ਆਪਣਿਆਂ ਨੂੰ ਨਫਰਤ ਕਰਦੇ ਅਕਲ ਵਿਹੂਣੇ ਲੋਕ ,
ਪਰ ਗੈਰਾਂ ਦਾ ਪਾਣੀ ਭਰਦੇ ਅਕਲ ਵਿਹੂਣੇ ਲੋਕ ।
ਆਪਣੇ ਪੂਜਣ ਯੋਗ ਮਾਂ, ਬਾਪ ਨੂੰ ਛੱਡ ਕੇ ,
ਬਾਬਿਆਂ ਨੂੰ ਸਜਦੇ ਕਰਦੇ ਅਕਲ ਵਿਹੂਣੇ ਲੋਕ ।
ਆਪਣਿਆਂ ਨੂੰ ਅੱਧ ਵਿਚਾਲੇ ਡੋਬ ਕੇ ਖੁਸ਼ ਹੋਵਣ ,
ਪਰ ਗੈਰਾਂ ਲਈ ਦਰਿਆ ਤਰਦੇ ਅਕਲ ਵਿਹੂਣੇ ਲੋਕ ।
ਦੂਜਿਆਂ ਤੋਂ ਲੱਖਾਂ ਲੈ ਕੇ, ਕਹਿੰਦੇ ਤੁਹਾਡਾ ਕੁਝ ਨਹੀਂ ਦੇਣਾ ,
ਪਰ ਆਪਣੇ ਧੇਲੇ ਖਾਤਰ ਮਰਦੇ ਅਕਲ ਵਿਹੂਣੇ ਲੋਕ ।
ਜਾਣਦੇ ਹਨ ਭਾਵੇਂ ਇਕ ਦਿਨ ਮਿੱਟੀ ਵਿੱਚ ਹੈ ਰਲਣਾ ,
ਫਿਰ ਵੀ ਮਿੱਟੀ ਤੋਂ ਨੇ ਡਰਦੇ ਅਕਲ ਵਿਹੂਣੇ ਲੋਕ ।
ਜੋ ਪਾਂਦੇ ਨੇ ਜੇਬਾਂ ਦੇ ਵਿੱਚ ਮਜ਼ਦੂਰੀ ਮਜ਼ਦੂਰਾਂ ਦੀ ,
ਉਨ੍ਹਾਂ ਨੂੰ ਹੱਥੀਂ ਛਾਵਾਂ ਕਰਦੇ ਅਕਲ ਵਿਹੂਣੇ ਲੋਕ ।
ਨਾ ਇਹ ਸੱਚ ਕਹਿ ਸਕਦੇ, ਨਾ ਇਹ ਸੱਚ ਸੁਣ ਸਕਦੇ ,
ਤਾਂ ਹੀ ਮੇਰੇ ਕੋਲੋਂ ਡਰਦੇ ਅਕਲ ਵਿਹੂਣੇ ਲੋਕ ।