ਰਹਿੰਦਾ ਹੈ ਜੋ ਸਦੀਵੀ ਐਸਾ ਖ਼ੁਮਾਰ ਦੇਵਾਂ
ਪਾਣੀ ‘ਚ ਲੀਕ ਮਾਰਾਂ ਪੌਣਾ ਖਲ੍ਹਾਰ ਦੇਵਾਂ।
ਗ਼ਜ਼ਲਾਂ ਤੇ ਗੀਤ ਗਾਵਾਂ ਦਿਲ ਦੀ ਕਿਤਾਬ ਵਿੱਚੋਂ
ਸ਼ਬਦਾਂ ਦੇ ਫੁੱਲ ਖਿੜਾਕੇ ਮਹਿਕਾਂ ਖਿਲਾਰ ਦੇਵਾਂ।
ਹਰਇਕ ਈਮਾਨ ਵਾਲਾ ਮੇਰੇ ਲਈ ਬਰਾਬਰ
ਇਕ ਜੋਤ ਤੋਂ ਨੇ ਉਪਜੇ ਸਭ ਨੂੰ ਪਿਆਰ ਦੇਵਾਂ।
ਹਰ ਥਾਂ ਈਮਾਨ ਵੇਚਣ ਧਰਮਾਂ ਦੇ ਪਾ ਕੇ ਚੋਲੇ
ਧਰਮਾਂ ਦੀ ਵੰਡ ਸਾਰੀ ਮਨ ਤੋਂ ਵਿਸਾਰ ਦੇਵਾਂ।
ਜੁਗਨੂੰ ਤੇ ਦੀਪ ਤਾਰੇ ਦੇਂਦੇ ਜ਼ਰੂਰ ਚਾਨਣ
ਸੂਰਜ ਦੇ ਵਾਂਗ ਸਭ ਦੇ ਘਰ ਮੈਂ ਸ਼ਿੰਗਾਰ ਦੇਵਾਂ।
ਦਹਿਸ਼ਤ ਤੇ ਜੰਗਜਦਲੀ ਨੀਅਤ ਬਦਲਕੇ ਸਭਦੀ
ਸਾਂਝਾਂ ਦਾ ਮੈਕਦਾ ਇਕ ਚਾਹਾਂ ਉਸਾਰ ਦੇਵਾਂ।