ਨਰੈਂਣਾ:- ਇਹ ਧਰਤੀ ਸੀ ਪੰਜ ਦਰਿਆਵਾਂ ਦੀ,
ਨਿਹਾਲੀ:- ਹੁਣ ਕੂਕਾਂ ਮਾਰਦੀਆਂ ਮਾਵਾਂ ਦੀ
ਨਰੈਂਣਾ:- ਇਹ ਧਰਤੀ ਸੀ ਰੱਬ ਦੇ ਬੰਦਿਆਂ ਦੀ,
ਨਿਹਾਲੀ:- ਹੁਣ ਲੁੱਟ-ਖੋਹ ਦੇ ਧੰਦਿਆਂ ਦੀ
ਨਰੈਂਣਾ: ਇਹ ਧਰਤੀ ਸੀ ਸਰਵਣ ਪੁੱਤਾਂ ਦੀ,
ਨਿਹਾਲੀ: ਹੁਣ ਠੇਕੇ ਤੇ ਚੜ੍ਹਦੀਆਂ ਕੁੱਖਾਂ ਦੀ
ਨਰੈਂਣਾ: ਇਹ ਧਰਤੀ ਸੀ ਮੋਹ ਦੀਆਂ ਲੀਕਾਂ ਦੀ,
ਨਿਹਾਲੀ: ਹੁਣ ਚਿੱਟੇ ਖੂਨ ਸ਼ਰੀਕਾਂ ਦੀ
ਨਰੈਂਣਾ: ਇਹ ਧਰਤੀ ਸੀ ਕਿੱਕਲੀ ਪਾਉਂਦੀਆਂ ਦੀ,
ਨਿਹਾਲੀ: ਹੁਣ ਕੋਟ ਕਚਹਿਰੀ ਆਉਂਦੀਆਂ ਦੀ
ਨਰੈਂਣਾ: ਇਹ ਧਰਤੀ ਸੀ ਵਣਜ ਵਪਾਰਾਂ ਦੀ,
ਨਿਹਾਲੀ: ਹੁਣ ਹੱਥਾਂ ਤੇ ਹੱਥਮਾਰਾਂ ਦੀ
ਨਰੈਂਣਾ: ਇਹ ਧਰਤੀ ਸੀ ਫੱਕਰਾਂ, ਰਾਹੀਆਂ ਦੀ,
ਨਿਹਾਲੀ: ਹੁਣ ਗਲ ਪਾਏ ਅੰਨਦਾਤਾ ਫਾਹੀਆਂ ਦੀ
ਨਰੈਂਣਾ: ਇਹ ਧਰਤੀ ਸੀ ਕੌਮ ਦੇ ਰਾਖਿਆਂ ਦੀ,
ਨਿਹਾਲੀ: ਹੁਣ ਵਰਦੇ ਬੰਬ ਪਟਾਖਿਆਂ ਦੀ
ਨਰੈਂਣਾ: ਇਹ ਧਰਤੀ ਸੀ ਧਰਮੀਂ ਕੁਰਬਾਨੀਆਂ ਦੀ,
ਨਿਹਾਲੀ: ਹੁਣ ਚਿੱਟੇ ਚਿਲਮ ਨਿਸ਼ਾਨੀਆਂ ਦੀ
ਨਰੈਂਣਾ: ਇਹ ਧਰਤੀ ਸੀ ਹਾਲੀਆਂ ਪਾਲੀਆਂ ਦੀ,
ਨਿਹਾਲੀ: ਹੁਣ ਭ੍ਰਿਸ਼ਟਾਚਾਰ ਕੰਮ ਜਾਲੀਆਂ ਦੀ
ਨਰੈਂਣਾ: ਇਹ ਧਰਤੀ ਸੀ ਮਿਹਨਤੀ ਲੋਕਾਂ ਦੀ,
ਨਿਹਾਲੀ: ਹੁਣ ਖੂਨ ਪੀਣੀਂਆਂ ਜੋਕਾਂ ਦੀ
ਨਰੈਂਣਾ: ਇਹ ਧਰਤੀ ਸੀ ਸ਼ਾਨ ਤਿਰੰਗੇ ਦੀ,
ਨਿਹਾਲੀ: ਹੁਣ ਮੋੜਾਂ ਤੇ ਪੈਂਦੇ ਪੰਗੇ ਦੀ,
ਨਰੈਂਣਾ: ਇਹ ਧਰਤੀ ਸੀ ਚੰਨ ਤੇ ਤਾਰਿਆਂ ਦੀ,
ਨਿਹਾਲੀ: ਹੁਣ ਬਣਗੀ ਕਰਮਾਂ ਮਾਰਿਆਂ ਦੀ
ਨਰੈਂਣਾ: ਇਹ ਧਰਤੀ ਸੀ ਘੁੱਗੀਆਂ-ਮੋਰਾਂ ਦੀ,
ਨਿਹਾਲੀ: ਹੁਣ ਬਣਗੀ ਬਦਲੇ ਖੋਰਾਂ ਦੀ
ਨਰੈਂਣਾ: ਇਹ ਧਰਤੀ ਸੀ ਰਾਜਕੁਮਾਰਾਂ ਦੀ,
ਨਿਹਾਲੀ: ਹੁਣ ਪੜੇ ਲਿਖੇ ਬੇਰੁਜ਼ਗਾਰਾਂ ਦੀ
ਨਰੈਂਣਾ: ਇਹ ਧਰਤੀ ਸੀ ਸੰਘਣੇ ਰੁੱਖਾਂ ਦੀ,
ਨਿਹਾਲੀ: ਹੁਣ ਵੱਟਸਐਪ ਤੇ ਫੇਸਬੁੱਕਾਂ ਦੀ
ਨਰੈਂਣਾ: ਇਹ ਧਰਤੀ ਸੀ ਰਿਸ਼ਤੇ ਗੰਢਿਆਂ ਦੀ,
ਨਿਹਾਲੀ: ਹੁਣ ਸੀਨੇ ਚੁੱਭਦੇ ਕੰਡਿਆਂ ਦੀ
ਨਰੈਂਣਾ: ਇਹ ਧਰਤੀ ਸੀ ਪੀਰ-ਪੈਗੰਬਰਾਂ ਦੀ,
ਨਿਹਾਲੀ: ਹੁਣ ਅਵਾਰਾ ਲਗੌੜਾਂ,ਡੰਗਰਾਂ ਦੀ
ਨਰੈਂਣਾ: ਇਹ ਧਰਤੀ ਸੀ ਚਮਕਦੇ ਤਾਰਿਆਂ ਦੀ,
ਨਿਹਾਲੀ: ਹੁਣ ਟੁੱਟੇ ਯਾਰਾਨੇ ਲਾਰਿਆਂ ਦੀ
ਨਰੈਂਣਾ: ਇਹ ਧਰਤੀ ਸੀ ਪੱਕੇ ਮਿੱਤਰਾਂ ਦੀ,
ਨਿਹਾਲੀ: ਹੁਣ ਆਸ਼ਕਾਂ ਸਿਰ ਵਰਦਿਆਂ ਛਿੱਤਰਾਂ ਦੀ
ਨਰੈਂਣਾ: ਇਹ ਧਰਤੀ ਸੀ ਹਾਸ-ਮਜ਼ਾਕਾਂ ਦੀ,
ਨਿਹਾਲੀ: ਹੁਣ ਮੋਬਾਇਲਾਂ, ਡੀ.ਜੇ. ਖੜਾਕਾਂ ਦੀ
ਨਰੈਂਣਾ: ਇਹ ਧਰਤੀ ਸੀ ਮਿੱਠੇ-ਪਿਆਰਾਂ ਦੀ,
ਨਿਹਾਲੀ: ਹੁਣ ਮਹਿੰਗੀ ਯਾਰੀ ਵਿਪਾਰਾਂ ਦੀ
ਨਰੈਂਣਾ: ਇਹ ਧਰਤੀ ਸੀ ਕਿਰਤੀ ਕਾਮਿਆਂ ਦੀ ,
ਨਿਹਾਲੀ: ਹੁਣ ਪਿਟ-ਪਿਟ ਕਰਦੇ ਯਾਮਿਆਂ ਦੀ,
ਨਰੈਂਣਾ: ਇਹ ਧਰਤੀ ਸੀ ਭਿੰਨ-ਭਿੰੰਨ ਰੰਗਾਂੰ ਦੀ,
ਨਿਹਾਲੀ: ਹੁਣ ਬੂਬਨੇ ਸਾਧ-ਮਲੰਗਾਂ ਦੀ
ਨਰੈਂਣਾ: ਇਹ ਧਰਤੀ ਸੀ ਚੋਬਰ ਥਾਪੀਆਂ ਦੀ,
ਨਿਹਾਲੀ: ਹੁਣ ਭਰੂਣ ਹੱਤਿਆ ਦੇ ਪਾਪੀਆਂ ਦੀ
ਨਰੈਂਣਾ: ਇਹ ਧਰਤੀ ਤੇ ਬੋਹਲ ਸੀ ਨੋਟਾਂ ਦੇ,
ਨਿਹਾਲੀ: ਹੁਣ ਗੁਲਤਾਨ ਹੋਈ ਵਿੱਚ ਵੋਟਾਂ ਦੇ
ਨਰੈਂਣਾ: ਇਹ ਧਰਤੀ ਸੀ ਫਰੰਗੀ ਟੰਗਿਆਂ ਦੀ
ਨਿਹਾਲੀ: ਹੁਣ ਜਿਸਮ ਹੋਏ ਅਧਨੰਗਿਆਂ ਦੀ
ਨਰੈਂਣਾ: ਇਹ ਧਰਤੀ ਸੀ ਵੀਰਿਆਂ-ਵੀਰਿਆਂ ਦੀ
ਨਿਹਾਲੀ: ਹੁਣ ਪੈਂਦੇ ਨਿੱਤ ਕਚੀਰਿਆਂ ਦੀ
ਨਰੈਂਣਾ: ਇਹ ਧਰਤੀ ਸੀ ਬੱਬਰ ਸ਼ੇਰਾਂ ਦੀ
ਨਿਹਾਲੀ: ਹੁਣ ਝੋਲੀ ਚੋਂ ਡੁੱਲਦੇ ਬੇਰਾਂ ਦੀ
ਨਰੈਂਣਾ: ਇਹ ਧਰਤੀ ਸੀ ਚਿੜੀਆਂ-ਕਾਵਾਂ ਦੀ
ਨਿਹਾਲੀ: ਹੁਣ ਕੋਰਟ ਮੈਰਿਜ਼ ਰਾਹਵਾਂ ਦੀ
ਨਰੈਂਣਾ: ਏਥੇ ਵਹਿੰਦੇ ਸੇ ਝਰਨੇ ਖੁਸ਼ੀਆਂ ਦੇ,
ਨਿਹਾਲੀ: ਹੁਣ ਥਾਂ-ਥਾਂ ਢਾਰੇ ਦੁੱਖੀਆਂ ਦੇ
ਨਰੈਂਣਾ: ਇਹ ਧਰਤੀ ਸੀ ਗੁਰੂਆਂ ਪੀਰਾਂ,
ਨਿਹਾਲੀ: ਜਿਹੜੀ ਖੁੱਦੋ ਬਣਗੀ ਲੀਰਾਂ ਦੀ
ਨਰੈਂਣਾ: 'ਸਾਧੂ ਲੰਗੇਆਣੇ' ਪਿੰਡ ਰਹਿੰਦਾ ਹੈ,
ਨਿਹਾਲੀ: ਸਦਾ ਸੱਚ-ਸੱਚ ਹੀ ਕਹਿੰਦਾ ਹੈ
ਨਰੈਂਣਾ: ਉਹ ਤਿੱਖੀ ਕਲਮ ਚਲਾਉਂਦਾ ਹੈ,
ਨਿਹਾਲੀ: ਬੁਰਿਆਂ ਨੂੰ ਗੁੱਠੇ ਲਾਉਂਦਾ ਹੈ