ਜਦ ਬੰਦੇ ਦੀ ਸੋਚ ਦਲੀਲੋਂ ਹਾਰੀ ਹੈ ।
ਮੂਰਖਤਾ ਨਾਲ ਕੱਢੀ ਉਸ ਕਟਾਰੀ ਹੈ ।।
ਤਰਕ-ਸੂਝ ਜਦ ਉਸਦੇ ਵਸ ਵਿੱਚ ਆਈ ਨਾ,
‘ਮਿੱਠਤ’ ‘ਨੀਵੀਂ’ ਵੀ ਉਸਨੇ ਦੁਰਕਾਰੀ ਹੈ ।।
ਉੱਚਾ ਬੋਲਣ ਦੀ ਵੀ ਪੈਂਦੀ ਲੋੜ ਨਹੀਂ,
ਜੇਕਰ ਆਖੀ ਗੱਲ ਬਜਨ ਦੀ ਭਾਰੀ ਹੈ ।।
ਸੱਚ ਨਾਲ ਤਲਵਾਰ ਜਦੋਂ ਟਕਰਾਈ ਹੈ,
ਸੱਚ ਨੇ ਸਾਹਵੇਂ ਬੈਹਕੇ ਬਾਜੀ ਮਾਰੀ ਹੈ ।।
ਸ਼ਬਦ ਨਾਲੋਂ ਹਥਿਆਰ ਨੂੰ ਉੱਚਾ ਰੱਖਣ ਦੀ,
ਗਿਆਨ-ਯੁੱਗ ਨੇ ਨੀਤੀ ਸਦਾ ਨਿਕਾਰੀ ਹੈ ।।
ਉਸਨੇ ਕਿਸੇ ਬਿਵੇਕ ਅਕਲ ਤੋਂ ਕੀ ਲੈਣਾ,
ਜਿਸ ਪੂਜਾ,ਹਵਨਾਂ ਨਾਲ ਜਿੰਦ ਗੁਜਾਰੀ ਹੈ ।।
ਜਿਸਦਾ ਪੱਲਾ ਸੱਚ ਵਿਚਾਰੋਂ ਖਾਲੀ ਹੈ,
ਬਿਰਤੀ ਹੁੰਦੀ ਉਸਦੀ ਹੀ ਹੰਕਾਰੀ ਹੈ ।।
ਸੱਚ ਝੂਠ ਦਾ ਜਦ ਵੀ ਪੰਗਾ ਪੈਂਦਾ ਹੈ,
ਝੂਠੇ ਨੂੰ ਹੀ ਸ਼ਹਿ ਮਿਲਦੀ ਸਰਕਾਰੀ ਹੈ ।।
ਜੈਸਾ ਸੇਵੇ ਬੰਦਾ ਤੈਸਾ ਹੋ ਜਾਂਦਾ,
ਗੁਰੂਆਂ ਬਾਣੀ ਵਿੱਚ ਇਹ ਗੱਲ ਉਚਾਰੀ ਹੈ ।।
ਬਾਣੀ ਆਖੇ ਗਿਆਨ ਬਿਨਾ ਤੇ ਧਰਮ ਨਹੀਂ ,
ਰੱਖੀ ਭਾਵੇਂ ਝੂਠ-ਤਸੱਲੀ ਭਾਰੀ ਹੈ ।।
ਬਾਹਰੋਂ ਭਾਵੇਂ ਲੱਖ ਅਡੰਬਰ ਕਰ ਦੇਖੋ,
ਅਮਲਾਂ ਬਾਝੋਂ ਹੁੰਦੀ ਸਦਾ ਖੁਆਰੀ ਹੈ ।।