ਹੀਰ (ਭਾਗ-5) (ਕਿੱਸਾ ਕਾਵਿ)

ਵਾਰਿਸ ਸ਼ਾਹ   

Address:
ਸ਼ੇਖੂਪੁਰਾ Pakistan
ਵਾਰਿਸ ਸ਼ਾਹ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


126. ਕੈਦੋ ਦਾ ਮਲਕੀ ਕੋਲ ਲੂਤੀਆਂ ਲਾਉਣਾ
ਕੈਦੋ ਆਖਦਾ ਮਲਕੀਹੇ ਭੈੜੀਏ ਨੀ ਤੇਰੀ ਧਿਉ ਵੱਡਾ ਚੈਂਚਰ ਚਇਆ ਈ
ਜਾ ਨਏ ਤੇ ਚਾਕ ਦੇ ਨਾਲ ਘੁਲਦੀ ਏਸ ਮੁਲਕ ਦਾ ਅਰਥ ਗਵਾਇਆ ਈ
ਮਾ ਬਾਪ ਕਾਜ਼ੀ ਸਭੇ ਹਾਰ ਥੱਕੇ ਏਸ ਇੱਕ ਨਾ ਜਿਉ ਤੇ ਲਾਇਆ ਈ
ਮੂੰਹ ਘੁਟ ਰਹੇ ਵਾਲ ਪੁਟ ਰਹੇ ਲਿੰਗ ਕੁਟ ਰਹੇ ਮੈਨੂੰ ਤਾਇਆ ਈ
ਜੰਘ ਜੁਟ ਰਹੇ ਝਾਟਾ ਪੁਟ ਰਹੇ ਅਤੇ ਹੁਣ ਰਹੇ ਗ਼ੈਬ ਚਾਇਆ ਈ
ਲਿਟ ਪੁਟ ਰਹੇ ਤੇ ਨਖੁਟ ਰਹੇ ਅੰਤ ਹੁਟ ਰਹੇ ਲੱਤੀਂ ਜੁਟ ਰਹੇ ਲਟਕਾਇਆ ਈ
ਮਤੀ ਦੇਰਹੇ ਪੀਰ ਸਿਉਂ ਰਹੇ ਪੈਰੀਂ ਪੈ ਰਹੇ ਲੋੜ੍ਹਾ ਆਇਆ ਈ
ਵਾਰਸ ਸ਼ਾਹ ਮੀਆਂ ਸੁੱਤੇ ਮੁਆਮਲੇ ਨੂੰ ਲੰਙੇ ਰਿਛ ਨੇ ਮੋੜ ਜਗਾਇਆ ਈ

127. ਮਲਕੀ ਦਾ ਉੱਤਰ
ਮਲਕੀ ਆਖਦੀ ਸੱਦ ਤੂੰ ਹੀਰ ਤਾਈ ਝਬ ਹੋ ਤੂੰ ਔਲੀਆ ਨਾਈਆ ਵੇ
ਅਲਫੂ ਮੋਚੀਆ ਮੌਜਮਾ ਵਾਗੀਆ ਵੇ ਧੱਦੀ ਮਾਛੀਆ ਭਜ ਤੂੰ ਭਾਈਆ ਵੇ
ਖੇਡਨ ਗਈ ਮੂੰਹ ਸੋਝਲੇ ਘਰੋਂ ਨਿਕਲੀ ਨਿੰਮਾ ਸ਼ਾਮ ਹੋਈ ਨਹੀਂ ਆਈਆ ਵੇ
ਵਾਰਸ ਸ਼ਾਹ ਮਾਈ ਹੀਰ ਨਹੀਂ ਆਈ ਮੋਹਰ ਮੰਗੂਆਂ ਦੀ ਘਰੀਂ ਆਈਆ ਵੇ

128. ਹੀਰ ਨੂੰ ਸੱਦਣ ਲਈ ਬੰਦੇ ਦੌੜੇ
ਝੰਗੜ ਡੂਮ ਤੇ ਫੱਤੂ ਕਲਾਲ ਦੌੜੇ ਬੇਲਾ ਚੂਹੜਾ ਤੇ ਝੰਡੀ ਚਾਕ ਮੀਆਂ
ਜਾ ਹੀਰ ਅੱਗੇ ਧੁਮ ਘਤਿਆ ਨੇ ਬੱਚਾ ਕੇਹੀ ਉਡਾਈ ਆ ਖਾਕ ਮੀਆਂ
ਤੇਰੀ ਮਾਂਉਂ ਤੇਰੇ ਉਤੇ ਬਹੁਤ ਗੁੱਸੇ ਜਾਨੋਂ ਮਾਰ ਸੀ ਚੂਚਕਾ ਵਾਹਕ ਮੀਆ
ਰਾਂਝਾ ਜਾਹ ਤੇਰੇ ਸਿਰ ਆਣ ਬਣੀਆਂ ਨਾਲੇ ਆਖਦੇ ਮਾਰੀਏ ਚਾਕ ਮੀਆਂ
ਸਿਆਲ ਘੇਰ ਨਗਰ ਪੌਂਣ ਕੁੱਦ ਤੈਨੂੰ ਗਿਣੇਂ ਆਪ ਨੂੰ ਬਹੁਤ ਚਲਾਕ ਮੀਆਂ
ਤੋਤਾ ਅੰਬ ਦੀ ਡਾਲ ਤੇ ਕਰੇ ਮੌਜਾਂ ਤੇ ਗੁਲੇਲੜਾ ਪੌਸ ਪਟਾਕ ਮੀਆਂ
ਅੱਜ ਸਿਆਲਾਂ ਨੇ ਚੁੱਲ੍ਹੀਂ ਨਾ ਅੱਗ ਘੱਤੀ ਸਾਰਾ ਕੋੜਮਾ ਬਹੁਤ ਗੰਮਨਾਕ ਮੀਆਂ
ਵਾਰਸ ਸ਼ਾਹ ਯਤੀਮ ਦੇ ਮਾਰਨੇ ਨੂੰ ਸਭਾ ਜੁੜੀ ਚਨ੍ਹਾ ਦੀ ਧਾਕ ਮੀਆਂ

129. ਹੀਰ ਦਾ ਆਉਣਾ ਤੇ ਮਾਂ ਨੂੰ ਸਲਾਮ
ਹੀਰ ਮਾਂ ਨੂੰ ਆਣ ਸਲਾਮ ਕੀਤਾ ਮਾਉਂ ਆਦੀ ਆ ਨੀ ਨਹਿਰੀਏ ਨੀ
ਯਰੋਲੀਏ ਗੋਲੀਏ ਬੇਹਿਆਏ ਘੁੰਢ ਵੀਨੀਏ ਤੇ ਗੁਲ ਪਹਿਰੀਏ ਨੀ
ਉਧਲਾਕ ਟੂੰਬੇ ਅਤੇ ਕੁੜਮੀਏ ਨੀ ਛਲਛਿਦੱਰੀਏ ਤੇ ਛਾਈਂ ਜਹਿਰੀਏ ਨੀ
ਗੋਲਾ ਦਿੰਗੀਏ ਉਜ਼ਬਕੇ ਮਾਲਜ਼ਾਦੇ ਗੁੱਸੇ ਮਾਰੀਏ ਜ਼ਹਿਰ ਦੀਏ ਜ਼ਹਿਰੀਏ ਨੀ
ਤੂੰ ਅਕਾਇਕੇ ਸਾੜ ਕੇ ਲੋੜ੍ਹ ਦਿੱਤਾ ਲਿੰਗ ਘੜੂੰਗੀ ਨਾਲ ਮੁਤਹਿਰੀਏ ਨੀ
ਆ ਆਖਨੀ ਹੋਂ ਟਲ ਜਾ ਚਠੇ ਮਹਿਰ ਰਾਂਝੇ ਦੇ ਨਾਲ ਦੀਏ ਮਹਿਰੀਏ ਨੀ
ਸਾਨ੍ਹਾਂ ਨਾਲ ਰਹੇਂ ਦਿਹੁੰ ਰਾਤ ਖਹਿੰਦੀ ਆ ਟਲੇਂ ਨੀ ਕੁੱਤਏ ਵਹਿਰੀਏ ਨੀ
ਅੱਜ ਰਾਤ ਤੈਨੂੰ ਮਝੋ ਵਾਹ ਡੋਬਾਂ ਤੇਰੀ ਸਾਇਤ ਆਂਵਦੀ ਕਹਿਰੀਏ ਨੀ
ਵਾਰਸ ਸ਼ਾਹ ਤੈਨੂੰ ਕੱਪੜ ਧੜੀ ਹੋਸੀ ਵੇਖੀਂ ਨੀਲ ਡਾਂਡਾਂ ਅਤੇ ਲਹਿਰੀਏ ਨੀ

130. ਹੀਰ ਦਾ ਉੱਤਰ
ਅੰਮਾਂ ਚਾਕ ਬੇਲੇਅਸੀਂ ਪੀਂਘ ਪੀਂਘ ਕੈਸੇ ਗ਼ੈਬ ਦੇ ਤੂਤੀਏ ਬੋਲਨੀ ਹੈਂ
ਗੰਦਾ ਬਹੁਤ ਮਲੂਕ੍ਹ ਮੂੰਹ ਝੂਠੜੇ ਦਾ ਐਡਾ ਪਹਾੜ ਕਿਉਂ ਤੋਲਨੀ ਹੈਂ
ਸ਼ੁਅਲਾ ਨਾਲ ਗੁਲਾਬ ਤਿਆਰ ਕੀਤਾ ਵਿੱਚ ਪਿਆਜ਼ ਕਿਊਂ ਝੂਠ ਦਾ ਘੋਲਨੀ ਹੈਂ
ਗੱਦਾ ਕਿਸੇ ਦੀ ਨਹੀਂ ਚੁਰਾ ਆਂਦੀ ਦਾਨੀ ਹੋਇਕੇ ਗ਼ੈਬ ਕਿਉਂ ਬੋਲਨੀ ਹੈਂ
ਅਨਸੁਣਿਆਂ ਨੂੰ ਚਾ ਸੁਨਾਇਆ ਈ ਮੋਏ ਨਾਗ ਵਾਂਗੂੰ ਵਿਸ ਘੋਲਨੀ ਹੈਂ
ਵਾਰਸ ਸ਼ਾਹ ਗੁਨਾਹਹ ਕੀ ਅਸਾਂ ਕੀਤਾ ਏਡੇ ਗ਼ੈਬ ਤੂਫਾਨ ਕਿਉਂ ਤੋਲਨੀ ਹੈਂ

131. ਮਾਂ ਦਾ ਉੱਤਰ
ਸੜੇ ਲੇਖ ਸਾਡੇ ਕੱਜ ਪਏ ਤੇਨੂੰ ਵੱਡੀ ਸੋਹਣੀ ਧੀਉ ਨੂੰ ਲੀਕ ਲੱਗੀ
ਨਿਤ ਕਰੇਂ ਤੌਬਾ ਨਿਕ ਕਰੇਂ ਯਾਰੀ ਨਿਤ ਕਰੇਂ ਪਾਖੰਡ ਤੇ ਵੱਡੀ ਠੱਗੀ
ਅਸੀਂ ਮਨ੍ਹਾ ਕਰ ਰਹੇ ਹਾਂ ਮੁੜੀ ਨਾਹੀਂ ਤੈਨੂੰ ਕਿਸੇ ਫਕੀਰ ਦੀ ਕੇਹੀ ਵੱਗੀ
ਵਾਰਸ ਸ਼ਾਹ ਇਹ ਦੁਧ ਤੇ ਖੰਡ ਖਾਦੀ ਮਾਰੀ ਫਿਟਕ ਦੀ ਗਈ ਜੇ ਹੋ ਬੱਗੀ

132. ਉੱਤਰ ਹੀਰ
ਅੰਮਾਂ ਬਸ ਕਰ ਗਾਲੀਆਂ ਦੇ ਨਾਹੀਂ ਗਾਲੀ ਦਿੱਤੀਆਂ ਵੱਡੜਾ ਪਾਪ ਆਵੇ
ਨਿਊ ਰਬ ਦੀ ਪਟਨੀ ਖਰੀ ਔਖੀ ਧੀਆਂ ਮਾਰਿਆਂ ਵੱਡਾ ਸਰਾਪ ਆਵੇ
ਲੈ ਜਾਏ ਮੈਂ ਭੱਈੜਾਂ ਪਿਟਨੀ ਨੂੰ ਕੋਈ ਗ਼ੈਬ ਦਾ ਸੂਲ ਜਾਂ ਤਾਪ ਆਵੇ
ਵਾਰਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ

133. ਕੈਦੋ ਦਾ ਖਲਜਗਨ
ਕੈਦੋ ਆਇਕੇ ਆਖਦਾ ਸੌਹਰਿਉ ਵੋ ਮੈਥੋਂ ਕੌਣ ਚੰਗਾ ਮੱਤ ਦੇਸਿਆ ਓ
ਮਹੀਂ ਮੋਹੀਆਂ ਤੇ ਨਾਲੇ ਸਿਆਲ ਮੁਠੇ ਅੱਜ ਕਲ ਵਿਗਾੜ ਕਰੇਸਿਆ ਓ
ਇਹ ਨਿਤ ਦਾ ਪਿਆਰ ਨਾ ਜਾਏ ਖਾਲੀ ਪਿੰਜ ਗੱਡ ਦਾ ਪਾਸ ਨਾ ਵੇਸਿਆ ਓ
ਸੱਥੋਂ ਮਾਰ ਸਿਆਲਾਂ ਨੇ ਗੱਲ ਟਾਲੀ ਪਰ੍ਹਾ ਛੱਡ ਝੈੜਾ ਬਹੁ ਭੇਸਿਆ ਓ
ਰਗ ਇੱਕ ਵਧੀਕ ਹੈ ਲੰਙਿਆਂ ਦੀ ਕਿਰਤਘਨ ਫਰਫੇਜ ਮਲਖੇਸਿਆਂ ਓ

134. ਉਹੀ ਚਾਲੂ
ਕੋਈ ਰੋਜ਼ ਨੂੰ ਮੁਲਕ ਮਸ਼ਹੂਰ ਹੋਸੀ ਚੋਰੀ ਯਾਰੀ ਹੈ ਐਬ ਕਵਾਰੀਆਂ ਨੂੰ
ਜਿਨ੍ਹਾਂ ਬਾਨ ਹੈ ਨੱਚਨੇ ਕੁਦਨੇ ਦੀ ਰੱਖੇ ਕੌਣ ਰੰਨਾ ਹਰਪਿਆਰੀਆਂ ਨੂੰ
ਏਸ ਪਾ ਭੁਲਾਵੜਾ ਠਗ ਲੀਤੇ ਕੰਮ ਪਹੁੰਚਸੀ ਬਹੁਤ ਖੁਆਰੀਆਂ ਨੂੰ
ਜਦੋਂ ਚਾਕ ਉਧਾਲ ਲੈਜਾਗ ਨਢੀ ਤਦੋਂ ਝੂਰ ਸਾਂ ਬਾਜ਼ੀਆਂ ਹਾਰੀਆਂ ਨੂੰ
ਵਾਰਸ ਸ਼ਾਹ ਮੀਆਂ ਜਿਨ੍ਹਾਂ ਲਾਈਆਂ ਨੀ ਸਈ ਜਾਨਦੇ ਦਾਰੀਆਂ ਯਾਰੀਆਂ ਨੂੰ

135. ਹੀਰ ਨੂੰ ਸਹੇਲੀਆਂ ਨੇ ਕੈਦੋ ਬਾਬਤ ਜਾ ਦੱਸਣਾ
ਕਿੱਸਾ ਹੀਰ ਨੂੰ ਤੁਰਤ ਸਹੇਲੀਆਂ ਨੇ ਜਾ ਕੰਨ ਦੇ ਵਿੱਚ ਸੁਨਾਇਆ ਈ
ਤੈਨੂੰ ਮਿਹਣਾ ਚਾਕ ਦਾ ਦੇ ਕੈਦੋ ਵਿੱਚ ਪਰ੍ਹੇ ਦੇ ਸ਼ੋਰ ਮਚਾਇਆ ਈ
ਵਾਂਗ ਢੋਲ ਹਰਾਮ ਸ਼ੈਤਾਨ ਦੇ ਨੀ ਡਗਾ ਵਿੱਓ ਬਾਜ਼ਾਰ ਦੇ ਲਾਇਆ ਈ
ਇਹ ਗੱਲ ਜੇ ਜਾਇਸੀ ਅੱਜ ਖਾਲੀ ਤਨੇ ਹੀਰ ਕਿਉਂ ਨਾਉਂ ਸਦਾਇਆ ਈ
ਕਰ ਛੱਡਨੀ ਏਸ ਦੇ ਨਾਲ ਏਹੀ ਸੁਣੇ ਦੇਸ ਜੋ ਕੀਤੀ ਪਾਇਆ ਈ
ਵਾਰਸ ਸ਼ਾਹ ਅਪਰਾਧ ਦੀਆਂ ਰਹਿਣ ਜੁੜੀਆਂ ਲੰਙੇ ਰਿਛ ਨੇ ਮੁਆਮਲਾ ਚਾਇਆ ਈ

136. ਹੀਰ ਦਾ ਸਹੇਲੀਆਂ ਨੂੰ ਉੁੱੱਤਰ
ਹੀਰ ਆਖਿਆ ਵਾੜ ਕੇ ਫਲੇ ਅੰਦਰ ਗਲ ਪਾ ਰੱਸਾ ਮੂੰਹ ਘੁਟ ਘੱਤੋ
ਲੈ ਕੇ ਕੁਤਕੇ ਤੇ ਕੁਢਣ ਮਾਛੀਆਂ ਦੇ ਧੜਾ ਧੜ ਹੀ ਮਾਰ ਕੇ ਕੁਟ ਘੱਤੋ
ਟੰਗੋਂ ਪਕੜ ਕੇ ਲੱਕ ਵਿੱਚ ਪਾ ਜੱਫੀ ਕਿਸੇ ਟੋਭੜੇ ਦੇ ਵਿੱਚ ਸੁਟ ਘੱਤੋ
ਮਾਰ ਏਸ ਨੂੰ ਲਇਕੇ ਅੱਗ ਝੁੱਗੀ ਸਾੜ ਬਾਲ ਕੇ ਚੀਜ਼ ਸਭ ਲੁਟ ਘੱਤੋ
ਵਾਰਸ ਸ਼ਾਹ ਮੀਆਂ ਦਾੜ੍ਹੀ ਭਿਨੜੀ ਦਾ ਜੋ ਕੋ ਵਾਲ ਦਿਸੇ ਸਭੋ ਪੁਟ ਘੱਤੋ

137. ਹੀਰ ਦਾ ਸਹੇਲੀਆਂ ਨਾਲ ਰਲ ਕੈਦੋ ਨੂੰ ਚੰਡਨ ਦੀ ਸਲਾਹ
ਸਈਆ ਨਾਲ ਰਲ ਕੇ ਹੀਰ ਮਤਾ ਕੀਤਾ ਖਿੰਡ ਫੁਟਕੇ ਗਲੀਆਂ ਮੱਲੀਆਂ ਨੇ
ਕੈਦੋ ਆਣ ਵੜਿਆ ਜਦੋਂ ਫਲੇ ਅੰਦਰ ਖਬਰਾਂ ਤੁਰਤ ਹੀ ਹੀਰ ਥੇ ਘੱਲੀਆਂ ਨੇ
ਹੱਥੀਂ ਪਕੜ ਕਾਨੀਆਂ ਵਾਂਗ ਸ਼ਾਹ ਪਰੀਆਂ ਗੁੱਸਾ ਖਾਇਕੇ ਸਾਰੀਆਂ ਚਲੀਆਂ ਨੇ
ਕੈਦੋ ਘੇਰ ਜਿਉਂ ਗਧਾ ਘਮਿਆਰ ਪਕੜੇ ਲਾਹ ਸੇਲ੍ਹੀਆਂ ਪਕੜ ਪਥੱਲੀਆਂ ਨੇ
ਘਾੜ ਘੜਨ ਠਠਿਆਰ ਜਿਵੇਂ ਪੌਣ ਧਮਕਾਂ ਧਾਈਂ ਛੜਦੀਆਂ ਮੁਹਲੀਆਂ ਚੱਲੀਆਂ ਨੇ।

138. ਪਹਿਲਾ ਚਾਲੂ
ਗਲ ਪਾਇਕੇ ਸੇਲ੍ਹੀਆਂ ਪਾ ਟੋਪੀ ਪਾੜ ਜੁੱਲੀਆਂ ਸੰਘ ਨੂੰ ਘੁਟਿਉ ਨੇ
ਭੰਨ ਦੌੜ ਤੇ ਕੁਟਕੇ ਛੜਨ ਲੱਤੀਂ ਰੋੜ੍ਹ ਵਿੱਚ ਖੜਲ ਦੇ ਸੁਟਿਉ ਨੇ
ਝੰਝੋੜ ਸਿਰ ਤੋੜ ਕੇ ਘਤ ਮੂਧਾ ਲਾਂਗੜ ਪਾੜ ਕੇ ਧੜਾ ਧੜ ਕਟਿਉ ਨੇ
ਵਾਰਸ ਸ਼ਾਹ ਦਾੜ੍ਹੀ ਪੁਟ ਪਾੜ ਲਾਂਗੜ ਏਹ ਅਖੱਟੜਾ ਹੀ ਚਾ ਖੁਟਿਓ ਨੋ

139. ਓਹੀ ਚਾਲੂ
ਹਿਕ ਮਾਰ ਲੱਤਾਂ ਦੂਈ ਲਾ ਛਮਕਾਂ ਤ੍ਰੀਈ ਨਾਲ ਚਟਾਕਿਆਂ ਮਾਰਦੀ ਹੈ
ਕੋਈ ਇੱਟ ਵੱਟਾ ਜੁੱਤੀ ਢੀਮ ਪੱਥਰ ਕੋਈ ਪਕੜ ਕੇ ਧੌਣ ਭੋਏਂ ਮਾਰਦੀ ਹੈ
ਕੋਈ ਪੁਟ ਦਾੜ੍ਹੀ ਦੁੱਬਰ ਵਿੱਚ ਦੇਂਦੀ ਕੋਈ ਡੰਡਕਾ ਵਿੱਚ ਗੁਜ਼ਾਰਦੀ ਹੈ
ਚੋਰ ਮਾਰੀਦਾ ਵੇਖੀਏ ਚਲੋ ਸਾਧੋ ਵਾਰਸ ਸ਼ਾਹ ਜ਼ਬਤ ਸਰਕਾਰ ਦੀ ਹੈ

140. ਕੈਦੋ ਕੁੜੀਆਂ ਨਾਲ ਉਲਝਿਆ
ਪਾੜ ਚੁੰਨੀਆਂ ਸੁੱਥਣਾਂ ਕੁੜਤੀਆਂ ਨੂੰ ਚੱਕ ਵੱਢ ਕੇ ਚੀਕਦਾ ਚੋਰ ਵਾਂਗੂੰ
ਵਤੇ ਫਿਰਨ ਪਰਵਾਰ ਜਿਵੇਂ ਚੰਨ ਦਵਾਲੇ ਗਿਰਦ ਪਾਇਲਾਂ ਪਾਉਂਦਿਆਂ ਮੋਰ ਵਾਂਗੂੰ
ਸ਼ਾਹੂਕਾਰ ਦਾ ਮਾਲ ਜਿਉਂ ਵਿੱਚ ਕੋਟਾਂ ਦਵਾਲੇ ਚੌਂਕੀਆਂ ਫਿਰਨ ਲਾਹੌਰ ਵਾਂਗੂੰ
ਵਾਰਸ ਸ਼ਾਹ ਅੰਗਿਆਰਿਆਂ ਭਖਦੀਆਂ, ਉਸ ਦੀ ਪ੍ਰੀਤ ਹੈ ਚੰਦ ਚਕੋਰ ਵਾਂਗੂੰ

141. ਕੈਦੋ ਦੀ ਝੁੱੱਗੀ ਸਾੜਨੀ
ਉਹਨੂੰ ਫਾਟ ਕੇ ਕੁਟ ਚਕਚੂਰ ਕੀਤਾ ਸਿਆਲੀਂ ਲਾਇਕੇ ਪਾਸਨਾ ਧਾਈਆਂ ਨੀ
ਹੱਥੀਂ ਬਾਲ ਮਵਾਤੜੇ ਕਾਹ ਕਾਨੇਂ ਵੱਡੇ ਭਾਂਬੜੇ ਬਾਲ ਲੈ ਆਈਆਂ ਨੇ
ਝੁੱਘੀ ਸਾੜ ਕੇ ਭਾਂਡੜੇ ਭੰਨ ਸਾਰੇ ਕੁੱਕੜ ਕੁੱਤਿਆਂ ਚਾ ਭਜਾਈਆਂ ਨੇ
ਫੌਜ਼ਾਂ ਸ਼ਾਹ ਦੀਆਂ ਵਾਰਸਾ ਮਾਰ ਮਥਰਾ ਢੋ ਫੇਰ ਲਾਹੌਰ ਨੂੰ ਆਈਆਂ ਨੇ

142. ਕੈਦੋ ਦਾ ਫਰਿਆਦ ਲਾਉਣਾ
ਕੈਦੋ ਲਿੱਥੜੇ ਪੁਥੜੇ ਖੂਨ ਵਹਿੰਦੇ ਕੂਕੇ ਬਾਹੁੜੀ ਤੇ ਫਰਿਆਦ ਮੀਆਂ
ਮੈਨੂੰ ਮਾਰ ਕੇ ਹੀਰ ਨੇ ਚੂਰ ਕੀਤਾ ਪੈਂਚੋ ਪਿੰਡ ਦਿਉ, ਦਿਉ ਖਾਂ ਦਾਦ ਮੀਆਂ
ਕਫਨੀ ਪਾੜ ਬਾਦਸ਼ਾਹ ਥੇ ਜਾ ਕੂਕਾਂ ਮੈਂ ਤਾਂ ਪੁਟ ਸੁਟਾਂ ਬਨਿਆਦ ਮੀਆਂ
ਮੈਂ ਤਾਂ ਬੋਲਣੋਂ ਮਾਰਿਆ ਸੱਚ ਪਿੱਛੇ ਸ਼ੀਰੀਂ ਮਾਰਿਆ ਜਿਵੇਂ ਫਰਹਾਦ ਮੀਆਂ
ਚਲੋ ਝਗੜੀਏ ਬੈਠ ਕੇ ਪਾਸ ਕਾਜ਼ੀ ਏਹ ਗੱਲ ਨਾ ਜਾਣੇ ਬਰਬਾਦ ਮੀਆਂ
ਵਾਰਸ ਅਹਿਮਕਾਂ ਨੂੰ ਬਿਨਾ ਫਾਟ ਖਾਧੇ ਨਹੀਂ ਆਵੰਦਾ ਇਸ਼ਕ ਦਾ ਸਾਦ ਮੀਆਂ

143. ਚੂਚਕ ਦਾ ਕੈਦੋਂ ਨੂੰ ਉੱਤਰ
ਚੂਚਕ ਆਖਿਆ ਲੰਙਿਆ ਜਾ ਸਾਥੋਂ ਤੈਨੂੰ ਵੱਲ ਹੈ ਝਗੜਿਆਂ ਝੇੜਿਆਂ ਦਾ
ਸਰਦਾਰ ਹੈਂ ਚੋਰ ਉਚੱਕਿਆਂ ਦਾ ਸੂੰਹਾ ਬੈਠਾ ਹੈਂ ਸਾਹਈਆਂ ਫੇੜਿਆਂ ਦਾ
ਤੈਨੂੰ ਵੈਰ ਹੈ ਨਾਲ ਅਨਜਾਨਿਆਂ ਦੇ ਤੇ ਵੱਲ ਹੈ ਦੱਬ ਦਰੇੜਿਆਂ ਦਾ
ਆਪ ਛੇੜ ਕੇ ਪਿੱਛੋਂ ਦੀ ਫਿਰਨ ਰੋਂਦੇ ਇਹੋ ਚੱਜ ਜਿਹੇ ਮਾਹਨੂੰ ਭੈੜਿਆਂ ਦਾ
ਵਾਰਸ ਸ਼ਾਹ ਅਬਲੀਸ ਦੀ ਸ਼ਕਲ ਕੈਦੋ ਏਹੋ ਮੂਲ ਹੈ ਸਭ ਬਖੇੜਿਆਂ ਦਾ

144. ਕੈਦੋ ਨੇ ਆਪਣੀ ਹਾਲਤ ਦੱਸਣਾ
ਮੈਨੂੰ ਮਾਰ ਕੇ ਉਧਲਾਂ ਮੁੰਜ ਕੀਤਾ ਝੁੱਘੀ ਲਾ ਮਵਾਤੜੇ ਸਾੜਿਆ ਨੇ
ਦੌਰ ਭੰਨ ਕੇ ਕੁਤਕੇ ਸਾੜ ਮੇਰੇ ਪੈਵੰਦ ਜੁੱਲੀਆਂ ਫੋਲ ਕੇ ਪਾੜਿਆ ਨੇ
ਕੁੱਕੜ ਕੁੱਤਿਆਂ ਭੰਗ ਅਫੀਮ ਲੁੱਟੀ ਮੇਰੀ ਬਾਂਉਨੀ ਚਾ ਉਜਾੜਿਆ ਨੇ
ਧੜਵੈਲ ਧਾੜੇ ਮਾਰ ਲੁੱਟਣ ਮੇਰਾ ਦੇਸ ਲੁਟਿਆ ਏਨਾਂ ਲਾੜ੍ਹਿਆ ਨੇ

145. ਸਿਆਲਾਂ ਦਾ ਉੱਤਰ
ਝੂਠੀਆਂ ਸੱਚੀਆਂ ਚੁਗਲੀਆਂ ਮੇਲ ਕੇ ਤੇ ਘਰੋਂ ਘਰੀਂ ਤੂੰ ਲੂਤੀਆਂ ਲਾਵਨਾ ਹੈਂ
ਪਿਉ ਪੁੱਤਰਾਂ ਤੋਂ ਯਾਰ ਯਾਰ ਕੋਲੋਂ ਮਾਵਾਂ ਧੀਆਂ ਨੂੰ ਪਾੜ ਵਖਾਵਨਾਂ ਹੈਂ
ਤੈਨੂੰ ਬਾਣ ਹੈ ਬੁਰਾ ਕਮਾਵਨੇ ਦੀ ਐਵੇਂ ਟੱਕਰਾਂ ਪਿਆ ਲੜਾਵਨਾ ਹੈਂ
ਪਰ੍ਹਾਂ ਜਾ ਜੱਟਾ ਪਿੱਛਾ ਛਡ ਸਾਡਾ ਐਵੇਂ ਕਾਸ ਨੂੰ ਪਿਆ ਅਕਾਵਨਾ ਹੈਂ
ਧਰੋਹੀ ਰਬ ਦੀ ਨਿਆਉਂ ਕਮਾਉ ਪੈਂਚੋ ਭਰੇ ਦੇਸ ’ਚ ਫਾਟਿਆ ਕੁਟਿਆ ਹਾਂ
ਮੁਰਸ਼ਦ ਬਖਸ਼ਿਆ ਸੀ ਠੂਠਾ ਭੰਨਿਆ ਨੇ ਧੁਰੋਂ ਜੜਾਂ ਥੀਂ ਲਾ ਮੈਂ ਪੁਟਿਆ ਹਾਂ
ਮੈਂ ਮਾਰਿਆ ਦੇਖਦੇ ਮੁਲਕ ਸਾਰੇ ਧਰੂਹ ਕਰੰਗ ਮੋਏ ਵਾਂਗੂੰ ਸੁਟਿਆ ਹਾਂ
ਹੱਡ ਗੋਡਨੇ ਭੰਨ ਕੇ ਚੂਰ ਕੀਤੇ ਅੜੀਵਾਰ ਗੱਦੋਂ ਵਾਂਗ ਕੁੱਟਿਆ ਹਾਂ
ਵਾਰਸ ਸ਼ਾਹ ਮੀਆਂ ਵੱਡਾ ਗ਼ਜ਼ਬ ਹੋਇਆ ਰੋ ਰੋਹਿਕੇ ਬਹੁਤ ਨਖੁਟਿਆ ਹਾਂ

147. ਸਿਆਲਾਂ ਨੇ ਕੁੜੀਆਂ ਤੋਂ ਪੁਛਣਾ
ਕੁੜੀਆਂ ਸਦ ਕੇ ਪੈਂਚਾਂ ਨੇ ਪੁੱਛ ਕੀਤੀ ਲੰਙਾ ਕਾਸ ਨੂੰ ਢਾਹ ਕੇ ਮਾਰਿਆ ਜੇ
ਐਵੇਂ ਬਾਝ ਤਕਸੀਰ ਗੁਨਾਹ ਮਾਰਿਆ ਇੱਕੇ ਕੋਈ ਗੁਨਾਹ ਨਿਤਾਰਿਆ ਜੇ
ਹਾਲ ਹਾਲ ਕਰੇ ਪਰ੍ਹੇ ਵਿੱਚ ਬੈਠਾ ਏਡਾ ਕਹਿਰ ਤੇ ਖੂਨ ਗੁਜ਼ਾਰਿਆ ਜੇ
ਕਹੋ ਕੌਣ ਤਕਸੀਰ ਫਕੀਰ ਅੰਦਰ ਫੜੇ ਚੋਰ ਵਾਂਗੂੰ ਘੁਟ ਮਾਰਿਆ ਜੇ
ਝੁੱਘੀ ਸਾੜ ਕੇ ਮਾਰ ਕੇ ਭੰਨ ਭਾਂਡੇ ਏਸ ਫਕਰ ਨੂੰ ਮਾਰ ਉਤਾਰਿਆ ਜੇ
ਵਾਰਸ ਸ਼ਾਹ ਮੀਆਂ ਪੁੱਛੇ ਲੜਕੀਆਂ ਨੂੰ ਅੱਗ ਲਾ ਫਕੀਰ ਕਿਉਂ ਸਾੜਿਆ ਜੇ

148. ਕੁੜੀਆਂ ਦਾ ਉੱਤਰ
ਮੂੰਹ ਉਂਗਲਾਂ ਘਤ ਕੇ ਕਹਿਨ ਸਭੇ ਕਾਰੇ ਕਰਨ ਥੀਂ ਇਹ ਨਾ ਸੰਗਦਾ ਏ
ਸਾਡੀ ਮੱਮੀਆਂ ਟੋਹੰਦਾ ਤੌੜ ਗੱਲ੍ਹਾਂ ਪਿੱਛੇ ਪਿੱਛੇ ਹੋਇਕੇ ਸੁੱਥਨਾਂ ਸੁੰਗਦਾ ਏ
ਸਾਨੂੰ ਕੱਟੀਆਂ ਕਰੇ ਤੇ ਆਪ ਪਿੱਛੋਂ ਸਾਨ੍ਹ ਹੋੰਿeਕੇ ਟੱਪਦਾ ਰਿੰਗਦਾ ਏ
ਨਾਲੇ ਬੰਨ੍ਹ ਕੇਜੋਗ ਨੂੰ ਜੋ ਦਿੰਦਾ ਗੁੱਤਾਂ ਬਨ੍ਹ ਕੇ ਖਿਚਦਾ ਤੰਗਦਾ ਏ
ਤੇੜੋਂ ਲਾਹ ਕਹਾਈ ਵਤੇ ਫਿਰੇ ਭੌਂਦਾ ਭੌਂ ਭੌਂ ਮੂਤਦਾ ਤੇ ਨਾਲ ਠੁੰਗਦਾ ਏ
ਵਾਰਸ ਸ਼ਾਹ ਉਜਾੜ ਵਿੱਚ ਜਾਇਕੇ ਤੇ ਫਲਗਣਾਂ ਅਸਾਡੀਆਂ ਸੁੰਘਦਾ ਏ

149. ਸਿਆਲਾਂ ਦਾ ਕੁੜੀਆਂ ਨੂੰ ਉੁੱੱਤਰ
ਉਹ ਆਖਦਾ ਮਾਰ ਗਵਾ ਦਿੱਤਾ ਹੱਡ ਗੋਡੜੇ ਭੰਨ ਕੇ ਚੂਰ ਕੀਤੇ
ਝੁੱਘੀ ਸਾੜ ਭਾਂਡੇ ਭੰਨ ਖੋਹ ਦਾੜ੍ਹੀ ਲਾਹ ਭਾਗ ਪਟੇ ਪੁਟ ਦੂਰ ਕੀਤੇ
ਟੰਗੋਂ ਪਕੜ ਘਸੀਟ ਕੇ ਵਿੱਚ ਖਾਈ ਤੁਸਾਂ ਮਾਰ ਕੇ ਖਲਕ ਹਜ਼ੂਰ ਕੀਤੇ
ਵਾਰਸ ਸ਼ਾਹ ਗੁਨਾਹ ਥੋਂ ਪਕੜ ਕਾਫਰ ਹੱਡ ਪੈਰ ਮਲਾਇਕਾਂ ਚੂਰ ਕੀਤੇ।

150. ਕੁੜੀਆਂ ਦਾ ਉੱਤਰ
ਵਾਰ ਘੱਤਿਆ ਕੌਣ ਬਲਾ ਕੁੱਤਾ ਧਿਰਕਾਰ ਕੇ ਪਰ੍ਹਾਂ ਨਾ ਮਾਰਦੇ ਹੋ
ਅਸਾਂ ਭੱਈੜੇ ਪਿੱਟੀਆਂ ਹਥ ਲਾਇਆ ਤੁਸੀਂ ਏਨੀ ਗੱਲ ਨਾ ਸਾਰਦੇ ਹੋ
ਫਰਫੇਜੀਆਂ ਮਕਰਿਆਂ ਠਕਰਿਆਂ ਨੂੰ ਮੂੰਹ ਲਾਇਕੇ ਚਾ ਵਿਗਾੜਦੇ ਹੋ
ਮੁੱਠੀ ਮੁੱਠੀ ਹਾਂ ਏਡਾ ਅਪਰਾਧ ਪੌਂਦੇ ਧੀਆਂ ਸੱਦ ਕੇ ਪਰ੍ਹੇ ਵਿੱਚ ਮਾਰਦੇ ਹੋ
ਇਹ ਲੁੱਚ ਮੁਸ਼ਟੰਡੜਾ ਅਸੀਂ ਕੁੜੀਆਂ ਇਹੇ ਸੱਚ ਤੇ ਝੂਠ ਨਿਤਾਰਦੇ ਹੋ
ਪੁਰਸ਼ ਹੋਇਕੇ ਨੱਢੀਆਂ ਨਾਲ ਘੁਲਦਾ ਤੁਸਾਂ ਗੱਲ ਕੀ ਚਾ ਨਿਘਾਰਦੇ ਹੋ
ਵਾਰਸ ਸ਼ਾਹ ਮੀਆਂ ਮਰਦ ਸਦਾ ਝੂਠੇ ਰੰਨਾ ਸੱਚੀਆਂ ਸੱਚ ਕੀ ਤਾਰਦੇ ਹੋ

151. ਕੈਦੋ ਦਾ ਫਰਿਆਦ ਕਰਨਾ
ਕੈਦੋ ਬਾਹੁੜੀ ਤੇ ਫਰਿਆਦ ਕੂਕੇ ਧੀਆਂ ਵਾਲਿਉ ਕਰੋ ਨਿਆਂਉ ਮੀਆਂ
ਮੇਰਾ ਹੇਟ ਪਸਾਰੀ ਦਾ ਲੁਟਿਆ ਨੇ ਕੋਲ ਵੇਖਦਾ ਪਿੰਡ ਗਰਾਉਂ ਮੀਆਂ
ਮੇਰੀ ਭੰਗ ਅਫੀਮ ਤੇ ਪੋਸਤ ਲੁੜ੍ਹਿਆ ਹੋਰ ਨਿਆਮਤਾਂ ਦੇ ਕੇਹਾ ਨਾਉਂ ਮੀਆਂ
ਮੇਰੀ ਤੁਸਾਂ ਦੇਨਾਲ ਨਾ ਸਾਂਝ ਕਾਈ ਪੁੰਨ ਟੁਕੜੇ ਪਿੰਡ ਦੇ ਖਾਉਂ ਮੀਆਂ
ਤੋਤੀ ਬਾਗ਼ ਉਜਾੜਦੀ ਮੇਵਿਆਂ ਦੇ ਅਤੇ ਫਾਹ ਲਿਆਵਦੇ ਕਾਉਂ ਮੀਆਂ
ਵਾਰਸ ਸ਼ਾਹ ਮੀਆਂ ਵੱਡੇ ਮਾਲ ਲੁੱਟੇ ਕਿਹੜੇ ਕਿਹੜੇ ਦਾ ਲਵਾਂ ਨਾਉਂ ਮੀਆਂ

152. ਸਿਆਲਾਂ ਨੇ ਕੈਦੋ ਨੂੰ ਤਸੱਲੀ ਦੇਣੀ
ਪੈਂਚਾਂ ਕੈਦੋ ਨੂੰ ਆਖਿਆ ਸਬਰ ਕਰ ਤੂੰ ਤੈਨੂੰ ਮਾਰਿਆ ਨੇ ਝੱਖ ਮਾਰਿਆ ਨੇ
ਹਾਏ ਹਾਏ ਫਕੀਰ ਤੇ ਕਹਿਰ ਹੋਇਆ ਕੋਈ ਵੱਡਾ ਹੀ ਖੂਨ ਮੁਜਾਰਿਹਾ ਨੇ
ਬਹੁਤ ਦੇ ਦਲਾਸੜਾ ਪੂੰਝ ਅੱਖੀਂ ਕੈਦੋ ਲੰਙੇ ਨੂੰ ਠਗ ਕੇ ਠਾਰਿਆ ਨੇ
ਕੈਦੋ ਆਖਿਆ ਧੀਆਂ ਦੇਵਲ ਹੋ ਕੇ ਵੇਖੋ ਦੀਨ ਈਮਾਨ ਨਿਘਾਰਿਆ ਨੇ
ਵਾਰਸ ਅੰਧ ਰਾਜਾ ਤੇ ਬੇਦਾਦ ਨਗਰੀ ਝੂਠਾ ਵੇਖ ਜੋ ਭਾਂਭੜਾ ਮਾਰਿਆ ਨੇ

153. ਚੂਚਕ ਦਾ ਕੈਦੋ ਨੂੰ ਉੱਤਰ
ਚੂਚਕ ਆਖਿਆ ਅੱਖੀਂ ਵਖਾਲ ਮੈਨੂੰ ਮੁੰਡੀ ਲਾਹ ਸੁਟਾਂ ਮੁੰਡੇ ਮੁੰਡੀਆਂ ਦੀ
ਇੱਕੇ ਦਿਆਂ ਤਰਾਹ ਮੈਂ ਤੁਰਤ ਮਾਹੀ ਸਾਡੇ ਦੇਸ ਨਾ ਥਾਂਉ ਹੈ ਗੁੰਡਿਆਂ ਦੀ
ਸਰਵਾਹੀਆਂ ਛਕ ਕੇ ਅਲਖ ਲਾਹਾਂ ਅਸੀਂ ਸਥ ਨਾ ਪਰ੍ਹੇ ਹਾਂ ਚੁੰਡਿਆਂ ਦੀ
ਕੈਦੋ ਆਖਿਆ ਵੇਖ ਫੜਾਵਨਾ ਹਾਂ ਭਲਾ ਮਾਉਂ ਕਿਹੜਾ ਏਨ੍ਹਾਂ ਲੰਡਿਆਂ ਦੀ
ਅੱਖੀਂ ਵੇਖ ਕੇ ਫੇਰ ਜੇ ਕਰੋ ਟਾਲਾ ਤਦੋਂ ਜਾਣਸਾਂ ਪਰ੍ਹੇ ਦੋ ਬੁੰਡਿਆਂ ਦੀ
ਏਸ ਹੀਰ ਦੀ ਪੜਛ ਦੀ ਭੰਗ ਲੈਸਾਂ ਸੇਲ੍ਹੀ ਵਟਸਾਂ ਚਾਕ ਦੇ ਜੁੰਡਿਆਂ ਦੀ
ਵਾਰਸ ਸ਼ਾਹ ਮੀਆਂ ਏਥੇ ਖੇਡ ਪੌਂਦੀ ਵੇਖੋ ਨੱਢੀਆਂ ਦੀ ਅਤੇ ਮੁੰਡੀਆਂ ਦੀ

154. ਕੈਦੋ ਦੀ ਆਪਣੇ ਦਿਲ ਨਾਲ ਸਲਾਹ
ਕੈਦੋਂ ਆਖਿਆ ਜਿਉ ਤਦਬੀਰ ਕਰਕੇ ਇਹ ਜੂਹ ਵਿੱਚ ਜਾ ਕੇ ਖੇਡ ਦੇ ਨੇ
ਮੇਰੇ ਆਖਿਆਂ ਧੀਆਂ ਨੂੰ ਨਾ ਮਾਰਨ ਪਿੰਡ ਕੌਣ ਮਾਰੇ ਖੂਨ ਭੇਡ ਦੇ ਨੇ
ਛਹੇਂ ਤਕ ਦੇ ਜੰਗਲੇ ਵਿੱਚ ਆਇਆ ਏਹ ਵੇਖ ਕਾਰੇ ਏਸ ਢਿਡ ਦੇ ਨੇ
ਵਾਰਸ ਸ਼ਾਹ ਪਰਾਈਆਂ ਝੁੱਘੀਆਂ ਨੂੰ ਅੱਗ ਲਾ ਕੇ ਲੰਙੇ ਹੋਰੀਂ ਸੇਂਢੇ ਨੇ

155. ਕੈਦੋ ਨੇ ਬੇਲੇ ਵਿੱਚ ਲੁਕ ਕੇ ਬਹਿਣਾ
ਵੱਡੀ ਹੋਈ ਉਸ਼ੇਰ ਤਾ ਜਾ ਛਹਿਆ ਪੋਹ ਮਾਂਘ ਕੁੱਤਾ ਵਿੱਚ ਕੁੰਨੂਆਂ ਦੇ
ਹੋਇਆ ਸ਼ਾਹ ਵੇਲਾ ਤਦੋ ਵਿੱਚ ਬੇਲੇ ਫੇਰੇ ਆਨ ਪਏ ਸੱਸੀ ਪੁੰਨੂਆਂ ਦੇ
ਪੋਣਾ ਬਨ੍ਹ ਕੇ ਰਾਂਝੇ ਦੇ ਹੱਥ ਮਿਲਿਆ ਢੇਰ ਆ ਲੱਗੇ ਰੱਤੇ ਚੁੰਨੂਆਂ ਦੇ
ਬੇਲਾ ਲਾਲੋ ਹੀ ਲਾਲ ਪੁਕਾਰਦਾ ਸੀ ਕੈਦੋ ਪੈ ਰਹਿਆ ਵਾਂਗ ਘੁਨੂਆਂ ਦੇ