ਪੁੱਤ ਜੰਮਿਆ ਪਾਲ ਖਿਡਾਇਆ,
ਜਿਦ ਅੱਗੇ ਸੀਸ ਝੁਕਾਇਆ।
ਇਕ ਪਲ ਜੇ ਨਜ਼ਰ ਨਾ ਆਵੇ,
ਦਿਲ ਉਹਦਾ ਖੁੱਸਦਾ ਏ।
ਮਾਂ ਹੋ ਜਦ ਬੁੱਢੀ ਜਾਂਦੀ,
ਕੋਈ ਨਾ ਪੁੱਛਦਾ ਏ...
ਮਾਂ ਹੋ ਜਦ ਬੁੱਢੀ ਜਾਂਦੀ...
ਅੱਜ ਭਾਂਵੇ ਮੈਂ ਜਵਾਨ ਹੋਇਆ,
ਫ਼ਿਰ ਵੀ ਤਾਂ ਬੱਚਾ ਕਹਿੰਦੀ ਏ।
ਭਾਂਵੇ ਲੱਖਾਂ ਗਲਤੀਆਂ ਕੀਤੀਆਂ ਮੈਂ,
ਫ਼ਿਰ ਵੀ ਤਾਂ ਸੱਚਾ ਕਹਿੰਦੀ ਏ।
ਇੰਝ ਲੱਗਦਾ ਜਿਵੇਂ ਚੀਜ਼ ਪਿਆਰੀ,
ਉਹ ਤੋਂ ਆਣ ਕੋਈ ਲੁੱਟਦਾ ਏ
ਮਾਂ ਹੋ ਜਦ ਬੁੱਢੀ ਜਾਂਦੀ,
ਕੋਈ ਨਾ ਪੁੱਛਦਾ ਏ...
ਮਾਂ ਹੋ ਜਦ ਬੁੱਢੀ ਜਾਂਦੀ...
ਚਾਵਾਂ ਦੇ ਨਾਲ ਪੁੱਤ ਵਿਆਉਂਦੀ,
ਬਾਪੂ ਦੇ ਸੰਗ ਕਾਜ ਰਚਾਉਂਦੀ।
ਨੂੰਹ ਪੁੱਛੇ ਨਾ ਜਦ ਪਾਣੀ ਧਾਣੀ,
ਪੋਤਰੇ ਨੂੰ ਕੁਝ ਆਖ਼ ਸੁਣਾਉਂਦੀ।
ਜਦ ਗੱਲ ਨਾ ਸੁਣਦਾ ਅੰਤ ਕੋਈ,
ਮਨ ਰੱਬ ਤੋਂ ਰੁੱਸਦਾ ਏ।
ਮਾਂ ਹੋ ਜਦ ਬੁੱਢੀ ਜਾਂਦੀ,
ਕੋਈ ਨਾ ਪੁੱਛਦਾ ਏ...
ਮਾਂ ਹੋ ਜਦ ਬੁੱਢੀ ਜਾਂਦੀ...
ਨੌਂ ਮਹੀਨੇ ਕੁੱਖ ਵਿੱਚ ਰੱਖਿਆ,
ਉਹਦਾ ਤਾਂ ਕਦੇ ਮਨ ਨਹੀਂ ਅੱਕਿਆ।
ਕਿੰਨੀਆਂ ਸਿਫ਼ਤਾਂ ਕਰਦੀ ਰਹਿੰਦੀ,
ਜਨਮ ਲਿਆ ਜਦ ਸਭ ਨੂੰ ਦੱਸਿਆ।
ਪੁੱਤ ਦੂਰ ਹੋਣ ਨੂੰ ਜਾਵੇ,
ਸੀਨੇ ਹਾਉਂਕਾ ਉੱਠਦਾ ਏ।
ਮਾਂ ਹੋ ਜਦ ਬੁੱਢੀ ਜਾਂਦੀ,
ਕੋਈ ਨਾ ਪੁੱਛਦਾ ਏ...
ਮਾਂ ਹੋ ਜਦ ਬੁੱਢੀ ਜਾਂਦੀ...
ਮਾਵਾਂ ਦੇ ਬਿਨ ਜੱਗ ਏ ਖ਼ਾਲੀ,
ਕਹਿੰਦੀ ਏ ਗੁਰੂਆਂ ਦੀ ਬਾਣੀ।
ਵੀਰ ਯੋਧਿਆਂ ਜਨਮ ਦਿੱਤੇ ਜੋ,
ਧਰਤੀ ਦੀ ਅਖ਼ਵਾਉਂਦੀ ਰਾਣੀ।
ਮਾਂ ਦੇ ਚਰਨਾਂ ਵਿੱਚ ‘ਬਲਜੀਤ’,
ਬੂਟਾ ਪਿਆਰਾ ਫੁੱਟਦਾ ਏ।
ਮਾਂ ਹੋ ਜਦ ਬੁੱਢੀ ਜਾਂਦੀ,
ਕੋਈ ਨਾ ਪੁੱਛਦਾ ਏ...
ਮਾਂ ਹੋ ਜਦ ਬੁੱਢੀ ਜਾਂਦੀ...