ਹੀਰ (ਭਾਗ-4) (ਕਿੱਸਾ ਕਾਵਿ)

ਵਾਰਿਸ ਸ਼ਾਹ   

Address:
ਸ਼ੇਖੂਪੁਰਾ Pakistan
ਵਾਰਿਸ ਸ਼ਾਹ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


97. ਹੀਰ ਦੇ ਮਾਂ ਪਿਉ ਦੀ ਆਪਸੀ ਸਲਾਹ
ਮਲਕੀ ਆਖ਼ਦੀ ਚੂਚਕਾ ਬਣੀ ਔਖੀ ਸਾਨੂੰ ਹੀਰ ਦੇ ਮਿਹਨਿਆਂ ਖ਼ੁਆਰ ਕੀਤਾ
ਤਾਅਨੇ ਦੇਨ ਸ਼ਰੀਕ ਤੇ ਲੋਕ ਸਾਰੇ ਚੌਤਰਫਿਉਂ ਖੁਆਰ ਸੰਸਾਰ ਕੀਤਾ
ਦੇਖੋ ਲੱਜ ਸਿਆਲਾਂ ਦੀ ਲਾਹ ਸੁੱਟੀ ਨਢੀ ਹੀਰ ਨੇ ਚਾਕ ਨੂੰ ਯਾਰ ਕੀਤਾ
ਜਾਂ ਮੈਂ ਮਤ ਦਿੱਤੀ ਅੱਗੋਂ ਲੜਨ ਲੱਗੀ ਲੱਜ ਲਾਹ ਕੇ ਚਸ਼ਮ ਨੂੰ ਚਾਰ ਕੀਤਾ
ਕੱਢ ਚਾਕ ਨੂੰ ਖੋਹ ਲੈ ਮਹੀਂ ਸਭੇ ਅਸਾਂ ਚਾਕ ਥੋ ਜਿਉ ਬੋਜ਼ਾਰ ਕੀਤਾ
ਇੱਕੇ ਧੀ ਨੂੰ ਚਾ ਘੜੇ ਡੋਬ ਕਰੀਏ ਜਾਣੋ ਰਬ ਨੇ ਚਾ ਗੁਨ੍ਹਾਗਾਰ ਕੀਤਾ
ਝਬ ਵਿਆਹ ਕਰ ਧੀਉ ਨੂੰ ਕੱਢ ਦੇਸ਼ਾਂ ਸਾਨੂੰ ਠਿਠ ਹੈ ਏਸ ਮੁਰਦਾਰ ਕੀਤਾ
ਵਾਰਸ ਸ਼ਾਹ ਨੂੰ ਹੀਰ ਖੁਆਰ ਕੀਤਾ ਨਹੀਂ ਰਬ ਸਾਹਿਬ ਸਰਦਾਰ ਕੀਤਾ।

98. ਪਿਉ ਦਾ ਘਰ ਵਾਲੀ ਨੂੰ ਉੁੱੱਤਰ
ਚੂਚਕ ਆਖਦਾ ਮਲਕੀਏ ਜਮਦੀ ਨੂੰ ਗਲ ਘੁਟਕੇ ਕਾਹੇ ਨਾ ਮਾਰਿਉ ਈ
ਘੁਟੀ ਅੱਕ ਦੀ ਘੋਲ ਨਾ ਦਿੱਤੀਆਈ ਉਹ ਅੱਜ ਸਵਾਬ ਨਿਤਾਰਿਉ ਈ
ਮੰਝ ਡੂੰਘੜੇ ਧੀਉ ਨਾ ਬੋੜਿਆਈ ਵਢ ਲੋੜ੍ਹ ਕੇ ਮੂਲ ਨਾ ਮਾਰਿਉ ਈ
ਵਾਰਸ ਸ਼ਾਹ ਖ਼ੁਦਾ ਦਾ ਖੌਫ ਕੀਤੇ ਕਾਰੂੰ ਵਾਂਗ ਨਾ ਜ਼ਮੀਂ ਨਘਾਰਿਉ ਈ

99. ਹੀਰ ਦੇ ਮਾਂ ਪਿਉ ਦਾ ਰਾਂਝੇ ਤੇ ਗੁੱੱਸਾ
ਰਾਤੀਂ ਰਾਂਝੇ ਨੇ ਮਹੀਂ ਜਾਂ ਆਨ ਢੋਈਆਂ ਚੂਚਕ ਸਿਆਲ ਮੱਥੇ ਵਟ ਪਾਇਆ ਈ
ਭਾਈ ਛੱਡ ਮਹੀਂ ਉਠ ਜਾ ਘਰ ਨੂੰ ਤੇਰਾ ਤੌਰ ਬੁਰਾ ਨਜ਼ਰ ਆਇਆ ਈ
ਸਿਆਲੋ ਕਹੋ ਭਾਈ ਸਾਡੇ ਕੰਮ ਨਾਹੀਂ ਜਾਏ ਉਧਰੇ ਜਿਧਰੋਂ ਆਇਆ ਈ
ਅਸਾਂ ਸਾਨ੍ਹ ਨਾ ਰਖਿਆ ਇਹ ਨਢਾ ਧੀਆਂ ਚਾਰਨਾ ਕਿਸ ਬਤਾਇਆ ਈ
‘ਇੱਤਕੂ ਮਵਾਦੀ ਅੱਤ ਤੁਹੱਮ’ ਵਾਰਸ ਸ਼ਾਹ ਇਹ ਧੁਰੋਂ ਫਰਮਾਇਆ ਈ

100. ਉੁੱੱਤਰ ਚੂਚਕ ਤੇ ਉੁੱੱਤਰ ਰਾਂਝਾ
‘ਵੱਲਊ ਬਸਾ ਤੱਲਾ ਹੁੱਰ ਰਿਜ਼ਕ’ ਰੱਜ ਖਾਇਕੇ ਮਸਤੀਆਂ ਚਾਈਆਂ ਨੀ
‘ਕੁਲੂ ਵਸ਼ਰਬੂ ਬਲਾ ਤੁਸਰਿਫੋ’ ਨਹੀਂ ਮਸਤੀਆਂ ਕਰਨੀਆਂ ਆਈਆਂ ਨੀ
ਕਿੱਥੋਂ ਪਚਣ ਇਹਨਾਂ ਮਸ਼ਟੰਡਿਆਂ ਨੂੰ ਨਿਤ ਖਾਣੀਆਂ ਦੁਧ ਮਲਾਈਆਂ ਨੀ
‘ਵਮਾਂ ਮਿੰਨ ਦਾ ਅੱਬਾ ਤਿੰਨ ਫਿੱਲ ਅਰਦੇ’ ਇਹ ਲੈ ਸਾਂਭ ਮੱਝੀਂ ਘਰ ਆਈਆਂ ਨੀ

101. ਰਾਂਝੇ ਨੂੰ ਮੱਝਾਂ ਛੇੜਨੇ ਤੋਂ ਛੁੱੱਟੀ
ਰਾਂਝਾ ਸੁਟ ਖੂੰਡੀ ਉਤੋਂ ਲਾਹ ਭੂਰਾ ਛਡ ਚਲਿਆ ਸਭ ਮੰਗਵਾੜ ਮੀਆਂ
ਜੇਹਾ ਚੋਰ ਨੂੰ ਬੜੇ ਦਾ ਖੜਕ ਪਹੁੰਚੇ ਛੱਡ ਟੁਰੋ ਹੈ ਸਨ੍ਹ ਦਾ ਪਾੜ ਮੀਆਂ
ਦਿਲ ਚਾਇਆ ਦੇਸ ਤੇ ਮੁਲਕ ਉਤੋਂ ਉਸ ਦੇ ਭਾ ਦਾ ਬੋਲਿਆ ਹਾੜ ਮੀਆਂ
ਤੇਰੀਆਂ ਖੋਲੀਆਂ ਕਟਕ ਤੇ ਮਿਲਣ ਸਭੇ ਖੜ੍ਹੇ ਕੱਟੀਆਂ ਨੂੰ ਕਾਈ ਧਾੜ ਮੀਆਂ
ਮੈਨੂੰ ਮਝੀਂ ਦੀ ਕੁਝ ਪਰਵਾਹ ਨਾਹੀਂ ਨਢੀ ਪਈ ਸੀ ਇੱਤ ਰਹਾੜ ਮੀਆਂ
ਤੋਰੀ ਧੀਉ ਨੂੰ ਅਸੀਂ ਕੀ ਜਾਣਨੇ ਹਾਂ ਤੈਨੂੰ ਆਉਂਦੀ ਨਜ਼ਰ ਪਹਾੜ ਮੀਆਂ
ਤੇਰੀਆਂ ਮੱਝਾਂ ਦੇ ਕਾਰਨੇ ਰਾਧ ਅੱਤੀ ਫਿਰਾਂ ਭੰਨਦਾ ਕਹਿਰ ਦੇ ਝਾੜ ਮੀਆਂ
ਮੰਗੂ ਮਗਰ ਮੇਰੇ ਸਭੋ ਆਵੰਦਾ ਈ ਮਝੀਂ ਆਪਣੀਆਂ ਮਹਿਰ ਜਾ ਤਾੜ ਮੀਆਂ
ਘੁਟ ਬਹੇਂ ਚਰਾਈ ਤੂੰ ਮਾਹੀਆਂ ਦੀ ਸਹੀ ਕੀਤਾਈ ਕੋਈ ਕਰਾੜ ਮੀਆਂ
ਮਹੀਂ ਚਾਰਦੇ ਨੂੰ ਗਏ ਬਰਸ ਬਾਰਾਂ ਅੱਜ ਉਠਿਆ ਅੰਦਰੋਂ ਸਾੜ ਮੀਆਂ
ਵਹੀ ਖਤਰੀ ਦੀ ਰਹੀ ਖਤੜੇ ਬੇ ਲੇਖਾ ਗਿਆਈ ਹੋ ਪਹਾੜ ਮੀਆਂ
ਤੇਰੀ ਧਿਉ ਰਹੀ ਤੇਰੇ ਘਰੇ ਬੈਠੀ ਝਾੜਾ ਮੁਫਤ ਦਾ ਲਿਆ ਈ ਝਾੜ ਮੀਆਂ
ਹਟ ਭਰੇ ਬਹੁਗੁਣੇ ਨੂੰ ਸਾਂਭ ਲਿਉ ਕੱਢ ਛੱਡਿਉ ਨੰਗ ਕਰਾੜ ਮੀਆਂ
ਵਾਰਸ ਸ਼ਾਹ ਅੱਗੋਂ ਪੂਰੀ ਨਾ ਪਈ ਆ ਪਿੱਛੋਂ ਆਇਐ ਸੈਂ ਪੜਤਣੇ ਪਾੜ ਮੀਆਂ

102. ਗਾਈਆਂ ਮੱਝਾਂ ਦਾ ਰਾਂਝੇ ਬਿਨਾ ਨਾ ਚੁਗਣਾ
ਮਝੀਂ ਚਰਨ ਨਾ ਬਾਝ ਰੰਝੇਟੜੇ ਦੇ ਮਾਹੀ ਹੋਰ ਸਭੇ ਝਖ਼ ਮਾਰ ਰਹੇ
ਕਾਈ ਘੁਸ ਜਾਏ ਕਾਈ ਡੁਬ ਜਾਏ ਕਾਈ ਸਨ੍ਹ ਲਹੇ ਕਾਈ ਪਾਰ ਰਹੇ
ਸਿਆਲ ਪਕੜ ਹਥਿਆਰ ਤੇ ਹੋ ਖੁੰਮਾਂ ਮਗਰ ਲਗ ਕੇ ਖੋਲੀਆਂ ਚਾਰ ਰਹੇ
ਵਾਰਸ ਸ਼ਾਹ ਚੂਚਕ ਪਛੋਤਾਂਵਦਾਈ ਮੰਗੂ ਨਾ ਛਿੜੇ ਅਸੀਂ ਹਾਰ ਰਹੇ

103. ਮਾਂ ਨੂੰ ਹੀਰ ਦਾ ਉੁੱੱਤਰ
ਮਾਏ ਚਾਕ ਤਰਾਹਿਆ ਚਾ ਬਾਬੇ ਏਸ ਗੱਲ ਉਤੇ ਬਹੁਤ ਖੁਸ਼ੀ ਹੋ ਨੀ
ਤਬ ਓਸ ਨੂੰ ਰਿਜ਼ਕ ਹੈ ਦੇਣ ਹਾਰਾ ਕੋਈ ਓਸ ਦੇ ਰਬ ਨਾ ਤੁਸੀਂ ਹੋ ਨੀ
ਮਹੀਂ ਫਿਰਨ ਖਰਾਬ ਵਿੱਚ ਬੇਲਿਆਂ ਦੇ ਖੋਲ ਦੱਸੋ ਕੇਹੀ ਬੁਸ ਬੁਸੀ ਹੋ ਨੀ
ਵਾਰਸ ਸ਼ਾਹ ਔਲਾਦ ਨਾ ਮਾਲ ਰਹਿਸੀ ਜਿਹਦਾ ਹੱਕ ਖੁੱਥਾ ਓਹ ਨਾਖੁਸ਼ੀ ਹੋ ਨੀ

104. ਮਲਕੀ ਦਾ ਆਪਣੇ ਪਤੀ ਨੂੰ ਕਹਿਣਾ
ਮਲਕੀ ਗੱਲ ਸੁਨਾਵੰਦੀ ਚੂਚਕੇ ਨੂੰ ਲੋਕ ਬਹੁਤ ਹੀ ਦਿੰਦੇ ਬਦ ਦੁਆ ਮੀਆਂ
ਬਾਰਾਂ ਬਰਸ ਇਸ ਮਝੀਆਂ ਚਾਰੀਆਂ ਨੇ ਨਹੀਂ ਕੀਤੀ ਸੂ ਚੂੰ ਚਰਾਂ ਮੀਆਂ
ਹੱਕ ਖੋਹ ਕੇ ਚਾ ਜਵਾਬ ਦਿੱਤਾ ਮਹੀਂ ਛਡ ਕੇ ਘਰਾਂ ਨੂੰ ਜਾ ਮੀਆਂ
ਪੈਰੀਂ ਲਗ ਕੇ ਜਾਮਨਾ ਉਸ ਨੂੰ ਆਹ ਫਕਰ ਦੀ ਬੁਰੀ ਪਏ ਜਾ ਮੀਆਂ
ਵਾਰਸ ਸ਼ਾਹ ਫਕੀਰ ਨੇ ਚੁਪ ਕੀਤੀ ਉਹਦੀ ਚੁਪ ਹੀ ਦੇਗ ਲੁੜ੍ਹਾ ਮੀਆਂ

105. ਉੱਤਰ ਚੂਚਕ
ਚੂਚਕ ਆਖਿਆ ਜਾ ਮਨਾ ਇਸਨੂੰ ਵਿਆਹ ਤੀਕ ਤਾਂ ਮਹੀਂ ਚਰਾ ਲਈਏ
ਜਦੋਂ ਹੀਰ ਪਾ ਡੋਲੀ ਟੋਰ ਦੇਈਏ ਰੁਸ ਪਵੇ ਜਵਾਬ ਤਾਂ ਚਾ ਦੇਈਏ
ਸਾਡੀ ਧਿਉ ਦਾ ਕੁਝ ਨਾ ਲਾਹ ਲੈਂਦਾ ਸਭਾ ਟਹਿਲ ਟਕੋਰ ਕਰਾ ਲਈਏ
ਵਾਰਸ ਸ਼ਾਹ ਅਸੀਂ ਜਟ ਹਾਂ ਸਦਾ ਖੋਟੇ ਜਟਕਾ ਫੰਦ ਏਥੇ ਹਿਕ ਲਾ ਲਈਏ

106. ਮਲਕੀ ਨੂੰ ਰਾਂਝੇ ਦੀ ਢੂੰੰਡ
ਮਲਕੀ ਜਾ ਵਿਹੜੇ ਵਿੱਚ ਪੁੱਛਦੀ ਹੈ ਵਿਹੜਾ ਜਿਹੜਾ ਭਾਈਆਂ ਸਾਂਵਿਆਂ ਦਾ
ਸਾਡੇ ਮਾਹੀ ਦੀ ਖ਼ਬਰ ਹੇ ਕਿਤੇ ਅੜਿਉ ਕਿਧਰ ਮਾਰਿਆ ਗਿਆ ਪੱਛੋ ਤਾਵਿਆ ਦਾ
ਜ਼ਰਾ ਹੀਰ ਕੁੜੀ ਉਹਨੂੰ ਸੱਦਦੀ ਹੈ ਰੰਗ ਧੋਵੇ ਪਲੰਗ ਦੇ ਪਾਵਿਆਂ ਦਾ
ਰਾਂਝਾ ਬੋਲਿਆ ਸੱਥਰੋਂ ਭੰਨ ਆਕੜ ਇਹ ਜੇ ਪਿਆ ਸਰਦਾਰ ਨਥਾਵਿਆਂ ਦਾ
ਸਿਰ ਪਟੇ ਸਫਾ ਕਰ ਹੋ ਰਿਹਿਆ ਜੇਹਾ ਬਾਲਕਾ ਮੁੰਨਿਆ ਬਾਵਿਆਂ ਦਾ
ਵਾਰਸ ਸ਼ਾਹ ਜਿਉਂ ਚੋਰ ਨੂੰ ਮਿਲੇ ਵਾਹਰ ਉਭੇ ਸਾਹ ਭਰਦਾ ਮਾਰਦਾ ਹਾਵਿਆਂ ਦਾ

107. ਮਲਕੀ ਦੀ ਰਾਂਝੇ ਨੂੰ ਤਸੱਲੀ ਦੇਣੀ
ਮਲਕੀ ਆਖਦੀ ਲੜਿਉਂ ਜੇ ਨਾਲ ਚੂਚਕ ਕੋਈ ਸੁਖਨ ਨਾ ਜਿਊ ਤੇ ਲਿਆਨਾ ਈ
ਕੇਹਾ ਮਾਪਿਆਂ ਪੁਤਰਾਂ ਲੜਨ ਹੁੰਦਾ ਤੁਸਾਂ ਖੱਟਣਾ ਤੇ ਅਸਾਂ ਖਾਵਨਾ ਈ
ਛਿੜ ਮਾਲ ਦੇ ਨਾਲ ਮੈਂ ਘੋਲ ਘੱਤੀ ਸ਼ਾਮੋ ਸ਼ਾਮ ਰਾਤੀਂ ਘਰੀਂ ਆਵਨਾ ਈ
ਤੂੰ ਹੀ ਚੋਇਕੇ ਦੁਧ ਜਮਾਉਣ ਈ ਤੂੰ ਹੀ ਹੀਰ ਦਾ ਪਲੰਘ ਵਛਾਵਨਾ ਈ
ਕੁੜੀ ਕਲ ਦੀ ਤੇਰੇ ਤੋਂ ਰੁਸ ਬੈਠੀ ਤੂੰ ਹੀ ਓਸ ਨੂੰ ਆ ਮਨਾਵਣਾ ਈ
ਮੰਗੂ ਮਾਲ ਸਿਆਲ ਤੇ ਹੀਰ ਤੇਰੀ ਨਾਲੇ ਘੂਰਨਾ ਤੇ ਨਾਲੇ ਖਾਵਨਾ ਈ
ਮੰਗੂ ਛੇੜ ਕੇ ਝਲ ਵਿੱਚ ਮੀਆਂ ਵਾਰਸ ਅਸਾਂ ਤਖਤ ਹਜ਼ਾਰੇ ਨੂੰ ਜਾਵਨਾ ਈ

108. ਰਾਂਝੇ ਦਾ ਹੀਰ ਨੂੰ ਕਹਿਣਾ
ਰਾਂਝਾ ਆਖਦਾ ਹੀਰ ਨੂੰ ਮਾਉਂ ਤੇਰੀ ਸਾਨੂੰ ਫੇਰ ਮੁੜ ਰਾਤ ਦੀ ਚੰਮੜੀ ਹੈ
ਮੀਆਂ ਮਨ ਲਏ ਓਸ ਦੇ ਆਖਣੇ ਨੂੰ ਤੇਰੀ ਹੀਰ ਪਿਆਰੀ ਦੀ ਅੰਮੜੀ ਹੈ
ਕੀ ਜਾਣੀਏ ਉਠ ਕਿਸ ਘੜੀ ਬਹਿਸੀ ਅਜੇ ਵਿਆਹ ਦੀ ਵਿੱਥ ਵੀ ਲੰਮੜੀ ਹੈ
ਵਾਰਸ ਸ਼ਾਹ ਇਸ ਇਸ਼ਕ ਦੇ ਵਣਜ ਵਿੱਚੋਂ ਪੱਲੇ ਕਿਸੇ ਨਾ ਬੱਧਿਆ ਦੰਮੜੀ ਹੈ

109. ਰਾਂਝੇ ਦਾ ਮਲਕੀ ਦੇ ਆਖੇ ਮਝੀਆਂ ਫੇਰ ਚਾਰਨਾ
ਰਾਂਝਾ ਹੀਰ ਦੀ ਮਾਉਂ ਦੇ ਲਗ ਆਖੇ ਛੇੜ ਮੱਝੀਆਂ ਝਲ ਨੂੰ ਆਂਵਦਾ ਹੈ
ਮੰਗੂ ਵਾੜ ਦਿੱਤਾ ਵਿੱਚ ਝਾਂਗੜੇ ਦੇ ਆਪ ਨਹਾਏਕੇ ਰਬ ਨੂੰ ਧਿਆਂਵਦਾ ਹੈ
ਹੀਰ ਸੱਤੂਆਂ ਦਾ ਮਗਰ ਘੋਲ ਛੰਨਾ ਦੇਖੋ ਰਿਜ਼ਕ ਰੰਝੇਟੇ ਦਾ ਆਂਵਦਾ ਬੈ
ਪੰਜਾਂ ਪੀਰਾਂ ਦੀ ਆਮਦਨ ਤੁਰਤ ਹੋਈ ਹਥ ਬੰਨ੍ਹ ਸਲਾਮ ਕਰ ਆਵਦਾ ਹੈ
ਰਾਂਝਾ ਹੀਰ ਦੋਵੇਂ ਹੋਏ ਆ ਹਜ਼ਰ ਅੱਗੋ ਪੀਰ ਹੁਣ ਇਹ ਫਰਮਾਂਵਦਾ ਹੈ

110. ਪੀਰਾਂ ਦਾ ਉੱਤਰ
ਬੱਚਾ ਦੋਹਾਂ ਨੇ ਰਬ ਨੂੰ ਯਾਦ ਕਰਨਾ ਨਾਹੀਂ ਇਸ਼ਕ ਨੂੰ ਲੀਕ ਲਗਾਵਨਾ ਈ
ਬੱਚਾ ਖਾ ਚੂਰੀ ਚੋਏ ਮਝ ਬੂਰੀ ਜ਼ਰਾ ਜਿਉ ਨੂੰ ਨਹੀਂ ਵਲਾਵਨਾ ਈ
ਅੱਠੇ ਪਹਿਰ ਖ਼ੁਦਾਏ ਦੀ ਯਾਦ ਅੰਦਰ ਤੁਸਾਂ ਜ਼ਿਕਰ ਤੇ ਖੈਰ ਕਮਾਵਨਾ ਈ
ਵਾਰਸ ਸ਼ਾਹ ਪੰਜਾਂ ਪੀਰਾਂ ਹੁਕਮ ਕੀਤਾ ਬੱਚਾ ਇਸ਼ਕ ਨੂੰ ਨਹੀਂ ਡੁਲਾਵਨਾ ਈ

111. ਹੀਰ ਦਾ ਘਰ ਆਉਣਾ ਅਤੇ ਕਾਜ਼ੀ ਅਤੇ ਮਾਂ ਬਾਪ ਵੱਲੋਂ ਹੀਰ ਨੂੰ ਨਸੀਹਤ
ਹੀਰ ਵਤ ਕੇ ਬੇਲਿਉਂ ਘਰੀਂ ਆਈ ਮਾਂ ਬਾਪ ਕਾਜ਼ੀ ਸਦ ਲਿਆਂਵਦੇ ਨੇ
ਦੋਵੇ ਅਹਿਲ ਬੈਠੇ ਅਤੇ ਵਿੱਚ ਕਾਜ਼ੀ ਅਤੇ ਸਾਮਣੇ ਹੀਰ ਬਹਾਂਵਦੇ ਨੇ
ਬੱਚਾ ਹੀਰ ਤੈਨੂੰ ਅਸੀਂ ਮੱਤ ਦਿੰਦੇ ਮਿੱਠੀ ਨਾਲ ਜ਼ਬਾਨ ਸਮਝਾਵੰਦੇ ਨੇ
ਚਾਕ ਚੋਬਰਾਂ ਨਾਲ ਨਾ ਗੱਲ ਕੀਜੇ ਇਹ ਮਿਹਨਤੀ ਕਿਹੜੇ ਥਾਂਉਂ ਦੇ ਨੇ
ਤ੍ਰਿੰਜਨ ਜੋੜ ਕੇ ਆਪਣੇ ਘਰੀਂ ਬਹੀਏ ਸੁਘੜ ਗਾਉਂ ਕੇ ਜੀ ਪਰਚਾਂਵਦੇ ਨੇ
ਲਾਲ ਚਰਖੜਾ ਡਾਹ ਕੇ ਛੋਪ ਪਾਈਏ ਜਿਹੜੇ ਸੁਹਣੇ ਗੀਤ ਚਨ੍ਹਾਵਦੇ ਨੇ
ਨੀਵੀਂ ਨਜਰ ਹਿਆ ਦੇ ਨਾਲ ਰਹੀਏ ਤੈਨੂੰ ਸਭ ਸਿਆਣੇ ਫਰਮਾਂਵਦੇ ਨੇ

ਚੂਚਕ ਸਿਆਲ ਹੋਰੀਂ ਹੀਰੇ ਜਾਨਣੀ ਹੈਂ, ਸਰਦਾਰ ਪੰਜ ਗਰਾਉਂ ਦੇ ਨੇ
ਸ਼ਰਮ ਮਾਪਿਆਂ ਦੀ ਵਲ ਧਿਆਨ ਕਰੀਏ ਵਾਲਾ ਸ਼ਾਨ ਇਹ ਜਟ ਸਾਂਦਵਦੇ ਨੇ
ਬਾਹਰ ਫਿਰਨ ਨਾ ਸੁੰਹਦਾ ਜੱਟੀਆਂ ਨੂੰ ਅੱਜ ਕਲ ਲਾਗੀ ਘਰ ਆਂਵਦੇ ਨੇ
ਏਥੇ ਵਿਆਹ ਦੇ ਵੱਡੇ ਸਾਮਾਨ ਹੋਏ ਖੇੜੇ ਪਏ ਬਣਾ ਬਨਾਂਵਦੇ ਨੇ
ਵਾਰਸ ਸ਼ਾਹ ਮੀਆਂ ਚੰਦ ਰੋਜ਼ ਅੰਦਰ ਖੇੜੇ ਮੇਲ ਕੇ ਜੰਜ ਲੈ ਆਂਵਦੇ ਨੇ

112. ਹੀਰ ਦਾ ਸਾਫ ਸਾਫ ਉੁੱੱਤਰ
ਹੀਰ ਆਖਦੀ ਬਾਬਲਾ ਅਮਲੀਆਂ ਤੋਂ ਨਹੀਂ ਅਮਲ ਹਟਾਇਆ ਜਾ ਮੀਆਂ
ਜਿਹੜੀਆਂ ਵਾਦੀਆਂ ਆਦ ਦੀਆਂ ਜਾਣ ਨਾਹੀਂ ਰਾਂਝੇ ਚਾਕ ਤੋਂ ਰਿਹਿਆ ਨਾ ਜਾ ਮੀਆਂ
ਸ਼ੀਂਹ ਚਿਤਰੇ ਰਹਿਨ ਨਾ ਮਾਸ ਬਾਝੋਂ ਝੁਟ ਨਾਲ ਓਹ ਰਿਜ਼ਕ ਕਮਾ ਮੀਆਂ
ਇਹ ਰਜ਼ਾ ਤਕਦੀਰ ਹੋ ਰਹੀ ਵਾਰਦ ਕੌਣ ਹੋਵਨੀ ਦੇ ਹਟਾ ਮੀਆਂ
ਦਾਗ਼ ਅੰਬ ਤੇ ਸਾਰਦਾ ਲਹੇ ਨਹੀਂ ਦਾਗ਼ ਇਸ਼ਕ ਦਾ ਭੀ ਨਾ ਜਾ ਮੀਆਂ
ਮੈਂ ਮੰਗ ਦਰਗਾਹ ਥੀਂ ਲਿਆ ਰਾਂਝਾ ਚਾਕ ਬਖਸ਼ਿਆ ਆਪ ਖ਼ੁਦਾ ਮੀਆਂ
ਹੋਰ ਸਭ ਗੱਲਾਂ ਮੰਜ਼ੂਰ ਹੋਈਆਂ ਰਾਂਝੇ ਚਾਕ ਥੀਂ ਨਾ ਹਿਹਿਆ ਜਾ ਮੀਆਂ
ਏਸ ਇਸ਼ਕ ਦੇ ਰੋਗ ਦੀ ਗੱਲ ਐਵੇਂ ਸਿਰ ਜਾਏ ਤੇ ਸਿਰ ਨਾ ਜਾ ਮੀਆਂ
ਵਾਰਸ ਸ਼ਾਹ ਮੀਆਂ ਜਿਵੇਂ ਗੰਜ ਸਿਰ ਦਾ ਬਾਰਾਂ ਬਰਸ ਬਿਨਾਂ ਨਾਹੀਂ ਜਾ ਮੀਆਂ

113. ਹੀਰ ਨੂੰ ਮਾਂ ਪਿਉ ਦਾ ਉੁੱੱਤਰ
ਇਹਦੇ ਵਢ ਲੁੜਕੇ ਖੋਹ ਚੁੰਡੀਆਂ ਨੂੰ ਗਲ ਘੁਟ ਕੇ ਡੁੰਘੜੇ ਬੋੜ ਰੰਨੇ
ਸਿਰ ਭੰਨ ਸੂ ਨਾਲ ਮਧਾਣੀਆਂ ਦੇ ਢੂਈਂ ਨਾਲ ਖੜਲੱਤ ਦੇ ਤੋੜ ਰੰਨੇ
ਇਹਦਾ ਦਾਤਰੀ ਲਾਲ ਚਾ ਢਿਡ ਪਾੜੋ ਸੂਆ ਅੱਖੀਆਂ ਦੇ ਵਿੱਚ ਪੋੜ ਰੰਨੇ
ਵਾਰਸ ਚਾਕ ਤੋਂ ਇਹ ਨਾ ਮੁੜੇ ਮੂਲੇ ਅਸੀਂ ਰਹੇ ਬਹੁਤੇਰੜਾ ਹੋੜ ਰੰਨੇ

114. ਮਾਂ ਦਾ ਉੱਤਰ
ਸਿਰ ਬੇਟੀਆਂ ਦੇ ਚਾ ਜੁਦਾ ਕਰਦੇ ਜਦੋਂ ਗੁੱਸਿਆਂ ਤੇ ਬਾਪ ਆਂਵਦੇ ਨੇ
ਸਿਰ ਵਢ ਕੇ ਨੈਂ ਵਿੱਚ ਰੋੜ੍ਹ ਦਿੰਦੇ ਮਾਸ ਕਾਊਂ ਕੁੱਤੇ ਬਿੱਲੇ ਖਾਂਵਦੇ ਨੇ
ਸੱਸੀ ਜਾਮ ਜਲਾਲੀ ਨੇ ਰੋੜ੍ਹ ਦਿੱਤੀ ਕਈ ਡੂਮ ਢਾਡੀ ਪਏ ਗਾਂਵਦੇ ਨੇ
ਔਲਾਦ ਜਿਹੜੀ ਕਹੇ ਨਾ ਲੱਗੇ ਮਾਪੇ ਓਸ ਨੂੰ ਘੁਟ ਲੰਘਾਂਵਦੇ ਨੇ
ਜਦੋਂ ਕਹਿਰ ਤੇ ਆਂਵਦੇ ਬਾਪ ਜ਼ਾਲਮ ਬੰਨ੍ਹ ਬੇਟੀਆਂ ਭੋਹਰੇ ਪਾਂਵਦੇ ਨੇ
ਵਾਰਸ ਸ਼ਾਹ ਜੇ ਮਾਰੀਏ ਬਦਾਂ ਤਾਈਂ ਦੇਣੇ ਖ਼ੂਨ ਨਾ ਤਿਨ੍ਹਾ ਦੇ ਆਂਵਦੇ ਨੇ

115. ਉੱਤਰ ਹੀਰ
ਜਿਨ੍ਹਾਂ ਬੇਟੀਆਂ ਮਾਰੀਆਂ ਰੋਜ਼ ਕਿਆਮਤ ਸਿਰੀਂ ਤਿਨ੍ਹਾਂ ਦੇ ਵੱਡਾ ਗੁਨਾਹ ਮਾਏ
ਮਿਲਨ ਖਾਣੀਆਂ ਤਿਨ੍ਹਾਂ ਫਾੜ ਕਰਕੇ ਜੀਕੂੰ ਮਾਰੀਆਂ ਜੇ ਤਿਵੇਂ ਖਾ ਮਾਏ
ਕਹੇ ਮਾਂ ਤੇ ਬਾਪ ਦੇ ਅਸਾਂ ਅਸਾਂ ਮੰਨੇ ਗਲ ਪਲੋੜਾ ਤੇ ਮੂੰਹ ਘਾ ਲੈ ਮਾਏ
ਇੱਕ ਚਾਕ ਦੀ ਗੱਲ ਨਾ ਕਰੋ ਮੂਲੇ ਇਸ ਦਾ ਹੀਰ ਦੇ ਨਾਲ ਨਿਬਾਹ ਮਾਏਂ

116. ਭਰਾ ਸੁਲਤਾਨ ਦਾ ਉੁੱੱਤਰ
ਸੁਲਤਾਨ ਭਾਈ ਆਇਆ ਹੀਰ ਸੰਦਾ ਆਖੇ ਮਾਉਂ ਨੂੰ ਧੀਉ ਨੂੰ ਤਾੜ ਅੰਮਾਂ
ਅਸਾਂ ਫੇਰ ਜੇ ਬਾਹਰ ਇਹ ਕਦੇ ਡਿੱਠੀ ਸਟ ਏਸ ਨੂੰ ਜਾਨ ਥੀਂ ਮਾਰ ਅੰਮਾਂ
ਤੇਰੇ ਆਖਿਆਂ ਸਤਰ ਜੇ ਬਹੇ ਨਾਹੀਂ ਫੇਰਾਂ ਏਸ ਦੀ ਘੌਨ ਤਲਵਾਰ ਅੰਮਾਂ
ਚਾਕ ਵੜੇ ਨਾਹੀਂ ਸਾਡੇ ਵਿੱਚ ਵਿਹੜੇ ਨਹੀਂ ਡੱਕਰੇ ਕਰਾਂ ਸੂ ਚਾਰ ਅੰਮਾਂ
ਜੇ ਧੀ ਨਾ ਹੁਕਮ ਵਿੱਚ ਰਖਿਆਈ ਸਭ ਸਾੜ ਸੁੱਟੂ ਘਰ ਬਾਰ ਅੰਮਾਂ
ਵਾਰਸ ਸ਼ਾਹ ਜਿਹੜੀ ਧਿਉ ਬੁਰੀ ਹੋਵੇ ਦੇਈਏ ਰੋੜ੍ਹ ਸਮੁੰਦਰੋਂ ਪਾਰ ਅੰਮਾਂ

117. ਹੀਰ ਦਾ ਉੁੱੱਤਰ ਭਰਾ ਨੂੰ
ਅਖੀਂ ਲੱਗੀਆਂ ਮੁੜਨ ਨਾ ਵੀਰ ਮੇਰੇ ਬੀਬੀ ਵਾਰ ਘੱਤੀ ਬਲਹਾਰੀਆਂ ਵੇ
ਵਹਿਨ ਪਏ ਦਰਿਆ ਨਾ ਕਦੀ ਮੁੜਦੇ ਵੱਡੇ ਲਾ ਰਹੇ ਜ਼ੋਰ ਜ਼ਾਰੀਆਂ ਵੇ
ਲਹੂ ਨਿਕਲਨੋ ਰਹੇ ਨਾ ਮੂਲ ਵੀਰਾ ਜਿੱਥੇ ਲੱਗੀਆਂ ਤੇਜ਼ ਕਟਾਰੀਆਂ ਵੇ
ਲੱਗੇ ਦਸਤ ਇੱਕ ਵਾਰ ਨਾ ਬੰਦ ਕੀਜਨ ਵੈਦ ਲਿਖਦੇ ਵੈਦਗੀਆਂ ਸਾਰੀਆਂ ਵੇ
ਸਿਰ ਦਿੱਤਿਆਂ ਬਾਝ ਨਾ ਇਸ਼ਕ ਪੁੱਗੇ ਏਹ ਨਹੀਂ ਸੁਖਾਲੀਆਂ ਯਾਰੀਆਂ ਵੇ
ਵਾਰਸ ਸ਼ਾਹ ਮੀਆਂ ਭਾਈ ਵਰਜਦੇ ਨੇ ਦੇਖੋ ਇਸ਼ਕ ਬਣਾਈਆਂ ਖੁਆਰੀਆਂ ਵ

118. ਹੀਰ ਨੂੰ ਕਾਜ਼ੀ ਦੀ ਨਸੀਹਤ
ਕਾਜ਼ੀ ਆਖਿਆ ਖ਼ੌਫ ਖੁਦਾਇ ਦਾ ਕਰ ਮਾਪੇ ਚਹਿ ਚਿੜੇ ਟਾਹੇ ਮਾਰ ਨੀ ਗੇ
ਤੇਰੀ ਕਿਆੜੀਉਂ ਜੀਭ ਖਿਚਾ ਕੱਢਣ ਮਾਰੇ ਸ਼ਰਮ ਦੇ ਖ਼ੂਨ ਗੁਜ਼ਾਰਨੀ ਗੇ
ਜਿਸ ਵਕਤ ਅਸਾਂ ਦਿੱਤਾ ਚਾ ਫਤਵਾ ਓਸ ਵਕਤ ਹੀ ਪਾਰ ਉਤਾਰਨੀ ਗੇ
ਮਾਂ ਆਖਦੀ ਲੋੜ੍ਹ ਖੁਦਦਾਇ ਦਾ ਜੇ ਤਿੱਖੇ ਸ਼ੋਖ ਦੀਦੇ ਵੇਖ ਪਾੜਨੀ ਗੇ
ਵਾਰਸ ਸ਼ਾਹ ਕਰ ਤਰਕ ਬੁਰਿਆਈਆਂ ਤੋਂ ਨਹੀਂ ਅੱਗ ਦੇ ਵਿੱਚ ਨਘਾਰਨੀ ਗੇ

119. ਰਾਂਝੇ ਦਾ ਪੰਜਾਂ ਪੀਰਾਂ ਨੂੰ ਯਾਦ ਕਰਨਾ
ਪੰਜਾਂ ਪੀਰਾਂ ਨੂੰ ਰਾਂਝਨੇ ਯਾਦ ਕੀਤਾ ਜਦੋਂ ਹੀਰ ਸਨੇਹੜਾ ਘੱਲਿਆ ਈ
ਮਾਂ ਬਾਪ ਕਾਜ਼ੀ ਸਭ ਗਿਰਦ ਹੋਏ ਗਿਲਾ ਸਭਨਾ ਦਾ ਅਸਾਂ ਝੱਲਿਆ ਈ
ਆਏ ਪੀਰ ਪੰਜੇ ਅੱਗੇ ਹਥ ਜੋੜੇ ਨੀਰ ਰੋਂਦਿਆਂ ਮੂਲ ਨਾਲ ਠੱਲਿਆ ਈ
ਬੱਚਾ ਕੌਣ ਮੁਸੀਬਤਾਂ ਪੇਸ਼ ਆਈਆਂ ਵਿੱਚੋਂ ਜਿਉ ਸਾਡਾ ਥੱਰਲਆ ਈ
ਮੇਰੀ ਹੀਰ ਨੂੰ ਵੀਰ ਹੈਰਾਨ ਕੀਤਾ ਕਾਜ਼ੀ ਮਾਉ ਤੇ ਬਾਪ ਪੱਥਲਿਆ ਈ
ਮਦਦ ਕਰੋ ਖੁਦਾਇ ਦੇ ਵਾਸਤੇ ਦੀ ਮੇਰਾ ਇਸ਼ਕ ਖਰਾਬ ਹੋ ਚੱਲਿਆ ਈ
ਬਹੁਤ ਪਿਆਰ ਦਿਲਾਸੜੇ ਨਾਲ ਪੀਰਾਂ ਮੀਏਂ ਰਾਂਝੇ ਦਾ ਜਿਉ ਤਸੱਲਿਆ ਈ
ਤੇਰੀ ਈਰ ਦੀ ਮੱਦਤੇ ਮੀਆਂ ਰਾਂਝਾ ਮਖਦੂਮ ਜਹਾਨੀਆਂ ਘੱਲਿਆ ਈ
ਦੋ ਸੱਦ ਸੁਣਾ ਖਾਂ ਵੰਝਲੀ ਦੇ ਸਾਡਾ ਗਾਵਨੇ ਤੇ ਜਿਉ ਚੱਲਿਆ ਈ
ਵਾਰਸ ਸ਼ਾਹ ਅੱਗੇ ਜਟ ਗਾਂਵਦਾਈ ਵੇਖੋ ਰਾਗ ਸੁਣ ਕੇ ਜਿਉ ਹੱਲਿਆ ਈ

120. ਪੀਰਾਂ ਨੂੰ ਰਾਂਝੇ ਦਾ ਰਾਗ ਗਾ ਕੇ ਸੁਣਾਉਣਾ
ਸ਼ੌਕ ਨਾਲ ਵਜਾਇ ਕੇ ਵੰਝਲੀ ਨੂੰ ਪੰਜਾਂ ਪੀਰਾਂ ਅੱਗੇ ਖੜ੍ਹਾ ਗਾਂਵਦਾ ਏ
ਕਦੀ ਉਧੋ ਤੇ ਕਾਨ੍ਹ ਦੇ ਬਿਸ਼ਨਪਦੇ ਕਦੇ ਮਾਝ ਪਹਾੜੀ ਦੀ ਲਾਂਵਦਾ ਏ
ਕਦੀ ਢੋਲ ਤੇ ਮਾਰੂਨ ਛੋਹ ਦਿੰਦਾ ਕਦੀ ਬੂਬਨਾ ਚਾ ਸੁਣਾਵਦਾ ਏ
ਮਲਕੀ ਨਾਲ ਜਲਾਲੀ ਨੂੰ ਖ਼ੂਬ ਗਾਵੇ ਵਿੱਚ ਝਿਊਰੀ ਦੀ ਕਲੀ ਲਾਂਵਦਾ ਏ
ਕਦੀ ਸੋਹਨੀ ਤੇ ਮਹੀਂਵਾਲ ਵਾਲੇ ਨਾਲ ਸ਼ੌਕ ਦੇ ਸੱਦ ਸੁਣਾਵਦਾ ਏ
ਕਦੀ ਧੁਰਪਦਾਂ ਨਾਲ ਕਥਿਤ ਛੋਹੇ ਕਦੀ ਸੋਹਲੇ ਨਾਲ ਰਲਾਵੰਦਾ ਏ
ਸਾਰੰਗ ਨਾਲ ਤਲੰਗ ਸ਼ਹਾਨੀਆਂ ਦੇ ਅੰਗ ਸੂਹੇ ਦਾ ਭੋਗ ਪਾਂਵਦਾ ਏ
ਸੋਰਠ ਗੁਜਰੀਆਂ ਪੂਰਬੀ ਭੈਰੋਂ ਦੀਪਕ ਰਾਗ ਦੀ ਜ਼ੀਲ ਵਜਾਂਵਦਾ ਏ
ਟੋਡੀ ਮੇਘ ਮਲ੍ਹਾਰ ਗੌਂਡ ਧਨਾਸਰੀ ਜੈਤਸਰੀ ਭੀ ਨਾਲ ਰਲਾਂਵਦਾ ਏ
ਮਾਲਸਰੀ ਤੇ ਪਰਜ ਬੇਹਾਗ ਬੋਲੇ ਨਾਲ ਮਾਰਵਾ ਵਿੱਚ ਵਜਾਵੰਦਾ ਏ
ਕੇਦਾਰਾ ਤੇ ਬੇਹਾਗੜਾ ਨਾਲੇ ਰਾਗ ਮਾਰੂ ਨਾਲੇ ਕਾਹਨੜੇ ਦੇ ਸੁਰ ਲਾਂਵਦਾ ਏ
ਕਲਿਆਨ ਦੇ ਨਾਲ ਮਾਲਕੰਸ ਬੋਲੇ ਅਤੇ ਮੰਗਲਾਚਾਰ ਸੁਣਾਵਦਾ ਏ
ਭੈਰੋਂ ਨਾਲ ਪਲਾਸੀਆਂ ਭੀਮ ਬੋਲੇ ਨਟ ਰਾਗ ਦੀ ਜ਼ੀਲ ਵਜਾਂਵਦਾ ਏ
ਬਰਵਾ ਨਾਲ ਪਹਾੜ ਝੰਝੋਟਿਆਂ ਦੇ ਹੋਰੀ ਲਾਲ ਆਸਾਖੜਾ ਗਾਂਵਦਾ ਏ
ਬੋਲੇ ਰਾਗ ਬਸੰਤ ਹੰਡੋਲ ਗੋਪੀ ਮੁੰਦਾਵਨੀ ਦੀਆਂ ਸੁਰਾਂ ਲਾਂਵਦਾ ਏ
ਪਲਾਸੀ ਨਾਲ ਤਰਾਨਿਆਂ ਠਾਂਸ ਕੇ ਤੇ ਵਾਰਸ ਸ਼ਾਹ ਨੂੰ ਖੜਾ ਸੁਣਾਂਦਾ ਏ

121. ਪੀਰਾਂ ਦਾ ਰਾਂਝੇ ਤੋਂ ਖੁਸ਼ ਹੋਣਾ
ਰਾਜ਼ੀ ਹੋ ਪੰਜਾਂ ਪੀਰਾਂ ਹੁਕਮ ਕੀਤਾ ਬੱਚਾ ਮੰਗ ਲੈ ਦੁਆ ਜੋ ਮੰਗਦੀ ਹੈ
ਅਜੀ ਹੀਰ ਜੱਟੀ ਮੈਨੂੰ ਬਖਸ਼ ਉਠੋ ਰੰਗਨ ਸ਼ੌਕ ਦੇ ਵਿੱਚ ਜੋ ਰੰਗਨੀ ਹੈ
ਤੈਨੂੰ ਲਾਏ ਭਬੂਤ ਮਲੰਗ ਕਰੀਏ ਬੱਚਾ ਓਹ ਵੀ ਤੇਰੀ ਮੰਗਨੀ ਹੈ
ਜਹੇ ਨਾਲ ਰਲੀ ਤੇਹੀ ਹੋ ਜਾਏ ਨੰਗਾਂ ਨਾਲ ਲੜੀਏ ਸੋ ਭੀ ਨੰਗਨੀ ਹੈ
ਵਾਰਸ ਸ਼ਾਹ ਨਾ ਸੇਵੇਂ ਨਾ ਛਡ ਜਾਈ ਘਰ ਮਾਪਿਆਂ ਦੇ ਨਾਹੀਂ ਟੰਗਨੀ ਹੈ

122. ਪੀਰਾਂ ਨੇ ਰਾਂਝੇ ਨੂੰ ਅਸੀਸ ਦੇਣ
ਰਾਂਝੇ ਪੀਰਾਂ ਨੂੰ ਬਹੁਤ ਖੁਸ਼ਹਾਲ ਕੀਤਾ ਦੁਆ ਦਿੱਤੀਆਂ ਨੇ ਜਾ ਹੀਰ ਤੇਰੀ
ਤੇਰੇ ਸਬ ਮਕਸੂਦ ਹੋ ਰਹੇ ਹਾਸਲ ਮਦਦ ਹੋ ਗਏ ਪੰਜੇ ਪੀਰ ਤੇਰੀ
ਜਾ ਗੂੰਜ ਤੂੰ ਵਿੱਚ ਮੰਗਵਾੜ ਬੈਠਾ ਬਖਸ਼ ਲਈ ਹੈ ਸਭ ਤਕਸੀਰ ਤੇਰੀ
ਵਾਰਸ ਸ਼ਾਹ ਮੀਆਂ ਪੀਰਾਂ ਕਾਮਲਾਂ ਨੇ ਕਰ ਛੱਡੀ ਹੈ ਨੇਕ ਤਦਬੀਰ ਤੇਰੀ

123. ਹੀਰ ਰਾਂਝੇ ਦੀ ਮਿੱਠੀ ਨਾਇਨ ਨਾਲ ਸਲਾਹ
ਰਾਂਝੇ ਆਖਿਆ ਆ ਖਾਂ ਬੈਠ ਹੀਰੇ ਕੋਈ ਖੂਬ ਤਦਬੀਰ ਬਣਾਈਏ ਨੀ
ਤੇਰੇ ਮਾਂ ਤੇ ਬਾਪ ਦਿਲਗੀਰ ਹੋਦੇ ਕਿਵੇਂ ਉਨ੍ਹਾਂ ਤੋਂ ਬਾਤ ਛੁਪਾਈਏ ਨੀ
ਮਿੱਠੀ ਨੈਨ ਨੂੰ ਸਦ ਕੇ ਬਾਤ ਗਿਣੀਏ ਜੇ ਤੂੰ ਕਹੇਂ ਤੇਰੇ ਘਰ ਆਈਏ ਨੀ
ਮੈਂ ਸਿਆਲਾਂ ਦੇ ਵਿਹੜੇ ਵੜਾਂ ਨਾਹੀਂ ਸਾਥੇ ਹੀਰ ਨੂੰ ਨਿੱਤ ਪਹੁੰਚਾਈਏ ਨੀ
ਦਿਨੇ ਰਾਤ ਤੇਰੇ ਘਰ ਮੇਲ ਸਾਡਾ ਸਾਡੇ ਸਿਰੀਂ ਅਹਿਸਾਨ ਚੜ੍ਹਾਈਏ ਨੀ
ਹੀਰ ਪੰਜ ਮੁਹਰਾਂ ਦਿੱਤੀਆਂ ਨੇ ਜੀਵੇਂ ਮਿਠੀਅਏ ਡੌਲ ਪਕਾਈਏ ਨੀ
ਕੁੜੀਆਂ ਨਾਲ ਨਾ ਖੋਲਣਾ ਭੇਦ ਮੂਲੇ ਸਭਾ ਜਿਉ ਦੇ ਵਿੱਚ ਲੁਕਾਈਏ ਨੀ
ਵਾਰਸ ਸ਼ਾਹ ਛੁਪਾਈਏ ਖਲਕ ਕੋਲੋਂ ਭਾਵੇ ਆਪਣਾ ਹੀ ਗੁੜ ਖਾਈਏ ਨੀ

124. ਨਾਈਆਂ ਦੇ ਘਰ ਖਬਰ
ਫਲੇ ਕੋਲ ਜਿੱਥੇ ਮੰਗੂ ਬੈਠਦਾ ਸੀ ਓਥੇ ਕੋਲ ਹੈਸੀ ਘਰ ਨਾਈਆਂ ਦਾ
ਮਿੱਠੀ ਨਾਇਨ ਘਰਾਂ ਸੰਦੀ ਖਸਮਣੀ ਸੀ ਨਾਈ ਕੰਮ ਕਰਦੇ ਫਿਰਨ ਸਾਈਆਂ ਦਾ
ਘਰ ਨਾਈਆਂ ਦੇ ਹੁਕਮ ਰਾਂਝਣੇ ਦਾ ਜਿਵੇਂ ਸਾਹੁਰੇ ਘਰੀਂ ਜਵਾਈਆਂ ਦਾ
ਚਾਨ ਭਾਨ ਮੱਠੀ ਫਿਰਨ ਵਾਲਿਆਂ ਦੀ ਬਾਰਾ ਖੁਲਦਾ ਲੇਫ ਤਲਾਈਆਂ ਦਾ
ਮਿੱਝੀ ਸੇਜ ਵਛਾਏ ਕੇ ਫੁਲ ਪੂਰੇ ਉੱਤੇ ਆਂਵਦਾ ਕਦਮ ਖ਼ੁਦਾਈਆ ਦਾ
ਦੋਵੇਂ ਹੀਰ ਰਾਂਝਾ ਰਾਤੀਂ ਕਰਨ ਮੌਜਾਂ ਖੜੀਆਂ ਖਾਣ ਮੱਝੀਂ ਸਿਰ ਸਾਈਆਂ ਦਾ
ਘੜੀ ਰਾਤ ਰਹਿੰਦੇ ਘਰੀਂ ਹੀਰ ਜਾਏ ਰਾਂਝਾ ਭਾਤ ਪੁਛਦਾ ਫਿਰ ਧਾਈਆਂ ਦਾ
ਆਪੇ ਆਪਣੀ ਕਾਰ ਵਿੱਚ ਜਾ ਰੁੱਝਨ ਬੂਹਾ ਫੇਰ ਨਾ ਦੇਖਦੇ ਨਾਈਆਂ ਦਾ

125. ਹੀਰ ਅਤੇ ਸਹੇਲੀਆਂ ਦਾ ਰਾਂਝੇ ਨਾਲ ਖੇਲਣਾ ਮੱਲ੍ਹਣ੍ਣਾ
ਦਿੰਹੁ ਹੋਵੇ ਦੋਪਹਿਰ ਤਾਂ ਆਵੇ ਰਾਂਝਾ ਅਤੇ ਓਧਰੋਂ ਹੀਰ ਭੀ ਆਂਵਦੀ ਹੈ
ਇਹ ਮਹੀਂ ਲਿਆ ਬਹਾਂਵਦਾ ਏ ਓਹ ਨਾਲ ਸਹੇਲੀਆਂ ਲਿਆਂਵਦੀ ਹੈ
ਉਹ ਵੰਝਲੀ ਨਾਲ ਸਰੋਦ ਕਰਦਾ ਇਹ ਨਾਲ ਸਹੇਲੀਆਂ ਗਾਵਦੀ ਹੈ
ਕਾਈ ਜ਼ੁਲਫ ਨਚੋੜਦੀ ਰਾਂਝਨੇ ਤੇ ਕਾਈ ਆਨ ਗਲੇ ਲਾਂਵਦੀ ਹੈ
ਕਾਈ ਚੰਬੜੇ ਲਕ ਨੂੰ ਮੁਸ਼ਕ ਬੋਰੀ ਕਾਈ ਮੁਖ ਨੂੰ ਮੁਖ ਛੋਹਾਂਵਦੀ ਹੈ
ਕਾਹੀ ‘ਮੀਰੀ ਆਂ’ ਆਖ ਕੇ ਭੱਜ ਜਾਂਦੀ ਮਗਰ ਪਵੇ ਤਾਂ ਟੁੱਬੀਆਂ ਲਾਂਵਦੀ ਹੈ
ਕਾਈ ਆਖਦੀ ਮਾਹੀਆ ਮਾਹੀਆ ਵੇ ਤੇਰੀ ਮਝ ਕਟੀ ਕੱਟਾ ਜਾਂਵਦੀ ਹੈ
ਕਾਈ ਮਾਮੜੇ ਦਿਆਂ ਖ਼ਰਬੂਜ਼ਿਆਂ ਨੂੰ ਕੌੜੇ ਬਕਬਕੇ ਚਾ ਬਨਾਂਵਦੀ ਹੈ
ਕਾਈ ਆਖਦੀ ‘ਏਡੀ ਹੈ’ ਰਾਂਝਿਆ ਵੇ ਮਾਰ ਬਾਹਲੀ ਪਾਰ ਨੂੰ ਧਾਵਦੀ ਹੈ
ਕੁੱਤੇ ਤਾਰੀਆਂ ਤਰਨ ਚਵਾ ਕਰਕੇ ਇੱਕ ਛਾਲ ਘੁੜਮ ਦੀ ਲਾਂਵਦੀ ਹੈ
ਮੁਰਦੇ ਤਾਰੀਆਂ ਤਰਲ ਚੌਫਾਲ ਪੈ ਕੇ ਕੋਈ ਨਵਲ ਨਸਲ ਰੁੜ੍ਹੀ ਆਂਵਦੀ ਹੈ
ਇੱਕ ਸ਼ਰਤ ਬੱਧੀ ਟੁਭੀ ਮਾਰ ਜਾਏ ਤੇ ਪਤਾਲ ਦੀ ਮਿਟੜੀ ਲਿਆਂਵਦੀ ਹੈ
ਇੱਕ ਪੈਨ ਤੇ ਕਾਜ਼ ਚਤਰਾਂਗ ਹੋਕੇ ਸੁਰਖਾਬ ਤੇ ਕੂੰਜ ਬਣ ਆਂਵਦੀ ਹੈ
ਇੱਕ ਢੀਂਗ ਮੁਰਗਾਈ ਤੇ ਬਣੇ ਬਗਲਾ ਇੱਕ ਕਲਕਲਾ ਹੋ ਦਖਾਂਵਦੀ ਹੈ
ਇੱਕ ਵਾਂਗ ਕਕੋਹਿਆਂ ਸੰਘ ਟੱਡੇ ਇੱਕ ਊਤ ਦੇ ਵਾਂਗ ਬਲਾਉਂਦੀ ਹੈ
ਔਗਤ ਬੋਲਦੀ ਇੱਕ ਟਟੀਹਰੀ ਹੋਇੱਕ ਸੰਗ ਜਲਕਾਵਨੀ ਆਂਵਦੀ ਹੈ
ਇੱਕ ਲਧਰ ਹੋਇਕੇ ਕੁੜ ਕੁੜਾਵੇ ਇੱਕ ਹੋ ਸੰਸਾਰ ਸ਼ੂਕਾਂਵਦੀ ਹੈ
ਇੱਕ ਦੇ ਪਸਲੇਟੀਆਂ ਹੋ ਬੁਲ੍ਹਨ ਮਸ਼ਕ ਵਾਂਗਰੋ ਓਹ ਫੂਕਾਂਵਦੀ ਹੈ
ਹੀਰ ਤਰੇ ਚੌਤਰਫ ਹੀ ਰਾਂਝਨੇ ਦੇ ਮੋਰੀ ਮਛਲੀ ਬਨ ਬਨ ਆਂਵਦੀ ਹ
ਆਪ ਬਨੇ ਮਛਲੀ ਨਾਲ ਚਾਵੜਾਂ ਦੇ ਮੀਏਂ ਰਾਂਝੇ ਨੂੰ ਕੁਰਲ ਬਣਾਂਵਦੀ ਹੈ
ਏਸ ਤਖ਼ਤ ਹਜ਼ਾਰੇ ਦੇ ਡੰਬੜੇ ਨੂੰ ਰੰਗ ਰੰਗ ਦੀਆਂ ਜਾਲੀਆਂ ਪਾਂਵਦੀ ਹੈ
ਵਾਰਸ ਸ਼ਾਹ ਜੱਟੀ ਨਾਜ਼ ਨਿਆਜ਼ ਕਰਕੇ ਨਿਤ ਯਾਰ ਦਾ ਜਿਊ ਪਰਚਾਂਵਦੀ ਹੈ