ਪੌਣ ਕਥਾ
ਪੌਣ ਸੁਰਮਈ
ਸਾਗਰ ਕੋਲ ਆਈ
ਚਾਂਈ, ਚਾਂਈ
ਪਾਣੀਆਂ 'ਤੇ ਪੇਲੀ
ਗੀਟਿਆਂ 'ਤੇ ਮੇਲੀ |
ਸੰਗਦਿਲ ਸਾਗਰ
ਪੱਥਰ ਦਿਲ ਗੀਟੇ
ਮੋਹ ਵਿਹੂਣੇ
ਕੱਖੋਂ ਹੌਲੇ
ਗੂੰਗੇ,ਬੋਲੇ |
ਪੌਣ ਤਿਲਮਿਲਾਈ
ਜੰਗਲ 'ਚ ਆਈ
ਵਹਿਣਾਂ 'ਚ ਵਹੀ
ਬਾਂਸਾਂ ਨੂੰ ਉਸਨੇ
ਗਲਵੱਕੜੀ ਪਾਈ |
ਬਾਂਸਾਂ ਨੂੰ ਵੇਖੋ
ਮਿੱਟੀ ਦੇ ਜਾਏ
ਸਾਰੇ ਦੇ ਸਾਰੇ
ਸਿਜਦੇ 'ਚ ਆਏ
ਸੀਸ ਝੁਕਾਏ |
ਬੰਸਰੀਆਂ ਬਣ,ਬਣ
ਵਜਦ 'ਚ ਆਏ
ਹਵਾ ਦੀ ਆਮਦ 'ਚ
ਬਾਂਸਾਂ ਨੇ ਜੰਗਲ 'ਚ
ਮੰਗਲ ਮਨਾਏ |
ਜੰਗਲ ਦੀ ਜਾਈ
ਪੌਣ ਮੁਸਕਰਾਈ
ਆਪੇ 'ਚ ਆਈ
ਬਾਂਸਾਂ ਨੂੰ ਉਸਨੇ
ਗਲਵੱਕੜੀ ਪਾਈ |
***********
2
ਬੀਵੀ ਗਰਾਫ
ਕਵਿਤਰੀ ਨਹੀਂ ਬੀਵੀ
ਕਿ ਜਗਦੀ ਰਹੇਗੀ
ਫੇਸ ਬੁੱਕ 'ਤੇ ਪਾਈਆਂ
ਕਵਿਤਾਵਾਂ ਦੀ ਲੋਅ ਨਾਲ
ਤਾ ਉਮਰ ....
ਅਜੇਹਾ ਵੀ ਨਹੀਂ ਕਿ
ਭਵਿੱਖ ਦੇ ਪੰਨਿਆਂ 'ਚ
ਸੁੱਕੇ ਗੁਲਾਬ ਵਾਂਗ ਨਾ ਮਿਲੇ ....
ਨਿੱਤ ਨੇਮ
ਨਿੰਬੂ ਮਹਿਕ ਵਾਲੀ ਬੁਨੈਣ
ਪੂਰੇ ਬਟਨਾਂ ਵਾਲੀ ਕਮੀਜ
ਤਿੱਖੀ ਧਾਰ ਵਾਲੀ ਪੈਂਟ
ਮੋਮੀ ਪਾਲਸ਼ ਵਾਲੇ ਸੈਂਡਲ
ਸਾਲਾ! ਮੈਂ ਤੋ ਸਾਹਬ ਬਣ ਗਿਆ ....
ਕੋਈ ਹੋਵੇ ਕਕਰੀਲੀ ਰਾਤ
ਹੱਥ ਖੱਡੀ 'ਤੇ ਬੈਠੀ, ਸੁਪਨ ਪਰੀ
ਡੱਬੇਦਾਰ ਉਣਦੀ ਹੈ ਖੇਸ
ਤੇ ਕੱਜ ਦੇਂਦੀ ਹੈ
ਕੁੰਗੜਿਆ ਹੋਇਆ ਅੰਗ,ਅੰਗ ....
ਕਿਸੇ ਤਿੱਖੜ ਦੁਪਹਿਰੇ
ਫਰਿੱਜ 'ਚੋਂ ਕੱਢੀ
ਪਾਣੀ ਵਾਲੀ ਬੋਤਲ
ਮੂੰਹ ਨੂੰ ਲਾਉਣ ਤੋਂ ਪਹਿਲਾਂ ਹੀ
ਭੱਜੀ ਆਉਂਦੀ,ਕ੍ਰਿਸ੍ਟਲ ਦਾ ਗਲਾਸ ਲੈ
ਤੇ ਆਖਦੀ ਹੈ -
ਬੜਾ ਪਾਪ ਲੱਗਦੈ
ਆਏ,ਗਏ ਨੂੰ ਜੂਠ ਵਰਤਾਉਣ 'ਤੇ
ਵੱਡੀ ਸੁੱਚ ਬਾਹਮਣੀ !!
ਸੱਚੀ,ਮੁੱਚੀ
ਕੋਈ ਕਥਾ ਵਾਚਕ ਵੀ ਨਹੀਂ
ਕਿ ਬੁਝ ਜਾਣਗੇ, ਉਸਦੇ ਮਘਦੇ ਬੋਲ
ਛਬੀਲ ਪਾਣੀਆਂ ਦੇ ਨਾਲ ....