ਨਰਸਿੰਗ ਹੋਮ ਦਾ ਕਮਰਾ ਨੰਬਰ ਚਾਰ! ਤਿੰਨ ਦਿਨ ਤੋਂ ਮਾਤਾ ਦੀਪੋ ਬੇਹੋਸ਼ੀ ਦੀ ਹਾਲਤ ਵਿੱਚ ਜੀਵਨ ਮੌਤ ਦੀ ਲੜਾਈ ਲੜ ਰਹੀ ਹੈ। ਇਕ ਪਾਸੇ ਸਟੈਂਡ ਨਾਲ ਟੰਗਿਆ ਗਲੂਕੋਜ਼ ਚੜ੍ਹਾਉਣ ਦੀਆਂ ਨਾਲੀਆਂ ਟੂਟੀਆਂ ਤੇ ਔਜ਼ਾਰ ਸਾਮਾਨ ਤੇ ਦੂਸਰੇ ਪਾਸੇ ਟੂੰ ਟੱਕ ਕਰਦੀ ਕੰਪਿਊਟਰ ਦੀ ਮਨੀਟਰ ਸਕਰੀਨ ਉੱਤੇ ਮਾਤਾ ਦੇ ਦਿਲ ਦੀ ਹਰਕਤ ਅਤੇ ਉਤਰਾਅ ਚੜ੍ਹਾ ਹਰ ਪਲ ਡਾਕਟਰਾਂ ਦੇ ਧਿਆਨ ਦਾ ਕੇਂਦਰ ਹੈ।
ਡਾਕਟਰ ਉਸ ਦੇ ਪੈਰ, ਮੱਥੇ ਅਤੇ ਹੋਰ ਅੰਗਾਂ 'ਤੇ ਪੈੱਨਸਿਲ ਨਾਲ ਲਕੀਰਾਂ ਫੇਰਦਾ ਚੂੰਡੀਆਂ ਜਿਹੀਆਂ ਭਰ ਕੇ ਉਸ ਦਾ ਨਿਰੀਖਣ ਕਰਦਾ ਹੈ, ਚੂੰਡੀ ਨਾਲ ਉਹ ਪੀੜ ਮਹਿਸੂਸ ਕਰਦੀ ਹੱਥ ਪੈਰ ਛੰਡਦੀ ਹੈ। ਡਾਕਟਰ ਦੇ ਚਿਹਰੇ ਤੇ ਉਮੀਦਾਂ ਦੀ ਇਬਾਰਤ ਪੜ੍ਹ ਕੇ ਮੋਤਾ ਸਿੰਘ ਦਾ ਮੁਰਝਾਇਆ ਚਿਹਰਾ ਖਿੜ ਜਾਂਦਾ ਹੈ।
ਮਾਤਾ ਦੇ ਮੂੰਹ 'ਤੇ ਮਾਸਕ ਅਤੇ ਨਾਸਾਂ ਵਿੱਚ ਟੂਟੀਆਂ ਲਗਾ ਕੇ ਅਚਾਨਕ ਲੋੜ ਪੈਣ 'ਤੇ ਆਕਸੀਜਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਜਿਸ ਤੋਂ ਮਾਤਾ ਦੀ ਗੰਭੀਰ ਹਾਲਤ ਦਾ ਸੰਕੇਤ ਮਿਲਦਾ ਹੈ।
ਇਕ ਪਾਸੇ ਖੜ੍ਹਾ ਚਿੰਤਾਤੁਰ ਬਾਬਾ ਮੋਤਾ ਸਿੰਘ ਆਪਣੇ ਸੈੱਲ-ਫੋਨ 'ਤੇ ਗੰਭੀਰ ਮਾਤਾ ਦੀ ਹਰ ਪਲ ਦੀ ਹਾਲਤ ਦੀ ਨਾਲ ਨਾਲ ਅਮਰੀਕਾ ਤੇ ਇੰਗਲੈਂਡ ਰੀਪੋਰਟਿੰਗ ਕਰ ਰਿਹਾ ਹੈ। ਖਤਰਨਾਕ ਹਾਲਤਾਂ ਕਰਕੇ ਦਿਮਾਗ ਵਿੱਚ ਮੱਚੀ ਭਿਆਨਕ ਖਲਬਲੀ ਨਾਲ ਪਿਛਲੇ ਦਿਨ੍ਹੀਂ ਉਸ ਨਾਲ ਬੀਤਿਆ ਸਾਰਾ ਘਟਨਾ-ਚੱਕਰ ਤਾਜ਼ਾ ਹੋ ਗਿਆ।
ਅਮਰੀਕਾ ਜਾਣ ਦੀ ਪ੍ਰਕਿਰਿਆ ਵਿੱਚ ਜਿਉਂ ਜਿਉਂ ਇੰਬੈਸੀ ਵਿਖੇ ਮੁਲਾਕਾਤ ਦੀ ਤਰੀਕ ਨੇੜੇ ਆਉਣ ਲੱਗੀ, ਉਹ ਏਜੰਟਾਂ ਦੇ ਪਿੱਛੇ ਹੋਰ ਗੇੜੇ ਕੱਢਣ ਲੱਗੇ। ਬੈਂਕ ਕਰਮੀਆਂ ਨੂੰ ਮਿਲ ਕੇ ਵੀਹ ਲੱਖ ਦੀ ਐੱਫ ਡੀ ਬਣਵਾ ਲਈ। ਪਟਵਾਰੀ ਕੋਲੋਂ ਪੰਝੀ ਕਿੱਲਿਆਂ ਦੀ ਫ਼ਰਦ ਬਣਵਾ ਲਈ। ਤਿੰਨ ਲੱਖ ਇਨਕਮ ਟੈਕਸ ਦੀ ਰੀਟਰਨ ਭਰੀ ਭਰਾਈ ਮਿਲ ਗਈ ਤੇ ਹੋਰ ਚੱਲ ਅਚੱਲ ਜਾਇਦਾਦ ਤੇ ਪੂੰਜੀ ਦਾ ਵੇਰਵਾ ਜੋ ਪੰਜ ਕਰੋੜ ਤੋਂ ਉੱਪਰ ਬਣਿਆ, ਚਾਰਟਰ ਅਕਾਊੇਂਟੈਂਟ ਦਾ ਤਸਦੀਕ ਕੀਤਾ ਹੋਇਆ ਦਸਤਾਵੇਜ਼ ਏਜੰਟ ਨੇ ਉਨ੍ਹਾਂ ਦੇ ਹੱਥੀਂ ਫੜਾਉਂਦਿਆਂ ਮੁੱਛਾਂ 'ਤੇ ਹੱਥ ਫੇਰਦੇ ਖੁੱਲ੍ਹੀ ਮੁਸਕਾਨ ਭਰੀ ਸੀ। 'ਗੁੱਡ ਲੱਕ' ਕਹਿੰਦਿਆਂ ਹੱਥ ਮਿਲਾਇਆ ਸੀ। ਉਸ ਨੇ ਨੋਟਾਂ ਦਾ ਭਰਿਆ ਥੈਲਾ ਮੇਜ਼ 'ਤੇ ਰੱਖਦਿਆਂ, ਧੰਨਵਾਦ ਥੈਂਕ ਯੂ ਕਹਿੰਦਿਆਂ ਇਕ ਲੰਬਾ ਹਉਕਾ ਜਿਹਾ ਭਰਿਆ ਸੀ।
'ਤਿੰਨ ਲੱਖ ਰੁਪੈ ਹੈ। ਬਾਕੀ ਉਥੇ ਪਹੁੰਚ ਕੇ ਦੇ ਦਿਆਂ ਗੇ ਹੱਥੀਂ ਬੱਝੀਂ, ਯਕੀਨ ਰੱਖੋ।' ਉਸ ਨੇ ਤਰਲਾ ਜਿਹਾ ਕੀਤਾ। 'ਨੋ ਮੈਟਰ ਨੋ ਪ੍ਰਾਬਲਮ।' ਏਜੰਟ ਨੇ ਉਨ੍ਹਾਂ ਦਾ ਹੌਸਲਾ ਵਧਾ ਦਿੱਤਾ।
ਬੜਾ ਚੰਗਾ ਸੀ ਵਿਚਾਰਾ ਏਜੰਟ ਜੋ ਏਨਾ ਬਕਾਇਆ ਬਾਦ ਵਿੱਚ ਲੈਣਾ ਮੰਨ ਗਿਆ। ਉਸ ਦੇ ਮਨ ਵਿੱਚ ਮਿਹਰ ਪੈ ਗਈ ਸੀ ਨਹੀਂ ਤੇ ਪਿਛਲੀ ਵਾਰੀ ਇਹੀ ਕਾਗ਼ਜ਼ ਬਣਾਉਣ ਵਾਸਤੇ ਕਿੰਨੇ ਚੱਕਰ ਲੁਆਏ ਸਨ। ਕੰਮ ਵੀ ਨਹੀਂ ਸੀ ਬਣਿਆ ਤੇ ਸਾਰੇ ਪੈਸੇ ਵੀ ਪਹਿਲਾਂ ਪੇਸ਼ਗੀ ਹੜੱਪ ਕਰ ਲਏ ਸਨ।
'ਬਾਬਾ ਜੀ! ਤੁਹਾਡੇ ਬਿਆਨ ਆਪੋ ਵਿੱਚ ਨਹੀਂ ਮਿਲੇ। ਮਾਤਾ ਜੀ ਕੁਝ ਹੋਰ ਕਹਿੰਦੇ ਰਹੇ, ਤੁਸੀਂ ਕੁਝ ਹੋਰ। ਤੁਸੀਂ ਸਾਡੀ ਪੜ੍ਹਾਈ ਪੱਟੀ ਮੇਸ ਕਰ ਦਿੱਤੀ। ਸਾਡੀ ਬਣੀ ਬਣਾਈ ਇੱਜ਼ਤ ਖੂਹ 'ਚ ਪਾ ਦਿੱਤੀ ਨਹੀਂ ਤੇ ਸਾਡਾ ਕੇਸ ਕਦੇ ਉਹ ਵਾਪਸ ਨਹੀਂ ਮੋੜਦੇ, ਸਾਡਾ ਨਾਮ ਚੱਲਦਾ ਹੈ ਉੱਥੇ।' ਅੱਖਾਂ ਦਿਖਾਉਂਦੇ ਉਸ ਨੇ ਨਵਾਂ ਉਲਾਂਭਾ ਸਿਰ ਚੜ੍ਹਾ ਦਿੱਤਾ ਸੀ।
ਉਨ੍ਹਾਂ ਨੇ ਆਸੇ ਪਾਸੇ ਦੇ ਸਭ ਮੰਦਰ ਗੁਰਦਵਾਰੇ ਪੀਰ ਫਕੀਰਾਂ ਦੀ ਮੰਨਤ ਮੰਨੀ, ਟੱਲੀਆਂ ਖੜਕਾਈਆਂ, ਦਰਗਾਹਾਂ 'ਤੇ ਚਾਦਰਾਂ ਚੜ੍ਹਾਈਆਂ, ਸੰਕਟ-ਮੋਚਨ ਦੀਆਂ ਮੁੱਠੀਆਂ ਭਰੀਆਂ ਤੇ ਬੜੀਆਂ ਆਸਾਂ ਉਮੀਦਾਂ ਨਾਲ ਇੰਟਰਵਿਊ ਲਈ ਤਿਆਰੀਆਂ ਕਰਕੇ ਏਜੰਟ ਦੇ ਰਟੇ ਰਟਾਏ ਬਿਆਨ ਕੰਠ ਕਰ ਲਏ। ਉਹ ਸਾਰੀ ਉਮਰ ਕਦੇ ਕਿਸੇ ਇਮਤਿਹਾਨ ਵਿੱਚੋਂ ਫੇਲ੍ਹ ਨਹੀਂ ਹੋਏ ਤੇ ਜ਼ਿੰਦਗੀ ਦੇ ਸਾਰੇ ਟੈੱਸਟ ਵੱਡੀ ਮੈਰਿਟ ਨਾਲ ਚੰਗੇ ਨੰਬਰ ਲੈ ਕੇ ਪਾਸ ਕੀਤੇ ਪਰ ਕਨਸੂਲਰ ਨੇ ਉਨ੍ਹਾਂ ਨੂੰ ਸਾਹਮਣੇ ਖੜ੍ਹਦੇ ਹੀ ਸਿਰ ਫੇਰ ਦਿੱਤਾ ਸੀ। ਕੰਪਿਊਟਰ ਦੀ ਮਾਊਸ ਘੁਮਾਉਂਦੇ ਘੜੱਚ ਕਰਕੇ ਠੱਪੇ ਲਾ ਕੇ ਪਾਸਪੋਰਟ ਰੰਗ ਦਿੱਤੇ ਤੇ ਬਾਹਰ ਫੜਾਉਂਦਿਆਂ ਸੌਰੀ ਕਹਿਕੇ ਪਿੱਛੇ ਨੂੰ ਮੂੰਹ ਫੇਰ ਲਿਆ ਸੀ।
'ਸਰ! ਸਰ!' ਉਸ ਨੇ ਕਾਗ਼ਜ਼ਾਂ ਦਾ ਪਲੰਦਾ ਕਾਊਂਟਰ ਵੱਲ ਧੱਕਦੇ ਤਰਲਾ ਜਿਹਾ ਕੀਤਾ।
'ਨੋਂ ਨੋਂ ਨੈੱਕਸਟ।' ਕਹਿ ਕੇ ਖੜੇ ਚੌਕੀਦਾਰ ਨੂੰ ਇਸ਼ਾਰਾ ਕਰ ਦਿੱਤਾ।
'ਕੱਢ ਦਿਉ ਬਾਹਰ ਇਹਨਾਂ ਨਿਕੰਮਿਆ ਨੂੰ, ਲੈ ਜਾਉ ਪਰੇ। ਨਕਲੀ ਬੰਦੇ ਨੇ ਇਹ ਬੇਈਮਾਨ।' ਤੀਰਾਂ ਵਾਂਗ ਉਹਨਾਂ ਦੇ ਮੱਥੇ ਚੋਭਦੇ ਸ਼ਬਦਾਂ ਦੀ ਸੱਟ ਨਾਲ ਉਹ ਆਪਣੀ ਅੱਧ-ਵਰਿੱਤੀ ਅਣਖ ਇੱਜ਼ਤ ਮਹਿਫ਼ੂਜ਼ ਲੈ ਕੇ ਬਾਹਰ ਨਿਕਲ ਆਏ ਸਨ।
'ਏਨੀ ਹਨੇਰ ਗਰਦੀ! ਕੋਈ ਪੁੱਛ ਪੜਤਾਲ ਹੀ ਨਹੀਂ, ਕੋਈ ਅਪੀਲ ਦਲੀਲ ਹੀ ਨਹੀਂ।' ਅਜੇ ਉਸ ਦੇ ਮਨ ਵਿੱਚ ਹੀ ਸੀ।
'ਓ ਭਾਈ ਸਾਹਿਬ ਇਹ ਐੱਫ ਡੀਆਂ ਤੇ ਕਾਗ਼ਜ਼ਾਂ ਦੇ ਪਲੰਦੇ ਤੁਹਾਡੇ ਕੰਮ ਨਹੀਂ ਆਉਣੇ। ਉਹ ਅੰਨ੍ਹੇ ਵੀ ਨੇ ਤੇ ਬੋਲੇ ਵੀ ਨੇ। ਹਰ ਆਉਂਦੇ ਦੀ ਸੱਪ ਵਾਂਗ ਪੈੜ ਚਾਲ ਮਹਿਸੂਸ ਕਰਦੇ ਨੇ ਤੇ ਵੀਜ਼ਾ ਵੰਡਦੇ ਨੇ। ਉਹ ਹਰ ਪਰੀਖਿਆਰਥੀ ਗਾਹਕ ਨੂੰ ਚੋਰ ਤੇ ਬੇਈਮਾਨ ਮੰਨਦੇ ਨੇ। ਇਹ ਤੁਹਾਡੀ ਪਹੁੰਚ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਉਨ੍ਹਾਂ ਨੂੰ ਕਿਵੇਂ ਆਪਣੇ ਨਿਸ਼ਕਾਮ ਉਮੀਦਵਾਰ ਹੋਣ ਦਾ ਭਰਾਮਾ ਕਰਦੇ ਹੋ। ਇਥੇ ਤੁਹਾਡੀ ਕਿਸਮਤ ਲੜਦੀ ਹੈ। ਲਾਟਰੀ ਨਿਕਲਦੀ ਹੈ। ਜੇ ਇਕ ਵੇਰਾਂ ਨਾਂਹ ਨਿਕਲ ਜਾਏ ਤਾਂ ਫਿਰ ਨਿਕਸਨ ਵੀ ਤੁਹਾਨੂੰ ਹਾਂ ਨਹੀਂ ਕਰ ਸਕਦਾ। ਬੜੀਆਂ ਪਾਵਰਾਂ ਦੇ ਛੱਡੀਆਂ ਨੇ ਸਰਕਾਰ ਨੇ ਇਹਨਾਂ ਨੂੰ। ਇੱਥੇ ਅਸਲੀ ਤੇ ਟਕਸਾਲੀ ਬੰਦੇ ਘੱਟ ਹੀ ਪਾਸ ਹੁੰਦੇ ਨੇ ਤੇ ਨਕਲੀ ਨੂੰ ਝੱਟ ਵੀਜ਼ਾ ਮਿਲ ਜਾਂਦਾ ਹੈ. ਦਸ ਦਸ ਸਾਲ ਦਾ।' ਬਾਹਰ ਗੇਟ ਲੰਘਦੇ ਇਕ ਹੋਰ ਹਮਸਫਰ ਨੇ ਉਨ੍ਹਾਂ ਦੀ ਵਿਗੜੀ ਹੋਈ ਸ਼ਕਲ ਪਛਾਣ ਕੇ ਆਪਣੇ ਗੁੱਭ-ਗਲ੍ਹੇਟ ਕੱਢ ਕੇ ਹਮਦਰਦੀ ਪ੍ਰਗਟਾਈ।
'ਤੁਸੀਂ ਵੀ ਸਾਡੇ ਵਾਂਗ ਇਹਨਾਂ ਦੇ ਭੰਨੇ ਝਟਕਾਏ ਹੋਏ ਜਾਪਦੇ ਓ। ਬਾਰ ਬਾਰ ਬਿਮਾਰ ਰਹਿਣ ਵਾਲਾ ਬੰਦਾ ਆਪ ਵੀ ਡਾਕਟਰ ਬਣ ਜਾਂਦਾ ਹੈ ਪਰ ਉਹ ਆਪਣੇ ਆਪ ਨੂੰ ਟੀਕਾ ਨਹੀਂ ਲਾ ਸਕਦਾ। ਤੁਸੀਂ ਹੀ ਕੋਈ ਕਾਰਗਰ ਚਾਰਾਜੋਈ ਕਰ ਸਕਦੇ ਹੋ ਤਾਂ ਸਲਾਹ ਦੱਸੋ।'
'ਭਾ ਜੀ! ਸਿੱਧੀ ਸਾਫ਼ ਗੱਲ ਹੈ ਕਿ ਇਹਨਾਂ ਪਾਸਪੋਰਟਾਂ 'ਤੇ ਹੁਣ ਤੁਹਾਨੂੰ ਕਦੇ ਵੀਜ਼ਾ ਨਹੀਂ ਮਿਲਣਾ। ਕਿਸੇ ਹੋਰ ਨਾਮ ਥੱਲੇ ਨਵੇਂ ਡਾਕੂਮੈਂਟ ਬਣਵਾ ਕੇ ਦੋਬਾਰਾ ਕਿਸਮਤ ਅਜ਼ਮਾਈ ਕਰੋ। ਵਿਚੋਲਾ ਬੰਦਾ ਤੁਹਾਨੂੰ ਮੈਂ ਦੱਸ ਦੇਂਦਾ ਹਾਂ ਕੰਮ ਦੀ ਵੀ ਗਰੰਟੀ। ਸਾਰੇ ਕੰਮ ਦਾ ਬਾਰਾਂ ਲੱਖ ਲਵੇ ਗਾ।' ਅਜਨਬੀ ਨੇ ਇਕੇ ਸਾਹੇ ਅਣਕਹੇ ਸੁਆਲਾਂ ਦੇ ਜੁਆਬ ਦੇ ਕੇ ਉਨ੍ਹਾਂ ਦੇ ਢੱਠੇ ਸੁਪਨ-ਮਹੱਲਾਂ 'ਚ ਮਸਾਲਾ ਭਰ ਕੇ ਖੜ੍ਹਨ ਜੋਗੇ ਕਰ ਦਿੱਤਾ।
'ਹਾਂ ਜੀ ਹਾਂ! ਮੈਨੂੰ ਹੋਰ ਵੀ ਦੱਸਿਆ ਸੀ ਕਿਸੇ ਨੇ। ਮੈਂ ਮਨਜੀਤ ਕੌਰ ਬਣ ਜਾਵਾਂਗੀ ਤੇ ਇਹ ਤੋਤਾ ਸਿੰਘ। ਰਾਸ਼ਨ ਕਾਰਡ ਬਣਾਉਣ ਵਾਲਾ ਵੀ ਤਾਂ ਮੇਰਾ ਭਾਣਜਾ ਹੈ ਉਹਨੂੰ ਜੋ ਕਹਾਂਗੇ ਕਰ ਦੇ ਗਾ।'
'ਬੀਬੀ ਜੀ! ਤੁਸਾਂ ਕੁਝ ਨਹੀਂ ਕਰਨਾ। ਤੁਸਾਂ ਸਿਰਫ਼ ਅੱਧੇ ਪੈਸੇ ਪਹਿਲਾਂ ਦੇਣੇ ਹਨ, ਉਹ ਆਪੇ ਸਭ ਕੁਝ ਕਰਨ ਗੇ। ਉਨ੍ਹਾਂ ਕੋਲ ਸਾਰੀਆਂ ਮੁਹਰਾਂ ਹਨ....ਸਾਰੇ ਦਫ਼ਤਰਾਂ ਦੀਆਂ। ਬੱਸ ਤੁਸੀਂ ਮਨਜੀਤ ਕੌਰ ਪੱਕਾ ਨਾਮ ਯਾਦ ਰੱਖਣਾ ਹੈ ਤੇ ਇਹਨਾ ਨੇ ਤੋਤਾ ਸਿੰਘ ਤੋਤੇ ਵਾਂਗ ਰਟ ਲੈਣਾ ਹੈ। ਉਹ ਬੜਾ ਸ਼ਰੀਫ ਭਲਾ ਲੋਕ ਹੈ ਆਪੇ ਕੱਲ੍ਹ ਨੂੰ ਤੁਹਾਡੇ ਨਾਲ ਫੋਨ 'ਤੇ ਸੰਪਰਕ ਕਰ ਕੇ ਘਰ ਪਹੁੰਚ ਕੇ ਤੁਹਾਡੀ ਸੇਵਾ ਕਰੇਗਾ ਤੇ ਤੁਹਾਡਾ ਕੇਸ ਦੋ ਮਹੀਨੇ ਵਿੱਚ ਮੁਕੰਮਲ ਕਰੇ ਕੇ ਤੁਹਾਨੂੰ ਦਿੱਲੀ ਹਵਾਈ-ਅੱਡੇ 'ਤੇ ਟਾਹ ਟਾਹ ਕਰ ਆਏ ਗਾ। ਇਹ ਉਸ ਦਾ ਕਾਰਡ ਤੇ ਦਫ਼ਤਰ ਦਾ ਸਰਨਾਵਾਂ ਹੈ।' ਕਾਰਡ ਫੜਾਉਂਦੇ ਅਜਨਬੀ ਨੇ ਜਹਾਜ਼ੇ ਚੜ੍ਹਾ ਕੇ ਉਨ੍ਹਾਂ ਦੇ ਮਨ ਦਾ ਮੁਹਾਣ ਪਾਸੇ ਮੋੜ ਦਿੱਤਾ।
'ਸੁਣਿਆ ਸੀ ਕਿ ਇੱਥੇ ਕਈ ਠੱਗ ਫਿਰਦੇ ਨੇ... ਖੋਰੇ ਉਹੀ ਆਣ ਟੱਕਰਿਆ। ਕਿਸੇ ਦੇ ਪਾਸਪੋਰਟ ਤੇ ਸਾਡੀਆਂ ਫੋਟੋ ਚਿਪਕਾ ਕੇ ਆਪਣੇ ਬਾਰਾਂ ਲੱਖ ਖਰੇ ਕਰ ਲੂ ਗਾ ਤੇ ਜੇਲ੍ਹ ਦੀ ਹਵਾ ਖਾਣ ਨੂੰ ਅਸੀਂ? ਨਾ ਭਾਈ ਨਾ! ਅਸੀਂ ਤਾਂ ਅੱਗੇ ਹੀ ਬਥੇਰੇ ਖੱਜਲ ਖੁਆਰ ਹੋਏ ਹਾਂ.. ਤੋਬਾ... ਤੋਬਾ।' ਮਾਤਾ ਨੇ ਅੰਦਰਲੇ ਡਰ ਦਾ ਤੌਖਲਾ ਪ੍ਰਗਟ ਕਰਦੇ ਪਤੀ ਦੀਆਂ ਡਰੀਆਂ ਝੁਰੜੀਆਂ ਘੋਖੀਆਂ।
ਬਾਬਾ ਮੋਤਾ ਸਿੰਘ ਤੇ ਬੀਬੀ ਦੀਪੋ ਏਨੀ ਹੀਣਤਾ ਤੇ ਨਮੋਸ਼ੀ ਨਾਲ ਪਾਣੀ ਪਾਣੀ ਹੋ ਰਹੇ ਸਨ। ਦਸਤਾਵੇਜ਼ਾਂ ਦਾ ਲਿਫਾਫਾ ਉਨ੍ਹਾਂ ਨੂੰ ਸਪੋਲੀਆਂ ਦੀ ਵਰਮੀ ਵਾਂਗ ਤੜਫਾ ਰਿਹਾ ਸੀ। ਅਮਰੀਕਾ ਵਿੱਚ ਰਹਿੰਦੇ ਉਨ੍ਹਾਂ ਦਾ ਇੱਕ ਲੜਕਾ ਤੇ ਲੜਕੀ....ਉਨ੍ਹਾਂ ਨੇ ਵੀ ਬੜੀਆਂ ਸਿਫਾਰਿਸ਼ਾਂ ਪੁਆ ਛੱਡੀਆਂ ਸਨ। ਰਾਹਦਾਰੀ ਭੇਜਣ ਦੇ ਨਾਲ ਉਨ੍ਹਾਂ ਵਕੀਲ ਕੋਲੋਂ ਇੰਬੈਸੀ ਨੂੰ ਵੀ ਸਿਫਾਰਸ਼ੀ ਚਿੱਠੀਆਂ ਲਿਖਾਈਆਂ ਸਨ, ਪਰ ਉਨ੍ਹਾਂ ਮੈਂ ਨਾ ਮਾਂਨੂੰ ਦੀ ਹੀ ਰੱਟ ਲਗਾ ਰੱਖੀ।
ਲੋਕਾਂ ਨੂੰ ਹੁਣ ਉਹ ਕੀ ਤੇ ਕਿਸ ਤਰਾਂ ਮੂੰਹ ਦਿਖਾਉਣਗੇ, ਕੀ ਕਹਿਣਗੇ। ਸਾਡੇ ਵਿੱਚ ਕੀ ਕਜ਼ ਹੈ ? ਸਾਨੂੰ ਉਨ੍ਹਾਂ ਇਤਨਾ ਨਾ-ਅਹਿਲ ਤੇ ਨਿਗ਼ਲੇ ਬੇਈਮਾਨ ਕਿਉਂ ਸਮਝ ਲਿਆ। ਆਟੋ ਵਿੱਚ ਬੈਠੇ ਦੋਵੇਂ ਤੀਵੀਂ ਆਦਮੀ ਇੱਕ ਦੂਸਰੇ ਦੀਆਂ ਅੱਖਾਂ 'ਚ ਅੱਖਾਂ ਪਾਉਣੋਂ ਕਤਰਾ ਰਹੇ ਸਨ। ਇੱਕ ਦੂਜੇ ਤੋਂ ਡਰ ਰਹੇ ਸਨ। ਬੱਸ ਦੇ ਲੰਬੇ ਸਫ਼ਰ ਨੇ ਉਨ੍ਹਾਂ ਨੂੰ ਸਵੇਰੇ ਤਿੰਨ ਵਜੇ ਸਮਰਾਲਾ ਅੱਡੇ 'ਤੇ ਉਤਾਰ ਦਿੱਤਾ। ਤੇਜ਼ ਹਵਾ ਤੇ ਮੱਠੀ ਮੱਠੀ ਕਿਣ-ਮਿਣ, ਠੱਕੇ ਦਾ ਜ਼ੋਰ! ਦੋਹਾਂ ਨੂੰ ਕਾਂਬਾ ਜਿਹਾ ਛਿੜ ਗਿਆ।
ਉਸ ਦਾ ਦਿਲ ਕੀਤਾ ਪਾਸੇ ਹੋਟਲ ਵਿੱਚ ਬੈਠ ਕੇ ਆਰਾਮ ਕੀਤਾ ਜਾਏ, ਕੁਝ ਖਾਧਾ ਪੀਤਾ ਜਾਏ ਪਰ...।
'ਚਲੋ ਜੀ ਜਲਦੀ, ਹਨੇਰੇ ਘੁਸ ਮੁਸੇ ਘਰ ਪਹੁੰਚ ਜਾਈਏ ਲੋਕਾਂ ਦੀਆਂ ਨਜ਼ਰਾਂ ਤੋਂ ਪਹਿਲਾਂ ਪਹਿਲਾਂ। ਲੋਕਾਂ ਨੂੰ ਇਹ ਭਿਣਕ ਨਹੀਂ ਪੈਣੀ ਚਾਹੀਦੀ ਕਿ ਇਹ ਨਿਕੰਮੇ ਫੇਰ ਮੁੜ ਆਏ ਨੇ ਖਾਲੀ ਹੱਥੀਂ।
ਮਾਤਾ ਦੀ ਸਲਾਹ ਉਸ ਨੂੰ ਵੀ ਚੰਗੀ ਲੱਗੀ। ਸਕੂਟਰ-ਸਟੈਂਡ ਤੇ ਰੱਖਿਆ ਮੋਟਰ ਸਾਈਕਲ ਕੱਢ ਕੇ ਤ੍ਰਹਿੰਦੇ ਤ੍ਰਹਿੰਦੇ ਘਰ ਵੱਲ ਨੂੰ ਚੱਲ ਪਏ। ਰਾਤ ਦਾ ਹਨੇਰਾ, ਹਵਾ ਦਾ ਜ਼ੋਰ, ਬਿਜਲੀ ਦੀ ਲਿਸ਼ਕੋਰ, ਕਿਣ ਮਿਣ ਮੱਠੀ ਜਿਹੀ ਕਿੰਨਾ ਰੋਮਾਂਚਕ ਪਰ ਭਿਆਨਕ ਮੌਸਮ! ਜਿਵੇਂ ਸਾਰੀ ਕਾਇਨਾਤ ਅੱਜ ਕੁਛ ਕਰ-ਕੱਤਰਨ ਦੇ ਚੱਕਰ ਵਿੱਚ ਸੀ। ਬੀਬੀ ਪਿੱਛੇ ਬੈਗ ਲੈ ਕੇ ਬੈਠ ਗਈ।
'ਜੈਲੇ ਦੇ ਬਾਪੂ! ਮੈਨੂੰ ਤੇ ਸਾਰਾ ਸਫ਼ਰ ਉਹ ਦਿੱਲੀ ਵਾਲਾ ਭਾਈਆ ਬਾਰ ਬਾਰ ਸਾਹਮਣੇ ਆ ਕੇ ਤਸੱਲੀਆਂ ਦਿੰਦਾ ਰਿਹਾ। ਮੈਨੂੰ ਨਹੀਂ ਭੁੱਲਦਾ ਉਹ। ਚੱਲ ਇਹ ਵੀ ਕੌੜਾ ਘੁੱਟ ਭਰ ਕੇ ਵੇਖ ਲਈਏ, ਕੀ ਘਾਟਾ ਐ ਰੱਬ ਦੇ ਘਰ! ਖੋਰੇ ਨੇੜੇ ਹੋ ਕੇ ਸੁਣ ਲਏ। ਉਹ ਬੋਹੜੀ ਵਾਲਾ ਬਾਬਾ ਵੀ ਪੇਸ਼ੀਨਗੋਈ ਕਰਦਾ ਸੀ ਕਿ ਬੀਬੀ ਤੇਰੀਆਂ ਹੱਥਾਂ ਦੀਆਂ ਲਕੀਰਾਂ ਇਸੇ ਸਾਲ ਵਿੱਚ ਜਹਾਜ਼ ਦਾ ਵਿਦੇਸ਼ੀ ਸਫ਼ਰ ਦੱਸਦੀਆਂ ਨੇ। ਅਸਾਂ ਇਹ ਖੇਤ ਕੀ ਕਰਨੇ ਨੇ ਜਦ ਸਾਡੀ ਜਾਨ ਹੀ ਨਹੀਂ ਸੌਖੀ। ਦੋ ਕਿੱਲੇ ਹੋਰ ਪਾ ਕੇ ਇੱਕ ਵੇਰਾਂ ਫੇਰ ਜੂਆ ਖੇਡ ਕੇ ਕਿਸਮਤ ਅਜ਼ਮਾ ਲਈਏ। ਉੱਧਰ ਨਿਆਣੇ ਤਰਸਦੇ ਨੇ ਇੱਧਰ ਅਸੀਂ ਤੜਫਦੇ ਹਾਂ।'
ਅੰਧੇਰੀ ਦੇ ਬੁੱਲੇ ਬਾਰ ਬਾਰ ਬਾਂਹਾਂ ਟੰਗਦੇ ਮੋਟਰ ਸਾਈਕਲ ਨੂੰ ਧੱਕਾ ਦਿੰਦੇ ਆਉਂਦੇ ਜ਼ੋਰ ਅਜ਼ਮਾਈ ਕਰ ਰਹੇ ਸਨ। ਚਾਲਕ ਡੌਲ਼ਿਆਂ ਦੇ ਪੂਰੇ ਜ਼ੋਰ ਨਾਲ ਡਿੱਗਦਾ ਡੋਲਦਾ ਮੋਟਰ ਸਾਈਕਲ ਸਾਂਭਦਾ ਸਿੱਧਾ ਕਰਦਾ ਰਿਹਾ।
'ਹਾਂ...ਹਾਂ ਬੋਲੋ...ਦੱਸੋ।'
ਆਵਾਜ਼ ਬੰਦ ਹੋਣ 'ਤੇ ਪਿੱਛੇ ਮੂੰਹ ਕਰ ਕੇ ਹੁੰਗਾਰਾ ਦਿੱਤਾ। ਉਸ ਨੂੰ ਕੁਛ ਪਿੱਛੇ ਡਿੱਗਦਾ ਜਾਪਿਆ। ਮੋਟਰ ਸਾਈਕਲ ਖਲ੍ਹਾਰ ਕੇ ਪਿੱਛੇ ਵੇਖਿਆ, ਮਾਤਾ ਚੁਫਾਲ ਸੜਕ 'ਤੇ ਡਿੱਗੀ ਪਈ। ਉਹ ਪਹਿਲਾਂ ਹੀ ਬੌਂਦਲਿਆ ਤੇ ਘਬਰਾਇਆ ਪਿਆ ਸੀ ਤੇ ਮਾਤਾ ਦੀ ਜ਼ਿੱਦ ਅੱਗੇ ਉਹ ਟਿਕ ਨਹੀਂ ਸੀ ਸਕਿਆ। ਉੱਥੇ ਮੋਟਰ ਸਾਈਕਲ ਸੁੱਟ ਕੇ ਪਿੱਛੇ ਦੌੜ ਕੇ ਉਠਾਇਆ। ਬੀਬੀ ਬੇਹੋਸ਼ ਹੋਈ ਪਈ ਸੀ। ਉਸ ਨੇ ਖਿੱਚ ਕੇ ਸੜਕ ਤੋਂ ਪਾਸੇ ਕਰਦੇ ਦੂਰ ਨੇੜੇ ਕਿਸੇ ਮਦਦ ਦੀ ਤਲਾਸ਼ ਕੀਤੀ ਪਰ ਇਸ ਡੂੰਘੀ ਰਾਤ ਵਿੱਚ ਕੋਈ ਨਾ ਦਿੱਸਿਆ।
ਹੂੰ! ਹਾਂ...ਕਰਦੇ ਮਾਤਾ ਨੇ ਅੱਖਾਂ ਖੋਲ੍ਹੀਆਂ ਤੇ ਬੁਸਕਣ ਲੱਗੀ।
'ਚੁੱਪ! ਰੋਣ ਨਾਲ ਕੁਝ ਨੀਂ ਬਣਨਾ। ਹੌਂਸਲਾ ਕਰ, ਹਸਪਤਾਲ ਚੱਲਦੇ ਹਾਂ।'
'ਨਹੀਂ...ਨਹੀਂ! ਬੱਸ ਹੁਣ ਹਸਪਤਾਲ ਦੀ ਲੋੜ ਨਹੀਂ।' ਉਹ ਬਿਲਕੁਲ ਦਿਲ ਛੱਡ ਬੈਠੀ ਸੀ।
ਬਾਬਾ ਜੀ ਨੇ ਬੈਗ ਅੱਗੇ ਹੈਂਡਲ 'ਤੇ ਰੱਖ ਕੇ ਉਸ ਨੂੰ ਸਹਾਰਾ ਦੇ ਕੇ ਪਿੱਛੇ ਬਿਠਾਇਆ। ਇੱਕ ਹੱਥ ਪਿੱਛੇ ਬੀਬੀ ਨੂੰ ਟੋਹੰਦਾ ਉਹ ਚੱਲ ਪਏ। ਮੂਸਾ ਮੌਤੋਂ ਭੱਜਿਆ ਮੌਤ ਅੱਗੇ ਖੜੀ। ਏਨੀ ਭਿਆਨਕ ਕਲਮੂੰਹੀ ਰਾਤ! ਥੋੜੀ ਦੇਰ ਅੱਗੇ ਫੜਾਕ! ਕਾਹੜ..., ਦਰਖ਼ਤ ਦਾ ਟਾਹਣਾ ਟੁੱਟ ਕੇ ਉਨ੍ਹਾਂ ਅੱਗੇ ਆਣ ਡਿੱਗਾ ਜਿਵੇਂ ਇਮਤਿਹਾਨ ਦੀ ਕੋਈ ਕਸਰ ਬਾਕੀ ਸੀ। ਰੋਕਦੇ ਰੋਕਦੇ ਸਲਿਪ ਕਰਕੇ ਮੋਟਰ ਸਾਈਕਲ ਟੁੱਟੇ ਹੋਏ ਟਾਹਣਾਂ ਵਿੱਚ ਵੱਜ ਕੇ ਉਨ੍ਹਾਂ ਦੇ ਸਿਰ ਮੱਥੇ ਪੱਛ ਗਿਆ। ਸ਼ੁਕਰ ਰੱਬ ਦਾ ਜੇ ਟਾਹਣਾ ਇੱਕ ਅੱਧ ਸਕਿੰਟ ਪਛੜ ਜਾਂਦਾ, ਤਾਂ ਜ਼ਰੂਰ ਉਨ੍ਹਾਂ ਉੱਪਰ ਡਿੱਗ ਕੇ ਮਲੀਆਮੇਟ ਕਰ ਜਾਂਦਾ। ਉਸ ਨੇ ਫੇਰ ਮਾਤਾ ਨੂੰ ਖਿੱਚ ਕੇ ਟਾਹਣਾਂ ਵਿਚੋਂ ਬਾਹਰ ਕੱਢਿਆ। ਉਹ ਫੇਰ ਨਿਰਜਿੰਦ ਲਾਸ਼ ਵਾਂਗ ਢਿੱਲੀ ਹੋਈ ਬੇਸੁੱਧ ਖਿੱਲਰੀ ਪਈ ਸੀ। ਉਸ ਨੂੰ ਨੱਪਿਆ ਘੁੱਟਿਆ। 'ਹਾਏ...ਹਾਏ' ਕਰਦੀ ਅੱਖਾਂ ਖੋਲ੍ਹ ਕੇ ਚਿਲਾਉਣ ਲੱਗੀ। ਹੁਣ ਉਹ ਚੜ੍ਹਦੀ-ਕਲਾ ਵਿੱਚ ਨਹੀਂ ਸੀ।
'ਅਸੀਂ ਰੱਬ ਦੇ ਕੀ ਮਾਂਹ ਮਾਰ ਦਿੱਤੇ ਨੇ ਉਹ ਬਾਰ ਬਾਰ ਸਾਡੇ ਵੱਲ ਜਮਦੂਤ ਭੇਜ ਰਿਹਾ ਹੈ।' ਉਸ ਨੇ ਰੱਬ ਤਾਈਂ ਆਪਣੀ ਸ਼ਿਕਾਇਤ ਪਹੁੰਚਾਈ ਤੇ ਨਿਹੋਰਾ ਜਿਹਾ ਮਾਰਿਆ। ਘਰ ਜਾਣ ਤੱਕ ਮਾਤਾ ਨੂੰ ਡੋਬੂ ਪੈਂਦੇ ਰਹੇ। ਚੋਰਾਂ ਵਾਂਗ ਚੋਰੀ ਚੋਰੀ ਖੜਕਾ ਕਰਨ ਤੋਂ ਬਗ਼ੈਰ ਦਰਵਾਜ਼ੇ ਖੋਲ੍ਹੇ। ਘਰ ਪਹੁੰਚ ਕੇ ਉਨ੍ਹਾਂ ਕੁਛ ਹੌਸਲਾ ਕੀਤਾ। ਮੋਤਾ ਸਿੰਘ ਨੇ ਉਸ ਨੂੰ ਸਹਾਰਾ ਦੇ ਕੇ ਮੰਜੇ 'ਤੇ ਬਿਠਾਇਆ। ਆਪ ਰਸੋਈ ਵਿੱਚ ਦੁੱਧ ਗਰਮ ਰੱਖਿਆ। ਮੰਜੇ 'ਤੇ ਬੈਠੀ ਬੈਠੀ ਮਨ ਵਿੱਚ ਰਿੱਝਦੀ ਭੁੱਜਦੀ ਉਹ ਫੇਰ ਧੜਾਕ ਕਰਦੀ ਥੱਲੇ ਡਿੱਗ ਪਈ। ਇਕੱਲੀ ਜਾਨ ਮੋਤਾ ਸਿੰਘ ਆਪ ਵੀ ਤਾਂ ਹੰਭਿਆ ਪਿਆ ਸੀ। ਉਸ ਨੇ ਚੁੱਕ ਕੇ ਮੰਜੇ 'ਤੇ ਲਿਟਾਇਆ, ਉਸ ਦੀ ਨਬਜ਼ ਟੋਹੀ। ਦੰਦਣ ਪਈ ਭੰਨਣ ਦੀ ਕੋਸ਼ਿਸ਼ ਕੀਤੀ ਪਰ ਵਿਅਰਥ। ਚਮਚਾ ਮੂੰਹ 'ਚ ਤੁੰਨ ਕੇ ਜ਼ੋਰ ਲਗਾਇਆ।
'ਹਾਏ, ਹਾਏ...।' ਆਵਾਜ਼ ਨਾਲ ਬਾਚੀ ਵਿੱਚੋਂ ਦੰਦਲ ਤਾਂ ਟੁੱਟ ਗਈ ਪਰ ਉਹ ਹੋਸ਼ ਵਿੱਚ ਨਾ ਆਈ।
'ਮਾਰੇ ਗਏ ਓ ਲੋਕਾ! ਕੀ ਹੋ ਗਿਆ। ਬਹੁੜੀ ਉਏ ਲੋਕੋ।'
ਚੌਥੇ ਪਹਿਰ ਦਿਨ ਦਾ ਚੜ੍ਹਾ ਸੀ। ਉਸ ਦੀ ਲੇਰ ਸਾਰੀਆਂ ਗਲੀਆਂ ਵਿੱਚ ਫਿਰ ਗਈ ਤੇ ਕੰਧਾਂ ਨਾਲ ਟਕਰਾ ਕੇ ਚਾਂਗਰ ਵਾਂਗ ਗਵਾਂਢੀਆਂ ਦੇ ਬੂਹੀਂ ਦਸਤਕ ਦੇ ਗਈ। ਪਲ਼ੋ ਪਲੀ ਹਵੇਲੀਆਂ ਖੂਹਾਂ ਨੂੰ ਬਾਹਰ ਅੰਦਰ ਜਾਂਦੇ ਲੋਕ ਘਰ ਆਣ ਵੜੇ। ਦਰਵਾਜ਼ਾ ਤਾਂ ਪਹਿਲਾਂ ਹੀ ਲਗਾਉਣਾ ਉਹ ਭੁੱਲ ਗਿਆ ਸੀ। ਘਬਰਾਏ ਹੋਏ ਮੋਤਾ ਸਿੰਘ ਦੇ ਮੂੰਹੋਂ ਕੋਈ ਗੱਲ ਨਹੀਂ ਸੀ ਨਿਕਲ ਰਹੀ। ਛਿੰਦੇ ਵਾ ਗੁਰੂ ਵਾ ਗੁਰੂ ਕਰਦੀ ਬੀਬੀ ਨੂੰ ਕਲਾਵੇ ਵਿੱਚ ਲੈ ਕੇ ਨੱਪਣ ਘੁੱਟਣ ਲੱਗੀ। ਬੰਤੋ ਰਸੋਈ ਵਿਚੋਂ ਦੁੱਧ ਗਰਮ ਕਰ ਲਿਆਈ। ਕੋਈ ਮਾਤਾ ਦੀਆਂ ਤਲੀਆਂ ਝੱਸਣ ਲੱਗ ਪਈ, ਕੋਈ ਲੱਕ ਥੱਲੇ ਬਾਂਹਾਂ ਪਾ ਕੇ ਉੱਚਾ ਨੀਵਾਂ ਕਰਕੇ ਬਨਾਉਟੀ ਸਾਹ ਦੇਣ ਵਾਂਗ ਆਪਣੀ ਸਿਆਣਪ ਦਾ ਸਬੂਤ ਦੇਣ ਲੱਗਾ। ਮਾਤਾ ਨੂੰ ਹੋਸ਼ ਆ ਗਈ। ਸਾਰਿਆਂ ਨੇ ਰੱਬ ਦਾ ਸ਼ੁਕਰ ਕੀਤਾ। ਉਸ ਦੇ ਮੂੰਹ ਲਾਇਆ ਦੁੱਧ ਉਸ ਨੇ ਆਪੇ ਫੜਕੇ ਪੀ ਲਿਆ।
ਜੁੜੀ ਭੀੜ ਵੇਖ ਕੇ ਉਹ ਫਿਰ ਸਿਰ ਸੁੱਟ ਬੈਠੀ। ਦੰਦਣ ਤੋੜਨ ਲਈ ਵਰਤਿਆ ਚਮਚਾ ਉਸ ਦੇ ਮੂੰਹ ਵਿੱਚ ਜ਼ਖਮ ਕਰ ਗਿਆ। ਲਹੂ ਨਾਲ ਮੂੰਹ ਭਰ ਗਿਆ ਪਰ ਉਸ ਦੀ ਸੁਰਤੀ ਨਾ ਮੁੜੀ। ਪਿੰਡ ਦਾ ਦੇਸੀ ਡਾਕਟਰ ਵੀ ਹੱਥ ਵਿਚ ਸੰਦੂਕੜੀ ਜਿਹੀ ਫੜੀ ਆ ਗਿਆ। ਉਸ ਨੇ ਕੰਨਾਂ ਨੂੰ ਟੂਟੀ ਜਿਹੀ ਲਗਾ ਕੇ ਛਾਤੀ ਦੀ ਧੜਕਣ ਟੋਹੀ, ਅੱਖਾਂ ਖੋਲ੍ਹ ਕੇ ਵੇਖੀਆਂ, ਨੱਕ ਦੀ ਕਰੂੰਬਲੀ ਟੋਹੀ, ਹੱਥਾਂ ਪੈਰਾਂ ਤੇ ਚੂੰਢੀਆਂ ਵੱਢੀਆਂ, ਪਰ ਮਾਤਾ ਦੇ ਸਰੀਰ ਨੇ ਕੋਈ ਹਰਕਤ ਨਾ ਕੀਤੀ।
'ਸ਼ਹਿਰ ਲੈ ਜਾਓ ਵੱਡੇ ਹਸਪਤਾਲ।'
ਉਸ ਨੇ ਨਾਂਹ ਵਾਚਕ ਸਿਰ ਹਿਲਾ ਕੇ ਗੰਭੀਰ ਹਾਲਤ ਦਾ ਸੰਕੇਤ ਦੇ ਕੇ ਬਾਬੇ ਨੂੰ ਲੁਧਿਆਣੇ ਦੇ ਹਾਸਪਤਾਲਾਂ ਦੇ ਰਸਤੇ ਪਾ ਦਿੱਤਾ।
'ਡਾਕਟਰ ਸਾਹਿਬ! ਇਹਨੂੰ ਕੱਲ੍ਹ ਤੱਕ ਬਚਾ ਲਓ, ਫਿਰ ਇਸ ਦੇ ਬੇਟੇ ਨੇ ਆ ਜਾਣਾ ਹੈ, ਉਸ ਦੇ ਹਵਾਲੇ ਕਰ ਕੇ ਮੈਂ ਸੁਰਖ਼ਰੂ ਹੋਊਂ।' ਵੱਡੇ ਹਸਪਤਾਲ ਜਾ ਕੇ ਬਾਬੇ ਨੇ ਡਾਕਟਰਾਂ ਨੂੰ ਤਰਲਾ ਜਿਹਾ ਕੀਤਾ।
'ਹੌਂਸਲਾ ਰੱਖੋ ਬਾਬਾ ਜੀ! ਮਰੀਜ਼ ਬਿਲਕੁਲ ਠੀਕ ਹੈ, ਖ਼ਤਰੇ ਤੋਂ ਬਾਹਰ ਹੈ। ਘਬਰਾਉਣ ਦੀ ਕੋਈ ਲੋੜੀ ਨਹੀਂ। ਕੱਲ੍ਹ ਤੱਕ ਇਸ ਨੇ ਹੋਸ਼ ਕਰ ਲੈਣੀ ਹੈ। ਇਸ ਨੂੰ ਦੋ ਚੋਟਾਂ ਆਈਆਂ ਹਨ। ਇੱਕ ਮਾਨਸਿਕ ਚੋਟ ਤੇ ਦੂਸਰੀ ਸਿਰ ਦੀ ਸੱਟ।'
ਡਾਕਟਰ ਦੇ ਦੱਸਣ ਮੁਤਾਬਿਕ ਉਸ ਨੇ ਉਹੀ ਸੁਨੇਹਾ ਅਮਰੀਕਾ ਪਹੁੰਚਾ ਦਿੱਤਾ।
ਦੇਖਦੇ ਦੇਖਦੇ ਮਾਤਾ ਦੀਆਂ ਲੱਤਾਂ ਨੇ ਹਿਲਜੁੱਲ ਕੀਤੀ। ਹੱਥ ਹਿਲਾਏ, ਪੈਰ ਛੰਡੇ। ਨਰਸ ਨੇ ਫੁਰਤੀ ਨਾਲ ਯੰਤਰਾਂ ਨੂੰ ਸੰਭਾਲਿਆ। ਬੜੀ ਉਤਸੁਕਤਾ 'ਚ ਮਾਤਾ ਦੀ ਅਗਲੀ ਹਰਕਤ ਦਾ ਇੰਤਜ਼ਾਰ ਕਰਨ ਲੱਗੇ। ਉਸ ਦੀਆਂ ਝਿੰਮਣੀਆਂ ਹਿੱਲੀਆਂ, ਅੱਖਾਂ ਦੇ ਛੱਪਰ ਕੰਬੇ, ਅੱਖਾਂ ਝਪਕੀਆਂ ਤੇ ਫਿਰ ਨਵੇਂ ਜਨਮੇ ਬੱਚੇ ਵਾਂਗ ਥੋੜੀਆਂ ਥੋੜੀਆਂ ਅੱਖਾਂ ਖੋਲ੍ਹੀਆਂ। ਆਸੇ ਪਾਸੇ ਘੂਰ ਕੇ ਵੇਖਿਆ। ਉੱਠਣ ਦੀ ਖੇਚਲ ਕੀਤੀ। ਨਰਸ ਨੇ ਉਸ ਨੂੰ ਸਹਾਰਾ ਦੇ ਕੇ ਨਾ ਹਿੱਲਣ ਲਈ ਇਸ਼ਾਰਾ ਕੀਤਾ।
'ਆ ਗੀ ਰਮਣੀਕ ਪੁੱਤ ਕੰਮ ਤੋਂ? ਆ ਮੇਰਾ ਸੀਨਾ ਠੰਢਾ ਕਰ। ਹੁਣ ਤੂੰ ਕੋਈ ਫਿਕਰ ਨਾ ਕਰੀਂ। ਮੈਂ ਕਾਨੇ ਵਾਂਗ ਸਿੱਧਾ ਕਰ ਦੂੰ ਗੀ ਉਹਨੂੰ ਹਰਾਮਜ਼ਾਦੇ ਨੂੰ।' ਨਰਸ ਵੱਲ ਟਿਕਟਿਕੀ ਲਗਾ ਕੇ ਬਾਂਹਾਂ ਅੱਡੀਆਂ।
'ਹਾਂ ਮਾਂ ਜੀ ਆ ਗੀ!' ਨਰਸ ਖਿੜੇ ਮੱਥੇ ਉਸ ਦੇ ਨੇੜੇ ਹੋ ਗਈ।
'ਆ ਬੇਟਾ! ਆ ਜਾਹ ਆ ਮੇਰੇ ਨੇੜੇ ਆ...ਮੈਨੂੰ ਸਭ ਪਤੈ, ਤੂੰ ਅੱਖਾਂ ਨਾ ਭਰ।' ਉਸ ਨੇ ਫੇਰ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ। ਨਾਲੀਆਂ ਨਾਲ ਜਕੜੀ ਹੋਈ ਸੀ। ਨਰਸ ਨੇ ਥਾਪੜਾ ਦੇ ਕੇ ਨੱਪ ਦਿੱਤੀ।
'ਪੰਮੀ ਕਿੱਥੇ ਪੁੱਤ?... ਹੈਂ ਤੇ ਤੈਨੂੰ ਕੀ ਹੋਇਆਂ? ਤੂੰ ਏੇਦਾਂ ਖੜਿਆਂ?' ਆਸੇ ਪਾਸੇ ਝਾਕਦੀ ਮੋਤਾ ਸਿੰਘ ਨੂੰ ਵੇਖ ਕੇ ਹੈਰਾਨ ਜਿਹੀ ਹੋ ਗਈ।
ਨਰਸ ਨੇ ਫੋਨ ਚੁੱਕਿਆ ਤੇ ਡਾਕਟਰ ਨੂੰ ਦੱਸਿਆ।
ਉਹ ਵੀ ਦੌੜਿਆ ਆਇਆ। ਵੇਖ ਕੇ ਬਹੁਤ ਪ੍ਰਸੰਨ ਹੋਇਆ।
'ਇਸ ਦੀਆਂ ਦੋ ਨਰਸਾਂ ਹਨ ਅਮਰੀਕਾ ਵਿੱਚ... ਇਕ ਬੇਟੀ ਤੇ ਇਕ ਨੂੰਹ! ਇਹ ਤੁਹਾਨੂੰ ਉਹੀ ਸਮਝੀ ਬੈਠੀ ਹੈ।' ਬਾਬਾ ਘੁਟਵੀਂ ਆਵਾਜ਼ ਵਿੱਚ ਹੌਲੇ ਜਿਹੇ ਨਰਸਾਂ ਡਾਕਟਰਾਂ ਦੇ ਨੇੜੇ ਹੋਇਆ।
'ਹਾਂ ਮਾਤਾ ਗੁਰਦੀਪ ਕੌਰ ਜੀ! ਕੀ ਹਾਲ ਹੈ ਤੁਹਾਡਾ?' ਡਾਕਟਰ ਉਸ ਦੀ ਸੋਝੀ ਪਰਖਣਾ ਚਾਹੁੰਦਾ ਸੀ।
'ਨਹੀਂ ਜੀ! ਮੈਂ ਗੁਰਦੀਪ ਕੌਰ ਨਹੀਂ, ਮੈਂ ਮਨਜੀਤ ਕੌਰ ਹਾਂ। ਗੁਰਦੀਪ ਕੌਰ ਤਾਂ ਕਦੇ ਦੀ ਮਰ ਚੁੱਕੀ ਹੈ।' ਗੁੱਸਾ ਜਿਹਾ ਛੰਡ ਕੇ ਉਸ ਨੇ ਦੋਬਾਰਾ ਅੱਖਾਂ ਮੀਟ ਲਈਆਂ।
'ਸਿਸਟਰ! ਇੱਕ ਹੋਰ ਡਰਿੱਪ ਲਗਾ ਦਿਉ! ਸੌਂ ਲੈਣ ਦਿਓ ਅਜੇ ਕੁਛ ਦੇਰ ਹੋਰ।'
ਮਰੀਜ਼ ਦੀ ਪਿਛਲੀ ਹਿਸਟਰੀ ਪੁੱਛਣ ਤੇ ਬਾਬਾ ਜੀ ਨੇ ਦੱਸਿਆ ਕਿ ਇਸ ਨੂੰ ਅਜੇਹੇ ਦੌਰੇ ਪਹਿਲਾਂ ਵੀ ਪੈਂਦੇ ਰਹੇ ਹਨ। ਪੰਦਰਾਂ ਸਾਲ ਪਹਿਲਾਂ ਜਦ ਉਹ ਆਪਣੀ ਲੜਕੀ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਬਰਮਿੰਘਮ ਚੜ੍ਹਾਉਣ ਗਈ ਸੀ ਤਾਂ ਜਹਾਜ਼ ਇੱਕ ਦਿਨ ਪਛੜ ਗਿਆ। ਪਹਿਲਾ ਸਾਰਾ ਦਿਨ ਰਾਤ ਰੋਂਦੀ ਰਹੀ ਕਿ ਮੇਰੀ ਬੇਟੀ ਨੇ ਦੂਰ ਚਲੇ ਜਾਣਾ ਹੈ ਤੇ ਵਿੱਛੜ ਜਾਣਾ ਹੈ। ਦੂਸਰਾ ਦਿਨ ਰਾਤ ਇਸ ਕਰਕੇ ਤੜਫ਼ਦੀ ਰਹੀ ਕਿ ਜਹਾਜ਼ ਲੇਟ ਹੋਣ ਕਰਕੇ ਬਦਸ਼ਗਨੀ ਹੋਈ ਹੈ। ਅਵੱਲੀਆਂ-ਟਵੱਲੀਆਂ ਮਾਰਦੀ ਨੂੰ ਪਾਗਲਖਾਨੇ ਲਿਜਾਉਣਾ ਪਿਆ ਸੀ। ਕਈ ਦਿਨ ਦਵਾਈ ਖਾਣ ਨਾਲ ਠੀਕ ਹੋਈ ਸੀ।
ਪਹਿਲਾਂ ਲੜਕੀ ਵਾਸਤੇ ਬਾਹਰਲੇ ਵਰ ਦੀ ਤਲਾਸ਼ ਕਰਦੀਆਂ ਮਾਵਾਂ ਧੀਆਂ ਦੋਵੇਂ ਵਿਦੇਸ਼ੀ ਮੁੰਡੇ ਦੀ ਚਾਹਤ 'ਚ ਭਟਕਦੀਆਂ ਰਹੀਆਂ। ਆਪੇ ਮੈਥੋਂ ਚੋਰੀ ਅਖ਼ਬਾਰਾਂ 'ਚ ਇਸ਼ਤਿਹਾਰ ਦਿੰਦੀਆਂ ਰਹੀਆਂ ਤੇ ਆਪੇ ਮੈਟਰੀਮੋਨੀਅਲ ਦੇ ਹੁੰਗਾਰੇ ਭਰਦੀਆਂ ਰਹੀਆਂ। ਲੜਕੀ ਨੇ ਐਮ. ਏ. ਦੀ ਅਜੇ ਪਹਿਲੀ ਪੌੜੀ ਹੀ ਚੜ੍ਹੀ ਸੀ ਕਿ ਬਾਹਰਲੇ ਰਿਸ਼ਤੇ ਨੇ ਅੱਖਾਂ ਚੁੰਧਿਆ ਦਿੱਤੀਆਂ। ਲਾਜੂ ਕੱਪੜੇ ਵਾਲੇ ਨੇ ਦੱਸ ਪਾ ਕੇ ਉਨ੍ਹਾਂ ਦੇ ਮਨ ਦੀ ਮੁਰਾਦ ਪੂਰੀ ਕਰ ਦਿੱਤੀ। ਧੂਮ-ਧੜੱਕੇ ਨਾਲ ਵਿਆਹ ਕੀਤਾ। ਇੰਗਲੈਂਡ ਪਹੁੰਚਣ 'ਤੇ ਪਤਾ ਲੱਗਾ ਕਿ ਉਸ ਦੇ ਤਾਂ ਪਹਿਲਾਂ ਹੀ ਤਿੰਨ ਬੱਚੇ ਛੱਡ ਕੇ ਪਤਨੀ ਉੱਧਲ ਗਈ ਸੀ ਕਿਧਰੇ। ਕੁੜੀ ਨੇ ਆਪਣੀ ਮਰਜ਼ੀ ਦਾ ਵਰ ਆਪ ਟੋਲਿਆ ਸੀ ਇਸ ਲਈ ਸਬਰ ਸਬੂਰੀ ਕਰਕੇ ਇਹ ਸੂਲ ਪਾਣੀ ਵਾਂਗ ਪੀ ਗਈ ਪਰ ਉਥੇ ਵਸੇਬਾ ਫੇਰ ਨਹੀਂੰ ਹੋਇਆ। ਪ੍ਰਾਹੁਣਾ ਗੋਰੀਆਂ ਰੰਨਾਂ ਦੇ ਚੱਕਰ ਵਿੱਚ ਇਹਨੂੰ ਤੰਗ ਕਰਨ ਲੱਗਾ। ਕੁੜੀ ਦਰ ਦਰ ਭਟਕਦੀ ਠੋਕਰਾਂ ਖਾਣ ਲੱਗੀ। ਮੁੰਡੇ ਨੇ ਬੁੱਕਾਂ ਮੂੰਹੀਂ ਡਾਲਰ ਖਰਚ ਕੇ ਹੇਠਾਂ ਉੱਤੇ ਕਰ ਕੇ ਕਾਗਜ਼ੀ ਵਿਆਹ ਨਾਲ ਅਮਰੀਕਾ ਲੰਘਾਈ। ਉਥੇ ਕਾਗਜ਼ੀ ਵਿਆਹ ਵਾਲੇ ਲਾੜੇ ਨੇ ਬੜਾ ਬਲੈਕ-ਮੇਲ ਕੀਤਾ ਕੁੜੀ ਨੂੰ। ਜਦ ਮਰਜ਼ੀ ਆ ਕੇ ਖੇਹ ਖਰਾਬੀ ਕਰਦਾ ਉਸ ਦਾ ਖਾਤਾ ਖਾਲੀ ਕਰ ਜਾਂਦਾ। ਜੇ ਉਹ ਵਿਰੋਧ ਕਰਦੀ ਤਾਂ ਧੌਂਸ ਦਿਖਾਉਂਦਾ ਉਸ ਨੂੰ ਮੁੜਦੀ ਡਾਕ ਵਾਪਿਸ ਭੇਜਣ ਦੀ ਧਮਕੀ ਦੇ ਜਾਂਦਾ। ਜਿਹੜੀ ਲਾਡਲੀ ਨੂੰ ਕੋਈ ਉਂਗਲ ਕਰੇ ਤਾਂ ਉਂਗਲ ਵੱਡਣ ਤੱਕ ਜਾਈਦਾ ਸੀ, ਕਤਲ ਹੋ ਜਾਂਦੇ ਨੇ, ਉਹ ਕਿਵੇਂ ਠੀਕਰਾਂ ਵਾਂਗ ਰੁਲਦੀ ਅਜੇ ਉਵੇਂ ਦੀ ਉਵੇਂ ਹੀ ਆਪਣੇ ਕਰਮਾਂ ਨੂੰ ਕੋਸ ਰਹੀ ਹੈ। ਲੋਕਾਂ ਦੇ ਤਾਹਨੇ ਮੇਹਣੇ ਤੇ ਲੜਕੀ ਦੀ ਸੱਟ ਦੇ ਹਬੱਕੇ ਨੇ ਦੀਪੋ ਦਾ ਦਿਲ ਦਿਮਾਗ ਬਹੁਤ ਹੌਲਾ ਕਰ ਦਿੱਤਾ। ਹੁਣ ਜ਼ਰਾ ਜਿੰਨਾ ਵੀ ਖੁਸ਼ੀ ਗਮੀ ਦਾ ਝਟਕਾ ਨਹੀਂ ਬਰਦਾਸ਼ਤ ਕਰ ਸਕਦੀ। ਉਹ 'ਗ਼ਮ ਦਾ ਗੋਲਾ' ਜੋ ਇਸ ਦੇ ਅੰਦਰ ਪੱਕਾ ਸੰਨ੍ਹ ਮਾਰ ਕੇ ਦੜ ਗਿਆ ਜਦ ਸੁਲਗਦਾ ਤਾਂ ਇਹ ਆਪਣੀ ਸੁੱਧ ਬੁੱਧ ਖੋਹ ਕੇ ਪਾਗਲਾਂ ਵਾਂਗ ਊਲ-ਜਲੂਲ ਕਰਨ ਲੱਗ ਜਾਂਦੀ ਹੈ।
ਡਰਾਉਣੇ ਸੁਪਨੇ ਵਾਂਗ ਮਾਤਾ ਦੇ ਚਿਹਰੇ ਦਾ ਰੰਗ ਹਰ ਪਲ ਬਦਲਦਾ ਰਿਹਾ। ਸਰੀਰ ਕੜੱਲਾ ਭਰਦਾ ਰਿਹਾ ਜਿਵੇਂ ਉਹ ਕਿਸੇ ਬੜੇ ਡੂੰਘੇ ਸੰਘਰਸ਼ ਵਿਚੋਂ ਗੁਜ਼ਰ ਰਹੀ ਹੋਵੇ।
ਅਮਰੀਕਾ ਤੋਂ ਉਸ ਦਾ ਬੇਟਾ ਆਣ ਪਹੁੰਚਾ। ਮਾਤਾ ਨੂੰ ਸਿਹਤਮੰਦ ਅੱਖਾਂ ਝਮਕਦੇ ਤੱਕ ਕੇ ਉਸ ਦੀ ਸੁਧਰੀ ਹਾਲਤ ਤਸੱਵਰ ਕਰਦਾ ਜੈਲੇ ਦਾ ਮੁਰਝਾਇਆ ਥਕਾਵਟ ਦਾ ਭੰਨਿਆਂ ਚਿਹਰਾ ਸਕੂਨ ਵਿੱਚ ਆਇਆ।
ਮਾਤਾ ਦੀ ਨਬਜ਼ ਟੋਹੰਦਾ ਨਰਸ ਦਾ ਹੱਥ ਤੇ ਕੰਨਾ 'ਚ ਲੱਗੀ ਟੁੱਟੀ ਉਸ ਦੀ ਛਾਤੀ ਦੀ ਹਰਕਤ ਮਹਿਸੂਸ ਕਰਦੀ ਇਕ ਦਮ ਰੁਕ ਗਈ। ਨਰਸ ਨੇ ਪਿੱਛੇ ਮੁੜ ਕੇ ਵੇਖਿਆ।
'ਹੈਲੋ...।'
ਕਰਦੇ ਮੁਸਕਾਨ ਸੁੱਟਦੇ ਸਵਾਗਤ ਕੀਤਾ ਤੇ ਆਪਣੀ ਟਰੇਅ ਸਮੇਟਦੀ ਉਸ ਵਾਸਤੇ ਬੈਠਣ ਲਈ ਜਗ੍ਹਾ ਖਾਲੀ ਕਰ ਦਿੱਤੀ। ਮਾਤਾ ਨੇ ਪੂਰੀ ਸੁਰਤੀ ਨਾਲ ਪਛਾਣ ਲਿਆ ਤੇ ਉੱਠ ਕੇ ਪੁੱਤ ਵਾਸਤੇ ਬਾਹਾਂ ਫੈਲਾ ਦਿੱਤੀਆਂ।
'ਆ ਗਿਆ ਮੇਰਾ ਬੇਟਾ! ਰਾਤ ਦੀ ਸ਼ਿਫਟ ਲਗਾਈ ਜਾਪਦੀ ਮੇਰੇ ਪੁੱਤ ਨੇ। ਆ ਜਾ...ਆ ਮੇਰੇ ਨਾਲ ਲੱਗ ਜਾ। ਬੜੀ ਥੱਕੀ ਹੋਈ ਆਂ ਮੈਂ ਸ਼ਿੰਦਿਆ! ਬੜਾ ਲੰਮਾ ਸਫ਼ਰ ਹੈ। ਬੜਾ ਡਰ ਆਇਆ ਮੈਨੂੰ... ਬੜੀ ਉਚਾਈ ਤੇ ਬੜਾ ਤੇਜ਼ ਉੱਡਦਾ ਰਿਹਾ ਮੇਰਾ ਜਹਾਜ਼... ਕਈ ਸ੍ਵਰਗਾਂ ਨਰਕਾਂ ਨੂੰ ਚੀਰਦਾ ਹੋਇਆ। ਕਿੰਨੇ ਸਮੁੰਦਰ ਟੱਪ ਕੇ ਕਿੰਨੇ ਅਸਮਾਨ ਗਾਹ ਕੇ ਅੱਪੜੇ ਹਾਂ ਆਪਣੇ ਬੱਚਿਆਂ ਕੋਲ। ਕਿੰਨੇ ਦੁੱਖਾਂ ਦੇ ਪਹਾੜਾਂ 'ਚੋਂ ਲੰਘੇ ਹਾਂ। ਸਮੁੰਦਰ ਦੇ ਆਰ ਅਸੀਂ ਤੜਫਦੇ ਰਹੇ ਤੇ ਪਾਰ ਤੁਸੀਂ ਤਰਸਦੇ ਰਹੇ... ਆ ਆ ਜੈਲੇ! ਮੇਰੇ ਨਾਲ ਲੱਗ ਜਾਹ ਬੇਟਾ।' ਮਾਤਾ ਨੂੰ ਹੋਸ਼ ਆਉਣ 'ਤੇ ਸਾਰੇ ਉਤਸ਼ਾਹਿਤ ਹੋਏ ਪਰ ਨਾਲ ਹੀ ਉਸ ਦੇ ਬਕੜਵਾਹ ਤੋਂ ਚਿੰਤਾਤੁਰ ਹੋ ਗਏ। ਬੇਟਾ ਉਸ ਦੇ ਗਲ ਲੱਗ ਕੇ ਭੁੱਬੀਂ ਫਿੱਸ ਪਿਆ। ਨਰਸ ਨੇ ਇਸ਼ਾਰਾ ਕਰਕੇ ਰੋਕ ਦਿੱਤਾ।
'ਪੁੱਤ! ਆਪਣੇ ਪਿਓ ਨੂੰ ਮਿਲਿਆਂ? ਉਸ ਦਾ ਵੀ ਖਿਆਲ ਰੱਖੀਂ, ਉਹ ਵੀ ਬਹੁਤ ਹਾਰ ਹੁੱਟ ਗਿਆ ਹੈ... ਬੜਾ ਖਰਾਬ ਕੀਤਾ ਇੰਬੈਸੀ ਵਾਲਿਆਂ... ਬੱਸ ਕਰਾਤੀ ਸਾਡੀ। ਅਜੇ ਵੀ ਸਾਨੂੰ ਚੰਗੇ ਭਲਿਆਂ ਨੂੰ ਚੋਰ ਸਮਝਦੇ ਨੇ। ਐਹ ਰਮਣੀ ਬੇਟੀ ਨੇ ਬੜੀ ਸੇਵਾ ਕੀਤੀ। ਕੱਲ੍ਹ ਦੀ ਅੱਗੇ ਪਿੱਛੇ ਫਿਰ ਰਹੀ ਹੈ... ਜ਼ਰਾ ਵਿਸਾਹ ਨਹੀਂ ਖਾਂਦੀ ਸਾਡਾ। ਮੈਂ ਭਾਰ ਵੰਡਾਊ ਤੇਰਾ... ਮਾਂ ਮਰ ਜੇ ਭੈਣਾਂ ਦੇ ਦੁਖੜੇ ਵੇਖਣੇ ਸਹਿਣੇ ਕਿੰਨੇ ਭਾਰੇ ਹੁੰਦੇ ਨੇ।' ਬੇਅਰਾਮੀ ਵਿੱਚ ਮਾਤਾ ਪੁੱਤਰ ਦੀ ਪਿੱਠ ਪਲੋਸਦੀ ਰਹੀ।
'ਏਅਰਪੋਰਟ ਉਤੇ ਅਤੇ ਫਿਰ ਜਹਾਜ਼ ਵਿੱਚ ਮੈਨੂੰ ਬੜਾ ਟੋਂਹਦੇ ਰਹੇ, ਬਕਾਉਂਦੇ ਰਹੇ, ਪੈਰਾਂ ਤੋਂ ਕੱਢਣ ਵਾਲੇ ਸਵਾਲ ਪੁੱਛਦੇ ਰਹੇ ਪਰ ਮੈਂ ਨੀਂ ਆਪਣੇ ਪੈਰਾਂ 'ਤੇ ਪਾਣੀ ਪੈਣ ਦਿੱਤਾ। ਮੈਂ ਕਿਹਾ ਮੈਂ ਸੱਚੀ ਮੁੱਚੀ ਦੀ ਮਨਜੀਤ ਕੌਰ ਹਾਂ...ਸੌਂਹ ਖੁਆ ਲਓ ਭਾਵੇਂ... ਇਹ ਪਾਸਪੋਰਟ 'ਤੇ ਫੋਟੇ ਵੀ ਤਾਂ ਮੇਰੀ ਹੈ।'
ਡਾਕਟਰਾਂ ਨੇ ਇਕੱਤਰਤਾ ਕਰਕੇ ਇਸ ਨੂੰ ਗੰਭੀਰ ਮਾਨਸਿਕ ਮਰੀਜ਼ ਗਰਦਾਨ ਦਿੱਤਾ ਤੇ ਦਿਮਾਗ਼ੀ ਮਾਹਿਰ ਨੂੰ ਬੁਲਾ ਭੇਜਿਆ। ਪੁੱਤਰ ਨਾਲ ਮਸ਼ਵਰਾ ਕਰਕੇ ਉਚੇਰੇ ਹਸਪਤਾਲ ਲਿਜਾਉਣ ਲਈ ਸੋਚਣ ਲਗੇ।
'ਇਹ ਮਾਤਾ ਦਿਮਾਗ਼ੀ ਤੌਰ ਤੇ ਅਮਰੀਕਾ ਵਿੱਚ ਆਪਣੇ ਬੱਚਿਆਂ ਕੋਲ ਪਹੁੰਚ ਚੁੱਕੀ ਹੈ। ਇਸ ਲਈ ਪਿੰਡ ਦੇ ਜਾਂ ਮਹੱਲੇ ਦੇ ਸਥਾਨਕ ਲੋਕ, ਬਾਹਰ ਮੁਲਾਕਾਤ ਲਈ ਖੜ੍ਹੀ ਸਕੀ-ਸਕੀਰੀ ਨੂੰ ਮਿਲਣ 'ਤੇ ਇਸ ਦੇ ਮਨ ਤੇ ਹੋਰ ਗਹਿਰਾ ਸਦਮਾ ਪਹੁੰਚੇ ਗਾ।'
ਛਿੰਦੇ, ਬੰਤੋ, ਭਾਨੀ ਹੋਰਾਂ ਨੂੰ ਸਮਝਾ ਕੇ ਅੰਦਰ ਆਉਣੋਂ ਮਨ੍ਹਾਂ ਕਰ ਦਿੱਤਾ ਗਿਆ। ਉਹ ਬਾਹਰ ਤਾਕੀ ਦੇ ਸ਼ੀਸ਼ੇ ਵਿੱਚੋਂ ਝਾਕਦੀਆਂ ਉਸ ਦੇ ਜਲਦੀ ਸੁਅੱਸਥ ਹੋਣ ਦੀ ਦੁਆ ਕਰਨ ਲੱਗੀਆਂ। ਸਾਰੇ ਮੋਤਾ ਸਿੰਘ ਤੇ ਜੈਲੇ ਨਾਲ ਮਸ੍ਹੋਸ ਹਮਦਰਦੀ ਕਰਦੇ ਬੜੇ ਨਿਰਾਸ਼ ਹੋ ਕੇ ਖ਼ਤਰਾ ਭਾਂਪ ਕੇ ਅੱਖਾਂ ਪੂੰਝਦੇ ਵਾਪਿਸ ਮੁੜ ਗਏ।
'ਚੰਗਾ ਹੋਇਆ ਪੁੱਤ! ਤੂੰ ਵੀ ਆ ਗਈ। ਪਰਮਜੀਤ ਬੇਟੀ! ਮੈਨੂੰ ਮਨਜੀਤ ਕੌਰ ਕਹਿਣਾ ਹੈ ਮੈਂ ਗੁਰਦੀਪ ਕੌਰ ਨਹੀਂ। ਕਿਸੇ ਨੂੰ ਨਾ ਦੱਸੀਂ, ਮੇਰਾ ਨਾਮ ਚੰਗੀ ਤਰ੍ਹਾਂ ਯਾਦ ਕਰ ਲੈ। ਬੜੀ ਮੁਸ਼ਕਲ ਗੋਰਿਆਂ ਦੇ ਅੱਖੀਂ ਘੱਟਾ ਪਾ ਕੇ ਲੰਘੀ ਹਾਂ।' ਦੂਸਰੀ ਨਰਸ ਨੂੰ ਪਿਆਰ ਕਰਦੀ ਹਦਾਇਤਾਂ ਦੇਣ ਲੱਗੀ। ਉਸ ਦੇ ਵਿਵਹਾਰ ਵਿੱਚ ਥੋੜੀ ਜਿਹੀ ਤਬਦੀਲੀ ਆਈ।
ਮੂੰਹ ਤੇ ਮਖੌਟਾ ਪਾਈ ਡਾਕਟਰ ਸਿੱਬਲ ਦਿਮਾਗ਼ੀ ਬਿਮਾਰੀਆਂ ਦੇ ਮਾਹਿਰ ਡਾਕਟਰ ਨਾਲ ਕਮਰੇ 'ਚ ਦਾਖਲ ਹੋਇਆ।
'ਅਜੇਹੇ ਮੀਰਜ਼ ਨੂੰ ਉਹੋ ਜਿਹਾ ਮਹੌਲ ਸਿਰਜ ਕੇ ਦੇਣਾ ਪੈਂਦਾ ਹੈ ਜਿਹਾ ਉਹ ਤਸੱਵਰ ਕਰਦਾ ਹੈ। ਅਮਰੀਕਾ ਵਾਲੇ ਇਹਦੇ ਬੱਚਿਆਂ ਦੇ ਘਰ ਦਾ ਵਾਤਾਵਰਨ ਤੇ ਬੇਟਾ ਬੇਟੀ ਜਾਂ ਹੋਰ ਮੈਂਬਰ ਜੇ ਆ ਸਕਣ ਤਾਂ ਵੈੱਲ ਐਂਡ ਗੁੱਡ! ਨਹੀਂ ਤੇ ਬੇਸ਼ੱਕ ਨਕਲੀ ਪਾਤਰ ਹੋਣ... ਇਸ ਦੇ ਸਾਹਮਣੇ ਘਰ ਦਾ ਮਾਹੌਲ ਸਿਰਜ ਦਿਓ।' ਦਿਮਾਗ਼ੀ ਪਾਰਖੂ ਨੇ ਸਲਾਹ ਦਿੱਤੀ।
'ਹਾਏ...ਏ... ਇਹ ਇੱਥੇ ਵੀ ਆ ਪਹੁੰਚਾ ਹਰਾਮਜ਼ਾਦਾ ਮੇਰੇ ਪਿੱਛੇ! ਹੁਣ ਦੂਸਰੇ ਪਤੰਦਰ ਨੂੰ ਲੈ ਕੇ!...। ਆਓ ਭਾ ਜੀ! ਇਹਨੂੰ ਮੈਂ ਪਹਿਲਾਂ ਵੀ ਕਈ ਵਾਰ ਦੱਸ ਚੁੱਕੀ ਹਾਂ ਕਿ ਮੈਂ ਮਨਜੀਤ ਕੌਰ ਹਾਂ ਗੁਰਦੀਪ ਕੌਰ ਨਹੀਂ। ਕਿੰਨਾਂ ਤਰਸ ਤਰਸ ਕੇ ਮੈਨੂੰ ਆਪਣੇ ਬਾਗ ਪ੍ਰੀਵਾਰ ਵਿੱਚ ਬੈਠਣ ਦਾ ਮੌਕਾ ਮਿਲਿਆ, ਇਹ ਕਲਮੂੰਹਾਂ ਫੇਰ ਮੇਰਾ ਖਹਿੜਾ ਨਹੀਂ ਛੱਡਦਾ। ਉਰੇ ਆ ਤੈਨੂੰ ਦਿਆਂ ਦਾਖੂ-ਦਾਣਾ।'
ਬਕੜਵਾਹ ਕਰਦੀ ਅਚਨਚੇਤ ਉਹ ਉੱਠੀ... ਕਾਹੜ ਕਰਦਾ ਥੱਪੜ ਡਾਕਟਰ ਦੇ ਜੜ ਦਿੱਤਾ ਤੇ ਉੱਠ ਕੇ ਦੂਸਰੇ ਮਾਹਿਰ ਵੱਲ ਵਧੀ। ਏਨਾ ਭਾਰਾ ਥੱਪੜ! ਪਤਾ ਨਹੀਂ ਏਨਾ ਜ਼ੋਰ ਕਿੱਥੋਂ ਆ ਗਿਆ, ਬੇਟੇ ਨੇ ਬੜੀ ਮੁਸ਼ਕਲ ਕਾਬੂ ਕੀਤੀ। ਭਗਦੜ ਵਿਚ ਸਾਰੇ ਆਪਣਾ ਆਪ ਬਚਾਉਂਦੇ ਪਾਸੇ ਹੋ ਗਏ।
ਮਾਤਾ ਇਕ ਲੰਮੀ ਚੀਕ ਮਾਰ ਕੇ ਬੇਹੋਸ਼ ਹੋ ਗਈ।