ਪਤਨੀ ਨੇ ਹਮੇਸ਼ਾ ਵਾਂਗ ਬੜੇ ਉਤਸ਼ਾਹ ਨਾਲ ਪਤੀ ਨੂੰ ਦਰਵਾਜ਼ਾ ਖੋਲ੍ਹਿਆ ਪਰ ਪਤੀ ਦਾ ਮੁਰਝਾਇਆ ਚਿਹਰਾ ਦੇਖ ਉਸਨੂੰ ਬੜੀ ਹੈਰਾਨੀ ਅਤੇ ਚਿੰਤਾ ਹੋਈ, ਪਹਿਲਾਂ ਤਾਂ ਕਦੇ ਅਜਿਹਾ ਨਹੀਂ ਸੀ ਹੋਇਆ ਉਹ ਦੁਕਾਨ ਦੀਆਂ ਪਰੇਸ਼ਾਨੀਆਂ ਦੁਕਾਨ ਤੇ ਹੀ ਛੱਡ ਆਉਂਦੇ ਸੀ,ਆਪਣਾ ਵਹੀਖਾਤੇ ਵਾਲਾ ਝੋਲਾ ਵੀ ਜਦੋਂ ਪਤੀ ਨੇ ਨਿਸ਼ਚਿਤ ਸਥਾਨ ਉੱਤੇ ਰੱਖਣ ਦੀ ਜਗ੍ਹਾ ਕੋਲ ਪਏ ਮੰਜੇ ਉੱਪਰ ਹੀ ਸੁੱਟ ਦਿੱਤਾ ਤਾਂ ਪਤਨੀ ਤੋਂ ਪੁੱਛੇ ਬਿਨਾਂ ਨਾ ਰਿਹਾ ਗਿਆ
"ਕੀ ਹੋਇਆ ? ਦੁਕਾਨ 'ਤੇ ਕੋਈ ਗੱਲ ਹੋ ਗਈ ।"
"ਨਹੀ, ਕੁਝ ਨਹੀਂ ਹੋਇਆ, ਬਸ ਮਨ ਠੀਕ ਨਹੀਂ ।"
"ਕੋਈ ਗੱਲ ਤਾਂ ਹੈ ਤੁਸੀਂ ਕਦੇ ਏਵੇਂ ਤਾਂ ਨਹੀਂ ਮਸੋਸੇ ਜਿਹੇ ਮਨ ਨਾਲ ਘਰ ਵੜਦੇ ; ਸੱਚੋ ਸੱਚ ਦੱਸੋ ।"
"ਤੈਨੂੰ ਪਤਾ ਹੀ ਹੈ ; ਖੇਤੀ 'ਚੋਂ ਕੁਝ ਬਚਦਾ ਨਹੀਂ ਸੀ ਜੋ ਪਿੰਡ ਥੋੜ੍ਹੀ ਜਿਹੀ ਜਮੀਨ ਸੀ, ਵੇਚ ਕੇ ਆਹ ਸ਼ਹਿਰ ਛੋਟੀ ਜਿਹੀ ਦੁਕਾਨ ਕੀਤੀ ਸੀ ਪਰ ਹੁਣ ਇਹ ਵੀ...।"
"ਖੁੱਲ ਕੇ ਦੱਸੋ ਹੋਇਆ ਕੀ ? ਬੁਝਾਰਤਾਂ ਕਿਉਂ ਪਾਉਂਦੇ ਹੋ ?"
"ਆਪਣੀ ਦੁਕਾਨ ਕੋਲ ਬਹੁਤ ਵੱਡਾ ਸ਼ਾਪਿੰਗ ਮਾਲ ਖੁੱਲ ਰਿਹਾ ; ਹੁਣ ਦੁਕਾਨਾਂ ਨੂੰ ਖਾਹ ਜਾਣਾ ਉਸਨੇ ।"
"ਐ ਕਿਵੇਂ ਖਾਹ ਜਾਊ, ਤੁਸੀਂ ਕਿੰਨੇ ਸਾਲਾਂ ਤੋਂ ਟਿਕੇ ਬੈਠੇ ਹੋ ਉੱਥੇ । ਦਿਲ ਛੋਟਾ ਨਾ ਕਰੋ ; ਕਿਧਰੇ ਨ੍ਹੀ ਜਾਂਦਾ ਤੁਹਾਡਾ ਗਾਹਕ ।"
"ਮੈਂ ਵੀ ਇਹੋ ਸੋਚਦਾ ਹਾਂ ਪਰ ਜਦੋਂ ਬਸ ਸਟੈਂਡ ਵਾਲੇ ਸ਼ਾਪਿੰਗ ਮਾਲ ਦੇ ਆਲੇ ਦੁਆਲੇ ਵਾਲੇ ਦੁਕਾਨਦਾਰਾਂ ਦਾ ਹਾਲ ਵੇਖਦਾ ਹਾਂ ਘਬਰਾਹਟ ਹੋ ਜਾਂਦੀ ਹੈ ।"
"ਕੋਈ ਗੱਲ ਨਹੀਂ, ਭੁੱਖੇ ਨਹੀਂ ਮਰਦੇ । ਮਿਹਨਤ ਹੀ ਕਰਨੀ ਹੈ ਦਿਹਾੜੀ ਦੱਪਾ ਕਰ ਲਵਾਂਗੇ ।" ਘਰਵਾਲੀ ਨੇ ਹੌਂਸਲਾ ਦਿੰਦੇ ਹੋਏ ਕਿਹਾ ।
"ਚਿੰਤਾ ਤਾਂ ਇਹੋ ਹੈ, ਦਿਹਾੜੀ ਦੱਪਾ ਵੀ ਨਹੀਂ ਮਿਲਣਾ ; ਵੱਡੀਆ-ਵੱਡੀਆਂ ਮਸ਼ੀਨਾਂ ਕਈ-ਕਈ ਬੰਦਿਆਂ ਦਾ ਕੰਮ ਇੱਕ ਮਿੰਟ 'ਚ ਕਰ ਦਿੰਦੀਆਂ ਨੇ ।" ਕਹਿੰਦੇ ਹੋਏ ਉਸਨੇ ਧਾਹ ਮਾਰੀ ।