ਸੱਚੀਂ, ਤੇਰੀ ਸਹੁੰ,
ਬੜਾ ਔਖਾ ਬਾਈ ਭਗਤ ਸਿੰਆਂ,
ਤੇਰੇ ਰਾਹਾਂ 'ਤੇ ਚੱਲਣਾ।
ਜਦ ਮੈਂ ਨਿੱਕਾ ਜਿਹਾ ਸੀ,
ਉਦੋਂ ਪੜ੍ਹਿਆ ਸੀ 'ਦਮੂੰਕਾਂ ਬੀਜਣ ਵਾਲੇ'
ਪਾਠ ਵਿੱਚੋਂ ਤੇਰੇ ਬਾਰੇ।
ਘਰ ਆ ਕੇ ਮਿੱਟੀ ਵਿੱਚ ਖੇਡਦਿਆਂ,
ਮੈਂ ਵੀ ਝਾੜੂ ਦੇ ਤੀਲੇ ਦੇ ਟੋਟੇ ਕਰਕੇ,
ਮਿੱਟੀ ਵਿੱਚ ਦੱਬੇ ਸਨ।
ਤੇ ਜਦੋਂ ਅਜਿਹਾ ਕਰਦਿਆਂ ਮੈਨੂੰ,
ਬੇਬੇ ਨੇ ਵੇਖਿਆ ਸੀ, ਉਸ ਦੇ ਪੁੱਛਣ 'ਤੇ
ਮੈਂ ਵੀ ਤੇਰੇ ਵਾਂਗ ਹੀ ਕਿਹਾ ਸੀ-
'ਬੇਬੇ ਦਮੂੰਕਾਂ ਬੀਜਦਾਂ ਭਗਤ ਸਿੰਘ ਵਾਂਗੂੰ'
ਬੇਬੇ ਵਿਚਾਰੀ ਨੂੰ ਦਮੂੰਕਾਂ ਤੇ ਤੇਰੇ ਬਾਰੇ ਕੀ ਪਤਾ ਹੋਣਾ!
ਫਿਰ ਵੀ ਉਸ ਨੇ ਖਿਝ ਕੇ ਕਿਹਾ ਸੀ,
'ਦਮੂੰਕਾਂ ਦਿਆ ਲੱਗਦਿਆ
ਅਪਦੇ ਪਿਓ ਝਾੜੂ ਨੂੰ ਕਿਉਂ ਖਰਾਬ ਕਰੀ ਜਾਨਾ!'
ਤੇ ਨਾਲ ਹੀ ਉਸ ਨੇ ਬਾਪੂ ਵੱਲ ਮੂੰਹ ਕਰਕੇ
ਉੱਚੀ ਸੁਰ ਵਿੱਚ ਕਿਹਾ ਸੀ-
'ਮੈਂ ਕਿਹਾ ਬੋਲਦਾ ਨੀਂ ਭੋਲੇ ਦੇ ਬਾਪੂ!
ਆਹ ਦੇਖਲਾ ਕਿਵੇਂ ਝਾੜੂ ਦੀ ਜੱਖਣਾ ਵੱਢੀ ਜਾਂਦਾ!'
ਤੇ ਇਹੋ ਜਿਹੇ ਵੇਲੇ,
ਬਾਪੂ ਦੇ ਛਿੱਤਰਾਂ ਤੋਂ ਡਰਦਾ,
ਫਿਰ ਕੋਲ਼ ਨੀਂ ਸੀ ਖੜ੍ਹਦਾ,
ਦਮੂੰਕਾਂ ਵਿਚੇ ਛੱਡ ਬਾਹਰ ਨੂੰ ਭੱਜ ਨਿਕਲਿਆ ਸੀ।
ਥੋੜ੍ਹਾ ਹੋਰ ਵੱਡਾ ਹੋਇਆ,
ਵੱਡੇ ਸਕੂਲ ਦੀ ਲਾਇਬ੍ਰੇਰੀ ਵਿੱਚੋਂ
ਮੈਂ ਤੇਰੇ ਬਾਰੇ ਕਈ ਕਿਤਾਬਾਂ ਪੜ੍ਹੀਆਂ।
ਆਥਣ ਵੇਲੇ ਮੈਂ ਕਾਲਜ ਪੜ੍ਹਦੇ ਪਿੰਡ ਦੇ ਮੁੰਡਿਆਂ ਨਾਲ਼
ਖੇਤਾਂ ਵੱਲ ਘੁੰਮਣ ਜਾਂਦਾ।
ਉਹ ਵੀ ਤੇਰੀਆਂ ਤੇ ਤੇਰੇ ਸਾਥੀਆਂ ਦੀਆਂ ਹੀ ਗੱਲਾਂ
ਕਰਿਆ ਕਰਦੇ।
ਉਨ੍ਹਾਂ ਦੇ ਸੰਗ ਮੈਂ ਕਈ ਵਾਰ ਆਪਣੇ ਤੇ ਦੂਸਰੇ ਪਿੰਡਾਂ ਵਿਚ
ਤੁਹਾਡੇ ਬਾਰੇ ਨਾਟਕ ਖੇਡਣ ਜਾਂਦਾ।
ਇੱਕ ਦਿਨ ਮੇਰੇ ਹਿਸਾਬ ਵਾਲੇ ਮਾਸਟਰ ਜੀ ਨੇ
ਘਰੋਂ ਚਾਚੇ ਨੂੰ ਬੁਲਾ ਕੇ ਉਲਾਂਭਾ ਦਿੱਤਾ-
'ਅੱਜ ਕੱਲ੍ਹ ਇਹਦਾ ਪੜ੍ਹਾਈ ਵੱਲ ਧਿਆਨ ਨੀਂ,
ਇਹ ਸੁਣਿਆ ਨਾਟਕ ਮੰਡਲੀ ਨਾਲ਼ ਤੁਰਿਆ ਰਹਿੰਦਾ..।'
ਚਾਚੇ ਨੇ ਉਥੇ ਹੀ ਮੇਰੀ ਚੰਗੀ ਝਾੜ ਝੰਬ ਕੀਤੀ
ਤੇ ਘਰ ਪਹੁੰਚਿਆ ਤਾਂ ਬਾਪੂ ਨੇ ਵੀ ਚੰਗਾ ਗੁਬਾਰ ਕੱਢਿਆ,
'...ਮੈਂ ਤੈਨੂੰ ਦੱਸਾਂ, ਤੂੰ ਮੈਥੋਂ ਘਸੁੰਨ ਨਾ ਖਾਲੀਂ,
ਬੰਦਾ ਬਣ ਕੇ ਪੜ੍ਹ ਲਾ ਜੇ ਪੜ੍ਹਿਆ ਜਾਂਦਾ,
ਆਹ ਡਰਾਮਿਆਂ-ਡਰੂਮਿਆਂ 'ਤੇ ਮੁੜ ਕੇ ਗਿਆਂ
ਤਾਂ ਮੈਥੋਂ ਬੁਰਾ ਕੋਈ ਨੀਂ....ਤੈਨੂੰ ਮੈਂ ਦੱਸਾਂ।
ਉਹਦੇ ਸੁਕੜੂ ਜਿਹੇ ਦੇ ਮਗਰ ਲੱਗਣ ਦੀ ਲੋੜ ਨੀਂ,
ਉਹਨੇ ਆਪਦੇ ਜੁਆਕ ਤਾਂ ਸ਼ਹਿਰ ਵਿੱਚ ਪੜ੍ਹਨ ਲਾਏ ਹੋਏ ਨੇ,
ਲੋਕਾਂ ਦਿਆਂ ਜੁਆਕਾਂ ਨੂੰ ਤੋਰੀ ਫਿਰਦਾ ਰਹਿੰਦਾ ਡਰਾਮੇ ਕਰਾਉਣ,
ਵੱਡਾ ਕਾਮਰੇਡ।'
ਥੋੜ੍ਹਾ ਹੋਰ ਵੱਡਾ ਹੋਇਆ
ਯੂਨੀਵਰਸਿਟੀ ਪਹੁੰਚ ਗਿਆ।
ਇਨਸਾਫ ਪਸੰਦ ਸਾਥੀਆਂ ਦਾ ਸਾਥ ਦਿੰਦਾ ਦਿੰਦਾ,
ਇੱਕ ਦਿਨ ਯੂਨੀਅਨ ਦਾ ਪ੍ਰਧਾਨ ਬਣ ਗਿਆ।
ਸਟੇਜ 'ਤੇ ਬੋਲਣ ਦੇ ਵਧੇਰੇ ਮੌਕੇ,
ਫਿਰ ਜਾਗ ਪਿਆ
ਅੰਦਰ ਡੱਕਿਆ ਤੇਰਾ ਪ੍ਰਛਾਵਾਂ।
ਫਿਰ ਹੋ ਗਈ ਇਨਕਲਾਬ-ਜ਼ਿੰਦਾਬਾਦ।
ਫਿਰ ਧਰੀ ਗਈ ਬੇਇਨਸਾਫੀ, ਨਾਬਰਾਬਰੀ, ਰਿਸ਼ਵਤਖੋਰੀ,
ਭਾਈ-ਭਤੀਜਾਵਾਦ ਤੇ ਬੇਰੁਜ਼ਗਾਰੀ 'ਤੇ ਉਂਗਲ।
ਕੌਣ ਧਰਨ ਦਿੰਦਾ ਬਾਈ ਆਪਣੇ ਨੱਕ 'ਤੇ ਉਂਗਲ!
ਇੰਨ੍ਹਾਂ ਚੀਜ਼ਾਂ ਦੀ ਹੋਂਦ ਕਰਕੇ ਹੀ ਤਾਂ
ਸਾਡੇ ਰਹਿਬਰਾਂ ਦੇ ਨੱਕ ਖੜੇ ਨੇ,
ਖਰਗੋਸ਼ ਦੇ ਕੰਨਾਂ ਵਾਂਗ।
ਕਿਸੀ ਦੀ ਉਂਗਲੀ ਧਰੀ 'ਤੇ ਨੱਕ ਵਿੱਚ
ਦਮ ਨਾ ਆ ਜਾਊ!
ਉਹੀ ਗੱਲ ਹੋ ਗਈ,
ਨਹੀਂ ਧਰਨ ਦਿੱਤੀ ਅਗਲਿਆਂ ਉਂਗਲੀ,
ਉਂਗਲੀ ਨੂੰ ਵੱਢ ਦੇਣ ਦੀਆਂ ਧਮਕੀਆਂ ਲੱਗੀਆਂ ਮਿਲਣ,
ਰਹਿਬਰਾਂ ਦੇ ਚਮਚਿਆਂ ਨੇ
ਜੁੱਤੀਆਂ ਸੁੱਟਣੀਆਂ ਸ਼ੁਰੂ ਕਰ 'ਤੀਆਂ, ਮੇਰੇ ਵੱਲ।
ਤੇ ਆਖੀਰ ਨੂੰ ਮੈਨੂੰ ਦੇਸ਼ ਧਰੋਹੀ ਕਰਾਰ ਦੇ ਕੇ
ਠਾਣੇ ਡੱਕ ਤਾ।
ਸਾਥੀਆਂ ਦੀ ਸਮਝ ਤੇ ਜੋਸ਼ ਨੇ,
ਸੱਤਾ ਦੇ ਨਸ਼ੇੜੀਆਂ ਨੂੰ ਕਾਨੂੰਨ ਦੇ ਨਿੰਬੂ ਪੀ ਕੇ,
ਆਏ ਹੋਸ਼ ਨੇ,
ਲੋਕਾਂ ਦੀ ਨਾਰਾਜ਼ਗੀ ਤੋਂ ਡਰਦਿਆਂ,
ਆਜ਼ਾਦ ਕਰ ਦਿੱਤਾ ਮੈਨੂੰ,
ਇਸ ਸ਼ਰਤ 'ਤੇ ਕਿ ਮੁੜ ਕੇ ਖੋਲ੍ਹਾਂਗਾ ਨਹੀਂ
ਆਪਣਾ ਮੂੰਹ,
ਧਰਾਂਗਾਂ ਨਹੀਂ ਉਂਗਲੀ ਬੇਗਾਨੇ ਨੱਕ 'ਤੇ,
ਤੇ ਕਰਾਂਗਾਂ ਨਹੀਂ ਚੂੰ।
ਤੇ ਜੇ ਧਰਾਂਗਾ
ਤਾਂ ਉਂਗਲੀ ਦੀ ਥਾਂ ਆਪਣਾ ਹੱਥ ਧਰਾਂਗਾ,
ਉਹ ਵੀ ਆਪਣੇ ਹੀ ਬੁੱਲ੍ਹਾਂ, ਅੱਖਾਂ ਤੇ
ਕੰਨਾਂ 'ਤੇ।
ਮੇਰੇ ਕਿੱਸੇ ਸੁਣ ਕੇ ਚਾਚਾ ਤੇ ਬਾਪੂ ਮੁੜ ਕਲਪੇ।
ਉਨ੍ਹਾਂ ਆਪਣਾ ਬੁਢੇਪਾ
ਨਾ ਰੋਲਣ ਦਾ ਵਾਸਤਾ ਪਾਇਆ,
ਘਰੇ ਬੈਠੀ ਕੋਠੇ ਜਿੱਡੀ ਭੈਣ ਦੀ ਜ਼ਿੰਦਗੀ ਬਾਰੇ ਸਮਝਾਇਆ।
ਇੰਨੇ ਨੂੰ ਕਿਸੇ ਲੀਡਰ ਦਾ ਚਾਚੇ ਨੂੰ ਫੋਨ ਆਇਆ-
'ਕਾਕੇ ਨੂੰ ਕਹੋ ਪੁੱਠੇ ਕੰਮਾਂ ਤੋਂ ਹਟ ਜੇ,
ਇਹਨੂੰ ਕੋਈ ਨੌਕਰੀ ਲਵਾ ਦਿੰਦੇ ਆਂ,
ਸਾਰੀ ਉਮਰ ਐਸ਼ ਕਰੇ ਤੇ ਮਾਂ-ਬਾਪ ਦਾ ਸਹਾਰਾ ਬਣੇ।'
ਮਾਂ-ਬੁਪੂ ਦੇ ਵਾਸਤਿਆਂ ਅੱਗੇ ਝੁਕ ਗਿਆ ਮੇਰੇ ਅੰਦਰਲਾ
ਭਗਤ ਸਿੰਘ,
ਭੈਣ ਦੇ ਭਿੱਜੇ ਨੈਣਾਂ ਸਾਹਮਣੇ ਹਾਰ ਗਈ ਮੇਰੀ ਦੇਸ਼ ਭਗਤੀ।
ਅੱਜ ਮੈਂ ਸਰਕਾਰੀ ਨੌਕਰ ਹਾਂ।
ਸਰਕਾਰੀ ਨੌਕਰ ਸਰਕਾਰ ਦੇ ਵਿਰੁੱਧ ਕੁੱਝ ਵੀ ਲਿਖ-ਬੋਲ ਨੀਂ
ਸਕਦੇ ਬਾਈ ਭਗਤ ਸਿੰਆਂ।
ਹੁਣ ਉਹ ਅੰਗਰੇਜ਼ਾਂ ਆਲੇ ਸਮੇਂ ਨੀਂ,
ਹੁਣ ਆਪਣੇ ਦੇਸ਼ ਦੀ ਆਪਣੀ ਸਰਕਾਰ ਆ ਬਾਈ।
ਕਾਨੂੰਨੀ ਤੌਰ 'ਤੇ ਸਰਕਾਰੀ ਨੌਕਰ ਵੀ ਸਰਕਾਰ ਦਾ ਹਿੱਸਾ ਹੀ ਹੁੰਦੈ,
ਨੀਤੀ ਘਾੜਿਆਂ ਦੁਆਰਾ ਬਣਾਈਆਂ ਨੀਤੀਆਂ ਨੂੰ
ਖਿੜੇ ਮੱਥੇ, ਬਿਨਾਂ ਮੂੰਹ ਖੋਲ੍ਹਿਆਂ ਮੰਨਣਾ
ਉਸ ਦਾ ਧਰਮ ਹੁੰਦਾ।
ਮਨ ਵਿਚ ਉਬਾਲੇ ਤਾਂ ਬਥੇਰੇ ਉੱਠਦੇ ਨੇ,
ਪਰ ਗਜ਼ਲਾਂ-ਕਵਿਤਾਵਾਂ ਰਾਹੀਂ ਕੱਢ ਛੱਡਦਾਂ
ਮਨ ਦੀ ਭੜਾਸ।
ਚੌਂਕ ਵਿਚ ਖੜ੍ਹ ਕੇ ਜਾਂ ਸਟੇਜ 'ਤੇ ਚੜ੍ਹਕੇ,
ਹੁਣ ਪਹਿਲਾਂ ਵਾਂਗ ਚੀਕ ਨਹੀਂ ਮਾਰ ਸਕਦਾ ਬਾਈ।
ਕਵਿਤਾਵਾਂ ਵਿਚ ਵੀ ਕਾਹਦਾ ਲਿਖਦਾਂ,
ਉਥੇ ਵੀ ਨੰਗੇ ਸ਼ਬਦਾਂ 'ਤੇ ਸੌ ਪਰਦੇ ਪਾ ਕੇ,
ਕੌੜੇ ਸ਼ਬਦਾਂ ਨੂੰ ਸ਼ੂਗਰ ਕੋਟਿਡ ਬਣਾ ਕੇ,
ਸਿੱਧੀ ਗੱਲ ਨੂੰ ਜਲੇਬੀ ਵਾਂਗ ਘੁਮਾ ਕੇ,
ਤਾਂ ਬਾਹਰ ਕੱਢਦਾਂ ਬਾਈ।
ਹੁਣ ਬਾਪੂ, ਬੇਬੇ ਤੇ ਭੈਣ ਵਾਲੀ ਮਜਬੂਰੀ ਤਾਂ
ਭਾਵੇਂ ਕੋਈ ਨਹੀਂ,
ਬਾਪੂ-ਬੇਬੇ ਤਾਂ ਸਾਰੀ ਉਮਰ ਉਸ ਲੀਡਰ ਦੇ
ਸੋਹਲੇ ਗਾਉਂਦੇ ਗਾਉਂਦੇ ਰੱਬ ਨੂੰ ਪਿਆਰੇ ਹੋ ਗਏ
ਤੇ ਭੈਣ ਵੀ ਸੁੱਖ ਨਾਲ ਆਪਣੇ ਘਰ ਆ।
ਪਰ ਹੁਣ ਆਪਣੇ ਪਰਿਵਾਰ ਦੇ ਖਰਚੇ,
ਬੱਚਿਆਂ ਦੀ ਪੜ੍ਹਾਈ,
ਕਾਰਾਂ-ਕੋਠੀਆਂ ਲਈ ਚੁੱਕੇ ਕਰਜ਼ੇ,
ਧੌਣ ਨੀਂ ਚੁੱਕਣ ਦਿੰਦੇ ਬਾਈ।
ਜੇ ਹੁਣ ਕਦੇ ਭੁੱਲ ਕੇ ਵੀ ਕਿਸੇ ਦੇ ਨੱਕ 'ਤੇ ਉਂਗਲ
ਧਰੀ ਗਈ,
ਅਗਲਿਆਂ ਚੁੱਕ ਕੇ ਬਾਹਰ ਮਾਰਨਾ ਨੌਕਰੀ ਤੋਂ,
ਫਿਰ ਮੇਰਾ ਕੀ ਹਾਲ ਹੋਣਾ,
ਵੇਖ ਲਾ ਬਾਈ ਤੂੰ ਆਪੇ।
ਹੁਣ ਤਾਂ ਇਹ ਹਾਲ ਹੋਇਆ,
ਜਿਵੇਂ ਕਿਸੇ ਵੇਲੇ ਚਾਚਾ ਤੇ ਬਾਪੂ ਮੈਨੂੰ ਵਰਜਦੇ ਸੀ,
ਉਨ੍ਹਾਂ ਵਾਂਗ ਹੁਣ ਮੈਂ ਆਪਣੇ ਬੱਚਿਆਂ ਨੂੰ ਵਰਜਦਾਂ-
'ਨਾ ਬਈ ਨਾ,
ਇਹ ਕੰਮ ਨੀਂ ਚੰਗੇ ਭਾਈ।
ਇਹ ਭਗਤ ਸਿੰਘ, ਇਹ ਰਾਂਝੇ ਤੇ ਹੀਰਾਂ
ਇਹ ਲੋਕਾਂ ਦੇ ਘਰੀਂ ਹੀ ਚੰਗੇ ਲੱਗਦਾ ਆ।
ਤੁਸੀਂ ਪੜ੍ਹਨ ਵੱਲ ਧਿਆਨ ਦਿਓ,
ਆਪਣੀ ਜ਼ਿੰਦਗੀ ਬਣਾਓ,
ਏਥੇ ਤਾਂ ਆਵਾ ਈ ਊਤਿਆ ਪਿਆ ਪੁੱਤ,
'ਕੱਲੇ, 'ਕਹਿਰੇ 'ਦੇਵ' ਨੇ ਕੀ ਕਰ ਲੈਣਾ,
ਹਜ਼ਾਰਾਂ 'ਦੈਂਤਾਂ' ਦਾ।
ਸੱਚੀਂ, ਬਹੁਤ ਔਖਾ ਬਾਈ ਭਗਤ ਸਿੰਆਂ ਤੇਰਾ ਰਾਹ!
ਧੰਨ ਸੀ ਤੂੰ ਤੇ ਧੰਨ ਸੀ ਤੇਰਾ ਸਾਰਾ ਪਰਿਵਾਰ
ਤੇ ਤੇਰੇ ਸਾਥੀ।
ਅਸੀਂ ਮਰੀਆਂ ਜ਼ਮੀਰਾਂ ਵਾਲੇ,
ਹੁਣ ਤਾਂ ਉਂਗਲੀ ਚੁੱਕਣ ਜੋਗੇ ਵੀ ਨਹੀਂ ਰਹੇ!
ਸੱਚੀਂ, ਬੜਾ ਔਖਾ ਬਾਈ ਭਗਤ ਸਿੰਆਂ......।