ਜੇ ਪ੍ਰਮਾਤਮਾ ਨੇ ਤੁਹਾਨੂੰ ਸਰੀਰ ਦੇ ਸਾਰੇ ਅੰਗ ਨਰੋਏ ਦਿੱਤੇ ਹਨ ਤਾਂ ਤੁਸੀਂ ਦੁਨੀਆਂ ਵਿਚ ਕਰੌੜਾਂ/ਅਰਬਾਂ ਮਨੁੱਖਾਂ ਨਾਲੋਂ ਭਾਗਾਂ ਵਾਲੇ ਹੋ। ਪ੍ਰਮਾਤਮਾ ਨੇ ਤੁਹਾਨੂੰ ਤੁਰਨ ਲਈ ਪੈਰ ਦਿੱਤੇ ਹਨ ਜੋ ਤੁਹਾਡੇ ਸਰੀਰ ਦਾ ਰਿਸ਼ਤਾ ਧਰਤੀ ਨਾਲ ਜੋੜਦੇ ਹਨ ਅਤੇ ਤੁਹਨੂੰ ਇਕ ਸਥਾਨ ਤੋਂ ਦੂਜੇ ਸਥਾਨ ਤੱਕ ਲੈ ਕੇ ਜਾਂਦੇ ਹਨ, ਕੰਮ ਕਰਨ ਲਈ ਹੱਥ ਦਿੱਤੇ ਹਨ, ਭੋਜਨ ਕਰਨ ਲਈ ਅਤੇ ਬੋਲਣ ਲਈ ਮੂੰਹ, ਭੋਜਨ ਚਬਾਣ ਲਈ ਦੰਦ, ਸੁਣਨ ਲਈ ਕੰਨ, ਸਾਹ ਲੈਣ ਲਈ ਅਤੇ ਸੁੰਘਨ ਲਈ ਨੱਕ ਅਤੇ ਦੇਖਣ ਲਈ ਨੇਤਰ ਦਿੱਤੇ ਹਨ। ਬਾਕੀ ਜ਼ਰੂਰੀ ਕੰਮਾ ਲਈ ਸਰੀਰ ਦੇ ਹੋਰ ਅੰਗ ਦਿੱਤੇ ਹਨ। ਹੋਰ ਤਾਂ ਹੋਰ ਇਨਾਂ ਸਾਰੇ ਅੰਗਾਂ ਨੂੰ ਚਲਾਉਣ ਲਈ ਅਤੇ ਜ਼ਿੰਦਗੀ ਦੇ ਵਿਕਾਸ ਲਈ ਕੁਦਰਤ ਨੇ ਤੁਹਾਨੂੰ ਸਭ ਤੋਂ ਉੱਤਮ ਦਿਮਾਗ ਦਿੱਤਾ ਹੈ ਜੋ ਸਾਰੇ ਸਰੀਰ ਲਈ ਇੰਜਨ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਸਾਡੇ ਸਰੀਰ ਦੇ ਅੰਦਰਲੇ ਵੀ ਕੁਝ ਅੰਗ ਹਨ ਜਿਨ੍ਹਾਂ ਦਾ ਮੈਡੀਕਲ ਸਾਇੰਸ ਵਾਲਿਆਂ ਨੂੰ ਵਿਸਥਾਰ ਨਾਲ ਪਤਾ ਹੈ ਕਿ ਉਹ ਕੀ ਕੰਮ ਕਰਦੇ ਹਨ ਅਤੇ ਉਨ੍ਹਾਂ ਦੇ ਕੀ ਲਾਭ ਹਨ।ਇਸ ਤੋਂ ਇਲਾਵਾ ਖ਼ੁਸ਼ੀ ਜ਼ਾਹਰ ਕਰਨ ਲਈ ਹਾਸਿਆਂ ਦੀ ਦਾਤ ਦਿੱਤੀ ਹੈ। ਫਿਰ ਵੀ ਅਸੀਂ ਜ਼ਿੰਦਗੀ ਭਰ ਰੌਂਦਾ ਹੋਇਆਂ ਚਿਹਰਾ ਲੈ ਕੇ ਹੀ ਦੁਨੀਆਂ ਵਿਚ ਵਿਚਰਦੇ ਰਹਿੰਦੇ ਹਾਂ।ਇਸ ਤੋਂ ਉਪਰੰਤ ਆਪਸੀ ਸੰਪਰਕ ਲਈ ਸਾਨੂੰ ਬੋਲੀ ਦੀ ਅਨਮੋਲ ਦਾਤ ਮਿਲੀ ਹੈ ਜੋ ਕਿਸੇ ਹੋਰ ਜੀਵ ਦੇ ਹਿੱਸੇ ਨਹੀਂ ਆਈ।ਇਸ ਸਰੀਰ ਦੇ ਸਾਰੇ ਅੰਗ ਹੀ ਅਨਮੋਲ ਹਨ। ਇਨ੍ਹਾਂ ਵਿਚੋਂ ਕਿਸੇ ਇਕ ਵੀ ਅੰਗ ਦੀ ਕੀਮਤ ਧਨ ਨਾਲ ਨਹੀਂ ਆਂਕੀ ਜਾ ਸਕਦੀ। ਜੇ ਇਨ੍ਹਾਂ ਵਿਚੋਂ ਇਕ ਵੀ ਅੰਗ ਘੱਟ ਹੋਵੇ ਜਾਂ ਕੰਮ ਕਰਨਾ ਬੰਦ ਕਰ ਦੇਵੇ ਤਾਂ ਮਨੁੱਖ ਅਪੰਗ ਹੋ ਕੇ ਰਹਿ ਜਾਂਦਾ ਹੈ। ਉਸ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਉਸ ਦੀ ਜ਼ਿੰਦਗੀ ਅਧੂਰੀ ਹੋ ਕੇ ਰਹਿ ਜਾਂਦੀ ਹੈ। ਕਈ ਮਨੁੱਖ ਇਨ੍ਹਾਂ ਸਾਰੇ ਸਰੀਰਕ ਅੰਗਾਂ ਦੇ ਹੁੰਦੇ ਹੋਏ ਵੀ ਪ੍ਰਮਾਤਮਾ ਦਾ ਸ਼ੁਕਰ ਨਹੀਂ ਕਰਦੇ। ਉਹ ਹਮੇਸ਼ਾਂ ਪ੍ਰਮਾਤਮਾ ਨੂੰ ਉਲ੍ਹਾਂਬੇ ਹੀ ਦਿੰਦੇ ਰਹਿੰਦੇ ਹਨ। ਆਪਣੀਆਂ ਕਮੀਆਂ ਬਾਰੇ ਗਿਲ੍ਹੇ ਹੀ ਕਰਦੇ ਰਹਿੰਦੇ ਹਨ ਉਹ ਆਪਣੀ ਸਾਰੀ ਜ਼ਿੰਦਗੀ ਰੋ ਰੋ ਕੇ ਹੀ ਗੁਜ਼ਾਰ ਦਿੰਦੇ ਹਨ। ਉਹ ਨਾ ਕਦੀ ਆਪ ਖ਼ੁਸ਼ ਰਹਿ ਕੇ ਜ਼ਿੰਦਗੀ ਦਾ ਆਨੰਦ ਮਾਣਦੇ ਹਨ ਅਤੇ ਨਾ ਹੀ ਕਦੀ ਆਪਣੇ ਪਰਿਵਾਰ ਦੇ ਜੀਆਂ ਅਤੇ ਸਾਥੀਆਂ ਨੂੰ ਖ਼ੁਸ਼ ਰਹਿਣ ਦਿੰਦੇ ਹਨ।
ਜੇ ਤੁਸੀਂ ਆਪਣੇ ਇਨ੍ਹਾਂ ਅੰਗਾਂ ਦੀ ਕੀਮਤ ਜਾਣਨਾ ਚਾਹੁੰਦੇ ਹੋ ਤਾਂ ਕਦੀ ਉਸ ਮਨੁੱਖ ਨੂੰ ਪੁੱਛ ਕੇ ਦੇਖੋ ਜਿਸ ਪਾਸ ਇਨ੍ਹਾਂ ਵਿਚੋਂ ਕਿਸੇ ਇਕ ਵੀ ਅੰਗ ਦੀ ਕਮੀ ਹੈ। ਉਹ ਉਸ ਅੰਗ ਨੂੰ ਪ੍ਰਾਪਤ ਕਰਨ ਬਦਲੇ ਕੀ ਕੀਮਤ ਅਦਾ ਕਰਨ ਨੂੰ ਤਿਆਰ ਹੈ। ਜੇ ਕਿਸੇ ਮਨੁੱਖ ਦੀ ਲੱਤ, ਬਾਂਹ, ਅੱਖ ਜਾਂ ਹੋਰ ਕੋਈ ਅੰਗ ਨਹੀਂ ਹੈ ਤਾਂ ਉਹ ਉਸ ਨੂੰ ਪ੍ਰਾਪਤ ਕਰਨ ਲਈ ਆਪਣੀ ਸਾਰੀ ਦੌਲਤ ਦੇਣ ਲਈ ਤਿਆਰ ਹੋ ਜਾਵੇਗਾ ਪਰ ਫਿਰ ਵੀ ਉਹ ਉਸ ਅੰਗ ਨੂੰ ਹਾਸਲ ਨਹੀਂ ਕਰ ਸਕੇਗਾ। ਹੋਰ ਤਾਂ ਹੋਰ ਕਿਸੇ ਹਸਪਤਾਲ ਵਿਚ ਜਾ ਕੇ ਦੇਖੋ ਜਿਸ ਮਨੁੱਖ ਦੇ ਕਿਸੇ ਅੰਗ ਵਿਚ ਕੋਈ ਨੁਕਸ ਪੈ ਗਿਆ ਹੈ ਉਹ ਉਸ ਨੂੰ ਠੀਕ ਕਰਾਉਣ ਲਈ ਕਿਵੇਂ ਖਰਚਾ ਕਰ ਰਿਹਾ ਹੈ ਅਤੇ ਖੱਜਲ ਖਰਾਬ ਹੋ ਰਿਹਾ ਹੈ? ਉਸ ਦੀ ਅਤੇ ਉਸ ਦੇ ਪਰਿਵਾਰ ਦੀ ਜ਼ਿੰਦਗੀ ਨਰਕ ਬਣ ਕੇ ਰਹਿ ਜਾਂਦੀ ਹੈ। ਉਹ ਹੋਰ ਕੋਈ ਉਸਾਰੂ ਕੰਮ ਨਹੀਂ ਕਰ ਸਕਦਾ। ਨਹੀਂ ਤੇ ਕਿਸੇ ਬਿਰਧ ਆਸ਼ਰਮ ਵਿਚ ਜਾ ਕੇ ਦੇਖੋ ਜਿਨ੍ਹਾਂ ਬਜ਼ੁਰਗਾਂ ਦੇ ਅੰਗ ਬੁਢਾਪੇ ਕਾਰਨ ਪੂਰੀ ਤਰ੍ਹਾਂ ਕੰਮ ਕਰਨੋ ਜੁਆਬ ਦੇ ਗਏ ਹਨ ਅਤੇ ਉਨ੍ਹਾਂ ਦੀ ਦੇਖ ਭਾਲ ਕਰਨ ਵਾਲਾ ਵੀ ਕੋਈ ਨਹੀਂ, ਉਹ ਕਿਵੇਂ ਨਰਕ ਵਰਗੀ ਜ਼ਿੰਦਗੀ ਗੁਜ਼ਾਰ ਰਹੇ ਹਨ ਅਤੇ ਆਪਣੀ ਮੌਤ ਦਾ ਇੰਤਜਾਰ ਕਰ ਰਹੇ ਹਨ? ਇਸ ਸਾਰੀ ਚਰਚਾ ਦਾ ਭਾਵ ਇਹ ਹੈ ਕਿ ਪ੍ਰਮਾਤਮਾ ਦੇ ਦਿੱਤੇ ਸਰੀਰ ਦੇ ਸਾਰੇ ਅੰਗ ਅਨਮੋਲ ਹਨ ਫਿਰ ਅਸੀਂ ਕਿਉਂ ਸ਼ੁਕਰਾਨੇ ਵਿਚ ਰਹਿ ਕੇ ਸੁੱਖ ਅਤੇ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਬਸਰ ਨਹੀਂ ਕਰਦੇ? ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਕਈ ਵਾਰ ਅਪੰਗ ਲੋਕ ਵੀ, ਜਿਹੜੇ ਵਾਹਿਗੁਰੂ ਦੇ ਭਾਣੇ ਵਿਚ ਰਹਿੰਦੇ ਹਨ, ਹਿੰਮਤ ਨਾਲ ਕਿਸੇ ਕੰਮ ਨੂੰ ਹੱਥ ਪਾਉਂਦੇ ਹਨ, ਉਹ ਵੀ ਜ਼ਿੰਦਗੀ ਵਿਚ ਮਾਰਕੇ ਮਾਰ ਜਾਂਦੇ ਹਨ।ਜੇ ਅਪੰਗ ਲੋਕ ਅਜਿਹੇ ਕਾਰਨਾਮੇ ਕਰ ਸਕਦੇ ਹਨ ਫਿਰ ਅਸੀਂ ਸਾਰੇ ਸਰੀਰਕ ਅੰਗਾਂ ਦੇ ਹੁੰਦਿਆਂ ਹੋਇਆਂ ਵੀ ਕਿਉਂ ਜ਼ਿੰਦਗੀ ਤੋਂ ਅਸੰਤੁਸ਼ਟ ਰਹੀਏ?
ਇਸ ਤਰ੍ਹਾਂ ਪ੍ਰਮਾਤਮਾ ਨੇ ਮਨੁੱਖ ਨੂੰ ਇਸ ਧਰਤੀ ਦੇ ਸਭ ਪ੍ਰਾਣੀਆਂ ਤੋਂ ਉੱਪਰ ਸਰਦਾਰੀ ਦਿੱਤੀ ਹੈ। ਫਿਰ ਤੁਸੀਂ ਇਸ ਸਰਦਾਰੀ ਨੂੰ ਕਿਉਂ ਨਹੀਂ ਮਾਣਦੇ? ਕਿਉਂ ਹਰ ਸਮੇਂ ਝੂਰਦੇ ਰਹਿੰਦੇ ਹੋ? ਪ੍ਰਮਾਤਮਾ ਨੇ ਤੁਹਾਨੂੰ ਧਰਤੀ ਤੇ ਕਿਸੇ ਦੇ ਰਹਿਮ ਦੇ ਪਾਤਰ ਬਣਨ ਲਈ ਨਹੀਂ ਭੇਜਿਆ। ਇਸ ਲਈ ਤੁਸੀਂ ਕਿਸੇ ਦੇ ਰਹਿਮ ਦੇ ਪਾਤਰ ਨਾ ਬਣੋ ਸਗੋਂ ਆਪਣੇ ਤੋਂ ਥੱਲੇ ਵਲ ਨਜ਼ਰ ਮਾਰੋ ਅਤ ਜ਼ਰੂਰਤ ਮੰਦਾਂ ਦੀ ਸਹਾਇਤਾ ਕਰੋ। ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ ਅਤੇ ਤੁਹਾਡੀ ਦਸਾਂ ਨੌਹਾਂ ਦੀ ਕ੍ਰਿਤ ਕਮਾਈ ਵਿਚ ਬਰਕਤ ਪਵੇਗੀ। ਦੂਸਰੇ ਦਾ ਧਨ ਅਤੇ ਖ਼ੁਸ਼ਹਾਲੀ ਦੇਖ ਕੇ ਈਰਖਾ ਨਾ ਕਰੋ। ਜ਼ਿਆਦਾ ਉੱਪਰ ਵਾਲਿਆਂ ਵਲ ਦੇਖ ਕੇ ਨਾ ਝੂਰਦੇ ਰਹੋ, ਨਹੀਂ ਤੇ ਠੋਕ੍ਹਰ ਖਾ ਕੇ ਫੱਟੜ ਹੋ ਜਾਵੋਗੇ। ਫਿਰ ਪਹਿਲੇ ਸਥਾਨ ਤੋਂ ਵੀ ਥੱਲੇ ਡਿੱਗ ਪਵੋਗੇ ਅਤੇ ਦੁਖੀ ਹੋਵੋਗੇ। ਇਸ ਲਈ ਆਪਣੀ ਖ਼ੁਸ਼ਹਾਲੀ ਲਈ ਆਪਣੇ ਅੰਦਰ ਗੁਣ ਪੈਦਾ ਕਰੋ ਅਤੇ ਮਿਹਨਤ ਕਰੋ। ਕਿਸੇ ਅੰਗ੍ਰੇਜ਼ ਨੇ ਠੀਕ ਹੀ ਕਿਹਾ ਹੈ ਢਰਿਸਟ ਦeਸeਰਵe ਟਹeਨ ਦeਸਰਿe ਭਾਵ ਪਹਿਲਾਂ ਕਿਸੇ ਚੀਜ਼ ਦੇ ਪਾਤਰ ਬਣੋ ਫਿਰ ਹੀ ਉਸ ਦੀ ਇੱਛਾ ਕਰੋ।
ਹਰ ਸਮੇਂ ਕਿਸੇ ਦਾ ਆਸਰਾ ਹੀ ਨਾ ਭਾਲਦੇ ਫਿਰੋ ਸਗੋਂ ਕਿਸੇ ਦਾ ਆਸਰਾ ਬਣੋ। ਆਪਣੇ ਆਪ ਨੂੰ ਸਦਾ ਛੋਟਾ ਅਤੇ ਨਿਰਬਲ ਹੀ ਨਾ ਗਿਣਦੇ ਰਹੋ ਸਗੋਂ ਬਲਵਾਨ ਬਣੋ। ਆਤਮ ਵਿਸ਼ਵਾਸ ਰੱਖੋ ਅਤੇ ਆਪਣੀਆਂ ਸੁੱਤੀਆਂ ਸ਼ਕਤੀਆਂ ਜਗਾਓ। ਦੂਸਰੇ ਦੀ ਮਦਦ ਲਈ ਦ੍ਰਿੜ ਇਰਾਦੇ ਨਾਲ ਪੱਕੇ ਪੈਰੀਂ ਯਤਨ ਕਰੋ। ਫਿਰ ਦੇਖੋ ਤੁਹਾਡੇ ਅੰਦਰ ਇਕ ਨਵੀਂ ਊਰਜਾ ਪੈਦਾ ਹੋਵੇਗੀ। ਪ੍ਰਮਾਤਮਾ ਵੀ ਤੁਹਾਡੀ ਮਦਦ ਕਰੇਗਾ। ਤੁਸੀਂ ਆਪਣੇ ਇਰਾਦੇ ਵਿਚ ਜ਼ਰੂਰ ਕਾਮਯਾਬ ਹੋਵੋਗੇ।ਤੁਹਾਨੂੰ ਸਕੂਨ ਮਿਲੇਗਾ। ਤੁਸੀ ਜ਼ਿੰਦਗੀ ਵਿਚ ਜੇਤੂ ਬਣ ਕੇ ਉਭਰੋਗੇ ਅਤੇ ਨਵੇਂ ਤੇ ਹੋਰ ਵੱਡੀਆਂ ਚੁਨੌਤੀਆਂ ਸਵੀਕਾਰ ਕਰਨ ਲਈ ਤਿਆਰ ਹੋਵੋਗੇ।
ਕਈ ਲੋਕਾਂ ਦੀ ਜ਼ਿੰਦਗੀ ਦਾ ਮਨੋਰਥ ਧਨ ਦੇ ਅੰਬਾਰ ਇਕੱਠਾ ਕਰਨਾ ਹੀ ਹੁੰਦਾ ਹੈ। ਉਨ੍ਹਾਂ ਕੋਲ ਕਿਸੇ ਤਰ੍ਹਾਂ ਵੀ ਧਨ ਆਉਣਾ ਚਾਹੀਦਾ ਹੈ ਭਾਵੇਂ ਕਿਸੇ ਗ਼ਰੀਬ ਦਾ ਖ਼ੂਨ ਚੂਸ ਕੇ ਜਾਂ ਦੂਜੇ ਦਾ ਹੱਕ ਮਾਰ ਕੇ ਕਿਉਂ ਨਾ ਆਵੇ। ਪਰ ਇਹ ਠੀਕ ਨਹੀਂ। ਸਾਨੂੰ ਜ਼ਿੰਦਗੀ ਦੀਆਂ ਸੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਨੂੰ ਨਹੀਂ ਤਿਆਗਣਾ ਚਾਹੀਦਾ। ਧਨ ਜ਼ਿੰਦਗੀ ਦਾ ਗੁਜ਼ਰਾਨ ਹੈ। ਅਸੀਂ ਧਨ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਮਾਉਂਦੇ ਹਾਂ। ਇਸ ਨਾਲ ਸਾਡੀ ਰੋਟੀ, ਕੱਪੜਾ ਅਤੇ ਮਕਾਨ ਦੀ ਜ਼ਰੂਰਤ ਪੂਰੀ ਹੁੰਦੀ ਹੈ। ਧਨ ਸਾਡੇ ਬੱਚਿਆਂ ਦੀ ਖੁਰਾਕ, ਵਿਦਿਆ ਅਤੇ ਪਾਲਣ ਪੋਸਣ ਲਈ ਜ਼ਰੂਰੀ ਹੈ। ਧਨ ਔਖੇ ਸਮੇਂ ਸਾਡੇ ਬਹੁਤ ਕੰਮ ਆਉਂਦਾ ਹੈ। ਸਮਾਜ ਵਿਚ ਸਾਡੀ ਠੁੱਕ ਬਣਦੀ ਹੈ। ਬੇਸ਼ੱਕ ਧਨ ਸਾਡੀ ਜ਼ਿੰਦਗੀ ਲਈ ਜ਼ਰੂਰੀ ਹੈ ਫਿਰ ਵੀ ਸਾਡੀ ਜ਼ਿੰਦਗੀ ਕੇਵਲ ਧਨ ਕਮਾਉਣ ਲਈ ਹੀ ਨਹੀਂ ਬਣੀ। ਸਾਡੀ ਜ਼ਿੰਦਗੀ ਦਾ ਮਨੋਰਥ ਇਸ ਤੋਂ ਕਿਧਰੇ ਉੱਚਾ ਹੈ। ਇਹ ਧਨ ਸਾਨੂੰ ਇਸ ਧਰਤੀ ਤੇ ਆਉਣ ਤੋਂ ਬਾਅਦ ਪ੍ਰਾਪਤ ਹੋਇਆ ਹੈ ਇਸ ਧਰਤੀ ਤੋਂ ਵਿਦਾ ਹੋਣ ਲੱਗਿਆਂ ਸਾਡੇ ਨਾਲ ਵੀ ਨਹੀਂ ਜਾਣਾ। ਜ਼ਿੰਦਗੀ ਵਿਚ ਕੋਈ ਵੀ ਵਸਤੂ ਜ਼ਰੂਰਤ ਤੋਂ ਜ਼ਿਆਦਾ ਹੋਵੇ ਤਾਂ ਦੁੱਖਾਂ ਦਾ ਕਾਰਨ ਹੀ ਬਣਦੀ ਹੈ।
ਇੱਥੇ ਇਕ ਛੋਟੀ ਜਹੀ ਘੱਟਨਾ ਜਿਕਰ ਕਰਨ ਯੋਗ ਹੈ।ਇਕ ਵਾਰੀ ਇਕ ਬਹੁਤ ਹੀ ਅਮੀਰ ਆਦਮੀ ਇਕ ਬਹੁਤ ਮਹਿੰਗੀ ਨਵੀਂ ਨਕੋਰ ਸ਼ਾਂਨਦਾਰ ਕਾਰ ਵਿਚ ਬੈਠਾ ਸੀ। ਉਸ ਨੇ ਦੇਖਿਆਂ ਇਕ ਛੋਟਾ ਜਿਹਾ ਬਹੁਤ ਹੀ ਗਰੀਬ ਬਾਲਕ ਉਸ ਦੀ ਕਾਰ ਵੱਲ ਬੜੀ ਹਸਰਤ ਨਾਲ ਦੇਖ ਰਿਹਾ ਸੀ। ਉਸ ਆਦਮੀ ਨੇ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਬੜੇ ਪਿਆਰ ਨਾਲ ਉਸ ਬਾਲਕ ਨੂੰ ਕਾਰ ਵਿਚ ਬਿਠਾ ਲਿਆ ਅਤੇ ਕਾਰ ਦਾ ਇਕ ਝੂਟਾ ਦਿੱਤਾ। ਜਦ ਬਾਲਕ ਕਾਰ ਵਿਚੋਂ ਉਤਰਨ ਲੱਗਾ ਤਾਂ ਬਾਲਕ ਨੇ ਪੁੱਛਿਆ-ਅੰਕਲ ਤੁਸੀਂ ਇਹ ਕਾਰ ਕਿਤਨੇ ਦੀ ਲਈ ਸੀ? ਉਸ ਆਦਮੀ ਨੇ ਜੁਆਬ ਦਿੱਤਾ- ਇਹ ਮੈਨੂੰ ਮੇਰੇ ਵੱਡੇ ਭਰਾ ਨੇ ਗਿਫਟ ਕੀਤੀ ਸੀ। ਫਿਰ ਉਸ ਆਦਮੀ ਨੇ ਬਾਲਕ ਨੂੰ ਪੁੱਛਿਆ ਤੂੰ ਕੀ ਸੋਚ ਰਿਹਾ ਹੈਂ? ਬਾਲਕ ਚੁੱਪ ਰਿਹਾ। ਉਸ ਆਦਮੀ ਨੇ ਆਪ ਹੀ ਕਿਹਾ-ਮੈਂ ਜਾਣਦਾ ਹਾਂ ਕਿ ਤੂੰ ਇਹ ਸੋਚ ਰਿਹਾ ਹੈ ਕਿ ਤੂੰ ਵੀ ਵੱਡਾ ਹੋ ਕੇ ਅਮੀਰ ਬਣੇ ਅਤੇ ਇਹੋ ਜਹੀ ਹੀ ਕਾਰ ਲਵੇਂ। ਬਾਲਕ ਨੇ ਜੁਆਬ ਦਿੱਤਾ-ਨਹੀਂ, ਮੈਂ ਇਹ ਸੋਚ ਰਿਹਾ ਹਾਂ ਕਿ ਵੱਡਾ ਹੋ ਕੇ ਮੈਂ ਵੀ ਆਪ ਜੀ ਦੇ ਵੱਡੇ ਭਰਾ ਦੀ ਤਰਹਾਂ ਬਣਾ ਅਤੇ ਕਿਸੇ ਨੂੰ ਅਜਿਹੀ ਕਾਰ ਗਿਫਟ ਕਰਾਂ। ਕਿੱਡੀ ਉੱਚੀ ਸੋਚ ਹੈ ਇਕ ਛੋਟੇ ਜਹੇ ਗਰੀਬ ਬਾਲਕ ਦੀ! ਤੁਸੀਂ ਵੀ ਹਮੇਸ਼ਾਂ ਆਪਣੀ ਸੋਚ ਉੱਚੀ ਰੱਖੋ। ਕਿਸੇ ਤੋਂ ਕੁਝ ਮੰਗਣ ਤੋਂ ਪ੍ਰਹੇਜ਼ ਕਰੋ। ਮੰਗਣ ਨਾਲ ਤੁਹਾਡੀ ਇੱਜ਼ਤ ਘਟਦੀ ਹੈ। ਸਮਾਜ ਵਿਚ ਤੁਹਾਡਾ ਕਦ ਬੋਨਾ ਬਣ ਕੇ ਰਹਿ ਜਾਂਦਾ ਹੈ। ਹਰ ਸਮੇਂ ਰੱਬ ਕੋਲੋਂ ਵੀ ਕੁਝ ਨਾ ਕੁਝ ਮੰਗਦੇ ਨਾ ਰਿਹਾ ਕਰੋ। ਉਹ ਸਾਡਾ ਪਿਤਾ ਪ੍ਰਮੇਸ਼ਵਰ ਹੈ। ਇਕ ਪਿਤਾ ਨੂੰ ਪਤਾ ਹੁੰਦਾ ਹੈ ਕਿ ਬੱਚੇ ਨੂੰ ਕੀ ਜ਼ਰੂਰਤ ਹੈ ਅਤੇ ਉਸ ਦੀ ਭਲਾਈ ਕਿਸ ਵਿਚ ਹੈ। ਇਸ ਲਈ ਪ੍ਰਮਾਤਮਾ ਦਾ ਉਸ ਦੀਆਂ ਦਾਤਾਂ ਲਈ ਸ਼ੁਕਰਾਨਾ ਕਰੋ।
ਜੇ ਰੱਬ ਨੇ ਤੁਹਾਨੂੰ ਪੂਰੇ ਅੰਗ ਦੇ ਕੇ ਇਸ ਧਰਤੀ ਤੇ ਭੇਜਿਆ ਹੈ ਫਿਰ ਵੀ ਤੁਸੀਂ ਪੂਰਨ ਮਨੁੱਖ ਕਿਉਂ ਨਹੀਂ ਬਣਦੇ? ਪੂਰਨ ਮਨੁੱਖ ਦਾ ਹੱਥ ਕਿਸੇ ਕੋਲੋਂ ਕੁਝ ਲੈਣ ਲਈ ਨਹੀਂ ਟੱਡਿਆ ਹੋਣਾ ਚਾਹੀਦਾ ਸਗੋਂ ਉਸ ਦਾ ਹੱਥ ਹਮੇਸ਼ਾਂ ਕਿਸੇ ਨੂੰ ਕੁਝ ਦੇਣ ਲਈ ਝੁਕਿਆ ਹੋਣਾ ਚਾਹੀਦਾ ਹੈ। ਪੂਰਨ ਮਨੁੱਖ ਕਿਸੇ ਦਾ ਆਸਰਾ ਨਹੀਂ ਭਾਲਦਾ ਸਗੋਂ ਕਿਸੇ ਦਾ ਆਸਰਾ ਬਣਦਾ ਹੈ। ਪੂਰਨ ਮਨੁੱਖ ਜ਼ਿੰਦਗੀ ਦੀਆਂ ਮੁਸੀਬਤਾਂ ਤੋਂ ਘਬਰਾ ਕੇ ਕਦੀ ਨਿਰਾਸ਼ਾ ਵਿਚ ਨਹੀਂ ਜਾਂਦਾ ਸਗੋਂ ਮੁਸੀਬਤਾਂ ਦਾ ਬਹਾਦੁਰੀ ਨਾਲ ਮੁਕਾਬਲਾ ਕਰਦਾ ਹੈ ਅਤੇ ਮੁਸੀਬਤਾਂ ਤੇ ਜਿੱਤ ਪ੍ਰਾਪਤ ਕਰਦਾ ਹੈ।ਉਹ ਜ਼ਿੰਦਗੀ ਦੇ ਸੰਗਰਸ਼ ਵਿਚ ਜੇਤੂ ਬਣ ਕੇ ਉਭਰਦਾ ਹੈ ਅਤੇ ਸਦਾ ਚੜ੍ਹਦੀਆਂ ਕਲਾਂ ਵਿਚ ਰਹਿੰਦਾ ਹੈ।ਪੂਰਨ ਮਨੁੱਖ ਆਪਣੇ ਆਪ ਵਿਚ ਪੂਰਾ ਹੁੰਦਾ ਹੈ ਭਾਵ ਉਹ ਆਤਮ ਨਿਰਭਰ ਹੁੰਦਾ ਹੈ ਅਤੇ ਕਿਸੇ ਤੇ ਭਾਰੂ ਨਹੀਂ ਬਣਦਾ। ਆਪਣੀ ਸੋਚ ਨੂੰ ਥੋੜ੍ਹਾ ਜਿਹਾ ਬਦਲੋ। ਸੋਚ ਨੂੰ ਹਮੇਸ਼ਾਂ ਹਾਂ ਪੱਖੀ ਅਤੇ ਉਸਾਰੂ ਰੱਖੋ। ਫਿਰ ਦੇਖਣਾ ਕਿ ਤੁਹਾਡਾ ਸੁਭਾਅ ਅਤੇ ਤੁਹਾਡੇ ਕਰਮ ਆਪਣੇ ਆਪ ਸੁਧਰ ਜਾਣਗੇ। ਤੁਹਾਡੀ ਜ਼ਿੰਦਗੀ ਸੁੱਖਮਈ ਅਤੇ ਖ਼ੁਸ਼ਹਾਲ ਬਣੇਗੀ।