ਸਿੱਖਾਂ ਦੀ ਪ੍ਰੇਰਨਾਮਈ ਵਿਦਿਅਕ ਵਿਰਾਸਤ
(ਲੇਖ )
ਭਾਈ ਸੰਤੋਖ ਸਿੰਘ ਜੀ ਨੇ ਸਿੱਖਾਂ ਦੀ ਵਿਦਿਅਕ ਵਿਰਾਸਤ ਨੂੰ ਅਮੀਰ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਮੌਜੂਦਾ ਸਮੇਂ ਵਿਚ ਸਿੱਖਾਂ ਦੇ ਮਨਾਂ 'ਤੇ ਜਿਹੜਾ ਗੁਰ-ਇਤਿਹਾਸ ਉਕਰਿਆ ਪਿਆ ਹੈ, ਉਸ ਨੂੰ ਉਜਗਾਰ ਕਰਨ ਲਈ ਭਾਈ ਸਾਹਿਬ ਨੇ ਬਹੁਤ ਹੀ, ਲਗਨ, ਮਿਹਨਤ, ਸੰਜਮ ਅਤੇ ਦ੍ਰਿੜਤਾ ਪੂਰਬਕ ਕਾਰਜ ਕੀਤਾ ਹਨ। ਭਾਈ ਸੰਤੋਖ ਸਿੰਘ ਜੀ ਸਿੱਖਾਂ ਦੇ ਸ਼੍ਰੋਮਣੀ ਕਵੀ ਅਤੇ ਇਤਿਹਾਸਕਾਰ ਹਨ ਜਿਨ੍ਹਾਂ ਨੇ ਆਪਣੀ ਸਭ ਤੋਂ ਮਹੱਤਵਪੂਰਨ ਰਚਨਾ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਜਿਸ ਢੰਗ ਨਾਲ ਦਸ ਗੁਰੂ ਸਾਹਿਬਾਨ ਦਾ ਜੀਵਨ ਬਿਰਤਾਂਤ ਕਲਮਬੰਦ ਕੀਤਾ ਹੈ, ਇਹ ਮਹਾਂਕਾਵਿ ਦਾ ਰੂਪ ਧਾਰਨ ਕਰ ਗਿਆ ਹੈ।
ਅੰਮ੍ਰਿਤਸਰ ਦੇ ਪਿੰਡ ਨੂਰਦੀਨ ਵਿਖੇ ੧੭੮੭ ਵਿਚ ਭਾਈ ਦੇਵਾ ਸਿੰਘ ਅਤੇ ਮਾਈ ਰਜਾਦੀ ਦੇ ਘਰ ਜਨਮੇ ਭਾਈ ਸੰਤੋਖ ਸਿੰਘ ਜੀ ਨੇ ਗੁਰਬਾਣੀ ਅਤੇ ਗੁਰ-ਇਤਿਹਾਸ ਦੀ ਸੋਝੀ ਪੈਦਾ ਕਰਨ ਲਈ ਭਾਰਤੀ ਸਾਹਿਤ, ਧਰਮ, ਦਰਸ਼ਨ, ਇਤਿਹਾਸ ਅਤੇ ਮਿਥਿਹਾਸ ਦੀ ਵਿੱਦਿਆ ਗ੍ਰਹਿਣ ਕੀਤੀ ਸੀ। ਭਾਰਤੀ ਕਾਵਿ-ਕਲਾ ਅਤੇ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰ ਕੇ ਭਾਈ ਸਾਹਿਬ ਨੇ ਗੁਰਮਤਿ ਵਿਚਾਰਧਾਰਾ ਨੂੰ ਕਲਮਬੰਦ ਕਰਨ ਦਾ ਜਿਹੜਾ ਕਾਰਜ ਅਰੰਭ ਕੀਤਾ ਸੀ ਉਸ ਵਿਚੋਂ ਜਪੁ ਬਾਣੀ ਦਾ ਗਰਬ ਗੰਜਨੀ ਟੀਕਾ, ਸ੍ਰੀ ਗੁਰ ਨਾਨਕ ਪ੍ਰਕਾਸ਼ ਅਤੇ ਗੁਰ ਪ੍ਰਤਾਪ ਸੂਰਜ ਗ੍ਰੰਥ ਸਾਹਮਣੇ ਆਏ ਹਨ। ਭਾਈ ਸਾਹਿਬ ਦੀਆਂ ਰਚਨਾਵਾਂ 'ਤੇ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ, ਵਾਰਾਂ ਭਾਈ ਗੁਰਦਾਸ, ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ, ਜਨਮ ਸਾਖੀਆਂ, ਗੁਰ-ਬਿਲਾਸਾਂ ਆਦਿ ਦਾ ਪ੍ਰਭਾਵ ਸਪਸ਼ਟ ਦਿਖਾਈ ਦਿੰਦਾ ਹੈ। ਇਸ ਦਾ ਭਾਵ ਹੈ ਕਿ ਭਾਈ ਸਾਹਿਬ ਨੇ ਆਪਣੀ ਰਚਨਾ ਕਰਨ ਤੋਂ ਪਹਿਲਾਂ ਸਮੂਹ ਮੌਜੂਦ ਸਿੱਖ ਧਾਰਮਿਕ ਅਤੇ ਸਾਹਿਤਕ ਗ੍ਰੰਥਾਂ ਅਤੇ ਗੁਰਮਤਿ ਪਰੰਪਰਾਵਾਂ ਦਾ ਗਹਿਨ ਅਧਿਐਨ ਕੀਤਾ ਸੀ। ਭਾਈ ਸਾਹਿਬ ਦੁਆਰਾ ਕੀਤਾ ਇਹ ਅਧਿਐਨ ਅਕਾਦਮਿਕ ਕਾਰਜ ਕਰਨ ਵਾਲਿਆਂ ਲਈ ਮਹੱਤਵਪੂਰਨ ਸਰੋਤ ਹੈ। ਮੌਜੂਦਾ ਸਮੇਂ ਵਿਚ ਭਾਸ਼ਾ ਵਿਭਾਗ ਵੱਲੋਂ ਭਾਈ ਸਾਹਿਬ ਦਾ ਇਹ ਮਹੱਤਵਪੂਰਨ ਗ੍ਰੰਥ ਚੌਦਾਂ ਜਿਲਦਾਂ ਵਿਚ ਛਾਪਿਆ ਜਾ ਰਿਹਾ ਹੈ ਅਤੇ ਸ੍ਰੀ ਗੁਰ ਨਾਨਕ ਪ੍ਰਕਾਸ਼ ਇਸੇ ਗ੍ਰੰਥ ਦਾ ਹਿੱਸਾ ਹੈ।
ਭਾਈ ਸਾਹਿਬ ਨੇ ਇਹ ਮਹੱਤਵਪੂਰਨ ਰਚਨਾ ਕੈਥਲ ਵਿਖੇ ਸੰਪੂਰਨ ਕੀਤੀ ਸੀ। ਕਿਹਾ ਜਾਂਦਾ ਹੈ ਕਿ ਭਾਈ ਸਾਹਿਬ ਮਹਾਰਾਜਾ ਕਰਮ ਸਿੰਘ ਦੇ ਸਮੇਂ ਪਟਿਆਲਾ ਰਿਆਸਤ ਵਿਖੇ ਨਿਵਾਸ ਕਰਦੇ ਸਨ ਅਤੇ ਇਥੋਂ ਹੀ ਕੈਥਲ ਦੇ ਭਾਈ ਉਦੈ ਸਿੰਘ ਇਹਨਾਂ ਨੂੰ ਆਪਣੀ ਰਿਆਸਤ ਵਿਖੇ ਲੈ ਗਏ ਸਨ। ਭਾਈ ਉਦੈ ਸਿੰਘ ਨੇ ਬਹੁਤ ਹੀ ਸਤਿਕਾਰ ਸਹਿਤ ਇਹਨਾਂ ਦਾ ਨਿਵਾਸ ਇਕ ਸ਼ਾਨਦਾਰ ਹਵੇਲੀ ਵਿਚ ਕਰਵਾਇਆ ਸੀ। ਇਸ ਰਿਆਸਤ ਵਿਖੇ ੧੮ ਸਾਲਾਂ ਦੇ ਨਿਵਾਸ ਦੌਰਾਨ ਭਾਈ ਸਾਹਿਬ ਨੇ ਆਪਣਾ ਰਚਨਾ ਕਾਰਜ ਜਾਰੀ ਰੱਖਿਆ ਸੀ। ਜਿਥੇ ਉਹ ਗ੍ਰੰਥ ਰਚਨਾ ਕਰਦੇ ਸਨ ਉਥੇ ਸ਼ਾਮ ਨੂੰ ਇਸ ਦੀ ਕਥਾ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਕਰਿਆ ਕਰਦੇ ਸਨ। ਰਚਨਾਕਾਰ ਅਤੇ ਕਥਾਕਾਰ ਵੱਜੋਂ ਛੇਤੀ ਹੀ ਇਹਨਾਂ ਦੀ ਦੂਰ-ਨੇੜੇ ਦੇ ਇਲਾਕਿਆਂ ਵਿਚ ਪ੍ਰਸਿੱਧੀ ਹੋ ਗਈ ਸੀ।
ਭਾਈ ਸਾਹਿਬ ਜਿਸ ਹਵੇਲੀ ਵਿਚ ਨਿਵਾਸ ਕਰਦੇ ਸਨ, ਉਹ ਹੁਣ ਵੀ ਮੌਜੂਦ ਹੈ। ਜਿਹੜੇ ਵੀ ਸਿੱਖ ਗੁਰਧਾਮਾਂ ਦੇ ਦਰਸ਼ਨ ਕਰਨ ਜਾਂ ਕਿਸੇ ਹੋਰ ਕਾਰਜ ਲਈ ਕੈਥਲ ਜਾਂਦੇ ਹਨ, ਉਹ ਭਾਈ ਸਾਹਿਬ ਦੀ ਹਵੇਲੀ ਨੂੰ ਦੇਖਣ ਵਿਚ ਵੀ ਗੰਭੀਰ ਰੁਚੀ ਰੱਖਦੇ ਹਨ। ਸੇਠਾਂ ਦੇ ਮੁਹੱਲੇ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਦੀ ਯਾਦ ਵਿਚ ਸਸ਼ੋਭਿਤ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਸਥਿਤ ਹੈ ਅਤੇ ਇਥੋਂ ਲਗਪਗ ਅੱਧੇ ਕਿਲੋਮੀਟਰ ਦੇ ਫਾਸਲੇ 'ਤੇ ਬੋੜਾਂ ਮੁਹੱਲੇ ਵਿਚ ਭਾਈ ਸਾਹਿਬ ਦੀ ਹਵੇਲੀ ਮੌਜੂਦ ਹੈ। ਮੌਜੂਦਾ ਸਮੇਂ ਵਿਚ ਇਹ ਹਵੇਲੀ ਖੁਰਦੀ ਜਾ ਰਹੀ ਹੈ ਅਤੇ ਜੇਕਰ ਇਸ ਨੂੰ ਸੰਭਾਲਿਆ ਨਾ ਗਿਆ ਤਾਂ ਛੇਤੀ ਹੀ ਡਿੱਗ ਸਕਦੀ ਹੈ। ਹਵੇਲੀ ਦਾ ਅੱਧਾ ਹਿੱਸਾ ਤਰਸਯੋਗ ਹਾਲਤ ਵਿਚ ਹੈ ਪਰ ਦੂਜਾ ਅੱਧਾ ਹਿਸਾ ਠੀਕ ਹਾਲਤ ਵਿਚ ਹੈ ਜਿਥੇ ਕਿ ਹੁਣ ਵੀ ਕੁੱਝ ਪਰਿਵਾਰ ਨਿਵਾਸ ਕਰਦੇ ਹਨ। ਨਿਵਾਸ ਕਰ ਰਹੇ ਪਰਿਵਾਰ ਯੋਗ ਮੁਆਵਜ਼ੇ 'ਤੇ ਹਵੇਲੀ ਖਾਲੀ ਕਰਨ ਨੂੰ ਤਿਆਰ ਹਨ। ਗੁਰਮਤਿ ਅਧਿਐਨ ਵਿਚ ਰੁਚੀ ਰੱਖਣ ਵਾਲਿਆਂ ਲਈ ਇਹ ਹਵੇਲੀ ਇਕ ਮਹੱਤਵਪੂਰਨ ਪ੍ਰੇਰਨਾ ਸਰੋਤ ਹੈ। ਜਿਸ ਸ਼ਖ਼ਸੀਅਤ ਦੇ ਗ੍ਰੰਥਾਂ ਦੀ ਕਥਾ ਗੁਰਦੁਆਰਿਆਂ ਵਿਚ ਹੁੰਦੀ ਹੈ ਅਤੇ ਕਥਾ ਸਮੇਂ ਸ਼ਰਧਾਲੂਆਂ ਦੀ ਵੱਡੀ ਗਿਣਤੀ ਗੁਰਧਾਮਾਂ ਦੇ ਦਰਸ਼ਨ ਕਰਦੀ ਹੈ। ਜਿਹੜੇ ਸ਼ਰਧਾਲੂ ਰੋਜ਼ਾਨਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦੇ ਉਹ ਆਪਣੇ ਘਰਾਂ ਵਿਚ ਚੱਲਦੇ ਲਾਈਵ ਟੀ.ਵੀ. ਪ੍ਰਸਾਰਨਾਂ ਰਾਹੀ ਇਸ ਕਥਾ ਦਾ ਅਨੰਦ ਲੈਂਦੇ ਹਨ। ਦੇਸ-ਵਿਦੇਸ਼ ਵਿਚ ਵੱਸਦੀ ਸੰਗਤ ਵੀ ਭਾਈ ਸਾਹਿਬ ਦੇ ਗ੍ਰੰਥ ਵਿਚ ਲਿਖੀ ਅਤੇ ਗੁਰਧਾਮਾਂ ਵਿਖੇ ਕੀਤੀ ਜਾ ਰਹੀ ਕਥਾ ਦਾ ਰਸ ਅਨੁਭਵ ਕਰਦੀ ਹੈ। ਸਿੱਖਾਂ ਦੇ ਇੰਨੇ ਵੱਡੇ ਵਿਦਵਾਨ ਨੇ ਜਿਸ ਹਵੇਲੀ ਵਿਚ ਬੈਠ ਕੇ ਗੁਰਮਤਿ ਪਰੰਪਰਾ ਦੇ ਪ੍ਰੇਰਨਾਮਈ ਮਹਾਂਕਾਵਿ ਦੀ ਰਚਨਾ ਕੀਤੀ ਸੀ, ਉਸ ਨੂੰ ਸੰਭਾਲਣਾ ਸਮੇਂ ਦੀ ਪ੍ਰਮੁਖ ਲੋੜ ਹੈ ।