ਮੈਂ ਸਟਾਫ਼ ਦੇ ਅਧਿਆਪਕ ਨੂੰ ਕਿਹਾ,
ਮੈਗਜ਼ੀਨ ਦੇ ਸੰਪਾਦਕੀ-ਮੰਡਲ ਦੀ ਫੋਟੋ,
ਕੀ ਅੱਜ ਦੁਬਾਰਾ ਨਹੀਂ ਹੋ ਸਕਦੀ/ਮੇਰੀ ਜੁਸਤੁਜੂ ਪੂਰੀ ਨਹੀਂ ਹੋ ਸਕਦੌ
ਸਰ ! ਕੀ ਗੱਲੈ
ਅੱਜ ਕੋਟ ਤੇ ਟਾਈ ਦੀ ਮੈਚਿੰਗ ਹੈ/ਕਿ ਪੱਗ ਦਾ ਰੰਗ ਹੀ ਕੈਚਿੰਗ ਹੈ
ਯਾਰ ! ਅੱਜ ਅੱਜ ਹੁੰਦੀ ਹੈ/ਕੱਲ੍ਹ ਕੱਲ੍ਹ ਹੁੰਦੀ ਹੈ,
ਪੱਗ ਦੇ ਰੰਗ ਦੀ ਨਹੀਂ/ ਮਨ ਦੇ ਰੰਗ ਦੀ ਵੀ ਗੱਲ ਹੁੰਦੀ ਹੈ/ਜਦੋਂ ਦਿਲ ਖੇਲੇ।
ਤੇ ਤਨ ਤੇ ਮਨ ਦੀ ਵੀ ਮੈਚਿੰਗ ਜ਼ਰੂਰੀ ਹੈ/ਫੋਟੋ ਵੇਲੇ।
ਕੋਈ ਸਰੀਰ ‘ਤੇ ਪਹਿਨੇ ਰੰਗਾਂ ਦੀ ਹੀ ਫੋਟੋ ਨਹੀਂ ਲੈਂਦਾ,
ਚਿਹਰੇ ‘ਤੇ ਆਏ ਰੰਗਾਂ ਨੂੰ ਵੀ ਫੜ੍ਹਦਾ ਤੇ ਕਹਿੰਦਾ,
ਵੇਖੋ ਤਸਵੀਰ ਮੂਹੋਂ ਬੋਲਦੀ ਹੈ।
ਕੋਈ ਸਾਰੰਗੀਵਾਦਕ/ਮਹਿਜ਼ ਕੰਨਾਂ ਨੂੰ ਭਾਉਂਦਾ ਹੈ,
ਕੋਈ ਹੀਰ ਦੀਆਂ ਪੈੜਾਂ ਵੀ/ ਰੇਤ ‘ਤੇ ਵਿਖਾਉਂਦਾ ਹੈ।
ਤੇ ਦ੍ਰਿਸ਼ ਵਾਹ ਦਿੰਦਾ ਹੈ/ਚੂਰੀ ਲੈ ਕੇ ਚੱਲੀ ਦਾ,
ਜਦੋਂ ਰਾਗ ਛੋਂਹਦਾ ਹੈ/ਹੀਰ ਦੀ ਕਲੀ ਦਾ।
ਘੁੰਗਰੂਆਂ ਦਾ ਗੁੱਛਾ/ਸੋਹਣਾ ਲੱਗਦਾ ਹੈ,
ਕਿਸੇ ਸੁੰਦਰੀ ਦੇ ਗੋਰੇ ਪੈਰਾਂ ਨਾਲ ਬੰਨ੍ਹਿਆ।
ਖੂਬ ਛਣਕ ਸਕਦੇ ਇਹ ਘੂੰਗਰੂ/ਅੱਡੀ ਵੱਜਣ ‘ਤੇ/ਚਲੋ ਇਹ ਮੰਨਿਆ,
ਪਰ ਨੱਚਣ ਲਈ ਕਾਫ਼ੀ ਨਹੀਂ ਹੈ/ਘੁੰਗਰੂਆਂ ਦਾ ਥੱਬਾ।
ਉਮਾਹ, ਉਤਸ਼ਾਹ ਤੇ ਚਾਅ ਵੀ ਦੇ/ ਨੱਚਣ ਲਈ ਰੱਬਾ,
ਐਵੇਂ ਨਾ ਮਾਣ ਕਰ/ਅੱਡੀ ਦੀ ਸ਼ਕਤੀ ‘ਤੇ,
ਘੁੰਗਰੂੰ ਜੋ ਛਣਕਨ/ਮਨ ਦੀ ਮਸਤੀ ‘ਤੇ।
ਤੈਰਦਾ ਨਸ਼ਾ ਫਿਰ/ਦਿਲ ਦੀ ਬਸਤੀ ‘ਤੇ।
ਆਪਣੇ ਆਪ ਕਦੇ ਅੱਡੀ ਵੱਜਦੀ/ਕਦੇ ਪੱਬ ਉਠਦਾ,
ਧਰਤੀ ਦੀ ਠੋਸ ਹਿੱਕ ‘ਤੇ।
ਸਭ ਵੇਖਦੇ ਨੇ ਸੋਹਣੇ ਜਿਸਮਾਂ ਦੀ ਲਰਜ਼ਿਸ਼,
ਪਰ ਨਜ਼ਰ ਨਹੀਂ ਜਾਂਦੀ ਦਿਲ ਦੀ ਸਿੱਕ ਤੇ।
ਇੰਜ ਜਾਪੇ ਕਿ ਖੂਬ ਨੱਚਦਾ ਅੰਗ-ਅੰਗ ਤਨ ਦਾ,
ਕੋਣ ਜਾਣੇ ਕਿ ਇਹ ਤਾਂ ਪਾਉਂਦਾ ਹੈ ਪੈਲਾਂ/ਮੋਰ ਸਾਡੇ ਮਨ ਦਾ।
ਮਹਿਬੂਬ ਨੂੰ ਪਾਈ ਘੁੱਟ ਕੇ ਗਲਵੱਕੜੀ,
ਇੰਜ ਲੱਗਦਾ ਹੈ ਕਿ ਉਸਦੀ ਦੇਹ/ਸਿਰਫ ਹੱਥਾਂ-ਬਾਹਾਂ ਨੇ ਜਕੜੀ।
ਕੋਣ ਸਮਝੇ ਕਿ ਛਲਕੀ/ਮੁਹੱਬਤ ਦੇ ਜਜ਼ਬੇ ਦੀ ਸ਼ਿੱਦਤ,
ਬਣੀ ਗਈ ਸ਼ਿਕੰਜਾ/ਹੱਥਾਂ-ਬਾਹਾਂ ਦੀ ਲੱਕੜੀ।
ਯਾਰ ਜਾ/ਫੋਟੋਗ੍ਰਾਫਰ ਬੁਲਾ/ਜੋ ਪਕੜੇ ਮੇਰੇ ਮਨ ਦੇ ਰੰਗ,
ਇਹ ਵੀ ਕੀ ਢੰਗ ਕਿ ਤਨ ਦੀ ਸੰਗ/ਸਦਾ ਰੱਖੋ ਅੰਗ-ਸੰਗ।