ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਇਕੱਤਰਤਾ
(ਖ਼ਬਰਸਾਰ)
ਕੈਲਗਰੀ -- ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜੂਨ ਮਹੀਨੇ ਦੀ ਮਾਸਿਕ ਇਕੱਤਰਤਾ ਜੈਂਸਿਸ ਸੈਂਟਰ ਵਿਖੇ ਔਰਤਾਂ ਦੇ ਭਰਵੇਂ ਇਕੱਠ ਵਿੱਚ ਹੋਈ, ਜਿਸ ਵਿੱਚ ਕੁੱਝ ਅਹਿਮ ਫੈਸਲੇ ਲਏ ਗਏ। ਸਭ ਤੋਂ ਪਹਿਲਾਂ ਡਾ. ਬਲਵਿੰਦਰ ਕੌਰ ਬਰਾੜ ਨੇ ਸਾਰੀਆਂ ਭੈਣਾਂ ਨੂੰ ਮੀਟਿੰਗ ਵਿੱਚ ਸ਼ਿਰਕਤ ਕਰਨ ਲਈ, 'ਜੀ ਆਇਆਂ' ਕਹਿੰਦਿਆਂ ਹੋਇਆਂ, ਸਟੇਜ ਦੀ ਭੂਮਿਕਾ ਨਿਭਾਉਣ ਲਈ, ਗੁਰਮੀਤ ਕੌਰ ਮੱਲ੍ਹੀ ਨੂੰ ਮੰਚ ਤੇ ਆਉਣ ਦਾ ਸੱਦਾ ਦਿੱਤਾ। ਸਟੇਜ ਦੀ ਕਾਰਵਾਈ ਆਰੰਭ ਹੋਣ ਤੋਂ ਪਹਿਲਾਂ ਉਹਨਾਂ ਨੇ ਸਮੂਹ ਮੈਂਬਰਾਂ ਨੂੰ, ਸਭਾ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਵਿੱਚ ਹੋਈਆਂ ਅਹਿਮ ਵਿਚਾਰਾਂ ਤੋਂ ਜਾਣੂ ਕਰਵਾਇਆ। ਜਿਸ ਵਿਚ ਕੁੱਝ ਵਿਸ਼ੇਸ਼ ਕਮੇਟੀਆਂ ਦੀ ਸਥਾਪਨਾ, ਸਭਾ ਵਲੋਂ ਟੂਰ ਲਿਜਾਣ ਦਾ ਸੁਝਾਅ ਅਤੇ ਟੋਰੰਟੋ ਤੋਂ ਆਈ ਇੱਕ ਨਾਮਵਰ ਲੇਖਿਕਾ ਮਿੰਨੀ ਗਰੇਵਾਲ ਦਾ ਇਸ ਸਭਾ ਵਲੋਂ ਸਨਮਾਨ ਕਰਨਾ, ਸ਼ਾਮਲ ਸੀ।ਸਮੂਹ ਮੈਂਬਰਾਂ ਨੇ ਤਾੜੀਆਂ ਮਾਰ ਕੇ ਸਭ ਫੈਸਲਿਆਂ ਦਾ ਸਵਾਗਤ ਕੀਤਾ। ਸਹਿਮਤੀ ਬਾਅਦ ਉਹਨਾਂਟਰਿੱਪ ਤੇ ਜਾਣ ਦੀਆਂ ਚਾਹਵਾਨ ਭੈਣਾਂ ਨੂੰ ਗੁਰਤੇਜ ਸਿੱਧੂ ਕੋਲ ਬੁਕਿੰਗ ਕਰਵਾਣ ਲਈ ਕਿਹਾ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਲੇਖਿਕਾ ਮਿੰਨੀ ਗਰੇਵਾਲਦਾ ਅਰਪਨ ਲਿਖਾਰੀ ਸਭਾ ਵਲੋਂ ੨੬ ਜੂਨ ਨੂੰ, ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ। ਸੋ ਇੱਕ ਔਰਤ ਲੇਖਕ ਦਾ, ਔਰਤਾਂ ਦੀ ਸਭਾ ਵਲੋਂ ਮਾਣ ਕਰਨਾ ਵੀ ਸਾਡਾ ਫਰਜ਼ ਬਣਦਾ ਹੈ। ਜਿਸ ਦਾ ਸਮਾਂ, ਸਰਬਸੰਮਤੀ ਨਾਲ, ਜੈਂਸਿਸ ਸੈਂਟਰ ਵਿਖੇ, ੨੫ ਜੂਨ, ਬਾਅਦ ਦੁਪਹਿਰ ੨ ਵਜੇ ਤੋਂ ੪ ਵਜੇ ਦਾ, ਮਿਥਿਆ ਗਿਆ।
ਇਸ ਤੋਂ ਬਾਅਦ ਗੁਰਚਰਨ ਥਿੰਦ ਨੇ, ਗਠਨ ਕੀਤੀਆਂ ਕਮੇਟੀਆਂ ਦੀ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ- ਸਭਾ ਦੇ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ, ਚਾਰ ਕਮੇਟੀਆਂ ਬਣਾਈਆਂ ਗਈਆਂ ਹਨ- ਕੰਟੈਕਟ ਕਮੇਟੀ, ਦੁੱਖ- ਸੱਖ ਕਮੇਟੀ, ਕਲਚਰਲ ਕਮੇਟੀ ਅਤੇ ਟੂਰ ਕਮੇਟੀ।ਕੰਟੈਕਟ ਕਮੇਟੀ ਦੇ ਇੰਚਾਰਜ ਮਨੋਹਰ ਕੌਰ ਅਤੇ ਬਲਜੀਤ ਕੌਰ ਜਠੌਲ ਹੋਣਗੇ- ਜੋ ਸਮੂਹ ਮੈਂਬਰਾਂ ਨੂੰ ਸਭਾ ਦੇ ਸਮਾਗਮਾਂ ਬਾਰੇ ਸੂਚਿਤ ਕਰਿਆ ਕਰਨਗੇ। ਇਸੇ ਤਰ੍ਹਾਂ ਦੁੱਖ- ਸੁੱਖ ਕਮੇਟੀ ਦੇ ਇੰਚਾਰਜ ਗੁਰਦੀਸ਼ ਕੌਰ ਗਰੇਵਾਲ, ਬਲਜਿੰਦਰ ਗਿੱਲ ਅਤੇ ਬਲਜੀਤ ਜਠੌਲ ਹੋਣਗੇ- ਜੋ ਕਿਸੇ ਮੈਂਬਰ ਦੀ ਗਮੀ ਖੁਸ਼ੀ ਵਿੱਚ ਪਹੁੰਚ ਕੇ ਸਭਾ ਦੀ ਨੁਮਾਇੰਦਗੀ ਕਰਨਗੇ ਅਤੇ ਲੋੜ ਪੈਣ ਤੇ ਮਦਦ ਵੀ ਕਰਨਗੇ। ਕਲਚਰਲ ਕਮੇਟੀ ਦੇ ਇੰਚਾਰਜ ਗੁਰਤੇਜ ਸਿੱਧੂ ਅਤੇ ਅਮਰਜੀਤ ਸੱਗੂ ਨੂੰ ਬਣਾਇਆ ਗਿਆ- ਜੋ ਸਭਿਆਚਾਰਕ ਗਤੀਵਿਧੀਆਂ ਲਈ ਜ਼ਿੰਮੇਵਾਰ ਰੋਲ ਨਿਭਾਉਣਗੇ। ਇਸ ਤੋਂ ਇਲਾਵਾ ਟੂਰ ਕਮੇਟੀ ਦੇ ਇੰਚਾਰਜ ਦੀ ਡਿਊਟੀ ਡਾ. ਬਲਵਿੰਦਰ ਕੌਰ ਬਰਾੜ ਅਤੇ ਗੁਰਤੇਜ ਸਿੱਧੂ ਨੂੰ ਸੌਂਪੀ ਗਈ- ਜੋ ਸਾਲ ਵਿੱਚ ਇੱਕ ਜਾਂ ਦੋ ਟੂਰ ਲਿਜਾਣ ਦਾ ਪ੍ਰਬੰਧ ਕਰਨਗੇ। ਨਾਲ ਹੀ ਸਭਾ ਦਾ ਪਹਿਲਾ ਟੂਰ ੯ ਜੁਲਾਈ ਨੂੰ ਲਿਜਾਣ ਦਾ ਫੈਸਲਾ ਹੋਇਆ- ਜਿਸ ਦੀ ਬੁਕਿੰਗ ਵੀ ਬਹੁਤ ਸਾਰੀਆਂ ਭੈਣਾਂ ਨੇ ਉਸੇ ਦਿਨ, ਗੁਰਤੇਜ ਸਿੱਧੂ ਕੋਲ ਕਰਵਾ ਦਿੱਤੀ। ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਭਾਵੇਂ ਇਹ ਇੰਚਾਰਜ ਐਗਜ਼ੈਕਟਿਵ ਕਮੇਟੀ ਵਿਚੋਂ ਲਏ ਗਏ ਹਨ,ਪਰ ਸਾਰੇ ਮੈਂਬਰ ਆਪਣੀ ਯੋਗਤਾ ਤੇ ਸ਼ੌਕ ਦੇ ਮੁਤਾਬਕ ਇਹਨਾਂ ਵਿਚੋਂ ਕਿਸੇ ਵੀ ਕਮੇਟੀ ਵਿੱਚ ਸ਼ਾਮਲ ਹੋ ਸਕਦੇ ਹਨ। ਇਹਨਾਂ ਕਮੇਟੀਆਂ ਦੀ ਸਮੂਹ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦੇ ਦਿੱਤੀ।
ਹੁਣ ਭੈਣਾਂ ਦੇ ਅੰਦਰ ਛੁਪੇ ਹੋਏ ਗੁਣਾਂ ਨੂੰ ਬਾਹਰ ਕੱਢਣ ਦਾ ਸਮਾਂ ਆਇਆ। ਗੁਰਮੀਤ ਮੱਲ੍ਹੀ ਨੇ ਸਟੇਜ ਦੀ ਕਾਰਵਾਈ ਦੀ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ, ਸਭਾ ਦੇ ਸੀਨੀਅਰ ਮੈਂਬਰ ਕੁਲਵੰਤ ਕੌਰ ਜੀ ਨੂੰ ਮੰਚ ਤੇ ਆਉਣ ਦਾ ਸੱਦਾ ਦਿੱਤਾ। ਕੁਲਵੰਤ ਕੌਰ ਜੀ ਨੇ, 'ਵਣਜਾਰਨ ਹਾਂ ਮੈਂ ਦਰਦਾਂ ਦੀ, ਹੋਕਾ ਦੇਵਾਂ ਗਲੀ ਗਲੀ' ਕਵਿਤਾ ਰਾਹੀਂ ਮਨ ਦੇ ਵਲਵਲੇ ਸਾਂਝੇ ਕੀਤੇ। ਮਨੋਹਰ ਕੌਰ ਨੇ, 'ਕਾਮਯਾਬੀ ਕਦੇ ਵੱਡੀ ਨਹੀਂ ਹੁੰਦੀ, ਹਾਸਲ ਕਰਨ ਵਾਲੇ ਵੱਡੇ ਹੁੰਦੇ ਹਨ' ਦੇ ਵਿਚਾਰਾਂ ਨਾਲ ਸਾਂਝ ਪਾਈ। ਗੁਰਤੇਜ ਸਿੱਧੂ ਨੇ, 'ਔਖਾ ਹੋਇਆ ਜੱਟ ਸਲਫਾਸ ਖਾ ਗਿਆ' ਗੀਤ ਰਾਹੀਂ ਕਿਸਾਨੀ ਖੁਦਕਸ਼ੀਆਂ ਦੇ ਦਰਦ ਨੂੰ ਸਾਂਝਾ ਕੀਤਾ। ਗੁਰਜੀਤ ਕੌਰ ਵੈਦਮਾਨ ਨੇ-'ਪਾਣੀ ਮਿਲੇ ਨਾ ਜਿੱਥੇ ਪਿਆਸਿਆਂ ਨੂੰ, ਉਹਨਾਂ ਖੂਹਾਂ ਤੋਂ ਰੜੇ ਮੈਦਾਨ ਚੰਗੇ। ਜਿਹਨਾਂ ਰੂਹਾਂ 'ਚ ਪਿਆਰ ਦੀ ਖੁਸ਼ਬੂ ਨਹੀਂ, ਉਹਨਾਂ ਰੂਹਾਂ ਤੋਂ ਬੁੱਤ ਵੈਰਾਨ ਚੰਗੇ' ਵਰਗੀਆਂ ਅਟੱਲ ਸਚਾਈਆਂ ਬਹੁਤ ਹੀ ਸੁਲਝੇ ਢੰਗ ਨਾਲ ਪੇਸ਼ ਕੀਤੀਆਂ। ਦਲੀਪ ਗਿੱਲ ਨੇ ਇੱਕ ਬੋਲੀ ਰਾਹੀਂ ਜ਼ਿੰਦਗੀ ਵਿਚ ਹੱਸਣ ਖੇਡਣ ਦੀ ਮਹੱਤਤਾ ਦੀ ਗੱਲ ਕੀਤੀ। ਸਤਵੰਤ ਕੌਰ ਧਾਲੀਵਾਲ ਨੇ-'ਮਿਤਰ ਪਿਆਰੇ ਨੂੰ' ਸ਼ਬਦ ਗਾ ਕੇ ਧਾਰਮਿਕ ਮਹੌਲ ਪੈਦਾ ਕਰ ਦਿੱਤਾ। ਨਾਲ ਹੀ ਸਟੇਜ ਸਕੱਤਰ ਗੁਰਮੀਤ ਕੌਰ ਮੱਲ੍ਹੀ ਨੇ ਵੀ-'ਰੋਜ਼ ਸਵੇਰੇ ਮੇਰੀ ਰੂਹ ਦਾ ਪੰਛੀ, ਮਾਰ ਉਡਾਰੀ, ਮੈਂਨੂੰ ਅੰਮ੍ਰਿਤਸਰ ਲੈ ਜਾਂਦਾ। ਕਰਾ ਕੇ ਦਰਸ਼ਨ ਮੇਰੇ ਮੱਕੇ ਮਦੀਨੇ ਦੇ, ਮੇਰੇ ਹਰਿਮੰਦਰ ਦੇ, ਮੈਂਨੂੰ ਸੱਤ ਸਮੂੰਦਰੋਂ ਪਾਰ ਛੱਡ ਜਾਂਦਾ' ਕਵਿਤਾ ਰਾਹੀਂ ਦਰਬਾਰ ਸਾਹਿਬ ਤੋਂ ਵਿਛੜਨ ਦਾ ਦਰਦ ਅਤੇ ਉਸ ਲਈ ਪ੍ਰੇਮ ਦੀ ਤਾਂਘ ਦਾ ਜ਼ਿਕਰ ਕੀਤਾ। ਅਮਰਜੀਤ ਸੱਗੂ ਨੇ-'ਨਹਿਰੋਂ ਪਾਰ ਬੰਗਲਾ ਪੁਆ ਦੇ ਹਾਣੀਆਂ' ਗੀਤ ਸੁਰੀਲੀ ਆਵਾਜ਼ ਵਿੱਚ ਗਾ ਕੇ ਰੰਗ ਬੰਨ੍ਹ ਦਿੱਤਾ। ਕੁਲਦੀਪ ਕੌਰ ਨੇ ਜ਼ਿੰਦਗੀ ਵਿੱਚ ਧਾਰਮਿਕ ਤੇ ਸਭਿਆਚਾਰਕ ਪੱਖ ਨੂੰ ਰੂਹ ਦੀ ਖੁਰਾਕ ਦੱਸਦਿਆਂ ਹੋਇਆਂ ਇੱਕ ਬੋਲੀ ਰਾਹੀਂ ਹਾਜ਼ਰੀ ਲਵਾਈ। ਗੁਰਦੀਸ਼ ਕੌਰ ਗਰੇਵਾਲ ਨੇ- ਬਾਪ ਦਿਵਸ ਨੂੰ ਸਮਰਪਿਤ ਗੀਤ-'ਅੱਜ ਮੈਂਨੂੰ ਯਾਦ ਬੜੀ ਬਾਪ ਦੀ ਸਤਾਏ ਨੀ, ਸੁਰਗਾਂ 'ਚ ਬੈਠੀ ਅੱਜ ਮਾਂ ਵੀ ਯਾਦ ਆਏ ਨੀ' ਗਾ ਕੇ ਸਭ ਨੂੰ ਮਾਪਿਆਂ ਦੀ ਯਾਦ ਵਿੱਚ ਭਾਵੁਕ ਕਰ ਦਿੱਤਾ। ਹਰਬੰਸ ਕੌਰ ਨੇ-'ਮੈਂ ਚੱਲੀਆਂ ਪੇਕੜੇ, ਤੁਸੀਂ ਮਗਰੇ ਹੀ ਆ ਜਾਇਓ' ਗੀਤ ਰਾਹੀਂ ਮਹੌਲ ਬਦਲ ਦਿੱਤਾ। ਸ਼ਰਨਜੀਤ ਸੋਹੀ ਨੇ ਬੋਲੀ ਅਤੇ ਸਰਬਜੀਤ ਉੱਪਲ ਨੇ 'ਹਾਂ ਵਾਚਕ ਸੋਚ ਦੀ ਲੋੜ' ਦੀ ਬਾਤ ਪਾਈ। ਅਵਤਾਰ ਕੌਰ ਨੇ ਅਤੇ ਹਰਬੰਸ ਤੇਲੀਆ ਨੇ ਵੱਖੋ ਵੱਖ ਲੋਕ ਗੀਤ ਗਾ ਕੇ ਆਪਣੀ ਹਾਜ਼ਰੀ ਲਵਾਈ। ਹਰਚਰਨ ਬਾਸੀ ਨੇ-'ਸਾਲ ਚੁਰਾਸੀ ਆਇਆ, ਫੱਟ ਸਾਡੇ ਸੀਨੇ ਲਾਇਆ' ਗੀਤ ਸੁਣਾ ਕੇ ਜੂਨ ਚੁਰਾਸੀ ਦੀ ਯਾਦ ਤਾਜ਼ਾ ਕਰਾ ਦਿੱਤੀ। ਉਸ ਤੋਂ ਬਾਅਦ ਮੁਖਤਿਆਰ ਕੌਰ ਅਤੇ ਤਰਨਜੀਤ ਕੌਰ ਨੇ ਵੀ ਚੁਰਾਸੀ ਦੀਆਂ ਹੱਡ ਬੀਤੀਆਂ ਸੁਣਾ ਕੇ ਸਭ ਨੂੰ ਭਾਵੁਕ ਕਰ ਦਿੱਤਾ। ਸੁਰਿੰਦਰ ਕੌਰ ਨੇ-' ਸਭ ਮਾਲਕ ਦੇ ਰੰਗ ਨੇ ਬੰਦਿਆ' ਗੀਤ ਸੁਣਾ ਕੇ ਸਭ ਨੂੰ ਉਸ ਮਾਲਕ ਦੀ ਹੋਂਦ ਦਾ ਅਹਿਸਾਸ ਕਰਵਾਇਆ। ਬਲਜਿੰਦਰ ਗਿੱਲ ਅਤੇ ਬਲਜੀਤ ਜਠੌਲ ਨੇ ਸਮੂਹ ਮੈਂਬਰਾਂ ਨੂੰ ਲੋੜ ਪੈਣ ਤੇ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ। ਅੰਤ ਵਿੱਚ ਗੁਰਤੇਜ ਸਿੱਧੂ ਨੇ ਦੋ ਚੁਟਕਲੇ ਸੁਣਾ ਕੇ ਮਹੌਲ ਖੁਸ਼ਗਵਾਰ ਬਣਾ ਦਿੱਤਾ। ਕੁੱਝ ਹੋਰ ਨਵੇਂ, ਪੁਰਾਣੇ ਮੈਂਬਰਾਂ ਨੇ ਇਸ ਵਾਰੀ ਸੁਨਣ ਦਾ ਅਨੰਦ ਮਾਣਿਆਂ ਅਤੇ ਅਗਲੀ ਮੀਟਿੰਗ ਵਿੱਚ ਤਿਆਰੀ ਕਰਕੇ ਆਉਣ ਦਾ ਵਾਅਦਾ ਕੀਤਾ।