ਗਾਇਕ ਦਾ ਅਖਾੜਾ
(ਮਿੰਨੀ ਕਹਾਣੀ)
ਕਿਸੇ ਨਾਮੀ ਗਾਇਕ ਦੇ ਅਖਾੜੇ ਨੂੰ ਲੈ ਕੇ ਪਿੰਡ ਤੋਂ ਥੋੜਾ੍ਹ ਦੂਰ ਸ਼ਾਮਲਾਤ ਦੀ ਜਗਾ੍ਹ ਤੇ ਲੋਕਾਂ ਦੀ ਭੀੜ ਵਧਦੀ ਜਾ ਰਹੀ ਸੀ । ਕੁੱਝ ਲੋਕ ਤਾਂ ਸ਼ਾਮਲਾਤ ਵਾਲੀ ਖ਼ਾਲੀ ਪਈ ਜ਼ਮੀਨ ਦੇ ਨੇੜਲੇ ਘਰਾਂ ਵਾਲੇ ਸਨ ਜੋ ਕਹਿ ਰਹੇ ਸਨ ਕਿ ''ਨਹੀਂ ਇਹ ਅਖਾੜਾ ਇੱਥੇ ਨਹੀਂ ਲੱਗ ਸਕਦਾ ਤੇ ਨਾ ਹੀ ਲਾਉਣ ਦੇਣਾ ਏ.....'' ਤੇ ਦੂਜੇ ਕਹਿ ਰਹੇ ਸਨ ''ਇਹ ਕਿਵੇਂ ਉਹ ਸਕਦਾ ਹੈ ਹਰੇਕ ਸਾਲ ਮੇਲਾ ਤਾਂ ਇੱਥੇ ਹੀ ਲੱਗਦਾ ਹੈ ਤੇ ਇੱਥੇ ਹੀ ਲੱਗੇਗਾ......''
ਅਖਾੜਾ ਲਗਾਉਣ ਦੀ ਜ਼ਿੱਦ ਕਰਨ ਵਾਲੇ ਤਕੜੇ ਘਰਾਂ ਦੇ ਸਨ ਜਿਨਾ੍ਹ ਦੀ ਅਗਵਾਈ ਲੰਬੜਾ ਦਾ ਭੋਲਾ ਕਰ ਰਿਹਾ ਸੀ ਤੇ ਬਾਕੀ ਸ਼ਾਮਲਾਤ ਦੀ ਜ਼ਮੀਨ ਦੇ ਨੇੜੇ ਦੇ ਅੱਧ ਕੱਚੇ ਪੱਕੇ ਘਰਾਂ ਦੇ ਗ਼ਰੀਬ ਲੋਕ ਸਨ ਜਿਨਾ੍ਹ ਦੀ ਹਿਮਾਇਤ ਵਿਚ ਪਿੰਡ ਦਾ ਰਿਜ਼ਰਵ ਕੋਟੇ ਵਿਚੋਂ ਬਣਿਆ ਸਰਪੰਚ ਸਜਣ ਸਿੰਘ ''ਚਲੋ ਮੰਨਦੇ ਆ ਚਲੋ ਮੰਨਦੇ ਆ........'' ਤੇ ''ਇਨਾ੍ਹ ਦੀ ਵੀ ਗੱਲ ਸੁਣ ਤਾਂ ਲੈਣੇ ਆ ਸਰਦਾਰਾ.......'' ਕਹਿ ਕੇ ਕਰ ਰਿਹਾ ਸੀ। ਪਰ ਉਸ ਦੀ ਵੀ ਕੋਈ ਵਾਹ ਨਹੀਂ ਚੱਲ ਰਹੀ ਸੀ ਉਹ ਵੀ ਕੀ ਕਰਦਾ ਉਹ ਤਾਂ ਤਕੜਿਆਂ ਦੇ ਹੱਥਾਂ ਦੀ ਕਠਪੁਤਲੀ ਬਣਨ ਲਈ ਮਜਬੂਰ ਜੋ ਹੋ ਰਿਹਾ ਸੀ।
ਐਨੇ ਨੂੰ ਭੋਲੋ ਦੇ ਘਰੋ ਉਸ ਦਾ ਛੋਟਾ ਮੁੰਡਾ ਕੁਲਦੀਪ ਭੱਜਿਆ ਭੱਜਿਆ ਆਇਆ ਤੇ ਕਹਿਣ ਲੱਗਿਆ ''ਬਾਪੂ ਆ ਆਪਣੇ ਗੁਆਂਢ ਵਿਚ ਵਿਆਹ ਵਾਲਿਆਂ ਦੇ ਘਰ ਡੀ ਜੇ ਦੀ ਆਵਾਜ਼ ਬੜੀ ਉੱਚੀ ਕੀਤੀ ਹੋਈ ਆ.........ਨਾਲੇ ਦੋ ਸ਼ਰਾਬੀ ਜਿਹੇ ਬੀਹੀ ਵਿਚ ਲੜੀ ਜਾਂਦੇ ਨੇ.......... ਤੇ ਗੰਦੀਆਂ ਗੰਦੀਆਂ ਗਾਲਾ੍ਹ ਵੀ ਕੱਢੀ ਜਾਂਦੇ ਨੇ......... ਛੇਤੀ ਚੱਲ ਘਰ ਬੀਬੀ ਨੇ ਭੇਜਿਆ ਕਹਿੰਦੀ ਘਰੇ ਧੀਆਂ ਭੈਣਾਂ ਨੇ ਤੇਰੇ ਬਾਪੂ ਨੂੰ ਬੁਲਾ ਕੇ ਲੈ ਕੇ ਆ ਹਟਾਊ ਇੰਨਾ ਨੂੰ ਉਹੀ''
ਉੱਥੇ ਇਕੱਤਰ ਹੋਏ ਸਾਰੇ ਲੋਕਾਂ ਨੂੰ ਆਪਣੇ ਵੱਲ ਦੇਖਦਾ ਹੋਇਆ ਭੋਲੇ ਨੇ ਸਿਰ ਝੁਕਾ ਲਿਆ ਤੇ ਕੁਲਦੀਪ ਨਾਲ ਆਪਣੇ ਘਰ ਵੱਲ ਨੂੰ ਤੁਰ ਪਿਆ ਉਸ ਨੂੰ ਜਾਂਦੇ ਦੇਖ ਅਖਾੜਾ ਲਗਾਉਣ ਦੀ ਜ਼ਿੱਦ ਕਰਨ ਵਾਲੇ ਵੀ ਤੁਰ ਪਏ।