ਹਰਨੇਕ ਨੇ ਆਪਣੀ ਧੀ ਦਾ ਵਿਆਹ ਅਮੀਰ ਘਰ ਵਿੱਚ ਵੀਹ ਲੱਖ ਦਾਜ ਦੇ ਕੇ ਕੀਤਾ ਤੇ ਇੱਕ ਦਿਨ ਉਨ੍ਹਾਂ ਦਾ ਜੁਵਾਈ ਉਹਨਾਂ ਦੀ ਧੀ ਨੂੰ ਆਨੀ-ਬਹਾਨੀ ਤੰਗ ਕਰਨ ਲੱਗਿਆ। ਕੁੱਝ ਸਮਾਂ ਹਰਨੇਕ ਨੇ ਦੇਖਿਆ 'ਤੇ ਇੱਕ ਦਿਨ ਰਿਸ਼ਤੇਦਾਰ ਬੁਲਾਏ ਹਰਨੇਕ ਨੇ ਜੁਵਾਈ ਦੀ ਲਿਆਂਦੀ ਨਵੀਂ ਗੱਡੀ ਦੇਖ ਕੇ ਕਿਹਾ, "ਕਾਕਾ ਇਹ ਗੱਡੀ"।
"ਹਾਂਜੀ ਕੱਲ੍ਹ ਲਿਆਂਦੀ ਏ ਐ, ਪੰਜ ਲੱਖ ਦੀ", ਜੁਵਾਈ ਨੇ ਧੌਣ ਅਕੜਾ ਕੇ ਕਿਹਾ। ਹਰਨੇਕ ਨੇ ਗੱਡੀ ਦੀ ਤਾਕੀ ਖੋਲ੍ਹੀ ਤੇ ਗੱਡੀ 'ਚ ਬੈਠਦਿਆਂ ਕੇ ਕਿਹਾ, "ਮੈਂ ਲਿਜਾਵਾਂ ਕਾਕਾ ਗੱਡੀ ਨੂੰ…"। ਜੁਵਾਈ ਨੇ ਸਟੇਰਿੰਗ ਫੜਦਿਆਂ ਕਿਹਾ, "ਇਸ ਤੇ ਮੈਂ ਪੰਜ ਲੱਖ ਲਾਇਆ, ਮੁੱਲ ਖਰੀਦੀ ਐ, ਮੁਫ਼ਤ ਨ੍ਹੀਂ। ਆਪਣੇ ਘਰ ਰੱਖਾਂਗਾ, ਦਾਨ ਨਹੀਂ ਕਰਨੀ"।
ਹਰਨੇਕ ਗੱਡੀ 'ਚੋਂ ਉਤਰ ਕੇ ਜੁਵਾਈ ਦਾ ਹੱਥ ਫੜ ਕੇ ਗੇਟ ਵੱਲ ਤੁਰ ਪਿਆ। ਸਾਰੇ ਹੈਰਾਨ ਹੋਏ,ਰੌਲਾ ਪੈ ਗਿਆ। ਮਾਂ-ਬਾਪ ਕਹਿਣ ਕਿੱਥੇ ਲੈ ਚਲਿਆ ਏ ਸਾਡੇ ਪੁੱਤਰ ਨੂੰ" , ਹਰਨੇਕ ਨੇ ਕਿਹਾ, "ਆਪਣੇ ਘਰ…"। ਜੁਵਾਈ ਨੇ ਹੈਰਾਨ ਹੋ ਕੇ ਕਿਹਾ, "ਮੱਤ ਮਾਰੀ ਗਈ ਆ ਤੇਰੀ, ਮੇਰਾ ਘਰ ਇਹ ਹੈ, ਤੇਰੇ ਘਰ ਕਿਉੂਂ ਜਾਵਾਂ"। ਹਰਨੇਕ ਨੇ ੁਕਿਹਾ, "ਪੁੱਤਰ ਜੀ ਅਕਲ ਤਾਂ ਹੁਣ ਆਈ ਏ, ਤੂੰ ਪੰਜ ਲੱਖ ਗੱਡੀ ਤੇ ਲਾ ਕੇ ਮਾਲਕ ਬਣ ਗਿਆ। ਮੈਂ ਤਾਂ ਫਿਰ ਵੀ ਤੈਨੂੰ ਪੂਰੇ ਵੀਹ ਲੱਖ ਰੁਪਏ 'ਚ ਖਰੀਦਿਆਂ ਏ, ਮਾਲਕ ਤਾਂ ਮੈ ਹੀ ਤੇਰਾ। ਕਿਤੇ ਵੀ ਰੱਖਾਂ, ਮੁਫ਼ਤ 'ਚ ਨਹੀਂ ਮਿਲਿਆ ਜੋ ਲੋਕਾਂ ਨੂੰ ਦਾਨ ਕਰਾਂ"। ਮੁੰਡੇ ਦੇ ਮਾਂ-ਬਾਪ ਕੋਰਾ ਸੱਚ ਸੁਣ ਕੇ ਹੱਕੇ-ਬੱਕੇ ਰਹਿ ਗਏ। ਜੁਵਾਈ ਨੇ ਨੀਵੀਂ ਪਾ ਲਈ ਕਿਉਂਕਿ ਹਰਨੇਕ ਉਸਦਾ ਸਹੁਰਾ ਨਹੀਂ ਖਰੀਦਦਾਰ ਸੀ, ਵੇਚਣ ਵਾਲੇ ਤਾਂ ਉਸ ਦੇ ਮਾਂ-ਬਾਪ ਸਨ।