ਜੀਵਨ ਆਪਣੀ ਤੋਰ ਤੁਰਦਾ ਜਾਂਦਾ ਹੈ । ਜੀਵਨ ਨੂੰ ਜਿਊਂਦੇ ਰਹਿਣ ਲਈ ਹਰ ਕਦਮ ਤੇ ਸੰਘਰਸ਼ ਦਾ ਸਾਹਮਣਾ ਕਰਨਾ ਪੈਂਦਾ ਹੈ । ਗੁਰਬਤ, ਬੇਇਨਸਾਫ਼ੀ, ਵਿਤਕਰੇ, ਮਨੁੱਖੀ ਅਤੇ ਅਣ-ਮਨੁੱਖੀ ਕਿਰਿਆਵਾਂ ਦੇ ਸੰਤਾਪ ਹੰਢਾਉਦੀ ਜੀਵਨ ਦੀ ਰੌਅ, ਉਚੇ ਨੀਵੇਂ ਰਸਤਿਆਂ ਚੋਂ ਲੰਘਦੀ, ਇਨ੍ਹਾਂ ਪੀੜਾਂ ਚੋਂ ਆਪਣੀਆਂ ਪੈੜਾਂ ਬਣਾਉਂਦੀ ਹੋਈ ਇੰਝ ਅੱਗੇ ਤੁਰਦੀ ਜਾਂਦੀ ਹੈ,ਜਿਵੇਂ ਕੋਈ ਗੁਲਾਬ ਦੀ ਅਧ-ਖਿੜੀ ਕਲੀ ,ਕੰਡਿਆਂ ਵਿੱਚ ਘਿਰੀ ਹੋਈ ਵੀ ਆਪਣੀ ਸੁਗੰਧ ਬਿਖੇਰਦੀ ਰਹਿੰਦੀ ਹੈ । ਕਦੀ ਕਦੀ ਹਵਾਵਾਂ ਦੇ ਤੇਜ ਬੁਲ੍ਹੇ ਜਾਂ ਝੱਖੜ ,ਇਨ੍ਹਾਂ ਕੰਡਿਆਂ ਰਾਹੀਂ ਹੀ,ਜਿਹੜੇ ਇਸਦੀ ਹਿਫਾਜਤ ਲਈ ਸਨ, ਇਸ ਕਲੀ ਨੂੰ ਤਾਰ-ਤਾਰ ਕਰ ਦਿੰਦੇ ਹਨ । ਕਦੇ ਕੋਈ ਮਹਿਕਾਂ ਦੇ ਲੁਟੇਰੇ ਇਸ ਨੂੰ ਟਾਹਣੀ ਤੋਂ ਤੋੜ ਦਿੰਦੇ ਨੇ,ਤੇ ਕਦੀ ਕੋਈ ਵਪਾਰੀ ਕਿਸੇ ਮੰਡੀ ਵਿੱਚ ਇਸ ਦੀ ਕੀਮਤ ਪਾਉਣ ਲੱਗਦਾ ਹੈ । ਪਰ ਜੀਵਨ-ਧਾਰਾ ਦੀ ਤੇਜ ਰੌਅ ਕਦੇ ਵੀ ਨਹੀਂ ਰੁਕਦੀ । ਨਵੇਂ ਦਿਸਹੱਦਿਆਂ ਨੂੰ ਤਾਂਘਦੀ ਸਵੇਰ ਫਿਰ ਕਰਵਟ ਲੈਂਦੀ ਹੈ , ਕੁਕਨੂਸ ਫਿਰ ਪੈਦਾ ਹੁੰਦਾ ਹੈ ਅਤੇ ਪੈੜਾਂ ਆਪਣੇ ਨਿਸ਼ਾਨ ਛੱਡਦੀਆਂ ਫਿਰ ਅੱਗੇ ਤੁਰਦੀਆਂ ਹਨ ।
ਜੀਵਨ ਦੀ ਇਸ ਬੇਤਰਤੀਬੀ ,ਵਿਤਕਰਿਆਂ ਅਤੇ ਬੇਇਨਸਾਫੀਆਂ ਵਿੱਚੋਂ ਆਪਣੀਆਂ ਪੈੜਾਂ ਬਣਾਉਂਦੀ ਹੋਈ ,ਗੰਭੀਰ ਚੇਤਨਾ ਵਾਲੀ ਨੌਜਵਾਨ ਕਵਿੱਤਰੀ ਬੀਬੀ ਰਵਨੀਤ ਕੌਰ ਆਪਣੇ ਕਾਵਿ-ਸੰਗ੍ਰਹਿ "ਪੀੜਾਂ ਤੇ ਪੈੜਾਂ" ਨਾਲ ਸੰਵੇਦਨਸ਼ੀਲ ਹਿਰਦਿਆਂ ਨੂੰ ਝੰਜੋੜਦੀ ਹੋਈ ਹਾਜ਼ਰ ਹੁੰਦੀ ਹੈ । ਆਪਣੀ ਉਮਰ ਤੋਂ ਕਿਤੇ ਵਡੇਰੀ ਸੋਚ ਦੀ ਮਾਲਕ, ਇਹ ਲੇਖਿਕਾ ਵਰਤਮਾਨ ਸਮਾਜ ਵਿੱਚ ਹੋ ਰਹੇ ਜੁਲਮਾਂ ਅਤੇ ਵਿਤਕਰਿਆਂ ਭਰੇ ਵਰਤਾਰਿਆਂ ਨੂੰ ਦੇਖਦੀ ਹੈ, ਉਨ੍ਹਾਂ ਪਿੱਛੇ ਕੰਮ ਕਰ ਰਹੇ ਸਮਾਜਿਕ-ਆਰਥਿਕ ਕਾਰਨਾਂ ਨੂੰ ਪਰਖਦੀ ਹੈ,ਇਨ੍ਹਾਂ ਵਿਰੁੱੱਧ ਆਵਾਜ ਉਠਾਉਂਦੀ ਹੈ ਅਤੇ ਕੁਝ ਤਬਦੀਲੀ ਦੀ ਕਾਮਨਾ ਕਰਦੀ ਹੈ । ਉਸ ਦੀ ਕਲਮ ਉਸ ਲਈ ਹਥਿਆਰ ਦਾ ਕੰਮ ਕਰਦੀ ਹੈ । ਅਤੇ ਉਹ ਪਾਠਕ ਨੂੰ ਕੁਝ ਸੋਚਣ ਲਈ ਹੀ ਨਹੀਂ, ਸਗੋਂ ਕੁਝ ਕੀਤੇ ਜਾਣ ਲਈ ਵੀ ਤਿਆਰ ਕਰਦੀ ਨਜ਼ਰ ਆਉਂਦੀ ਹੈ ।
ਇਸ ਕਾਵਿ-ਸੰਗ੍ਰਹਿ ਵਿੱਚ ਕੁੱਲ 37 ਕਵਿਤਾਵਾਂ ਹਨ ,ਜੋ ਕਵਿਤਾ ਦੇ ਵੱਖ ਵੱਖ ਰੂਪਾਂ ਵਿੱਚ ਹਨ । ਜਿਆਦਾ ਕਵਿਤਾਵਾਂ ਸਟੇਜੀ ਰੂਪ ਵਿੱਚ ਬੋਲੇ ਜਾਣ ਵਾਲੀਆਂ ਹਨ, ਜਿਹੜੀਆਂ ਰਵਨੀਤ ਨੇ ਆਪਣੀ ਸਟੇਜ ਤੇ ਕਵਿਤਾ ਸੁਣਾਏ ਜਾਣ ਦੀ ਪ੍ਰਤਿਭਾ ਨੂੰ ਮੁੱਖ ਰੱਖ ਕੇ ਲਿਖੀਆਂ ਲੱਗਦੀਆਂ ਨੇ । ਕੁਝ ਗੀਤ ਤੇ ਗ਼ਜ਼ਲਾਂ ਵੀ ਹਨ, ਪਰ ਸਾਰੀਆਂ ਕਵਿਤਾਵਾਂ ਵਿੱਚ ਵਿਸ਼ਾ ਪੱਖ ਕਲਾ ਪੱਖ ਤੇ ਭਾਰੂ ਹੈ । ਰਵਨੀਤ ਨੇ ਨਾਰੀ-ਸੰਵੇਦਨਾ ਨੂੰ ਆਪਣੀ ਰੂਹ ਤੇ ਹੰਢਾਇਆ ਹੈ । ਮਰਦ-ਪ੍ਰਧਾਨ ਸਮਾਜ ਵਿੱਚ ਜੋ ਦਸ਼ਾ ਅੱਜ ਔਰਤ ਦੀ ਹੈ, ਉਸ ਦੀ ਪੀੜ ਲੇਖਿਕਾ ਨੇ ਧੁਰ ਅੰਦਰ ਤੱਕ ਮਹਿਸੂਸ ਕੀਤੀ ਹੈ । ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰਨ ਦੀ ਅਣ-ਮਨੁੱਖੀ ਘਟਨਾ ਉਸਦੀਆਂ ਕਈ ਕਵਿਤਾਵਾਂ ਵਿੱਚ ਉਘੜਦੀ ਹੈ । ਖੁਹ ਵਿੱਚ ਡਿੱਗੇ ਪ੍ਰਿੰਸ ਤੋਂ ਸੁਰੂ ਕਰ ਕੇ, ਲੱਭੇ ਹੋਏ ਭਰੂਣ ਦੀ ਗੱਲ ਕਰਦੀ ਉਹ 'ਭਲਾ ਬੁੱਝੌ ਖਾਂ' ਰਾਹੀਂ ਸਾਨੂੰ ਸਵਾਲ ਕਰਦੀ ਹੈ । ਕਿਉਂ ਇਸਨੂੰ ਜਨਮ ਲੈਣ ਦਾ ਵੀ ਹੱਕ ਨਹੀੰ ? ਅੰਮ੍ਰਿਤਾ ਪ੍ਰੀਤਮ ਨੂੰ ਅਵਾਜਾਂ ਮਾਰਦੀ 'ਅੱਜ ਆਖਾਂ ਅੰਮ੍ਰਿਤਾ ਪ੍ਰੀਤਮ ਨੂੰ' ਵਿਚੋਂ ਬੋਲਦੀ ਹੈ,
"ਤੂੰ ਦੁਨੀਆਂ ਬਦਲਣ ਨੂੰ ਤਰਸੀ ਸੈਂ,
ਇਹ ਦੁਨੀਆਂ ਤੱਕਣ ਨੂੰ ਤਰਸ ਰਹੀਆਂ ।"
ਤੇ ਕਦੇ ਵਾਰਸ-ਸ਼ਾਹ ਨੂੰ ਕਹਿੰਦੀ ਹੈ :-
"ਗਿਣਤੀ ਕੁੜੀਆਂ ਦੀ ਵਾਰਸਾ ਘਟ ਗਈ ਏ,
'ਜਿੰਦਾ ਰਹੇ ਨਾ ਹੀਰ ਹਜ਼ਾਰ ਵਿੱਚੋਂ ।' "
ਜੇ ਕਿਤੇ ਕੁੜੀ ਜਨਮ ਲੈ ਵੀ ਲਵੇ ਤਾਂ ਵਿਚਾਰੀ ਨੂੰ ਆਪਣੇ ਸੁਪਨੇ ਪੂਰੁ ਨਹੀਂ ਕਰਨੇ ਮਿਲਦੇ । 'ਖੁਲ੍ਹੇ ਰਿਬਨਾਂ ਵਾਲੀ' ਤੇ ਗੁਰਬਤ ਭਾਰੂ ਹੈ ਅਤੇ ਉਹ ਆਪਣਾ ਬਚਪਨ ਬਾਲ-ਮਜਦੂਰੀ ਵਿੱਚ ਗੁਆ ਦਿੰਦੀ ਹੈ ।ਇਸ 'ਇਤਬਾਰ ਜਿਹੀ ਕੁੜੀ' ਤੇ ਕੋਈ ਇਤਬਾਰ ਨਹੀਂ ਕਰਦਾ । ਇਸ ਕੁੜੀ ਦਾ ਪੂਰਾ ਜੀਵਨ ਬਚਪਨ ਤੋਂ ਲੈ ਕੇ ਮਰਨ ਤੱਕ ਕਿਵੇਂ ਸਮਾਜ ਦੇ ਜੁਲਮ ਸਹਿੰਦਾ ਬੀਤਦਾ ਹੈ, 'ਕੁੜੀ ਦੀ ਜੂਨ' ਵਿੱਚ ਪੂਰਾ ਵਿਸਥਾਰ ਦੱਸਿਆ ਗਿਆ ਹੈ । ਪਰ ਲੇਖਿਕਾ ਨੂੰ ਕੁਝ ਇਤਰਾਜ਼ ਵੀ ਹਨ ,ਜਦੋਂ ਉਹ ਦੇਖਦੀ ਹੈ ਕਿ ਅੱਜ ਦੀ ਲੜਕੀ ਆਪ ਵੀ ਭਟਕ ਰਹੀ ਹੈ, ਤਾਂ ਉਹ 'ਪੰਜਾਬਣ ਦੀ ਕਹਾਣੀ' ਦੱਸਦੀ ਉਸਨੂੰ ਜੋਬਨਮੱਤੀ ਪੰਜਾਬਣ ਤੋਂ ਮਿਸ-ਪੰਜਾਬਣ,ਮਿਸ ਸ਼ਬਾਬਣ ਅਤੇ ਮਿਸ ਸ਼ਰਾਬਣ ਦਾ ਖਿਤਾਬ ਵੀ ਲੈਂਦੀ ਦਿਖਾਂਦੀ ਹੈ । ਕਿਧਰੇ 'ਅੰਨ੍ਹੀ ਕੁੜੀ ਦੀ ਪੁਕਾਰ' ਰਾਹੀ ਉਸ ਦੇ ਅੰਂਨ੍ਹੇਪਣ ਦੇ ਦਰਦ ਨੂੰ ਦੱਸਦੀ ਹੈ, ਤਾਂ ਕਿਤੇ ਆਪਣੀ ਮਾਲਕਣ ਦੀ ਕੁੜੀ ਨੂੰ ਮਾਰ ਕੇ ਆਈ ਕੰਮ੍ਹੀ ਔਰਤ ਨੂੰ ਆਪਣੇ ਦੁਖਾਂ ਦੀ ਕਹਾਣੀ ਦੱਸਦੀ ਹੋਈ ਨੂੰ ਵੀ ਕੁੜੀ-ਮਾਰਾਂ ਦੀ 'ਭੱਠੀ' ਵਿੱਚ ਸੜਦਿਆਂ ਦਿਖਾਇਆ ਹੈ । 'ਕੁੜੀ ਤੇ ਚੁੰਨੀ' ਦੇ ਰਿਸ਼ਤੇ ਵਿੱਚ ਜਿਹੜੀ ਚੁੰਨੀ ਉਸਦੇ ਬਚਪਨ ਤੇ ਜਵਾਨੀ ਦੀਆਂ ਰੀਝਾਂ ਨੂੰ ਪ੍ਰਗਟਾਉਂਦੀ ਹੈ, ਉਸੇ ਚੁੰਨੀ ਨਾਲ ਉਸਦੇ ਕਤਲ ਨੂੰ ਆਤਮ-ਦਾਹ ਦਾ ਰੂਪ ਦਿੱਤਾ ਜਾਂਦਾ ਹੈ । ਨਾਰੀ-ਵੇਦਨਾ ਦੀ ਇਹ ਚੇਤਨਾ ਜਦੋਂ ਪੀੜਾਂ ਤੋਂ ਪੈੜਾਂ ਵੱਲ ਤੁਰਦੀ ਹੈ, ਤਾਂ 'ਧੀਆਂ ਕਿਉਂ ਨਾ ਜੰਮੀਏ ਨੀ ਧੀਆਂ ਕਿਉਂ ਨਾ ਜੰਮੀਏ' ਰਾਹੀ ਧੀ ਨੂੰ ਪੁੱਤ ਨਾਲੋਂ ਵੱਧ ਸਤਿਕਾਰ ਦਿੰਦੀ ਹੈ । ਕਿਤੇ ਹਮਦਰਦ ਸ਼ਬਦ ਮਰਦ ਦਾ 'ਵਿਰੋਧੀ ਸ਼ਬਦ' ਬਣ ਜਾਂਦਾ ਏ , ਤੇ ਕਿਤੇ 'ਔਰਤ ਇੱਕ ਲੁੱਟੀ ਹੋਈ ਦੌਲਤ' ਬਣ ਜਾਂਦੀ ਹੈ ।
"ਲੁੱਟੀ ਹੋਈ ਇੱਕ ਦੌਲਤ ਹਾਂ ਮੈਂ,
ਔਰਤ ਹਾਂ ਮੈਂ,ਔਰਤ ਹਾਂ ਮੈਂ ।"
ਫਿਕਰਾਂ ਅਤੇ ਸਿਤਮਾਂ ਚੋਂ ਨਿਕਲ ਕੇ ਹੁਣ ਇਹ 'ਕੌੜੀ ਵੇਲ ਤੋਂ ਕਲਮੀ ਵੇਲ ਤੱਕ' ਦਾ ਸਫ਼ਰ ਤੈਅ ਕਰਦੀ ਹੈ ।
ਸੁਰਜੀਤ ਪਾਤਰ ਜੀ ਨੇ ਪੁਸਤਕ ਦਾ ਮੁਖ ਬੰਦ ਲਿਖਦਿਆਂ ਖੂਬ ਕਿਹਾ ਹੈ ਕਿ 'ਰੋਜ਼ਾਨਾ ਅਖਬਾਰ' ਕਤਲੋਗਾਰਤ, ਲੁੱਟ-ਖਸੁੱਟ, ਬਲਾਤਕਾਰ, ਜੁਲਮ,ਵਿਤਕਰੇ ਤੇ ਧੋਖੇ ਆਦਿ ਰਾਹੀਂ ਕਵਿਤਰੀ ਨੂੰ ਸਿਰਫ ਸਮਾਜ ਦਾ ਕਰੂਪ ਚਿਹਰਾ ਹੀ ਨਹੀਂ ਦਿਖਾਉਦਾ, ਸਗੋੰ ਕੁਝ ਕਰਨ ਦੀ ਜਿੰਮੇਵਾਰੀ ਦਾ ਅਹਿਸਾਸ ਵੀ ਕਰਵਾਉਂਦਾ ਹੈ । 'ਲਵ-ਬਰਡਜ਼' ਨੂੰ ਪਿੰਜਰੇ ਚ' ਪਿਆਂ ਦੇਖ ਕੇ ਰਵਨੀਤ ਦੀ, ਆਜ਼ਾਦੀ ਨੂੰ ਤਾਂਘਦੀ ਰੂਹ, ਤੜਪ ਉੱਠਦੀ ਹੈ । ਕਿਤੇ ਹੈਰਾਨੀ ਹੈ ਕਿ ਲੋਕ ਗੁਨਾਹਾਂ ਦਾ 'ਭਾਰ' ਚੁੱਕੀ ਕਿਵੇਂ ਫਿਰਦੇ ਨੇ । 'ਅਜੋਕੀ ਵਿਦਿਆ ਪ੍ਰਣਾਲੀ ਤੇ ਵਿਸ਼ੇਸ਼' ਰੂਪ ਵਿੱਚ ਗੱਲ ਕਰਦੀ ਹੋਈ ਉਹ 'ਵਿੱਦਿਆ ਦਾ ਮੁੱਲ' ਦੱਸਦੀ ਹੋਈ ਅਸਲ ਵਿੱਦਿਆ ਨੂੰ ਲੱਭਦੀ ਫਿਰਦੀ ਹੈ :-
"ਛੇੜ ਤਰਾਨੇ ਪੌਣਾਂ ਵਿਚਲੇ, ਰੂਹ ਨੂੰ ਕਰੇ ਸਰਸ਼ਾਰ ਜਿਹੀ,
ਫੋਲ ਕਿਤਾਬੀ ਅੱਖਰ ਐਸੇ, ਗੂੰਜ ਸਕੇ ਨਾ ਭਾਲ ।"
ਕਿਧਰੇ 'ਚੁੱਲੇ ਵਿੱਚ ਅੱਗ ਨਾ ਬਲੇ' ਵਿੱਚ ਕਿਸਾਨ ਦੇ ਦੁੱਖ ਬਿਆਨਦੀ ਹੈ,ਕਿਧਰੇ ਰੇਲ ਹਾਦਸੇ ਚ' ਮਰੇ ਲੋਕਾਂ ਨੂੰ 'ਸ਼ਰਧਾਂਜਲੀ' ਦਿੰਦੀ ਹੈ । ਕਿਧਰੇ ਮੌਤ ਵਰਗਾ ਜੀਵਨ ਜਿਊਣ ਵਾਲਿਆਂ ਲਈ 'ਇੱਕ ਰੁਪਈਆ ਕਾਫ਼ੀ' ਰਾਹੀਂ ਹਾਅ ਦਾ ਨਾਅਰਾ ਮਾਰਦੀ ਹੈ । ਗੱਲ ਕੀ, ਕਿਤੇ ਵੀ ਉਸਨੂੰ ਜਨਤਾ ਦੇ ਦਰਦ ਤੋਂ ਅਭਿੱਜ ਹੋਈ ਨਹੀਂ ਦੇਖਦੇ ।
ਕਿਧਰੇ ਆਪਣੀ ਪਹਿਚਾਣ ਗੁਆਚਣ ਤੇ 'ਸ਼ਿਕਵਾ' ਕਰਦੀ ਹੈ । ਕਿਸੇ 'ਅਜੀਬ ਸਖਸ਼' ਦੀ ਭਾਲ ਕਰਦੀ ਹੈ । ਪਰਦੇਸੀਂ ਤੁਰ ਗਿਆਂ ਦਾ ਝੋਰਾ ਕਰਨ ਵਾਲਿਆਂ ਨੂੰ 'ਮਨ ਪਰਦੇਸੀ' ਨੂੰ ਆਪਣੇ ਪੁਰਾਤਨ ਵਿਰਸੇ ਤੇ ਕਦਰਾਂ ਕੀਮਤਾਂ ਵੱਲ ਮੋੜਨ ਦੀ ਯਾਦ ਦਿਲਾਉਂਦੀ ਹੈ । ਪਰ ਉਹ ਖੁਦ ਬਗਾਵਤ ਦਾ ਝੰਡਾ ਖੁੱਲ ਕੇ ਨਹੀਂ ਚੁੱਕਦੀ । ਕਿਨਾਰਿਆਂ ਦੀ ਮਰਯਾਦਾ ਨੂੰ ਲੋਕ-ਲਾਜ ਦਾ ਦਸਤੂਰ ਕਹਿ ਕੇ 'ਲਹਿਰ ਜਾਂ ਦਸਤੂਰ' ਰਾਹੀਂ ਆਪਣੀ ਮਜਬੂਰੀ ਪ੍ਰਗਟਾਉਂਦੀ ਹੈ :-
"ਦੋਨੋਂ ਤਰਫ਼ ਕਿਨਾਰੇ ਨੇ,ਅੱਗੇ ਵਧ ਸਕਦੀ ਨਹੀੰ,
ਤਾਹਾਂ ਠਾਹਾਂ ਚੜ੍ਹਦੀ ਰਹਿੰਦੀ,ਲਹਿਰ ਜਾਂ ਦਸਤੂਰ ਹਾਂ ।"
ਸ਼ਾਇਦ ਇਸੇ ਲਈ ਉਹਦੀਆਂ ਪੈੜਾਂ , ਪੀੜਾਂ ਨਾਲ ਭਰੀਆਂ ਹੋਈਆਂ ਨੇ ,ਪਰ Aੋਹ 'ਪੀੜਾਂ ਤੇ ਪੈੜਾਂ' ਦੀ ਗੱਲ ਲਗਾਤਾਰ ਕਰਦੀ ਰਹਿੰਦੀ ਹੈ ।
" ਸਦਾ ਪੈੜਾਂ ਦੀਆਂ ਪੀੜਾਂ ਹੀ ਮੈਂ ਨੱਪਦੀ ਰਹੀ,
ਪੀੜਾਂ ਮੇਰੀਆਂ ਦੀ ਪੈੜ ਲੋਕ ਲੱਭਦੇ ਰਹੇ ।"
ਉਹ ਆਪਣੀਆਂ ਸਮਰੱਥਾਵਾਂ ਤੋਂ ਜਾਣੂ ਹੈ, ਪਰ ਆਪਣੀਆਂ ਸੀਮਾਵਾਂ ਤੋਂ ਵੀ ਅਣਜਾਣ ਨਹੀਂ । ਸਦਾ ਤੁਰਦੇ ਰਹਿਣ ਦਾ ਸੰਕਲਪ ਉਹਦੇ ਅੰਦਰ ਹੈ । ਉਹ ਉਤਨੀ ਦੇਰ ਤੱਕ ਤੁਰਦੇ ਰਹਿਣਾ ਲੋਚਦੀ ਹੈ, ਜਦ ਤੱਕ ਉਸਨੂੰ ਆਪਣੀ ਮੰਜਲ ਨਾ ਮਿਲ ਜਾਵੇ । ਨਵੀਂ ਮੰਜਿਲ ਲਈ ਆਪਣੇ 'ਸਫਰ ਦਾ ਹਮਸਫਰ' ਲੱਭਦੀ ਉਹਦੀ ਕਲਮ ਬੋਲ ਉੱਠਦੀ ਹੈ,
"ਸੁਕਰ ਹੈ ਕਿ ਮੈਂ ਸਫਰ ਹਾਂ ਜਿਸਨੂੰ ਮੰਜਲ ਦੀ ਭਾਲ ਹੈ ।"
ਦੁਆ ਕਰਦਾ ਹਾਂ ਕਿ ਉਸਦਾ ਇਹ ਸਫਰ ਸਦਾ ਜਾਰੀ ਰਹੇ । ਉਹਦੀਆਂ ਪੈੜਾਂ ਵਿੱਚੋਂ ਪੀੜਾਂ ਖਤਮ ਹੋ ਜਾਣ ਅਤੇ ਉਸਦੀਆਂ ਪੈੜਾਂ ਨਕਸ਼ ਬਣ ਜਾਣ । ਇਨ੍ਹਾਂ ਪੈੜਾਂ ਤੇ ਤੁਰਨ ਵਾਲੇ ਸੱਚ ਦੇ ਪਾਂਧੀ ਸਮਾਜ ਵਿੱਚ ਸਾਰਥਕ ਤਬਦੀਲੀ ਲਿਆ ਸਕਣ ।