ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸ਼ਖ਼ਸੀਅਤ ਬਾਰੇ ਭਾਈ ਗੁਰਦਾਸ ਜੀ ਇਉਂ ਫ਼ੁਰਮਾਣ ਕਰਦੇ ਹਨ:
ਦਲ ਭੰਜਨ ਗੁਰ ਸੂਰਮਾਂ ਵਡ ਜੋਧਾ ਬਹੁ ਪਰਉਪਕਾਰੀ॥(੧-੪੮-੪)
ਬੁਹਤ ਹੀ ਨਰੋਏ, ਬਲਵਾਨ ਤੇ ਸੁਡੌਲ ਸਰੀਰ ਦੇ ਮਾਲਕ ਹੋਣ ਦੇ ਨਾਲ-ਨਾਲ ਬ੍ਰਹਮ ਗਿਆਨੀ ਸਨ। ਆਪ ਜੀ ਨੇ ਦੋ ਤਲਵਾਰਾਂ ਪਹਿਨੀਆਂ- ਇਕ ਮੀਰੀ ਦੀ, ਦੂਜੀ ਪੀਰੀ ਦੀ। ਇਸ ਲਈ ਆਪ ਜੀ ਨੂੰ 'ਮੀਰੀ-ਪੀਰੀ ਦਾ ਮਾਲਕ' ਜਾਂ 'ਸੱਚੇ ਪਾਤਿਸ਼ਾਹ' ਕਹਿ ਕੇ ਨਿਵਾਜਿਆ ਜਾਂਦਾ ਹੈ।
ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਦੇ ਵਿਆਹ ਹੋਏ ਨੂੰ ਪੰਦਰਾਂ ਸਾਲ ਹੋ ਗਏ ਸਨ, ਪਰ ਸੰਤਾਨ ਨਸੀਬ ਨਹੀਂ ਸੀ ਹੋਈ। ਜਦੋਂ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਗੱਦੀ ਬਖਸ਼ੀ ਗਈ ਤਾਂ ਉਨ੍ਹਾਂ ਦਾ ਵੱਡਾ ਭਰਾ ਪਿਰਥੀਆਂ ਗੁਰੂ-ਘਰ ਦਾ ਕੱਟੜ-ਵੈਰੀ ਬਣ ਗਿਆ। ਉਹ ਗੁਰਿਆਈ ਨੂੰ ਆਪਣੇ ਘਰ ਲਿਆਉਣਾ ਚਾਹੁੰਦਾ ਸੀ, ਪਰ ਉਸ ਦੀਆਂ ਸਭ ਚਾਲਾਂ ਬੇਅਰਥ ਗਈਆਂ। ਉਹ ਤੇ ਉਸ ਦੀ ਪਤਨੀ, ਕਰਮੋ ਇਹੀ ਸਮਝੀ ਬੈਠੇ ਸਨ ਕਿ ਗੁਰੂ ਜੀ ਦੇ ਬਾਅਦ ਗੁਰਿਆਈ ਗੱਦੀ ਉਨ੍ਹਾਂ ਦੇ ਪੁੱਤਰ ਮਿਹਰਬਾਨ ਨੂੰ ਹੀ ਮਿਲੇਗੀ। ਇਕ ਦਿਨ ਤਾਂ ਕਰਮੋ ਨੇ ਮਾਤਾ ਗੰਗਾ ਨੂੰ ਮਿਹਣਾ ਮਾਰਿਆ, 'ਕੀ ਹੋਇਆ ਜੇ ਧੱਕੇਸ਼ਾਹੀ ਨਾਲ ਗੁਰਗੱਦੀ ਸੰਭਾਲ ਲਈ ਏ; ਇਹ ਆਉਣੀ ਤਾਂ ਅੰਤ ਨੂੰ ਸਾਡੇ ਘਰ ਹੀ ਹੈ। ਪ੍ਰੋ: ਕਰਤਾਰ ਸਿੰਘ ਐਮ.ਏ. ਨੇ ਆਪਣੀ ਪੁਸਤਕ 'ਸਿੱਖ ਇਤਿਹਾਸ' ਵਿੱਚ ਬੜੇ ਹੀ ਸੁੰਦਰ ਸ਼ਬਦਾਂ ਵਿਚ ਇਸ ਵਾਰਤਾਲਾਪ ਨੂੰ ਪੇਸ਼ ਕੀਤਾ ਹੈ।
ਜਿਠਾਣੀ ਦੇ ਬੋਲ ਮਾਤਾ ਗੰਗਾ ਜੀ ਨੂੰ ਸੂਲ ਵਾਂਗ ਚੁੱਭ ਗਏ। ਗੁਰੂ ਜੀ ਨਾਲ ਗੱਲ ਸਾਂਝੀ ਕੀਤੀ। ਉਨ੍ਹਾਂ ਨੇ ਮਾਤਾ ਗੰਗਾ ਨੂੰ ਸਮਝਾਦਿਆਂ ਕਿਹਾ ਕਿ ਸਰੀਕਾਂ ਦੇ ਬੋਲਾਂ ਦੀ ਪਰਵਾਹ ਨਹੀਂ ਕਰੀਂਦੀ, ਸਗੋਂ ਕਰਤਾਰ ਦੇ ਨਾਮ ਦਾ ਸਿਮਰਨ ਕਰਿਆ ਕਰੋ; ਉਹ ਸਭ ਦੀਆਂ ਮੁਰਾਦਾਂ ਪੂਰੀਆਂ ਕਰ ਸਕਦਾ ਹੈ, ਉਸ ਦੇ ਘਰ ਕਿਸੇ ਚੀਜ਼ ਦੀ ਘਾਟ ਨਹੀਂ ਹੈ। ਸ਼ੇਖ ਫਰੀਦ ਦਾ ਕਥਨ ਹੈ:
ਫਰੀਦਾ ਬੁਰੇ ਦਾ ਭਲਾ ਕਰ ਗੁਸਾ ਮਨਿ ਨ ਹਢਾਇ।
ਮਾਤਾ ਜੀ ਨੇ ਕਿਹਾ, 'ਆਪ ਜੀ ਦੇ ਬਚਨ ਸਤ ਹਨ। ਮੇਰੇ ਮਨ ਵਿਚ ਈਰਖਾ ਜਾਂ ਹੰਕਾਰ ਨਹੀਂ ਹੈ। ਪਰ, ਮੇਰੀ ਇਹ ਇੱਛਾ ਹੈ ਕਿ ਮੇਰੇ ਘਰ ਵੀ ਪੁੱਤ ਜੰਮੇ; ਮੈਂ ਔਂਤਰੀ ਨਾ ਅਖਵਾਵਾਂ। ਆਪ ਸੰਸਾਰ ਨੂੰ ਬਖਸ਼ਸ਼ਾਂ ਕਰਦੇ ਹੋ, ਸਭ ਦੀਆਂ ਝੋਲੀਆਂ ਭਰਦੇ ਹੋ। ਮੈਨੂੰ ਵੀ ਪੁੱਤ ਦੀ ਦਾਤ ਬਖਸ਼ੋ।'
ਗੁਰੂ ਜੀ ਨੇ ਕਿਹਾ, 'ਬਾਬਾ ਬੁੱਢਾ ਜੀ ਬਹੁਤ ਕਰਨੀ ਵਾਲੇ ਮਹਾਂ-ਪੁਰਖ ਹਨ। ਜੇ ਉਹ ਵਰ ਦੇ ਦੇਣ ਤਾਂ ਤੁਹਾਡੀ ਮੁਰਾਦ ਪੂਰੀ ਹੋ ਸਕਦੀ ਹੈ। ਉਹ 'ਗੁਰੂ ਕੀ ਬੀੜ' ਵਿਚ ਰਹਿੰਦੇ ਨੇ; ਗੁਰੂ-ਘਰ ਦੀ ਸੇਵਾ ਕਰਦੇ ਹੋਏ ਭਗਤੀ ਵਿਚ ਲੀਨ ਰਹਿੰਦੇ ਨੇ; ਪਰਸ਼ਾਦਾ ਉਨ੍ਹਾਂ ਨੂੰ ਲੰਗਰ-ਘਰ ਤੋਂ ਜਾਂਦਾ ਹੈ। ਤੁਸੀਂ ਉਨ੍ਹਾਂ ਦੀ ਸੇਵਾ ਕਰੋ, ਪਰਸ਼ਾਦ ਛਕਾਓ; ਉਹ ਪਰਸੰਨ-ਚਿਤ ਹੋ ਕੇ ਬਖਸ਼ਸ਼ ਕਰਨਗੇ'।
ਮਾਤਾ ਗੰਗਾ ਜੀ ਨੇ ਭੋਜਨ ਤਿਆਰ ਕਰਵਾਇਆ। ਇਕ ਦਾਸੀ ਨੂੰ ਨਾਲ ਲੈ ਕੇ 'ਗੁਰੂ ਕੀ ਬੀੜ' ਪਹੁੰਚ ਗਏੇ। ਰੱਥ ਦੁਆਰਾ ਉਡਾਈ ਧੂੜ ਵੇਖ ਕੇ ਬਾਬਾ ਬੁੱਢਾ ਜੀ ਨੇ ਇਕ ਸੇਵਕ ਤੋਂ ਪੁੱਛਿਆ, 'ਕੌਣ ਆ ਰਿਹਾ ਹੈ?' ਸੇਵਕ ਨੇ ਕਿਹਾ, 'ਗੁਰੂ ਜੀ ਦੇ ਮਹਿਲ ਹਨ'। ਬਾਬਾ ਜੀ ਕਿਹਾ, 'ਹੱਛਾ! ਉਨ੍ਹਾਂ ਨੂੰ ਕੀ ਭਾਜੜ ਪੈ ਗਈ ਏ?'
ਐਨੇ ਨੂੰ ਮਾਤਾ ਹੁਰੀਂ ਪਹੁੰਚ ਗਏ। ਬਾਬਾ ਜੀ ਨੇ ਪਰਸ਼ਾਦ ਛਕ ਲਿਆ, ਪਰ ਖਾਸ ਪਰਸੰਨ ਨਾ ਹੋਏ। ਕਹਿਣ ਲੱਗੇ, 'ਮੈਂ ਅਜੇਹੇ ਪਦਾਰਥਾਂ ਦੇ ਜੋਗ ਨਹੀਂ ਹਾਂ, ਰੁੱਖੀ-ਮਿੱਸੀ ਖਾਣ ਵਾਲਾ ਹਾਂ'। ਜਦੋਂ ਦਾਸੀ ਨੇ ਮਾਤਾ ਜੀ ਦੇ ਆਉਣ ਦਾ ਮਨੋਰਥ ਦੱਸਿਆ ਤਾਂ ਬਾਬਾ ਜੀ ਕਹਿਣ ਲੱਗੇ, 'ਮਾਤਾ ਜੀ! ਮੈਂ ਤਾਂ ਤੁਹਾਡੇ ਘਰ ਦਾ ਸੇਵਕ ਹਾਂ। ਜੇ ਮੇਰੇ ਕੋਲ ਅਜੇਹੀਆਂ ਸ਼ਕਤੀਆਂ ਹੋਣ ਤਾਂ ਮੈਂ ਕਾਹਨੂੰ ਘਾਹ ਖੋਤਾਂ, ਤਬੇਲੇ ਹੂੰਝਾਂ? ਗੁਰੂ ਜੀ ਸਭ ਸ਼ਕਤੀਆਂ ਦੇ ਮਾਲਕ ਹਨ, ਉਨ੍ਹਾਂ ਪਾਸ ਬੇਨਤੀ ਕਰੋ'।
ਮਾਤਾ ਗੰਗਾ ਨੇ ਗੁਰੂ ਜੀ ਨਾਲ ਗੱਲ ਸਾਂਝੀ ਕਰਦਿਆਂ ਦੱਸਿਆ ਕਿ ਸਾਨੂੰ ਤਾਂ ਵਰ ਦੀ ਬਜਾਏ ਸਰਾਪ ਮਿਲ ਗਿਆ। ਗੁਰੂ ਜੀ ਨੇ ਕਿਹਾ, 'ਰੱਬ ਦੇ ਪਿਆਰੇ 'ਵਿਖਾਵੇ ਤੇ ਅਡੰਬਰ' ਨਾਲ ਪਰਸੰਨ ਨਹੀਂ ਹੁੰਦੇ। ਮਹਾਂ ਪੁਰਖਾਂ ਦੀ ਸੇਵਾ ਨਿਮਾਣੇ ਹੋ ਕੇ ਕਰੀਂਦੀ ਹੈ, ਵੱਡੇ ਬਣ ਕੇ ਨਹੀਂ। ਪੂਰੀ ਸ਼ਰਧਾ ਤੇ ਪ੍ਰੇਮ ਨਾਲ ਆਪਣੇ ਹੱਥੀਂ ਆਟਾ, ਵੇਸਣ ਪੀਹੋ ਤੇ ਗੁੰਨ੍ਹੋ; ਮਿੱਸੀਆਂ ਰੋਟੀਆਂ ਪਕਾਓ, ਦੁੱਧ ਰਿੜਕ ਕੇ ਲੱਸੀ-ਮੱਖਣ ਤਿਆਰ ਕਰੋ। ਮਿੱਸੀਆਂ ਰੋਟੀਆਂ, ਗੰਢੇ, ਮੱਖਣ, ਦਹੀਂ, ਲੱਸੀ ਆਦਿ ਸਿਰ 'ਤੇ ਚੁੱਕ ਕੇ ਪੈਦਲ ਜਾਓ, ਭੋਜਨ ਛਕਾਓ; ਬਾਬਾ ਜੀ ਪਰਸੰਨ ਹੋ ਕੇ ਅਸੀਸ ਦੇਣਗੇ'।
ਬਾਬਾ ਜੀ ਨੇ ਮਾਤਾ ਗੰਗਾ ਨੂੰ ਆਉਂਦਿਆਂ ਦੇਖ ਕੇ ਆਪਣੇ ਮਨ 'ਚ ਕਿਹਾ, 'ਮਾਤਾ ਜੀ ਪ੍ਰਸਾਦ ਲਿਆਏ ਹਨ। ਜੇ ਮਾਤਾ ਪੁੱਤਾਂ ਦਾ ਖਿਆਲ ਨਾ ਰੱਖੇ ਤਾਂ ਹੋਰ ਕੌਣ ਕਰੇਗਾ?'
ਜਿਓਂ-ਜਿਓਂ ਬਾਬਾ ਜੀ ਪ੍ਰਸਾਦ ਛਕਦੇ ਗਏ, ਗੰਢੇ ਭੰਨਦੇ ਗਏ, ਮਾਤਾ ਜੀ ਨੂੰ ਵਰ ਦੇਂਦੇ ਗਏ ਕਿ ਆਪ ਦੇ ਘਰ ਅਜੇਹਾ ਬਲੀ ਮਹਾਂਪੁਰਸ਼ ਜੰਮੇਗਾ, ਜੋ ਦੁਸ਼ਟਾਂ, ਤੁਰਕਾਂ ਦੇ ਸਿਰ ਇਓਂ ਭੰਨੇਗਾ ਜਿਉਂ ਮੈਂ ਗੰਢੇ ਭੰਨਦਾ ਹਾਂ। ਉਹ ਮੀਰੀ-ਪੀਰੀ ਦੇ ਮਾਲਕ ਹੋਣ ਦੇ ਨਾਲ ਹੀ ਜੇਤੂ ਜੋਧਾ ਤੇ ਵੱਡਾ ਘੋੜ-ਸਵਾਰ ਬਣੇਗਾ'।
ਅਕਾਲ ਪੁਰਖ ਨੇ ਐਸੀ ਬਖਸ਼ਸ਼ ਕੀਤੀ ਕਿ ਬਾਬਾ ਬੁੱਢਾ ਜੀ ਦੁਆਰਾ ਦਿੱਤੇ ਗਏ ਵਰ ਨੂੰ ਬੂਰ ਪੈ ਗਿਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਅਵਤਾਰ ਹਾੜ ਵਦੀ ੭ (੨੧ ਹਾੜ) ਸੰਮਤ ੧੬੫੨, ੧੯ ਜੂਨ ਸੰਨ ੧੫੯੫, ਨੂੰ ਪਿੰਡ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ।
ਜਦੋਂ ਪਿਰਥੀਆ ਤੇ ਕਰਮੋਂ ਨੂੰ ਇਸ ਗੱਲ ਦੀ ਖ਼ਬਰ ਮਿਲੀ ਤਾਂ ਉਹ ਸੜ-ਬਲ਼ ਗਏ। ਉਨ੍ਹਾਂ ਦੀਆਂ ਨੀਚ ਆਸਾਂ ਉਪਰ ਪਾਣੀ ਫਿਰ ਗਿਆ। ਉਹ ਤਾਂ ਏਹੀ ਆਸ ਲਗਾਈ ਬੈਠੇ ਸਨ ਕਿ ਗੁਰਗੱਦੀ ਦਾ ਹੱਕਦਾਰ ਸਾਡਾ ਪੁੱਤਰ ਮਿਹਰਬਾਨ ਹੀ ਹੈ। ਉਨ੍ਹਾਂ ਨੇ ਸ੍ਰੀ ਹਰਿਗੋਬਿੰਦ ਸਾਹਿਬ ਨੂੰ ਮਾਰਨ-ਮਰਵਾਉਣ ਦੇ ਕਈ ਜਤਨ ਕੀਤੇ ਤਾਂ ਜੁ ਉਨ੍ਹਾਂ ਦਾ ਰਾਹ ਸਾਫ਼ ਹੋ ਸਕੇ। ਦਾਈ-ਖਿਡਾਵੀ ਨੂੰ ਮੋਟਾ ਲਾਲਚ ਦੇ ਕੇ ਉਸ ਦੀਆਂ ਦੁੱਧੀਆਂ ਉੱਪਰ ਜ਼ਹਿਰ ਲਗਵਾ ਕੇ ਭੇਜਿਆ। ਉਸ ਨੇ ਮਾਸੂਮ ਬੱਚੇ ਨੂੰ ਆਪਣਾ ਦੁੱਧ ਚੁੰਘਾਉਣਾ ਚਾਹਿਆ, ਪਰ ਬੱਚੇ ਨੇ ਨਾ ਪੀਤਾ। ਦਾਈ ਆਪ ਹੀ ਜ਼ਹਿਰ ਦੇ ਅਸਰ ਨਾਲ ਮਰ ਗਈ। ਇੱਥੇ ਹੀ ਬਸ ਨਹੀਂ, ਉਨ੍ਹਾਂ ਨੇ ਸਪੇਰੇ ਪਾਸੋਂ ਉਸ ਮਸੂਮ ਦੇ ਕਮਰੇ ਵਿਚ ਫਨ੍ਹੀਅਰ ਸੱਪ ਛਡਵਾਇਆ, ਪਰ ਸੇਵਾਦਾਰਾਂ ਨੇ ਸਮੇਂ ਸਿਰ ਦਬੋਚ ਲਿਆ।
ਖਿਡਾਵੇ ਬ੍ਰਾਹਮਣ ਨੂੰ ਬਹੁਤ ਸਾਰਾ ਲਾਲਚ ਦੇ ਕੇ ਕਿਹਾ ਕਿ ਬੱਚੇ ਨੂੰ ਦਹੀਂ ਵਿਚ ਜ਼ਹਿਰ ਮਿਲਾ ਕੇ ਦੇ ਦਿਉ। ਜਦੋਂ ਉਹ ਦੁਸਟ ਦਹੀਂ ਪਿਆਉਣ ਲੱਗਾ ਤਾਂ ਬੱਚਾ ਰੋਣ ਲੱਗ ਪਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਚੁੱਪ ਕਰਾਇਆ ਤੇ ਦਹੀਂ ਪਿਆਉਣਾ ਚਾਹਿਆ, ਪਰ ਉਸ ਰੱਬੀ-ਨੂਰ ਨੇ ਆਪਣੇ ਛੋਟੇ-ਛੋਟੇ ਹੱਥਾਂ ਨਾਲ ਪਰ੍ਹੇ ਕਰ ਦਿੱਤਾ। ਗੁਰੂ ਜੀ ਨੇ ਓਹੀ ਦਹੀਂ ਕੁੱਤੇ ਨੂੰ ਪਾ ਦਿੱਤਾ, ਉਹ ਮਰ ਗਿਆ। ਬ੍ਰਾਹਮਣ ਨੇ ਸਾਰਾ ਕੁਝ ਸੱਚੋ-ਸੱਚ ਦੱਸ ਦਿੱਤਾ। ਪਿਰਥੀਏ ਦੀ ਬਹੁਤ ਬਦਨਾਮੀ ਹੋਈ। ਬ੍ਰਾਹਮਣ ਤਾਂ ਦੂਜੇ ਦਿਨ ਹੀ ਸੂਲ ਨਾਲ ਮਰ ਗਿਆ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਾਹਿਗੁਰੂ ਦਾ ਕੋਟਿ-ਕੋਟਿ ਧੰਨਵਾਦ ਕਰਦਿਆਂ ਇਸ ਸ਼ਬਦ ਦੀ ਰਚਨਾ ਕੀਤੀ:
ਲੇਪੁ ਨ ਲਾਗੋ ਤਿਲ ਕਾ ਮੂਲਿ॥
ਦੁਸਟੁ ਬਾਹਮਣੁ ਮੂਆ ਹੋਇ ਕੈ ਸੂਲ॥
ਹਰਿ-ਜਨ ਰਾਖੇ ਪਾਰਬ੍ਰਹਮਿ ਆਪ॥
ਪਾਪੀ ਮੂਆ ਗੁਰ ਪ੍ਰਤਾਪਿ॥੧॥ਰਹਾਓ॥
ਗੁਰੂ ਜੀ ਨੇ ਸਮੇਂ ਦੇ ਰੰਗ-ਢੰਗ ਤੇ ਚਾਲ ਨੂੰ ਨਾਪਦਿਆਂ ਹੋਇਆ ਆਪਣੇ ਸਾਹਿਬਜ਼ਾਦੇ ਦੀ ਸਿਖਲਾਈ-ਪੜ੍ਹਾਈ ਦਾ ਕੰਮ ਬਾਬਾ ਬੁੱਢਾ ਜੀ ਦੇ ਹਵਾਲੇ ਕਰਦਿਆਂ ਕਿਹਾ ਕਿ ਇਸ ਨੂੰ ਸੰਤ-ਸਿਪਾਹੀ ਬਣਾ ਦਿਉ। ਬਾਬਾ ਜੀ ਨੇ ਗੋਦੜੀ ਦੇ ਲਾਲ ਨੂੰ ਗੁਰੂ-ਘਰ ਦੀ ਵਿੱਦਿਆ ਦੇ ਨਾਲ-ਨਾਲ ਸ਼ਸਤਰਾਂ ਦੀ ਵਰਤੋਂ, ਘੋੜ-ਸਵਾਰੀ, ਕੁਸ਼ਤੀ ਆਦਿ ਦੀ ਸਿਖਲਾਈ ਦਿੱਤੀ; ਸਿੱਟੇ ਵਜੋਂ ਸ੍ਰੀ ਹਰਿਗੋਬਿੰਦ ਸਾਹਿਬ ਹਰ ਪਾਸਿਓਂ ਮੁਕੰਮਲ ਮਰਦ ਬਣ ਗਏ।
ਜਹਾਂਗੀਰ ਬਾਦਸ਼ਾਹ ਨੇ ਝੂਠੀਆਂ ਤੇ ਮਨ-ਘੜਤ ਕਹਾਣੀਆਂ ਦੇ ਅਧਾਰ 'ਤੇ ਹੁਕਮ ਕਰ ਦਿੱਤਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗਰਿਫ਼ਤਾਰ ਕਰ ਕੇ ਲਾਹੌਰ ਲਿਆਂਦਾ ਜਾਵੇ। ਗੁਰੂ ਜੀ ਨੇ ਤੁਰਨ ਤੋਂ ਪਹਿਲਾਂ ਗੁਰਗੱਦੀ ਲਈ ਆਪਣੇ ਸਾਹਿਬਜ਼ਾਦੇ ਦਾ ਨਾਂਅ ਨੀਅਤ ਕੀਤਾ। ਇਹ ਵੀ ਆਗਿਆ ਕੀਤੀ ਕਿ ਗੁਰਿਆਈ ਦੀ ਰਸਮ ਸਾਡੇ ਬਾਅਦ ਨਿਭਾਈ ਜਾਵੇ ਤੇ ਨਾਲ ਹੀ ਸਿੱਖਾਂ ਨੂੰ ਹੁਕਮ ਕੀਤਾ ਕਿ ਬਦਲ ਰਹੇ ਸਮਿਆਂ ਮੁਤਾਬਕ ਚੱਲਣਾ, ਵਾਹਿਗੁਰੂ 'ਤੇ ਭਰੋਸਾ ਰੱਖਣਾ, ਸਿੱਖੀ ਰਹਿਤ ਵਿਚ ਪਕਿਆਂ ਰਹਿਣਾ ਅਤੇ ਸਿੱਖੀ ਦੀ ਰਖਿਆ ਲਈ ਤਨ-ਮਨ ਵਾਰਨ ਤੋਂ ਕਦੇ ਸੰਕੋਚ ਨਾ ਕਰਨਾ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਬਾਅਦ ਜਦੋਂ ੧੬੦੬ ਈ: ਵਿੱਚ ਵਿਧੀਵਤ ਤਰੀਕੇ ਨਾਲ ਸ੍ਰੀ ਹਰਿਗੋਬਿੰਦ ਸਾਹਿਬ ਨੂੰ ਗੁਰਿਆਈ ਦਾ ਤਿਲਕ ਲਗਾਇਆ ਅਤੇ ਸੇਲੀ (ਉੱਨ ਜਾਂ ਰੇਸ਼ਮ ਦੀ ਗੁੰਦਵੀਂ ਰੱਸੀ ਜੋ ਸੰਤ ਫਕੀਰ ਜੀ ਟੋਪੀ ਜਾਂ ਸਾਫੇ ਉੱਤੇ ਬੰਨ੍ਹਿਆ ਕਰਦੇ ਸਨ) ਟੋਪੀ ਪੇਸ਼ ਕੀਤੀ ਤਾਂ ਗੁਰੂ ਜੀ ਨੇ ਆਗਿਆ ਕੀਤੀ, 'ਇਹ ਵਸਤੂਆਂ ਹੁਣ ਤੋਸੇਖਾਨੇ ਵਿਚ ਰਖਵਾ ਦਿਓ। ਇਨ੍ਹਾਂ ਦਾ ਸਮਾਂ ਲੰਘ ਗਿਆ ਹੈ। ਸਾਨੂੰ ਦਸਤਾਰ, ਕਲਗੀ ਤੇ ਤਲਵਾਰ ਦਿਓ'। ਉਸ ਸਮੇਂ ਆਪ ਜੀ ਦੀ ਉਮਰ ਮਸਾਂ ਗਿਆਰਾ ਕੁ ਸਾਲ ਦੀ ਸੀ।
ਗੁਰੂ ਜੀ ਨੇ ਤਿੰਨ ਵਿਆਹ ਕਰਵਾਏ ਸਨ। ਸੰਤਾਨ ਵਜੋਂ ਪੰਜ ਸਾਹਿਬਜ਼ਾਦੇ ਅਤੇ ਇਕ ਸਪੁੱਤਰੀ ਸੀ। ਇਨ੍ਹਾਂ ਦੇ ਨਾਂਅ ਇਸ ਤਰ੍ਹਾਂ ਹਨ: ਬਾਬਾ ਗੁਰਦਿੱਤਾ ਜੀ, ਸ੍ਰੀ ਸੂਰਜ ਮੱਲ ਜੀ, ਸ੍ਰੀ ਅਣੀ ਰਾਇ ਜੀ, ਬਾਬਾ ਅਟੱਲ ਰਾਇ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ, ਸਪੁੱਤਰੀ ਬੀਬੀ ਵੀਰੋ ਅਤੇ ਦੋ ਪੋਤਰੇ ਧੀਰਮੱਲ ਅਤੇ ਸ੍ਰੀ ਗੁਰੂ ਹਰਰਾਇ ਜੀ ਸਨ।
ਗੁਰੂ ਜੀ ਨੇ ਲੋਹਗੜ੍ਹ ਦਾ ਕਿਲ੍ਹਾ (ਅੰਮ੍ਰਿਤਸਰ), ਸ੍ਰੀ ਅਕਾਲ ਤਖਤ ਸਾਹਿਬ, ਡੇਹਰਾ ਸਾਹਿਬ (ਲਾਹੌਰ), ਕੀਰਤਪੁਰ ਸਾਹਿਬ, ਮਹਿਰਾਜ (ਮਰਾਝ), ਕੌਲਸਰ, ਸ੍ਰੀ ਬਿਬੇਕਸਰ, ਗੁਰੂਸਰ ਆਦਿ ਦੀ ਉਸਾਰੀ ਕਰਵਾਈ।
ਭਾਵੇਂ ਲੋਕਾਈ ਵਿਚ ਸੇਵਾ-ਭਾਵਨਾ ਅਤੇ ਭਗਤੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ, ਪਿਆਰ-ਮੁਹੱਬਤ, ਏਕਮਤਾ ਤੇ ਆਪਸੀ ਭਾਈਚਾਰਕ ਸਾਂਝ ਨੂੰ ਪ੍ਰਫੁੱਲਿਤ ਕਰਨਾ, ਆਪ ਜੀ ਦਾ ਮੁੱਖ ਉਦੇਸ਼ ਸੀ, ਫਿਰ ਵੀ ਆਪ ਜੀ ਨੂੰ ਚਾਰ ਵੱਡੀਆਂ ਲੜਾਈਆਂ ਲੜਨ ਲਈ ਮਜ਼ਬੂਰ ਕੀਤਾ ਗਿਆ ਜਿਵੇਂ ਅੰਮ੍ਰਿਤਸਰ ਪਿਪਲੀ ਸਾਹਿਬ ਦੀ ਜੰਗ (ਸੰਮਤ ੧੬੮੫), ਸ੍ਰੀ ਹਰਿਗੋਬਿੰਦਪੁਰ ਦੀ ਜੰਗ (ਸੰਮਤ ੧੬੮੭), ਗੁਰੂਸਰ ਮਹਿਰਾਜ (ਮਰਾਝ) ਦੀ ਜੰਗ (ਸੰਮਤ ੧੬੮੮) ਅਤੇ ਕਰਤਾਰਪੁਰ ਦੀ ਜੰਗ (ਸੰਮਤ ੧੬੯੧) । ਗੁਰੂ ਜੀ ਨੂੰ ਹਰ ਮੈਦਾਨ-ਏ-ਫਤਹਿ ਮਿਲੀ।
ਸੱਚਖੰਡ ਦੀ ਵਾਪਸੀ ਦਾ ਸਮਾਂ ਨੇੜੇ ਜਾਣ ਕੇ ਆਪਣੇ ਛੋਟੇ ਪੋਤਰੇ ਸ੍ਰੀ ਹਰਿ-ਰਾਇ ਸਾਹਿਬ ਨੂੰ ਗੁਰਗੱਦੀ ਲਈ ਹਰ ਪੱਖੋਂ ਯੋਗ ਸਮਝਦਿਆਂ ਹੋਇਆ ਮਾਰਚ, ੧੬੪੪ ਈ: ਜੋਤੀ-ਜੋਤ ਸਮਾ ਗਏ। ਆਪ ਜੀ ਦੀ ਦੇਹ ਦਾ ਸਸਕਾਰ ਕੀਰਤਪੁਰ ਵਿਚ ਸਤਲੁਜ ਦੇ ਕੰਢੇ ਕੀਤਾ ਗਿਆ, ਜਿਸ ਦਾ ਨਾਂ 'ਪਤਾਲਪੁਰੀ' ਹੈ। ਇੱਥੇ ਹੀ 'ਮ੍ਰਿਤਕਾਂ ਦੇ ਫੁੱਲ ਤਾਰੇ' ਜਾਂਦੇ ਨੇ। ਗੁਰੂ ਜੀ ਦੇ ਜੀਵਨ ਤੋਂ ਸਿੱਖਿਆ ਲੈ ਕੇ ਈਰਖਾ ਤੇ ਸਾੜੇ ਦੀ ਭਾਵਨਾ ਨੂੰ ਤਿਆਗਦੇ ਹੋਏ ਸਮਾਜ ਵਿਚ ਅਮਨ-ਕਾਨੂੰਨ ਦੀ ਸਥਿਤੀ ਹਮੇਸ਼ਾ ਬਣਾਈ ਰੱਖਾਂਗੇ, ਸਿੱਖੀ ਨੂੰ ਚੜ੍ਹਦੀਆਂ ਕਲ੍ਹਾ ਵਿਚ ਰੱਖਾਂਗੇ।