ਕਵਿਤਾਵਾਂ

  •    ਦੋ ਕਵਿਤਾਵਾਂ / ਹਰਦੇਵ ਚੌਹਾਨ (ਕਵਿਤਾ)
  •    ਬੜਾ ਔਖਾ ਬਾਈ ਭਗਤ ਸਿੰਆਂ.. / ਬਲਵਿੰਦਰ ਸਿੰਘ ਕਾਲੀਆ (ਕਵਿਤਾ)
  •    ਉਹ ਪੰਜਾਬ / ਮਨਦੀਪ ਗਿੱਲ ਧੜਾਕ (ਕਵਿਤਾ)
  •    ਹੇਰਵਾ ਕੋੲੀ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਵਿਚਾਰ ਅਤੇ ਤਲਵਾਰ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਨਿਘਰਦੀ ਹਾਲਤ / ਮੁਹਿੰਦਰ ਸਿੰਘ ਘੱਗ (ਕਵਿਤਾ)
  •    ਦਸ ਗ਼ਜ਼ਲਾਂ -2 / ਗੁਰਭਜਨ ਗਿੱਲ (ਗ਼ਜ਼ਲ )
  •    ਅਕਲ ਵਿਹੂਣੇ ਲੋਕ / ਮਹਿੰਦਰ ਮਾਨ (ਕਵਿਤਾ)
  •    ਗ਼ਜ਼ਲ / ਸੁਰਜੀਤ ਸਿੰਘ ਕਾਉਂਕੇ (ਗ਼ਜ਼ਲ )
  •    ਗ਼ਜ਼ਲ / ਸ਼ਮਸ਼ੇਰ ਸਿੰਘ ਸੰਧੂ (ਗ਼ਜ਼ਲ )
  •    ਹਾਥੀ ਤੇ ਸਿਆਸਤ / ਸੁੱਖਾ ਭੂੰਦੜ (ਕਵਿਤਾ)
  •    ਬਿਜਲੀ ਕੱਟ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਖਤ / ਹਰਦੀਪ ਬਿਰਦੀ (ਕਵਿਤਾ)
  •    ਹੇ ਮੇਰੀ ਮਾਤ ਬੋਲੀ / ਸੁਖਵਿੰਦਰ ਅੰਮ੍ਰਿਤ (ਵੀਡੀਉ) / ਜਸਬੀਰ ਸਿੰਘ ਸੋਹਲ (ਕਵਿਤਾ)
  •    ਗ਼ਜ਼ਲ / ਆਰ ਬੀ ਸੋਹਲ (ਗ਼ਜ਼ਲ )
  •    ਮਨ ਦੇ ਰੰਗ / ਲਾਭ ਸਿੰਘ ਖੀਵਾ (ਡਾ.) (ਕਵਿਤਾ)
  • ਹੀਰ (ਭਾਗ-3) (ਕਿੱਸਾ ਕਾਵਿ)

    ਵਾਰਿਸ ਸ਼ਾਹ   

    Address:
    ਸ਼ੇਖੂਪੁਰਾ Pakistan
    ਵਾਰਿਸ ਸ਼ਾਹ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    65. ਰਾਂਝੇ ਤੋਂ ਹਾਲ ਪੁੱੱਛਣਾ
    ਘੋਲ ਘੋਲ ਘੱਤੀ ਤੈਂਡੀ ਵਾਟ ਉੱਤੋਂ ਬੇਲੀ ਦੱਸ ਵੇਖਾਂ ਕਿਦੋਂ ਆਵਨਾ ਏਂ
    ਕਿਸ ਮਾਨ ਮੱਤੀ ਘਰੋਂ ਕਢਿਉਂ ਤੂੰ ਜਿਸ ਵਾਸਤੇ ਫੇਰੀਆਂ ਪਾਵਨਾ ਏ
    ਕੌਣ ਛਡ ਆਇਉਂ ਪਿੱਛੇ ਮਿਹਰਵਾਨ ਜਿਸ ਦੇ ਵਾਸਤੇ ਪੱਛੋਤਾਵਨਾ ਏਂ
    ਕੌਣ ਵਤਨ ਤੇ ਨਾਮ ਕੀ ਸਾਈਆਂ ਵੇ ਅਤੇ ਜ਼ਾਤ ਦਾ ਕੌਣ ਸਦਾਵਨਾਂ ਏ
    ਤੇਰੇ ਵਾਰਨੇ ਚੋਖਨੇ ਹੁੰਨੀਆਂ ਮੈਂ ਮੰਗੂ ਬਾਬਲੇ ਦਾ ਚਾਰ ਲਿਆਵਨਾ ਏਂ
    ਮੰਗੂ ਬਾਬਲੇ ਦਾ ਤੇ ਤੂੰ ਚਾਕ ਮੇਰਾ ਇਹ ਵੀ ਫੰਦ ਲੱਗੇ ਜੇ ਤੂੰ ਲਾਵਨਾ ਏ
    ਵਾਰਸ ਸ਼ਾਹ ਚੁਹੀਕ ਜੇ ਨਵੀਂ ਚੂਪੇਂ ਸਭੇ ਭੁਲ ਜਾਨੀ ਜਿਹੜੀਆਂ ਗਾਵਨਾਂ ਏ

    66. ਉੱਤਰ ਰਾਂਝਾ
    ਤੁਸਾਂ ਜਿਹੇ ਮਾਅਸ਼ੂਕ ਜੇ ਥੀਂਨ ਰਾਜ਼ੀ, ਮੰਗੂ ਨੈਨਾਂ ਦੀ ਧਾਰ ਵਿੱਚ ਚਾਰੀਏ ਨੀ
    ਨੈਨਾਂ ਤੇਰਿਆਂ ਦੇ ਅਸੀਂ ਚਾਕ ਲੱਗੇ ਜਿਵੇਂ ਜਿਉ ਮੰਨੇ ਤਿਵੇਂ ਸਾਰੀਏ ਨੀ
    ਕਿੱਥੋਂ ਗੱਲ ਕੀਚੈ ਨਿਤ ਨਾਲ ਤੁਸਾਂ ਕੋਈ ਬੈਠ ਵਿਚਾਰ ਵਿਚਾਰੀਏ ਨੀ
    ਗੱਲ ਘਤ ਜੰਜਾਲ ਕੰਗਾਲ ਮਾਰੇਂ ਜਾਂ ਤ੍ਰਿੰਜਨੀਂ ਵੜੇਂ ਕਵਾਰੀਏ ਨੀ

    67. ਉੱਤਰ ਹੀਰ
    ਹੱਥ ਬੱਧੜੀ ਰਹਾਂ ਗੁਲਾਮ ਤੇਰੀ ਸਣੇ ਤ੍ਰਿੰਜਨਾਂ ਨਾਲ ਸਹੇਲੀਆਂ ਦੇ
    ਹੋਸਨ ਨਿਤ ਬਹਾਰਾਂ ਤੇ ਰੰਗ ਘਨੇ ਵਿੱਚ ਬੇਲੜੇ ਦੇ ਨਾਲ ਬੇਲੀਆਂ ਦੇ
    ਸਾਨੂੰ ਰੱਬ ਨੇ ਜੁਗ ਮਿਲਾਇ ਦਿੱਤਾ ਭੁੱਲ ਗਏ ਪਿਆਰ ਅਰਬੇਲੀਆਂ ਦੇ
    ਦਿਨੇ ਬੇਲਿਆਂ ਦੇ ਵਿੱਚ ਕਰੇਂ ਮੌਜਾਂ ਰਾਤੀਂ ਖੇਡਸਾਂ ਵਿੱਚ ਹਵੇਲੀਆਂ ਦੇ

    68. ਉੱਤਰ ਰਾਂਝਾ
    ਨਾਲ ਨੱਢੀਆਂ ਘਿਨ ਚਰਖੜੇ ਨੂੰ ਤੁਸਾਂ ਬੈਠਨਾ ਵਿੱਚ ਭੰਡਾਰ ਹੀਰੇ
    ਅਸੀਂ ਰੁਲਾਂ ਗੇ ਆਨ ਕੇ ਵਿੱਚ ਵਿਹੜੇ ਸਾਡੀ ਕੋਈ ਨਾ ਲਏ ਗਾ ਸਾਰ ਹੀਰੇ
    ਟਕੇ ਰੁਲਾਂ ਗੇ ਵਿਹੜਿਉਂ ਕਢ ਛੱਡੇਂ ਸਾਨੂੰ ਠਗ ਕੇ ਮੂਲ ਨਾ ਮਾਰ ਹੀਰੇ
    ਸਾਡੇ ਨਾਲ ਜੇ ਤੋੜ ਨਿਬਾਹਨੀ ਹੈਂ ਸੱਚਾ ਦੇ ਖਾਂ ਕੌਲ ਕਰਾਰ ਹੀਰ

    69. ਉੱਤਰ ਹੀਰ
    ਮੈਨੂੰ ਬਾਬਲੇ ਦੀ ਸੌਂਹ ਰਾਂਝਨਾ ਵੇ ਮਰੇ ਮਾਉਂ ਜੇ ਤੁਧ ਥੀਂ ਮੁਖ ਮੋੜਾਂ
    ਤੇਰੇ ਬਾਝ ਤੁਆਮ ਹਰਾਮ ਮੈਨੂੰ ਤੁਧ ਬਾਝ ਨਾ ਨੈਨ ਨਾ ਅੰਗ ਜੋੜਾਂ
    ਖ਼ਾਜਾ ਖਿਜ਼ਰ ਥੇ ਬੈਠ ਕੇ ਕਸਮ ਖਾਧੀ ਥੀਵਾਂ ਸੂਰ ਜੇ ਪ੍ਰੀਤ ਦੀ ਰੀਤ ਤੋੜਾਂ
    ਕੁਹੜੀ ਹੋ ਕੇ ਨੈਨ ਪਰਾਨ ਜਾਵਨ ਤੇਰੇ ਬਾਝ ਜੇ ਕੌਂਤ ਮੈਂ ਹੋਰ ਲੋੜਾਂ

    70. ਰਾਂਝੇ ਦਾ ਹੀਰ ਨੂੰ ਇਸ਼ਕ ਵਿੱਚ ਪੱਕਾ ਕਰਨਾ
    ਚੋਤਾ ਮੁਆਮਲੇ ਪੈਣ ਤੇ ਛੱਡ ਜਾਏਂ ਇਸ਼ਕ ਜਾਲਨਾ ਖਰਾ ਦੁਹੇਲੜਾ ਜੀ
    ਸਚ ਆਖਣਾ ਦੀ ਈ ਹੁਣੇ ਆਖ ਮੈਨੂੰ ਏਹੋ ਸਚ ਤੇ ਝੂਠ ਦਾ ਵੇਲੜਾ ਈ
    ਤਾਬ ਇਸ਼ਕ ਦੀ ਝੱਲਣੀ ਖਰੀ ਔਖੀ ਇਸ਼ਕ ਗੁਰੂ ਤੇ ਜਗ ਸਭ ਚੇਲੜਾ ਈ
    ਏਥੋਂ ਛਡ ਈਮਾਨ ਜੇ ਨੱਸ ਜਾਸੇਂ ਅੰਤ ਰੋਜ਼ ਕਿਆਮਤੇ ਮੇਲੜਾ ਈ

    71. ਉੱਤਰ ਹੀਰ
    ਤੇਰੇ ਨਾਉਂ ਤੋਂ ਜਾਨ ਕੁਰਬਾਨ ਕੀਤੀ ਮਾਲ ਜਿਊ ਤੇਰੇ ਉਤੋਂ ਵਾਰਿਆ ਈ
    ਪਾਸਾ ਜਾਣ ਕੇ ਸੀਸ ਮੈਂ ਲਾਈ ਬਾਜ਼ੀ ਤੁਸਾਂ ਜਿੱਤਿਆ ਤੇ ਅਸਾਂ ਹਾਰਿਆਂ ਈ
    ਰਾਂਝਾ ਜਿਉ ਦੇ ਵਿੱਚ ਯਕੀਨ ਕਰਕੇ ਮਿਹਰ ਚੂਚਕੇ ਕੋਲ ਸਧਾਰਿਆ ਈ
    ਅੱਗੇ ਪੈਂਚਣੀ ਹੋ ਕੇ ਹੀਰ ਚੱਲੀ ਕੋਲ ਰਾਂਝੇ ਨੂੰ ਜਾ ਖਲਿਆਰਿਆ ਈ

    72. ਹੀਰ ਨੇ ਆਪਣੇ ਬਾਪ ਤੋਂ ਸਲਾਹ ਪੁਛਣੀ
    ਹੀਰ ਜਾ ਕੇ ਆਖਦੀ ਬਾਬਲਾ ਵੇ ਤੇਰੇ ਨਾਉਂ ਤੋ ਘੋਲ ਘੁਮਾਈਆਂ ਮੈਂ
    ਜੱਸ ਆਪਣੇ ਰਾਜ ਦੇ ਹੁਕਮ ਅੰਦਰ ਵਿੱਚ ਸਾਂਦਲੇ ਬਾਰ ਖਡਾਈਆਂ ਮੈਂ
    ਲਾਸਾਂ ਪੱਟ ਦੀਆਂ ਪਾ ਕੇ ਬਾਗ਼ ਕਾਲੇ ਪੀਂਘਾਂ ਸ਼ੌਕ ਦੇ ਨਾਲ ਪੀਂਘਾਈਆਂ ਮੈਂ
    ਮੇਰੀ ਜਾਨ ਬਾਬਲ ਜਿਵੇਂ ਧਵਲ ਰਾਜਾ ਮਾਹੀ ਮਹੀਂ ਦਾ ਢੂੰਡ ਲਿਆਈਆਂ ਮੈਂ

    73. ਹੀਰ ਦੇ ਬਾਪ ਦਾ ਉੁੱੱਤਰ
    ਬਾਪ ਹਸ ਕੇ ਪੁੱਛਦਾ ਕੌਣ ਹੁੰਦਾ ਇਹ ਮੁੰਡਾ ਕਿਤ ਸਰਕਾਰ ਦਾ ਹੈ
    ਹੱਥ ਲਾਇਆ ਪਿੰਡੇ ਤੇ ਦਾਗ਼ ਪੈਂਦਾ ਇਹ ਮਹੀਂ ਦੇ ਨਹੀਂ ਦਰਕਾਰ ਦਾ ਹੈ
    ਸੁਘੜ ਚਤਰ ਤੇ ਅਕਲ ਦਾ ਕੋਟ ਨੱਢਾ ਮੱਝੀਂ ਬਹੁਤ ਸੰਭਾਲ ਕੇ ਚਾਰਦਾ ਹੈ
    ਮਾਲ ਆਪਣਾ ਜਾਨ ਕੇ ਸਾਂਭ ਲਿਆਵੇ ਕੋਈ ਕੰਮ ਨਾ ਕਰੇ ਵਗਾਰ ਦਾ ਹੈ
    ਹਿੱਕੇ ਨਾਲ ਪਿਆਰ ਦੇ ਹੂੰਗ ਦੇ ਕੇ ਸੋਟਾ ਸਿੰਗ ਤੇ ਮੂਲ ਨਾ ਮਾਰਦਾ ਹੈ
    ਦਿਸੇ ਨੂਰ ਅੱਲਾਹ ਦਾ ਮੁਖੜੇ ਤੇ ਮਨੋਂ ਰਬ ਹੀ ਰਬ ਚਤਾਰਦਾ ਹੈ

    74. ਹੀਰ ਦੇ ਬਾਪ ਦਾ ਪੁੱੱਛਣਾ
    ਕਿਹੜੇ ਚੌਧਰੀ ਦਾ ਪੁਤ ਕੌਦ ਜ਼ਾਤੋਂ ਕੇਹਾ ਅਕਲ ਸ਼ਊਰ ਦਾ ਕੋਟ ਹੈ ਨੀ
    ਕੀਕੂ ਰਿਜ਼ਕ ਤੇ ਆਬ ਉਦਾਸ ਕੀਤਾ ਇਸ ਨੂੰ ਕਿਹੜੇ ਪੀਰ ਦੀ ਓਟ ਹੈ ਨੀ
    ਫੌਜਦਾਰ ਵਾਂਗੂੰ ਕਰ ਕੂਚ ਧਾਣਾ ਮਾਰ ਜਿਉਂ ਨਕਾਰੇ ਤੇ ਚੋਟ ਹੈ ਨੀ
    ਕਿਨ੍ਹਾਂ ਜੱਟਾਂ ਦਾ ਪੋਤਰਾ ਕੌਣ ਕੋਈ ਕਿਹੜੀ ਗੱਲ ਦੀ ਏਸ ਨੂੰ ਤ੍ਰੋਟ ਹੈ ਨੀ

    75. ਹੀਰ ਨੇ ਬਾਪ ਨੂੰ ਦੱਸਣਾ
    ਪੁੱਤਰ ਤਖ਼ਤ ਹਜ਼ਾਰੇ ਦੇ ਚੌਧਰੀ ਦਾ ਰਾਂਝਾ ਜ਼ਾਤ ਦਾ ਜੱਟ ਅਸੀਲ ਹੈ ਜੀ
    ਉਹਦਾ ਬੂਪੜਾ ਮੁਖ ਤੇ ਨੈਨ ਨਿਮ੍ਹੇ ਕੋਈ ਛੈਲ ਜੇਹੀ ਉਹਦੀ ਡੀਲ ਹੈ ਜੀ
    ਮੱਥਾ ਰਾਂਝੇ ਦਾ ਚਮਕਦਾ ਨੂਰ ਭਰਿਆ ਸਖ਼ੀ ਜਿਉ ਦਾ ਨਹੀਂ ਬਖ਼ੀਲ ਹੈ ਜੀ
    ਗੱਲ ਸੁਹਨੀ ਪਰ੍ਹੇ ਦੇ ਵਿੱਚ ਕਰਦਾ ਖੋਜੀ ਲਾਈ ਤੇ ਨਿਆਂਉਂ ਵਕੀਲ ਹੈ ਜੀ

    76. ਹੀਰ ਦਾ ਉੱਤਰ
    ਕਹੇ ਡੋਗਰਾਂ ਜੱਟਾਂ ਦੇ ਨਿਆਉਂ ਜਣੇ ਪਰ੍ਹੇ ਵਿੱਚ ਵਿਲਾਵੜੇ ਲਾਈਆਂ ਦੇ
    ਪਾੜ ਚੀਰ ਕਰ ਜਾਂਦਾਇ ਦੇਸੋਂ ਲੜਿਆ ਕਾਸ ਤੋਂ ਨਾਲ ਇਹ ਭਾਈਆਂ ਦੇ
    ਕਿਸ ਗੱਲ ਤੋਂ ਰੁਸਕੇ ਉਠ ਆਇਆ ਕੀਕਰ ਬੋਲਿਆ ਨਾਲ ਭਰਜਾਈਆਂ ਦੇ
    ਵਾਰਸ ਸ਼ਾਹ ਦੇ ਨਾਲ ਬੇ ਸ਼ੌਕ ਆਇਆ ਦਿਖਣ ਮੁਖ ਸਿਆਲਾਂ ਦੀਆਂ ਜਾਈਆਂ ਦੇ।

    77. ਮਾਂ ਬਾਪ ਅੱਗੇ ਰਾਂਝੇ ਦੀ ਸਿਫਤ
    ਲਾਈ ਹੋਇ ਕੇ ਮੁਆਮਲੇ ਦੱਸ ਦੇਂਦਾ ਮੁਨਸਫ ਹੋ ਵੱਢੇ ਫਾਹੇ ਫੇੜਿਆਂ ਦੇ
    ਵਰ੍ਹੀ ਘਤ ਕੇ ਕਹੀ ਦੇ ਪਾੜ ਲਾਏ ਸੱਥੋਂ ਕੱਢ ਦੇਂਦਾ ਖੋਜ ਝੇੜਿਆਂ ਦੇ
    ਘਾੜਾ ਧਾੜਵੀ ਤੋਂ ਮੋੜ ਲਿਆਂਵਦਾ ਹੈ ਠੰਡ ਪਾਂਵਦਾ ਵਿੱਚ ਬਖੇੜਿਆਂ ਦੇ
    ਸਭ ਰਹੀ ਰੋਨੀ ਨੂੰ ਸਾਂਭ ਲਿਆਵੇ ਅੱਖੀਂ ਵਿੱਚ ਰਖੇ ਵਾਂਗ ਹੇੜਿਆਂ ਦੇ
    ਸੈਆਂ ਜਵਾਨਾਂ ਦਾ ਭਲਾ ਹੈ ਚਾਕ ਰਾਂਝਾ ਜਿੱਥੇ ਨਿਤ ਪੌਂਦੇ ਲਖ ਬੇੜ੍ਹਿਆਂ ਦੇ

    78. ਹੀਰ ਨੂੰ ਉੱਤਰ
    ਤੇਰ ਆਖਣਾ ਅਸਾਂ ਮਨਜ਼ੂਰ ਕੀਤਾ ਮਹੀਂ ਦੇ ਸੰਭਾਲ ਕੇ ਸਾਰੀਆਂ ਨੀ
    ਖ਼ਬਰਦਾਰ ਰਹੇ ਮਝੀਂ ਵਿੱਚ ਖੇੜਾ ਬੇਲੇ ਵਿੱਚ ਮਸੀਬਤਾਂ ਭਾਰੀਆਂ ਨੀ
    ਰਲਾ ਕਰੇ ਨਾਹੀਂ ਨਾਲ ਖੰਦਿਆਂ ਦੇ ਏਸ ਕਦੇ ਨਾਹੀਂ ਮਝੀਂ ਚਾਰੀਆਂ ਨੀ
    ਮਤਾਂ ਖੇਡ ਰੁੱਝੇ ਖਿੜ ਜਾਨ ਮਝੀਂ ਹੋਵਣ ਪਿੰਡ ਦੇ ਵਿੱਚ ਖੁਆਰੀਆਂ ਨੀ

    79. ਹੀਰ ਨੇ ਮਾਂ ਨੂੰ ਖਬਰ ਦੱਸੀ
    ਪਾਸ ਮਾਉਂ ਦੇ ਨਢੜੀ ਗੱਲ ਕੀਤੀ ਮਾਹੀ ਮਝੀਂ ਦਾ ਆਨ ਕੇ ਛੇੜਿਆ ਮੈਂ
    ਨਿਤ ਪਿੰਡ ਦੇ ਵਿੱਚ ਵਿਚਾਰ ਪੈਂਦੀ ਏਹ ਝਗੜਾ ਚਾ ਨਬੇੜਿਆ ਮੈਂ
    ਸੁੰਞਾ ਨਿਤ ਰੁਲੇ ਮੰਗੂ ਵਿੱਚ ਬੇਲੇ ਮਾਹੀ ਸੁਘੜ ਹੀ ਆਣ ਸਹੇੜਿਆ ਮੈਂ
    ਮਾਏਂ ਕਰਮ ਜਾਗੇ ਸਾਡੇ ਮੰਗੂਆਂ ਦੇ ਸਾਊ ਅਸਲ ਜਟੇਟੜਾ ਘੇਰਿਆ ਮੈਂ

    80. ਰਾਂਝੇ ਨੂੰ ਹੀਰ ਦਾ ਉੁੱੱਤਰ
    ਮੱਖਣ ਖੰਡ ਪਰਵਾਨੇ ਖਾ ਮੀਆਂ ਮਹੀਂ ਛੇੜ ਦੇ ਰਬ ਦੇ ਆਸਰੇ ਤੇ
    ਹੱਸਨ ਗੱਭਰੂ ਰਾਂਝਿਆ ਜਾਲ ਮੀਆਂ ਗੁਜ਼ਰ ਆਵਸੀ ਦੁਧ ਦੇ ਕਾਸੜੇ ਤੇ
    ਹੀਰ ਆਖਦੀ ਰਬ ਰੱਜ਼ਾਕ ਤੇਰਾ ਮੀਆਂ ਜਾਈਂ ਨਾ ਲੋਕਾਂ ਦੇ ਹਾਸੜੇ ਤੇ
    ਮਝੀਂ ਛੇੜ ਦੇ ਝੱਲ ਦੇ ਵਿੱਚ ਮੀਆਂ ਆਪ ਹੋ ਬੈਸੇਂ ਇੱਕ ਪਾਸੜੇ ਤੇ

    81. ਰਾਂਝਾ ਬੇਲੇ ਨੂੰ ਗਿਆ, ਉੁੱੱਥੇ ਪੰਜਾਂ ਪੀਰਾਂ ਨਾਲ ਮੁਲਾਕਾਤ
    ਬੇਲੇ ਰਬ ਦਾ ਨਾਉਂ ਲੈ ਜਾ ਵੜਿਆ ਹੋਇਆ ਧੁਪ ਦੇ ਨਾਲ ਜ਼ਹੀਰ ਮੀਆਂ
    ਉਹਦੀ ਨੇਕ ਸਾਇਤ ਰਜੂਹ ਆਣ ਹੋਈ ਮਿਲੇ ਰਾਹ ਜਾਂਦੇ ਪੰਜ ਪੀਰ ਮੀਆਂ
    ਬੱਚਾ ਖਾ ਚੂਰੀ ਚੋ ਮਝ ਬੂਰੀ ਜਿਊ ਵਿੱਚ ਨਾ ਹੋ ਦਿਲਗੀਰ ਮੀਆਂ
    ਕਾਈ ਨਢੜੀ ਸੋਹਨੀ ਕਰੇ ਬਖ਼ਸ਼ਸ਼ ਪੂਰੇ ਰਬ ਦੇ ਹੋ ਤੁਸੀਂ ਪੀਰ ਮੀਆਂ
    ਬਖ਼ਸ਼ੀ ਹੀਰ ਦਰਗਾਹ ਥੀਂ ਤੁਧ ਤਾਈ ਯਾਦ ਕਰੀਂ ਸਾਨੂੰ ਪਵੇ ਭੀੜ ਮੀਆਂ

    82. ਪੀਰਾਂ ਨੇ ਜੁਦਾ ਜੁਦਾ ਮੁਰਾਦ ਬਖਸ਼ਣੀ
    ਖੁਆਜਾ ਖ਼ਿਜ਼ਰ ਤੇ ਸੱਕਰ ਗੰਜ ਬੋਜ਼ ਘੋੜੀ ਮੁਲਤਾਨ ਦਾ ਜ਼ਿਕਰੀਆ ਪੀਰ ਨੂਰੀ
    ਹੋਰ ਸਈਅੱਦ ਜਲਾਲ ਬੁਖ਼ਾਰੀਆਂ ਸੀ ਅਤੇ ਲਾਅਲ ਸ਼ਹਿਬਾਜ਼ ਬਿਹਸ਼ਤ ਹੂਰੀ
    ਤੁੱਰਾ ਖ਼ਿਜ਼ਰ ਰੂਮਾਲ ਸ਼ੱਕਰ ਗੰਜ ਦਿੱਤਾ ਅਤੇ ਮੁੰਦਰਾਂ ਲਾਅਲ ਸ਼ਹਿਬਾਜ਼ ਨੂਰੀ
    ਖੰਜਰ ਸਈਅੱਦ ਜਲਾਲ ਬੁਖੀਏ ਨੇ ਖੂੰਡੀ ਜ਼ਿਕਰੀਏ ਪੀਰ ਨੇ ਹੱਕ ਬੂਰੀ
    ਤੈਨੂੰ ਭੀੜ ਪਵੇਂ ਕਰੀਂ ਯਾਦ ਜੱਟਾ ਨਾਹੀਂ ਜਾਨਣੀ ਅਸਾਂ ਥੀਂ ਪਲਕ ਦੂਰੀ

    83. ਹੀਰ ਭੱਤਾ ਲੈ ਕੇ ਬੇਲੇ ਨੂੰ
    ਹੀਰ ਚਾ ਭੱਤਾ ਖੰਡ ਖੀਰ ਮੱਖਣ ਮੀਆਂ ਰਾਂਝੇ ਦੇ ਪਾਸ ਲੈ ਧਾਂਵਦੀ ਹੈ
    ਤੇਰੇ ਵਾਸਤੇ ਜੂਹ ਮੈਂ ਭਾਲ ਥੱਕੀ ਰੋ ਰੋ ਆਪਣਾ ਹਾਲ ਵੰਜਾਵੰਦੀ ਹੈ
    ਕੈਦੋਂ ਢੂੰਡਦਾ ਖੋਜ ਨੂੰ ਫਿਰੇ ਭੌਂਦਾ ਬਾਸ ਚੂਰੀ ਦੀ ਬੇਲਿਉਂ ਆਂਵੰਦੀ ਹੈ
    ਵਾਰਸ ਸ਼ਾਹ ਮੀਆਂ ਦੇਖੋ ਟੰਗ ਲੰਗੀ ਸ਼ੈਤਾਨ ਦੀ ਕਲ੍ਹਾ ਜਗਾਂਵਦੀ ਹੈ

    84. ਕੈਦੋ ਰਾਂਝੇ ਕੋਲ
    ਹੀਰ ਗਈ ਜਾਂ ਨਦੀ ਵਲ ਲੈਣ ਪਾਣੀ ਕੈਦੋ ਆਨ ਕੇ ਮੁਖ ਦਿਖਾਵਾਂਦਾ ਹੈ
    ਅਸੀਂ ਭੁਖ ਨੇ ਬਹੁਤ ਹੈਰਾਨ ਕੀਤੇ ਆਨ ਸਵਾਲ ਖ਼ੁਦਾ ਦਾ ਪਾਂਵਦਾ ਹੈ
    ਰਾਂਝੇ ਰੁਗ ਭਰ ਕੇ ਚੂਰੀ ਚਾ ਦਿੱਤੀ ਲੈ ਕੇ ਤੁਰਤ ਹੀ ਪਿੰਡ ਨੂੰ ਧਾਵੰਦਾ ਹੈ
    ਰਾਂਝਾ ਹੀਰ ਨੂੰ ਪੁੱਛਦਾ ਇਹ ਲੰਗਾ ਹੀਰੇ ਕੌਣ ਫਕੀਰ ਕਿਸ ਧਾਉਂ ਦਾ ਹੈ
    ਵਾਰਸ ਸ਼ਾਹ ਮੀਆਂ ਜਿਵੇਂ ਪੁਛ ਕੇ ਤੇ ਕੋਈ ਉੱਪਰੋਂ ਲੂਣ ਚਾ ਲਾਂਵਦਾ ਹੈ

    85. ਉੱਤਰ ਹੀਰ
    ਹੀਰ ਆਖਿਆ ਰਾਂਝਨਾ ਬੁਰਾ ਕੀਤੇ ਸਾਡਾ ਕੰਮ ਹੈ ਨਾਲ ਵੀਰਾਈਆਂ ਦੇ
    ਸਾਡੇ ਖੋਜ ਨੂੰ ਤਕ ਕੇ ਕਰੇ ਚੁਗ਼ਲੀ ਦਿਨੇਂ ਰਾਤ ਹੈ ਵਿੱਚ ਬੁਰਿਆਈਆਂ ਦੇ
    ਮਿਲੇ ਸਿਰਾਂ ਨੂੰ ਇਹ ਵਿਛੋੜ ਦੇਂਦਾ ਭੰਗ ਘਤਦਾ ਵਿੱਚ ਕੁੜਮਾਈਆਂ ਦੇ
    ਬਾਬਾਲ ਅੰਮੜੀ ਥੇ ਜਾ ਠਿਠ ਕਰਸੀ ਜਾ ਆਖਸੀ ਪਾਸ ਭਰਜਾਈਆਂ ਦੇ

    86. ਹੀਰ ਦਾ ਉੁੱੱਤਰ 
    ਹੀਰ ਆਖਿਆ ਰਾਂਝਨਾ ਬੁਰੀ ਕੀਤੇ ਤੈਂ ਤਾਂ ਪੁੱਛਣਾ ਸੀ ਦੁਹਰਾਇਕੇ ਤੋ
    ਮੈਂ ਜਾਣਦਾ ਨਹੀਂ ਸਾਂ ਇਹ ਸੂੰਹਾ ਖ਼ੈਰ ਮੰਗਿਆ ਸੂ ਮੈਥੋਂ ਆਇਕੇ ਤੇ
    ਖੈਰ ਲੈਂਦੇ ਹੀ ਪਿਛਾਂ ਨੂੰ ਪਰਤ ਭੰਨਾ ਉਠ ਵਗਿਆ ਕੰਡ ਵਲਾਇਕੇ ਤੋ
    ਨੇੜੇ ਜਾਂਦਾ ਹਈ ਸੀ ਜਾ ਮਿਲ ਨਢੀਏ ਨੀ ਜਾ ਪੁਛ ਲੈ ਗੱਲ ਸਮਝਾਇਕੇ ਤੇ
    ਵਾਰਸ ਸ਼ਾਹ ਮੀਆਂ ਉਸ ਥੋਂ ਗੱਲ ਪੁੱਛੀ ਦੋ ਤਿੰਨ ਅੱਡੀਆਂ ਹਿਕ ’ਚ ਲਾਇਕੇ ਤੇ

    87. ਹੀਰ ਦਾ ਕੈਦੋ ਨੂੰ ਟੱਕਰਨਾ
    ਮਿਲੀ ਰਾਹ ਵਿੱਚ ਦੌੜ ਦੇ ਆ ਨਢੀ ਪਹਿਲੇ ਨਾਲ ਫਰੇਬ ਦੇ ਚਟਿਆ ਸੂ
    ਨੇੜੇ ਆਨ ਕੇ ਸ਼ਹੀਨੀ ਵਾਂਗ ਗੱਜੀ ਅੱਖੀਂ ਰੋਹ ਦਾ ਨੀਰ ਪਲੱਟਿਆ ਸੂ
    ਸਿਰੋਂ ਲਾਹ ਟੋਪੀ ਗਲੋਂ ਤੋੜ ਸੇਲ੍ਹੀ ਲੱਕੋਂ ਚਾਏ ਕੇ ਜ਼ਮੀਂ ਤੇ ਸੁੱਟਿਆ ਸੂ
    ਪਕੜ ਜ਼ਮੀ ਤੇ ਮਾਰਿਆ ਨਾਲ ਗੁੱਸੇ ਧੋਬੀ ਪਟੜੇ ਤੇ ਖੇਸ ਛੱਟਿਆ ਸੂ
    ਵਾਰਸ ਸ਼ਾਹ ਫਰਿਸ਼ਤਿਆਂ ਅਰਸ਼ ਉੱਤੋਂ ਸ਼ੈਤਾਨ ਨੂੰ ਜ਼ਮੀਂ ਤੇ ਸੁੱਟਿਆ ਸੂ

    88. ਹੀਰ ਨੇ ਕੈਦੋ ਨੂੰ ਸਬਕ ਦੇਣਾ
    ਹੀਰ ਢਾਇ ਕੇ ਆਖਿਆ ਮੀਆਂ ਚਾਚਾ ਚੂਰੀ ਦੇ ਜੇ ਜੀਵਿਆ ਲੋੜਨਾ ਹੈ
    ਨਹੀਂ ਮਾਰ ਕੇ ਜਿੰਦ ਗਵਾ ਦੇਸਾਂ ਮੈਨੂੰ ਕਿਸੇ ਨਾ ਹਟਕਨਾ ਹੋੜਨਾ ਹੈਂ
    ਬੰਨ੍ਹ ਪੈਰ ਤੇ ਹੱਥ ਲਟਕਾ ਦੇਸਾਂ ਲੜ ਲੜਕੀਆਂ ਨਾਲ ਕੀ ਜੋੜਨਾ ਹੈਂ
    ਚੂਰੀ ਦੇ ਖਾਂ ਨਾਲ ਹਿਆ ਆਪੇ ਕਾਹੇ ਅਸਾਂ ਦੇ ਨਾਲ ਅਜੋੜਨਾ ਹੈ

    89. ਕੈਦੋਂ ਦਾ ਪਰ੍ਹਿਆ ਵਿੱਚ ਆਉਣਾ
    ਅੱਧੀ ਡੁੱਲ੍ਹ ਪਈ ਅੱਧੀ ਖੋਹ ਲਈ ਚੁਣ ਮੇਲ ਕੇ ਪਰ੍ਹੇ ’ਚ ਲਿਆਂਵਦਾ ਈ
    ਕਿਹਾ ਮੰਨਦੇ ਨਹੀਂ ਸੂ ਮੂਲ ਮੇਰਾ ਚੂਰੀ ਪਲਿਉਂ ਖੋਲ ਵਿਖਾਂਵਦਾ ਈ
    ਨਾਹੀਂ ਚੂਚਕੇ ਨੂੰ ਕੋਈ ਮਤ ਦੇਂਦਾ ਨਢੀ ਮਾਰ ਕੇ ਨਹੀਂ ਸਮਝਾਵੰਦਾ ਈ
    ਚਾਕ ਨਾਲ ਇਕੱਲੜੀ ਜਾਏ ਬੇਲੇ ਅੱਜ ਕਲ ਕੋਈ ਲੀਕ ਲਾਂਵਦਾ ਈ
    ਜਿਸ ਵੇਲੜੇ ਮਹਿਰ ਨੇ ਚਾਕ ਰੱਖਿਆ ਓਸ ਵੇਲੜੇ ਨੂੰ ਪਛੋਤਾਂਵਦਾ ਈ

    90. ਚੂਚਕ ਦਾ ਉੱਤਰ
    ਚੂਚਕ ਆਖਿਆ ਕੁੜੀਆਂ ਕਰੇਂ ਗੱਲਾਂ ਹੀਰ ਖੇਡਦੀ ਨਾਲ ਸਹੇਲੀਆਂ ਦੇ
    ਪੀਂਘਾਂ ਪਇਕੇ ਸੱਈਆਂ ਦੇ ਨਾਲ ਝੂਟੇ ਤ੍ਰਿੰਜਨ ਜੋੜਦੀ ਵਿੱਚ ਹਵੇਲੀਆਂ ਦੇ
    ਇਹ ਚੁਗ਼ਲ ਜਹਾਨ ਦਾ ਮਗਰ ਲੱਗਾ ਫਕਰ ਜਾਣਦੇ ਹੋ ਨਾਲ ਸੇਲ੍ਹੀਆਂ ਦੇ
    ਕਦੀ ਨਾਲ ਮਦਾਰੀਆਂ ਭੰਗ ਘੋਟੇ ਕਦੀ ਜਾ ਨੱਚੇ ਨਾਲ ਚੇਲੀਆਂ ਦੇ
    ਨਹੀਂ ਚੂਚੜੇ ਦਾ ਪੁੱਤਰ ਹੋ ਸਈਅੱਦ ਘੋੜੇ ਹੋਂਣ ਨਾਹੀਂ ਪੁੱਤਰ ਲੇਲੀਆਂ ਦੇ
    ਵਾਰਿਸ ਸ਼ਾਹ ਫਕੀਰ ਭੀ ਨਹੀਂ ਹੁੰਦੇ ਬੇਟੇ ਜੱਟਾਂ ਤੇ ਮੋਚੀਆਂ ਤੇਲੀਆਂ ਦੇ

    91. ਹੀਰ ਦੀ ਮਾਂ ਕੋਲ ਔਰਤਾਂ ਵੱਲੋਂ ਚੁਗ਼ਲੀ
    ਮਾਂ ਹੀਰ ਦੀ ਥੇ ਲੋਕ ਕਰਨ ਚੁਗ਼ਲੀ ਮਹਿਰੀ ਮਲਕੀਏ ਧੀਉ ਖਰਾਬ ਹੈ ਨੀ
    ਅਸੀਂ ਮਾਮੀਆਂ ਫੁਫੀਆਂ ਲਜ ਮੋਈਆਂ ਸਾਡਾ ਅੰਦਰੋਂ ਜਿਉ ਕਬਾਬ ਹੈ ਨੀ
    ਸ਼ਮਸ ਦੀਨ ਕਾਜ਼ੀ ਨਿਤ ਕਰੇ ਮਸਲੇ ਸ਼ੋਖ਼ ਧੀਉ ਦਾ ਵਿਆਹ ਸਵਾਬ ਹੈ ਨੀ
    ਚਾਕ ਨਾਲ ਇਕੱਲੀਆਂ ਜਾਣ ਧੀਆਂ ਹੋਇਆ ਮਾਪਿਆਂ ਧੁਰੋਂ ਜਵਾਬ ਹੈ ਨੀ
    ਤੇਰੀ ਧੀਉ ਦਾ ਮਗ਼ਜ਼ ਹੈ ਬੇਗਮਾਂ ਦਾ ਵੇਖੋ ਚਾਕ ਜਿਉਂ ਫਿਰੇ ਨਵਾਬ ਹੈ ਨੀ
    ਵਾਰਸ ਸ਼ਾਹ ਮੂੰਹ ਉਂਗਲਾਂ ਲੋਕ ਘੱਤਨ ਧੀਉ ਮਲਕੀ ਦੀ ਪੁੱਜ ਖਰਾਬ ਹੈ ਨੀ

    92. ਕੈਦੋ ਦੀ ਹੀਰ ਦੀ ਮਾਂ ਕੋਲ ਚੁਗ਼ਲੀ
    ਕੈਦੋ ਆਖਦਾ ਧੀਉ ਵਿਆਹ ਮਲਕੀ ਧਰੋਹੀ ਰਬ ਦੀ ਮੰਨ ਲੈ ਡਾਇਨੇ ਨੀ
    ਇੱਕੇ ਮਾਰ ਕੇ ਵਢ ਕੇ ਕਰਸ ਬੈਰੇ ਮੂੰਹ ਸਿਰ ਭੰਨ ਚਵਾ ਸਾੜ ਸਾਇਨੇ ਨੀ
    ਦੇਖ ਧੀਉ ਦੇ ਲਾਡ ਕੀ ਦੰਦ ਕਢੇਂ ਬਹੁਤ ਝੂਰ ਸੈਂ ਰੰਨੇ ਕਸਾਇਨੇ ਨੀ
    ਇੱਕੇ ਬੰਨ੍ਹ ਕੇ ਭੋਹਰੇ ਚਾ ਘੱਤੋ ਲਿੰਬ ਵਾਂਗ ਭੜੋਲੜੇ ਦੇ ਆਇਨੇ ਨੀ

    93. ਮਲਕੀ ਦਾ ਗੁੱਸਾ
    ਗੁੱਸੇ ਨਾਲ ਮਲਕੀ ਤਪ ਲਾਲ ਹੋਈ ਝਬ ਦੌੜ ਤੂੰ ਮਿਠੀਏ ਨਾਇਣੇ ਨੀ
    ਸਦ ਲਿਆ ਤੂੰ ਹੀਰ ਨੂੰ ਢੂੰਡ ਕੇ ਤੇ ਤੈਨੂੰ ਮਾਉਂ ਸਦੇਂਦੀ ਹੈ ਡਾਇਨੇ ਨੀ
    ਨੀ ਖੁੜਦੁੰਬੀਏ ਮੋਹਣੀਏ ਪਾੜ੍ਹੀਏ ਨੀ ਮੁਸ਼ਟੰਡੀਏ ਬਾਰ ਦੀਏ ਵਾਇਨੇ ਨੀ
    ਵਾਰਸ ਸ਼ਾਹ ਵਾਂਗੂੰ ਕਿਤੇ ਡੁਬ ਮੋਏਂ ਘਰ ਆ ਸਿਆਪੇ ਦੀਏ ਨਾਇਨੇ ਨੀ

    94. ਹੀਰ ਦਾ ਮਾਂ ਕੋਲ ਆਉਣਾ
    ਹੀਰ ਆਇ ਕੇ ਆਖਦੀ ਹਸ ਕੇ ਤੇ ਅਨੀ ਝਾਤ ਨੀ ਅਮੜੀਏ ਮੇਰੀਏ ਨੀ
    ਤੈਨੂੰ ਡੁੰਗੜੇ ਖੂਹ ਵਿੱਓ ਚਾ ਬੋੜਾਂ ਕੁੱਲ ਪਿਟਿਉ ਬਚੜੀਏ ਮੇਰੀਏ ਨੀ
    ਧੀਉ ਜਵਾਨ ਜੇ ਕਿਸੇ ਦੀ ਬੁਰੀ ਹੋਵੇ ਚੁਪ ਕੀਤੜੇ ਚਾ ਨਬੇੜੀਏ ਨੀ
    ਤੈਨੂੰ ਵੱਡਾ ਉਦਮਾਦ ਆ ਜਾਗਿਆ ਏ ਤੇਰੇ ਵਾਸਤੇ ਮੁਨਸ ਸਹੇੜੀਏ ਨੀ
    ਧੀਉ ਜਵਾਨ ਜੇ ਨਿਕਲੇ ਘਰੋਂ ਬਾਹਰ ਲੱਗੇ ਵੱਸ ਤੇ ਖੂਹ ਨਘੇਰੀਏ ਨੀ
    ਵਾਰਸ ਜਿਊਂਦੇ ਹੋਣ ਜੇ ਭੈਣ ਭਾਈ ਚਾਕ ਚੋਬਰਾਂ ਨਾ ਸਹੇੜੀਏ ਨੀ

    95. ਮਾਂ ਦਾ ਗੁੱਸਾ
    ਤੇਰੇ ਵੀਰ ਸੁਲਤਾਨ ਨੂੰ ਖ਼ਬਰ ਹੋਵੇ ਕਰੇ ਫਿਕਰ ਉਹ ਤੇਰੇ ਮੁਕਾਵਨੇ ਦਾ
    ਚੂਚਕ ਮਹਿਰ ਦੇ ਰਾਜ ਨੂੰ ਲੀਕ ਲਾਇਆ ਕੇਹਾ ਫਾਇਦਾ ਮਾਪਿਆਂ ਤਾਵਨੇ ਦਾ
    ਨਕ ਵੱਢ ਕੇ ਕੋੜਮਾ ਗਾਲਿਉ ਈ ਲਾਭ ਇਹ ਮਾਪਿਆਂ ਜਾਵਨੇ ਦਾ
    ਰਾਤੀਂ ਚਾਕ ਨੂੰ ਚਾ ਜਵਾਬ ਦੇਸਾਂ ਨਹੀਂ ਸ਼ੌਕ ਹੁਣ ਮਹੀਂ ਚਰਵਾਨੇ ਦਾ
    ਆ ਮਿਠੀਏ ਲਾਹ ਨੀ ਸਭ ਗਹਿਨੇ ਗੁਣ ਕੌਣ ਹੈ ਗਹਿਨਿਆਂ ਪਾਵਨੇ ਦਾ
    ਵਾਰਸ ਸ਼ਾਹ ਏਸ ਛੋਹਰੀ ਦਾ ਜਿਉ ਹੋਇਆ ਈ ਲਿੰਗ ਕੁਟਾਵਨੇ ਦਾ

    96. ਹੀਰ ਦਾ ਉੱਤਰ
    ਮਾਏ ਰਬ ਨੇ ਚਾਕ ਘਰ ਘਲਿਆ ਸੀ ਤੇਰੇ ਹੋਣ ਨਸੀਬ ਜੇ ਧੁਰੋਂ ਚੰਗੇ
    ਇਹੋ ਜਹੇ ਜੇ ਆਦਮੀ ਹੱਥ ਆਵਨ ਸਾਰੋ ਮੁਲਕ ਹੀ ਰਬ ਥੀਂ ਦੁਆ ਮੰਗੇ
    ਜਿਹੜੇ ਰਬ ਕੀਤੇ ਕੰਮ ਹੋ ਰਹੇ ਸਾਨੂੰ ਮਾਂਓਂ ਕਿਉਂ ਗ਼ੈਬ ਦੇ ਦਏਂ ਪੰਗੇ
    ਕੁੱਲ ਸਿਆਨਿਆਂ ਮੁਲਕ ਨੂੰ ਮਤ ਦਿੱਤੀ ਤੇਗ਼ ਮਹਿਰੀਆਂ ਇਸ਼ਕ ਨਾ ਕਰੋ ਨੰਗੇ
    ਨਹੀਂ ਛੇੜੀਏ ਰਬ ਦਿਆਂ ਪੂਰਿਆਂ ਨੂੰ ਜਿਨ੍ਹਾਂ ਕੱਪੜੇ ਖ਼ਾਕ ਦੇ ਵਿੱਚ ਰੰਗੇ
    ਜਿਨ੍ਹਾਂ ਇਸ਼ਕ ਦੇ ਮੁਆਮਲੇ ਸਿਰੀਂ ਚਾਏ ਵਾਰਸ ਸ਼ਾਹ ਨਾ ਕਿਸੇ ਥੋਂ ਰਹਿਨ ਸੰਗੇ