ਲੇਖਕ- ਰਾਮ ਲਾਲ ਭਗਤ
ਕੀਮਤ- 120 ਰੁਪਏ
ਸਫ਼ੇ- 96
ਪ੍ਰਕਾਸ਼ਕ -ਸਹਿਬਦੀਪ ਪ੍ਰਕਾਸ਼ਨ ਭੀਖੀ(ਮਾਨਸਾ)
ਸਮਾਜ ਕੁੜੀਆਂ ਦੀ ਚਿੜੀਆਂ ਨਾਲ ਤੁਲਨਾ ਕਰਦਾ ਆਇਆ ਹੈ । ਸਾਰੇ ਪੰਛੀਆਂ ਵਿੱਚੋਂ ਸਭ ਤੋਂ ਕਮਜ਼ੋਰ ਪੰਛੀ ਚਿੜੀ ਮੰਨੀ ਗਈ ਹੈ । ਇਹ ਜਦੋਂ ਵੀ ਆਪਣੇ ਆਲਣੇ ਚੋਂ ਉਡਾਨ ਭਰਦੀ ਹੈ , ਇਸ ਨੂੰ ਅੱਗਿਓ ਆਪਣੇ ਤੋਂ ਤਕੜਾ ਪੰਛੀ ਮਿਲੇਗਾ । ਕੁੜੀਆਂ ਵਾਰੇ ਅੱਜ ਵੀ ਸਾਡੇ ਸਮਾਜ ਦੀ ਸੋਚ ਚਿੜੀਆਂ ਵਾਲੀ ਹੈ । ਦੁਨੀਆਂ ਜਦ ਕਿ 20ਵੀਂ ਸਦੀ ਵਿੱਚ ਦਾਖਲ ਹੋ ਚੁੱਕੀ ਹੈ । ਸਮਾਜ ਦਾ ਹਰ ਵਰਗ ਆਪਣੀ ਹੋਂਦ ਲਈ ਲੜ੍ਹ ਰਿਹਾ ਹੈ । ਔਰਤ ਨੂੰ ਸਮਾਜ ਵਿੱਚ ਸਨਮਾਨ ਦੇਣ ਲਈ ਵਿਰਲੀ ਸੋਚ ਨਜ਼ਰ ਆਉਂਦੀ ਹੈ । ਔਰਤ ਦੇ ਵਾਰੇ ਸਾਡੇ ਸਮਾਜ ਦੀ ਸੋਚ ਹਾਲੇ ਤਕ ਸੋੜੀ ਹੈ । ਔਰਤਾਂ ਨਾਲ ਬਲਾਤਕਾਰ , ਅਗਵਾ , ਦਾਜ ਦੀ ਬਲੀ , ਘਰੇਲੂ ਕੁੱਟ - ਮਾਰ ਅਖ਼ਵਾਰ ਵਿੱਚ ਛਪਣ ਵਾਲੀਆਂ ਨਿੱਤ ਦੀਆਂ ਖ਼ਬਰਾਂ ਹਨ । ਜੇਕਰ ਸਮਾਜ ਦੀ ਔਰਤ ਪ੍ਰਤੀ ਸੋਚ ਸਾਰਥਿਕ ਹੁੰਦੀ , ਤਾਂ ਰਾਮ ਲਾਲ ਭਗਤ ਹੋਰਾਂ ਨੂੰ ਔਰਤ ਵਾਸਤੇ ਮੈਦਾਨ ਵਿੱਚ ਨਿਤਰਨ ਦੀ ਲੌੜ ਨਾ ਪੈਂਦੀ ।
ਕਵੀ ਰਾਮ ਲਾਲ ਭਗਤ ਪੇਸ਼ੇ ਵਜੋਂ ਹੈਡਮਾਸਟਰ ਹਨ । ਸ਼ੇਰਨੀਆਂ ਕਵੀ ਦੀ ਤੀਸਰੀ ਕਿਰਤ ਹੈ । ਇਸ ਤੋਂ ਪਹਿਲਾ ਉਹ ਸ਼ਾਲੋ , ਮਿੱਟੀ ਦੀ ਖੁਸ਼ਬੂ ਪੰਜਾਬੀ ਸਾਹਿਤ ਨੂੰ ਭੇਂਟ ਕਰ ਚੁੱਕਾ ਹੈ । ਸ਼ੇਰਨੀਆਂ ਵਿੱਚ ਕੁੱਲ 96 ਕਾਵਿ ਰਚਨਾਵਾਂ ਹਨ । ਕਵੀ ਦੀ ਸੋਚ ਦਾ ਕੈਨਵਸ ਬਹੁਤ ਵਿਸ਼ਾਲ ਹੈ । ਇਸ ਲਈ ਓਹ ਆਪਣੀ ਗੱਲ਼ ਨੂੰ ਕਾਵਿ -ਧਾਰਾ ਦੀ ਹਰ ਵਿਧਾ ਵਿੱਚ ਕਰਦਾ ਹੈ । ਕਵੀ ਛੰਦ ਕਵਿਤਾ , ਵਾਰਤਿਕ ਗ਼ਜ਼ਲ , ਖੁੱਲ੍ਹੀ ਕਵਿਤਾ , ਹਾਇਕੂ ਪੰਜਾਬੀ ਗੀਤ , ਮਿੰਨੀ ਕਵਿਤਾ ਰਾਹੀਂ ਔਰਤਾਂ ਲਈ ਵਿਰਧ ਕਰਦਾ ਹੈ । ਕਵੀ ਆਪਣੀ ਪੁਸਤਕ ਦਾ ਅਰੰਭ " ਔਰਤ , ਰਾਹੀਂ ਬਾਖ਼ੂਬ ਕਰਦਾ ਹੈ । ਤੇ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਦੀ ਆਪਣੀ ਕਵਿਤਾ ਵਿੱਚ ਬਹੁਤ ਵਧੀਆਂ ਵਰਤੋਂ ਕਰਦਾ ਹੈ ਨਮੂਨੇ ਵਜੋਂ ,
ਧੰਨ ਧੰਨ ਬਾਬੇ ਨਾਨਕ ਪੁਕਾਰਿਆ
ਸਭ ਦੁਨੀਆਂ ਵਿੱਚ ਪਰਚਾਰਿਆ
ਇਹ ਔਰਤ ਰੂਪ ਹੈ ਭਗਵਾਨ ਦਾ
ਇਹਦਾ ਕੁੱਲ ਦੁਨੀਆਂ ਵਿੱਚ ਮਾਨ
ਸੋ ਕਿਉਂ ਮੰਦਾ ਮੰਦਾ ਆਖੀਐ ਜਿਤੁ ਜੰਮਿਹ ਰਾਜਾਨੁ ।
ਅਰਜ਼ੋਈ , ਦਾਮਨੀ , ਰਜਨੀ , ਧੀਆਂ , ਮਾਰਕਸਾ ਵੇ , ਚੁੰਨੀ , ਕੁੰਭ ਡੈਣ , ਸੱਜਣ ਜੀ , ਗੂੰਗਾ ਸ਼ਹਿਰ , ਨਜ਼ਮ , ਰੁੱਤ ਇਸ ਕਾਵਿ ਪੁਸਤਕ ਦੀਆਂ ਸ਼ਿੰਗਾਰ ਰਚਨਾਵਾਂ ਹਨ । ਕਵੀ ਨੇ ਔਰਤ ਦੇ ਹੱਕ ਵਿੱਚ ਬੇਬਾਕ ਹੋ ਕੇ ਲਿਖਿਆ ਹੈ । ਕਵੀ ਕੇਵਲ ਅਣਜੰਮੀਆਂ ਧੀਆਂ ਲਈ ਨਹੀਂ ਸਗੋਂ ਬਿਰਧ ਆਸ਼ਰਮ ਵਿੱਚ ਰੁਲਦੀਆਂ ਮਾਂਵਾਂ , ਦਹੇਜ ਦੀ ਬਲੀ ਚੜ੍ਹਦੀਆਂ ਨੂੰਹਾਂ ਲਈ ਵੀ ਹਾਉਂਕਾ ਭਰਦਾ ਹੈ ਤੇ ਸਮਾਜ ਨੂੰ ਫਿਟਕਾਰ ਵੀ ਪਾਉਂਦਾ ਹੈ ।
ਸਮੁੱਚੇ ਰੂਪ ਵਿੱਚ ਐਨੀਆਂ ਜ਼ਿਆਦਾ ਕਾਵਿ ਰਚਨਾਵਾਂ ਕੇਵਲ ਔਰਤ ਤੇ ਕੇਂਦਰਿਤ ਹੋਣ ਕਵੀ ਦੇ ਵਿਸ਼ਾਲ ਦ੍ਰਿਸ਼ਟੀਕੋਨ ਦਾ ਪ੍ਰਗਟਾਵਾ ਕਰਦੀ ਹੈ । ਕਵੀ ਕੁੜੀਆਂ ਨੂੰ ਚਿੜੀਆਂ ਨਹੀਂ ਸ਼ੇਰਨੀਆਂ ਆਖਦਾ ਹੈ , ਤੇ ਕੁੜੀਆਂ ਨੂੰ ਜਾਗਣ ਲਈ ਹਲੂਣਾ ਦਿੰਦਾ ਹੈ ਅਤੇ ਇਨਕਲਾਬੀ ਗੱਲ਼ ਕਰਦਾ ਹੈ ।
ਜਾਗੋ ਨੀਂ ਕੁੜੀਓ ਜੀਣ ਜੋਗੀਓ
ਰੁੱਤ ਗੁਲਾਮੀ ਵਾਲੀ ਆਈ ਹੋਈ ਹੈ
ਉੱਠੋ ਨੀਂ ਕੁੜੀਓ ਜੀਣ ਜੋਗੀਓ
ਰੁੱਤ ਗੁਲਾਮੀ ਵਾਲੀ ਆਈ ਹੋਈ ਹੈ ।
ਵੰਗਾਂ ਤਾਂ ਹੁਣ ਲਾਹੁਣੀਆਂ ਪੈਣੀਆਂ
ਪੀਲੀਆਂ ਚੁੰਨੀਆਂ ਲੈਣੀਆਂ ਪੈਣੀਆਂ
ਉੱਠੋ ਨੀ ਗੋਲੀਓ ! ਜੀਣ ਜੋਗੀਓ
ਰੁੱਤ ਗੁਲਾਮੀ ਵਾਲੀ ਆਈ ਹੋਈ ਹੈ ।
ਕਿਤੇ - ਕਿਤੇ ਸ਼ਬਦ ਜੋੜ ਦਾ ਨੁਕਸ ਪਾਠਕ ਦਾ ਰਸ ਖਰਾਬ ਕਰਦਾ ਹੈ । ਸਮੁੱਚੇ ਰੂਪ ਵਿੱਚ ਕਿਤਾਬ ਪੜ੍ਹਨ ਯੋਗ ਹੈ । ਸ਼ੇਰਨੀਆਂ ਨੂੰ ਜੀ ਆਇਆ ਕਹਿਣਾ ਬਣਦਾ ਹੈ ।