ਪਾਣੀ ਡੂੰਘੇ ਹਾਹਾਕਾਰ ਮੱਚੀ,ਸ਼ੁਰੂ ਕੀਤਾ ਝੋਨਾ ਜੱਟ ਵੇ ਬਾਬਾ
ਬੱਚੇ-ਬੁੱਢੇ ਮਾਰਨ ਚੀਕਾਂ,ਸ਼ੁਰੂ ਹੋਗੇ ਬਿਜਲੀ ਕੱਟ ਵੇ ਬਾਬਾ
ਪਾਣੀ ਹਕਲਾ-ਬਕਲਾ ਪੀਂਦੇ,ਉੱਤੋਂ ਗਰਮੀ ਕੱਢੇ ਵੱਟ ਵੇ ਬਾਬਾ
ਬਿਜਲੀ ਵਸਤੂ ਚਿੱਟਾ ਹਾਥੀ,ਵੇਖ ਸੀਨੇ ਵੱਜੇ ਸੱਟ ਵੇ ਬਾਬਾ
੨੪ ਘੰਟੇ ਸ਼ਹਿਰੀ ਸਪਲਾਈ,ਕੁਫਰਾਂ ਦੀ ਜਾਪੇ ਹੱਟ ਵੇ ਬਾਬਾ
ਬਿੱੱਲ ਭਰਨੋਂ ਹੋਜੇ ਲੇਟ,ਬਿਨ ਛੱਜ ਤੋਂ ਦਿੰਦੇ ਛੱਟ ਵੇ ਬਾਬਾ
ਬੰਬੀ ਮੁਫਤ, ਘਰਾਂ ਨੂੰ ਰਗੜੇ,ਦਿੱਤੇ ਰੁੱਖ ਹਰੇ ਚੱਟ ਵੇ ਬਾਬਾ
ਮਹਿੰਗੀ ਯੂਨਿਟ ਤੌਬਾ-ਤੌਬਾ,ਖੁੱਲ੍ਹੇ ਦਿਲ ਵਿੱਚ ਫੱਟ ਵੇ ਬਾਬਾ
ਨੀਂਦਰ ਉੱਡੀ ਮੱਛਰ ਖਾਂਦਾ,ਜਰਨੇਟਰਾਂ ਕੀਤੀ ਪੱਟਪੱਟ ਵੇ ਬਾਬਾ
ਵੋਟਾਂ ਵਾਅਦੇ ਪਏ ਅਧੂਰੇ,ਕੀ ਲਿਆ ਅਸੀਂ ਖੱਟ ਵੇ ਬਾਬਾ
ਬਰਫ ਦਸ ਰੁਪਈਏ ਕਿੱਲੋਂ,ਮਿਲਦੀ ਤੋਲ 'ਚ ਘੱਟ ਵੇ ਬਾਬਾ
ਤੱਤੀ ਬੀਅਰ ਠੇਕਿਆਂ ਉੱਤੇ,ਕਿੱਦਾਂ ਹੋਵੇ ਗੱਟਗੱਟ ਵੇ ਬਾਬਾ
ਫਸਲੀ ਵਿਭਿੰਨਤਾ ਅਪਣਾaੁਂਣੀ,ਸਾਲਾਂ ਪੁਰਾਣੀ ਰੱਟ ਵੇ ਬਾਬਾ
ਝਾਲਰ ਵਾਲੀ ਪੱਖੀ ਝੱਲਕੇ,ਮਸਾਂ ਟੱਪਾਈਏ ਝੱਟ ਵੇ ਬਾਬਾ
'ਲੰਗੇਆਣਾ' ਜਦ ਸੱਚੀਆਂ ਲਿਖਦਾ,ਮੱਥੇ ਪਾਉਂਦੇ ਵੱਟ ਵੇ ਬਾਬਾ
ਹਾਕਮ ਨਾਸਾਂ ਪਰਨੇ ਆਉਂਦੇ,ਦੜ੍ਹ ਵੱਟ ਜ਼ਮਾਨਾ ਖੱਟ ਵੇ ਬਾਬਾ