ਕਵਿਤਾਵਾਂ

  •    ਦੋ ਕਵਿਤਾਵਾਂ / ਹਰਦੇਵ ਚੌਹਾਨ (ਕਵਿਤਾ)
  •    ਬੜਾ ਔਖਾ ਬਾਈ ਭਗਤ ਸਿੰਆਂ.. / ਬਲਵਿੰਦਰ ਸਿੰਘ ਕਾਲੀਆ (ਕਵਿਤਾ)
  •    ਉਹ ਪੰਜਾਬ / ਮਨਦੀਪ ਗਿੱਲ ਧੜਾਕ (ਕਵਿਤਾ)
  •    ਹੇਰਵਾ ਕੋੲੀ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਵਿਚਾਰ ਅਤੇ ਤਲਵਾਰ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਨਿਘਰਦੀ ਹਾਲਤ / ਮੁਹਿੰਦਰ ਸਿੰਘ ਘੱਗ (ਕਵਿਤਾ)
  •    ਦਸ ਗ਼ਜ਼ਲਾਂ -2 / ਗੁਰਭਜਨ ਗਿੱਲ (ਗ਼ਜ਼ਲ )
  •    ਅਕਲ ਵਿਹੂਣੇ ਲੋਕ / ਮਹਿੰਦਰ ਮਾਨ (ਕਵਿਤਾ)
  •    ਗ਼ਜ਼ਲ / ਸੁਰਜੀਤ ਸਿੰਘ ਕਾਉਂਕੇ (ਗ਼ਜ਼ਲ )
  •    ਗ਼ਜ਼ਲ / ਸ਼ਮਸ਼ੇਰ ਸਿੰਘ ਸੰਧੂ (ਗ਼ਜ਼ਲ )
  •    ਹਾਥੀ ਤੇ ਸਿਆਸਤ / ਸੁੱਖਾ ਭੂੰਦੜ (ਕਵਿਤਾ)
  •    ਬਿਜਲੀ ਕੱਟ / ਸਾਧੂ ਰਾਮ ਲੰਗਿਆਣਾ (ਡਾ.) (ਕਵਿਤਾ)
  •    ਖਤ / ਹਰਦੀਪ ਬਿਰਦੀ (ਕਵਿਤਾ)
  •    ਹੇ ਮੇਰੀ ਮਾਤ ਬੋਲੀ / ਸੁਖਵਿੰਦਰ ਅੰਮ੍ਰਿਤ (ਵੀਡੀਉ) / ਜਸਬੀਰ ਸਿੰਘ ਸੋਹਲ (ਕਵਿਤਾ)
  •    ਗ਼ਜ਼ਲ / ਆਰ ਬੀ ਸੋਹਲ (ਗ਼ਜ਼ਲ )
  •    ਮਨ ਦੇ ਰੰਗ / ਲਾਭ ਸਿੰਘ ਖੀਵਾ (ਡਾ.) (ਕਵਿਤਾ)
  • ਧ੍ਰਿਤਰਾਸ਼ਟਰ -1 (ਸਵੈ ਜੀਵਨੀ )

    ਐਸ ਤਰਸੇਮ (ਡਾ)   

    Email: starsemnazria@gmail.com
    Phone: +91 1675 258879
    Cell: +91 95015 36644
    Address: ਸੰਤ ਕਾਲੋਨੀ, ਸਟੇਡੀਅਮ ਰੋਡ
    ਮਾਲੇਰਕੋਟਲਾ India 148023
    ਐਸ ਤਰਸੇਮ (ਡਾ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਡਾ. ਐੱਸ ਤਰਸੇਮ ਪੰਜਾਬੀ ਦਾ ਨਾਮਵਰ ਲੇਖਕ ਅਤੇ ਆਲੋਚਕ ਹੈ। ਅੱਖਾਂ ਦੀ ਜੋਤ ਨਾ ਹੋਣ ਦੇ ਬਾਵਜੂਦ ਵੀ ਉਹ ਲਗਾਤਾਰ ਲ਼ਿਖਦਾ ਅਤੇ ਸਹਾਇਕ ਦੀ ਮਦਦ ਨਾਲ ਪੜ੍ਹਦਾ ਰਹਿੰਦਾ ਹੈ। ਉਸਤਾਦ ਗ਼ਜ਼ਲਗੋ ਹੋਣ ਦੇ ਨਾਲ ਨਾਲ ਉਹ ਇਕ ਮੈਗਜ਼ੀਨ ਨਜ਼ਰੀਆ ਦਾ ਸੰਪਾਦਨ ਵੀ ਕਰਦਾ ਹੈ। ਅਸੀਂ ਉਸ ਦੀ ਸਵੈ ਜੀਵਨੀ ਧ੍ਰਿਤਰਾਸ਼ਟਰ ਆਪਣੇ ਪਾਠਕਾਂ ਲਈ ਲੜੀਵਾਰ ਪ੍ਰਕਾਸ਼ਿਤ ਕਰਨ ਦੀ ਖੁਸ਼ੀ ਲੈ ਰਹੇ ਹਾਂ। 



    ਉਦੋਂ ਤੇ ਹੁਣ

    ਛੇਵੀਂ ਵਿਚ ਗਿ.ਸੁਰਿੰਦਰ ਸਿੰਘ ਬੇਦੀ ਸਾਨੂੰ ਪੰਜਾਬੀ ਪੜ੍ਹਾਉਂਦਾ ਹੁੰਦਾ ਸੀ| ਉਸ ਨੇ ਮੁਹਾਵਰੇ ਲਿਖਾਉਂਦੇ ਹੋਏ ਇਕ ਦਿਨ ਦੋ ਮੁਹਾਵਰੇ ਇਕੱਠੇ ਲਿਖਵਾ-ਉੱਨੀ ਇੱਕੀ ਦਾ ਫਰਕ ਤੇ ਜ਼ਮੀਨ ਅਸਮਾਨ ਦਾ ਫਰਕ| ਉੱਨੀ ਇੱਕੀ ਦਾ ਫਰਕ ਇਹ ਮੁਹਾਵਰਾ ਤਾਂ ਸਾਨੂੰ ਸਭ ਨੂੰ ਛੇਤੀ ਸਮਝ ਆ ਗਿਆ ਸੀ| ਇਸ ਦਾ ਅਰਥ ਲਿਖਵਾਇਆ ਗਿਆ ਸੀ---ਬਹੁਤ ਥੋੜ੍ਹਾ ਫਰਕ| ਠੀਕ ਉੱਨੀ ਤੇ ਇੱਕੀ ਵਿਚ ਸਿਰਫ ਦੋ ਦਾ ਹੀ ਤਾਂ ਫਰਕ ਹੈ| ਇਹ ਫਰਕ ਬਹੁਤ ਥੋੜ੍ਹਾ ਹੈ| ਪਰ ਜ਼ਮੀਨ ਅਸਮਾਨ ਦਾ ਫਰਕ ਬਹੁਤ ਜ਼ਿਆਦਾ ਹੈ, ਸ਼ਾਇਦ ਹਿਸਾਬ ਤੋਂ ਵੀ ਬਾਹਰਾ| ਕੁਝ ਇਸ ਤਰ੍ਹਾਂ ਦੇ ਹੀ ਅਰਥ ਗਿਆਨੀ ਜੀ ਨੇ ਇਸ ਮੁਹਾਵਰੇ ਦੇ ਲਿਖਵਾਏ ਸਨ|
    ਹੁਣ ਜਦ ਕਿ ਮੈਂ ਆਪਣੇ ਬਚਪਨ ਦੀਆਂ ਕੁਝ ਅਜਿਹੀਆਂ ਘਟਨਾਵਾਂ ਇਥੇ ਅੰਕਿਤ ਕਰ ਰਿਹਾ ਹਾਂ, ਮੈਨੂੰ ਜ਼ਮੀਨ ਅਸਮਾਨ ਦਾ ਫਰਕ ਵਾਲਾ ਮੁਹਾਵਰਾ ਚੇਤੇ ਆ ਰਿਹਾ ਹੈ| ਅੱਧੀ ਸਦੀ ਵਿਚ ਏਨਾ ਕੁਝ ਬਦਲ ਜਾਵੇਗਾ, ਮੈਂ ਤਾਂ ਕੀ ਕਿਸੇ ਹੋਰ ਪੜ੍ਹੇ ਲਿਖੇ ਨੇ ਵੀ ਸੋਚਿਆ ਤੱਕ ਨਹੀਂ ਹੋਵੇਗਾ| ਮੇਰੇ ਬਚਪਨ ਦੀਆਂ ਕੁਝ ਘਟਨਾਵਾਂ ਮੈਂ ਇਸ ਲਈ ਇੱਥੇ ਦੇ ਰਿਹਾ ਹਾਂ ਤਾਂ ਜੋ ਮੇਰਾ ਸਮਾਜਕ ਤੇ ਆਰਥਿਕ ਪਿਛੋਕੜ ਪਾਠਕਾਂ ਨੂੰ ਹੋਰ ਸਪਸ਼ਟ ਹੋ ਜਾਵੇ ਅਤੇ ਹੁਣ ਜਿਸ ਤਬਦੀਲੀ ਕਾਰਨ ਮੈਂ ਅਣ-ਕਿਆਸੀ ਚੰਗੀ ਜ਼ਿੰਦਗੀ ਭੋਗ ਰਿਹਾ ਹਾਂ, ਕੁਝ ਉਸ ਦਾ ਵੀ ਪਤਾ ਲੱਗ ਜਾਵੇ| ਦਸ-ਬਾਰਾਂ ਸਾਲ ਦੇ ਤਰਸੇਮ ਅਤੇ ਛਿਆਹਟ ਸਾਲ ਦੇ ਡਾ. ਤਰਸੇਮ ਦੀ ਜ਼ਿੰਦਗੀ ਵਿਚ ਕੀ ਫਰਕ ਹੈ, ਸਿਰਫ ਇਹ ਦੱਸਣਾ ਹੀ ਮੇਰਾ ਮਕਸਦ ਨਹੀਂ| ਇਹ ਫਰਕ ਮੇਰੇ ਵਰਗੇ ਜੇ ਕਰੋੜਾਂ ਨਹੀਂ ਤਾਂ ਲੱਖਾਂ ਭਾਰਤੀਆਂ ਦੀ ਜ਼ਿੰਦਗੀ ਤਾਂ ਜ਼ਰੂਰ ਦੇਖ ਜਾਂ ਮਾਣ ਰਹੀ ਹੋਵੇਗੀ| ਫਰਕ ਵੀ ਕੋਈ ਆਰਥਿਕ ਜਾਂ ਸਮਾਜਕ ਬਰਾਬਰੀ ਕਾਰਨ ਨਹੀਂ ਵਾਪਰਿਆ| ਪੂੰਜੀਵਾਦੀ ਵਿਕਾਸ ਮਾਰਗ ਵਿਚ ਕਈ 
    ਹੇਠਲੀਆਂ -ਸ਼ਰੇਣੀਆਂ ਦੇ ਲੋਕ ਜਾਂ ਹੇਠਲੀ ਮੱਧ-ਵਰਗੀ ਜਮਾਤ ਭਾਰਤੀ ਵਿਕਾਸ ਮਾਰਗ ਦਾ ਇਹ ਲਾਹਾ ਲੈ ਗਈ ਹੈ| ਉਹਨਾਂ ਵਿਚੋਂ ਹੀ ਇਕ ਮੈਂ ਹਾਂ ਜੋ ਉਹ ਸਹੂਲਤਾਂ ਮਾਣ ਰਿਹਾ ਹਾਂ ਜਿਹੜੀਆਂ ਵਿਗਿਆਨਕ ਤਰੱਕੀ ਅਤੇ ਕਾਰੋਬਾਰ ਤੇ ਨੌਕਰੀ ਵਿਚ ਲੱਗਣ ਕਾਰਨ ਮੈਨੂੰ ਪ੍ਰਾਪਤ ਹੋ ਗਈਆਂ ਹਨ|
    ਬਚਪਨ ਦੀਆਂ ਅਪ੍ਰਾਪਤੀਆਂ ਅਤੇ ਅੱਜ ਦੀਆਂ ਪ੍ਰਾਪਤੀਆਂ ਵਿਚ ਮੈਨੂੰ ਜ਼ਮੀਨ ਅਸਮਾਨ ਦਾ ਫਰਕ ਹੀ ਲਗਦਾ ਹੈ|
    ਮੈਂ ਦਸ-ਗਿਆਰਾਂ ਸਾਲ ਦਾ ਹੋਵਾਂਗਾ| ਇਹ ਉਹ ਦਿਨ ਸਨ ਜਦੋਂ ਵੱਡੇ ਵੱਡੇ ਘਰਾਂ ਵਿਚ ਹੀ ਸਾਈਕਲ ਹੁੰਦਾ| ਕਦੇ ਇਕ-ਅੱਧ ਰਾਜਦੂਤ ਮੋਟਰਸਾਈਕਲ ਧੂੜ ਉਡਾਉਂਦਾ ਤੇ ਖੜਕਾਟੇ ਪਾਉਂਦਾ ਵੀ ਦਿਸ ਪੈਂਦਾ| ਸਕੂਟਰ ਉਦੋਂ ਹੁੰਦਾ ਹੀ ਨਹੀਂ ਸੀ| ਕਦੇ-ਕਦਾਈਂ ਹੀ ਕੋਈ ਕਾਰ ਨਜ਼ਰ ਆਉਂਦੀ| ਅੱਜ ਮੇਰੀ ਜਨਮ ਭੂਮੀ ਛੋਟੇ ਜਿਹੇ ਨਗਰ ਤਪਾ ਮੰਡੀ ਵਿਚ ਵੰਨ-ਸੁਵੰਨੀਆਂ ਤੇ ਰੰਗ-ਬਰੰਗੀਆਂ ਜੇ ਹਜ਼ਾਰਾਂ ਕਾਰਾਂ ਨਹੀਂ ਤਾਂ ਘੱਟੋ-ਘੱਟ ਸੈਂਕੜੇ ਕਾਰਾਂ ਜ਼ਰੂਰ ਹਨ, ਮੇਰੇ ਬਚਪਨ ਦੇ ਦਿਨਾਂ ਵਿਚ ਇਹ ਕੁਝ ਨਹੀਂ ਸੀ| ਸਾਡੇ ਵਰਗੇ ਹੇਠਲੀ ਮੱਧ--ਸ਼ਰੇਣੀ (ਜੋ ਅਸਲ ਵਿਚ ਹੇਠਲੀ -ਸ਼ਰੇਣੀ ਹੀ ਸੀ) ਦੇ ਪਰਿਵਾਰਾਂ ਵਿਚ ਵੀ ਘੱਟ ਹੀ ਕਿਸੇ ਕੋਲ ਸਾਈਕਲ ਹੁੰਦਾ| ਮੈਨੂੰ ਤੇ ਮੇਰੇ ਹੋਰ ਦੋਸਤਾਂ ਨੂੰ ਸਾਈਕਲ ਸਿੱਖਣ ਦਾ ਬੜਾ ਚਾਅ ਸੀ| ਇਸ ਲਈ ਅਸੀਂ ਸਾਈਕਲ ਸਿੱਖਣ ਲਈ ਸਾਇਕਲਾਂ ਵਾਲੇ ਪ੍ਰਕਾਸ਼ ਜੋਗੇ ਵਾਲੇ ਦੀ ਦੁਕਾਨ ਤੋਂ ਸਾਈਕਲ ਕਿਰਾਏ 'ਤੇ ਲੈਂਦੇ| ਇਕ ਘੰਟੇ ਦਾ ਉਹ ਇਕ ਆਨਾ ਲੈਂਦਾ ਹੁੰਦਾ ਸੀ| ਅਸੀਂ ਛੋਟਾ ਸਾਈਕਲ ਸਿੱਖਣ ਲਈ ਉਸ ਦੀ ਕਾਠੀ ਉਤੇ ਬਹਿ ਕੇ ਰੇਲਵੇ ਸਟੇਸ਼ਨ ਦੇ ਇਕ ਪਾਸੇ ਖਾਲੀ ਪਏ ਗਰਾਊਂਡ ਵਿਚ ਚਲੇ ਜਾਂਦੇ| ਸ਼ਾਮ ਨੂੰ ਇਥੇ ਫੁਟਬਾਲ ਜਾਂ ਹਾਕੀ ਖੇਡਣ ਲਈ ਵੱਡੇ ਮੁੰਡੇ ਆਉਂਦੇ ਹੁੰਦੇ ਸਨ| ਦੁਪਹਿਰੇ ਗਰਾਊਂਡ ਖਾਲੀ ਹੁੰਦਾ| ਕਿਸੇ ਹਾਦਸੇ ਦਾ ਵੀ ਕੋਈਖਤਰਾ ਨਾ ਹੁੰਦਾ| ਮੇਰੇ ਨਾਲ ਕਦੇ ਮੇਰਾ ਆੜੀ ਸ਼ਾਮ ਹੁੰਦਾ ਅਤੇ ਕਦੇ ਹਰੀ ਘੜੈਲੀ ਵਾਲਾ| ਗਰਾਊਂਡ ਦੇ ਕਈ ਕਈ ਗੇੜੇ ਦਿੰਦੇ| ਜੇ ਸਾਈਕਲ ਡਿੱਕ-ਡੋਲੇ ਖਾਂਦਾ ਤਾਂ ਮੈਂ ਪੈਰ ਲਾ ਲੈਂਦਾ| ਸਾਈਕਲ ਰੁਕ ਜਾਂਦਾ| ਫੇਰ ਠੀਕ ਢੰਗ ਨਾਲ ਹੈਂਡਲ ਕਾਬੂ ਕਰਕੇ ਪੈਡਲ ਮਾਰਦਾ| ਪਿੱਛੋਂ ਸ਼ਾਮ ਜਾਂ ਹਰੀ ਧੱਕਾ ਲਾਉਂਦਾ| ਸਾਈਕਲ ਦੇ ਰੁੜ੍ਹਨ ਪਿੱਛੋਂ ਵੱਧ ਤੋਂ ਵੱਧ ਤੇਜ਼ ਚਲਾਉਣ ਦੀ ਕੋਸ਼ਿਸ਼ ਕਰਦਾ| ਪਹਿਲਾਂ ਇਕ ਦੋ ਵਾਰ ਸੱਟਾਂ ਵੀ ਲੱਗੀਆਂ ਸਨ, ਪਰ ਪਿੱਛੋਂ ਗਰਾਊਂਡ ਵਿਚ ਸਾਈਕਲ ਚਲਾਉਣ ਵੇਲੇ ਬਿਲਕੁਲ ਵੀ ਡਰ ਨਾ ਲਗਦਾ| ਘੰਟਾ ਜਿਵੇਂ ਅੱਖ ਦੇ ਫੋਰੇ ਵਿਚ ਲੰਘ ਜਾਂਦਾ| ਮੈਂ ਘੰਟਾ ਪੂਰਾ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਪ੍ਰਕਾਸ਼ ਜੋਗੇ ਵਾਲੇ ਨੂੰ ਸਾਈਕਲ ਮੋੜ ਆਉਂਦਾ|
    ਸਾਈਕਲ ਮੈਂ ਪੰਜ ਸੱਤ ਵਾਰ ਹੀ ਲਿਆ ਹੋਵੇਗਾ| ਦੋ ਤਿੰਨ ਵਾਰ ਸਾਈਕਲ ਪੰਚਰ ਵੀ ਹੋਇਆ ਸੀ| ਪੰਚਰ ਦਾ ਉਹ ਇਕ ਆਨਾ ਹੋਰ ਮੰਗਦਾ| ਮੇਰੇ ਕੋਲ ਤਾਂ ਇਕ ਆਨਾ ਹੀ ਮਸਾਂ ਜੋੜ ਮੇਲ ਕੇ ਰੱਖਿਆ ਹੁੰਦਾ| ਦੋ ਚਾਰ ਦਿਨ ਪਿੱਛੋਂ ਇਕ ਆਨੇ ਦਾ ਪ੍ਰਬੰਧ ਕਰਕੇ ਉਸ ਨੂੰ ਪੰਚਰ ਦੇ ਪੈਸੇ ਦੇ ਆਉਂਦਾ| ਇਕੱਲਾ ਮੈਂ ਹੀ ਨਹੀਂ, ਮੇਰੇ ਵਰਗੇ ਹੋਰ ਮੁੰਡੇ ਵੀ ਉਸ ਤੋਂ ਸਾਈਕਲ ਕਿਰਾਏ 'ਤੇ ਲੈ ਕੇ ਜਾਂਦੇ ਸਨ|
    ਅੱਜ ਜਦਕਿ ਮੈਂ ਛਿਆਹਟ ਵਰ੍ਹਿਆਂ ਦਾ ਹੋ ਕੇ ਸਰਕਾਰੀ ਸੇਵਾ ਤੋਂ ਮੁਕਤ ਆਪਣੇ ਸੌਣ ਕਮਰੇ ਵਿਚ ਬੈਠਾ ਇਹ ਸਤਰਾਂ ਲਿਖਵਾ ਰਿਹਾ ਹਾਂ ਤਾਂ ਮੈਨੂੰ ਗੈਰਜ ਵਿਚ ਖੜ੍ਹੀ ਮੇਰੀ ਕਾਰ ਦਾ ਅਹਿਸਾਸ ਹੁੰਦਾ ਹੈ|  ਵਿਆਜ ਰਹਿਤ ਲੋਨ ਦੇ ਲਾਲਚ ਵਿਚ ਇਹ ਕਾਰ ਲਈ ਸੀ| ਹੁਣ ਇਹ ਹੋਰ ਹੇਠਲੇ ਮੱਧ--ਸ਼ਰੇਣੀ ਦੇ ਮੁਲਾਜ਼ਮਾਂ ਵਾਂਗ ਲੋੜ ਜਾਪਦੀ ਹੈ, ਹੋਰਾਂ ਨਾਲੋਂ ਵੀ ਵੱਧ---ਮੇਰੀ ਨੇਤਰਹੀਣਤਾ ਕਾਰਨ| ਮੇਰੇ ਸੱਤ ਸਾਲ ਦੇ ਪੋਤੇ ਅਤੇ ਨੌਂ ਸਾਲ ਦੀ ਪੋਤੀ ਕੋਲ ਹੁਣ ਇਕ ਇਕ ਛੋਟਾ ਸਾਈਕਲ ਹੈ| ਇਹ ਸਾਈਕਲ ਉਸ ਅਧੀਆ ਸਾਈਕਲ ਨਾਲੋਂ ਕਿਤੇ ਵਧੀਆ ਹਨ, ਜੋ ਮੈਂ ਛੋਟਾ ਹੁੰਦਾ ਕਿਰਾਏ 'ਤੇ ਲੈ ਕੇ ਚਲਾਉਂਦਾ ਹੁੰਦਾ ਸੀ|
    ਨੇਤਰਹੀਣ ਹੋਣ ਕਾਰਨ ਮੇਰੇ ਕੋਲ ਦੋ ਬੋਲਣ ਵਾਲੀਆਂ ਘੜੀਆਂ | ਇਹ ਦੋਵੇਂ ਮਹਿੰਗੀਆਂ ਜਪਾਨੀ ਘੜੀਆਂ ਹਨ| ਮੇਰੇ ਦੋਵੇਂ ਪੁੱਤਰਾਂ ਤੇ ਦੋਵਾਂ ਨੂੰਹਾਂ ਕੋਲ ਵੀ ਕਈ ਕਈ ਕੀਮਤੀ ਘੜੀਆਂ ਹਨ| ਪਰ ਜਦੋਂ ਮੈਂ ਦੂਜੀ-ਤੀਜੀ ਵਿਚ ਸੀ ਤਾਂ ਮੇਰੇ ਜਮਾਤੀਆਂ ਵਿਚੋਂ ਕਿਸੇ ਕੋਲ ਵੀ ਘੜੀ ਨਹੀਂ ਸੀ| ਮਾਸਟਰਾਂ ਵਿਚੋਂ ਵੀ ਸਿਰਫ ਗਿਆਨ ਚੰਦ ਕੋਲ ਇਕ ਜੇਬੀ ਘੜੀ ਸੀ| ਹੈਡ ਮਾਸਟਰ ਆਸੂ ਰਾਮ ਅਤੇ ਹੈਡ ਮਾਸਟਰ ਲਛਮਣ ਦਾਸ ਕੋਲ ਵੀ ਜੇਬੀ ਘੜੀਆਂ ਸਨ| ਸ਼ਹਿਰ ਦੇ ਹੋਰ ਚੰਗੇ ਘਰਾਂ ਜਾਂ ਪੜ੍ਹੇ ਲਿਖੇ ਸਿਆਣਿਆਂ ਵਿਚੋਂ ਵੀ ਦਸ-ਵੀਹ ਕੋਲ ਹੀ ਘੜੀਆਂ ਹੋਣਗੀਆਂ|
    ਦਸਵੀਂ ਵੇਲੇ ਗਰੁੱਪ ਫੋਟੋ ਖਿਚਾਉਣ ਸਮੇਂ ਮੁੰਡੇ ਇਧਰੋਂ-ਉਧਰ ਂ ਘੜੀ ਮੰਗ ਕੇ ਗੁੱਟ 'ਤੇ ਬੰਨ੍ਹਦੇ ਅਤੇ ਆਪਣੀ ਬਾਂਹ ਫੋਟੋ ਖਿਚਾਉਣ ਵੇਲੇ ਇਸ ਤਰ੍ਹਾਂ ਕਰ ਲੈਂਦੇ ਤਾਂ ਜੋ ਫੋਟੋ ਵਿਚ ਘੜੀ ਆ ਜਾਵੇ| ਪਰ ਹੁਣ ਜਣੇ-ਖਣੇ ਕੋਲ ਘੜੀ ਹੈ ਜਾਂ ਜਿਹੜੇ ਲੋਕ ਘੜੀਆਂ ਨਹੀਂ ਬੰਨ੍ਹਦੇ, ਉਹਨਾਂ ਕੋਲ ਜੇਬੀ ਫੋਨ ਹਨ| ਮੇਰੇ ਬਚਪਨ ਦੇ ਦਿਨਾਂ ਵਿਚ ਤਾਂ ਮੈਂ ਘੜੀ ਨੂੰ ਉਦੋਂ ਹੀ ਹੱਥ ਲਾ ਕੇ ਵੇਖਦਾ ਜਦੋਂ ਭਰਾ ਨਹਾਉਣ ਲਈ |ੁਸਲਖਾਨੇ ਵਿਚ ਗਿਆ ਹੁੰਦਾ ਜਾਂ ਇਕ ਤੋਂ ਵੱਧ ਘੜੀਆਂ ਮੇਰੇ ਗੁੱਟ ਤੇ ਓਦੋਂ ਬੱਝੀਆਂ ਹੁੰਦੀਆਂ ਜਦੋਂ ਗਰਾਊਂਡ ਵਿਚ ਮੇਰਾ ਭਰਾ, ਉਸ ਦੇ ਦੋਸਤ ਤੇ ਕਲੱਬ ਦੇ ਹੋਰ ਖਿਡਾਰੀ ਵਾਲੀਬਾਲ ਖੇਡਦੇ ਹੁੰਦੇ ਤੇ ਘੜੀਆਂ ਮੈਨੂੰ ਸੰਭਾ ਦਿੰਦੇ|
    ਅੱਜ ਟ੍ਰਾਂਜਿਸਟਰ ਤੇ ਟੇਪ ਰਿਕਾਰਡਰ ਘਰਾਂ ਵਿਚ ਤਾਂ ਕੀ ਵੱਗ ਚਾਰਨ ਵਾਲੇ ਅਤੇ ਆਜੜੀਆਂ ਕੋਲ ਵੀ ਅਕਸਰ ਦੇਖਣ ਨੂੰ ਮਿਲਦਾ ਹੈ| ਪੰਜਾਬ ਵਿਚ ਘਰ-ਘਰ ਟੀ.ਵੀ. ਹੈ| ਇਕ ਦੋ ਜਾਂ ਤਿੰਨ ਨਹੀਂ ---ਸੌ ਤੋਂ ਵੱਧ ਚੈਨਲ ਹਨ| ਘਰ ਘਰ ਸੀ.ਡੀ. ਜਾਂ ਡੀ.ਵੀ.ਡੀ. ਪਲੇਅਰ ਹਨ| ਕੰਪਿਊਟਰ ਆਮ ਹੋ ਗਏ ਹਨ| ਈ-ਮੇਲ ਅਤੇ ਇੰਟਰਨੈੱਟ ਨਾਲ ਸਾਰੀ ਦੁਨੀਆਂ ਨਾਲ ਸੰਪਰਕ ਰੱਖਿਆ ਜਾ ਸਕਦਾ ਹੈ| ਜਿਸ ਤਪਾ ਮੰਡੀ ਵਿਚ ਮੈਂ ਜੰਮਿਆ-ਪਲਿਆ ਸੀ, ਉਥੇ ਇਹ ਸਹੂਲਤਾਂ ਹੁਣ ਆਮ ਹਨ| ਪਰ ਜਦੋਂ ਮੈਂ ਸੱਤਵੀਂ ਵਿਚ ਵੀ ਹੋ ਗਿਆ ਸੀ, ਉਦੋਂ ਵੀ ਤਪਾ ਮੰਡੀ ਵਿਚ ਤਿੰਨ ਚਾਰ ਰੇਡੀਓ ਸਨ| ਦੂਜੀ-ਤੀਜੀ ਵੇਲੇ ਤਾਂ ਸਿਰਫ ਦੋ ਰੇਡੀਓ ਹੀ ਸਨ| ਬਿਜਲੀ ਉਦੋਂ ਹੈ ਹੀ ਨਹੀਂ ਸੀ| ਰੇਡੀਓ ਦੇ ਨਾਲ ਰੇਡੀਓ ਜਿੱਡੀ ਹੀ ਬੈਟਰੀ ਨਾਲ ਰੇਡੀਓ ਚਲਦਾ ਸੀ| ਮੇਰੇ ਮਾਮੇ ਦੇ ਪੁੱਤ ਬੰਤ ਮੌੜਾਂ ਵਾਲੇ ਦੇ ਘਰ ਵੀ ਰੇਡੀਓ ਸੀ| ਮੈਨੂੰ ਮੇਰਾ ਭਰਾ ਸ਼ਾਮ ਨੂੰ ਬੰਤ ਮੌੜਾਂ ਵਾਲੇ ਦੇ ਘਰ ਲੈ ਜਾਂਦਾ| ਉਹਖਬਰਾਂ ਸੁਣਨ ਦੇ ਲਾਲਚ ਕਾਰਨ ਉਥੇ ਜਾਂਦਾ ਸੀ| ਹੁਣ ਵੱਡੇ ਬੇਟੇ ਦੇ ਕਮਰੇ ਵਿਚ ਟੀ.ਵੀ. ਹੈ| ਮੇਰੇ ਕਮਰੇ ਵਿਚ ਇੰਟਰਨੈਟ ਸਮੇਤ ਕੰਪਿਊਟਰ ਹੈ|ਖਬਰਾਂ ਲਈ ਰੇਡੀਓ ਹੈ|
    ਰੇਡੀਓ ਕਿਸੇ ਦੇ ਘਰ ਜਾ ਕੇ ਸੁਣਨ ਵਾਲਾ ਤਰਸੇਮ ਕਿਥੋਂ ਦੀ ਕਿਥੇ ਪਹੁੰਚ ਗਿਆ ਹੈ, ਉਹ ਹੀ ਨਹੀਂ ਸਾਰੀ ਜ਼ਿੰਦਗੀ ਹੀ ਬਦਲਦੀ ਜਾ ਰਹੀ ਹੈ| ਤਰਸੇਮ ਤਾਂ ਕੀਹਦਾ ਵਿਚਾਰਾ ਹੈ, ਉਸ ਨੇ ਤਾਂ ਅਜੇ ਹਵਾਈ ਅੱਡਾ ਵੇਖਿਆ ਹੀ ਹੈ| ਉਡਣ ਦਾ ਸੁਪਨਾ ਕਦੇ ਪੂਰਾ ਹੋਵੇਗਾ ਜਾਂ ਨਹੀਂ---ਇਹ ਕੁਝ ਉਹ ਕਹਿ ਨਹੀਂ ਸਕਦਾ| ਪਰ ਉਸ ਦਾ ਵੱਡਾ ਪੁੱਤਰ ਤਾਂ ਵੀਹ ਵਾਰ ਜਹਾਜ਼ ਦੀ ਸਵਾਰੀ ਕਰ ਚੁੱਕਾ ਹੈ| ਨੇਤਰਹੀਣ ਤਰਸੇਮ ਨੂੰ ਉਸ ਦੇ ਹਵਾਈ ਸਫਰ 'ਤੇ ਹੀ ਤਸੱਲੀ ਹੈ|
    ਜਦੋਂ ਮੈਂ ਦੂਜੀ-ਤੀਜੀ ਵਿਚ ਪੜ੍ਹਦਾ ਸੀ, ਉਦੋਂ ਅਜੇ ਪੰਜ-ਸੱਤ ਪੱਕੇ ਆੜ੍ਹਤੀਆਂ ਜਾਂ ਇਕ ਕਪਾਹ ਤੇ ਬਰਫ ਦੇ ਕਾਰਖਾਨੇ ਵਿਚ ਹੀ ਟੈਲੀਫੋਨ ਲੱਗੇ ਹੋਏ ਸਨ| ਸਾਡਾ ਇਕ ਲਿਹਾਜ਼ੀ ਆੜ੍ਹਤੀਏ ਦੇ ਆਮ ਆਉਣ ਜਾਣ ਸੀ| ਉਹ ਪੱਕੀ ਆੜ੍ਹਤ ਦੀ ਦੁਕਾਨ ਕਰਦੇ ਸਨ| ਉਹਨਾਂ ਦੇ ਟੈਲੀਫੋਨ ਵੀ ਲੱਗਾ ਹੋਇਆ ਸੀ| ਜਦੋਂ ਮੈਂ ਦੁਕਾਨ 'ਤੇ ਜਾਂਦਾ ਤਾਂ ਕਿਸੇ ਨਾ ਕਿਸੇ ਬਹਾਨੇ ਟੈਲੀਫੋਨ ਨੂੰ ਹੱਥ ਲਾ ਕੇ ਜ਼ਰੂਰ ਵੇਖਦਾ| ਬੜੀ ਵੱਡੀ ਕਰਾਮਾਤ ਜਾਪਦੀ ਸੀ, ਉਦੋਂ ਟੈਲੀਫੋਨ| ਪਰ ਹੁਣ ਟੈਲੀਫੋਨ ਸਿਰਹਾਣੇ ਪਿਆ ਹੈ ਤੇ ਟੱਬਰ ਦੇ ਹਰ ਜੀਅ ਕੋਲ ਜੇਬੀ ਫੋਨ ਵੀ ਹੈ|
    ਜਿਹੜੇ ਘਰ ਦੇ ਹਰ ਕਮਰੇ ਨੂੰ ਮਹੀਨੇ-ਡੇਢ ਮਹੀਨੇ ਬਾਅਦ ਤਲੀ ਦਿੰਦੇ ਸੀ, ਟੀਪ ਤੇ ਕਹਿਗਲ ਵਾਲੀਆਂ ਕੰਧਾਂ ਉਤੇ ਦੀਵਾਲੀ ਤੋਂ ਪਹਿਲਾਂ ਕਲੀ ਕਰਦੇ ਹੁੰਦੇ ਸੀ, ਉਸ ਦੀ ਥਾਂ ਹੁਣ ਵਾਲੀ ਇਹ ਤੀਜੀ ਬਿਲਡਿੰਗ (ਪਹਿਲਾ ਤਪਾ ਮੰਡੀ ਦੀ 8 ਨੰਬਰ ਗਲੀ ਵਿਚ ਕਰਜ਼ਾ ਚੁੱਕ ਕੇ ਬਣਾਇਆ ਘਰ ਤੇ ਦੂਜੇ ਇਸ ਘਰ ਨੂੰ ਵੇਚ ਕੇ ਮਾਲੇਰਕੋਟਲੇ ਦੀ ਗੁਰੂ ਨਾਨਕ ਕਾਲੋਨੀ ਵਿਚ ਬਣਾਈ ਦੋ ਸੌ ਗਜ਼ ਵਿਚ ਛੋਟੀ ਜਿਹੀ ਕੋਠੀ) ਤਿੰਨ ਮੰਜ਼ਲੀ ਹੈ| ਲੱਖਾਂ ਰੁਪਏ ਦੇ ਬੈਂਕ ਲੋਨ, ਮੇਰੇ ਨੂੰਹ ਪੁੱਤਰ ਤੇ ਮੇਰੀ ਸਾਰੀ ਜੋੜੀ ਕਮਾਈ ਅਤੇ ਸੇਵਾ-ਮੁਕਤੀ 'ਤੇ ਮਿਲੇ ਲਾਭਾਂ ਦੀ ਅੱਧੀ ਤੋਂ ਵੱਧ ਰਕਮ ਇਸ ਬਿਲਡਿੰਗ ਦੇ ਢਿੱਡ ਵਿਚ ਪੈ ਗਈ ਹੈ| ਭਾਰਤ ਦੀ ਸੰਸਦ ਤੇ ਨਿਆਂਪਾਲਿਕਾ ਤੋਂ ਲੈ ਕੇ ਬਾਕੀ ਸਾਰੀ ਸਰਕਾਰੀ ਮਸ਼ੀਨਰੀ ਦੀ ਅਣਗਹਿਲੀ ਅਤੇ ਕੁਝ ਸੰਸਦ ਮੈਂਬਰਾਂ ਦੇ ਭਾਈ-ਭਤੀਜਾਵਾਦ ਦੇ ਵਿਵਹਾਰ ਕਾਰਨ ਵੱਡੇ ਪੁੱਤਰ ਦਾ ਜਿਹੜਾ ਕੈਰੀਅਰ ਕਿਸੇ ਚੰਗੀ ਨੌਕਰੀ ਦੇ ਲੇਖੇ ਲੱਗਣਾ ਸੀ, ਉਸ ਦੇ ਓਵਰਏਜ ਹੋਣ ਕਾਰਨ ਉਸ ਦੇ ਹਸਪਤਾਲ ਚਲਾਉਣ ਲਈ ਇਹ ਬਿਲਡਿੰਗ ਬਣਾਈ ਗਈ ਸੀ ਪਰ ਮੈਡੀਕਲ ਕਿੱਤੇ ਵਿਚ ਚੱਲੀ ਵੱਡੇ ਪੱਧਰ ਦੀ ਠੱਗੀ-ਠੋਰੀ ਕਾਰਨ ਸਾਊ ਡਾਕਟਰ ਪੁੱਤਰ, ਉਸ ਦੇ ਪਰਿਵਾਰ ਤੇ ਮੇਰੇ ਲਈ ਇਹ ਬਿਲਡਿੰਗ ਹੁਣ ਸੂਲੀ ਬਣ ਗਈ ਹੈ| ਸੋਚਦਾ ਹਾਂ ਇਹ ਤਰੱਕੀ ਕਿਸ ਕੰਮ| ਜੀਵਨ ਮੁੱਲਾਂ ਵਿਚ ਏਨਾ ਪਤਨ ਆਇਆ ਹੈ ਕਿ ਇਮਾਨਦਾਰ ਤੇ ਮਿਹਨਤੀ ਆਦਮੀ ਭਾਵੇਂ ਉਹ ਕਿਸੇ ਜਮਾਤ ਦਾ ਵੀ ਕਿਉਂ ਨਾ ਹੋਵੇ, ਉਸ ਨੂੰ ਹੱਕ-ਸੱਚ ਦੀ ਜ਼ਿੰਦਗੀ ਜਿਉਣ ਦਾ ਅਧਿਕਾਰ ਨਹੀਂ|
    ਕਦੇ ਕਦੇ ਤਾਂ ਆਪਣਾ ਅੰਨ੍ਹਾਂਪਣ ਏਡਾ ਵੱਡਾ ਸਰਾਪ ਜਾਪਦਾ ਹੈ ਕਿ ਜ਼ਿੰਦਗੀ ਪਰਬਤੋਂ ਭਾਰੀ ਜਾਪਦੀ ਹੈ ਪਰ ਮੇਰੀ ਕਲਮ ਦਾ ਸਫਰ ਜਿਥੇ ਪਹੁੰਚ ਗਿਆ ਹੈ, ਉਥੋਂ ਅੱਗੇ ਹੋਰ ਤੁਰਨਾ ਕਿਸੇ ਵੱਡੇ ਵਰਦਾਨ ਵੱਲ ਸੰਕੇਤ ਕਰਦਾ ਹੈ| ਇਸ ਸੰਕੇਤ ਦੇ ਸਿਰ 'ਤੇ ਹੀ ਲੱਕ ਬੰਨ੍ਹ ਕੇ ਜਿਉਣ ਦਾ ਫੈਸਲਾ ਕੀਤਾ ਹੋਇਆ ਹੈ| ਉਂਜ ਵੀ ਮੈਨੂੰ ਹਨੇਰੇ ਵਿਚ ਜ਼ਿੰਦਗੀ ਲੰਘਾਉਣ ਦੀ ਆਦਤ ਬਣ ਗਈ ਹੈ| ਇਹ ਆਦਤ ਵੀ ਇਕ ਵਰਦਾਨ ਹੀ ਸਮਝੋ| ਪਰ ਭਾਰਤ ਦੇ ਹੀ ਨਹੀਂ, ਸੰਸਾਰ ਦੇ ਤਿੰਨ ਅਰਬ ਤੋਂ ਵੱਧ ਲੋਕਾਂ ਦੀ ਗੁਰਬਤ, ਬੇਬਸੀ ਤੇ ਮਜਬੂਰੀ ਸਾਹਮਣੇ ਮੇਰੀ ਪ੍ਰਾਪਤੀ ਮੈਨੂੰ ਕਈ ਵਾਰ ਲਾਹਣਤ ਪਾਉਂਦੀ ਹੈ, ਕਿਉਂਕਿ ਮੇਰੀਆਂ ਪ੍ਰਾਪਤੀਆਂ ਨਿਰੋਲ ਵਿਅਕਤੀਗਤ ਹਨ| ਕਰੋੜਾਂ ਨਹੀਂ ਅਰਬਾਂ ਲੋਕ ਅਜੇ ਰੋਟੀ, ਕੱਪੜੇ, ਮਕਾਨ ਤੋਂ ਸੱਖਣੇ ਹਨ| ਇਸ ਅਹਿਸਾਸ ਨਾਲ ਮੈਂ ਕਦੇ ਕਿਸੇ ਤੇ ਕਦੇ ਕਿਸੇ ਸੰਘਰਸ਼ ਬਾਰੇ ਸੋਚਦਾ ਹਾਂ| ਪਰ ਕਰਦਾ ਕੁਝ ਨਹੀਂ| ਬਚਪਨ ਦੀਆਂ ਅੜਾਂ-ਥੁੜਾਂ ਦੀ ਜ਼ਿੰਦਗੀ ਵਿਚ ਇਕ ਪੈਸੇ ਦੀ ਲਈ ਪਾਣੀ ਦੀ ਮਿੱਠੀ ਰੰਗਦਾਰ ਕੁਲਫੀ, ਜਿਸ ਨੂੰ ਮੂੰਹ ਵਿਚ ਕਿੰਨਾ ਚਿਰ ਇਸ ਲਈ ਟਿਕਾਈ ਰਖਦਾ ਸੀ ਕਿ ਕਿਤੇ ਇਹ ਛੇਤੀ ਖੁਰ ਨਾ ਜਾਵੇ, ਹੁਣ ਕੀਮਤੀ ਆਈਸ ਕਰੀਮਾਂ ਦੇ ਖਾਣ ਵਿਚ ਮੇਰੀ ਹੇਠਲੀ ਮੱਧ--ਸ਼ਰੇਣਿਕਖੁਦਗਰਜ ਸੋਚ ਕਾਰਨ ਕਿਤੇ ਰੁਲ ਤਾਂ ਨਹੀਂ ਗਈ---ਇਹ ਸੋਚ ਕੇ ਮੇਰੇ ਸ਼ਬਦ ਉਹਨਾਂ ਸਭ ਅੜਾਂ-ਥੁੜਾਂ ਭਰੀ ਜ਼ਿੰਦਗੀ ਦਾ ਜਾਇਜ਼ਾ ਲੈਣ ਲੱਗ ਪੈਂਦੇ ਹਨ| ਇਹ ਸਾਡੇ ਮੱਧ--ਸ਼ਰੇਣਿਕ ਬੁੱਧੀਜੀਵੀ ਵਰਗ ਦਾ ਦੁਖਾਂਤ ਹੈ, ਕਠੋਰ ਤੇ ਕਰੂਰ ਯਥਾਰਥ| ਪਰ ਮੈਨੂੰ ਇਹ ਸਭ ਕੁਝ ਲਿਖਣ ਸਮੇਂ ਮੇਰਾ ਆਪਣਾ ਆਪ ਬਹੁਤ ਨੀਵਾਂ ਨੀਵਾਂ ਤੇ ਬਹੁਤ ਘਟੀਆ ਘਟੀਆ ਮਹਿਸੂਸ ਹੋਣ ਲੱਗ ਪੈਂਦਾ ਹੈ|
    ਮੇਰੀ ਮਿਹਨਤ ਦਾ ਅੰਦਾਜ਼ਾ ਤਾਂ ਵਿਦਵਾਨ ਤੇ ਪਾਠਕ ਲਾਉਣਗੇ, ਪਰ ਇਕ ਗੱਲ ਸਾਫ ਕਰ ਦਿਆਂ ਕਿ ਜੇ ਨੌਕਰੀਆਂ ਦੀ ਪੌੜੀ ਚੜ੍ਹਨ ਸਮੇਂ ਮੇਰੇ ਦਾਅ ਨਾ ਲਗਦੇ ਤਾਂ ਸ਼ਾਇਦ ਮੈਂ ਅੱਜ ਡਾ.ਐੱਸ.ਤਰਸੇਮ ਨਾ ਹੁੰਦਾ| ਦਾਅ ਸ਼ਬਦ ਦੀ ਵਰਤੋਂ ਮੈਂ ਇਸ ਲਈ ਕਰ ਰਿਹਾ ਹਾਂ, ਕਿਉਂਕਿ ਪਹਿਲੀ ਸਰਕਾਰੀ ਨੌਕਰੀ, ਫੇਰ ਛਾਂਟੀ, ਫੇਰ ਨੌਕਰੀ ਆਦਿ ਸਭ ਦਾਅ ਹੀ ਸਮਝੋ| 1982 ਵਿਚ ਜਿਹੜਾ ਐੱਸ.ਤਰਸੇਮ ਲੈਕਚਰਾਰ ਲਈ 192 ਉਮੀਦਾਵਾਰਾਂ ਵਿਚੋਂ ਨਾ ਤਿੰਨ ਵਿਚ ਆਇਆ ਤੇ ਨਾ ਤੇਰ੍ਹਾਂ ਵਿਚ, ਉਹ ਉਮੀਦਵਾਰ ਹੀ ਅਗਲੇ ਸਾਲ 200 ਦੇ ਲਗਭਗ ਉਮੀਦਵਾਰਾਂ ਵਿਚੋਂ ਪਹਿਲੇ ਸਥਾਨ 'ਤੇ ਸੀ| ਇਸ ਨੂੰ ਜੇ ਦਾਅ ਨਾ ਕਹਾਂ ਤਾਂ ਹੋਰ ਕੀ ਕਹਾਂ|


    ਮੈਟ੍ਰਿਕ ਪਿੱਛੋਂ

    1958 ਦੇ ਮਾਰਚ ਮਹੀਨੇ ਵਿਚ ਦਸਵੀਂ ਦਾ ਇਮਤਿਹਾਨ ਦੇ ਕੇ ਮੈਂ ਬਿਲਕੁਲ ਵਿਹਲਾ ਸੀ| ਭਰਾ ਵੱਲੋਂ "ਗੋਇਲ ਮਾਡਰਨ ਕਾਲਜ' ਬੰਦ ਕਰਨ ਅਤੇ ਆਰੀਆ ਸਕੂਲ ਦਾ ਪੰਜਾਬੀ ਅਧਿਆਪਕ ਬਣ ਜਾਣ ਕਾਰਨ ਸਾਡੇ ਕੋਲ ਹੁਣ ਕੋਈ ਹੋਰ ਕੰਮ ਵੀ ਨਹੀਂ ਸੀ| ਆਰੀਆ ਸਕੂਲ ਵਿਚੋਂ ਭਰਾ ਨੂੰ ਸਿਰਫ ਸੌ ਰੁਪਿਆ ਮਿਲਦਾ| ਬਾਕੀਖਰਚ ਪੂਰੇ ਕਰਨ ਲਈ ਉਹ ਟਿਊਸ਼ਨਾਂ ਕਰਦਾ| ਇਸ ਲਈ ਤਪੇ ਤੋਂ ਸਿਰਫ 10-12 ਮੀਲ ਦੂਰ ਐਸ.ਡੀ. ਕਾਲਜ ਬਰਨਾਲੇ ਵਿਚ ਵੀ ਮੈਨੂੰ ਦੀਂਲ ਕਰਵਾਉਣ ਲਈ ਘਰ ਵਿਚ ਕਦੇ ਕੋਈ ਗੱਲ ਨਹੀਂ ਸੀ ਚੱਲੀ| ਮੈਂ ਸਮਝ ਗਿਆ ਸੀ ਕਿ ਹੁਣ ਮੈਨੂੰ ਕੋਈ ਛੋਟੀ-ਮੋਟੀ ਨੌਕਰੀ ਕਰਨੀ ਪਵੇਗੀ ਤੇ ਨਾਲ ਹੀ ਭਰਾ ਵਾਂਗ ਜੇ ਚਾਹਾਂ ਤਾਂ ਪ੍ਰਾਈਵੇਟ ਪੜ੍ਹਾਈ ਵੀ ਜਾਰੀ ਰੱਖ ਸਕਦਾ ਹਾਂ|
    ਓਦੋਂ ਮੈਨੂੰ ਅਜੇ 16ਵਾਂ ਸਾਲ ਹੀ ਲੱਗਿਆ ਸੀ| ਏਨੀ ਛੋਟੀ ਉਮਰ ਵਿਚ ਸਾਡੇ ਇਲਾਕੇ ਵਿਚ ਕਿਸੇ ਨੇ ਮੈਟ੍ਰਿਕ ਪਾਸ ਨਹੀਂ ਸੀ ਕੀਤੀ| ਨਤੀਜਾ ਆਉਣ ਨਾਲ ਲੋਕਾਂ ਵਿਚ ਇਹ ਗੱਲ ਹੋਰ ਪੱਕੀ ਹੋ ਗਈ ਕਿ ਸੱਚਮੁੱਚ ਮੈਂ ਜ਼ਹੀਨ ਹਾਂ| 7ਵੀਂ 'ਚੋਂ ਹਟ ਕੇ ਅਗਲੇ ਸਾਲ ਸਿੱਧੇ ਮੈਟ੍ਰਿਕ ਦੇ ਇਮਤਿਹਾਨ ਦੇਣ ਤੇ ਫੇਰ ਸਥਾਨਕ ਆਰੀਆ ਸਕੂਲ ਦੇ ਫਸਟ ਆਉਣ ਵਾਲੇ ਮੁੰਡੇ ਤੋਂ ਵੀ ਵੱਧ ਨੰਬਰ ਲੈਣ ਕਾਰਨ ਭਰਾ ਦੇ ਦੋਸਤਾਂ ਮਿੱਤਰਾਂ ਤੇ ਸਾਡੇ ਸਭ ਰਿਸ਼ਤੇਦਾਰਾਂ ਵਿਚ ਮੇਰੀ ਠੁੱਕ ਬੱਝ ਗਈ| ਪਰ ਆਰਥਿਕ ਕਮਜ਼ੋਰੀ ਮੇਰੀ ਲਿਆਕਤ ਸਾਹਮਣੇ ਜਿਸ ਤਰ੍ਹਾਂ ਪਹਾੜ ਬਣ ਕੇ ਆ ਖੜ੍ਹੀ ਹੋਈ, ਉਸ ਕਾਰਨ ਭਰਾ ਨੇ ਮੈਨੂੰ ਪ੍ਰਾਈਵੇਟ ਗਿਆਨੀ ਕਰਨ ਲਈ ਕਹਿ ਦਿੱਤਾ|
    ਟਿਊਸ਼ਨਾਂ ਕਰਨ ਦਾ ਸਿਲਸਿਲਾ ਤਾਂ ਮੈਂ ਮੈਟ੍ਰਿਕ ਦੇ ਇਮਤਿਹਾਨ ਦੇਣ ਪਿੱਛੋਂ ਹੀ ਸ਼ੁਰੂ ਕਰ ਦਿੱਤਾ ਸੀ| ਪਹਿਲੀ ਟਿਊਸ਼ਨ ਇਕ 10ਵੀਂ ਦੇ ਮੁੰਡੇ ਦੀ ਸੀ| ਮੈਂ ਉਸ ਨੂੰ ਘਰੇ ਜਾ ਕੇ ਪੜ੍ਹਾਉਂਦਾ| ਉਸ ਦਾ ਮੈਥ ਵੀ ਢਿੱਲਾ ਸੀ ਤੇ ਅੰਗਰੇਜ਼ੀ ਵੀ| ਕਈ ਕਈ ਵਾਰ ਸਮਝਾਉਣ 'ਤੇ ਵੀ ਉਸ ਦੇ ਕੱਖ ਪੱਲੇ ਨਾ ਪੈਂਦਾ| ਸਮਝਾ ਸਮਝਾ ਕੇ ਮੈਂ ਅੱਕ-ਥੱਕ ਜਾਂਦਾ| ਸੋਚਦਾ ਕਿ ਇਹ ਟਿਊਸ਼ਨ ਛੱਡ ਦੇਵਾਂ| ਪਰ ਦਸ ਰੁਪਏ ਮਹੀਨੇ ਦੇ ਲਾਲਚ ਕਾਰਨ ਮੈਂ ਦੋ ਮਹੀਨੇ ਉਸ ਨਾਲ ਮੱਥਾ-ਪੱਚੀ ਕਰਦਾ ਰਿਹਾ|

    26 ਜੂਨ ਦਾ ਭੈਣ ਤਾਰਾ ਦਾ ਵਿਆਹ ਟਿਕ ਗਿਆ| ਰਿਸ਼ਤਾ ਰਾਮਪੁਰੇ ਵਾਲੀ ਭੈਣ ਸੀਤਾ ਨੇ ਕਰਵਾਇਆ ਸੀ| ਉਸ ਦਾ ਸਹੁਰਾ ਤੇ ਮੇਰਾ ਮਾਸੜ ਜੁਆਲਾ ਪ੍ਰਸ਼ਾਦ ਇਹ ਰਿਸ਼ਤਾ ਕਰਵਾ ਕੇ ਇਉਂ ਸਮਝਦਾ ਸੀ ਜਿਵੇਂ ਉਸ ਨੇ ਕੋਈ ਬਹੁਤ ਵੱਡੀ ਮੱਲ ਮਾਰ ਲਈ ਹੋਵੇ| ਏਡੇ ਵੱਡੇ ਘਰ ਨਾਲ ਮੱਥਾ ਲਾਉਣਾ ਸਾਡੇ ਵਸ ਦੀ ਗੱਲ ਨਹੀਂ ਸੀ| ਪਤਾ ਨਹੀਂ ਇਹ ਮੇਰੀ ਭੈਣ ਸੀਤਾ ਦੀ ਨਿਮਰਤਾ ਸੀ ਜਾਂ ਮਾਸੜ ਜੁਆਲਾ ਪ੍ਰਸ਼ਾਦ ਦੀ ਕੀਤੀ ਮੇਰੀ ਸੇਵਾ ਤੇ ਜਾਂ ਫਿਰ ਕਹਿ ਲਵੋ ਭੈਣ ਤਾਰਾ ਦੇ ਸੰਜੋਗ, ਪੱਲੇ ਕੌਡੀ ਨਾ ਹੋਣ ਦੇ ਬਾਵਜੂਦ ਵੀ ਵਿਆਹ ਤੈਅ ਹੋ ਗਿਆ| ਆਪ ਡੀ.ਏ.ਵੀ.ਕਾਲਜ, ਜਲੰਧਰ ਦਾ ਗ੍ਰੈਜੂਏਟ ਹੋਣ ਕਾਰਨ ਮਦਨ ਲਾਲ ਪੜ੍ਹੀ-ਲਿਖੀ, ਸੋਹਣੀ ਕੁੜੀ ਚਾਹੁੰਦਾ ਸੀ| ਉਸ ਦੀ ਮੰਗ ਸਾਹਮਣੇ ਉਸ ਦੇ ਮਾਪਿਆਂ ਨੂੰ ਝੁਕਣਾ ਪਿਆ| 40-50 ਹਜ਼ਾਰ ਰੁਪਏ ਲਾਉਣ ਵਾਲੇ ਰਿਸ਼ਤੇ ਛੱਡ ਕੇ ਸਾਡੀ ਗੱਲ ਦਸ ਹਜ਼ਾਰ ਵਿਚ ਬਣ ਗਈ|
    ਮਾਂ ਤੇ ਭਰਾ ਤਾਂ ਚਿੰਤਾਤੁਰ ਹੋਣੇ ਹੀ ਸਨ, ਮੇਰੀ ਚਿੰਤਾ ਵੀ ਉਹਨਾਂ ਨਾਲੋਂ ਕੋਈ ਘੱਟ ਨਹੀਂ ਸੀ| ਮੈਂ ਓਦੋਂ ਤੱਕ ਕਬੀਲਦਾਰੀ ਦੇ ਸਾਰੇ ਜੰਜਾਲ ਤੋਂ ਵਾਕਫ ਵੀ ਹੋ ਚੁੱਕਿਆ ਸੀ| ਕਰਨਾ ਤਾਂ ਸਭ ਕੁਝ ਭਰਾ ਨੇ ਹੀ ਸੀ| ਸੋ ਦਸ ਹਜ਼ਾਰ ਵਿਚੋਂ ਪਹਿਲੀ ਵੱਡੀ ਰਕਮ ਤਪੇ ਵਾਲੀ ਹੱਟ ਪੰਜ ਹਜ਼ਾਰ ਰੁਪਏ ਵਿਚ ਬਾਬੂ ਰਾਮ ਸੁਨਿਆਰ ਕੋਲ ਗਹਿਣੇ ਰੱਖ ਕੇ ਹਾਸਲ ਕੀਤੀ| ਕੁਝ ਹੋਰ ਰਕਮ ਘਰ ਵਿਚ ਪਈ ਚਾਂਦੀ ਨੂੰ ਤੱਕੜੀ ਨਾਲ ਤੋਲ ਕੇ ਭਰਾ ਨੇ ਆਪਣੇ ਸਰਾਫ ਸਾਲੇ ਕੋਲੋਂ ਹਾਸਲ ਕੀਤੀ| ਘੋੜੀ ਦਾ ਚਾਂਦੀ ਦਾ ਸਾਜ, ਚਾਂਦੀ ਦਾ ਹੁੱਕਾ, ਚਾਂਦੀ ਦਾ ਵੱਡਾ ਗੜਵਾ, ਚਾਂਦੀ ਦੇ ਗਲਾਸ, ਥਾਲੀਆਂ, ਕੌਲੀਆਂ, ਚਮਚੇ---ਸਭ ਵਿਆਹ ਦੇ ਲੇਖੇ ਲੱਗ ਗਏ| ਇਹ ਗੱਲ ਮੇਰੀ ਮਾਂ ਨੂੰ ਪਤਾ ਸੀ, ਭਰਾ ਨੂੰ ਵੀ ਤੇ ਮੈਨੂੰ ਵੀ ਕਿ ਤਪੇ ਦੇ ਵੱਡੇ ਵੱਡੇ ਸ਼ਾਹੂਕਾਰ ਜਿਹੜੇ ਮੁੰਡੇ ਦੀ ਘੋੜੀ ਸਮੇਂ ਚਾਂਦੀ ਦਾ ਸਾਜ ਤੇ ਚਾਂਦੀ ਦਾ ਹੁੱਕਾ ਸਾਥੋਂ ਮੰਗਣ ਆਉਂਦੇ ਸਨ, ਉਹਨਾਂ ਨੂੰ ਜਵਾਬ ਦੇਣ ਸਮੇਂ ਸਾਨੂੰ ਕਿੰਨੀ ਨਮੋਸ਼ੀ ਹੋਵੇਗੀ, ਪਰ ਮਜਬੂਰੀ ਸੀ| ਮਜਬੂਰੀ ਵਿਚ ਹੀ ਮਾਂ ਨੂੰ ਆਪਣੇ ਕੰਨਾਂ ਦੇ ਸੋਨੇ ਦੇ ਢਾਈ-ਤਿੰਨ ਤੋਲੇ ਦੇ ਤੁੰਗਲ ਵੀ ਲਾਹ ਕੇ ਦੇਣੇ ਪਏ| ਹੁਣ ਉਸ ਦੇ ਕੰਨਾਂ ਵਿਚ ਘਰ ਦੀ ਇੱਜ਼ਤ ਨੂੰ ਬਣਾਈ ਰੱਖਣ ਵਾਸਤੇ ਤੁੰਗਲ ਤਾਂ ਪਾ ਦਿੱਤੇ ਗਏ ਪਰ ਉਹ ਚਾਂਦੀ ਦੇ ਸਨ, ਸੋਨੇ ਦੀ ਝੋਲ ਵਾਲੇ| ਇਹ ਸਭ ਕੁਝ ਕਰਨ ਦੇ ਬਾਵਜੂਦ ਵੀ ਦਸ ਹਜ਼ਾਰ ਰੁਪਿਆ ਪੂਰਾ ਨਹੀਂ ਸੀ ਹੋਇਆ| ਮਾਸੜ ਜੁਆਲਾ ਪ੍ਰਸ਼ਾਦ ਨੇ ਬਿਨਾਂ ਮੰਗਣ ਤੋਂ ਆਪ ਹੀ ਦੋ ਹਜ਼ਾਰ ਰੁਪਏ ਮੇਰੇ ਭਣੋਈਏ ਮੋਹਨ ਲਾਲ ਦੇ ਹੱਥ ਭੇਜ ਦਿੱਤੇ|
    ਬੀ.ਏ. ਪੜ੍ਹੀ, ਸੋਹਣੀ ਸੁਨੱਖੀ ਤਾਰਾ ਦੀ ਸ਼ਾਦੀ ਵਿਚ ਕੀਤੀ ਸੇਵਾ ਨੂੰ ਬਾਲਿਆਂਵਾਲੀ ਵਾਲੇ ਮੰਨ ਗਏ| ਸਤਾਰਾਂ ਤੋਲੇ ਸੋਨਾ, ਵਧੀਆ ਘੜੀ, ਰੇਡੀਓ, ਸਾਈਕਲ, ਬਾਲਟੀ ਸੈੱਟ, ਇੱਕੀ ਤਿਉਰ ਕੁੜੀ ਦੇ ਤੇ ਸਤਾਰਾਂ ਸੱਸ ਦੇ, ਹੋਰ ਨਿੱਕੇ-ਮੋਟੇ ਤੋਹਫਿਆਂ ਦੀ ਕੋਈ ਕਮੀ ਨਹੀਂ ਸੀ| ਖੱਟ ਉਤੇ ਜਦੋਂ ਮਦਨ ਲਾਲ ਦੇ ਗੁੱਟ ਉਤੇ ਸੋਨੇ ਦੀ ਚੇਨ ਵਾਲੀ ਘੜੀ ਤਾਇਆ ਮਥਰਾ ਦਾਸ ਨੇ ਬੰਨ੍ਹੀ ਤੇ ਭਰਾ ਨੇ ਪਾਰਕਰ ਦਾ ਸੋਨੇ ਦੇ ਨਿਬ ਵਾਲਾ ਪੈੱਨ ਜੇਬ 'ਤੇ ਲਾਇਆ ਤਾਂ ਮੁੰਡੇ ਦਾ ਪਿਓ ਦੇਸ ਰਾਜ ਬੜਾਖੁਸ਼ ਸੀ|

    "ਪੜ੍ਹੇ ਲਿਖੇ ਐ ਬਈ, ਸਭ ਪੜ੍ਹੇ ਲਿਖਿਆਂ ਵਾਲੇ ਕੰਮ ਕਰ ਰਹੇ ਐ|'' ਲਾਲਾ ਦੇਸ ਰਾਜ ਕਹਿ ਰਿਹਾ ਸੀ|

    ਖੱਟ 'ਤੇ ਝੋਲੀ ਵਿਚ ਦਾਤ ਪੁਆ ਕੇ ਪ੍ਰਾਹੁਣੇ ਦੇ ਦਾਦੇ ਦਾ ਚਾਅ ਚੱਕਿਆ ਨਹੀਂ ਸੀ ਜਾਂਦਾ| ਉਹਨਾਂ ਦੇ ਮੁੰਡਿਆਂ ਦਾ ਪਹਿਲਾਂ ਮੁੱਲ ਤਾਂ ਬਹੁਤ ਵੱਟਿਆ ਗਿਆ ਹੋਊ ਪਰ ਜਿਸ ਖੁਬਸੂਰਤੀ ਨਾਲ ਬਰਾਤ ਦੀ ਸੇਵਾ ਹੋਈ ਤੇ ਵਿਆਹ ਵਿਚ ਜਿਹੜੇ ਸ਼ਗਨ ਹੋਏ, ਇਸ ਨੇ ਮੁੰਡੇ ਵਾਲਿਆਂ ਦੇ ਦਿਲ ਵਿਚ ਸਾਡੀ ਇੱਜ਼ਤ ਦੁੱਗਣੀ-ਚੌਗੁਣੀ ਕਰ ਦਿੱਤੀ ਸੀ| ਵਿਆਹ ਦੀ ਯੋਜਨਾਬੰਦੀ ਸਭ ਭਰਾ ਦੇ ਹੱਥ ਵਿਚ ਸੀ ਤੇ ਬਾਹਰਲਾ ਕੰਮ ਮੇਰੇ ਹੱਥ| ਘਰ ਦਾ ਸਾਰਾ ਕੰਮ ਮਾਂ, ਭਾਬੀ ਤੇ ਭੈਣ ਸੀਤਾ, ਕਾਂਤਾ ਤੇ ਤਾਰਾ ਦੇ ਹੱਥ ਸੀ| ਓਦੋਂ ਸਭ ਕੁਝ ਰੈਡੀਮੇਡ ਨਹੀਂ ਸੀ ਮਿਲਦਾ| ਆਟੇ, ਬੇਸਣ ਤੋਂ ਲੈ ਕੇ ਲੂਣ-ਮਿਰਚ-ਮਸਾਲੇ ਤੱਕ ਸਭ ਘਰ ਵਿਚ ਚੁਗ-ਚੁਗਾ ਕੇ ਪਿਹਾਏ ਜਾਂਦੇ| ਕੋਇਲੇ ਦੀਆਂ ਭੱਠੀਆਂ ਹੁੰਦੀਆਂ| ਕੁੜੀ ਦੇ ਵਿਆਹ ਲਈ ਇਕ ਹਫਤਾ ਪਹਿਲਾਂ ਹਲਵਾਈ ਬਠਾਇਆ ਜਾਂਦਾ| ਰਿਸ਼ਤੇਦਾਰਾਂ ਤੋਂ ਬਿਨਾਂ ਜਿੰਨ੍ਹਾਂ ਦਾ ਵੀ ਵਿਆਹ ਵਿਚ ਸ਼ਗਨ ਆਉਂਦਾ, ਸਭ ਦੇ ਘਰ ਸੇਰ ਸੇਰ ਪੱਕੀ ਮਠਿਆਈ ਪਹੁੰਚਾਈ ਜਾਂਦੀ|

    ਵਿਆਹ ਦੇ ਕੰਮਾਂ ਲਈ ਮੈਂ15 ਦਿਨ ਨੰਗੇ ਪੈਰੀਂ ਫਿਰਦਾ ਰਿਹਾ| ਜੇਠ ਦੀ ਧੁੱਪ ਵਿਚ ਬਜ਼ਾਰ ਦੇ 10-15 ਗੇੜੇ ਲਗਦੇ| ਜੁੱਤੀ ਪਾਉਣੀ ਜਿਵੇਂ ਭੁੱਲ ਹੀ ਗਿਆ ਹੋਵਾਂ| ਕਹਿੰਦੇ ਨੇ ਜੇਠ ਦੀਆਂ ਧੁੱਪਾਂ ਤੋਂ ਡਰਦੇ ਮਾਰੇ ਜੱਟ ਸਾਧ ਬਣ ਜਾਂਦੇ ਨੇ ਪਰ ਬਾਣੀਆਂ ਦਾ ਇਹ ਕਮਜ਼ੋਰਾ ਜਿਹਾ ਮੁੰਡਾ ਆਪਣੇ ਪਿਉ ਦੀ ਕਬੀਲਦਾਰੀ ਕਿਉਂਟਣ ਲਈ ਵੱਡੇ ਭਰਾ ਨਾਲ ਜਿੰਨਾ ਕੁ ਹੱਥ ਵਟਾ ਸਕਦਾ ਸੀ, ਉਸ ਵਿਚ ਉਸ ਨੇ ਨਾ ਧੁੱਪ ਦੇਖੀ, ਨਾ ਛਾਂ|
    ਤਾਰਾ ਦੇ ਰਾਮਪੁਰਾ ਫੂਲ ਮਾਸੜ ਜੁਆਲਾ ਪ੍ਰਸ਼ਾਦ ਦੀ ਵਿਚੋਲਗੀ ਨਾਲ ਵਿਆਹੇ ਜਾਣ ਦਾ ਸਾਨੂੰ ਇਕ ਆਰਜ਼ੀ ਲਾਭ ਵੀ ਹੋਇਆ ਸੀ| ਭੈਣ ਸੀਤਾ ਦਾ ਪ੍ਰਾਹੁਣਾ ਮੋਹਨ ਲਾਲ ਜਿਹੜਾ 1952 ਵਿਚ ਭੈਣ ਕਾਂਤਾ ਦੇ ਵਿਆਹ ਵੇਲੇ ਮਿੰਨਤ ਕਰਕੇ ਲਿਆਂਦਾ ਗਿਆ ਸੀ ਤੇ ਭੈਣ ਸੀਤਾ ਨੂੰ ਭੇਜੀ ਮਠਿਆਈ ਦਾ ਵੱਡਾ ਟੋਕਰਾ ਜੁਆਲਾ ਪ੍ਰਸ਼ਾਦ ਦੇ ਪਰਿਵਾਰ ਨੇ ਮੇਰੇ ਚਾਚੇ ਕੁਲਵੰਤ ਰਾਏ ਅਤੇ ਸਾਡੇ ਅਤਿ ਨਜ਼ਦੀਕੀ ਅਮਰ ਨਾਥ ਕੋਟਲੇ ਵਾਲੇ ਦੀਆਂ ਖੁਸ਼ਾਮਦਾਂ ਦੇ ਬਾਵਜੂਦ ਵੀ ਨਹੀਂ ਸੀ ਰੱਖਿਆ, ਹੁਣ ਤਾਰਾ ਦੇ ਵਿਆਹ ਵਿਚ ਉਹਨਾਂ ਦੇ ਸਾਰੇ ਟੱਬਰ ਦਾ ਰੋਲ ਬੜਾ ਖੁਸ਼ਗਵਾਰ ਸੀ| ਭੈਣ ਸੀਤਾ ਦਾ ਤਪਦਿਕ ਦਾ ਰੋਗ ਭਾਵੇਂ ਅੰਦਰੋ-ਅੰਦਰੀ ਤਾਂ ਵਧ ਰਿਹਾ ਸੀ ਪਰ ਤਾਰਾ ਦੇ ਵਿਆਹ ਕਾਰਨ ਉਹ ਬੜੀ ਹੌਸਲੇ ਵਿਚ ਸੀ| ਵਿਆਹ ਦੇ ਲੈਣ ਦੇਣ ਤੇ ਉਸ ਪਿੱਛੋਂ ਦੇ ਹੋਰ ਕੰਮਾਂ-ਕਾਰਾਂ ਵਿਚ ਜੁਲਾਈ ਮਹੀਨਾ ਵੀ ਲੰਘ ਗਿਆ| ਜਦੋਂ ਮੇਰੇ ਪੜ੍ਹਨ ਦੀ ਗੱਲ ਚਲਦੀ ਤਾਂ ਸੂਈ ਗਿਆਨੀ ਕਰਨ 'ਤੇ ਹੀ ਆ ਕੇ ਅਟਕ ਜਾਂਦੀ| ਸ਼ਾਇਦ ਮੋਹਨ ਲਾਲ ਨੇ ਹੀ ਗੁਰਬਚਨ ਸਿੰਘ ਤਾਂਘੀ ਨਾਲ ਮੇਰੇ ਦਾਖਲੇ ਦੀ ਗੱਲ ਕੀਤੀ ਸੀ| ਇਮਤਿਹਾਨ ਵਿਚ ਮਸਾਂ ਢਾਈ ਮਹੀਨੇ ਰਹਿੰਦੇ ਸਨ| ਉਹਨਾਂ ਦਿਨਾਂ ਵਿਚ ਤਾਂਘੀ ਦਾ ਰਾਮਪੁਰਾ ਫੂਲ ਵਿਚ "ਮਾਲਵਾ ਗਿਆਨੀ ਕਾਲਜ' ੂਂਬ ਚਲਦਾ ਸੀ| ਮੈਟ੍ਰਿਕ ਵਿਚੋਂ ਮੇਰੇ ਨੰਬਰਾਂ ਦਾ ਪਤਾ ਲੱਗਣ ਉਤੇ ਤਾਂਘੀ ਨੇ ਆਪ ਮੇਰੇ ਭਰਾ ਨੂੰ ਮੋਹਨ ਲਾਲ ਰਾਹੀਂ ਮੈਨੂੰ ਦੀਂਲ ਕਰਾਉਣ ਦਾ ਸੁਨੇਹਾ ਭੇਜਿਆ ਸੀ| ਉਹ ਉਹਨਾਂ ਦਿਨਾਂ ਵਿਚ 6 ਮਹੀਨਿਆਂ ਦੀ ਫੀਸ 60 ਰੁਪਏ ਲੈਂਦਾ ਹੁੰਦਾ ਸੀ ਤੇ ਤਿੰਨ ਰੁਪਏ ਯੂਨੀਵਰਸਿਟੀ ਇਮਤਿਹਾਨ ਤੋਂ ਪਹਿਲਾਂ ਲੈਣ ਵਾਲੇ ਆਪਣੇ ਟੈਸਟ ਦੇ| ਮੇਰੇ ਭਰਾ ਤੇ ਮੈਨੂੰ ਉਮੀਦ ਸੀ ਕਿ ਮੋਹਨ ਲਾਲ ਦੀ ਕਿਤਾਬਾਂ ਦੀ ਦੁਕਾਨ ਕਾਰਨ ਤਾਂਘੀ ਨਾਲ ਪਈ ਲਿਹਾਜ਼ ਅਤੇ ਮੇਰੇ ਪੜ੍ਹਨ ਵਿਚ ਲਾਇਕ ਹੋਣ ਕਾਰਨ ਉਹ ਸਾਥੋਂ ਫੀਸ ਨਹੀਂ ਲਵੇਗਾ| ਤਪਾ ਮੰਡੀ ਤੋਂ ਰਾਮਪੁਰਾ ਫੂਲ ਨੂੰ ਓਦੋਂ ਬਸ ਤਾਂ ਕੋਈ ਜਾਂਦੀ ਨਹੀਂ ਸੀ, ਰੇਲ ਗੱਡੀ ਜਾਂਦੀ ਸੀ ਪਰ ਗਿਆਨੀ ਦੀ ਕਲਾਸ ਲੱਗਣ ਤੋਂ ਘੰਟਾ ਪਹਿਲਾਂ ਦੁਪਹਿਰ ਦੀ ਗੱਡੀ ਪਹੁੰਚ ਜਾਂਦੀ| ਵਾਪਸੀ ਵਾਲੀ ਗੱਡੀ ਜਿਸ ਨੂੰ ਅਸੀਂ ਉਹਨਾਂ ਦਿਨਾਂ ਵਿਚ ਚਾਰ ਵਜੇ ਵਾਲੀ ਗੱਡੀ ਕਹਿੰਦੇ ਸਾਂ, ਮੈਨੂੰ ਭੱਜ ਕੇ ਫੜਨੀ ਪੈਂਦੀ| ਗੱਡੀ ਦਾ ਤਿੰਨ ਮਹੀਨਿਆਂ ਦਾ ਪਾਸ ਸ਼ਾਇਦ 15 ਰੁਪਏ ਵਿਚ ਬਣ ਗਿਆ ਸੀ| ਮੈਂ ਆਪਣੀਆਂ ਦੋਵਾਂ ਭੈਣਾਂ ਵਿਚੋਂ ਕਿਸੇ ਦੇ ਵੀ ਘਰ ਜਾ ਕੇ ਰਾਜ਼ੀ ਨਹੀਂ ਸੀ| ਤਾਰਾ ਦੇ ਘਰ ਤਾਂ ਇਸ ਲਈ ਨਹੀਂ ਸੀ ਜਾਂਦਾ, ਕਿਉਂਕਿ ਇਹ ਨਵੀਂ ਨਵੀਂ ਰਿਸ਼ਤੇਦਾਰੀ ਸੀ ਤੇ ਮੇਰੇ ਕੋਲ ਚੱਜ ਦੇ ਕੱਪੜੇ ਨਹੀਂ ਸਨ| ਫੇਰ ਵੀ ਤਿੰਨ ਵਾਰ ਭੈਣ ਸੀਤਾ ਤੇ ਦੋ ਵਾਰ ਭੈਣ ਤਾਰਾ ਦੇ ਘਰ ਜਾ ਹੀ ਆਇਆ ਸੀ| ਪਰ ਇਮਤਿਹਾਨਾਂ ਤੋਂ ਪਹਿਲਾਂ ਦੋ ਅਜਿਹੀਆਂ ਘਟਨਾਵਾਂ ਵਾਪਰ ਗਈਆਂ, ਜਿਹੜੀਆਂ ਦੋਵੇਂ ਹੀ ਮੇਰੇ ਲਈ ਵੱਡੀਆਂ ਸਨ| ਪਹਿਲੀ ਇਹ ਕਿ ਤਾਂਘੀ ਪਤਾ ਨਹੀਂ ਕਿਹੜੇ ਵੇਲੇ ਮੇਰੀ ਫੀਸ ਦੇ 63 ਰੁਪਏ ਮੋਹਨ ਲਾਲ ਤੋਂ ਫੜ ਕੇ ਲੈ ਗਿਆ ਸੀ| ਦੂਜੀ ਗੱਲ ਇਸ ਤੋਂ ਬਹੁਤ ਵੱਡੀ ਸੀ| ਮੋਹਨ ਲਾਲ ਨੇ ਤਾਰਾ ਦੇ ਵਿਆਹ ਵਿਚ ਦਿੱਤੇ ਪੈਸੇ ਦੇਣ ਲਈ ਜਿਵੇਂ ਮੈਨੂੰ ਧਮਕੀ ਦਿੱਤੀ :
    ""ਓਦੋਂ ਵੀ ਦਿਓਂਗੇ ਹੀ ਜਦੋਂ ਲਾਲੇ ਨੇ ਲਾਹ ਪਾਹ ਕੀਤੀ| ਮੇਰਾ ਨਾਂ ਤਾਂ ਲਈਂ ਨਾ ਪਰ ਗੋਇਲ ਸਾਹਬ ਨੂੰ ਆਖੀਂ, ਪੈਸੇ ਭੇਜ ਦੇਵੇ|'' ਮੇਰਾ ਖਿਆਲ ਐ, ਇਹ ਗੱਲ ਮੋਹਨ ਲਾਲ ਨੇ ਆਪਣੇ ਪਿਉ ਨਾਲ ਕੀਤੇ ਬਗੈਰ ਹੀ ਮੈਨੂੰ ਕਹਿ ਦਿੱਤੀ ਸੀ| ਮਾਸੜ ਦਾ ਸਲੂਕ ਤਾਂ ਮੇਰੇ ਨਾਲ ਬਹੁਤ ਹੀ ਚੰਗਾ ਸੀ| ਉਹ ਤਾਂ ਮੈਨੂੰ ਬਹੁਤ ਮੋਹ ਨਾਲ ਬੁਲਾਉਂਦਾ ਹੁੰਦਾ ਸੀ| ਜਦੋਂ ਮੈਂ ਘਰ ਜਾਂਦਾ ਤਾਂ ਕਈ ਵਾਰ ਮਾਸੜ ਦਾ ਸਿਰ ਝਸਦਾ| ਉਹ ਮੇਰੀ ਬੜੀ ਤਾਰੀਫ ਕਰਦਾ| ਇਸ ਸਭ ਕੁਝ ਦੇ ਬਾਵਜੂਦ ਤਾਂਘੀ ਦੀ ਚਲਾਕੀ ਤੇ ਮੋਹਨ ਲਾਲ ਦੀ ਧਮਕੀ ਨੇ ਮੈਨੂੰ ਏਨਾ ਪ੍ਰੇਸ਼ਾਨ ਕੀਤਾ ਕਿ ਜੀਅ ਕਰੇ ਗੱਡੀ ਹੇਠ ਆ ਕੇ ਮਰ ਜਾਵਾਂ| ਇਕ ਵਾਰ ਇਸ ਤਰ੍ਹਾਂ ਦਾ ਮਨ ਵੀ ਬਣਾ ਲਿਆ ਸੀ ਪਰ ਫੇਰ ਤਾਂਘੀ ਦੀ ਕਹੀ ਇਹ ਗੱਲ ਯਾਦ ਆਈ :
    ""ਫਸਟ ਆਏਂਗਾ, ਵੇਖ ਲਈਂ ਫਸਟ|'' ਇਸ ਗੱਲ ਨੇ ਮੈਨੂੰ ਖੁਦਕਸ਼ੀ ਤੋਂ ਤਾਂ ਰੋਕ ਲਿਆ ਪਰ ਤਾਂਘੀ ਪ੍ਰਤਿ ਮੇਰੇ ਅੰਦਰ ਗੁਰੂ ਵਾਲੇ ਸਤਿਕਾਰ ਦਾ ਕੋਈ ਖਾਨਾ ਨਾ ਖੁੱਲ੍ਹ ਸਕਿਆ|
    ਭਾਵੇਂ ਅੱਧਾ ਸਿਲੇਬਸ ਮੇਰੇ ਲੱਗਣ ਤੋਂ ਪਹਿਲਾਂ ਤਾਂਘੀ ਸਾਹਿਬ ਨੇ ਪੂਰਾ ਕਰਵਾ ਦਿੱਤਾ ਸੀ ਪਰ ਮੈਨੂੰ ਇਸ ਨਾਲ ਕੋਈ ਬਹੁਤਾ ਫਰਕ ਨਹੀਂ ਸੀ ਪਿਆ| ਮੈਂ ਆਪ ਕਿਤਾਬਾਂ ਦੇ ਮੁੱਖ ਬੰਦ ਅਤੇ ਗਾਈਡ ਪੜ੍ਹ ਕੇ ਸਾਰਾ ਸਿਲੇਬਸ ਪੂਰਾ ਕਰ ਲਿਆ ਸੀ| ਕੁਝ ਨੋਟਸ ਮੈਂ ਪਹਿਲਾਂ ਪੜ੍ਹਦੇ ਮੁੰਡਿਆਂ ਤੋਂ ਲੈ ਕੇ ਲਿਖ ਲਏ ਸਨ| ਪੰਜਾਬੀ ਦੇ ਸਭ ਵੱਡੇ ਸਾਹਿਤਕਾਰਾਂ ਬਾਰੇ ਜਾਣਕਾਰੀ ਪਹਿਲੀ ਵਾਰ ਮੈਨੂੰ ਗਿਆਨੀ ਵਿਚ ਪੜ੍ਹੇ ਸਿਲੇਬਸ ਤੋਂ ਹੀ ਹੋਈ ਸੀ|
    ਗਿਆਨੀ ਵਿਚ ਲੱਗੀਆਂ ਪੁਸਤਕਾਂ ਜਦ ਹੁਣ ਕਦੇ ਮੈਨੂੰ ਯਾਦ ਆਉਂਦੀਆਂ ਹਨ ਤਾਂ ਮੈਨੂੰ ਅਜੀਬ ਜਿਹਾ ਆਨੰਦ ਆਉਂਦਾ ਹੈ| ਜਿਹੜੇ ਲੇਖਕਾਂ ਬਾਰੇ ਮੈਂ ਇਹ ਸੋਚਦਾ ਸੀ ਕਿ ਇਹ ਬੰਦੇ ਕਿਹੋ ਜਿਹੇ ਹੋਣਗੇ, ਕਿਸ ਤਰ੍ਹਾਂ ਰਹਿੰਦੇ ਹੋਣਗੇ ਤੇ ਕਿਵੇਂ ਖਾਂਦੇ ਪੀਂਦੇ ਹੋਣਗੇ? ਹੁਣ ਉਹਨਾਂ ਵਿਚੋਂ ਬਹੁਤਿਆਂ ਨੂੰ ਮੈਂ ਬਹੁਤ ਨੇੜੇ ਹੋ ਕੇ ਤੱਕਿਆ ਹੈ| ਬਹੁਤਿਆਂ ਨਾਲ ਘਰ ਵਾਲਾ ਵਾਸਤਾ ਹੈ| ਮੈਨੂੰ ਇਹ ਸਭ ਕੁਝ ਹੁਣ ਵੱਡੀ ਪ੍ਰਾਪਤੀ ਜਾਪਦੀ ਹੈ|

    ਗਿਆਨੀ ਦੇ ਇਮਤਿਹਾਨ ਲਈ ਸੈਂਟਰ ਐੱਸ.ਡੀ. ਹਾਈ ਸਕੂਲ ਬਠਿੰਡਾ ਸੀ| ਦੋ ਕੁ ਹਫਤਿਆਂ ਵਿਚ ਪੇਪਰ ਮੁੱਕ ਜਾਣੇ ਸਨ| ਮਾਲੇਰਕੋਟਲੇ ਵਾਲੇ ਜੀਜਾ ਜੀ ਗੁੱਜਰ ਲਾਲ ਦੀ ਮਾਸੀ ਦੀਆਂ ਦੋ ਧੀਆਂ ਉਥੇ ਰਹਿੰਦੀਆਂ ਸਨ| ਇਕ ਸਾਡੇ ਵਰਗੇ ਦਰਮਿਆਨੇ ਤਬਕੇ ਵਿਚ ਤੇ ਦੂਜੀ ਇਕ ਵੱਡੇ ਵਪਾਰੀ ਨੂੰ ਵਿਆਹੀ ਹੋਈ ਸੀ| ਭੋਜ ਰਾਜ ਥੋਕ ਕੱਪੜੇ ਦਾ ਵਪਾਰੀ ਸੀ| ਮੇਰੀ ਭੈਣ ਕਾਂਤਾ ਦੇ ਕਹਿਣ 'ਤੇ ਮੈਂ ਸਾਡੇ ਵਰਗੇ ਹੀ ਜੀਜਾ ਜੀ ਦੇ ਭਣੋਈਏ ਸ਼ਾਂਤੀ ਸਰੂਪ ਦੇ ਘਰ ਚਲਾ ਗਿਆ| ਉਹਨੇ ਮੈਨੂੰ ਆਪਣੇ ਪੁੱਤਾਂ ਵਾਂਗੂੰ ਰੱਖਿਆ| ਪੜ੍ਹਨ ਲਈ ਮੈਨੂੰ ਇਕ ਚੁਬਾਰਾ ਦੇ ਦਿੱਤਾ| ਪਹਿਲੇ ਦਿਨ ਜਦੋਂ ਪਰਚਾ ਦੇਣ ਗਿਆ ਤਾਂ ਸ਼ਗਨ ਵਜੋਂ ਮੇਰੇ ਲਈ ਦਹੀਂ ਚੌਲ ਬਣਾਏ ਗਏ| ਪਹਿਲਾ ਪਰਚਾ ਬਹੁਤ ਵਧੀਆ ਹੋ ਗਿਆ ਸੀ| ਪਰ ਮੇਰੇ ਪੜ੍ਹਨ ਸਮੇਂ ਜਿਹੜੀਆਂ ਗੱਲਾਂ ਮੈਨੂੰ ਅੰਦਰੋ-ਅੰਦਰੀ ਤੰਗ ਕਰਦੀਆਂ, ਉਹ ਸਨ ਮੋਹਨ ਲਾਲ ਦੀ ਲਾਹ ਪਾਹ ਕਰਨ ਵਾਲੀ ਤੇ ਜਾਂ ਫੇਰ ਤਾਂਘੀ ਸਾਹਿਬ ਦੇ ਮੋਹਨ ਲਾਲ ਤੋਂ ਮੇਰੀ ਫੀਸ ਦੇ 63 ਰੁਪਏ ਲਿਆਉਣ ਵਾਲੀ ਗੱਲ| ਜਦੋਂ ਵੀ ਇਹਨਾਂ ਵਿਚੋਂ ਕੋਈ ਗੱਲ ਮੇਰੇ ਦਿਮਾਗ ਵਿਚ ਆ ਬੈਠਦੀ, ਮੈਂ ਕਿਤਾਬਾਂ ਕਾਪੀਆਂ ਬੰਦ ਕਰਕੇ ਰੱਖ ਦਿੰਦਾ| ਮੋਹਨ ਲਾਲ ਦੇ ਸੁਭਾ ਤੋਂ ਤਾਂ ਮੈਂ ਪਹਿਲਾਂ ਹੀ ਵਾਕਫ ਸੀ| ਇਸ ਲਈ ਉਹ ਗੱਲ ਮੈਨੂੰ ਘੱਟ ਚੁਭਦੀ ਸੀ, ਪਰ ਤਾਂਘੀ ਸਾਹਿਬ ਦਾ ਵਤੀਰਾ ਮੇਰੇ ਦਿਲ ਦਿਮਾਗ 'ਤੇ ਜਦੋਂ ਛਾ ਜਾਂਦਾ ਤਾਂ ਮੈਂ ਬੜਾ ਦੁਖੀ ਹੁੰਦਾ| ਕਾਰਨ ਇਹ ਸੀ ਕਿ ਤਾਂਘੀ ਨੇ ਖੁਦ ਅਪ੍ਰੈਲ ਵਿਚ ਐਫ.ਏ. ਅੰਗਰੇਜ਼ੀ ਦਾ ਇਮਤਿਹਾਨ ਦੇਣਾ ਸੀ| ਅੰਗਰੇਜ਼ੀ ਉਸ ਦੀ ਬਹੁਤ ਢਿੱਲੀ ਸੀ| ਮੇਰੀ ਅੰਗਰੇਜ਼ੀ ਬਾਰੇ ਮੇਰੇ ਭਰਾ ਨੇ ਉਸ ਨੂੰ ਸਭ ਕੁਝ ਦੱਸਿਆ ਹੋਇਆ ਸੀ, ਜਿਸ ਕਾਰਨ ਉਹ ਮੈਥੋਂ ਇਸ ਗੱਲ ਦਾ ਫਾਇਦਾ ਉਠਾ ਰਿਹਾ ਸੀ| ਜਿੰਨਾਂ ਚਿਰ ਮੈਂ ਉਥੇ ਪੜ੍ਹਿਆ, ਤਾਂਘੀ ਸਾਹਿਬ ਨੂੰ ਐਫ.ਏ. ਦੀ ਅੰਗਰੇਜ਼ੀ ਪੜ੍ਹਨ ਵਿਚ ਮਦਦ ਕੀਤੀ| ਇਸ ਲਈ ਮੈਨੂੰ ਆਸ ਸੀ ਕਿ ਉਹ ਮੈਥੋਂ ਗਿਆਨੀ ਦੀ ਫੀਸ ਨਹੀਂ ਲਵੇਗਾ| ਚਲੋ ਫੀਸ ਲੈ ਵੀ ਲੈਂਦਾ, ਪਰ ਜਿਸ ਚਲਾਕੀ ਨਾਲ ਉਹ ਮੋਹਨ ਲਾਲ ਤੋਂ 63 ਰੁਪਏ ਫੜ ਲਿਆਇਆ ਸੀ, ਉਸ ਦੀ ਉਹ ਹਰਕਤ ਮੈਨੂੰ ਬੜੀ ਚੁਭਦੀ ਰਹਿੰਦੀ ਸੀ|
    ਸ਼ਾਇਦ ਇਹਨਾਂ ਦੋਹਾਂ ਗੱਲਾਂ ਕਾਰਨ ਮੈਂ ਦੂਜੇ ਪਰਚੇ ਤੋਂ ਪਹਿਲਾਂ ਚੰਗੀ ਤਰ੍ਹਾਂ ਪੜ੍ਹ ਨਹੀਂ ਸੀ ਸਕਿਆ| ਦੂਜਾ ਪਰਚਾ ਨਾਟਕ ਦਾ ਸੀ| ਬਾਕੀ ਸਭ ਕੁਝ ਤਾਂ ਠੀਕ ਹੋ ਗਿਆ, ਪ੍ਰਸੰਗ ਸਹਿਤ ਵਿਆਖਿਆ ਦੇ ਚਾਰੇ ਪ੍ਰਸੰਗ |ਲਤ ਹੋ ਗਏ| ਬਾਅਦ ਵਾਲੇ ਪੇਪਰਾਂ ਵਿਚ ਮੈਂ ਸਭ ਕੁਝ ਭੁੱਲ ਭੁਲਾ ਕੇ ਪੜ੍ਹਾਈ ਵਿਚ ਜੁਟ ਗਿਆ| ਉਂਜ ਤਾਂ ਸਾਰੇ ਪਰਚੇ ਹੀ ਬਹੁਤ ਵਧੀਆ ਹੋਏ ਸਨ ਪਰ ਸੰਸਕ੍ਰਿਤ ਦਾ ਪਰਚਾ ਤਾਂ ਮੇਰੀ ਆਸ ਨਾਲੋਂ ਕਿਤੇ ਵਧੀਆ ਹੋਇਆ ਸੀ|

     

    ਜਦੋਂ ਕਦੇ ਵੀ ਗਿਆਨੀ ਪੜ੍ਹਨ ਤੇ ਪੇਪਰ ਦੇਣ ਦੀ ਗੱਲ ਯਾਦ ਆਉਂਦੀ ਹੈ ਤਾਂ ਮੈਂ ਸੋਚਦਾ ਹਾਂ ਕਿ ਜੇ ਮੋਹਨ ਲਾਲ ਲਾਹ-ਪਾਹ ਵਾਲੀ ਗੱਲ ਇਮਤਿਹਾਨ ਤੋਂ ਪਿੱਛੋਂ ਕਹਿ ਦਿੰਦਾ ਤੇ ਤਾਂਘੀ ਸਾਹਬ ਵੀ ਮੋਹਨ ਲਾਲ ਤੋਂ ਫੀਸ ਫੜਨ ਦੀ ਗੱਲ ਨਾ ਕਰਦਾ ਤਾਂ ਮੇਰਾ ਦੂਜਾ ਪੇਪਰ ਕਦੇਖਰਾਬ ਨਾ ਹੁੰਦਾ| ਇਹ ਦੋ ਵੱਡੇ-ਛੋਟੇ ਜ਼ੀਂਮ ਹਨ ਜੋ ਅਜੇ ਵੀ ਚਸਕਦੇ ਹਨ ਪਰ ਨਾਲ ਹੀ ਭੈਣ ਦੀ ਬਠਿੰਡੇ ਵਾਲੀ ਨਨਾਣ ਦੇ ਉਹ ਮੋਹ ਤੇ ਸਲੂਕ ਲਈ ਸਦਾ ਸ਼ੁਕਰਗੁਜ਼ਾਰ ਰਹਾਂਗਾ ਜਿਸ ਨੇ ਆਪਣਿਆਂ ਵਾਂਗ ਦੋ ਹਫਤੇ ਆਪਣੇ ਘਰ ਰੱਖਿਆ| ਮੇਰੇ ਵਧੀਆ ਪੇਪਰ ਹੋਣ ਵਿਚ ਇਸ ਪਰਿਵਾਰ ਦੀ ਨਿਭਾਈ ਭੂਮਿਕਾ ਸਦਾ ਤਾਜ਼ਾ ਰਹੇਗੀ|
    ਗਿਆਨੀ ਦੇ ਮੇਰੇ ਦੋ ਜਮਾਤੀਆਂ ਦੇ ਜ਼ਿਕਰ ਬਿਨਾਂ ਇਹ ਅਧਿਆਇ ਅਧੂਰਾ ਰਹੇਗਾ| ਇਕ ਸੀ ਹੇਮ ਰਾਜ ਗੋਇਲ| ਉਹ ਮਹਿੰਦਰਾ ਕਾਲਜ ਪਟਿਆਲੇ ਤੋਂ ਪੜ੍ਹਾਈ ਛੱਡ ਕੇ ਗਿਆਨੀ ਕਰਨ ਲੱਗਿਆ ਸੀ| ਉਹ ਪ੍ਰੋ.ਪ੍ਰੀਤਮ ਸਿੰਘ ਦਾ ਸ਼ਰਧਾਲੂ ਸੀ| ਉਸ ਨੂੰ ਆਪਣੇ ਲਾਇਕ ਹੋਣ 'ਤੇ ਵੀ ਬੜਾ ਮਾਣ ਸੀ| ਦੂਜਾ ਸੀ ਮੇਰਾ ਸਹਿਪਾਠੀ ਮਦਨ ਲਾਲ| ਉਹ ਪੜ੍ਹਦਾ ਬਹੁਤ ਸੀ| ਭਾਵੇਂ ਤਾਂਘੀ ਸਾਹਬ ਮੇਰੇ ਫਸਟ ਆਉਣ ਬਾਰੇ ਗੱਲ ਕਈ ਵਾਰ ਦੁਹਰਾ ਚੁੱਕੇ ਸਨ ਪਰ ਮੈਨੂੰ ਲਗਦਾ ਸੀ ਬਈ ਹੇਮ ਰਾਜ ਫਸਟ ਆਊ ਤੇ ਮਦਨ ਲਾਲ ਸੈਕਿੰਡ| ਉਹ ਦੋਵੇਂ ਪੂਰਾ ਸੈਸ਼ਨ ਤਾਂਘੀ ਸਾਹਬ ਕੋਲ ਪੜ੍ਹੇ ਸਨ ਪਰ ਜਦੋਂ ਨਤੀਜਾ ਆਇਆ ਤਾਂ "ਮਾਲਵਾ ਗਿਆਨੀ ਕਾਲਜ' ਰਾਮਪੁਰਾ ਫੂਲ 'ਚੋਂ ਫਸਟ ਮੈਂ ਹੀ ਸੀ| ਪੰਜਾਬ ਯੂਨੀਵਰਸਿਟੀ ਵਿਚੋਂ ਫਸਟ ਆਉਣ ਵਾਲੇ ਵਿਦਿਆਰਥੀ ਨਾਲੋਂ ਮੇਰੇ ਸਿਰਫ 10 ਨੰਬਰ ਹੀ ਘੱਟ ਸਨ ਤੇ ਮੈਂ ਯੂਨੀਵਰਸਿਟੀ ਵਿਚੋਂ ਤੀਜੇ ਥਾਂ 'ਤੇ ਰਿਹਾ ਸੀ| ਮਦਨ ਲਾਲ ਪਾਸ ਤਾਂ ਹੋ ਗਿਆ ਸੀ ਪਰ ਜਿਹੜੀ ਮੱਲ ਉਹ ਮਾਰਨਾ ਚਾਹੁੰਦਾ ਸੀ, ਉਸ ਦੇ ਤਾਂ ਉਹ ਨੇੜੇ-ਤੇੜੇ ਵੀ ਨਹੀਂ ਸੀ ਪਹੁੰਚਿਆ| ਹੇਮ ਰਾਜ ਫੇਲ੍ਹ ਹੋ ਗਿਆ ਸੀ|
    ਹੁਣ ਸੋਚਦਾ ਹਾਂ ਬਈ ਜੇ ਦੂਜਾ ਪਰਚਾਖਰਾਬ ਨਾ ਹੁੰਦਾ ਤੇ ਅੱਖਾਂ ਪੂਰਾ ਕੰਮ ਕਰਦੀਆਂ ਹੁੰਦੀਆਂ ਤਾਂ ਸ਼ਾਇਦ ਮੈਂ ਯੂਨੀਵਰਸਿਟੀ ਵਿਚੋਂ ਵੀ ਫਸਟ ਹੀ ਆਉਂਦਾ| 

    ਇਕ ਗੱਲ ਹੋਰ| ਇਸ ਗੱਲ ਦਾ ਅਹਿਸਾਸ ਮੈਨੂੰ ਉਦੋਂ ਨਹੀਂ ਸੀ ਹੋਇਆ, ਕਈ ਸਾਲ ਪਿੱਛੋਂ ਹੋਇਆ ਸੀ| ਉਹ ਇਹ ਕਿ ਰਾਤ ਸਮੇਂ ਪੂਰਾ ਨਾ ਦਿਸਣ ਦਾ ਸਿਲਸਿਲਾ ਮੈਨੂੰ 10-11 ਸਾਲ ਦੀ ਉਮਰ ਵਿਚ ਹੀ ਸ਼ੁਰੂ ਹੋ ਗਿਆ ਸੀ| ਉਸ ਵੇਲੇ ਹੀ ਮੈਨੂੰ ਪਤਾ ਲੱਗਿਆ ਕਿ ਇਸ ਬੀਮਾਰੀ ਨੂੰ ਅੰਧਰਾਤਾ ਕਹਿੰਦੇ ਹਨ| ਮੈਂ ਰਾਤ ਸਮੇਂ ਕੰਧ ਉਤੇ ਲੱਗੀ ਉਚੀ ਟਿਊਬ ਦੀ ਰੌਸ਼ਨੀ ਵਿਚ ਬਹੁਤਾ ਸਮਾਂ ਪੜ੍ਹ ਨਹੀਂ ਸੀ ਸਕਦਾ, ਇਸ ਲਈ ਪੜ੍ਹਨ ਦੀ ਘਾਟ ਤਾਂ ਦਿਨ ਸਮੇਂ ਹੀ ਪੂਰੀ ਕਰ ਲੈਂਦਾ| ਆਪਣੀ ਮੰਡੀ ਵਿਚ ਚੌਥੀ-ਪੰਜਵੀਂ ਵਿਚ ਪੜ੍ਹਨ ਸਮੇਂ ਹੀ ਜਦੋਂ ਮੈਂ ਬਾਹਰ ਜਾਣਾ ਹੁੰਦਾ ਤਾਂ ਤੁਰਦੇ ਤੁਰਦੇ ਮੇਰੀ ਤੋਰ ਆਪਣੇ ਆਪ ਮੱਧਮ ਪੈ ਜਾਂਦੀ| ਰਾਤ ਨੂੰ ਮੈਂ ਘੱਟ ਹੀ ਇਕੱਲਾ ਬਾਹਰ ਜਾਂਦਾ| ਜੇ ਰਾਤ ਨੂੰ ਬਾਹਰ ਜਾਂਦਾ, ਜਾਂ ਤਾਂ ਮੇਰਾ ਭਰਾ ਨਾਲ ਹੁੰਦਾ ਤੇ ਜਾਂ ਮੇਰੀ ਮਾਂ| ਮੈਨੂੰ ਉਹ ਪਿੱਛੇ ਰਹਿਣ ਬਾਰੇ ਅਕਸਰ ਟੋਕਦੇ ਰਹਿੰਦੇ| ਓਦੋਂ ਅੱਜ ਵਾਂਗ ਤਪਾ ਮੰਡੀ ਵਿਚ ਬਿਜਲੀ ਨਹੀਂ ਸੀ ਜਿਸ ਕਾਰਨ ਗਲੀਆਂ ਬਜ਼ਾਰਾਂ ਵਿਚ ਟਿਊਬਾਂ ਜਾਂ ਬੱਲਬ ਨਹੀਂ ਸੀ ਲੱਗੇ ਹੁੰਦੇ| ਹਾਂ, ਹਰ ਗਲੀ ਜਾਂ ਬਜ਼ਾਰ ਦੇ ਮੋੜ 'ਤੇ ਲੱਕੜ ਦਾ ਇਕ ਖੰਭਾ ਗੱਡਿਆ ਹੁੰਦਾ ਸੀ, ਉਸ ਨਾਲ ਮੈਟਲ ਵਾਲਾ ਗੈਸ ਜਗਾ ਕੇ ਰੱਸੀ ਨਾਲ ਉਚਾ ਬੰਨ੍ਹਿਆ ਹੁੰਦਾ| ਇਸ ਲਈ ਉਸ ਖੰਭੇ ਦੇ ਨੇੜੇ ਆ ਕੇ ਗੈਸ ਦੀ ਰੌਸ਼ਨੀ ਕਾਰਨ ਮੇਰੀ ਰਫਤਾਰ ਕੁਝ ਤੇਜ਼ ਹੋ ਜਾਂਦੀ| ਦਸਵੀਂ ਮੈਥ ਦੇ ਬੀ ਪੇਪਰ ਵਿਚਲੀ ਜੁਮੈਟਰੀ ਦਾ ਪੈਂਸਿਲ ਨਾਲ ਕੀਤਾ ਕੰਮ ਵੀ ਮੇਰੀ ਘੱਟ ਨਜ਼ਰ ਕਾਰਨ ਮੇਰੇ 25 ਨੰਬਰ ਖਾ ਗਿਆ ਸੀ|
    ਜਦੋਂ ਮਾਲਵਾ ਗਿਆਨੀ ਕਾਲਜ ਵਿਚ ਸਾਨੂੰ ਵਿਦਾਇਗੀ ਪਾਰਟੀ ਦਿੱਤੀ ਗਈ, ਉਦੋਂ ਫੈਸਲਾ ਇਹ ਹੋਇਆ ਕਿ ਵਿਦਿਆਰਥੀਆਂ ਵੱਲੋਂ ਪ੍ਰਿੰ.ਗੁਰਬਚਨ ਸਿੰਘ ਤਾਂਘੀ ਨੂੰ ਮਾਣ ਪੱਤਰ ਭੇਂਟ ਕੀਤਾ ਜਾਵੇ| ਮਾਣ ਪੱਤਰ ਲਿਖਣ, ਸ਼ੀ-ੇ ਵਿਚ ਜੜਵਾਉਣ ਤੇ ਫੇਰ ਸਟੇਜ ਉਤੇ ਪੜ੍ਹਨ ਦੀ ਡਿਊਟੀ ਮੇਰੀ ਹੀ ਲਾਈ ਗਈ| ਮਾਣ ਪੱਤਰ ਪੜ੍ਹਨ ਵੇਲੇ ਦਿਨ ਛਿਪ ਚੁੱਕਿਆ ਸੀ| ਕਮਰੇ ਵਿਚ ਭਾਵੇਂ 60 ਜਾਂ 100 ਵਾਟ ਦਾ ਇਕ ਬੱਲਬ ਸੀ ਪਰ ਜਦ ਮੈਂ ਮਾਣ ਪੱਤਰ ਪੜ੍ਹਨ ਲੱਗਾ ਤਾਂ ਨੀਲੀ ਸਿਆਹੀ ਨਾਲ ਲਿਖੇ ਮੋਟੇ ਮੋਟੇ ਅੱਖਰ ਵੀ ਮੈਥੋਂ ਪੜ੍ਹੇ ਨਹੀਂ ਸੀ ਜਾ ਰਹੇ| ਜੇ ਮਾਣ ਪੱਤਰ ਮੈਂ ਆਪ ਨਾ ਲਿਖਿਆ ਹੁੰਦਾ ਤਾਂ ਮੇਰਾ ਜਲੂਸ ਨਿਕਲ ਜਾਣਾ ਸੀ| ਲਿਖਦੇ ਲਿਖਦੇ ਉਹ ਮਾਣ ਪੱਤਰ ਲਗਭਗ ਮੇਰੇ ਜ਼ੁਬਾਨੀ ਯਾਦ ਹੋ ਗਿਆ ਸੀ, ਜਿਸ ਕਾਰਨ ਸਾਰਾ ਮਾਣ ਪੱਤਰ ਮੈਂ ਅੰਦਾਜ਼ੇ ਨਾਲ ਹੀ ਪੜ੍ਹ ਦਿੱਤਾ| ਕਿਸੇ ਨੂੰ ਮਹਿਸੂਸ ਹੀ ਨਹੀਂ ਸੀ ਹੋਇਆ ਕਿ ਮਾਣ ਪੱਤਰ ਮੈਂ ਆਪਣੀ ਯਾਦਦਾਸ਼ਤ ਦੇ ਆਧਾਰ 'ਤੇ ਪੜ੍ਹਿਆ ਹੈ ਜਾਂ ਲਿਖੇ ਹੋਏ ਨੂੰ ਦੇਖ ਕੇ|
    ਗਿਆਨੀ ਦੇ ਸਾਰੇ ਪੇਪਰਾਂ ਵਿਚ ਜੇ ਮੇਰੀ ਸੀਟ ਖਿੜਕੀ ਦੇ ਨਾਲ ਲੱਗ ਜਾਂਦੀ ਤਾਂ ਮੈਨੂੰ ਪਰਚਾ ਕਰਨਾ ਅਸਾਨ ਰਹਿੰਦਾ| ਉਂਜ ਵੀ ਮੈਂ ਸਦਾ ਮੋਟਾ ਨਿਬ ਅਤੇ ਗੂੜ੍ਹੀ ਸਿਆਹੀ ਪੈੱਨ ਵਿਚ ਭਰ ਕੇ ਲੈ ਕੇ ਜਾਂਦਾ ਤੇ ਨਾਲ ਪੈੱਨ ਵਿਚ ਸਿਆਹੀ ਭਰਨ ਲਈ ਘਰੋਂ ਹੀ ਦਵਾਤ ਲੇ ਕੇ ਜਾਂਦਾ| ਮੈਨੂੰ ਯਾਦ ਹੈ ਦੂਜੇ ਪਰਚੇ ਵੇਲੇ ਮੈਂ ਵਿਚਕਾਰਲੀ ਲਾਈਨ ਵਿਚ ਬੈਠਾ ਸੀ ਅਤੇ ਆਖਰੀ ਸਵਾਲ ਸਮੇਂ ਭੰਬੂਤਾਰਿਆਂ ਦੇ ਸਿਲਸਿਲੇ ਕਾਰਨ ਵੀ ਮੇਰੇ ਪ੍ਰਸੰਗ ਸਹਿਤ ਵਿਆਖਿਆ ਦੇ ਸਾਰੇ ਪ੍ਰਸੰਗ |ਲਤ ਹੋਏ ਸਨ| ਉਂਜ ਵੀ ਅੱਖਾਂ ਦੀ ਲੋਅ ਦੀ ਘਾਟ ਨੇ ਦਸਵੀਂ ਤੇ ਗਿਆਨੀ ਦੇ ਸਭ ਪਰਚਿਆਂ ਵਿਚ ਮੈਨੂੰ ਕੁਝ ਨਾ ਕੁਝ ਘਾਟਾ ਤਾਂ ਪਵਾਇਆ ਹੀ ਹੋਵੇਗਾ ਜਿਸ ਦਾ ਪੂਰਾ ਵਿਸਥਾਰ ਦੇ ਕੇ ਮੈਂ ਪਾਠਕਾਂ ਦੇ ਤਰਸ ਦਾ ਭਾਗੀ ਨਹੀਂ ਬਣਨਾ ਚਾਹੁੰਦਾ|

     

    ---ਚਲਦਾ---