1
ਬੰਸਰੀ ਵਿਚ ਫੂਕ ਮਾਰੀਂ, ਦੇ ਤੂੰ ਇਸ ਨੂੰ *ਨਗ਼ਮਗੀ।
ਇੱਕ ਲੱਤ ਦੇ ਭਾਰ ਬਾਂਸਾਂ ਬਹੁਤ ਕੀਤੀ ਬੰਦਗੀ।
ਰੁਮਕਦੀ ਵੇਖੀਂ, ਸੁਣੀਂ ਤੂੰ ਆਪ ਗਾਉਂਦੀ ਕਾਇਨਾਤ,
ਇੰਜ ਹੀ ਫੁੱਲਾਂ 'ਚ ਭਰਦੀ ਮਹਿਕ ਵੀ ਤੇ ਤਾਜ਼ਗੀ।
ਮੈਂ ਥਲਾਂ ਵਿਚ ਭਟਕਿਆ ਹਾਂ, ਅੱਜ ਤੀਕਰ ਥਾਂ ਕੁਥਾਂ,
ਨਾ ਕੋਈ ਮੰਜ਼ਿਲ ਮਿਲੀ ਨਾ ਖ਼ਤਮ ਹੋਈ ਤਿਸ਼ਨਗੀ**।
ਪੌਣ ਹੈ, ਇਹ ਕੌਣ ਹੈ ਜਾਂ ਮਨ ਮੇਰੇ ਦੀ ਭਟਕਣਾ,
ਮੁੱਕਦੀ ਨਹੀਂ ਅੰਤਹੀਣੀ, ਰੋਜ਼ ਦੀ ਆਵਾਰਗੀ।
ਤੇਜ਼ ਤਿੱਖੀ ਧਾਰ ਤੇ ਨਾ ਤੋਰ ਤੂੰ ਤਲਵਾਰ ਤੇ,
ਬਹੁਤ ਮਹਿੰਗੀ ਪੈਣ ਵਾਲੀ ਮੈਨੂੰ ਤੇਰੀ ਦਿਲਲਗੀ।
ਚੂਹੇ ਦੌੜਾਂ ਦਾ ਸਿਕੰਦਰ, ਜਿੱਤ ਕੇ ਚੂਹੇ ਸਮਾਨ,
ਅਸਲ ਸ਼ਕਤੀ ਸਹਿਜ ਤੁਰਦੀ ਆਦਮੀ ਦੀ ਸਾਦਗੀ।
ਮੈਂ ਕਿਸੇ ਮੰਡੀ ਵਿਕਾਊ ਮਾਲ ਵਰਗਾ ਕਿਉਂ ਬਣਾਂ,
ਇਸ ਨੇ ਮੇਰੇ ਤੋਂ ਹੈ ਖੋਹਣੀ, ਅਣਖ਼ ਤੇ ਮਰਦਾਨਗੀ।
**ਪਿਆਸ
*ਸੰਗੀਤਕਤਾ
2
ਵੇਖ ਲਵੋ ਜੀ, ਸਾਡੇ ਹੁੰਦਿਆਂ, ਸੱਚ ਨੂੰ ਏਥੇ ਡੰਨ ਹੁੰਦੇ ਨੇ।
ਜ਼ੁਲਮ ਜ਼ਬਰ ਦੇ ਡੇਰੇ ਮੈਥੋਂ, ਕੱਲ੍ਹਿਆਂ ਕਿੱਥੇ ਭੰਨ ਹੁੰਦੇ ਨੇ।
ਕੰਧਾਂ ਕਰਨ ਚੁਗਲੀਆਂ ਅਕਸਰ, ਵਤਨ ਮੇਰੇ ਵਿਚ ਸੁਣਿਆ ਸੀ ਪਰ,
ਅਮਰੀਕਾ ਵਿਚ ਅੱਖੀਂ ਤੱਕਿਐ, ਪੌਣਾਂ ਨੂੰ ਵੀ ਕੰਨ ਹੁੰਦੇ ਨੇ।
ਚੰਦਰਬੰਸੀ, ਸੂਰਜ ਬੰਸੀ, ਮਾਵਾਂ ਹੀ ਤਾਂ ਹੈਣ ਜੰਮਦੀਆਂ,
ਧੀਆਂ ਦੀ ਥਾਂ ਪੁੱਤਰ ਹੀ ਕਿਉਂ, ਅੱਖ ਦੇ ਤਾਰੇ ਚੰਨ ਹੁੰਦੇ ਨੇ।
ਸੀਸ ਤਲੀ ਤੇ ਧਰਦੇ, ਮਰਦੇ, ਚੌਂਕ ਚੁਰਸਤੇ ਦੀਵੇ ਧਰਦੇ,
ਏਸ ਨਸਲ ਦੇ ਪੁੱਤਰ ਧੀਆਂ, ਸੱਚੀਂ ਮੁੱਚੀਂ ਧੰਨ ਹੁੰਦੇ ਨੇ।
ਤੂੰ ਮਿਲਿਆ, ਦਿਲ ਹੌਲਾ ਕੀਤਾ, ਹੁਣ ਮੈਂ ਵੇਖੀਂ ਤੇਜ਼ ਤੁਰਾਂਗਾ,
ਦਿਲ ਦਰਿਆਈ ਹੜ੍ਹ ਦੇ ਪਾਣੀ, ਕੱਲ੍ਹਿਆਂ ਕਿੱਥੇ ਬੰਨ੍ਹ ਹੁੰਦੇ ਨੇ।
ਭੁਰਦੇ ਜਾਈਏ ਚੁੱਪ ਚੁਪੀਤੇ, ਸਿਵਿਆਂ ਦੇ ਵੱਲ ਰੋਜ਼ ਦਿਹਾੜੀ,
ਛਲਕ ਰਹੇ ਨੈਣਾਂ ਦੇ ਕੁੱਜੇ, ਓਦਾਂ ਕਿੱਥੇ ਭੰਨ ਹੁੰਦੇ ਨੇ।
ਵਕਤ ਵਿਖਾਵੇ ਸ਼ੀਸ਼ਾ ਸਭ ਨੂੰ, ਵੇਖੋ ਜਾਂ ਨਾ ਵੇਖੋ ਮਰਜ਼ੀ,
ਰੂਹ ਦੇ ਦਾਗ ਤੇ ਮੈਲੇ ਚਿਹਰੇ, ਓਦਾਂ ਕਿੱਥੇ ਮੰਨ ਹੁੰਦੇ ਨੇ।
3
ਇਨਕਲਾਬ ਦਾ ਨਾਅਰਾ ਲਾਇਆ, ਸੀਸ ਤਲੀ ਤੇ ਧਰਿਆ ਨਹੀਂ।
ਏਸੇ ਕਰਕੇ ਹੁਕਮਰਾਨ ਵੀ, ਕਿਣਕਾ ਮਾਤਰ ਡਰਿਆ ਨਹੀਂ।
ਕੰਢੇ ਕੰਢੇ ਤੁਰਦੇ ਤੁਰਦੇ, ਮਾਰਗ ਦੱਸਦੈ ਹੋਰਾਂ ਨੂੰ,
ਆਪ ਕਦੇ ਸ਼ਹੁ ਸਾਗਰ ਵਿਚ ਜੋ ਇੱਕ ਵੀ ਤਾਰੀ ਤਰਿਆ ਨਹੀਂ।
ਸਾਡੇ ਸਭ ਦੇ ਅੰਦਰ ਕਿਧਰੇ ਹਾਕਮ ਛੁਪ ਕੇ ਬੈਠ ਗਿਆ,
ਬੰਦ ਕਮਰੇ ਤੋਂ ਬਾਹਰ ਕਦੇ ਇਸ ਪੈਰ ਅਗਾਂਹ ਨੂੰ ਧਰਿਆ ਨਹੀਂ।
ਬਹਿਸ ਕਰਦਿਆਂ ਉਮਰ ਗੁਜ਼ਾਰੀ, ਅਕਲਾਂ ਨੇ ਮੱਤ ਮਾਰ ਲਈ,
ਜਿਸ ਨੂੰ ਆਪਾਂ ਦੁਸ਼ਮਣ ਕਹੀਏ, ਤਾਹੀਉਂ ਸਾਥੋਂ ਮਰਿਆ ਨਹੀਂ।
ਸੁਣਿਆ ਸੀ ਕਿ ਪਾਪ ਦਾ ਭਾਂਡਾ ਭਰ ਜਾਵੇ ਤਾਂ ਡੁੱਬ ਜਾਂਦਾ,
ਅਜਬ ਸਰੋਵਰ ਡੋਬੇ ਨਾ ਜੋ, ਆਖੇ ਪੂਰਾ ਭਰਿਆ ਨਹੀਂ।
ਓਸ ਜੁਰਮ ਦੀ ਸਜ਼ਾ ਭੁਗਤਣਾ ਸਭ ਤੋਂ ਔਖਾ ਜਾਪ ਰਿਹੈ,
ਜਿਹੜਾ ਏਸ ਜਨਮ ਵਿਚ ਅੱਜ ਤੱਕ, ਸਹੁੰ ਮੇਰੀ ਮੈਂ ਕਰਿਆ ਨਹੀਂ।
ਤੋਰ ਮਟਕਣੀ ਤੁਰਦਾ ਹੋਵੇ, ਕਲਕਲ ਕਲਕਲ ਲਹਿਰ ਲਹਿਰ,
ਮੇਰੇ ਦੇਸ ਪੰਜਾਬ 'ਚ ਹੁਣ ਤਾਂ ਇੱਕ ਵੀ ਐਸਾ ਦਰਿਆ ਨਹੀਂ।
4
ਤੂੰ ਮੈਨੂੰ ਜੀਣ ਜੋਗਾ ਛੱਡ, ਰਹਿੰਦਾ ਮਾਰ ਦੇ ਮੈਨੂੰ।
ਮੇਰੇ 'ਚੋਂ ਮੈਂ ਮੁਕਾ ਦੇ, ਤੇ ਨਵਾਂ ਵਿਸਥਾਰ ਦੇ ਮੈਨੂੰ।
ਮੁਹੱਬਤ ਸਾਂਭ ਲੈ ਤੂੰ, ਜਿੱਤ ਦੇ ਤਮਗੇ ਮੈਂ ਕੀਹ ਕਰਨੇ,
ਮੇਰੇ ਨੇੜੇ ਰਹੀਂ ਤੂੰ, ਹਾਰ ਦੀ ਮਹਿਕਾਰ ਦੇ ਮੈਨੂੰ।
ਜਵਾਨੀ ਠਰ ਗਈ, ਬੇਹਰਕਤੀ ਹੈ, ਜਜ਼ਬਿਆਂ ਹੀਣੀ,
ਲਗਨ ਦੇ ਦੇ ਇਨ੍ਹਾਂ ਨੂੰ, ਅੱਗ ਤੇ ਅੰਗਿਆਰ ਦੇ ਮੈਨੂੰ।
ਤੂੰ ਮੈਨੂੰ ਸ਼ਾਸਤਰ ਤੋਂ ਤੋੜਿਆ ਤੇ ਜੋੜਿਆ ਕਿੱਥੇ,
ਨਿਰੰਤਰ ਜੀਣ ਖ਼ਾਤਰ 'ਸ਼ਬਦ' ਜਹੇ ਹਥਿਆਰ ਦੇ ਮੈਨੂੰ।
ਮੈਂ ਸਾਰੀ ਧਰਤ ਦੀ ਅਗਨੀ 'ਚ ਖ਼ੁਦ ਨੂੰ ਭਸਮ ਕੀਤਾ ਹੈ,
ਨਜ਼ਰ ਭਰ ਵੇਖ ਮੈਨੂੰ, ਧੁਖ਼ ਰਿਹਾਂ, ਹੁਣ ਠਾਰ ਦੇ ਮੈਨੂੰ।
ਮੈਂ ਟਾਹਣੀ ਨਾਲ ਜੁੜਿਆ ਰਹਿਣ ਦਾ ਇਕਰਾਰ ਕਰਦਾ ਹਾਂ,
ਤੂੰ ਮੈਥੋਂ ਫੁੱਲ ਲੈ ਜਾ, ਸਿਰਫ਼ ਤਿੱਖੇ ਖ਼ਾਰ ਦੇ ਮੈਨੂੰ।
ਮੇਰੇ ਬਿਰਖ਼ਾਂ ਦੇ ਪੱਤਰ, ਟਾਹਣ ਅੱਜ ਕੱਲ੍ਹ ਬਹੁਤ ਸੁੰਨੇ ਨੇ,
ਖੁਦਾਇਆ ਰਹਿਮਤਾਂ ਕਰ, ਪੰਛੀਆਂ ਦੀ ਡਾਰ ਦੇ ਮੈਨੂੰ।
5
ਮੰਜ਼ਿਲ ਵੱਲ ਨਾ ਜਾਵੇ, ਮਿੱਤਰਾ ਰਾਹ ਨਹੀਂ ਹੁੰਦਾ।
ਤੀਜੇ ਨੇਤਰ ਵਾਲਾ ਤਾਂ ਗੁਮਰਾਹ ਨਹੀਂ ਹੁੰਦਾ।
ਗ਼ਫ਼ਲਤ ਮਾਰੇ ਬੰਦੇ ਅਕਸਰ ਕਹਿੰਦੇ ਸੁਣਿਆਂ,
ਤੂੰ ਹੀ ਕਰਦੇ, ਮੇਰੇ ਤੋਂ ਤੇ ਆਹ ਨਹੀਂ ਹੁੰਦਾ।
ਆਜ਼ਾਦੀ ਆਜ਼ਾਦੀ ਗਾਉਂਦੇ ਥੱਕ ਚੱਲੇ ਹਾਂ,
ਤੌਕ ਗੁਲਾਮੀ ਵਾਲਾ ਗਲ 'ਚੋਂ ਲਾਹ ਨਹੀਂ ਹੁੰਦਾ।
ਜ਼ਿੰਦਾਦਿਲ ਦੇ ਅੰਦਰ ਤੁਰਦਾ ਹੋਰ ਬੜਾ ਕੁਝ,
ਤੇਰੇ ਮੇਰੇ ਵਾਂਗੂੰ, ਕੱਲ੍ਹਾ ਸਾਹ ਨਹੀਂ ਹੁੰਦਾ।
ਆਪਣੀ ਜਿੰਦ ਨੂੰ ਆਪੇ ਕੱਤਣਾ ਸੌਖਾ ਨਹੀਂਓਂ,
ਸੱਚ ਪੁੱਛੋ ਤਾਂ ਐਸਾ ਚਰਖ਼ਾ ਡਾਹ ਨਹੀਂ ਹੁੰਦਾ।
ਦੂਜੇ ਦੇ ਮੂੰਹ ਪਾਉਣਾ, ਆਪਣਾ ਰੂਪ ਸਮਝ ਕੇ,
ਖ਼ੁਦ ਤੋਂ ਟੁੱਟਣ ਵਾਲਾ ਸਭ ਨੂੰ ਥਾਹ ਨਹੀਂ ਹੁੰਦਾ।
ਮੈਂ ਮੇਰੀ ਤੋਂ ਅਪਣੀ ਤੀਕਰ ਘੁੰਮੀ ਜਾਈਏ,
ਘੁੰਮਣਘੇਰੀ ਨਾਲੋਂ ਵੱਡਾ ਫਾਹ ਨਹੀਂ ਹੁੰਦਾ।
ਫ਼ਨਕਾਰਾਂ ਸੰਗ ਯਾਰੀ ਲਾ ਲੈ, ਜਾਣ ਲਏਂਗਾ,
ਗੱਦੀ ਉੱਤੇ ਬੈਠ ਕੇ ਬੰਦਾ ਸ਼ਾਹ ਨਹੀਂ ਹੁੰਦਾ।
6
ਗੈਰਾਂ ਤੋਂ ਖ਼ਬਰਾਂ ਮਿਲੀਆਂ ਨੇ ਅਪਣੇ ਵੀ ਸ਼ਹਿਰ 'ਚ ਆਏ ਨੇ।
ਏਦਾਂ ਵੀ ਸੁਣਿਆ ਲੋਕਾਂ ਤੋਂ, ਖੁਸ਼ਬੋਈਆਂ ਨਾਲ ਲਿਆਏ ਨੇ।
ਲੱਭ ਲੈਣਾ ਰਿੜਕ ਸਮੁੰਦਰਾਂ 'ਚੋਂ ਜੋ ਮਾਣਕ ਮੋਤੀ ਮਹਿੰਗਾ ਹੈ,
ਅਰਸ਼ਾਂ ਤੇ ਧਰਤ ਪਤਾਲਾਂ ਵਿੱਚ ਤੁਸੀਂ ਹਰ ਥਾਂ ਪਹਿਰੇ ਲਾਏ ਨੇ।
ਕਿੱਦਾਂ ਦੱਸ ਛੁਪ ਕੇ ਰਹਿ ਸਕਦੇ, ਇਹ ਇਸ਼ਕ, ਮੁਸ਼ਕ ਤੇ ਚਾਨਣੀਆਂ,
ਇਹ ਮਹਿਕਾਂ ਨੂੰ ਤੂੰ ਦੱਸ ਭਲਿਆ, ਬਈ ਕਿਸ ਨੇ ਜੰਦਰੇ ਲਾਏ ਨੇ।
ਇਸ ਓਪਰਿਆਂ ਦੀ ਧਰਤੀ ਤੇ, ਕੋਈ ਅਪਣਾ ਮਰ ਕੇ ਮਿਲਦਾ ਹੈ,
ਜੇ ਦਮ ਵੀ ਆਉਂਦੇ ਇੰਜ ਲੱਗਦਾ ਇਹ ਆਪਣੇ ਨਹੀਂ, ਪਰਾਏ ਨੇ।
ਤੂੰ ਦਿਲ ਦਾ ਹਾਲ ਸੁਣਾ ਦੇਵੀਂ, ਝਿਜਕੀਂ ਨਾ ਸੰਗੀ ਮਹਿਰਮ ਤੋਂ,
ਵਤਨਾਂ ਤੋਂ ਤੇਰੇ ਮਗਰੇ ਹੀ, ਪੌਣਾਂ ਦੇ ਸੁਨੇਹੇ ਆਏ ਨੇ।
ਤੇਰੇ ਹੀ ਦਿਲ ਦਰਵਾਜ਼ੇ ਤੇ, ਅੱਜ ਤੱਕ ਮੈਂ ਜੰਦਰਾ ਤੱਕਿਆ ਨਹੀਂ,
ਤਾਂ ਹੀ ਤੇ ਅੰਦਰ ਆ ਵੜਿਆਂ, ਏਥੇ ਬਾਕੀ ਬਾਰ ਪਰਾਏ ਨੇ।
ਪਰਦੇਸਾਂ ਵਿਚ ਵੀ ਢੂੰਡ ਲਿਆ, ਅਸੀਂ ਰੂਹ ਦੇ ਸੱਜਣ ਬੇਲੀ ਨੂੰ,
ਸਿਰਨਾਵਾਂ ਵੀ ਨਾ ਦੱਸਿਆ ਜਿਸ ਤੇ ਸੌ ਸੌ ਭੇਸ ਵਟਾਏ ਨੇ।
7
ਰੁੱਸ ਗਿਆ ਦਿਲ ਹੁਣ ਕਦੋਂ ਤੂੰ ਮਨਾਵੇਂਗਾ।
ਕਰੀਂ ਇਕਰਾਰ, ਕਦੇ ਰੁੱਸ ਕੇ ਨਹੀਂ ਜਾਵੇਂਗਾ।
ਉਮਰਾ ਤੇ ਲੰਘ ਚੱਲੀ, ਗਿਣ ਗਿਣ ਤਾਰਿਆਂ,
ਮੁੱਕ ਚੱਲੀ ਜਿੰਦ ਹੋਰ ਕਿੰਨਾ ਤੜਫ਼ਾਵੇਂਗਾ।
ਬੇਪਰਵਾਹਾ ਦੱਸੀਂ ਬੇੜੀ ਦੇ ਮਲਾਹਾ ਮੇਰੀ,
ਭੰਵਰਾ 'ਚ ਜਾਨ ਫਸੀ ਪਾਰ ਕਦੋਂ ਲਾਵੇਂਗਾ।
ਨੇਤਰਾਂ ਦੇ ਖੂਹੇ ਖ਼ਾਲੀ, ਨਜ਼ਰਾਂ ਸਵਾਲੀ ਦੱਸ,
ਮਿਲਿਆ ਨੂੰ ਯੁਗ ਬੀਤੇ, ਫੇਰਾ ਕਦੋਂ ਪਾਵੇਂਗਾ।
ਔੜ ਮਾਰੀ ਧਰਤੀ ਦੇ ਵਾਂਗਰਾਂ ਤਰੇੜੀ ਜਿੰਦ,
ਦਿਲ ਦੀ ਬਗੀਚੜੀ ਨੂੰ ਪਾਣੀ ਕਦੋਂ ਲਾਵੇਂਗਾ।
ਮੇਰਿਆ ਤੂੰ ਪੂਰਨਾ ਵੇ, ਜਾਹ ਮੈਥੋਂ ਦੂਰ ਨਾ ਵੇ,
ਸੁੰਦਰਾਂ ਦੇ ਮਹਿਲੀਂ ਕਦੋਂ ਅਲਖ ਜਗਾਵੇਂਗਾ।
ਓਦਰੀ ਮਧੋਲੀ ਜਿੰਦ, ਕੱਖੋਂ ਹੌਲੀ ਹੋਈ ਪਿੰਜ,
ਮਰ ਮੁੱਕ ਚੱਲੀ ਹੋਰ ਕਿੰਨੀ ਕੁ ਮੁਕਾਵੇਂਗਾ।
ਕੱਸ ਕੇ ਉਮੀਦ ਵਾਲੀ ਕੰਨੀ ਮੈਂ ਵੀ ਫੜੀ ਹੋਈ,
ਕਦੋਂ ਮੇਰੀ ਸੁਣੇਂਗਾ ਤੇ ਆਪਣੀ ਸੁਣਾਵੇਂਗਾ।
8
ਜੀ ਆਇਆਂ ਨੂੰ ਆਖਣ ਦੇ ਲਈ ਹਰ ਵਾਰੀ ਮੁਸਕਾਨ ਨਹੀਂ ਹੁੰਦੀ।
ਹਰ ਵੰਗਾਰ, ਚੁਣੌਤੀ ਮਿੱਤਰੋ, ਹਰ ਮਨ ਵਿਚ ਮਹਿਮਾਨ ਨਹੀਂ ਹੁੰਦੀ।
ਤੋਪਾਂ ਤੇ ਬੰਦੂਕਾਂ ਭਾਵੇਂ ਅਜ਼ਲਾਂ ਤੋਂ ਹੀ ਚੱਲ ਰਹੀਆਂ ਨੇ,
ਵੇਖ ਲਵੋ ਜੀ ਹਾਕਮ ਕੋਲੋਂ, ਸੱਚ ਦੀ ਬੰਦ ਜ਼ਬਾਨ ਨਹੀਂ ਹੁੰਦੀ।
ਰੂਹ ਦੇ ਖੇਡ ਖਿਡੌਣੇ ਵੇਚੇ, ਬਿਨ ਪੈਸੇ ਤੋਂ ਨਗਦ-ਮ-ਨਕਦੀ,
ਦਿਲ-ਦਰਬਾਰ ਬਿਨਾ ਓ ਭੋਲੇ, ਸੱਚ ਦੀ ਕੋਈ ਦੁਕਾਨ ਨਹੀਂ ਹੁੰਦੀ।
ਤੂੰ ਦਾਰੂ ਦੇ ਲੋਰ 'ਚ ਆ ਕੇ, ਸੜਕਾਂ ਉੱਤੇ ਬੜ੍ਹਕਾਂ ਮਾਰੇਂ,
ਤੇਰੇ ਵਰਗੇ ਅੰਦਰ ਸ਼ੀਸ਼ਾ, ਖ਼ੁਦ ਵੇਖਣ ਲਈ ਜਾਨ ਨਹੀਂ ਹੁੰਦੀ।
ਸੰਗਮਰਮਰ ਤੇ ਸੋਨੇ ਵਾਲੇ ਮਹਿਲ ਮੁਨਾਰੇ ਹੋ ਸਕਦੇ ਨੇ,
ਗੁਰ ਦੇ ਸ਼ਬਦ ਬਿਨਾ ਓ ਭਲਿਓ, ਕੌਮਾਂ ਦੀ ਕੋਈ ਸ਼ਾਨ ਨਹੀਂ ਹੁੰਦੀ।
ਸ਼ਬਦ, ਵਿਚਾਰ ਲਿਆਕਤ ਹੀਣੀ ਅੱਜ ਵੀ ਮੋਈ, ਕੱਲ੍ਹ ਵੀ ਮੋਈ,
ਸਿਰਫ਼ ਭੁਲੇਖੇ ਪਾਲਣ ਵਾਲੀ ਕੌਮ ਕਦੇ ਬਲਵਾਨ ਨਹੀਂ ਹੁੰਦੀ।
ਵਿਰਸੇ ਦਾ ਸਵੈਮਾਣ ਜ਼ਰੂਰੀ, ਪਰ ਹਿੰਮਤ ਵੀ ਓਨੀ ਲਾਜ਼ਿਮ,
ਸਾਹਾਂ ਬਾਝੇਂ ਨਿਰਜਿੰਦ ਪੋਰੀ, ਵੰਝਲੀ ਵਿਚ ਵੀ ਤਾਨ ਨਹੀਂ ਹੁੰਦੀ।
9
ਸ਼ੀਸ਼ੇ ਅੰਦਰ ਕਿਸ ਦਾ ਚਿਹਰਾ, ਮੇਰੇ ਤੇ ਕਿਉਂ ਹੱਸ ਰਿਹਾ ਹੈ।
ਜੋ ਕੁਝ ਮੈਂ ਅੱਜ ਤੀਕ ਲੁਕਾਇਆ, ਬੋਲ ਬੋਲ ਕੇ ਦੱਸ ਰਿਹਾ ਹੈ।
ਮਾਰੂਥਲ ਵਿਚ ਕਾਲੇ ਬੱਦਲ, ਅਜਬ ਕ੍ਰਿਸ਼ਮਾ, ਇਹ ਕੀ ਵਰ੍ਹਦਾ,
ਅਣਵਿੱਧ ਮੋਤੀ ਗਿਣਨੋਂ ਬਾਹਰੇ, ਨੈਣੋਂ ਸਾਵਣ ਵੱਸ ਰਿਹਾ ਹੈ।
ਵਰ੍ਹਿਆਂ ਬਾਦ ਮੁਹੱਬਤ ਚੇਤੇ ਆਈ, ਮੈਨੂੰ ਇਹ ਕੀ ਹੋਇਆ,
ਚਾਨਣ ਵੰਨੀ ਰੂਹ ਦਾ ਜਲਵਾ, ਗਲਵੱਕੜੀ ਵਿਚ ਕੱਸ ਰਿਹਾ ਹੈ।
ਅਜਬ ਕਹਿਰ, ਇਹ ਨੀਮ ਜ਼ਹਿਰ, ਕਿਉਂ ਅੰਗ ਅੰਗ ਤੇ ਜਾਵੇ ਚੜ੍ਹਦਾ,
ਅੱਗ ਦੀ ਉਮਰੇ ਸੱਪ ਲੜਿਆ ਸੀ, ਓਹੀ ਮੁੜ ਕੇ ਡੱਸ ਰਿਹਾ ਹੈ।
ਬੇਹੋਸ਼ੀ ਹੈ, ਕੁਝ ਨਹੀਂ ਚੇਤੇ, ਪਰ ਮੇਰੇ ਅੰਦਰ ਕੁਝ ਤੁਰਦਾ,
ਨਾਲ ਮੁਹੱਬਤ ਜੀਕੂੰ ਕੋਈ, ਮੇਰੀਆਂ ਤਲੀਆਂ ਝੱਸ ਰਿਹਾ ਹੈ।
ਮਟਕ ਚਾਨਣਾ, ਆਲ ਦੁਆਲੇ, ਰੂਹ ਵਿੱਚ ਇਹ ਕੀ, ਗੂੜ੍ਹ ਹਨੇਰੇ,
ਮੇਰਾ ਮਹਿਰਮ, ਏਦਾਂ ਕਰਕੇ, ਖੁਸ਼ੀਆਂ ਨੂੰ ਕਿਉਂ ਖੱਸ ਰਿਹਾ ਹੈ।
ਮੈਂ ਕਿੱਧਰ ਨੂੰ ਤੁਰਿਆ ਜਾਵਾਂ, ਜਲਥਲ, ਦਲਦਲ ਚਾਰ ਚੁਫ਼ੇਰੇ,
ਪਿਛਲਾ ਕਦਮ ਗਵਾਚ ਰਿਹਾ ਹੈ, ਅਗਲਾ ਹੇਠਾਂ ਧੱਸ ਰਿਹਾ ਹੈ।
10
ਰਾਤੀਂ ਬਿਰਖ਼ ਉਦਾਸ ਬੜੇ ਸੀ, ਲੱਭਦੇ ਫਿਰਦੇ ਛਾਵਾਂ ਨੂੰ।
ਰੋਗ ਵਿਯੋਗ ਦਾ ਖਾਵੇ ਜੀਕੂੰ, ਕੱਲ-ਮ-ਕੱਲ੍ਹੀਆਂ ਮਾਵਾਂ ਨੂੰ।
ਪਹਿਲੀ ਵਾਰ ਮਿਲੇ ਸੀ ਜਿੱਥੇ, ਅੱਜ ਵੀ ਨੁੱਕਰਾਂ ਮਹਿਕਦੀਆਂ,
ਆਪਾਂ ਭੁੱਲ ਭੁਲਾ ਗਏ ਭਾਵੇਂ, ਸੱਜਣਾਂ ਉਹਨਾਂ ਥਾਵਾਂ ਨੂੰ।
ਤਨ ਤੇ ਮਨ ਵਿਚਕਾਰ ਹਮੇਸ਼ਾਂ ਉਹ ਧਰਤੀ ਵੀ ਹੁੰਦੀ ਹੈ,
ਜਿਥੇ ਮਿਲਦੀ ਅਜਬ ਚਾਨਣੀ, ਪਾਲਣਹਾਰੇ ਚਾਵਾਂ ਨੂੰ।
ਏਸ ਸ਼ਹਿਰ ਵਿਚ ਪੱਕੀਆਂ ਸੜਕਾਂ, ਰਾਹ ਭੁੱਲ ਜਾਂਦਾ ਹਾਂ ਅਕਸਰ ਹੀ,
ਭੁੱਲਦਾ ਨਹੀਂ ਮੈਂ ਪੈਰੀਂ ਗਾਹੀਆਂ, ਪਗਡੰਡੀਆਂ ਤੇ ਰਾਹਵਾਂ ਨੂੰ।
ਰਿਸ਼ਤੇ ਨਾਤੇ ਅਸਲੀ ਤਾਕਤ, ਪੜ੍ਹ ਤੂੰ ਮੇਰੇ ਹੰਝੂਆਂ 'ਚੋਂ,
ਪੱਥਰ ਦੀ ਅੱਖ ਵੇਖ ਸਕੇ ਨਾ, ਦਿਲ ਦੇ ਹਾਵਾਂ ਭਾਵਾਂ ਨੂੰ।
ਵਲੀ ਕੰਧਾਰੀ ਵਾਲੀ ਬਿਰਤੀ, ਤੇਰੇ ਵਿੱਚ ਵੀ ਜਾਗ ਪਈ,
ਤਾਂਹੀਉਂ ਮੁੱਠੀ ਦੇ ਵਿੱਚ ਬੰਨ੍ਹਣਾ ਚਾਹਵੇਂ ਤੂੰ ਦਰਿਆਵਾਂ ਨੂੰ।
ਦਿਲ ਦੀਵਾਰ ਉਸਾਰ ਨਾ ਵੀਰਾ, ਇਸ ਨੇ ਪੱਕੀ ਹੋ ਜਾਣਾ,
ਕਿੱਦਾਂ ਛਾਤੀ ਨਾਲ ਲਗਾਵੇਂਗਾ ਤੂੰ ਭੱਜੀਆਂ ਬਾਹਵਾਂ ਨੂੰ।
ਚੱਲ ਬੱਚੇ ਬਣ ਜਾਈਏ ਮੁੜ ਕੇ, ਮੀਂਹ ਵਿੱਚ ਭਿੱਜੀਏ ਪਹਿਲਾਂ ਵਾਂਗ,
ਇੱਕ ਦੂਜੇ ਨੂੰ ਫੇਰ ਬੁਲਾਈਏ, ਲੈ ਲੈ ਕੱਚਿਆਂ ਨਾਵਾਂ ਨੂੰ।