਾਰ ਕੇ ਬੈਠ ਗਿਆ, ਕਿੱਕੇ ਨਿੱਕੇ ਰਾੜੇ ਹੋਏ ਪਰਾਉਠੇ ਤੇ ਉੱਪਰ ਅਚਾਰ ਅੰਬ ਦਾ ਛਕ ਕੇ ਦੇਬੀ ਨੂੰ ਮਜਾ ਆ ਰਿਹਾ ਸੀ, ਜਰਮਨ ਦੇ ਬਰੈਡ ਤੇ ਫਾਸਟ ਫੂਡ ਇਸ ਪਕਵਾਂਨ ਦੀ ਕੀ ਰੀਸ ਕਰਨਗੇ ?
"ਵੀਰੇ ਥੋੜੀ ਜਿਹੀ ਥਾਂ ਰੱਖ ਲਈ, ਇੱਕ ਸ਼ਪੈਸ਼ਲ ਆਈਟਮ ਵੀ ਆ"।
ਪਰੀਤੀ ਨੇ ਕਿਹਾ।
"ਜੋ ਮੈਂ ਖਾ ਰਿਹਾ ਇਸਤੋ ਵੱਧ ਹੋਰ ਸ਼ਪੈਸ਼ਲ ਕੀ ਹੋ ਸਕਦਾ ?"।
ਦੇਬੀ ਚੁਕੰਨਾ ਹੋ ਗਿਆ।
ਦੋ ਕੋਲੀਆਂ ਹੋਰ ਢਕੀਆ ਹੋਈਆ ਸੀ ਪਰੀਤੀ ਨੇ, ਉਸ ਨੇ ਕੋਲੀਆ ਅੱਗੇ ਕਰਦੇ ਹੋਏ ਦੱਸਿਆ,
"ਵੀਰੇ ਆਹ ਕੋਲੀ ਉਸਨੇ ਘੱਲੀ ਆ ਜਿਹੜੀ ਤੈਨੂੰ ਬਹੁਤ ਪਿਆਰ ਕਰਦੀ ਆ ਤੇ ਦੂਸਰੀ ਉਸ ਨੇ ਘੱਲੀ ਆ ਜਿਹੜੀ ਉਸ ਤੋ ਵੀ ਵੱਧ ਪਿਆਰ ਕਰਦੀ ਆ"।
ਪਰੀਤੀ ਨੇ ਭੇਦ ਖੋਲਿਆ।
"ਸ਼ੱਕਰ ਵਿੱਚ ਘਿਓ ਪੰਮੀ ਨੇ ਪਾ ਕੇ ਭੇਜਿਆ ਤੇ ਖੀਰ ਕਿਸ ਨੇ ਬਣਾਈ ਹੋਊ ਇਹ ਤੂੰ ਆਪ ਈ ਬੁੱਝ ਲੈ"।
ਪਰੀਤੀ ਨੇ ਅੱਖਾ ਨੂੰ ਸ਼ਰਾਰਤੀ ਜਿਹੇ ਅੰਦਾਜ ਵਿੱਚ ਘੁਮਾ ਕੇ ਕਿਹਾ …
"ਦੇਵਿਓ ਤੁਹਾਡੀ ਵਾਕਿਆ ਈ ਰੀਸ ਨਹੀ, ਮੈ ਤਾ ਚਟਣੀ ਮੰਗੀ ਸੀ ਇਹ ਬਿਨ ਮੰਗੀਆ ਮੁਰਾਦਾਂ ਕਿਵੇ ਮਿਲ ਗਈਆ ?" ।
ਦੇਬੀ ਹੁਣ ਕੁੜੀਆਂ ਦਾ ਹੋਰ ਦੇਣਦਾਰ ਹੋ ਗਿਆ ਸੀ।
"ਰਾਤੀ ਵੀਰੇ ਨੇ ਕਿਹਾ ਕਿ ਤੁਸੀ ਚਟਣੀ ਮਿੱਸ ਕਰ ਰਹੇ ਓ, ਮੈ ਉਸੇ ਵੇਲੇ ਖਬਰ ਹੈਡ ਕਵਾਰਟਰ ਭੇਜ ਦਿੱਤੀ ਤੇ ਸਵੇਰੇ ਸਵੇਰੇ ਦੋ ਕੌਲੀਆਂ ਸਹੀ ਸਮੇ ਮੇਰੇ ਕੋਲ ਪਹੁੰਚ ਗਈਆ, ਹੁਣ ਤੁਸੀ ਇਨਾ ਦਾ ਸਵਾਦ ਦੇਖੋ"।
ਪਰੀਤੀ ਨੇ ਦੱਸਿਆ।
"ਪਰੀਤੋ, ਜੋ ਕੁੱਝ ਬਚ ਗਿਆ ਇਹ ਏਥੇ ਛੱਡ ਜਾ, ਦੁਪਿਹਰ ਦਾ ਲੰਚ ਮੈ ਇਨਾ ਨਾਲ ਈ ਕਰਨਾ ਆ, ਤੇ ਇੱਕ ਬੇਨਤੀ ਆ ਕੇ ਹੈਡਕਵਾਰਟਰ ਮੇਰੀ ਐਪਲੀਕੇਸ਼ਨ ਦੇ ਦੇਵੀ ਕਿ ਕੁੱਝ ਦਿਨਾ ਦੀ ਛੁੱਟੀ ਦਿੱਤੀ ਜਾਵੇ, ਸਹੀ ਸਮੇ ਤੇ ਖੁਦ ਹਾਜਰ ਹੋ ਜਾਵਾਗਾ"।
ਦੇਬੀ ਨੇ ਅਪਣਾ ਦੂਜਾ ਕੰਮ ਦੱਸਿਆ।
"ਵੀਰੇ ਚਿੰਤਾ ਨਾ ਕਰ, ਦੀਪੀ ਹੁਣ ਸੰਭਲ ਚੁੱਕੀ ਆ, ਉਹਦੇ ਲਈ ਇਨਾ ਕਾਫੀ ਆ ਕਿ ਤੂੰ ਨੇੜੇ ਆਂ, ਉਹ ਖੁਦ ਕਹਿੰਦੀ ਸੀ ਕਿ ਜੋ ਉਦੇਸ਼ ਤੁਸੀ ਲੈ ਕੇ ਆਏ ਓ ਉਸ ਨੂੰ ਪੂਰਾ ਕਰਨ ਲਈ ਦਿਨ ਰਾਤ ਇੱਕ ਕਰ ਦੇਵੋ, ਤੇ ਆਹ ਇੱਕ ਐਪਲੀਕੇਸ਼ਨ ਹੈਡਕਵਾਰਟਰ ਦੀ ਵੀ ਆਈ ਆ"।
ਕਹਿ ਕੇ ਪਰੀਤੀ ਨੇ ਇੱਕ ਕਾਗਜ ਦਾ ਟੁਕੜਾ ਦੇਬੀ ਨੂੰ ਫੜਾ ਦਿੱਤਾ।
"ਠੀਕ ਆ ਵੀਰੇ ਮੈਂ ਹੁਣ ਚੱਲੀ ਆ, ਕੱਲ ਨੂੰ ਰੋਟੀ ਫੇਰ ਭੇਜਾਂ ? ਅੱਜ ਤਾਂ ਮੈ ਕਾਲਜ ਨਹੀ ਗਈ, ਪਰ ਕੱਲ ਨੂੰ ਮਿੱਸ ਨਹੀ ਕਰ ਸਕਦੀ, ਜੇ ਕਹੋ ਤਾਂ ਬੀਬੀ ਨੂੰ ਭੇਜ ਦਿਆਂਗੀ"।
ਪਰੀਤੀ ਨੇ ਕਿਹਾ।
"ਨਹੀ, ਪਰੀਤੋ ਕੱਲ ਸ਼ਾਮ ਨੂੰ ਮੈ ਖੁਦ ਆ ਕੇ ਖਾਵਾਗਾ"।
ਦੇਬੀ ਨੇ ਖੀਰ ਦੀ ਕੋਲੀ ਵੱਲ ਦੇਖ ਕੇ ਕਿਹਾ।
"ਓ ਕੇ ਵੀਰ ਜੀ, ਬਾਏ"। ਤੇ ਪਰੀਤੀ ਘਰ ਨੂੰ ਤੁਰ ਗਈ, ਦੇਬੀ ਕਾਫੀ ਦੇਰ ਤੱਕ ਇਸ ਪਰੇਮ ਦੂਤ ਨੂੰ ਜਾਦੇ ਦੇਖਦਾ ਰਿਹਾ, ਦੇਬੀ ਨੇ ਕਾਗਜ ਖੋਲਿਆ, ਕੋਈ ਸ਼ਬਦ ਨਹੀ ਸੀ ਉਕਰੇ ਹੋਏ, ਕਾਗਜ ਦੇ ਸੈਂਟਰ ਵਿੱਚ ਗੁਲਾਬ ਦੀਆਂ ਪੱਤੀਆ ਦੇ ਨਿਸ਼ਾਨ, ਸੱਜਣਾ ਨੇ ਲਿਪਸਟਿਕ ਲਾ ਕੇ ਅਪਣੇ ਹੋਂਠ ਕਾਗਜ ਤੇ ਚਿਪਕਾ ਕੇ ਭੇਜੇ ਸਨ, ਹਜਾਰਾਂ ਸ਼ਬਦ ਜੋ ਨਹੀ ਸੀ ਕਹਿ ਸਕਦੇ ਉਹ ਇਹ ਹੋਠਾਂ ਦੀ ਜੋੜੀ ਕਹਿ ਰਹੀ ਸੀ, ਇਕ ਬੰਨੇ ਘਿਓ ਸ਼ੱਕਰ, ਇੱਕ ਪਾਸੇ ਖੀਰ ਦੀ ਕੌਲੀ ਤੇ ਤੀਜੇ ਪਾਸੇ ਕਾਗਜ ਤੇ ਉਕਰੇ, ਪਰੇਮ ਦੀ ਸ਼ੁਰੂਆਤ ਤਾਂ ਬੜੀ ਅਸਾਂਨ ਹੋਈ ਆ ਪਰ ਮੰਜਿਲ ਤੱਕ ਪਹੁੰਚਣ ਲਈ ਹਾਲੇ ਕਿੰਨੇ ਕੋਹ ਬਾਕੀ ਆ ਕੌਣ ਜਾਣੇ, ਦੇਬੀ ਪਰੇਮ ਦੀਆ ਯਾਦਾ ਵਿੱਚ ਗਵਾਚਣ ਹੀ ਵਾਲਾ ਸੀ ਕਿ ਭਈਏ ਦੀ ਆਵਾਜ ਆਈ,
"ਸਰਦਾਰ ਜੀ ਪਾਣੀ ਪੂਰਾ ਹੋ ਗਿਆ, ਟਰੈਕਟਰ ਲੇ ਆਨਾ"।
ਇੱਕ ਹੋਰ ਕਿੱਲੇ ਵਿੱਚ ਕੱਦ ਕਰਨ ਲਈ ਪਾਣੀ ਪੂਰਾ ਹੋ ਗਿਆ ਸੀ, ਦੇਬੀ ਨੇ ਸਿਰ ਝਟਕਿਆ, ਖੀਰ ਤੇ ਸ਼ੱਕਰ ਵਾਲੀ ਕੌਲੀ ਸੰਭਾਲ ਕੇ ਰੱਖੀ ਅਤੇ ਟਰੈਕਟਰ ਸਟਾਰਟ ਕਰ ਲਿਆ, ਪਿੰਡ ਵਾਲੀ ਜਮੀਨ ਵਿੱਚ ਝੋਨਾ ਲੱਗ ਚੁੱਕਾ ਸੀ ਅਤੇ ਹੁਣ ਤੱਕ ਨਿਰਮਲ ਨੇ ਬਾਹਰ ਵਾਲਾ ਅੱਧਾ ਕੰਮ ਵੀ ਨਿਬੇੜ ਲਿਆ ਸੀ, ਦੇਬੀ ਦੋ ਦਿਨਾ ਬਾਅਦ ਬਾਹਰ ਵਾਲੀ ਜਮੀਨ ਵਿੱਚ ਭਈਏ ਲੈ ਕੇ ਚਲਾ ਗਿਆ, ਇੱਕ ਭਈਆ ਹੁਣ ਸਿਰਫ ਮੋਟਰ ਚਲਾ ਕੇ ਪਾਣੀ ਦੇਣ ਵਾਸਤੇ ਪਿੰਡ ਰਹਿ ਗਿਆ, ਦੇਬੀ ਨੇ ਭਈਆਂ ਨੂੰ ਕਿਹਾ ਸੀ ਕਿ ਜੇ ਸਮੇ ਤੋ ਪਹਿਲਾ ਬਿਜਾਈ ਕਰ ਲੈਂਣ ਤਾਂ ਇਨਾਮ ਮਿਲੇਗਾ, ਭਈਏ ਬੜੇ ਸਿਰੜੀ ਸਨ, ਮੇਹਨਤੀ ਰੱਜ ਕੇ, ਐਨ ਜਿਵੇ ਪੰਜਾਬੀ ਪਹਿਲਾ ਹੋਇਆ ਕਰਦੇ ਸਨ, ਉਨਾ ਨੇ ਹਫਤੇ ਦਾ ਕੰਮ ਪੰਜਾਂ ਦਿਨਾਂ ਵਿਚ ਸਿਰੇ ਲਾ ਤਾ, ਦੋ ਤਿੰਨ ਦਿਨਾ ਵਿੱਚ ਬਾਹਰ ਵਾਲੀ ਬਿਜਾਈ ਵੀ ਹੋ ਗਈ, ਆਖਰੀ ਦਿਨ ਕੰਮ ਮੁਕਾ ਕੇ ਸ਼ਾਂਮ ਨੂੰ ਖੇਤਾ ਦੇ ਵਣਜਾਰਿਆ ਨੇ ਪਾਰਟੀ ਰੱਖੀ, ਨਿਰਮਲ ਨੂੰ ਕਿਹਾ ਕਿ ਜਿਵੇ ਸਰਕਾਰੀ ਵਰਕਰਾਂ ਦੀ ਸੇਵਾ ਕੀਤੀ ਸੀ ਇਵੇ ਹੀ ਭਈਆ ਦੀ ਕਰਨੀ ਆ, ਬੜੀ ਜਾਨ ਤੋੜ ਕੇ ਕੰਮ ਮੁਕਾਇਆ ਸ਼ੇਰਾ ਨੇ।
ਭਈਏ ਰਾਤ ਦੇਰ ਤੱਕ ਮੁਰਗਾ ਤੇ ਘਰ ਦੀ ਸ਼ਰਾਬ ਨਾਲ ਲੇੜਦੇ ਰਹੇ, ਉਹ ਦੇਬੀ ਦੇ ਗੁਣ ਗਾਉਦੇ ਨੀ ਸੀ ਥੱਕਦੇ, ਦੇਬੀ ਨੇ ਉਸੇ ਦਿਨ ਹੀ ਉਨਾ ਦਾ ਹਿਸਾਬ ਕਰਕੇ ਹਰ ਭਈਏ ਨੂੰ ਸੌ ਸੌ ਦਾ ਇੱਕ ਨੋਟ ਹੋਰ ਫੜਾ ਦਿੱਤਾ, ਭਈਆ ਦਾ ਪੈਰ ਜਮੀਨ ਤੇ ਨਹੀ ਸੀ ਲੱਗਦਾ, ਦੇਬੀ ਹੋਰ ਬੇਕਾਰ ਖਰਚਿਆ ਵੇਲੇ ਸਿਰੇ ਦਾ ਕੰਜੂਸ ਸੀ ਪਰ ਇਹੋ ਜਿਹੇ ਮੌਕਿਆ ਤੇ ਬਾਦਸ਼ਾਹੀ ਦਿਖਾ ਜਾਦਾ ਸੀ, ਭਈਆ ਨੇ ਦੂਜੇ ਦਿਨ ਛੁੱਟੀ ਮਾਰੀ, ਉਹ ਖੂਭ ਕਮਾਈ ਕਰ ਚੁੱਕੇ ਸਨ, ਦੇਬੀ ਕਿਵੇ ਵੀ ਘਾਟੇ ਵਿੱਚ ਨਹੀ ਸੀ ਰਿਹਾ, ਪਰੇਮ ਨੂੰ ਦਿੱਤੇ ਦਸ ਹਜਾਰ ਨਾਲ ਉਸਦੇ ਕਈ ਕੰਮ ਸਮੇ ਸਿਰ ਹੋ ਗਏ ਸਨ, ਨਵੇਂ ਬੀਜ ਦੀ ਪਨੀਰੀ ਕਿਸੇ ਵੱਡੇ ਸਰਦਾਰ ਕੋਲੋ ਫਰੀ ਲੈ ਦਿੱਤੀ ਸੀ ਅਤੇ ਹਾਲੇ ਹੋਰ ਕਈ ਕੰਮ ਉਸ ਕੋਲੋ ਲੈਣੇ ਸਨ, ਏਧਰ ਫਸਲ ਸਭ ਤੋ ਪਹਿਲਾ ਬੀਜ ਕੇ ਦੇਬੀ ਵਿਹਲਾ ਹੋ ਗਿਆ, ਪਿੰਡ ਦੇ ਲੋਕਾ ਫਿਰ ਮੂੰਹੀ ਉਗਲਾ ਪਾਉਣ ਲੱਗ ਪਏ, ਬਾਹਰੋ ਆਉਣ ਵਾਲੇ ਮੁੰਡਿਆ ਵਾਗੂੰ ਨਾਂ ਇਹ ਵੱਡੀਆਂ ਵੱਡੀਆਂ ਫੜਾਂ ਮਾਰਦਾ ਸੀ ਨਾਂ ਢਾਬਿਆ ਹੋਟਲਾ ਵਿੱਚ ਬਹਿ ਕੇ ਗੁਲਸ਼ਰਰੇ ਉਡਾਉਦਾ ਸੀ, ਵੱਡੇ ਵੱਡੇ ਜਿਮੀਦਾਰਾਂ ਨੂੰ ਫਾਡੀ ਛੱਡ ਗਿਆ ਸੀ, ਲੋਕ ਅਪਣੇ ਮੁੰਡਿਆ ਨੂੰ ਉਸਦੀਆਂ ਉਦਾਹਰਣਾ ਦੇਣ ਲੱਗ ਪਏ, ਦੇਬੀ ਨੇ ਇੱਕ ਦਿਨ ਛੁੱਟੀ ਕੀਤੀ, ਘੁੱਦੇ ਹੁਣਾ ਨਾਲ ਮਿਲ ਕੇ ਸ਼ਹਿਰ ਦਾ ਗੇੜਾ ਕੱਢਿਆ, ਪਰੇਮ ਨੂੰ ਮਿਲ ਕੇ ਉਸਦਾ ਧੰਨਵਾਦ ਕੀਤਾ, ਇੱਕ ਡਰੰਮ ਤੇਲ ਦਾ ਟਰੈਕਟਰ ਮਗਰ ਪਾ ਲਿਆ ਤਾਂ ਘੁੱਦਾ ਕਹਿਣ ਲੱਗਾ।
"ਬਾਈ ਝੋਨਾਂ ਦੁਬਾਰਾ ਲਾਉਣਾ ?"
"ਦੁਬਾਰਾ ਤਾਂ ਨਹੀ ਪਰ ਇਹ ਤੇਲ ਕਿਥੇ ਬਲਣਾ ਆ ਕੱਲ ਨੂੰ ਦੇਖ ਲਈ"। ਦੇਬੀ ਨੇ ਹੱਸ ਕੇ ਕਿਹਾ।
"ਨਿਰਮਲ ਬਾਈ, ਬਯੁਰਗ ਟਰੈਕਟਰ ਨਵਾ ਧੋ ਕੇ ਹੁਣ ਸਾਹ ਲੈਣ ਲਈ ਖੜਾ ਕਰਦੇ ਤੇ ਫੋਰਡ ਦਾ ਜਰਾ ਮੈਂ ਜੋਰ ਲਵਾ ਕੇ ਦੇਖਦਾਂ"।
ਘਰ ਆ ਕੇ ਦੇਬੀ ਨੇ ਨਿਰਮਲ ਨੂੰ ਕਿਹਾ ਤਾਂ ਨਿਰਮਲ ਦੀ ਸਮਝ ਕੁੱਝ ਨਾਂ ਆਇਆ, ਕਹਿਣ ਲੱਗਾ ।
"ਬਾਈ ਹੁਣ ਜੋਰ ਕਿੱਥੇ ਲਵਾ ਕੇ ਦੇਖਣਾ ?"
"ਪਿੰਡ ਵਿੱਚ ਜੋ ਛੋਟੇ ਜਿਮੀਦਾਰ ਹਨ ਤੇ ਜਿਨਾ ਦੇ ਟਰੈਕਟਰ ਨਹੀ, ਉਹਨਾ ਦੀ ਫਸਲ ਲੇਟ ਹੋ ਰਹੀ ਆ"।
ਦੇਬੀ ਨੇ ਦੱਸਿਆ ਤਾਂ ਨਿਰਮਲ ਕਹਿਣੋ ਨਾਂ ਰਹਿ ਸਕਿਆ।
"ਬਾਈ ਤੂੰ ਇਸ ਯੁੱਗ ਵਿੱਚ ਗਲਤੀ ਨਾਲ ਪੈਦਾ ਹੋ ਗਿਆ, ਏਥੇ ਸਭ ਇੱਕ ਦੂਜੇ ਦੇ ਵੈਰੀ ਹੋਏ ਪਏ ਆ ਤੇ ਤੂੰ ਲੋਕਾ ਦੀ ਐਨੀ ਚਿੰਤਾ ਕਰਦਾਂ ?"
"ਗਲਤੀ ਨਾਲ ਨਹੀ, ਕੁਦਰਤ ਕਦੇ ਗਲਤੀ ਨਹੀ ਕਰਦੀ, ਉਸਨੂੰ ਪਤਾ ਹੈ ਕਿ ਕਿਸਦੀ ਕਿੱਥੇ ਲੋੜ ਆ, ਇੱਕ ਵਾਰੀ ਹਲ ਧੋ ਕੇ ਫੋਰਡ ਦੇ ਮਗਰ ਪਾ ਦੇ ਤੇ ਤੇਲ ਪਾਂਣੀ ਚੈਕ ਕਰ ਕੇ ਤਿਆਰ ਕਰਦੇ"। ਦੇਬੀ ਲਈ ਇਹ ਕੋਈ ਮਹਾਂਨ ਘਟਨਾ ਨਹੀ ਸੀ ਉਹ ਤੇ ਉਡੀਕ ਰਿਹਾ ਸੀ ਇਸ ਦਿਨ ਨੂੰ।
"ਭੂਆ ਹੁਣ ਦੋ ਕੁ ਹਫਤੇ ਅਪਣੇ ਪੁੱਤ ਨੂੰ ਛੁੱਟੀ ਬਖਸ਼''।
ਭੂਆ ਦੇ ਪੈਰੀ ਹੱਥ ਲਾ ਕੇ ਉਸ ਨੇ ਇਜਾਜਤ ਲਈ।
"ਪੁੱਤ ਐਨੇ ਦਿਨਾ ਦਾ ਥੱਕਿਆ, ਹੁਣ ਕਿੱਧਰ ਤਿਆਰੀ ਕਰ ਲਈ ?" ।
ਭੂਆ ਦੀ ਸਮਝ ਨਾ ਆਇਆ ਕੁੱਝ।
"ਭੂਆ ਦੋ ਹਫਤਿਆ ਲਈ ਮੈ ਨਵੇ ਪਿੰਡ ਦਾ ਪੁੱਤ ਆ ਤੇ ਉਨਾ ਦੀ ਥੋੜੀ ਸੇਵਾ ਕਰਨੀ ਚਾਹੁੰਦਾ ਹਾਂ"।
ਦੇਬੀ ਨੇ ਅਪਣੇ ਮਨ ਦੀ ਦੱਸੀ, ਟਰੈਕਟਰ ਲ਼ੈ ਕੇ ਦੇਬੀ ਘੁੱਦੇ ਦੇ ਘਰ ਅੱਗੇ ਆ ਰੁਕਿਆ …
"ਵੇ ਲੰਘ ਆ ਪੁੱਤ ਧੰਨਭਾਗ, ਤੂੰ ਚੰਗਾ ਜਿਮੀਦਾਰ ਬਣਿਆ ਮਿਲਣੋ ਵੀ ਗਿਆ"।
ਬੇਬੇ ਉਸ ਨੂੰ ਦੇਖ ਕੇ ਖੁਸ਼ੀ ਚ ਬੋਲੀ।
"ਬੇਬੇ, ਸੀਜਨ ਵੇਲੇ ਜੇ ਜਵਾਂਨ ਪੁੱਤ ਘਰੇ ਬੈਠੇ ਰਹਿਣ ਤਾਂ ਫਸਲ ਕੌਣ ਬੀਜੂ?" ।
ਦੇਬੀ ਨੇ ਕਿਹਾ।
"ਵੇ ਪੁੱਤ ਆਹ ਘੁੱਦੇ ਨੂੰ ਵੀ ਅਪਣੀ ਗੁੜਤੀ ਦੇ, ਸਾਰਾ ਦਿਨ ਤੇਰੇ ਮੋਟਰਸ਼ੈਕਲ ਤੇ ਗੇੜੇ ਦਿੰਦਾ ਰਹਿੰਦਾ ਤੇ ਇਹਦਾ ਪਿਓ ਖੇਤਾਂ ਵਿੱਚ ਖਪਦਾ ਰਹਿੰਦਾ, ਸੀਜਨ ਆਵੇ ਜਾਂ ਜਾਵੇ ਇਹ ਮਨਖੱਟੂ ਡੱਕਾ ਤੋੜ ਕੇ ਦੋਹਰਾ ਨਹੀ ਕਰਦਾ"।
ਬੇਬੇ ਜਿੰਨੀ ਦੇਬੀ ਤੇ ਖੁਸ਼ ਸੀ ਉਨੀ ਹੀ ਮਨਖੱਟੂ ਤੇ ਲੋਫਰ ਪੁੱਤ ਘੁੱਦੇ ਤੇ ਦੁਖੀ ਸੀ।
"ਅੱਜ ਵੀ ਬਾਪੂ ਇਹਦਾ ਖੇਤਾਂ ਵਿੱਚ ਖਪਣ ਡਿਹਾ ਤੇ ਗੱਭਰੂ ਪਤਾ ਨੀ ਕਿਹੜੀ ਕੂਟੇ ਚੜਿਆ"।
ਬੇਬੇ ਨੇ ਫੇਰ ਕਿਹਾ।
"ਹੁਣ ਬਾਪੂ ਕੱਲਾ ਨਹੀ, ਬੇਬੇ ਤੇਰੇ ਮਨਖੱਟੂ ਪੁੱਤ ਦੀ ਖਬਰ ਵੀ ਅੱਜ ਲਵਾਂਗੇ, ਪਹਿਲਾ ਮੈਂ ਬਾਪੂ ਨੂੰ ਦੱਸ ਆਵਾ ਬਈ ਉਹਦਾ ਦੂਜਾ ਪੁੱਤ ਆ ਗਿਆ, ਬੇਬੇ ਬੈਠ ਮੇਰੇ ਨਾਲ ਤੇ ਮੈਨੂੰ ਅਪਣੇ ਖੇਤ ਦਿਖਾ ਕੇ ਆ"।
ਦੇਬੀ ਨੇ ਬੇਬੇ ਨੂੰ ਬਾਹੋ ਫੜ ਕੇ ਟਰੈਕਟਰ ਤੇ ਬਿਠਾ ਲਿਆ, ਬੇਬੇ ਨੂੰ ਸਮਝ ਨਹੀ ਸੀ ਪੈ ਰਹੀ ਬਈ ਦੇਬੀ ਦਾ ਮਤਲਬ ਕੀ ਹੋਇਆ, ਦਸ ਕੁ ਮਿੰਟਾਂ ਵਿੱਚ ਉਹ ਖੇਤਾਂ ਚ ਪਹੁੰਚ ਗਏ, ਜਾਂਦਿਆ ਬਾਪੂ ਸਿਰ ਫੜੀ ਬੈਠਾ ਸੀ, ਦੇਬੀ ਨੂੰ ਦੇਖ ਕੇ ਉਹ ਹੈਰਾਂਨ ਜਿਹਾ ਹੋ ਗਿਆ।
"ਤਾਇਆ ਜੀ ਕੀ ਗੱਲ ਪਰੇਸ਼ਾਂਨ ਲਗਦੇ ਓ ?"।
ਦੇਬੀ ਨੇ ਪੁੱਛਿਆ।
"ਸ਼ੇਰਾ, ਤਿੰਨ ਕਿੱਲਿਆ ਵਿੱਚ ਪਾਣੀ ਫੁੱਲ ਕੀਤਾ ਹੋਇਆ ਤੇ ਨੰਬਰਦਾਰ ਦੇ ਦਿਲਬਾਗ ਨੇ ਟਰੈਕਟਰ ਨਾਲ ਕੱਦ ਕਰਨਾ ਸੀ, ਪਰਸੋਂ ਦੇ ਲਾਰੇ ਲਾਈ ਜਾਂਦਾ, ਹਾਲੇ ਤੱਕ ਨੀ ਆਇਆ, ਓਧਰ ਭਈਏ ਕਹਿਣ ਡਹੇ ਆ ਬਈ ਕੱਦ ਤਿਆਰ ਕਰ ਕੇ ਦੇਵੋ, ਸਾਰਿਆ ਨੂੰ ਆਪੋ ਆਪਣੀ ਪਈ ਆ, ਆਵਦਾ ਟਰੈਕਟਰ ਹੰਦਾ ਤਾਂ ਆਹ ਦਿਨ ਨਹੀ ਸੀ ਦੇਖਣੇ ਪੈਂਣੇ"।
ਬਾਪੂ ਨੇ ਅਪਣੀ ਮਜਬੂਰੀ ਦੱਸੀ।
"ਬਾਪੂ ਆਵਦਾ ਟਰੈਕਟਰ ਵੀ ਖੜਾ ਆ ਤੇ ਅਪਣਾ ਪੁੱਤ ਵੀ ਖੜਾ ਆ, ਤੂੰ ਭਈਆ ਨੂੰ ਕਹਿ ਕੇ ਆ ਬਈ ਤਿੰਨ ਘੰਟੇ ਤੱਕ ਐਥੇ ਚਾਹੀਦੇ ਓ, ਬੇਬੇ ਜਦ ਪਰੀਤੀ ਕਾਲਜੋ ਆ ਗਈ ਤਾਂ ਕਹੀ ਵੀਰ ਲਈ ਖੀਰ ਬਣਾ ਦੇਵੇ"। ਕਹਿ ਕੇ ਦੇਬੀ ਛਾਲ ਮਾਰ ਕੇ ਟਰੈਕਟਰ ਤੇ ਚੜ ਗਿਆ ਤੇ ਹੁਣ ਉਹ ਘੁੱਦੇ ਦੇ ਖੇਤਾ ਵਿੱਚ ਗੇੜੇ ਲਾ ਰਿਹਾ ਸੀ, ਤੇ ਨਾਲੇ ਸ਼ਹਿਰੋ ਲਿਆਦੀਆਂ ਸ਼ਬਦਾਂ ਦੀਆਂ ਰੀਲਾ ਵਿੱਚੋ ਇੱਕ ਰੀਲ ਲਾਈ ਹੋਈ ਸੀ ਤੇ ਸ਼ਬਦ ਵੱਜ ਰਿਹਾ ਸੀ … ।।
"ਮੇਰਾ ਮੁਝ ਮੇ ਕਛੁ ਨਹੀ, ਜੋ ਛੁ ਹੈ ਸੋ ਤੇਰਾ … ।" ਬੇਬੇ ਤੇ ਬਾਪੂ ਹਾਲੇ ਵੀ ਠੱਗੇ ਜਹੇ ਖੜੇ ਸਨ, ਇਹ ਫਰਿਸ਼ਤਾ ਸੱਚੀ ਰੱਬ ਨੇ ਉਨਾ ਲਈ ਭੇਜਿਆ ? ਅੱਖੀ ਦੇਖ ਕੇ ਵੀ ਯਕੀਨ ਨਹੀ ਸੀ ਆ ਰਿਹਾ।
"ਯੁੱਗ ਯੁੱਗ ਜੀਵੇ ਪੁੱਤ"।
ਬੇਬੇ ਦੀਆਂ ਅੱਖਾਂ ਵਿੱਚ ਹੰਝੂ ਵਹਿ ਤੁਰੇ, ਉਹ ਅਪਣੇ ਖਾਵੰਦ ਨੂੰ ਕਹਿਣ ਲੱਗੀ
"ਜਾਓ ਹੁਣ ਭਈਆ ਨੂੰ ਕਹਿ ਕੇ ਆਓ"।
ਬੇਬੇ ਘਰ ਨੂੰ ਤੁਰ ਗਈ ਤੇ ਬਾਪੂ ਭਈਆ ਵੱਲ, ਘੁੱਦੇ ਹੁਣਾਂ ਦੇ ਛੇ ਖੇਤ ਜਮੀਨ ਸੀ, ਨਾਂ ਟਰੈਕਟਰ ਲਿਆਂ ਸਰਦਾ ਸੀ ਤੇ ਨਾਂ ਟਰੈਕਟਰ ਬਿਨਾ ਸਰਦਾ ਸੀ, ਬਾਪੂ ਬਯੁਰਗ ਸੀ ਬਾਹਲਾ ਕੰਮ ਕਰ ਨਹੀ ਸੀ ਸਕਦਾ ਪਰ ਉਸ ਨੂੰ ਗਲ ਪਿਆ ਢੋਲ ਵਜਾਉਣਾ ਪੈਂਦਾ ਸੀ, ਬਾਪੂ ਉਹਨੂੰ ਕਹਿ ਕਹਿ ਕੇ ਥੱਕ ਗਿਆ ਸੀ ਬਈ ਉਹ ਨਾਲ ਖੇਤਾਂ ਵਿੱਚ ਕੁੱਝ ਹੱਥ ਪੱਲਾ ਮਾਰੇ ਪਰ ਘੁੱਦੇ ਦੇ ਕੰਨ ਤੇ ਜੂੰ ਨਹੀ ਸੀ ਸਰਕਦੀ, ਉਹ ਵੱਡੇ ਘਰਾਂ ਦੇ ਕਾਕਿਆਂ ਨਾਲ ਯਾਰੀ ਰੱਖਦਾ ਸੀ ਤੇ ਬਾਹਲਾ ਸਮਾਂ ਕੁੜੀਆਂ ਮਗਰ ਜੁੱਤੀਆਂ ਘਸਾਉਣ ਵਿੱਚ ਖਰਚ ਕਰਦਾ ਸੀ, ਪਰੀਤੀ ਹਾਲੇ ਜਦੋ ਵੀ ਵਿਹਲ ਮਿਲਦੀ ਬਾਪੂ ਨਾਲ ਕੁੱਝ ਕਰਾਉਦੀ ਰਹਿੰਦੀ, ਆੜਤੀਏ ਦਾ ਕਰਜ ਸਿਰ ਤੇ ਚੜਿਆ ਹੋਇਆ ਸੀ, ਬਾਪੂ ਨੂੰ ਰਾਤ ਨੂੰ ਨੀਂਦ ਨਹੀ ਸੀ ਆਉਦੀ।
ਬਾਪੂ ਭਈਆਂ ਨੂੰ ਲੈ ਕੇ ਆ ਗਿਆ, ਦੋ ਕਿੱਲੇ ਤਿਆਰ ਹੋ ਚੁੱਕੇ ਸਨ ਤੇ ਤੀਜੇ ਵਿੱਚ ਟਰੈਕਟਰ ਚੱਲ ਰਿਹਾ ਸੀ, ਕੁੱਝ ਭਈਏ ਪਨੀਰੀ ਪੱਟਣ ਲੱਗ ਪਏ ਤੇ ਕੁੱਝ ਝੋਨਾਂ ਲਾਉਣ ਲੱਗ ਪਏ, ਹਨੇਰਾ ਹੋਣ ਤੱਕ ਇੱਕ ਕਿੱਲਾ ਲੱਗ ਚੁੱਕਿਆ ਸੀ ਅਤੇ ਬਾਕੀ ਦੂਜੇ ਦਿਨ ਲੱਗ ਜਾਣਾ ਸੀ।
"ਸ਼ੇਰਾ ਬਚਾ ਲਿਆ ਬੁਢੜੇ ਨੂੰ, ਨਹੀ ਤਾਂ ਹਰ ਸਾਲ ਦੀ ਤਰਾਂ ਮੇਰਾ ਝੋਨਾ ਸਭ ਤੋ ਮਗਰੋ ਲੱਗਣਾਂ ਸੀ"।
ਬਾਪੂ ਫਿਰ ਮਨ ਭਰ ਆਇਆ।
"ਓਹੋ ਬਾਪੂ, ਹਿੰਮਤ ਕਿਓ ਹਾਰਦਾ, ਰੱਬ ਹਰ ਕਿਸੇ ਨੂੰ ਮੌਕਾ ਦਿੰਦਾ, ਗੁਰੂ ਨੇ ਮੈਨੂੰ ਇਸੇ ਕੰਮ ਈ ਭੇਜਿਆ, ਬੱਸ ਕਾਂ ਹੱਥ ਸੁਨੇਹਾ ਘੱਲ ਦਿਆ ਕਰ"।
ਦੇਬੀ ਨੇ ਬਾਪੂ ਨੂੰ ਹੌਸਲਾ ਦਿੱਤਾ।
"ਪੁੱਤ ਵਹਾਈ ਦੇ ਪੈਸੇ ਹਾਲੇ ਕੁੱਝ ਚਿਰ ਠਹਿਰ ਕੇ ਦੇ ਸਕਦਾਂ"।
ਬਾਪੂ ਨੇ ਅਪਣੀ ਅਗਲੀ ਮੁਸ਼ਕਿਲ ਦੱਸੀ।
"ਓਹੋ, ਪੈਸਿਆ ਦੀ ਗੱਲ ਕਰਨੀ ਤਾਂ ਮੈ ਭੁੱਲ ਈ ਗਿਆ"।
ਦੇਬੀ ਨੇ ਕਿਹਾ ਅਤੇ ਨਾਲ ਹੀ ਭਈਏ ਨੂੰ ਅਵਾਜ ਮਾਰੀ।
"ਤੁਹਾਡਾ ਨੰਬਰਦਾਰ ਕਿਹੜਾ ਬਈ ?"
"ਮੈਂ ਹੂੰ ਜੀ''। ਇੱਕ ਭਈਆ ਭੱਜਾ ਆਇਆ।
"ਦੇਖੋ ਨੰਬਰਦਾਰ ਜੀ, ਬਾਪੂ ਹੁਣਾ ਦਾ ਕੰਮ ਮੁਕਾ ਕੇ ਅਪਣੇ ਡੇਰੇ ਤੋ ਆ ਕੇ ਝੋਨੇ ਦੀ ਲਵਾਈ ਦੇ ਪੈਸੇ ਲੈ ਜਾਣੇ ਆ, ਅਪਣੇ ਡੇਰੇ ਦਾ ਪਤਾ ਆ ?" ਦੇਬੀ ਨੇ ਪੁੱਛਿਆ।
"ਆਪ ਕੇ ਡੇਰੇ ਕੋ ਕੌਨ ਨੀ ਜਾਨਤਾ ਸਰਦਾਰ ਜੀ, ਆਪ ਤੋ ਯਹਾ ਕੇ ਹੀਰੋ ਹੋ, ਆਪ ਜੈਸਾ ਕਹੇ"।
ਕਹਿ ਕੇ ਨੰਬਰਦਾਰ ਫਿਰ ਖੇਤ ਚ ਜਾ ਵੜਿਆ।
"ਬਾਪੂ ਹੁਣ ਹੋਰ ਕੁੱਝ ਨਾਂ ਕਹੀ, ਚੱਲੋ ਬੈਠੋ ਬਾਕੀ ਗੱਲ ਘਰ ਜਾ ਕੇ ਕਰਦੇ ਆਂ"।
ਦੇਬੀ ਨੇ ਬਾਪੂ ਨੂੰ ਕੁੱਝ ਵੀ ਕਹਿਣ ਤੋ ਰੋਕ ਦਿੱਤਾ।
ਥੋੜੀ ਦੇਰ ਬਾਅਦ ਉਹ ਘੁੱਦੇ ਦੇ ਘਰ ਆ ਗਏ, ਪਰੀਤੀ ਆ ਚੁੱਕੀ ਸੀ, ਬੇਬੇ ਨੇ ਉਸ ਨੂੰ ਸਾਰਾ ਕੁੱਝ ਦੱਸ ਦਿੱਤਾ ਸੀ, ਦੇਬੀ ਘਰ ਵੜਿਆ ਹੀ ਸੀ ਕਿ ਪਰੀਤੀ ਭੱਜ ਕੇ ਲਿਬੜੇ ਤਿਬੜੇ ਦੇਬੀ ਨਾਲ ਚੰਬੜ ਗਈ ਤੇ ਬੁਸਕਣ ਲੱਗ ਪਈ … ।
"ਕੀ ਗੱਲ, ਪੇਪਰਾਂ ਵਿੱਚ ਫੇਲ ਹੋ ਗਈ, ਮੋਤੀ ਕਾਹਤੋ ਰੋਲ ਰਹੀ ਆ"।
ਦੇਬੀ ਨੇ ਉਸ ਦਾ ਸਿਰ ਪਲੋਸਦਿਆਂ ਕਿਹਾ।
"ਵੀਰੇ, ਤੇਰਾ ਕਰਜ ਕਿਵੇ ਚੁਕਾਂਵਾਗੇ ?" ।
ਹਾਲੇ ਪੈਸਿਆ ਵਾਲੀ ਗੱਲ ਦਾ ਉਸ ਨੂੰ ਪਤਾ ਨਹੀ ਸੀ।
"ਨਾਲੇ ਵੀਰ ਕਹਿੰਦੀ ਆਂ, ਨਾਲੇ ਕਰਜ ਦੀ ਗੱਲ ਕਰਦੀ ਆ, ਜੇ ਇਹੀ ਟਰੈਕਟਰ ਘੁੱਦੇ ਨੇ ਵਾਹਿਆ ਹੁੰਦਾ ਤਾਂ ਉਸ ਦੀ ਵੀ ਕਰਜਦਾਰ ਹੁੰਦੀ ? ਮੈਨੂੰ ਹਾਲੇ ਸੱਚੀ ਮੁੱਚੀ ਅਪਣਾ ਵੀਰ ਨਹੀ ਮੰਨਦੀ, ਨਹੀ ਤਾਂ ਇਹ ਕਰਜ ਵਾਲੀਆਂ ਗੱਲਾਂ ਨਾ ਕਰਦੀ"।
ਦੇਬੀ ਨੇ ਐਵੇ ਮੂੰਹ ਜਿਹਾ ਫੁਲਾ ਲਿਆ।
"ਨਹੀ ਵੀਰੇ ਤੂੰ ਤਾਂ ਗੁੱਸੇ ਹੋ ਗਿਆ, ਮੇਰਾ ਮਤਲਬ ਇਹ ਨਹੀ ਸੀ"।
ਪਰੀਤੀ ਉਸ ਦਾ ਫੁੱਲਿਆ ਮੂੰਹ ਦੇਖ ਕੇ ਘਬਰਾ ਗਈ।
"ਖਾਣ ਪੀਣ ਦੀ ਕੋਈ ਏਥੇ ਗੱਲ ਨੀ ਕਰਦਾ, ਤੇ ਗੱਲਾਂ ਨਾਲ ਸਾਡਾ ਢਿੱਡ ਨੀ ਭਰਦਾ"।
ਦੇਬੀ ਨੇ ਮਾਹੋਲ ਠੀਕ ਕਰਨ ਲਈ ਕਿਹਾ, ਅੰਦਾਜ ਕੁੱਝ ਐਸਾ ਸੀ ਕਿ ਪਰੀਤੀ ਨਾਂ ਚਾਹੁੰਦੀ ਵੀ ਹੱਸ ਪਈ।
"ਆਹ ਹੋਈ ਨਾ ਮੇਰੀ ਭੈਂਣ ਵਾਲੀ ਗੱਲ, ਅੱਥਰੂਆਂ ਦਾ ਸਾਡੇ ਕੋਲ ਕੀ ਕੰਮ, ਲਿਆ ਫੇ ਹੁਣ ਕੁੱਝ ਖਾਈਏ"।
ਤੇ ਨਾਲ ਹੀ ਦੇਬੀ ਨਲਕੇ ਤੇ ਮੂੰਹ ਹੱਥ ਧੋਣ ਚਲੇ ਗਿਆ, ਪਰੀਤੀ ਨੇ ਅੱਜ ਭਿੰਡੀਆਂ ਦੀ ਸਬਜੀ ਬਣਾਈ ਸੀ ਅਤੇ ਨਾਲ ਦਹੀ, ਘਰਦਾ ਪਿਆਜ ਨਾਲ ਕੱਟ ਕੇ ਤਾਜੇ ਤਾਜੇ ਫੁਲਕੇ ਲਾਹ ਕੇ ਦਿੱਤੇ ਤਾਂ ਦੇਬੀ ਦੀ ਰੂਹ ਖੁਸ਼ ਹੋ ਗਈ, ਦੇਬੀ ਹਾਲੇ ਰੋਟੀ ਖਾ ਹੀ ਰਿਹਾ ਸੀ ਕਿ ਗਲੀ ਵਿੱਚ ਬੁਲੇਟ ਮੋਟਰਸਾਈਕਲ ਦੀ ਆਵਾਜ ਸੁਣਾਈ ਦਿੱਤੀ।
"ਲਗਦਾ ਵੀਰ ਆ ਗਿਆ"।
ਭਾਵੇ ਲਫੰਡਰ ਈ ਸੀ ਪਰ ਪਰੀਤੀ ਦਾ ਇਕੋ ਭਰਾ ਸੀ ਤੇ ਉਹ ਉਹਦੇ ਸਾਹੀ ਜੀਦੀ ਸੀ, ਕਈ ਵਾਰ ਉਸਨੂੰ ਬਚਾਉਦੀ ਨੇ ਬਾਪੂ ਕੋਲੋ ਆਪ ਕੁੱਟ ਖਾਧੀ ਸੀ, ਘੁੱਦਾ ਇੱਕ ਜੁੰਡੀ ਦੇ ਯਾਰ ਨਾਲ ਆ ਪਹੁੰਚਿਆ ।
"ਲਓ ਬਾਈ ਤਾ ਘਰ ਮਿਲ ਗਿਆ, ਬਾਈ ਮੈਂ ਤੈਨੂੰ ਈ ਲਭਦਾ ਸੀ"।
ਘੁੱਦਾ ਦੇਬੀ ਨੂੰ ਦੇਖ ਕੇ ਖੁਸ਼ ਹੋ ਗਿਆ।
"ਕਿਓ ਤੇਲ ਮੁੱਕ ਗਿਆ ਹੋਣਾ ?" ਦੇਬੀ ਨੇ ਟਾਂਚ ਕੀਤੀ।
"ਕਾਕਾ ਤੇਰੀਆਂ ਅਵਾਰਾਗਰਦੀਆਂ ਮੈਥੋ ਹੋਰ ਨੀ ਦੇਖ ਹੁੰਦੀਆਂ, ਤੂੰ ਬੰਦੇ ਦਾ ਪੁੱਤ ਬਣਨਾ ਆ ਕਿ ਘਰੋ ਨਿਕਲਣਾ"।
ਅੱਕਿਆ ਹੋਇਆ ਬਾਪੂ ਗੁੱਸੇ ਤੇ ਕਾਬੂ ਨਾਂ ਪਾ ਸਕਿਆ, ਬਾਪੂ ਸੋਚਦਾ ਸੀ ਜੇ ਉਸਦੀ ਔਲਾਦ ਵੀ ਨੇਕ ਹੁੰਦੀ ਤਾਂ ਏਨਾ ਦੁਖੀ ਨਾ ਹੁੰਦਾ, ਘੁੱਦੇ ਨੂੰ ਸਮਝ ਨਾਂ ਆਈ ਕਿ ਬਾਪੂ ਏਨਾ ਗੁੱਸੇ ਚ ਕਿਓ ਆ,
"ਲੈ ਬਾਪੂ ਨੂੰ ਅੱਜ ਕੀ ਹੋ ਗਿਆ"।
ਘੁੱਦੇ ਦੀ ਸਿੱਧੀ ਬੇਇਜਤੀ ਹੋ ਰਹੀ ਸੀ।
"ਬਾਪੂ ਜੀ ਗੁੱਸਾ ਨਾਂ ਕਰੋ ਦੋ ਮਿੰਟ ਮੈਨੂੰ ਦਿਓ"।
ਦੇਬੀ ਨੇ ਬਾਪੂ ਅੱਗੇ ਹੱਥ ਜੋੜੇ।
"ਪੁੱਤ ਸ਼ਰਮਿੰਦਾ ਨਾਂ ਕਰ, ਇਸ ਨਿਕੰਮੇ ਪੁੱਤ ਨੇ ਮੈਨੂੰ ਕਾਸੇ ਜੋਗਾ ਨੀ ਛੱਡਿਆ"।
ਬਾਪੂ ਬਾਹਲਾ ਹਰਖਿਆ ਪਿਆ ਸੀ।
"ਘੁੱਦਿਆ ਆਹ ਹੀਰੋ ਵਾਲੀਆਂ ਐਨਕਾਂ ਜਰਾ ਪਾਸੇ ਰੱਖ ਤੇ ਬੈਠ ਮੇਰੇ ਕੋਲ, ਬਾਈ ਜੀ ਤੁਸੀ ਅਪਣੇ ਘਰ ਨੂੰ ਪਹੁੰਚੋ ਮਾਤਾ ਜੀ ਉਡੀਕਦੇ ਹੋਣੇ ਆਂ"।
ਦੇਬੀ ਨੇ ਉਹਦੇ ਨਾਲ ਦੇ ਨੂੰ ਚਲਦਾ ਕਰ ਦਿੱਤਾ, ਘੁੱਦਾ ਮਾਮਲੇ ਦੀ ਗੰਭੀਰਤਾ ਨੂੰ ਕੁੱਝ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ …
"ਬਾਈ ਦੇਖ, ਤੂੰ ਕੱਲਾ ਜਿੰਮੇਦਾਰ ਆ ਘਰ ਦਾ, ਪਰੀਤੀ ਨੇ ਕੱਲ ਨੂੰ ਸਹੁਰੇ ਤੁਰ ਜਾਣਾ, ਬਾਪੂ ਕੱਲਾ ਕਿੰਨਾ ਚਿਰ ਹੋਰ ਕੰਮ ਕਰੂ ? ਏਨੀ ਥੋੜੀ ਜਮੀਨ ਵਿਚੋ ਗੁਜਾਰਾ ਮਸਾਂ ਹੁੰਦਾ ਤੇ ਬਾਪੂ ਕੱਲੇ ਦੀ ਕਮਾਈ ਨਾਲ ਭੈਣ ਦੇ ਹੱਥ ਪੀਲੇ ਕਿਵੇ ਹੋਣਗੇ ? ਤੇ ਜੇਹੜੀ ਕੋਈ ਤੇਰੇ ਲੜ ਲੱਗੂ ਉਹਨੂੰ ਵੀ ਬਾਪੂ ਕਮਾ ਕੇ ਖੁਆਊ ?" ।
ਦੇਬੀ ਨੇ ਕਿੰਨੇ ਸਵਾਲ ਕਰ ਦਿੱਤੇ।
"ਜੇਹੜੇ ਵਿਹਲੜ ਯਾਰਾਂ ਨਾਲ ਤੂੰ ਫਿਰਦਾ ਉਹਨੇ ਦੇ ਘਰ ਬਥੇਰੇ ਪੈਸੇ ਆ, ਮੇਰੀ ਇੱਕ ਗੱਲ ਮੰਨੇ ਤਾਂ ਸਾਰੇ ਮਸਲੇ ਹੱਲ ਹੋ ਸਕਦੇ ਆ, ਯਾਰਾਂ ਨਾਲ ਘੁੰਮ ਫਿਰ ਵੀ ਸਕਦਾ ਤੇ ਬਾਪੂ ਨਾਲ ਕੰਮ ਵੀ ਕਰਾ ਸਕਦਾ"।
ਦੇਬੀ ਨੇ ਫਿਰ ਕਿਹਾ।
"ਬਾਈ ਤੇਰੀ ਹਰ ਗੱਲ ਸਿਰ ਮੱਥੇ, ਬਾਪੂ ਸਮਝਾਉਦਾ ਘੱਟ ਤੇ ਲੜਦਾ ਜਾਦਾ ਆ ਮੈਨੂੰ ਵੀ ਫੇ ਗੁੱਸਾ ਆ ਜਾਦਾ ਆ"।
ਘੁੱਦਾ ਠੰਡਾ ਠਾਰ ਹੋਇਆ ਪਿਆ ਸੀ, ਬਾਪੂ ਕੁੱਝ ਕਹਿਣ ਹੀ ਲੱਗਾ ਸੀ ਕਿ ਦੇਬੀ ਨੇ ਫਿਰ ਹੱਥ ਜੋੜ ਤੇ, ਬਾਪੂ ਉਥੇ ਈ ਰੁਕ ਗਿਆ।
"ਬੇਬੇ, ਪਰੀਤੀ, ਬਾਪੂ ਜੀ ਤੇ ਘੁੱਦੇ ਬਾਈ ਮੇਰਾ ਇੱਕ ਸੁਝਾਅ ਆ ਜੇ ਤੁਸੀ ਸਾਰੇ ਮੰਨੋ ਤਾਂ ਮੈਂ ਸਮਝਦਾ ਕਿ ਅਸੀ ਰਲ ਕੇ ਹਰ ਮਸਲੇ ਦਾ ਹੱਲ ਕੱਢ ਸਕਦੇ ਆਂ"।
ਦੇਬੀ ਨੇ ਕਿਹਾ।
"ਪੁੱਤ ਤੂੰ ਬੋਲ ਮੂਹੋ ਤਾਂ ਕੱਢ ?" ।
ਬੇਬੇ ਨੇ ਬੜੇ ਚਿਰ ਬਾਅਦ ਹੁੰਗਾਰਾ ਭਰਿਆ ਸੀ।
"ਝੋਨੇ ਦੇ ਜਿਹੜੇ ਤਿੰਨ ਕਿੱਲੇ ਲੱਗ ਗਏ ਉਹ ਬਹੁਤ ਆ, ਬਾਕੀ ਜਿਹੜੀ ਜਮੀਨ ਆ ਉਹਦੇ ਵਿੱਚ ਕੁੱਝ ਹੋਰ ਕਰਨ ਬਾਰੇ ਸੋਚਦਾ ਆ"।
ਦੇਬੀ ਨੇ ਕਿਹਾ।
"ਹੋਰ ਕੀ ਹੋ ਸਕਦਾ ਵੀਰੇ"।
ਪਰੀਤੀ ਨੂੰ ਲਗਦਾ ਸੀ ਕਿ ਕੋਈ ਮਸੀਹਾ ਉਨਾ ਦੇ ਘਰ ਆਇਆ ਹੈ ਅਤੇ ਸ਼ਾਇਦ ਸਾਰੇ ਦੁੱਖਾਂ ਦੀ ਦਵਾ ਦੇ ਕੇ ਰੱਬ ਨੇ ਭੇਜਿਆ ਹੈ।
"ਤਿੰਨ ਕੰਮ ਹਨ ਮੇਰੀ ਨਜਰ ਵਿੱਚ ਤੇ ਤਿੰਨੇ ਹੀ ਕਰਨੇ ਆ, ਪਹਿਲਾ ਇਹ ਕਿ ਇੱਕ ਕਿੱਲੇ ਵਿੱਚ ਫੁੱਲਾਂ ਦੀ ਫਸਲ ਬੀਜਣੀ ਆ, ਇਹ ਘੁੱਦੇ ਦੀ ਜਿੰਮੇਦਾਰੀ ਹੋਵੇਗੀ, ਬਾਕੀ ਦੋ ਕਿਲੱਆਿ ਵਿੱਚ ਬਾਗ ਲੱਗੇਗਾ ਅਤੇ ਫਲਦਾਰ ਬੂਟਿਆ ਦੇ ਵਿਚਕਾਰ ਮੱਝਾਂ ਲਈ ਚਾਰਾ ਬੀਜਿਆ ਜਾਵੇਗਾ, ਬਾਗ ਤੇ ਚਾਰੇ ਦੀ ਜਿੰਮੇਵਾਰੀ ਬਾਪੂ ਦੀ, ਪੰਜ ਛੇ ਮੱਝਾਂ ਰੱਖ ਕੇ ਦੁੱਧ ਡੇਅਰੀ ਵਿੱਚ ਪਾਇਆ ਜਾਵੇਗਾ ਅਤੇ ਇਹ ਕੰਮ ਬੇਬੇ ਦਾ"।
ਦੇਬੀ ਨੇ ਸੰਖੇਪ ਵਿੱਚ ਦੱਸਿਆ, ਸਾਰਾ ਟੱਬਰ ਇੱਕ ਦੂਜੇ ਦੇ ਮੂੰਹ ਵੱਲ ਦੇਖ ਰਿਹਾ ਸੀ।
"ਪੁੱਤ ਸਕੀਮ ਤਾਂ ਤੇਰੀ ਬਾਹਲੀ ਵਧੀਆਂ ਪਰ ਇਹ ਸਾਰਾ ਕੁੱਝ ਹੋਊ ਕਿਵੇ ?"।
ਬਾਪੂ ਨੂੰ ਪਤਾ ਸੀ ਕਿ ਇਨਾ ਕੰਮਾ ਤੇ ਕਾਫੀ ਪੈਸਾ ਖਰਚ ਹੋਵੇਗਾ।
"ਲੈ ਕਰਲੋ ਗੱਲ, ਮੈ ਕਿਸ ਮਰਜ ਦੀ ਦਵਾ ਹਾਂ, ਮੈ ਵੀ ਤਾਂ ਕੋਈ ਕੰਮ ਕਰਨਾ ਆ, ਅਸੀ ਡੇਅਰੀ ਫਾਰਮ ਦਾ ਕਲੇਮ ਕਰਕੇ ਮੱਝਾਂ ਲਈ ਕਰਜ ਲਵਾਂਗੇ, ਉਸ ਵਿੱਚ ਸਬਸਿਡੀ ਹੋਣ ਕਾਰਨ ਸਸਤਾ ਪਵੇਗਾ, ਫੁੱਲਾਂ ਦੀ ਫਸਲ ਤੇ ਖਰਚ ਕੋਈ ਨਹੀ, ਸਿਰਫ ਮਿਹਨਤ ਆ, ਪਹਿਲੀ ਫਸਲ ਮੈਂ ਬਿਜਵਾਵਾਗਾ, ਖੇਤੀਬਾੜੀ ਵਿਭਾਗ ਵਿੱਚੋ ਕੁੱਝ ਮਦਦ ਮਿਲ ਸਕਦੀ ਆ, ਸ਼ਹਿਰ ਵੇਚਣ ਜਾਣ ਲਈ ਅਪਣਾ ਪੁਰਾਣਾ ਟਰੈਕਟਰ ਖੜਾ ਆ, ਤੇਲ ਪਾ ਕੇ ਘੁੱਦਾ ਭਾਵੇ ਰੋਜ ਵਰਤਦਾ ਰਹੇ, ਬਾਕੀ ਰਹਿ ਗਿਆ ਬਾਗ ਵਾਲਾ ਮਸਲਾ, ਉਹਦੇ ਵਾਸਤੇ ਪਹਿਲੇ ਬੂਟੇ ਆਪਾਂ ਸਾਰੇ ਰਲ ਕੇ ਲਾਵਾਂਗੇ ਤੇ ਵੱਡੇ ਉਨਾ ਨੂੰ ਕੁਦਰਤ ਕਰਦੀ ਰਹੇਗੀ, ਇਸ ਤਰਾਂ ਹਰ ਰੋਜ ਕਿਸੇ ਨਾਂ ਕਿਸੇ ਪਾਸਿਓ ਘਰ ਵਿੱਚ ਲੱਛਮੀ ਆਉਦੀ ਰਹੇਗੀ ਤੇ ਇਹੀ ਆਪਾਂ ਚਾਹੁੰਦੇ ਆਂ … ।।"
ਦੇਬੀ ਨੇ ਅਪਣੀ ਗੱਲ ਖਤਮ ਕੀਤੀ ਤਾਂ ਸਾਰਾ ਟੱਬਰ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗ ਪਿਆ, ਹਾਲੇ ਓ ਗੱਲਾਂ ਹੀ ਕਰ ਰਹੇ ਸਨ ਕਿ ਪੰਮੀ ਆ ਗਈ … ।।
"ਲਓ ਅਪਣਾ ਵਕੀਲ ਵੀ ਆ ਗਿਆ, ਜੇ ਕੋਈ ਕਾਨੂੰਨੀ ਗੱਲ ਪੁੱਛਣੀ ਆ ਤਾ ਵਕੀਲ ਨੂੰ ਪੁੱਛ ਲੈਨੇ ਆ"।
ਦੇਬੀ ਦੇ ਮੂੰਹ ਤੇ ਪੰਮੀ ਨੂੰ ਦੇਖ ਕੇ ਰੌਣਕ ਆ ਗਈ।
"ਵਕੀਲ ? ਇਹ ਐਲ ਐਲ ਬੀ ਦੇ ਪੇਪਰ ਤਾਂ ਮੈ ਦਿੱਤੇ ਨੀ ਹਾਲੇ"।
ਪੰਮੀ ਨੇ ਅੱਗਾ ਵਲਿਆ।
"ਸਾਡੇ ਕੇਸ ਵੀ ਕੋਈ ਬਾਹਲੇ ਸੰਗੀਨ ਨਹੀ, ਇਹ ਤਾਂ ਪੰਮੇ ਨੇ ਚੁਟਕੀ ਵਿੱਚ ਹੱਲ ਕਰ ਦੇਣੇ ਆ"।
ਦੇਬੀ ਨੇ ਕਿਹਾ ਤੇ ਨਾਲੇ ਉਹਦਾ ਮੱਥਾ ਚੁੰਮ ਕੇ ਕਹਿਣ ਲੱਗਾ।
"ਠੰਡ ਪੈ ਗਈ ਪੰਮਿਆ"
"ਮੈਨੂੰ ਵੀ ਵੀਰੇ, ਕੀ ਆ ਮਸਲਾ ਜਿਹਦੇ ਲਈ ਵਕੀਲ ਦੀ ਲੋੜ ਪੈ ਗਈ ?" ।
ਪੰਮੀ ਨੇ ਪੁੱਛਿਆ।
ਬਾਪੂ ਨੇ ਸਾਰੀ ਕਥਾ ਸੁਣਾ ਦਿੱਤੀ, ਭਈਆ ਦੇ ਦਿੱਤੇ ਪੈਸਿਆ ਦਾ ਜਿਕਰ ਵੀ ਕਰ ਦਿੱਤਾ, ਜਿੱਥੇ ਘੁੱਦਾ ਸ਼ਰਮ ਵਿੱਚ ਧਰਤੀ ਵਿੱਚ ਗਰਕਦਾ ਜਾ ਰਿਹਾ ਸੀ ਉਥੇ, ਪਰੀਤੀ, ਪੰਮੀ ਤੇ ਬੇਬੇ ਦੇਬੀ ਨੂੰ ਅਪਣੇ ਮਨ ਵਿੱਚ ਹੋਰ ਵੀ ਪਰੇਮ ਦੇ ਰਹੀਆਂ ਸਨ, ਸਾਰੀ ਕਹਾਂਣੀ ਸੁਣ ਕੇ ਪੰਮੀ ਨੇ ਕਿਹਾ …
"ਦੇਖੋ ਤਾਇਆ ਜੀ, ਜੇ ਤੁਸੀ ਕਦੇ ਰੱਬ ਅੱਗੇ ਅਰਦਾਸ ਕੀਤੀ ਹੋਵੇਗੀ ਕਿ ਰੱਬਾ ਸਾਡੇ ਦਿਨ ਫੇਰ, ਉਹ ਅਰਦਾਸ ਤੁਹਾਡੀ ਸੁਣੀ ਗਈ, ਰੱਬ ਨੇ ਹੀ ਵੀਰ ਨੂੰ ਸਾਡੇ ਕੋਲ ਭੇਜਿਆ ਅਤੇ ਜੇ ਵੀਰ ਇਹ ਕਹਿ ਰਿਹਾ ਕਿ ਉਹ ਸਾਡੀ ਮਦਦ ਕਰਨੀ ਚਾਹੁੰਦਾ ਆ ਤਾਂ ਕਿ ਅਸੀ ਧੰਨਵਾਦ ਸਹਿਤ ਮਦਦ ਲੈਂਣ ਲਈ ਵੀ ਸੋਚੀ ਪਏ ਰਹੀਏ ? ਮਿਹਨਤ ਤਾਂ ਤੁਸੀ ਪਹਿਲਾ ਵੀ ਬਥੇਰੀ ਕਰਦੇ ਓ, ਹੁਣ ਵੀਰ ਦੇ ਕਹੇ ਜਰਾ ਤੌਰ ਤਰੀਕੇ ਬਦਲ ਕੇ ਦੇਖ ਲਓ ਨਾਲੇ ਅਪਣਾ ਖੋਟਾ ਸਿੱਕਾ ਵੀ ਚੱਲ ਜਾਊ"।
ਘੁੱਦੇ ਵੱਲ ਇਛਾਰਾ ਕਰਦੇ ਹੋਏ ਪੰਮੀ ਨੇ ਕਿਹਾ।
"ਮੈ ਕਿਤੇ ਤੁਹਾਥੋ ਬਾਹਰਾ ਆਂ ? ਪਰ ਮੈਨੂੰ ਅਪਣੇ ਵਿਹਲੜ ਤੇ ਇਤਬਾਰ ਨੀ, ਮੈ ਇਹਦਾ ਜੁੰਮਾ ਨੀ ਲੈਦਾ, ਮੇਰੇ ਸਿਰ ਜੋ ਪਾਓਗੇ ਮੈ ਤਾਂ ਝੱਲ ਲਊਗਾ"।
ਬਾਪੂ ਨੇ ਅਪਣੀ ਸਹਿਮਤੀ ਦੇ ਦਿੱਤੀ।
"ਬਾਈ ਇਨਾ ਮੈਨੂੰ ਵਿਹਲੜ ਕਹਿ ਕਹਿ ਕੇ ਦੁਖੀ ਕੀਤਾ ਹੋਇਆ, ਅਸਲ ਵਿੱਚ ਮੈਂ ਜਮੀਨ ਦੇ ਕੰਮ ਵਿੱਚ ਬਿਲਕੁਲ ਦਿਲਚਸਪੀ ਨਹੀ ਰੱਖਦਾ ਕਿਉਕਿ ਜਿਮੀਦਾਰ ਹਮੇਸ਼ਾਂ ਕਰਜਾਈ ਰਹਿੰਦਾ, ਪਰ ਜੇ ਹੁਣ ਇਹ ਮੌਕਾ ਮੈਨੂੰ ਮਿਲ ਰਿਹਾ ਤਾਂ ਫਿਰ ਇਹ ਵੀ ਦੇਖ ਲਿਓ ਬਈ ਜਦੋ ਖੋਟਾ ਸਿੱਕਾ ਚੱਲੇ ਤਾ ਫਿਰ ਰੁਪਈਏ ਨੂੰ ਮਾਤ ਦੇ ਜਾਦਾ"।
ਘੁੱਦੇ ਨੇ ਦਿਲ ਦੀ ਅਸਲੀ ਗੱਲ ਦੱਸੀ, ਉਹ ਭੈੜੈ ਸ਼ਬਦ ਸੁਣ ਸੁਣ ਕੇ ਅੱਕਿਆ ਪਿਆ ਸੀ।
"ਠੀਕ ਆ ਫਿਰ ਮਿੱਤਰਾ, ਕੱਲ ਤੋ ਕਾਲਜ ਬੰਦ, ਪਾਸ ਤੂੰ ਹੋਣਾ ਨਹੀ, ਹੋ ਗਿਆ ਤਾਂ ਨੌਕਰੀ ਦਾ ਕੋਈ ਚਾਂਨਸ ਨਹੀ, ਜਿਹੜੇ ਚਾਰ ਸਾਲ ਹੋਰ ਬੱਸਾਂ ਵਿੱਚ ਧੱਕੇ ਖਾਵੇਗਾ ਉਹ ਅਪਣਾ ਕੰਮ ਕਰ ਤੇ ਭੈਂਣ ਦੇ ਵਿਆਹ ਲਈ ਕੁੱਝ ਰਕਮ ਜੋੜਨੀ ਸ਼ੁਰੂ ਕਰ"।
ਦੇਬੀ ਨੇ ਕਿਹਾ।
"ਵੀਰੇ ਐਵੇ ਗੱਲ ਗੱਲ ਤੇ ਮੇਰੇ ਵਿਆਹ ਬਾਰੇ ਨਾਂ ਕਹਿ, ਮੈ ਨੀ ਕਿਤੇ ਜਾਣਾ ਤੁਹਾਨੂੰ ਛੱਡ ਕੇ"।ਪਰੀਤੀ ਸ਼ਰਮ ਤੇ ਗੁੱਸੇ ਬੁੱਲ ਜਿਹੇ ਅਟੇਰ ਕੇ ਬੋਲੀ।
"ਲੈ ਕਮਲੀ, ਜਾਣਾ ਕਿਵੇ ਨੀ, ਤੇਰਾ ਰਾਜਕੁਮਾਰ ਸਾਰੀ ਉਮਰ ਤੈਨੂੰ ਉਡੀਕਦਾ ਈ ਰਹੂੰ ?"।
ਦੇਬੀ ਨੇ ਹੱਸ ਕੇ ਕਿਹਾ ਤਾਂ ਪਰੀਤੀ ਹੋਰ ਵੀ ਸ਼ਰਮਾ ਗਈ।
"ਵੀਰੇ ਜੇ ਇੱਕ ਵਾਰ ਹੋਰ ਮੇਰੇ ਵਿਆਹ ਦੀ ਗੱਲ ਕੀਤੀ ਤਾਂ ਮੈ ਰੋ ਪੈਣਾ"।
ਪਰੀਤੀ ਨੇ ਧਮਕੀ ਦਿੱਤੀ।
"ਨਹੀ ਕਰਦੇ ਬਈ ਨਹੀ ਕਰਦੇ, ਪਰ ਤੇਰੇ ਵਿਆਹ ਲਈ ਦਾਜ ਵਗੈਰਾ ਬਣਾਉਣ ਬਾਰੇ ਤਾਂ ਗੱਲ ਕਰ ਸਕਦੇ ਆ ਨਾਂ ?" ਦੇਬੀ ਹਾਲੇ ਮਜਾਕ ਦੇ ਮੂਢ ਵਿੱਚ ਸੀ।
"ਬੇਬੇ ਦੇਖ ਲਾਂ, ਵੀਰ ਜਾਂਣ ਜਾਂਣ ਕੇ ਉਹੀ ਗੱਲਾ ਕਰੀ ਜਾਦਾ"।
ਪਰੀਤੀ ਹੁਣ ਬੇਬੇ ਕੋਲ ਸ਼ਿਕਾਇਤ ਲਾ ਰਹੀ ਸੀ, ਪੰਮੀ, ਘੁੱਦਾ ਤੇ ਬਾਪੂ ਹੱਸੀ ਜਾ ਰਹੇ ਸਨ।
"ਪੁੱਤ ਕਰਦਾ ਤਾਂ ਕਰਨ ਦੇ, ਤੂੰ ਵੀ ਸਗੋ ਕਹਿ ਬਈ ਚੱਜ ਦਾ ਘਰ ਟੋਲਿਓ ਮੇਰੇ ਲਈ, ਸਹੁਰੇ ਤਾਂ ਇੱਕ ਦਿਨ ਜਾਣਾ ਈ ਆ, ਚੰਗਾ ਸਗੋ ਹੁਣ ਤੇਰੇ ਦੋ ਵੀਰ ਹੋ ਗਏ"।
ਬੇਬੇ ਨੇ ਵੀ ਦੇਬੀ ਦਾ ਸਾਥ ਦਿੱਤਾ ਤਾਂ ਪਰੀਤੀ ਕਲਪ ਗਈ ਤੇ ਉਠ ਕੇ ਅੰਦਰ ਦੌੜ ਗਈ, ਦੇਬੀ ਹੱਸਦਾ ਤੇ ਰੋਕਦਾ ਹੀ ਰਹਿ ਗਿਆ।
"ਮੈਂ ਦੇਖਦੀ ਆ ਕਮਲੀ ਨੂੰ"।
ਪੰਮੀ ਵੀ ਉਠ ਕੇ ਮਗਰ ਚਲੇ ਗਈ।
"ਨੀ ਤੈਨੂੰ ਕੀ ਲੜਦਾ, ਅੰਦਰੋ ਅੰਦਰੀ ਤਾਂ ਖੁਸ਼ ਹੁੰਦੀ ਹੋਣੀ ਆ ਵਿਆਹ ਦੀ ਗੱਲ ਸੁਣ ਕੇ ਬਾਹਰ ਨਖਰੇ ਕਰਦੀ ਆਂ"।
ਪੰਮੀ ਨੇ ਅੰਦਰ ਜਾ ਕੇ ਪਰੀਤੀ ਦੀ ਖਬਰ ਲਈ।
"ਓਹ ਵੀਰ ਸਾਹਮਣੇ ਸੰਗ ਆਉਦੀ ਆ"।
ਪਰੀਤੀ ਛੇਤੀ ਮੰਨ ਗਈ।
"ਚੱਲ ਫਿਰ ਬਾਹਰ, ਵੀਰ ਘਰ ਆਇਆ ਬੈਠਾ ਤੇ ਤੂੰ ਅੰਦਰ ਵੜੀ ਆ"।
ਪੰਮੀ ਉਸਨੂੰ ਬਾਹਰ ਲੈ ਆਈ।
"ਠੀਕ ਆ ਫਿਰ, ਕੱਲ ਨੂੰ ਘੁੱਦਿਆ ਜਾ ਕੇ ਪਰੇਮ ਨੂੰ ਮਿਲ ਲਈ, ਤੇ ਡੇਅਰੀ ਦੇ ਕਲੇਮ ਦੀ ਫਾਈਲ ਬਣਵਾ ਲਈ, ਉਸ ਤੋ ਬਾਅਦ ਬਲਕਾਰ ਸਿੰਘ ਜੰਗਲਾਤ ਵਾਲੇ ਨੂੰ ਮਿਲ ਕੇ ਬੂਟਿਆ ਬਾਰੇ ਜਾਣਕਾਰੀ ਲੈ ਲਵੀ, ਬੂਟੇ ਇੱਕ ਤਰਾਂ ਦੇ ਨਹੀ ਲਾਉਣੇ, ਵੱਖੋ ਵੱਖ ਫਲ ਜੋ ਇਸ ਧਰਤੀ ਵਿੱਚ ਸਹੀ ਤਰੀਕੇ ਨਾਲ ਹੁੰਦੇ ਹੋਣ, ਤੇ ਦੇਖੀ ਕੰਮ ਕਰਕੇ ਸਿੱਧੇ ਘਰ ਨੂੰ ਆਉਣਾ, ਜਿੰਨਾ ਚਿਰ ਤਿੰਨੇ ਕੰਮ ਪੂਰੇ ਨਹੀ ਹੋ ਜਾਂਦੇ ਅਵਾਰਾਗਰਦੀ ਬੰਦ, ਸਿੱਟ ਹੱਥ"।
ਇਨੀ ਦੇਰ ਵਿੱਚ ਦੇਬੀ ਤੇ ਘੁੱਦੇ ਦੀ ਕੱਲ ਦੀ ਪਲੈਨਿੰਗ ਹੋ ਚੁੱਕੀ ਸੀ।
"ਬਾਈ ਵਾਅਦਾ ਪੱਕਾ, ਦੇਖੀ ਘੁੱਦੇ ਦੀ ਵੀ ਕਮਾਲ, ਆਪਾਂ ਅਵਾਰਾਗਰਦੀ ਵਿੱਚ ਵੀ ਕੁੱਝ ਖੱਟਿਆ ਆ, ਹੁਣ ਬਣਾਏ ਹੋਏ ਹੋਏ ਕੁਨੈਕਸ਼ਨ ਘਰ ਲਈ ਵਰਤਾਂਗੇ"।
ਘੁੱਦਾ ਕਚੀਚੀ ਖਾ ਗਿਆ ਸੀ, ਉਹ ਅਪਣੇ ਮੱਥੇ ਤੋ ਵਿਹਲੜ ਦਾ ਦਾਗ ਲਾਉਣਾ ਚਾਹੁੰਦਾ ਸੀ।
"ਵੀਰ ਅੱਜ ਸਾਡੇ ਕੋਲ ਰਹਿ ਪੈ"।
ਪਰੀਤੀ ਦਾ ਦਿਲ ਕਰਦਾ ਸੀ ਕਿ ਦੇਬੀ ਸਦਾ ਉਹਨਾਂ ਕੋਲ ਰਹੇ।
"ਸਿਰਫ ਅੱਜ ? ਮੈਂ ਤਾਂ ਰੋਜ ਤੁਹਾਡੇ ਕੋਲ ਰਹਿੰਨਾ, ਜਰਾ ਦੇਖ ਖਾ ਅਪਣੇ ਦਿਲ ਵਿੱਚ"।
ਦੇਬੀ ਫੇਰ ਵਾਰ ਕਰ ਗਿਆ।
"ਵੀਰ ਤੂੰ ਬਹੁਤ ਚਲਾਕ ਆ, ਮੇਰੇ ਕੋਲ ਤੇਰੇ ਜਵਾਬ ਨੀ ਹੈਗੇ ਤੂੰ ਛੇਤੀ ਮੰਨ ਜਾਇਆ ਕਰ"। ਪਰੀਤੀ ਨੇ ਆਜਜੀ ਜਿਹੀ ਨਾਲ ਕਿਹਾ।
"ਮੈਂ ਫੇਰ ਤੇਰੇ ਵਿਆਹ ਦੀ ਗੱਲ ਕਰ ਦੇਣੀ ਆ ਤੇ ਤੂੰ ਫੇਰ ਅੰਦਰ ਜਾ ਵੜਨਾ, ਫਿਰ ਮੇਰੇ ਏਥੇ ਰਹਿਣ ਦਾ ਤੈਨੂੰ ਕੀ ਫਾਇਦਾ ?" ।
ਦੇਬੀ ਉਸ ਵਿੱਚ ਥੋੜਾ ਆਤਮ ਵਿਸ਼ਵਾਸ਼ ਜਗਾਉਣਾ ਚਾਹੁੰਦਾ ਸੀ।
"ਵੀਰ ਭਾਵੇ ਸਾਰੀ ਰਾਤ ਮੇਰੇ ਵਿਆਹ ਦੀਆਂ ਗੱਲਾਂ ਕਰੀ ਜਾਵੀ, ਮੈ ਨੀ ਜਾਂਦੀ ਹੁਣ ਕਿਤੇ"।
ਪਰੀਤੀ ਹਰ ਕੀਮਤ ਤੇ ਉਸ ਨੂੰ ਰੱਖਿਆ ਚਾਹੰਦੀ ਸੀ।
"ਲੈ ਬਾਈ ਹੁਣ ਤੇ ਰਹਿਣਾ ਈ ਪਊ, ਹੁਣ ਤਾਂ ਅਪਣੀ ਪਰੀਤੀ ਦਾ ਭਾਵੇ ਸਵੇਰੇ ਵਿਆਹ ਕਰ ਦਿਓ"।
ਹੱਸਦਾ ਹੋਇਆ ਘੁੱਦਾ ਮੋਹਰੇ ਮੋਹਰੇ ਤੇ ਪਰੀਤੀ ਪਿੱਛੇ ਪਿੱਛੇ, ਬੜੇ ਦਿਨਾ ਬਾਅਦ ਏਨੀ ਖੁਸ਼ੀ ਆਈ ਸੀ ਘਰ ਵਿੱਚ, ਭੱਜਦੀ ਪਰੀਤੀ ਨੂੰ ਰੋਕ ਕੇ ਦੇਬੀ ਕਹਿਣ ਲੱਗਾ …
"ਝੱਲੀਏ, ਜਿਸ ਦਿਨ ਤੂੰ ਸੱਚੀ ਏਥੇ ਨਾਂ ਹੋਈ, ਸਾਡਾ ਕਿਸੇ ਦਾ ਵੀ ਦਿਲ ਨਹੀ ਲੱਗਣਾਂ, ਤੇਰੀ ਬਹੁਤ ਰੌਣਕ ਆ ਘਰ ਵਿੱਚ"।
ਦੇਬੀ ਨੇ ਉਸ ਨੂੰ ਕਲਾਵੇ ਵਿੱਚ ਲੈ ਲਿਆ, ਉਹ ਵੀ ਇੱਕ ਨਿਰਦੋਸ਼ ਜਿਹੇ ਬੱਚੇ ਵਾਂਗ ਦੇਬੀ ਦੇ ਗਲ ਲੱਗ ਗਈ।
ਭੂਆ ਨੂੰ ਸੁਨੇਹਾ ਭੇਜ ਦਿੱਤਾ ਕਿ ਅੱਜ ਦੇਬੀ ਨੇ ਘਰ ਨਹੀ ਆਉਣਾ, ਪੰਮੀ ਥੋੜੀ ਦੇਰ ਬਾਅਦ ਘਰ ਨੂੰ ਚਲੀ ਗਈ, ਜਾਦੀ ਜਾਦੀ ਕਹਿ ਗਈ ਕਿ ਸਮਬਾਡੀ ਵਾਂਟ ਟੂ ਮੀਟ ਯੂ, ਅੰਗਰੇਜੀ ਦਾ ਫਾਇਦਾ ਇਹ ਸੀ ਕਿ ਸਿਵਾਏ ਘੁੱਦੇ ਤੇ ਪਰੀਤੀ ਦੇ ਹੋਰ ਕੋਈ ਸਮਝ ਨਹੀ ਸੀ ਸਕਿਆ, ਉਹ ਸਾਰੇ ਬਹੁਤ ਦੇਰ ਗੱਪਾਂ ਮਾਰਦੇ ਰਹੇ, ਬਾਪੂ ਫਿਰ ਮੇਮਾਂ ਬਾਰੇ ਪੁੱਛਣ ਲੱਗ ਪਿਆ, ਪਤਾ ਨਹੀ ਕਦੋ ਉਹ ਸੁੱਤੇ, ਵਿਹੜਾ ਖੁਸ਼ੀ ਨਾਲ ਭਰਿਆ ਪਿਆ ਸੀ।
----------------------------------------ਬਾਕੀ ਅਗਲੇ ਅੰਕ ਵਿਚ----------