ਤੇਰਾ ਇਕ ਤਸੱਵਰ ਮੇਰੇ ਮਨ ਵਿਚ ਵਸਦਾ ਤਾਰਾ ਹੈ
ਮੇਰੇ ਮੋਹ ਦੀ ਮੰਜ਼ਿਲ ਦਾ ਪਰ, ਦਿਸਦਾ ਨਹੀਂ ਕਿਨਾਰਾ ਹੈ।
ਤੋਲ ਤੋਲ ਕੇ ਅਕਸਰ ਮੈਂ ਆਪਣੇ ਖੰਭਾਂ ਤੇ ਉਡਦਾ ਹਾਂ
ਝੂਠ ਕਪਟ ਦਾ ਮੇਰੇ ਅੰਦਰ, ਜ਼ਰਾ ਵੀ ਨਹੀਂ ਸਹਾਰਾ ਹੈ।
ਮੈਂ ਸ਼ਬਨਮ ਦੇ ਕਤਰੇ ਵਾਂਗਰ ਤੇਰੀ ਅੱਖ ਦਾ ਹੰਝੂ ਹਾਂ
ਬਰਫ ਵਾਂਗਰਾਂ ਪਿਘਲ ਗਿਆ ਜੋ , ਤੇਰਾ ਝੂਠਾ ਲਾਰਾ ਹੈ।
ਮੇਰੇ ਮਨ ਤੇ ਮੇਰੇ ਹੀ ਜੋਬਨ ਦੀ ਧੁੱਪ ਚਮਕਦੀ ਹੈ
ਤੇਰੇ ਮੋਹ ਦੇ ਸੂਰਜ ਦਾ ਬੱਸ, ਮੈਨੂੰ ਇਕ ਸਹਾਰਾ ਹੈ।
ਤੇਰਾ ਚਿਹਰਾ ਦੇਖਕੇ ਮੇਰੇ ਨੈਣ ਸਦਾ ਚੁੰਧਿਆਉਂਦੇ ਨੇ
ਤੇਰੇ ਅੰਦਰ ਟਿਮ ਟਿਮ ਕਰਦਾ, ਇਹ ਕੈਸਾ ਇਕ ਤਾਰਾ ਹੈ।
ਮੈਂ ਤੇਰੇ ਵਿਹੜੇ ਵਿਚ ਹਰਦਮ ਫੁੱਲਾਂ ਵਾਂਗਰ ਮਹਿਕਾਂਗੀ
ਪਿਆਰ ਮੇਰੇ ਨੂੰ ਲਾਇਆ ਹੋਇਆ, ਇਹ ਇਕ ਝੂਠਾ ਲਾਰਾ ਹੈ।
ਅੱਜ ਵੀ ਮੇਰੀਆਂ ਨੀਂਦਾਂ ਦੇ ਵਿਚ ਤੇਰੇ ਸੁਪਨੇ ਖਿੜਦੇ ਨੇ
ਚਾਨਣੀਆਂ ਵਿਚ ਤੇਰਾ ਚੇਤਾ, ਜਿਉਂ ਗੰਗਾ ਦੀ ਧਾਰਾ ਹੈ।