ਹਰ ਦਿਸ਼ਾ ਵਿਚ ਬਿਜਲੀਆਂ ਦਾ ਸ਼ੋਰ ਹੈ
ਹੁਣ ਨਾ ਪੈਲਾਂ ਪਾ ਰਿਹਾ ਕੁਈ ਮੋਰ ਹੈ।
ਕਿਸਨੂੰ ਕਹੀਏ ਦਰਦ ਦਿਲ ਦਾ ਖੋਲ•ਕੇ
ਦਿਲ ਦਾ ਦਰਦੀ ਬਣਿਆ ਦਿਲ ਦਾ ਖੋਰ ਹੈ।
ਯਾਦ ਬੀਤੇ ਦੀ ਸਤਾਵੇ ਇਸ ਤਰਾਂ•
ਦਿਲ ਦੇ ਸੀਤੇ ਜ਼ਖਮ ਰਿਸਦੇ ਹੋਰ ਹੈ।
ਹਰ ਪਲ ਜਿੱਥੇ ਹਾਸਿਆਂ ਦੀ ਗੂੰਜ ਸੀ
ਸਾਡੇ ਲਈ ਉਹ ਥਾਂ ਬਣੀ ਹੁਣ ਗੋਰ ਹੈ।
ਫੁੱਲ ਖਿੜਦੇ ਸਨ ਕਲੀ ਦੀ ਮਹਿਕ ਸੀ
ਹੁਣ ਖਿਜ਼ਾਵਾਂ ਦੀ ਵੀ ਬਦਲੀ ਤੋਰ ਹੈ।
ਭਟਕ ਗਏ ਰਾਹਾਂ ਤੋਂ ਹੁਣ ਤਾਂ ਇਸ ਤਰਾਂ•
ਸਿਲਸਲਾ ਪਿਆਰਾਂ ਦਾ ਹੀ ਕੁਝ ਹੋਰ ਹੈ।
ਨੀਲੇ ਅੰਬਰ ਨੂੰ ਉਲਾਂਭਾ ਕੀ ਦਿਆਂ
ਹੁਣ ਤਾਂ ਉਥੋਂ ਦੀ ਘਟਾ ਘਨਘੋਰ ਹੈ।
ਲੈ ਲਵਾਂਗੇ ਲੋਹਾ ਉਹਨਾ ਸੰਗ ਵੀ
ਕਹਿਣ ਜੋ ਸਾਡੀ ਭੁਜਾ ਵਿਚ ਜੋਰ ਹੈ।
ਦੁਸ਼ਮਣਾ ਦੀ ਖੋਜ ਕਿੱਦਾਂ ਕਰਨਗੇ
ਪੀਹੜੀਆਂ ਦਰ ਪੀਹੜੀ ਜਿਸਦੀ ਚੋਰ ਹੈ।