ਮਿੱਤਰ ਸੈਨ ਮੀਤ ਭਾਰਤੀ ਸਾਹਿਤ ਅਕਾਡਮੀ ਇਨਾਮ ਜੇਤੂ ਪੰਜਾਬੀ ਦਾ ਪ੍ਰਬੁਧ ਲੇਖਕ ਹੈ। ਉਸਨੇ ਭਾਰਤ ਦੇ ਪ੍ਰਬੰਧਕੀ ਅਤੇ ਨਿਆਂਇਕ ਵਰਤਾਰੇ ਨੂੰ ਬਹੁਤ ਬਰੀਕੀ ਨਾਲ ਵਾਚਿਆ ਹੈ ਅਤੇ ਆਪਣੀਆਂ ਲਿਖਤਾਂ ਰਾਹੀਂ ਸਮਾਜ ਦੇ ਸਾਹਮਣੇ ਰਖਿਆ ਹੈ। ਇਸ ਅੰਕ ਤੋਂ ਅਸੀਂ ਉਨ੍ਹਾਂ ਦਾ ਨਾਵਲ ਤਫ਼ਤੀਸ਼ ਲੜੀਵਾਰ ਪ੍ਰਕਾਸ਼ਿਤ ਕਰਨ ਦੀ ਖੁਸ਼ੀ ਲੈ ਰਹੇ ਹਾਂ। ਤੁਸੀਂ ਉਨ੍ਹਾਂ ਦੀਆਂ ਸਾਰੀਆਂ ਰਚਨਾਵਾਂ ਉਨ੍ਹਾਂ ਦੇ ਬਲਾਗ www.mittersainmeet.in 'ਤੇ ਵੀ ਪੜ੍ਹ ਸਕਦੇ ਹੋ।

ਭਾਗ ਪਹਿਲਾ
1
ਮੁੱਖ ਮੰਤਰੀ ਦੀ ਜਾਨ ਦੋਹਾਂ ਪੁੜਾਂ ਵਿਚ ਫਸੀ ਹੋਈ ਸੀ । ਸਹੁੰ ਚੁੱਕਦਿਆਂ ਹੀ ਉਸ ਨੇ ਜਣੇਖਣੇ ਨੂੰ ਝੰਡੀ ਵਾਲੀ ਕਾਰ ਫੜਾ ਦਿੱਤੀ ।ਹਾਬੜੇ ਵਜ਼ੀਰਾਂ ਨੂੰ ਰਾਤੋਰਾਤ ਯਾਰਾਂਦੋਸਤਾਂ, ਹਮਾਇਤੀਆਂ ਅਤੇ ਰਿਸ਼ਤੇਦਾਰਾਂ ਦਾ ਮੋਹ ਜਾਗ ਪਿਆ । ਕੋਈ ਪਤਾ ਨਹੀਂ ਸੀ ਅਗਲੇ ਦਿਨ ਕੁਰਸੀ ਹੇਠਾਂ ਰਹੇਗੀ ਵੀ ਜਾਂ ਨਹੀਂ । ਇਹ ਵੀ ਪਤਾ ਨਹੀਂਸੀ, ਇਸ ਹਾੜੀ ਵਾਂਗ ਅਗਲੀ ਹਾੜੀ ਨੂੰ ਵੀ ਵੋਟਾਂ ਲਈ ਦਰਦਰ ਦੀਆਂ ਠੋਕਰਾਂ ਖਾਣੀਆਂ ਪੈਣ ।
ਵੋਟਰਾਂ ਨੂੰ ਖ਼ੁਸ਼ ਕਰਨ ਲਈ ਕਿਸੇ ਨੂੰ ਆਪਣੇ ਇਲਾਕੇ ਵਿਚ ਸਕੂਲ ਖੋਲ੍ਹਣ ਦੀ ਬਣੀ, ਕਿਸੇ ਨੂੰ ਹਸਪਤਾਲ ਦੀ ਅਤੇ ਕਿਸੇ ਨੂੰ ਨਵੀਂ ਅਨਾਜ ਮੰਡੀ ਦੀ । ਜਿਹੜੇਜਿਹੜੇ ਮਹਿਕਮੇ ਵਜ਼ੀਰਾਂ ਦੇ ਕੋਲ ਸਨ, ਉਹ ਐਲਾਨ ਤਾਂ ਉਹਨਾਂ ਝਟਪਟ ਕਰ ਦਿੱਤੇ । ਬਾਕੀਆਂ ਦੇ ਇਕ ਦੂਜੇ ਨਾਲ ਸੌਦੇ ਕਰ ਲਏ । ਜੇ ਗਿਆਨੀ ਜੀ ਨੇ ਆਪਣੇ ਪਿੰਡ ਸਕੂਲ ਖੁਲ੍ਹਾਉਣਾ ਤਾਂ ਉਸ ਨੂੰ ਜਥੇਦਾਰ ਦੇ ਪਿੰਡ ਹਸਪਤਾਲ ਖੋਲ੍ਹਣਾ ਪਏਗਾ । ਜੇ ਖ਼ਾਲਸਾ ਜੀ ਨੂੰ ਅਨਾਜਮੰਡੀ ਚਾਹੀਦੀ ਤਾਂ ਉਸ ਨੂੰ ਦੀਵਾਨਾ ਜੀ ਦੇ ਪਿੰਡ ਵਾਲੀ ਹਰੀਜਨਾਂ ਦੀ ਧਰਮਸ਼ਾਲਾ ਨੂੰ ਗਰਾਂਟ ਦੇਣੀ ਪਏਗੀ ।
ਇਕ ਦੂਜੇ ਤੋਂ ਵੱਧੋਂਵੱਧ ਨੀਂਹ ਪੱਥਰ ਰਖਾ ਲੈਣ ਦੀ ਵਜ਼ੀਰਾਂ ਵਿਚ ਇਕ ਦੌੜ ਜਿਹੀ ਲੱਗ ਚੁੱਕੀ ਸੀ । ਕਈ ਵਾਰ ਇਕੋ ਦਿਨ ਇਕੋ ਹਲਕੇ ਵਿਚ ਤਿੰਨ ਤਿੰਨ, ਚਾਰ ਚਾਰ ਵਜ਼ੀਰ ਆ ਧਮਕਦੇ ।
ਇਕ ਪਾਸੇ ਪਿੰਡਪਿੰਡ ਫਿਰਦੀਆਂ ਵਜ਼ੀਰਾਂ ਦੀਆਂ ਡਾਰਾਂ ਸਨ ਅਤੇ ਦੂਜੇ ਪਾਸੇ ਧੜਾਧੜ ਹੋ ਰਹੀਆਂ ਵਾਰਦਾਤਾਂ । ਪੁਲਿਸ ਦੀਆਂ ਭੂਤਨੀਆਂ ਭੁੱਲੀਆਂ ਪਈਆਂ ਸਨ ।
ਹੁਣ ਭਲੇ ਦਿਨ ਤਾਂ ਰਹੇ ਨਹੀਂ ਸਨ ਜਦੋਂ ਵਜ਼ੀਰ ਹਾੜੀਸੌਣੀ ਕਦੇਕਦਾਈਂ ਦਰਸ਼ਨ ਦਿਆ ਕਰਦੇ ਸਨ । ਲੋਕ ਵੀ ਨੇਤਾਵਾਂ ਦੇ ਦੀਦਾਰ ਲਈ ਉਤਾਵਲੇ ਘੰਟਿਆਂ ਬੱਧੀ ਧੁੱਪਾਂ ਵਿਚ ਖਵੇ ਰਹਿੰਦੇ । ਅੱਜਕੱਲ੍ਹ ਤਾਂ ਭੜਕੀਆਂ ਭੀੜਾਂ ਨੂੰ ਕਾਬੂ ਕਰਨ, ਜਲਸੇਜਲੂਸਾਂ ਨੂੰ ਖਿੰਡਾਉਣ ਅਤੇ ਵਜ਼ੀਰਾਂ ਨੂੰ ਇੱਟਾਂ ਰੋੜਿਆਂ ਤੋਂ ਬਚਾਉਣ ਲਈ ਪੁਲਿਸ ਨੂੰ ਤਰ੍ਹਾਂਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਹਨ । ਅਤਿਵਾਦੀਆਂ ਨੇ ਹਰ ਵਜ਼ੀਰ ਨੂੰ ਧਮਕੀਆਂ ਦੇ ਰੱਖੀਆਂ ਹਨ । ਮਾੜੀ ਜਿਹੀ ਕੁਤਾਹੀ ਹੋਈ ਨਹੀਂ ਕਿ ਨੌਕਰੀ ਬਰਖ਼ਾਸਤ ਹੋਣ ਦੇ ਹੁਕਮ ਮਿਲੇ ਨਹੀਂ ।
ਸੁਰੱਖਿਆ ਪਰਬੰਧ ਇੰਨੇ ਸਖ਼ਤ ਕਿ ਵਜ਼ੀਰ ਦੇ ਚੰਡੀਗੜ੍ਹ ਚੱਲਣ ਤੋਂ ਪਹਿਲਾਂ ਹੀ ਥਾਂਥਾਂ ਵਾਇਰਲੈੱਸਾਂ ਖੜਕ ਜਾਂਦੀਆਂ ਹਨ । ਸਾਰਾ ਥਾਣਾ ਇਕਦਮ ਵਿਹਲਾ । ਨਾਕੇ, ਪਹਿਰੇ, ਤਲਾਸ਼ੀਆਂ ਅਤੇ ਗੁੰਡੇ ਅਨਸਰਾਂ ਦੀ ਫੜੋਫੜਾਈ । ਮਜਾਲ ਕਿ ਮੁਨਸ਼ੀ ਅਤੇ ਸੰਤਰੀ ਤੋਂ ਇਲਾਵਾ ਕੋਈ ਬੀਮਾਰਠਮਾਰ ਸਿਪਾਹੀ ਵੀ ਦੋ ਘੜੀ ਥਾਣੇ ਟਿਕ ਸਕੇ ।
ਇਕ ਮੰਤਰੀ ਨੇ ਆਉਣਾ ਹੋਵੇ ਤਾਂ ਸੌਖੇ ਹੀ ਸਰ ਜਾਂਦਾ । ਦੋ ਨੇ ਆਉਣਾ ਹੋਵੇ ਤਾਂ ਆਂਢਗੁਆਂਢ ਤੋਂ ਫ਼ੋਰਸ ਮੰਗਵਾ ਕੇ ਡੰਗ ਲੰਘ ਸਕਦੈ । ਜੇ ਚਾਰਚਾਰ ਨੇ ਆਉਣਾ ਹੋਵੇ ਅਤੇ ਇਕਇਕ ਨੇ ਦਸਦਸ ਪਿੰਡਾਂ ਵਿਚ ਗੇੜੇ ਦੇਣੇ ਹੋਣ ਤਾਂ ਗਿਣਤੀਮਿਣਤੀ ਦੀ ਪੁਲਿਸ ਕਿਧਰ ਜਾਵੇ ? ਇਹ ਵੀ ਪਤਾ ਨਹੀਂ ਲੱਗਦਾ ਕਿਸ ਪਿੰਡ ਕਿਸ ਦੇ ਘਰ ਡੇਰਾ ਲਾਉਣਾ । ਇਹ ਵੀ ਵਸਾਹ ਨਹੀਂ, ਰਾਤ ਠਹਿਰਨ ਦਾ ਐਲਾਨ ਕਿਸੇ ਦੋ ਕੌਡੀ ਦੇ ਬੰਦੇ ਦੇ ਘਰ ਹੀ ਹੋ ਜਾਵੇ ।
ਇਸ ਸ਼ਹਿਰ ਦੀ ਪੁਲਿਸ ਲਈ ਵੀ ਇਕ ਇਹੋ ਜਿਹਾ ਹੀ ਮਨਹੂਸ ਦਿਨ ਚੜ੍ਹਿਆ ਹੋਇਆ ਸੀ ।
ਦੋ ਮੰਤਰੀ ਪਿਛਲੀ ਰਾਤ ਤੋਂ ਉਹਨਾਂ ਦੇ ਹਲਕੇ ਵਿਚ ਰੁਕੇ ਹੋਏ ਸਨ । ਦੋ ਨੇ ਦਿਨ ਚੜ੍ਹਨ ਤੋਂ ਪਹਿਲਾਂ ਆ ਧਮਕਣਾ ਸੀ । ਅੱਧੀ ਪੁਲਿਸ ਨੂੰ ਪਿੰਡਾਂ ਵਿਚ ਡੇਰੇ ਲਾਉਣੇ ਪੈ ਗਏ ਸਨ । ਬਾਕੀ ਸਲਾਮੀਆਂ ਲਈ ਰੈਸਟ ਹਾਊਸ ਅੱਪੜੀ ਹੋਈ ਸੀ ।
ਭਾਂਅਭਾਂਅ ਕਰਦੇ ਥਾਣੇ ਵਿਚ ਦੋ ਹੀ ਬੰਦੇ ਸਨ । ਵਿਹੜੇ ਵਿਚ ਮੇਜ਼ ਡਾਹੀ ਬੈਠਾ ਮੁਨਸ਼ੀ ਜਾਂ ਫੇਰ ਥਾਣੇ ਦੇ ਵੱਡੇ ਦਰਵਾਜ਼ੇ ਨੂੰ ਬੰਦ ਕਰੀ, ਛੋਟੇ ਦਰਵਾਜ਼ੇ ਅੱਗੇ ਟਹਿਲ ਰਿਹਾ ਸੰਤਰੀ ।
ਮਧਰੇ ਕੱਦ ਵਾਲੇ ਸੰਤਰੀ ਦੀਆਂ ਛੋਟੀਆਂਛੋਟੀਆਂ ਅੱਖਾਂ ਵਿਚ ਉਦਾਸੀ ਛਾਈ ਹੋਈ ਸੀ ।
ਸਰਕਾਰੀ ਹੁਕਮ ਸਨ ਕਿ ਥਿਰੀਨਾਟਥਿਰੀ ਦੀ ਬੰਦੂਕ ਨੂੰ ਮੋਢੇ 'ਤੇ ਰੱਖ ਕੇ ਸੰਤਰੀ ਗੇਟ ਅੱਗੇ ਚਹਿਲਕਦਮੀ ਕਰਦਾ ਰਹੇ । ਢੱਠੇ ਖੂਹ 'ਚ ਪੈਣ ਸਰਕਾਰੀ ਹੁਕਮ । ਬੰਦੂਕ ਦਾ ਬੱਟ ਉਸ ਨੇ ਜ਼ਮੀਨ 'ਤੇ ਟਿਕਾ ਰੱਖਿਆ ਸੀ । ਬੰਦੂਕ ਮੋਢੇ 'ਤੇ ਹੋਵੇ ਜਾਂ ਜ਼ਮੀਨ 'ਤੇ, ਇਸ ਨਾਲ ਕੀ ਫ਼ਰਕ ਪੈਂਦਾ ? ਐਵੇਂ ਵੀਹ ਕਿੱਲੋ ਭਾਰ ਚੁੱਕੀ ਮੁਫ਼ਤ 'ਚ ਸਜ਼ਾ ਭੁਗਤਦੇ ਰਹੋ । ਇਹ ਹੁਕਮ ਸੰਤਰੀ ਨੂੰ ਪਸੰਦ
ਨਹੀਂ ਸੀ ।
ਸੰਤਰੀ ਦੀਆਂ ਅੱਖਾਂ ਵਾਰਵਾਰ ਖੱਬੇ ਗੁੱਟ 'ਤੇ ਬੰਨ੍ਹੀ ਘੜੀ 'ਤੇ ਜਾਂਦੀਆਂ । ਉਥੋਂ ਹਟ ਕੇ ਥਾਣੇ ਅਤੇ ਸਟੇਸ਼ਨ ਵਿਚਕਾਰ ਫੈਲੇ ਬਾਜ਼ਾਰ ਵਿਚਲੀ ਭੀੜ ਵੱਲ ਹੁੰਦੀਆਂ । ਉਹ ਉਹਨਾਂ ਲਾਲਿਆਂ ਨੂੰ ਟਟੋਲਣ ਲੱਗਦੀਆਂ, ਜਿਨ੍ਹਾਂ ਨੂੰ ਗਿਆਂ ਦੋ ਘੰਟੇ ਹੋਣ ਲੱਗੇ ਸਨ ।
ਅਜੀਬਅਜੀਬ ਤਰ੍ਹਾਂ ਦੇ ਵਿਚਾਰ ਸੰਤਰੀ ਦਾ ਪਿੱਛਾ ਕਰ ਰਹੇ ਸਨ ।
ਮੁੱਖਮੰਤਰੀ ਇਸੇ ਸ਼ਹਿਰ ਦਾ ਰਹਿਣ ਵਾਲਾ । ਇਥੋਂ ਹੀ ਚੋਣ ਜਿੱਤੀ । ਕਿਲ੍ਹੇ ਵਰਗੀ ਕੋਠੀ ਇਸੇ ਸ਼ਹਿਰ ਵਿਚ । ਕੋਠੀ ਸੰਭਰਨ ਵਾਲੀ ਜਮਾਂਦਾਰਨੀ ਤੋਂ ਲੈ ਕੇ ਰਿਕਸ਼ੇ ਵਾਲਿਆਂ ਤਕ ਨੂੰ ਮੁੱਖਮੰਤਰੀ ਦਾ ਬੰਦਾ ਹੋਣ ਦਾ ਹੰਕਾਰ । ਕਿਸੇ ਨੂੰ ਵੀ ਭੂਤਨਾ ਚੜ੍ਹ ਸਕਦਾ ਅਤੇ ਉਹ ਮੁੱਖਮੰਤਰੀ ਦੀ ਕੋਠੀ ਅੱਗੇ ਧਰਨਾ ਦੇ ਸਕਦਾ ।
ਸ਼ਹਿਰ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਦਾ ਮੁੱਖਮੰਤਰੀ ਕੋਲ ਤਾਂ ਵਕਤ ਨਹੀਂ ।
ਦਿੱਲੀ ਸਰਕਾਰ ਹੀ ਉਸ ਦਾ ਖਹਿੜਾ ਨਹੀਂ ਛੱਡਦੀ । ਆਪਣੇ ਬਹੁਤੇ ਅਖ਼ਤਿਆਰ ਉਸ ਨੇ ਜਥੇਦਾਰਾਂ ਨੂੰ ਦਿੱਤੇ ਹੋਏ ਹਨ । ਉੱਨੀਂ ਕਰਨ ਇੱਕੀ ਕਰਨ । ਉੱਚ ਅਧਿਕਾਰੀਆਂ ਨੂੰ ਹੁਕਮ , ਉਹਨਾਂ ਦੇ ਹਰ ਹੁਕਮ 'ਤੇ ਫੁੱਲ ਚੜ੍ਹਾਏ ਜਾਣ । ਸ਼ਹਿਰ ਵਿਚ ਅਕਾਲੀਆਂ ਦਾ ਨਾਮੋਨਿਸ਼ਾਨ ਨਹੀਂ ਸੀ । ਇਸੇ ਲਈ ਸ਼ਹਿਰ ਦੇ ਮਸਲਿਆਂ ਵਿਚ ਉਹਨਾਂ ਦੀ ਜ਼ਰੂਰਤ ਨਹੀਂ ਸੀ ਪੈਂਦੀ ।
ਸ਼ਹਿਰ ਦਾ ਸਾਰਾ ਕੰਮ ਕਦੇ ਮੁੱਖਮੰਤਰੀ ਦਾ ਰਹਿ ਚੁੱਕਾ ਮੁਨਸ਼ੀ ਸਦਾ ਨੰਦ ਹੀ ਨਿਭਾਦਾ ਸੀ । ਮੁੱਖਮੰਤਰੀ ਦੇ ਸਹੁੰ ਚੁੱਕਦਿਆਂ ਹੀ ਉਸ ਨੇ ਕਚਹਿਰੀ ਦਰੀ ਚੁੱਕ ਕੇ ਮੁੱਖਮੰਤਰੀ ਦੀ ਕੋਠੀ ਡੇਰਾ ਲਾ ਲਿਆ ਸੀ । ਸ਼ਹਿਰ ਦੇ ਬਹੁਤੇ ਕੰਮਾਂ ਦੀ ਜ਼ਿੰਮੇਵਾਰੀ ਉਸੇ ਦੇ ਸਿਰ ਸੀ ।
ਸਿੱਧੇ ਤੌਰ 'ਤੇ ਤਾਂ ਮੰਤਰੀ ਨੂੰ ਸਦਾ ਨੰਦ ਤੋਂ ਕੋਈ ਖ਼ਤਰਾ ਨਹੀਂ ਸੀ । ਪੂਰੇ ਪੰਦਰਾਂ ਵਰ੍ਹੇ ਸੰਤਰੀ ਅਤੇ ਮੁਨਸ਼ੀ ਕਚਹਿਰੀਆਂ ਵਿਚ ਘਿਉਖਿਚੜੀ ਬਣ ਕੇ ਰਹੇ ਸਨ । ਮੁਨਸ਼ੀ ਰਾਹੀਂ ਹੁਣ ਵੀ ਉਸ ਨੇ ਕਈ ਕੰਮ ਕਰਾਏ ਸਨ । ਹਿੱਸਾਪੱਤੀ ਉਸੇ ਤਰ੍ਹਾਂ ਕਾਇਮ । ਛੋਟੀਮੋਟੀ ਸ਼ਿਕਾਇਤ ਨੂੰ ਤਾਂ ਮੁਨਸ਼ੀ ਨਹੀਂ ਗੌਲੇਗਾ । ਮਸਲਾ ਗੰਭੀਰ ਹੋਇਆ ਤਾਂ ਬਖ਼ਸ਼ੇਗਾ ਵੀ ਨਹੀਂ ।
ਹੁਣੇਹੁਣੇ ਉਸ ਵੱਲੋਂ ਫਿਟਕਾਰੇ ਸੇਠ ਮਾੜੇਮੋਟੇ ਬੰਦੇ ਨਹੀਂ ਸਨ । ਜ਼ਰੂਰ ਉਹ ਮੁਨਸ਼ੀ ਵੱਲ ਗਏ ਹੋਣਗੇ । ਸੰਤਰੀ ਨੂੰ ਫ਼ਿਕਰ ਲੱਗਾ ਹੋਇਆ ਸੀ ।
ਮੁਖ਼ਤਿਆਰ ਨੂੰ ਆਪਣੇ ਅੱਖੜ ਸੁਭਾਅ ਅਤੇ ਮੰਦਅਕਲੀ 'ਤੇ ਘਿਰਣਾ ਹੋ ਰਹੀ ਸੀ । ਉਸ ਨੂੰ ਚੰਗਾਭਲਾ ਪਤਾ ਸੀ, ਹਲਕੇ ਵਿਚ ਚਾਰ ਵਜ਼ੀਰ ਘੁੰਮ ਰਹੇ ਹਨ । ਪਹਿਲਾਂ ਵਾਲੀ ਗੱਲ ਥੋੜ੍ਹਾ ਸੀ ਕਿ ਕੋਈ ਪੁੱਛਣ ਵਾਲਾ ਨਹੀਂ ਸੀ । ਅੱਜਕੱਲ੍ਹ ਤਾਂ ਕਿਸੇ ਦਾ ਕੱਟਾ ਵੀ ਗਵਾਚ ਜਾਵੇ ਤਾਂ ਵੀ ਥਾਣੇ ਆਉਣ ਤੋਂ ਪਹਿਲਾਂ ਵਜ਼ੀਰ ਤੋਂ ਫ਼ੋਨ ਕਰਾਦੈ । ਵਜ਼ੀਰਾਂ ਨੂੰ ਜਿਵੇਂ ਹੋਰ ਕੋਈ ਕੰਮ ਨਹੀਂ ਰਿਹਾ । ਭਾਵੇਂ ਪੰਜਾਹ ਰੁਪਏ ਦੀ ਟੇਪਰਿਕਾਰਡਰ ਚੋਰੀ ਹੋਈ ਹੋਵੇ, ਭਾਵੇਂ ਤੀਹਾਂ ਦਾ ਪੁਰਾਣਾ ਸਾਈਕਲ, ਵਜ਼ੀਰ ਸਾਹਿਬ ਝੱਟ ਅਰਜ਼ੀ 'ਤੇ ਦਸਖ਼ਤ ਕਰ ਕੇ ਆਈ.ਜੀ. ਨੂੰ ਭੇਜ ਦਿੰਦੇ ਹਨ ।
ਅਫ਼ਸਰਾਂ ਦੇ ਅੱਡ ਸੱਤੂ ਮੁੱਕੇ ਪਏ ਹਨ । ਆਪਣੀ ਕੁਰਸੀ ਬਚੀ ਰਹਿਣੀ ਚਾਹੀਦੀ , ਛੋਟੇ ਮੁਲਾਜ਼ਮ ਚਾਹੇ ਖੂਹ 'ਚ ਪੈਣ । ਨਾ ਵਜ਼ੀਰ ਨੂੰ ਨਰਾਜ਼ ਹੋਣ ਦਿੰਦੇ ਹਨ, ਨਾ ਹੀ ਉਹਨਾਂ ਦੇ ਕਿਸੇ ਚਹੇਤੇ ਸਿਆਸੀ ਦੋਸਤ ਨੂੰ । ਛੋਟੀ ਜਿਹੀ ਸ਼ਿਕਾਇਤ 'ਤੇ ਹੀ ਬਦਲੀ ਦੇ ਆਰਡਰ ਹੋ ਜਾਂਦੇ ਹਨ ।
ਇਕ ਵਾਰ ਗੁੱਠੇ ਲੱਗ ਗਏ ਤਾਂ ਚੰਗੇ ਥਾਣੇ ਪਹੁੰਚਣ ਲਈ ਵਰ੍ਹਿਆਂ ਦੇ ਵਰ੍ਹੇ ਲੱਗ ਜਾਂਦੇ ਹਨ । ਜੇ ਰਿਪੋਰਟ ਦਰਜ ਕਰਾਉਣ ਆਏ ਲਾਲੇ ਸੰਤਰੀ ਤੋਂ ਝਿੜਕੇ ਗਏ ਤਾਂ ਉਸ ਦਾ ਕੀ ਕਸੂਰ ?
ਭੁੱਖਣ ਭਾਣਾ ਉਹ ਸਵੇਰ ਦਾ ਪਹਿਰੇ 'ਤੇ ਖੜਾ । ਦਿਨ ਦੇ ਗਿਆਰਾਂ ਵੱਜ ਚੁੱਕੇ ਹਨ । ਹਾਲੇ ਤਕ ਇਕ ਵੀ ਬੰਦੇ ਦੁਆ ਸਲਾਮ ਨਹੀਂ ਕੀਤੀ । ਸੰਤਰੀ ਦੀ ਜੇਬ ਖ਼ਾਲੀ । ਤਿੰਨ ਗਲਾਸ ਲੱਸੀ ਦੇ ਪੀ ਚੁੱਕਾ । ਰਾਤ ਦੀ ਪੀਤੀ ਹਾਲੇ ਤਕ ਨਹੀਂ ਉਤਰੀ । ਬੇਸੁੱਧ ਹੋਇਆ ਉਹ ਦੋ ਜੱਗ ਦਾਰੂ ਪੀ ਗਿਆ ਸੀ । ਉਹ ਵੀ ਰੂੜੀ ਮਾਰਕਾ । ਮੁਖ਼ਤਿਆਰ ਨੇ ਸੋਚਿਆ ਸੀ ਚੰਗੀ ਆਸਾਮੀ ।
ਦਸਵੀਹ ਝੜ ਜਾਣਗੇ । ਲੱਸੀ ਅਤੇ ਲੈਚੀਆਂ ਦਾ ਖ਼ਰਚ ਨਿਕਲ ਆਵੇਗਾ ।
ਕੀ ਪਤਾ ਸੀ ਉਹਨਾਂ ਉੱਲੂਆਂ ਨੂੰ ਸੰਤਰੀ ਦੇ ਦਬਕੇ ਦੀ ਸਮਝ ਹੀ ਨਹੀਂ ਪਏਗੀ ?
ਮੁਖ਼ਤਿਆਰ ਨੇ ਸੋਚਿਆ ਸੀ ਆਮ ਸੰਤਰੀ ਵਾਂਗ ਪਹਿਲਾਂ ਆਪ ਫ਼ੀਸ ਲਏਗਾ । ਫੇਰ ਮੁਨਸ਼ੀ ਨਾਲ ਗੱਲ ਕਰਾ ਕੇ ਉਹਦੀ ਹਮਦਰਦੀ ਜਿੱਤੇਗਾ । ਮੁਨਸ਼ੀ ਸੂਈ ਬਘਿਆੜੀ ਵਾਂਗ ਪੈਂਦਾ ।ਕੁਝ ਨਰਮ ਹੋਏਗਾ । ਬਿਨਾਂ ਕਿਸੇ ਮੋਹਤਬਰ ਤੋਂ ਥਾਣੇ ਨੂੰ ਮੂੰਹ ਚੁੱਕੀ ਆਦੇ ਲਾਲੇ ਸੰਤਰੀ ਨੂੰ ਵਿਹੁ ਵਰਗੇ ਲੱਗੇ ਸਨ । ਉਸ ਦੀਆਂ ਨਿੱਕੀਆਂਨਿੱਕੀਆਂ ਅੱਖਾਂ ਵਿਚ ਚਿੰਗਾੜੇ ਮਘ ਪਏ ਸਨ ।
''ਕਿਧਰ ਨੂੰ ਮੂੰਹ ਚੁੱਕਿਐ ਬਈ ਸੇਠੋ ?'' ਖਿਝੇ ਸੰਤਰੀ ਨੇ ਬਿਨਾਂ ਦੁਆਸਲਾਮ ਕਰੇ ਥਾਣੇ ਅੰਦਰ ਘੁਸਦੇ ਲਾਲਿਆਂ ਨੂੰ ਦਬਕਾ ਮਾਰਿਆ ਸੀ । ਉਹਨਾਂ ਦੇ ਘਬਰਾਏ ਚਿਹਰਿਆਂ ਤੋਂ ਸੰਤਰੀ ਨੇ ਅੰਦਾਜ਼ਾ ਲਾ ਲਿਆ ਸੀ ਕਿ ਨਾ ਉਹ ਨੇਤਾ ਲੋਕ ਸਨ ਅਤੇ ਨਾ ਹੀ ਮੋਹਤਬਰ । ਉਹ ਕੇਵਲ ਫ਼ਰਿਆਦੀ ਸਨ ।
ਵਰਤੇ ਗਏ ਸਖ਼ਤ ਸ਼ਬਦਾਂ ਨੂੰ ਉਚਿਤ ਠਹਿਰਾਉਣ ਲਈ ਸੰਤਰੀ ਨੇ ਹੱਥ ਵਿਚ ਫੜੀ ਬੰਦੂਕ ਨੂੰ ਮੋਢੇ 'ਤੇ ਰੱਖਿਆ । ਲੋਹੇ ਦੀ ਉਸ ਸੰਗਲੀ ਨੂੰ ਇਕ ਦੋ ਵਾਰ ਖੜਕਾਇਆ, ਜਿਸ ਦਾ ਇਕ ਸਿਰਾ ਉਸ ਦੀ ਬੈਲਟ ਵਿਚ ਸੀ ਅਤੇ ਦੂਸਰਾ ਬੰਦੂਕ ਦੇ ਟਾਇਗਰ ਗਾਰਡ ਵਿਚ । ਇਸ ਖਵਕੇ ਨਾਲ ਉਹ ਸੇਠਾਂ ਨੂੰ ਕਾਲੇ ਦਿਨਾਂ ਦੀ ਯਾਦ ਦਿਵਾਉਣਾ ਚਾਹੁੰਦਾ ਸੀ । ਇਹਨੀਂ ਦਿਨੀਂ ਥਾਣੇ ਲੁੱਟਣ ਦੀਆਂ ਵਾਰਦਾਤਾਂ ਆਮ ਹਨ । ਕੀ ਪਤੈ ਕੋਈ ਦਿਨਦਿਹਾੜੇ ਹੀ ਥਾਣਾ ਲੁੱਟਣ ਪੈ ਜਾਵੇ ?
ਥਾਣੇ ਵੜਨ ਤੋਂ ਪਹਿਲਾਂ ਸੰਤਰੀ ਦੀ ਇਜਾਜ਼ਤ ਜ਼ਰੂਰੀ । ਸੇਠਾਂ ਨੇ ਇਹ ਗੁਸਤਾਖ਼ੀ ਕੀਤੀ ਸੀ । ਇਸ ਕੁਤਾਹੀ ਲਈ ਝਾੜਝੰਬ ਕਰਨਾ ਸੰਤਰੀ ਦਾ ਫ਼ਰਜ਼ ਸੀ ।
''ਅਸੀਂ ਵੱਡੇ ਸਰਦਾਰ ਨੂੰ ਮਿਲਨੈ.....।'' ਉਹਨਾਂ ਵਿਚੋਂ ਪਹਿਲੇ ਨੇ, ਜਿਸ ਦੀਆਂ ਅੱਖਾਂ ਸਾਰੀ ਰਾਤ ਦਾ ਜਗਰਾਤਾ ਕੱਟਣ ਕਰਕੇ ਸੁੱਜੀਆਂ ਹੋਈਆਂ ਸਨ, ਥਾਣੇ ਆਉਣ ਦਾ ਮਕਸਦ ਦੱਸਿਆ ।
''ਮੈਂ ਕੀ ਇਥੇ ਆਂਡੇ ਦੇਣ ਨੂੰ ਖੜੈਂ ? ਪਹਿਲਾਂ ਮੈਨੂੰ ਦੱਸੋ ਕਿਸ ਕੰਮ ਲਈ ਮਿਲਣੈ ਸਰਦਾਰ ਨੂੰ ?'' ਵੱਡੇ ਸਰਦਾਰ ਨੂੰ ਸਿੱਧਾ ਮਿਲਣ ਵਾਲੀ ਗੱਲ ਮੁਖ਼ਤਿਆਰ ਦੇ ਸੀਨੇ 'ਚ ਤੀਰ ਵਾਂਗ ਲੱਗੀ ।
ਸਰਦਾਰ ਨੂੰ ਮਿਲਣ ਲਈ ਕਈ ਦਰਵਾਜ਼ਿ ਲੰਘਣਾ ਪੈਣਾ । ਇਹ ਤਾਂ ਪਹਿਲਾ ਹੀ ਸੀ ।
ਉਹਨਾਂ ਨੂੰ ਪੈਰੋਂ ਕੱਢਣ ਲਈ ਇੰਨਾ ਕੁ ਰੋਹਬ ਮਾਰਨਾ ਸੰਤਰੀ ਲਈ ਜ਼ਰੂਰੀ ਸੀ ।
''ਜੀ ਮੇਰਾ ਭਾਣਜਾ ਬੰਟੀ ਕੱਲ੍ਹ ਦਾ ਸਕੂਲੋਂ ਨਹੀਂ ਮੁੜਿਆ.....ਰਪਟ ਦਰਜ ਕਰਾਉਣੀ .....''
ਏਨੇ ਕੁ ਸ਼ਬਦ ਬੋਲਦਿਆਂ ਹੀ ਬੰਟੀ ਦੇ ਮਾਮੇ ਸੂਰਜ ਦਾ ਗਲਾ ਕਈ ਵਾਰ ਭਰ ਆਇਆ ਸੀ ।
ਸੰਤਰੀ ਨੇ ਪਾਰਖੂ ਨਿਗਾਹਾਂ ਨਾਲ ਤਿੰਨਾਂ ਦਾ ਉੱਪਰ ਤੋਂ ਹੇਠਾਂ ਤਕ ਮੁਆਇਨਾ ਕੀਤਾ ।
ਭਾਣਜਾ ਆਖਣ ਵਾਲਾ ਨੌਜਵਾਨ ਮਾੜਚੂ ਜਿਹਾ ਸੀ । ਉਸ ਨੇ ਸਫ਼ੈਦ ਕੁੜਤਾ ਪਜਾਮਾ ਪਾਇਆ ਹੋਇਆ ਸੀ । ਲੱਗਦਾ ਸੀ ਉਸ ਨੂੰ ਕੁੜਤਾ ਪਜਾਮਾ ਬਦਲਣ ਦਾ ਵਕਤ ਨਹੀਂ ਸੀ ਮਿਲਿਆ ।
ਮੈਲਾ ਹੋਹੋ ਕੇ ਉਹ ਮਿੱਟੀ ਰੰਗਾ ਹੋ ਗਿਆ ਸੀ । ਵਾਰਵਾਰ ਪੂੰਝੇ ਗਏ ਹੰਝੂਆਂ ਕਾਰਨ ਕਮੀਜ਼ ਦੀਆਂ ਕਫਾਂ 'ਤੇ ਕਈ ਧੱਬੇ ਪੈ ਗਏ ਸਨ । ਉਸ ਦੇ ਚਿਹਰੇ 'ਤੇ ਥਕਾਨ ਦੇ ਚਿੰਨ੍ਹ ਸਾਫ਼ ਦਿਖਾਈ ਦੇ ਰਹੇ ਸਨ ।
ਬਾਕੀ ਦੇ ਦੋਹਾਂ ਵਿਚ ਕੋਈ ਬਹੁਤਾ ਫ਼ਰਕ ਨਹੀਂ ਸੀ । ਦੋਹਾਂ ਦੀਆਂ ਗੋਗੜਾਂ ਵਧੀਆਂ ਹੋਈਆਂ ਸਨ । ਮੋਟੀਆਂਮੋਟੀਆਂ ਗਰਦਨਾਂ ਦੁਆਲੇ ਸੋਨੇ ਦੀਆਂ ਚੈਨਾਂ ਸਨ । ਗਲਾਂ ਵਿਚ ਹੀਰਿਆਂ ਦੀਆਂ ਮੁੰਦਰੀਆਂ । ਉਹਨਾਂ ਦੀਆਂ ਅੱਖਾਂ ਵਿਚ ਗ਼ਮ ਦੀ ਝਲਕ ਤਾਂ ਸੀ ਪਰ ਥਕੇਵਾਂ ਨਹੀਂ ਸੀ । ਲੱਗਦਾ ਸੀ ਉਹ ਇਕਦੋ ਘੰਟੇ ਪਹਿਲਾਂ ਹੀ ਸੂਰਜ ਨਾਲ ਰਲੇ ਸਨ । ਉਹਨਾਂ ਵਿਚੋਂ ਇਕ ਨੇ ਕੁੜਤਾ
ਪਜਾਮਾ ਪਾਇਆ ਹੋਇਆ ਸੀ ਅਤੇ ਪੈਰੀਂ ਚੱਪਲਾਂ । ਦੂਜੇ ਦੇ ਪੈਂਟ ਸੂਟ ਸੀ ਅਤੇ ਪੈਰੀਂ ਬੂਟ ।
ਸਾਫ਼ਸੁਥਰੇ ਕੱਪੜੇ ਅਤੇ ਸਰੀਰ ਵਿਚਲੀ ਚੁਸਤੀ ਦੱਸਦੀ ਸੀ ਕਿ ਉਹਨਾਂ ਨੇ ਬੱਚੇ ਨੂੰ ਲੱਭਣ ਲਈ ਬਹੁਤੇ ਯਤਨ ਨਹੀਂ ਸਨ ਕੀਤੇ ।
ਸੋਨੇ ਨਾਲ ਲੱਦੇ ਸੇਠਾਂ ਨੂੰ ਦੇਖ ਕੇ ਮੁਖ਼ਤਿਆਰ ਅੰਦਰ ਵੱਡੀ ਫ਼ੀਸ ਦੀ ਲਾਲਸਾ ਜਾਗੀ ਸੀ । ਥੋੜ੍ਹੀ ਜਿਹੀ ਸਖ਼ਤੀ ਵਰਤ ਕੇ ਉਸ ਨੂੰ ਮਤਲਬ ਹੱਲ ਹੋਣ ਦੀ ਆਸ ਸੀ ।
''ਪਹਿਲਾਂ ਜੰਮਜੰਮ ਢੇਰ ਲਾ ਦਿੰਦੇ ਹੋ.....ਜਵਾਕ ਸੂਰਾਂ ਵਾਂਗ ਗਲੀਆਂਬਜ਼ਾਰਾਂ ਵਿਚ ਧੱਕੇ ਖਾਂਦੇ ਫਿਰਦੇ ਹਨ.....ਪੁਲਸ ਕਿਸਕਿਸ ਦਾ ਖ਼ਿਆਲ ਰੱਖੇ ?'' ਬੰਦੂਕ ਨੂੰ ਮੋਟੇ ਤੋਂ ਲਾਹ ਕੇ ਮੁੜ ਜ਼ਮੀਨ 'ਤੇ ਟਿਕਾਦੇ ਸੰਤਰੀ ਨੇ ਸਖ਼ਤ ਰੁਖ਼ ਅਪਣਾਈ ਰੱਖਿਆ ।
''ਨਹੀਂ, ਨਹੀਂ, ਇਹ ਗੱਲ ਨਹੀਂ.....ਉਹ ਤਾਂ ਮੇਰੀ ਵਿਧਵਾ ਭੈਣ ਦਾ ਇਕੋਇਕ ਪੁੱਤਰ ਸੀ.....ਲਾਲਾ ਜੀ ਆਪ ਉਸ ਨੂੰ ਸਕੂਲ ਲੈ ਕੇ ਜਾਂਦੇ ਸਨ..... ਆਪ ਲੈ ਕੇ ਆਦੇ ਸਨ..... ਕੱਲ੍ਹ ਪਤਾ ਨਹੀਂ ਕੀ ਭਾਣਾ ਵਰਤ ਗਿਆ.....'' ਸਾਰੀ ਰਾਤ ਦੇ ਭੁੱਖੇ ਤਿਹਾਏ ਸੂਰਜ ਤੋਂ ਖੜ੍ਹਿਆ ਨਹੀਂ ਸੀ ਜਾ ਰਿਹਾ । ਉਸ ਦਾ ਸਿਰ ਚਕਰਾ ਰਿਹਾ ਸੀ ਅਤੇ ਅੰਦਰੋਂ ਉਲਟੀ ਆਉਣ ਵਾਲੀ ਲੱਗਦੀ ਸੀ । ਡਿੱਗਣ ਤੋਂ ਡਰਦਾ ਉਹ ਕੋਲ ਪਈ ਇੱਟ 'ਤੇ ਬੈਠ ਗਿਆ । ਦੋਹਾਂ ਹੱਥਾਂ 'ਚ ਸਿਰ ਫੜ ਕੇ ਉਹ ਉਲਟੀ ਕਰਨ ਦਾ ਯਤਨ ਕਰਨ ਲੱਗਾ ।
''ਫੇਰ ਸਾਰੀ ਰਾਤ ਸੁੱਤੇ ਰਹੇ ? ਹੁਣ ਤਕ ਤਾਂ ਅਗਲੇ ਜਵਾਕ ਨੂੰ ਦਿੱਲੀਦੱਖਣ ਲੈ ਗਏ ਹੋਣਗੇ.....ਕਿਥੇਕਿਥੇ ਭਾਲੂ ਪੁਲਸ.....ਹੋਰ ਜਿਵੇਂ ਸਾਨੂੰ ਕੋਈ ਕੰਮ ਹੀ ਨਹੀਂ ?'' ਹਾਲੇ ਵੀ ਸੰਤਰੀ ਦੀ ਹਥਿਆਰ ਸੁੱਟਣ ਦੀ ਨੀਯਤ ਨਹੀਂ ਸੀ ।
''ਸੁੱਤੇ ਨਹੀਂ, ਜਾਗਦੇ ਰਹੇ ਹਾਂ.....ਆਂਢਗੁਆਂਢ.....ਟੋਏਟਿੱਬੇ.....ਸਿਨੇਮੇ.....ਸਟੇਸ਼ਨ..... ਬੱਸਾਂ.....ਗੱਡੀਆਂ.....ਕਿਤੋਂ ਵੀ ਪਤਾ ਨਹੀਂ ਲੱਗਾ । ਸਾਰੀ ਰਾਤ ਵਾਕਫ਼ਾਂ ਦੇ ਘਰ ਛਾਣਦੇ ਰਹੇ ਹਾਂ ।'' ਕੁੜਤੇ ਪਜਾਮੇ ਵਾਲੇ ਸੇਠ ਨੂੰ ਕੁਝ ਗ਼ੁੱਸਾ ਆ ਗਿਆ ਸੀ । ਸੂਰਜ ਨੂੰ ਨਿਢਾਲ ਹੋ ਕੇ ਇਕ ਪਾਸੇ ਬੈਠਦਿਆਂ ਦੇਖ ਕੇ ਉਸ ਨੇ ਗੱਲ ਅੱਗੇ ਤੋਰੀ ।
''ਠੀਕ .....ਠੀਕ .....'' ਸੇਠ ਦੀ ਸਖ਼ਤੀ ਅੱਗੇ ਸੰਤਰੀ ਦੀਆਂ ਤਿਊੜੀਆਂ ਢਿੱਲੀਆਂ ਪੈ ਗਈਆਂ । ਉਸ ਦਾ ਮਨ ਡੋਲਿਆ ਜ਼ਰੂਰ ਪਰ ਉਸ ਨੇ ਆਪਣੀ ਬੜ੍ਹਕ ਵਿਚ ਕੋਈ ਪਰਿਵਰਤਨ ਨਹੀਂ ਆਉਣ ਦਿੱਤਾ ।
ਤਿੰਨਾਂ ਦੇ ਚਿਹਰਿਆਂ 'ਤੇ ਛਾਈ ਮੁਰਦੇਹਾਣੀ ਨੂੰ ਦੇਖ ਕੇ ਸੰਤਰੀ ਨੇ ਭਾਂਪ ਲਿਆ ਕਿ ਉਹ ਨਰਮਦਿਲ ਆਦਮੀ ਹਨ । ਸਭ ਨੂੰ ਬੱਚੇ ਦੇ ਗੁੰਮ ਹੋਣ ਦਾ ਗ਼ਮ । ਬੱਚੇ ਨੂੰ ਲੱਭਣ ਲਈ ਉਹ ਸਭ ਕੁਝ ਕਰਨ ਨੂੰ ਤਿਆਰ ਵੀ ਹਨ । ਪਰ ਇਕ ਘਾਟ ਸੀ । ਪੁਲਿਸ ਦੇ ਕਾਇਦੇ ਕਾਨੂੰਨ ਜਾਣਨ ਵਾਲਾ ਉਹਨਾਂ ਵਿਚ ਕੋਈ ਨਹੀਂ ਸੀ । ਉਹਨਾਂ ਨੂੰ ਕਿਸੇ ਮੋਹਤਬਰ ਦੀ ਜ਼ਰੂਰਤ ਸੀ ।
ਮੋਹਤਬਰ.....ਜਾਣੀ ਉਹ ਬੰਦਾ ਜਿਹੜਾ ਮਗਰਮੱਛ ਵਾਂਗ ਉਪਰੋਂ ਤਾਂ ਮੁਸਤਗੀਸਾਂ ਦੇ ਹੱਕ ਵਿਚ ਹੰਝੂ ਬਹਾਏ ਪਰ ਅੰਦਰੋਂ ਪੁਲਿਸ ਨੂੰ ਪੈਸੇ ਦਿਵਾਉਣ ਲਈ ਹੱਥਪੈਰ ਮਾਰੇ ।
ਬੰਦੇ ਭੋਲੇਭਾਲੇ ਸਨ । ਉਹਨਾਂ ਨੂੰ ਸਹੀ ਰਹਿਨੁਮਾਈ ਦੀ ਲੋੜ ਸੀ । ਤਜਰਬੇਕਾਰ ਹੁੰਦੇ ਤਾਂ ਕਦੋਂ ਦੇ ਦਸਵੀਹ ਜਾਂ ਪੰਜਾਹ ਦਾ ਨੋਟ ਸੰਤਰੀ ਦੀ ਮੁੱਠੀ ਵਿਚ ਦੇ ਕੇ ਅੱਗੇ ਲੰਘ ਗਏ ਹੁੰਦੇ ।
ਮਸਾਂਮਸਾਂ ਅਸਾਮੀ ਹੱਥ ਆਈ ਸੀ । ਬੱਚਾ ਗੁਆਚਣ ਵਰਗਾ ਨਾਜ਼ੁਕ ਮਸਲਾ । ਮੁਖ਼ਤਿਆਰ ਨੇ ਵੀ ਬੱਚੇ ਪਾਲਣੇ ਹਨ । ਇਥੇ ਕਿਸੇ ਨੇ ਵਿਆਹ ਦੇ ਕਾਰਡ ਦੇਣ ਤਾਂ ਨਹੀਂ ਆਉਣਾ । ਮਰਿਆਂ ਦੀਆਂ ਖ਼ਬਰਾਂ ਹੀ ਲਿਆਉਣੀਆਂ ਹਨ । ਪੁਲਿਸ ਨੇ ਤਾਂ ਮੁਰਦਿਆਂ ਦੇ ਹੀ ਕਫ਼ਨ ਲਾਹੁਣੇ ਹਨ ।
ਮੂੰਹੋਂ ਫ਼ੀਸ ਮੰਗੀ ਨਹੀਂ ਜਾ ਸਕਦੀ । ਬੇਸ਼ਰਮ ਬਣ ਕੇ ਮੰਗ ਵੀ ਲਈ ਤਾਂ ਘੱਟਵੱਧ ਨਾ ਮੰਗੀ ਜਾਵੇ । ਚੰਗਾ ਹੋਵੇ ਜੇ ਉਹਨਾਂ ਵਿਚ ਕੋਈ ਮੋਹਤਬਰ ਆ ਵੜੇ । ਆਮ ਮੋਹਤਬਰ ਨਹੀਂ, ਪੁਲਿਸ ਦੀ ਭਾਸ਼ਾ ਵਾਲਾ ਮੋਹਤਬਰ । ਫੇਰ ਕੋਈ ਡਰਡੁੱਕਰ ਨਹੀਂ ।
''ਥੋਨੂੰ ਪਤੈ ਰਪਟ ਕੀ ਹੁੰਦੀ ਐ ? ਘਾਬਰਿਆ ਬੰਦਾ ਰਪਟ ਦਰਜ ਨਹੀਂ ਕਰਾ ਸਕਦਾ ।.... ਰਪਟ ਲਿਖਾਉਣ ਲਈ ਦਿਮਾਗ਼ ਦਾ ਤਵਾਜ਼ਨ ਠੀਕ ਹੋਣਾ ਚਾਹੀਦਾ । ਊਟਪਟਾਂਗ ਲਿਖ ਲਈਏ ਤਾਂ ਪਿੱਛੋਂ ਨਾਲੇ ਸਰਕਾਰੀ ਵਕੀਲ ਸਾਡੇ ਛਿੱਤਰ ਮਾਰਦੈ, ਨਾਲੇ ਜੱਜ ਪਹਿਲੀ ਪੇਸ਼ੀ ਮੁਜਰਮਾਂ ਨੂੰ ਕਰੀ ਕਰ ਦਿੰਦੈ । ਪੂਰੇ ਕਾਇਦੇ ਕਾਨੂੰਨਾਂ ਨੂੰ ਮੁੱਖ ਰੱਖ ਕੇ ਰਪਟ ਲਿਖਣੀ ਪੈਂਦੀ .....ਚੰਗਾ ਹੋਵੇ ਜੇ ਕੋਈ ਮੋਹਤਬਰ ਬੰਦਾ ਲੈ ਆਵੋ.....। ਅਜਿਹਾ ਬੰਦਾ ਜਿਹੜਾ ਅਤਿਵਾਦੀਆਂ ਦੇ ਖ਼ਿਲਾਫ਼ ਵੀ ਗਵਾਹੀ ਦੇ ਸਕੇ ।.....ਥੋਡੇ ਵਰਗੇ ਗੋਗੜਾਂ ਵਾਲੇ ਸੇਠ ਗਵਾਹੀ ਵੇਲੇ ਮੋਕ ਮਾਰ ਜਾਂਦੇ ਹਨ.....। ਵੱਡੇ ਅਫ਼ਸਰ ਪੜਤਾਲਾਂ ਸਾਡੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ..... ਮੁਜਰਮ ਬਰੀ ਕਿ ਹੋਏ ? ਲਿਆਉ ਕੋਈ ਮੋਹਤਬਰ ਬੰਦਾ ਲਿਆਉ.....ਨਾਲੇ ਗਵਾਹੀ ਪਾ ਦਊ, ਨਾਲੇ ਰਪਟ ਦਰਜ ਕਰਾ ਦਊ....।''
ਸੰਤਰੀ ਨੇ ਥਾਣੇ ਸਾਹਮਣੀਆਂ ਦੁਕਾਨਾਂ ਵੱਲ ਇਸ਼ਾਰਾ ਵੀ ਕੀਤਾ, ਜਿਥੇ ਮੋਹਤਬਰਾਂ ਦੀਮੰਡੀ ਲੱਗੀ ਰਹਿੰਦੀ ਸੀ ।
ਝ ਤਾਂ ਪਿੰਡਪਿੰਡ, ਗਲੀਗਲੀ ਹੀ ਮੋਹਤਬਰਾਂ ਦਾ ਜਾਲ ਵਿਛਿਆ ਹੋਇਆ । ਇੱਟ ਚੁੱਕੋ ਤਾਂ ਮੋਹਤਬਰ ਨਿਕਲ ਆਦਾ । ਮੋਹਤਬਰ ਸ਼ਿੰਗਾਰਨ ਵਿਚ ਪੁਲਿਸ ਦਾ ਲੱਗਦਾ ਵੀ ਕੀ ? ਆਏ ਬੰਦੇ ਨੂੰ ਜੱਫੀ ਪਾ ਕੇ ਮਿਲੋ । ਬਾਲਬੱਚਿਆਂ ਅਤੇ ਫ਼ਸਲਾਂ ਦਾ ਹਾਲਚਾਲ ਪੁੱਛੋ ।
ਸ਼ਰਾਬ ਵਾਲੀ ਕੇਨੀ ਵਿਚੋਂ ਕੱਚ ਦੀ ਇਕ ਗਲਾਸੀ ਭਰੋ ਅਤੇ ਅਦਬ ਨਾਲ ਪੇਸ਼ ਕਰੋ । ਰੋਟੀਟੁੱਕ ਦੇ ਬਹਾਨੇ ਕੁਆਟਰ ਲੈ ਜਾਓ । ਪਿਛਲੀ ਫ਼ੀਸ ਦਾ ਹਿੱਸਾ ਉਹਦੇ ਬੋਝੇ ਪਾਓ ਅਤੇ ਅਗਲੀ ਦੀ ਤਿਆਰੀ ਕਰੋ । ਮੋਹਤਬਰ ਬਿਨਾਂ ਪੁਲਿਸ ਨੂੰ ਕਿਹੜਾ ਸੁਫ਼ਨਾ ਆਦਾ ਕਿ ਅਸਾਮੀ ਵਿਚ ਕਿੰਨਾ ਦਮ ? ਪੰਜ ਵਾਲੇ ਤੋਂ ਪੰਜਾਹ ਮੰਗੇ ਜਾ ਸਕਦੇ ਹਨ ਅਤੇ ਪੰਜਾਹ ਵਾਲੇ ਤੋਂ ਪੰਜ । ਸ਼ਿਕਾਇਤ ਦਾ ਧੁੜਕੂ ਵੱਖਰਾ । ਮੋਹਤਬਰ ਨਾਲ ਹੋਵੇ ਤਾਂ ਪਹਿਲਾਂ ਹੀ ਸਮਝਾ ਦਿੰਦੈ ਕਿ ਤਿਲਾਂ ਵਿਚ ਕਿੰਨਾ ਕੁ ਤੇਲ ।
ਮੋਹਤਬਰ ਵੀ ਘਰਘਰ ਫਿਰ ਕੇ ਲੜਾਈਝਗੜੇ ਦੀ ਸੂਹ ਲਾਦੇ ਰਹਿੰਦੇ ਹਨ । ਵਿਹਲੇ ਹੋਣ ਤਾਂ ਸੱਥਾਂ ਅਤੇ ਬੱਸ ਅੱਡਿਆਂ 'ਚ ਡੇਰੇ ਲਾਈ ਰੱਖਦੇ ਹਨ । ਕੋਈ ਥਾਣੇ ਜਾਂਦਾ ਦਿਖਾਈ ਦੇਵੇ, ਝੱਟ ਨਾਲ ਹੋ ਲੈਂਦੇ ਹਨ ।
ਜਿੰਨਾ ਚਿਰ ਲੋਕਾਂ ਦੇ ਸਿੰਗ ਭਿੜੇ ਰਹਿਣਗੇ, ਮੋਹਤਬਰਾਂ ਦੀ ਚੌਧਰ ਬਣੀ ਰਹੇਗੀ । ਚਾਰੇ ਪਾਸੇ ਜਵਾਈਆਂ ਵਾਂਗ ਸੇਵਾ ਹੁੰਦੀ । ਨਕਦ ਨਰਾਇਣ ਅਲੱਗ । ਕੋਈ ਪਿੱਛੋਂ ਸੁੱਕਾ ਨਿਕਲ ਜਾਵੇ ਤਾਂ ਥਾਣੇ ਦੇ ਸਾਹਮਣੇ ਵਾਲੀਆਂ ਚਾਹਦੁੱਧ ਅਤੇ ਟਾਈਪਿਸਟਾਂ ਦੀਆਂ ਦੁਕਾਨਾਂ 'ਤੇ ਬਥੇਰੇ ਰੈਡੀਮੇਡ ਮੋਹਤਬਰ ਮਿਲ ਜਾਂਦੇ ਹਨ ।
ਭੁੱਲਭੁਲੇਖੇ ਕੋਈ ਸਭ ਦੇ ਅੱਖੀਂ ਘੱਟਾ ਪਾ ਕੇ ਥਾਣੇ ਆ ਵੀ ਧਮਕੇ ਤਾਂ ਸੰਤਰੀ ਦਾ ਪਹਿਲਾ ਫ਼ਰਜ਼ ਇਹੋ ਕਿ ਅਰਜ਼ੀਪੱਤਰ ਦੇ ਬਹਾਨੇ ਮੁਸਤਗੀਸਾਂ ਨੂੰ ਟਾਈਪਿਸਟਾਂ ਜਾਂ ਅਰਜ਼ੀ ਨਵੀਸਾਂ ਕੋਲ ਭੇਜੇ । ਬਹੁਤੇ ਪੜ੍ਹੇਲਿਖੇ ਜੇ ਆਪ ਲਿਖਾਪੜ੍ਹੀ ਕਰ ਲਿਆਏ ਹੋਣ ਤਾਂ ਮੁਨਸ਼ੀ ਦਾ ਫ਼ਰਜ਼ ਚਾਹਪਾਣੀ ਦੇ ਬਹਾਨੇ ਫ਼ਰਿਆਦੀਆਂ ਨੂੰ ਦੁਕਾਨ 'ਤੇ ਘੱਲੇ । ਅੱਗੇ ਮੋਹਤਬਰ ਉਹਨਾਂ ਨੂੰ ਆਪੇ ਬੋਚ ਲੈਂਦੇ ਹਨ । ਟਾਈਪ ਕਰਦੇਕਰਦੇ ਜਾਂ ਚਾਹ ਵਿਚ ਦੁੱਧ ਮਿਲਾਦੇ ਮਿਲਾਦੇ ਉਹ ਮੁਸਤਗੀਸਾਂ ਦੇ ਮਨਾਂ ਵਿਚ ਉਤਰ ਜਾਂਦੇ ਹਨ । ਇਧਰਉਧਰ ਦੀਆਂ ਮਾਰ ਕੇ ਸਾਰਾ ਮਸਲਾ ਆਪਣੇ ਹੱਥ ਲੈ ਲੈਂਦੇ ਹਨ । ਪਿੱਛੋਂ ਸਭ ਦੀਆਂ ਪੌਂਬਾਰਾਂ ।
ਮੋਹਤਬਰਾਂ ਦੀ ਗੱਲ ਛੇੜ ਕੇ ਸੰਤਰੀ ਆਪਣਾ ਫ਼ਰਜ਼ ਨਿਭਾ ਰਿਹਾ ਸੀ । ਇਸੇ ਵਿਚ ਸਭ ਦਾ ਭਲਾ ਸੀ ।
''ਮੈਂ ਧਾਗਾ ਮਿੱਲ ਦਾ ਮੈਨੇਜਿੰਗ ਡਾਇਰੈਕਟਰ ਹਾਂ ਅਤੇ ਇਹ ਭਾਈ ਸਾਹਿਬ ਫਲੌਰ ਮਿਲਜ਼ ਮਾਲਕ ਯੂਨੀਅਨ ਦੇ ਪਰਧਾਨ ।'' ਜਾਣਪਹਿਚਾਣ ਕਰਾ ਰਹੇ ਕੁੜਤੇ ਪਜਾਮੇ ਵਾਲੇ ਦਾ ਮਤਲਬ ਸੀ ਕਿ ਉਹ ਮੋਹਤਬਰ ਬੰਦੇ ਹੀ ਤਾਂ ਹਨ ।
ਸੇਠਾਂ ਦੇ ਅਹੁਦੇ ਸੁਣ ਕੇ ਸੰਤਰੀ ਨੇ ਦਿਮਾਗ਼ 'ਤੇ ਪੂਰਾ ਬੋਝ ਪਾ ਕੇ ਸੋਚਿਆ । ਪੂਰੇ ਪੰਦਰਾਂ ਦਿਨਾਂ ਤੋਂ ਉਹ ਪਹਿਰੇ 'ਤੇ ਸੀ । ਅਜਿਹਾ ਕੋਈ ਮੋਹਤਬਰ ਨਹੀਂ ਸੀ, ਜਿਹੜਾ ਹਾਲੇ ਤਕ ਉਸ ਦੀਆਂ ਨਜ਼ਰਾਂ ਥਾਣੀਂ ਨਾ ਨਿਕਲਿਆ ਹੋਵੇ । ਉਹ ਮੋਹਤਬਰ ਹੀ ਕਾਹਦਾ ਜਿਹੜਾ ਦਿਨ ਵਿਚ ਦੋਤਿੰਨ ਚੱਕਰ ਵੀ ਨਾ ਮਾਰੇ । ਇਹ ਸੇਠ ਤਾਂ ਇਕ ਵਾਰ ਵੀ ਥਾਣੇ ਨਹੀਂ ਆਏ ।
''ਲੱਗਦਾ ਤੁਸੀਂ ਇਨਕਮ ਟੈਕਸ ਜਾਂ ਸੇਲ ਟੈਕਸ ਦੇ ਦਫ਼ਤਰ ਵਿਚ ਲੀਡਰੀ ਕਰਦੇ ਹੋ ।
ਥੋਨੂੰ ਥਾਣੇ ਤਾਂ ਕਦੇ ਨਹੀਂ ਦੇਖਿਆ.....।'' ਸੰਤਰੀ ਨੇ ਨਰਮੀ ਫੜਨੀ ਸ਼ੁਰੂ ਕਰ ਦਿੱਤੀ ।
''ਰੱਬ ਥਾਣੇ, ਹਸਪਤਾਲਾਂ ਤੋਂ ਬਚਾਈ ਰੱਖੇ । ਅਸੀਂ ਹਾਲੇ ਤਕ ਕਦੇ ਥਾਣੇ ਪੈਰ ਨਹੀਂਪਾਇਆ ।'' ਪਰਧਾਨ ਗੱਲ ਨਿਬੇੜਨਾ ਚਾਹੁੰਦਾ ਸੀ । ਤਿੱਖੇ ਵਿਅੰਗ ਤੋਂ ਉਸ ਨੂੰ ਆਸ ਸੀ ਕਿ ਸੰਤਰੀ ਰਾਹ ਛੱਡ ਦੇਵੇਗਾ ।
''ਫੇਰ ਤਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਕਿ ਹਰ ਸੰਸਥਾ ਦੇ ਕਾਇਦੇਕਾਨੂੰਨ ਹੁੰਦੇ ਹਨ ।
ਤੁਸੀਂ ਜਾਓ ਸਾਹਮਣੀ ਬੰਦੂਕਾਂ ਵਾਲੀ ਦੁਕਾਨ ਤੋਂ ਗੁਪਤਾ ਜੀ ਨੂੰ ਬੁਲਾ ਲਿਆਓ.....ਵਿਉਪਾਰ ਮੰਡਲ ਦੇ ਪਰਧਾਨ ਨੂੰ ਹਾਕ ਮਾਰ ਲਓ.....ਹੋਰ ਕੋਈ ਨਹੀਂ ਲੱਭਦਾ ਤਾਂ ਅਰਜ਼ੀ ਨਵੀਸ ਪਾਧਾ ਹੀ ਸਹੀ । ਉਹ ਕਿਧਰੇ ਗਿਆ ਹੋਇਆ ਤਾਂ ਢਾਬੇ ਵਾਲੇ ਪਹਿਲਵਾਨ ਨੂੰ ਲੈ ਆਓ.....। ਕੋਈ ਤਾਂ ਹੋਵੇ ਰਪਟ 'ਤੇ ਅੰਗੂਠਾ ਲਾਉਣ ਲਈ ।''
''ਚੰਗਾ ਦੇਖਦੇ ਹਾਂ ਕੋਈ.....।'' ਆਖਦੇ ਉਹ ਗਰਦਨਾਂ ਸੁੱਟੀ, ਛੋਟੇ ਕਦਮ ਪੁੱਟਦੇ ਬਜ਼ਾਰ ਵੱਲ ਤੁਰ ਪਏ ।
ਪਾਧੇ ਅਤੇ ਗੁਪਤੇ ਦਾ ਨਾਂ ਤਾਂ ਉਸ ਨੇ ਐਵੇਂ ਗਿਣਤੀ ਲਈ ਲਿਆ ਸੀ । ਉਸ ਦੀ ਅਸਲੀ ਦਾਲ ਤਾਂ ਹੀ ਗਲਦੀ ਜੇ ਉਹ ਢਾਬੇ ਵਾਲੇ ਪਹਿਲਵਾਨ ਕੋਲ ਜਾਂਦੇ । ਪਹਿਲਵਾਨ ਕੋਈ ਪਰਾਇਆ ਨਹੀਂ ਸੀ । ਉਹ ਮੁਖ਼ਤਿਆਰ ਦਾ ਗੁਰੂ ਵੀ ਸੀ, ਚਾਚਾ ਵੀ ਅਤੇ ਸਰਪਰਸਤ ਵੀ ।
ਜਦੋਂ ਉਹ ਪਾਕਿਸਤਾਨੋਂ ਉੱਜੜ ਕੇ ਆਏ ਸਨ ਤਾਂ ਮੁਖ਼ਤਿਆਰ ਪੰਜਾਂ ਸਾਲਾਂ ਦਾ ਸੀ । ਆਦਿਆਂ ਹੀ ਪਹਿਲਾਂ ਉਸ ਦੇ ਬਾਪ ਅਤੇ ਪਹਿਲਵਾਨ ਨੇ ਪਿੰਡਪਿੰਡ ਜਾ ਕੇ ਸਬਜ਼ੀ ਵੇਚੀ ।
ਗਰਮੀਆਂ ਵਿਚ ਨਾਲ ਕੁਲਫ਼ੀਆਂ ਲੈ ਜਾਣੀਆਂ । ਉਧਰੋਂ ਦਾਣਿਆਂ ਅਤੇ ਆਂਡਿਆਂ ਦੀ ਬਹਿੰਗੀ ਭਰ ਲਿਆਉਣੀ ।
ਨਵਾਂ ਬੱਸ ਸਟੈਂਡ ਬਣਿਆ ਤਾਂ ਉਹਨਾਂ ਨੇ ਪਰੌਂਠਿਆਂ ਦੀ ਰੇਹੜੀ ਲਾਉਣੀ ਸ਼ੁਰੂ ਕਰ ਦਿੱਤੀ ।
ਰੇਹੜੀ ਲੱਗਦੀ ਨੂੰ ਜਦੋਂ ਦਸ ਵਰ੍ਹੇ ਹੋ ਗਏ ਤਾਂ ਕਮੇਟੀ ਨੇ ਉਹਨਾਂ ਨੂੰ ਦੁਕਾਨ ਅਲਾਟ ਕਰ ਦਿੱਤੀ ।
ਤਰੱਕੀ ਕਰਦਾਕਰਦਾ ਉਹਨਾਂ ਦਾ ਢਾਬਾ ਵਧੀਆ ਚੱਲ ਨਿਕਲਿਆ । ਗਸ਼ਤ ਲਈ ਨਿਕਲੀ ਪੁਲਿਸ ਪਾਰਟੀ ਉਹਨਾਂ ਦੇ ਚੁਬਾਰੇ ਵਿਚ ਹੀ ਥਕੇਵਾਂ ਲਾਹੁੰਦੀ ਸੀ ।
ਮੁਖ਼ਤਿਆਰ ਨੇ ਪਹਿਲਾਂ ਸਬਜ਼ੀ ਢੋਈ, ਰੇਹੜੀ 'ਤੇ ਭਾਂਡੇ ਮਾਂਜੇ ਅਤੇ ਜਦੋਂ ਹੋਟਲ ਖੁੱਲ੍ਹਿਆ ਤਾਂ ਸਬਜ਼ੀਆਂ ਅਤੇ ਮੀਟ ਬਣਾਉਣ ਦਾ ਭਾਰ ਸੰਭਾਲਿਆ । ਕਦੇਕਦੇ ਸਕੂਲ ਵੀ ਗੇੜਾ ਮਾਰ ਆਦਾ । ਪੰਜਾਬੀ ਪੜ੍ਹਨੀਲਿਖਣੀ ਸਿੱਖ ਲਈ ।
ਪੁਲਿਸ ਨਾਲ ਵਾਕਫ਼ੀਅਤ ਵਧੀ ਤਾਂ ਬੰਤਾ ਸਿੰਘ ਥਾਣੇਦਾਰ ਨੇ ਥਾਣੇ ਸਾਹਮਣੀਆਂ ਦੁਕਾਨਾਂ ਵਿਚੋਂ ਇਕ ਉਹਨਾਂ ਨੂੰ ਦਿਵਾ ਦਿੱਤੀ । ਦੋਹਾਂ ਧਿਰਾਂ ਨੂੰ ਇਕਦੂਜੇ ਦੀ ਜ਼ਰੂਰਤ ਸੀ ।
ਪੁਲਿਸ ਵਾਲਿਆਂ ਨੂੰ ਪੈਸੇ ਫੜਨ ਵਾਲਾ ਇਮਾਨਦਾਰ ਬੰਦਾ ਚਾਹੀਦਾ ਸੀ ਅਤੇ ਪਹਿਲਵਾਨ ਨੂੰ ਮੂੰਹਮੰਗੇ ਪੈਸੇ ਦੇਣ ਵਾਲੇ ਗਾਹਕ । ਚੱਲ ਸੋ ਚੱਲ । ਦਿਨਾਂ ਵਿਚ ਹੀ ਉਹ ਵਾਹਵਾ ਤਰੱਕੀ ਕਰ ਗਏ ।
ਜਾਂਦਾਜਾਂਦਾ ਬੰਤਾ ਸਿੰਘ ਇਕ ਹੋਰ ਅਹਿਸਾਨ ਕਰ ਗਿਆ । ਕੱਦ ਤਾਂ ਭਾਵੇਂ ਮੁਖ਼ਤਿਆਰ ਦਾ ਛੋਟਾ ਹੀ ਸੀ ਪਰ ਪੁਲਿਸ 'ਚ ਭਰਤੀ ਕਰਾ ਗਿਆ ।
ਬਾਪੂ ਨੂੰ ਅੱਖਾਂ ਮੀਚੇ ਵਰ੍ਹੇ ਬੀਤ ਗਏ ਸਨ । ਮੁਖ਼ਤਿਆਰ ਦੇ ਸਿਰ 'ਤੇ ਪਹਿਲਵਾਨ ਦਾ ਹੱਥ ਸੀ । ਉਸ ਨੇ ਸਿਫ਼ਾਰਸ਼ ਕਰ ਕੇ ਮੁਖ਼ਤਿਆਰ ਨੂੰ ਨਾਇਬਕੋਰਟ ਲਗਵਾ ਦਿੱਤਾ । ਇਕ ਹੋਟਲ ਪਹਿਲਵਾਨ ਨੇ ਕਚਹਿਰੀ ਵਿਚ ਖੋਲ੍ਹ ਲਿਆ ਸੀ । ਥਾਣੇ ਸਿਪਾਹੀਆਂ ਨੂੰ ਕੌਣ ਪੁੱਛਦਾ ? ਉੱਥੇ ਨਾਇਬਕੋਰਟਾਂ ਦੀਆਂ ਮੌਜਾਂ ਹੀ ਮੌਜਾਂ । ਕਚਹਿਰੀ ਰਹਿ ਕੇ ਵੱਡੇ ਅਫ਼ਸਰਾਂ ਦੇ ਮੱਥੇ ਲੱਗੇਗਾ ਅਤੇ ਵੱਡੀਆਂ ਮਾਰਾਂ ਮਾਰੇਗਾ ।
ਹੋਇਆ ਵੀ ਇੰਝ ਹੀ । ਕਰਾਰੇ ਪਰੌਂਠੇ, ਤੜਕੇ ਵਾਲੀਆਂ ਸਬਜ਼ੀਆਂ ਅਤੇ ਮਸਾਲੇਦਾਰ ਮੀਟ ਦੇ ਤਜਰਬੇ ਨੇ ਉਸ ਨੂੰ ਰੱਜ ਕੇ ਐਸ਼ਾਂ ਕਰਾਈਆਂ । ਜਿਸ ਅਫ਼ਸਰ ਦੇ ਮੂੰਹ ਉਹਦੀ ਸਬਜ਼ੀ ਲੱਗ ਜਾਂਦੀ, ਉਹ ਹੋਟਲਾਂ ਵਿਚ ਜਾਣਾ ਭੁੱਲ ਜਾਂਦਾ । ਬਥੇਰੀ ਵਾਰ ਉਸ ਦੀ ਬਦਲੀ ਹੁੰਦੀ । ਬਦਲੀ ਰੁਕਵਾਉਣ ਅਫ਼ਸਰ ਆਪੇ ਜਾਂਦੇ । ਉਸ ਨੂੰ ਆਖਣ ਦੀ ਲੋੜ ਹੀ ਨਹੀਂ ਸੀ ਪੈਂਦੀ ।
ਪੰਦਰਾਂ ਸਾਲ ਕਚਹਿਰੀ 'ਚ ਰਹਿ ਕੇ ਉਹ ਭੁੱਲ ਹੀ ਗਿਆ ਸੀ ਕਿ ਉਹ ਇਕ ਮਾਮੂਲੀ ਸਿਪਾਹੀ ਸੀ । ਉਹ ਆਪਣੇ ਆਪ ਨੂੰ ਜੱਜ ਹੀ ਸਮਝਣ ਲੱਗ ਪਿਆ ਸੀ । ਥਾਣੇ ਵਾਲੇ ਤਾਂ ਉਸ ਨੂੰ 'ਮਿੰਨੀ ਜੱਜ' ਹੀ ਆਖਣ ਲੱਗ ਪਏ ਸਨ । ਕਚਹਿਰੀ ਵਿਚ ਉਸ ਦੀ ਚੱਲਦੀ ਵੀ ਪੂਰੀ ਸੀ ।
ਦਿਲ ਕਰਿਆ ਕਿਸੇ ਦਾ ਤਫ਼ਤੀਸ਼ੀ ਦਾ ਚਲਾਨ ਪੇਸ਼ ਕਰ ਦਿੱਤਾ । ਨਾ ਦਿਲ ਕਰਿਆ ਨਾਂਹ ਕਰ ਦਿੱਤੀ । ਜੱਜ ਉਸ ਦੀ ਉਲਟਾਦੇ ਨਹੀਂ ਸਨ । ਪਤਾ ਸੀ, ਸਾਰਾ ਦਿਨ ਵਗਾਰ ਕਰਦਾ । ਚਾਰ ਪੈਸੇ ਕਮਾ ਲਏਗਾ ਤਾਂ ਕੀ ਫ਼ਰਕ ਪੈਂਦਾ । ਕਿਸੇ ਥਾਣੇਦਾਰ ਦੀ ਕੀ ਮਜਾਲ ਕਿਸੇ ਜੱਜ ਤੋਂ ਸਿੱਧਾ ਕੰਮ ਕਰਾ ਲਏ ।
ਇਹ ਅਹਿਸਾਸ ਉਸ ਨੂੰ ਹੁਣ ਹੋਇਆ ਸੀ ਕਿ ਅੱਧੇ ਨਾਲੋਂ ਵੱਧ ਪੁਲਿਸ ਅਫ਼ਸਰ ਉਸ ਨਾਲ ਨਾਰਾਜ਼ ਹਨ । ਕਈਆਂ ਨਾਲ ਤਾਂ ਇੱਟਕੁੱਤੇ ਵਾਲਾ ਵੈਰ ਪਿਆ ਹੋਇਆ ਸੀ । ਜਦੋਂ ਦਾ ਉਹ ਥਾਣੇ ਬਦਲ ਕੇ ਆਇਆ ਸੀ, ਸਾਰੇ ਗਿਣਗਿਣ ਕੇ ਬਦਲੇ ਲੈ ਰਹੇ ਸਨ ।
ਸਭ ਤੋਂ ਵੱਡਾ ਦੁਸ਼ਮਣ ਐਸ.ਐਚ.ਓ. ਸੀ । ਉਦੋਂ ਤਾਂ ਅੱਗੇਪਿੱਛੇ ਫਿਰਦਾ ਹੁੰਦਾ ਸੀ ।
ਥਾਣੇ ਆਏ ਦੀ ਜਵਾਈਆਂ ਵਾਂਗ ਸੇਵਾ ਕਰਦਾ ਸੀ । 'ਭਤੀਜਭਤੀਜ' ਕਹਿੰਦੇ ਦਾ ਮੂੰਹ ਸੁੱਕਦਾ ਹੁੰਦਾ ਸੀ । ਕਦੇਕਦੇ ਵਿਸਕੀ ਵੀ ਹਾਜ਼ਰ ਕਰਦਾ ਸੀ । ਮੁਖ਼ਤਿਆਰ ਮਤਹਿਤ ਬਣ ਕੇ ਆਇਆ ਤਾਂ ਮੁਨਸ਼ੀ ਨੂੰ ਹੁਕਮ ਸੁਣਾ ਦਿੱਤਾ, ਇਸ ਦੇ ਵੱਟ ਕੱਢੇ ਜਾਣ । ਸਖ਼ਤ ਤੋਂ ਸਖ਼ਤ ਡਿਊਟੀ 'ਤੇ ਰੱਖਿਆ ਜਾਵੇ । ਵਜ੍ਹਾ, ਰੰਜਿਸ਼ ? ਇਕ ਵਾਰੀ ਉਸ ਨੇ ਅੜ ਕੇ ਇੰਸਪੈਕਟਰ ਤੋਂ ਵੀਹ ਰੁਪਏ ਲੈ ਲਏ ਸੀ । ਇੰਸਪੈਕਟਰ ਸਮਝਾਦਾ ਰਿਹਾ । ਚਲਾਨ ਪੇਸ਼ ਕਰਨ ਦੀ ਆਖ਼ਰੀ ਤਰੀਖ਼ ਸੀ । ਮੁਜਰਮ ਨਾਮੀ ਦਹਿਸ਼ਤਗਰਦ ਸੀ । ਚਲਾਨ ਪੇਸ਼ ਨਾ ਹੋਇਆ ਤਾਂ ਉਸ ਦੀ ਜ਼ਮਾਨਤ ਹੋ ਜਾਣੀ ਸੀ ਅਤੇ ਇੰਸਪੈਕਟਰ ਦੀ ਇਨਕੁਆਇਰੀ । ਮੁਖ਼ਤਿਆਰ ਆਪਣੀ ਜ਼ਿੱਦ 'ਤੇ ਅੜਿਆ ਰਿਹਾ । ਫ਼ੀਸ ਬਿਨਾਂ ਚਲਾਨ ਪੇਸ਼ ਨਹੀਂ ਹੋ ਸਕਦਾ । ਇੰਸਪੈਕਟਰ ਦਿਨ ਵਿਚ ਦਸਦਸ ਹਜ਼ਾਰ ਰੁਪਏ ਕਮਾਦਾ ।
ਕਿਸੇ ਦਿਨ ਪੱਲਿਓਂ ਦੇਣੇ ਪੈ ਗਏ ਤਾਂ ਕਿਹੜਾ ਉਹ ਨੰਗ ਹੋਣ ਲੱਗਾ । ਨਾਇਬਕੋਰਟਾਂ ਦੇ ਕਿਹੜਾ ਹਲ ਚੱਲਦੇ ਹਨ । ਇਸੇ ਤਰ੍ਹਾਂ ਗੁਜ਼ਾਰਾ ਚਲਾਉਣਾ ਹੁੰਦਾ ।
ਊਠ ਵਾਂਗ ਇੰਸਪੈਕਟਰ ਦਿਲ 'ਚ ਖਾਰ ਰੱਖੀ ਬੈਠਾ ਸੀ । ਥਾਣੇ ਆਦਿਆਂ ਹੀ ਉਸ ਨੂੰ ਪਹਿਰੇ 'ਤੇ ਚਾੜ੍ਹ ਦਿੱਤਾ ।
ਮੁਨਸ਼ੀ ਉਸ ਦਾ ਵੀ ਪਿਓ ਸੀ । ਉਸ ਨੇ ਆਪਣੀ ਚਲਾਉਣੀ ਸ਼ੁਰੂ ਕਰ ਦਿੱਤੀ । ਕਈ ਵਾਰ ਆਖ ਚੁੱਕਾ ਸੀ । ਮੁਖ਼ਤਿਆਰ ਦੀ ਮਿਹਰਬਾਨੀ ਕਰ ਕੇ ਮੁਨਸ਼ੀ ਦੀ ਕਈ ਵਾਰ ਦੋਦੋ ਸਾਲ ਦੀ ਨੌਕਰੀ ਕੱਟੀ ਗਈ ਸੀ । ਜੇ ਮੁਖ਼ਤਿਆਰ ਦੀਆਂ ਸ਼ਿਕਾਇਤਾਂ ਕਰਕੇ ਉਸ ਨੂੰ ਸਜ਼ਾਵਾਂ ਨਾ ਮਿਲੀਆਂ ਹੁੰਦੀਆਂ ਤਾਂ ਹੁਣ ਨੂੰ ਉਹ ਕਦੇ ਦਾ ਛੋਟਾ ਥਾਣੇਦਾਰ ਬਣਿਆ ਹੁੰਦਾ । ਹਜ਼ਾਰਾਂ ਮੁਕੱਦਮੇ ਬਰੀ ਹੁੰਦੇ ਹਨ । ਜਿਹੜਾ ਦਸਵੀਹ ਮੁਖ਼ਤਿਆਰ ਦੇ ਹੱਥ ਰੱਖ ਦਿੰਦਾ, ਉਸ ਦੇ ਕਾਗ਼ਜ਼ ਦੱਬ ਲੈਂਦਾ ।
ਨਾ ਮਿਲਦੇ ਤਾਂ ਸਰਕਾਰੀ ਵਕੀਲ ਤੋਂ ਰਿਪੋਰਟ ਕਰਾ ਦਿੰਦਾ । ਕਈ ਵਾਰ ਹੱਥ ਤੰਗ ਹੁੰਦੈ । ਇਸ ਤੰਗੀ ਦਾ ਫ਼ਾਇਦਾ ਉਠਾ ਕੇ ਮੁਖ਼ਤਿਆਰ ਨੇ ਮੁਨਸ਼ੀ ਨੂੰ ਮਾੜੇ ਦਿਨ ਦਿਖਾਏ ਸਨ । ਹੁਣ ਮੁਖ਼ਤਿਆਰ ਮਸਾਂਮਸਾਂ ਉਹਦੇ ਅੜਿੱਕੇ ਚੜ੍ਹਿਆ ਸੀ । ਉਹਨੇ ਬਦਲਾ ਲੈਣਾ ਹੀ ਸੀ ।
ਪਹਿਰਾ ਥਾਣੇ 'ਚ ਸਭ ਤੋਂ ਸਖ਼ਤ ਡਿਊਟੀ ਹੁੰਦੀ । ਮੁਖ਼ਤਿਆਰ ਦਾ ਪਹਿਰਾ ਕਦੇ ਦਿਨ ਦਾ ਹੁੰਦਾ, ਕਦੇ ਰਾਤ ਦਾ । ਮਜਾਲ ਨਹੀਂ ਇਕ ਮਿੰਟ ਵੀ ਬੈਠ ਸਕੇ । ਇਕ ਵਾਰ ਪਹਿਲਵਾਨ ਦੀ ਦੁਕਾਨ ਤੋਂ ਬੈਂਚ ਮੰਗਵਾਇਆ ਤਾਂ ਇੰਸਪੈਕਟਰ ਨੇ ਗਾਲ੍ਹਾਂ ਦੀ ਬੁਛਾੜ ਕਰ ਦਿੱਤੀ । ਵੀਹ ਥਾਣੇ ਲੁੱਟੇ ਜਾ ਚੁੱਕੇ ਹਨ । ਸੰਤਰੀ ਥੋੜ੍ਹਾ ਜਿਹਾ ਵੀ ਅਵੇਸਲਾ ਹੋ ਗਿਆ ਤਾਂ ਕੁਝ ਵੀ ਵਾਪਰ ਸਕਦਾ ਸੀ ।
ਰਾਤ ਦਾ ਪਹਿਰਾ ਦੇ ਰਹੇ ਸੰਤਰੀ ਨੂੰ ਘੰਟਾ ਦੋ ਘੰਟੇ ਅੱਖ ਲਾਉਣ ਦੀ ਖੁੱਲ੍ਹ ਹੁੰਦੀ ਹੀ ।
ਰਾਤ ਵਾਲਾ ਮੁਨਸ਼ੀ ਕਿਹੜਾ ਸੌਂਦਾ ਨਹੀਂ ? ਕਈ ਸੰਤਰੀ ਤਾਂ ਪੈੱਗ ਮਾਰ ਕੇ ਅਜਿਹਾ ਸੌਂਦੇ ਹਨ ਕਿ ਸਵੇਰੇ ਅੱਖ ਖੁੱਲ੍ਹਦੀ । ਵਾਰਦਾਤਾਂ ਤੋਂ ਡਰਦੇ ਲੋਕ ਤਾਂ ਦਿਨ ਛਿਪਦੇ ਹੀ ਘਰੋਘਰੀ ਜਾ ਵੜਦੇ ਹਨ । ਛੇ ਵਜੇ ਹੀ ਕਰਫ਼ਿਊ ਵਰਗੀ ਹਾਲਤ ਹੋ ਜਾਂਦੀ । ਕੌਣ ਆਦੈ ਥਾਣੇ ਇਤਲਾਹ ਦੇਣ ? ਜੇ ਕੋਈ ਆ ਵੀ ਜਾਵੇ ਤਾਂ ਸੰਤਰੀ ਨੂੰ ਜਗਾ ਸਕਦੈ । ਇਹਨਾਂ ਵਿਚੋਂ ਕੋਈ ਵੀ ਖੁੱਲ੍ਹ ਮੁਖ਼ਤਿਆਰ ਨੂੰ ਹਾਸਲ ਨਹੀਂ ਸੀ । ਦਿਹਾੜੀ 'ਚ ਚਾਰਚਾਰ ਵਾਰ ਉਹਦੀ ਚੈਕਿੰਗ ਹੁੰਦੀ । ਸਾਰਾ ਥਾਣਾ ਜਿਵੇਂ ਮੌਕਾ ਹੀ ਭਾਲਾ ਸੀ । ਕਦੋਂ ਮੌਕਾ ਮਿਲੇ ਅਤੇ ਉਹ ਮੁਖ਼ਤਿਆਰ ਦੀ ਬੇਇੱਜ਼ਤੀ ਕਰਨ ।
ਸੰਤਰੀ ਨੇ ਸੋਚਸਮਝ ਕੇ ਪਹਿਲਵਾਨ ਦਾ ਨਾਂ ਲਿਆ ਸੀ । ਜੇ ਉਹ ਵਿਚ ਪੈ ਜਾਵੇ ਤਾਂ ਮੁਖ਼ਤਿਆਰ ਦੀ ਜਾਨ ਸੁਖਾਲੀ ਹੋ ਜਾਵੇ । ਉਹ ਮੋਟੀ ਫ਼ੀਸ ਦਿਵਾਉਣ ਵਿਚ ਮਾਹਿਰ । ਇਕ ਵਾਰ ਇੰਸਪੈਕਟਰ ਨੂੰ ਚੰਗੀ ਫ਼ੀਸ ਦਿਵਾ ਦੇਵੇ ਤਾਂ ਸ਼ਾਇਦ ਉਸ ਦਾ ਗੁੱਸਾ ਠੰਢਾ ਪੈ ਜਾਵੇ ।
ਇਥੇ ਪਾਸਾ ਪੁੱਠਾ ਹੀ ਪੈਂਦਾ ਨਜ਼ਰ ਆ ਰਿਹਾ ਸੀ ।
ਸੇਠਾਂ ਨੂੰ ਗਏ ਦੋ ਘੰਟੇ ਹੋ ਗਏ ਸਨ । ਮੁੜ ਆਉਣ ਦੇ ਆਸਾਰ ਨਜ਼ਰ ਨਹੀਂ ਸੀ ਆ ਰਹੇ ।
ਕਈ ਚੱਕਰ ਉਹਨੇ ਢਾਬੇ ਦੇ ਲਾਏ ਸਨ । ਚਾਚਾ ਨਾ ਕਿਸੇ ਪਰਧਾਨ ਨੂੰ ਜਾਣਦਾ ਸੀ, ਨਾ ਮੈਨੇਜਿੰਗ ਡਾਇਰੈਕਟਰ ਨੂੰ । ਨਾ ਉਸ ਨੂੰ ਕਿਸੇ ਬੱਚੇ ਦੇ ਗੁੰਮ ਹੋਣ ਦਾ ਪਤਾ ਸੀ । ਅਜੀਬ ਜਿਹੀ ਘੁੰਮਣਘੇਰੀ ਵਿਚ ਫਸ ਗਿਆ ਸੀ ਮੁਖ਼ਤਿਆਰ ।
ਉਹਨਾਂ ਦੇ ਵਾਪਸ ਨਾ ਆਉਣ ਦੇ ਦੋ ਹੀ ਕਾਰਨ ਹੋ ਸਕਦੇ ਸਨ । ਜਾਂ ਬੱਚਾ ਮਿਲ ਗਿਆ ਹੋਣਾ ਜਾਂ ਫੇਰ ਉਹ ਕਿਸੇ ਵਜ਼ੀਰ ਕੋਲ ਸੰਤਰੀ ਦੀ ਸ਼ਿਕਾਇਤ ਕਰਨ ਗਏ ਹੋਣਗੇ । ਬੱਚਾ ਲੱਭਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ । ਬੱਚਾ ਆਪੇ ਇਧਰਉਧਰ ਹੋਇਆ ਹੁੰਦਾ ਤਾਂ ਕਦੋਂ ਦਾ ਮੁੜ ਆਦਾ । ਉਹ ਜ਼ਰੂਰ ਕਿਸੇ ਗਰੋਹ ਦੇ ਹੱਥ ਲੱਗਾ ਹੋਣਾ । ਇਹੋ ਜਿਹੇ ਸੇਠਾਂ ਤੋਂ ਵੀਹਵੀਹ ਹਜ਼ਾਰ ਝਾੜਨਾ ਖੱਬੇ ਹੱਥ ਦੀ ਖੇਡ ਹੁੰਦੀ ।
ਜ਼ਰੂਰ ਉਹ ਕਿਸੇ ਵਜ਼ੀਰ ਵੱਲ ਭੱਜੇ ਹੋਣਗੇ । ਇਕ ਫਲੋਰ ਮਿਲਜ਼ ਮਾਲਕ ਯੂਨੀਅਨ ਦਾ ਪਰਧਾਨ ਅਤੇ ਦੂਜਾ ਧਾਗਾ ਮਿੱਲ ਦਾ ਉੱਚ ਅਧਿਕਾਰੀ । ਦੋਹਾਂ ਸੰਸਥਾਵਾਂ ਕੋਲ ਲੱਖਾਂ ਰੁਪਏ ਦਾ ਫੰਡ । ਚੋਣਾਂ ਵਿਚ ਉਹਨਾਂ ਲੱਖਾਂ ਰੁਪਏ ਵਜ਼ੀਰਾਂ ਨੂੰ ਦਿੱਤੇ ਹੋਣਗੇ । ਹਾਲੇ ਕੱਲ੍ਹ ਚੋਣਾਂ ਹੋ ਕੇ ਹਟੀਆਂ ਹਨ । ਇੰਨੀ ਜਲਦੀ ਤਾਂ ਵਜ਼ੀਰ ਅੱਖਾਂ ਨਹੀਂ ਫੇਰਨ ਲੱਗੇ । ਮੁੱਖਮੰਤਰੀ ਤੋਂ ਬਿਨਾਂ ਦੋਤਿੰਨ ਹੋਰ ਵਜ਼ੀਰ ਆਲੇਦੁਆਲੇ ਦੇ ਹਨ । ਹੋ ਸਕਦੈ ਇਕਦੋ ਇਹਨਾਂ ਦੇ ਕਰਜ਼ਾਈ ਵੀ ਹੋਣ ।
ਚੇਅਰਮੈਨ ਅਤੇ ਪਰਧਾਨ ਤਾਂ ਕੀੜੀਆਂ ਵਾਂਗ ਫਿਰਦੇ ਹਨ । ਬਹੁਤੇ ਇਹਨਾਂ ਦੀ ਹਜ਼ੂਰੀ ਵਿਚ ਹਾਜ਼ਰ ਹੁੰਦੇ ਹੋਣਗੇ । ਕਿਸੇ ਕੋਲ ਵੀ ਅੱਪੜ ਗਏ ਤਾਂ ਸਾਰਾ ਨਜ਼ਲਾ ਸੰਤਰੀ 'ਤੇ ਹੀ ਝੜਨਾ । ਜੋ ਹੋਣਾ ਸੀ ਉਹ ਤਾਂ ਹੋ ਗਿਆ । ਹੁਣ ਉਹ ਕੀ ਕਰੇ ? ਬੇਚੈਨ ਸੰਤਰੀ ਮੋਢੇ 'ਤੇ ਬੰਦੂਕ ਰੱਖੀ ਕਦੇ ਅੰਦਰ ਮੁਨਸ਼ੀ ਵੱਲ ਚੱਕਰ ਲਾਦਾ, ਕਦੇ ਬਾਹਰ ਦੁਕਾਨਾਂ ਵੱਲ । ਹੋ ਸਕਦੈ ਕੋਈ ਫ਼ੋਨ ਆ ਜਾਵੇ । ਹੋ ਸਕਦੈ ਬਾਹਰ ਕਿਸੇ ਮੋਹਤਬਰ ਨੂੰ ਲੱਭਦੇ ਹੋਣ ।
ਗੋਲੇ ਕਬੂਤਰ ਵਾਂਗ ਡਰਿਆ ਮੁਖ਼ਤਿਆਰ ਨਾਲੇ ਸੇਠਾਂ ਨੂੰ ਉਡੀਕ ਰਿਹਾ ਸੀ, ਨਾਲੇ ਭਲੇ ਦਿਨਾਂ ਨੂੰ ਯਾਦ ਕਰ ਰਿਹਾ ਸੀ ।
ਕਚਹਿਰੀਆਂ 'ਚ ਉਹਦੇ ਦਿਨ ਤੀਆਂ ਵਾਂਗ ਲੰਘਦੇ ਸਨ । ਕਈ ਅਫ਼ਸਰ ਆਏ ਅਤੇ ਚਲੇ ਗਏ, ਉਸ ਦੀ ਸਰਦਾਰੀ ਹਮੇਸ਼ਾ ਕਾਇਮ ਰਹੀ । ਕੀ ਵਕੀਲ, ਕੀ ਮੁਨਸ਼ੀ ਅਤੇ ਕੀ ਸਾਇਲ, ਸਭ ਉਸ ਨੂੰ ਦੁਆਸਲਾਮ ਕਰਦੇ ਸਨ । ਉਹਨੂੰ ਰੱਬ ਭੁੱਲਿਆ ਹੋਇਆ ਸੀ ।
ਕਚਹਿਰੀ ਦਾ ਹਰ ਕੰਮ ਉਹਦੇ ਲਈ ਟਿੱਚ ਸੀ । ਕਿਸੇ ਨੇ ਮਿਸਲ ਦੀਆਂ ਜ਼ਿਮਨੀਆਂ ਉਤਾਰਨੀਆਂ ਹੋਣ ਤਾਂ ਉਹ ਇਕੋਇਕ ਅਜਿਹਾ ਨਾਇਬਕੋਰਟ ਸੀ, ਜਿਹੜਾ ਮਿਸਲ ਕੱਛ 'ਚ ਦੇ ਕੇ ਸ਼ਰੇਆਮ ਵਕੀਲ ਦੀ ਕੋਠੀ ਪੁੱਜ ਜਾਂਦਾ ਸੀ । ਕਿਸੇ ਨੇ ਹਲਫ਼ੀਆ ਬਿਆਨ ਜਾਂ ਨਕਸ਼ਾ ਮੌਕਾ ਵਿਚ ਹੇਰਾਫੇਰੀ ਕਰਾਉਣੀ ਹੋਵੇ ਤਾਂ ਮਿੰਟ ਲਾਦਾ ਸੀ । ਹਲਫ਼ੀਆ ਬਿਆਨ ਵਿਚ 'ਏਕੇ' ਦੇ ਅੱਗੇ 'ਏਕਾ' ਪਾ ਕੇ ਗਿਆਰਾਂ ਬਣਾ ਦਿਓ ਤਾਂ ਮੁਜਰਮ ਪਹਿਲੀ ਪੇਸ਼ੀ ਬਰੀ । ਮੁਕੱਦਮਾ ਭਾਵੇਂ ਕੁਇੰਟਲ ਅਫ਼ੀਮ ਦਾ ਹੋਵੇ । ਨਕਸ਼ੇ 'ਚ ਮੁਜਰਮਾਂ ਦੀ ਥਾਂ ਗਵਾਹ ਲਿਖ ਕੇ ਭਾਵੇਂ ਕਤਲ 'ਚੋਂ ਬਰੀ ਕਰਾ ਲਓ ।
ਇਹ ਖ਼ਤਰੇ ਵਾਲੇ ਕੰਮ ਸਨ । ਅਜਿਹੇ ਕੰਮ ਉਹ ਨੌਕਰੀ ਦੇ ਪਹਿਲੇ ਸਾਲਾਂ ਵਿਚ ਕਰਿਆ ਕਰਦਾ ਸੀ । ਕਈ ਵਾਰ ਝਾੜਝੰਬ ਹੋਈ ਅਤੇ ਕਈ ਵਾਰ ਤਾੜਨਾਵਾਂ ।
ਥੋੜ੍ਹਾ ਜਿਹਾ ਤਜਰਬਾ ਹੋਇਆ ਤਾਂ ਉਹਨੇ ਟਰੈਫ਼ਿਕ ਦੇ ਚਲਾਨ ਇਧਰਉਧਰ ਕਰਨੇ ਸ਼ੁਰੂ ਕੀਤੇ । ਚੰਗੇ ਪੈਸੇ ਬਣ ਜਾਂਦੇ ਸਨ । ਟਰੈਫ਼ਿਕ ਦੇ ਚਲਾਨ ਤਾਂ ਆਏ ਹੀ ਰਹਿੰਦੇ ਸਨ । ਕਿਸੇ ਸਿਪਾਹੀ ਨੇ ਵੀ ਜੇ ਸਹੁਰੇ ਜਾਣਾ ਹੋਵੇ ਤਾਂ ਉਸ ਨੂੰ ਕਾਰ ਦੀ ਲੋੜ ਹੁੰਦੀ । ਜੱਜ ਵੀ ਪੰਜਪੰਜ ਸੌ ਤੋਂ ਘੱਟ ਜੁਰਮਾਨਾ ਨਹੀਂ ਕਰਦੇ । ਜੇ ਉਹ ਚੰਗਾ ਦੰਡ ਲਾਉਣਗੇ ਤਾਂ ਹੀ ਟੈਕਸੀ ਵਾਲਿਆਂ ਨੂੰ ਕੰਨ ਹੋਣਗੇ । ਕਚਹਿਰੀ ਆਉਣ ਤੋਂ ਡਰਦੇ ਉਹ ਪੁਲਿਸ ਦੀ ਵਗਾਰ ਕਰਨਗੇ । ਪੁਲਿਸ ਨੂੰ ਵਗਾਰ ਮਿਲੇਗੀ ਤਾਂ ਹੀ ਜੱਜਾਂ ਦਾ ਨੰਬਰ ਲੱਗੇਗਾ । ਜੱਜ ਨੂੰ ਕਾਰ ਦੀ ਲੋੜ ਪੈਰਪੈਰ 'ਤੇ ਪੈਂਦੀ ।
ਪੰਜਪੰਜ ਸੌ ਦੇ ਜੁਰਮਾਨੇ ਤੋਂ ਡਰਦੇ aਹ ਮੁਖ਼ਤਿਆਰ ਕੋਲ ਆ ਧਮਕਦੇ । ਪੰਜਚਾਰ ਚਲਾਨ ਪਾੜ ਕੇ ਸੁੱਟਣੇ ਉਸ ਲਈ ਮਾਮੂਲੀ ਗੱਲ ਸੀ । ਇਹਨਾਂ ਦਾ ਕਿਹੜਾ ਕੋਈ ਰਿਕਾਰਡ ਹੁੰਦਾ ਬਈ ਨਾਇਬਕੋਰਟ ਫੜਿਆ ਜਾਊ । ਪਰਚੀ ਫੜੋ । ਕਾਪੀ ਫੜਾਓ ਅਤੇ ਬੱਸ ਮਾਮਲਾ ਖ਼ਤਮ ।
ਪਿਛਲੇ ਪੰਜਾਂ ਕੁ ਸਾਲਾਂ ਤੋਂ ਉਸ ਨੇ ਇਹ ਕੰਮ ਵੀ ਛੱਡ ਦਿੱਤਾ ਸੀ । ਛੋਟੀਆਂਮੋਟੀਆਂ ਰਕਮਾਂ ਉਸ ਦੇ ਨੱਕ ਹੇਠਾਂ ਨਹੀਂ ਸੀ ਆਦੀਆਂ । ਜੱਜ ਖਾਊਪੀਊ ਆਉਣ ਲੱਗ ਪਏ ਸਨ । ਉਥੋਂ ਚੰਗੇ ਗੱਫੇ ਲੱਗਦੇ ਸਨ ।
ਸਭ ਤੋਂ ਪਹਿਲਾਂ ਉਸ ਦੀ ਸ਼ਰਮੇ ਨਾਲ ਬੁੱਕਲ ਖੁੱਲ੍ਹੀ । ਟੱਬਰਟੀਹਰ ਚੰਡੀਗੜ੍ਹ ਰਹਿੰਦਾ ਸੀ । ਹਰ ਸ਼ਾਮ ਮਹਿਫ਼ਲ ਜੰਮਦੀ । ਰੋਟੀਟੁੱਕ ਦੀ ਦੇਖਭਾਲ ਮੁਖ਼ਤਿਆਰ ਦੇ ਜ਼ੁੰਮੇ ਹੁੰਦੀ । ਸ਼ਰਾਬੀ ਹੋਏ ਮਹਿਮਾਨ ਕਈ ਰਾਜ਼ ਉਗਲ ਦਿੰਦੇ । ਕਿਸਕਿਸ ਮੁਕੱਦਮੇ ਵਿਚ ਕਿੰਨੇਕਿੰਨੇ ਚੜ੍ਹਾਵੇ ਚੜ੍ਹੇ ਹਨ, ਸਭ ਉਸ ਦੀਆਂ ਗਲਾਂ 'ਤੇ ਹੁੰਦਾ । ਪਿੱਛੇ ਜਿਹੇ ਤਾਂ ਸ਼ਰਮਾ ਜੀ ਉਸ ਨੂੰ ਉਗਰਾਹੀ ਕਰਨ ਵੀ ਭੇਜ ਦਿੰਦੇ । ਪੈਸੇ ਕਦੇ ਟਿਫ਼ਨ ਕੈਰੀਅਰ ਵਿਚ ਆਦੇ, ਕਦੇ ਮਠਿਆਈ ਵਾਲੇ ਡੱਬੇ ਵਿਚ ਅਤੇ ਕਦੇ ਫਲਾਂ ਵਾਲੀ ਟੋਕਰੀ ਵਿਚ । ਉਸ ਨੂੰ ਵੀ ਮੋਟੀ ਰਕਮ ਮਿਲਦੀ । ਕਦੇ ਅਸਾਮੀ ਵੱਲੋਂ । ਕਦੇ ਸ਼ਰਮੇ ਵੱਲੋਂ ।
ਗਰੇਵਾਲ ਨੇ ਉਹਦੇ ਸਾਰੇ ਹੀ ਦੁੱਖ ਤੋੜ ਦਿੱਤੇ । ਉਸ ਨੇ ਗਰੇਵਾਲ ਤੋਂ ਹੀ ਸਿੱਖਿਆ ਸੀ ਕਿ ਮੁਖ਼ਤਿਆਰ ਦੀ ਬਹੁਤ ਅਹਿਮੀਅਤ ਸੀ । ਸ਼ਰਮੇ ਦਾ ਤਾਂ ਦੋਤਿੰਨ ਫ਼ਰਮਾਂ ਨਾਲ ਹੀ ਵਾਹ ਸੀ । ਰਮੇਸ਼ ਫ਼ਲੋਰ ਮਿੱਲ, ਭਾਰਤ ਮੈਡੀਕਲ ਹਾਲ ਜਾਂ ਗੁਪਤਾ ਕਲਾਥ ਹਾਊਸ । ਗਰੇਵਾਲ ਨੇ ਸਭ ਨੂੰ ਝਾੜ ਦਿੱਤਾ ਸੀ । ਸਿੱਧੀ ਗੱਲ ਕਰਦਾ । ਉਹ ਵੀ ਕੇਵਲ ਮੁਖ਼ਤਿਆਰ ਰਾਹੀਂ ।
ਮੁਖ਼ਤਿਆਰ ਨੂੰ ਸਮਝ ਆ ਗਿਆ ਸੀ ਪਹਿਲੇ ਹੱਲੇ ਆਸਾਮੀ ਨੂੰ ਅਫ਼ਸਰ ਦੇ ਮੱਥੇ ਨਹੀਂ ਲਾਉਣਾ ਚਾਹੀਦਾ । ਪਹਿਲਾਂ ਪੰਜਚਾਰ ਚੱਕਰ ਕਟਾਓ । ਦੋਚਾਰ ਹਜ਼ਾਰ ਝਾੜੋ । ਦੂਜੇਤੀਜੇ ਦਿਨ ਅਗਲੇ ਕੋਲੋਂ ਦਾਰੂ ਪੀਓ । ਪੰਜਚਾਰ ਵਗਾਰਾਂ ਪਾਓ । ਖੋਖਲਾ ਕਰ ਕੇ ਅਫ਼ਸਰ ਅੱਗੇ ਪੇਸ਼ ਕਰੋ ।
ਪਿੱਛੋਂ ਆਪਣਾ ਕਮਿਸ਼ਨ ਲਓ, ਅਫ਼ਸਰ ਤੋਂ ਵੀ ਅਤੇ ਅਸਾਮੀ ਤੋਂ ਵੀ । ਗਰੇਵਾਲ ਦੀ ਛਤਰਛਾਇਆ ਵਿਚ ਮੁਖ਼ਤਿਆਰ ਨੇ ਨਵਾਂ ਮੋਟਰ ਸਾਈਕਲ ਖ਼ਰੀਦਿਆ । ਮੁੰਦਰੀ ਅਤੇ ਕੜਾ ਬਣਵਾਇਆ ।
ਸ਼ਾਰਦਾ ਕੁਮਾਰ ਉਸ ਤੋਂ ਵੀ ਦੋ ਚੰਦੇ ਵੱਧ ਸੀ । ਉਹ ਡਰੂ ਸੀ । ਉਸ ਪਾਰਟੀ ਕੋਲੋਂ ਹੀ ਪੈਸੇ ਲੈਂਦਾ, ਜਿਸ ਦੇ ਹੱਕ ਵਿਚ ਜਾਣਾ ਹੁੰਦਾ । ਕੇਸ ਕਿਧਰ ਜਾਵੇਗਾ ਇਹ ਮੁਖ਼ਤਿਆਰ ਨੂੰ ਪਹਿਲਾਂ ਹੀ ਦੱਸ ਦਿੰਦਾ ਤਾਂ ਜੋ ਉਹ ਅਸਾਮੀ ਨੂੰ ਠੋਰ ਸਕੇ । ਮੁਖ਼ਤਿਆਰ ਅਸਾਮੀ ਦੀ ਸੀਅਤ ਦੇਖ ਕੇ ਵੱਧੋਵੱਧ ਪੈਸੇ ਵਸੂਲਦਾ । ਸ਼ਾਰਦਾ ਕੁਮਾਰ ਦੇ ਹੱਥ 'ਤੇ ਮਸਾਂ ਹਜ਼ਾਰਪੰਦਰਾਂ ਸੌ ਧਰਦਾ ।
ਨਿੱਕੇਮੋਟੇ ਕੇਸ ਬੋਨਸ ਵਿਚ ਕਰਵਾ ਲੈਂਦਾ ।
ਸ਼ਾਰਦਾ ਕੁਮਾਰ ਦੇ ਸਮੇਂ ਹੀ ਮੁਖ਼ਤਿਆਰ ਦਾ ਦਿਮਾਗ਼ ਖ਼ਰਾਬ ਹੋਇਆ ਸੀ । ਸੁਭਾਸ਼ ਕਲੋਨੀ ਵਿਚ ਪਲਾਟ ਖ਼ਰੀਦ ਕੇ ਉਸ ਨੇ ਕੋਠੀ ਆਰੰਭ ਦਿੱਤੀ ਸੀ । ਸ਼ਾਮ ਨੂੰ ਪੂਰੀ ਬੋਤਲ ਸੜ੍ਹਾਕਨਾ ਅਤੇ ਕਚਹਿਰੀਆਂ ਵਿਚ ਘੁੰਮਦੇ ਸਾਇਲਾਂ ਨੂੰ ਕੰਮ ਕਰਾਉਣ ਦੇ ਝਾਂਸੇ ਦੇ ਕੇ ਹੋਟਲਾਂ ਵਿਚ ਲੈ ਜਾਣਾ ਉਸ ਦੀ ਆਦਤ ਬਣ ਗਈ ਸੀ । ਸਾਇਲ ਤਾਂ ਸਾਇਲ, ਉਸ ਨੂੰ ਤਾਂ ਵਕੀਲ ਵੀ ਪਾਰਟੀਆਂ ਦਿੰਦੇ ਸਨ ।
ਕੋਠੀ ਮੁਫ਼ਤ 'ਚ ਉਸਰਨ ਲੱਗੀ ਸੀ । ਟਰੱਕ ਯੂਨੀਅਨ ਵਾਲੇ ਭਰਤੀ ਪਾ ਗਏ । ਰੇਤਾ ਬੱਜਰੀ ਵੀ ਮੁਫ਼ਤ । ਪੀ.ਡਬਲਯੂ.ਡੀ. ਵਾਲਿਆਂ ਤੋਂ ਸੀਮਿੰਟ, ਲੋਹਾ ਅਤੇ ਲੁੱਕ ਮਿਲ ਗਈ । ਕਿਸੇ ਤੋਂ ਇੱਟਾਂ, ਕਿਸੇ ਤੋਂ ਲੱਕੜ । ਥੋੜ੍ਹੀ ਮੋਟੀ ਲੇਬਰ ਹੀ ਦੇਣੀ ਪੈਂਦੀ ਸੀ ।
ਕੰਮ ਕਰਾਉਣ ਵਾਲਿਆਂ ਦੀ ਉਹਦੇ ਘਰ ਮਹਿਫ਼ਲ ਜੁੜਦੀ । ਕਈ ਵਾਰ ਤਾਂ ਇਸਤਗਾਸਿਆਂ ਵਿਚ ਫਸੇ ਥਾਣੇਦਾਰ ਵੀ ਗੋਡੇ ਹੱਥ ਲਾ ਜਾਂਦੇ ।
ਉਸ ਸਮੇਂ ਕੀ ਪਤਾ ਸੀ, ਮਿੰਨਤਾਂਤਰਲੇ ਕਰਨ ਵਾਲੇ ਲੋਕ ਹੀ ਕਦੇ ਗਿਣਗਿਣ ਬਦਲੇ ਲੈਣਗੇ ।
ਟੀਸੀ ਤੋਂ ਡਿੱਗਣ ਦਾ ਉਹਦਾ ਕਸੂਰ ? ਬੇਅਕਲੀ ਅਤੇ ਹੰਕਾਰ । ਉਹ ਭੁੱਲ ਗਿਆ ਸੀ ਕਿ ਉਹ ਮਾਮੂਲੀ ਜਿਹਾ ਮੁਲਾਜ਼ਮ । ਉਸ ਨੂੰ ਤਾਂ ਲਗਣ ਲੱਗੀ ਸੀ ਜਿਵੇਂ ਸਾਰਾ ਅਦਾਲਤੀ ਢਾਂਚਾ ਉਸ ਦੇ ਸਹਾਰੇ ਹੀ ਖੜਾ ਸੀ ।
ਸ਼ਾਰਦਾ ਕੁਮਾਰ ਜਿਵੇਂ ਜਾਂਦਾ ਹੋਇਆ ਉਹਦੀ ਕਿਸਮਤ ਵੀ ਨਾਲ ਹੀ ਲੈ ਗਿਆ । ਉਸ ਦੀ ਥਾਂ ਬਦਲ ਕੇ ਆਇਆ ਜੁਨੇਜਾ ਹਰੀਸ਼ ਚੰਦਰ ਦਾ ਰੂਪ ਸੀ । ਉਸ ਦਾ ਸਾਮਾਨ ਚੁੱਕਣ ਗਏ ਸੇਵਾਦਾਰਾਂ ਨੇ ਸਾਮਾਨ ਦੇਖ ਕੇ ਹੀ ਭਾਂਪ ਲਿਆ ਸੀ ਕਿ ਔੜ ਦੇ ਦਿਨ ਆਉਣ ਵਾਲੇ ਹਨ ।
ਨਾ ਫ਼ਰਿਜ, ਨਾ ਰੰਗਦਾਰ ਟੀ.ਵੀ., ਨਾ ਕੋਈ ਹੋਰ ਵਿਦੇਸ਼ੀ ਨਿਕਸੁਕ । ਜੱਜਾਂ ਦੇ ਸਾਮਾਨ ਤਾਂ ਤਿੰਨਤਿੰਨ ਟਰੱਕਾਂ ਵਿਚ ਵੀ ਨਹੀਂ ਆਦੇ । ਉਹਦਾ ਇਕੋ ਵਿਚ ਸਮਾ ਗਿਆ ਸੀ । ਜੁਨੇਜੇ ਦੇ ਚਾਰਜ ਸੰਭਾਲਦਿਆਂ ਹੀ ਸਭ ਦੇ ਸਕੰਜੇ ਕੱਸੇ ਗਏ । ਕੀ ਮਜਾਲ ਸੀ ਕੋਈ ਦੋ ਰੁਪਏ ਵੀ ਲੈ ਲਏ । ਜ਼ੋਰ ਵਾਲੇ ਅਹਿਲਕਾਰ ਬਦਲੀਆਂ ਕਰਾਕਰਾ ਭੱਜ ਗਏ ।
ਜੱਜ ਦੇ ਬੱਚਿਆਂ ਨੂੰ ਸਾਈਕਲ 'ਤੇ ਸਕੂਲ ਛੱਡਣ ਜਾਣਾ ਮੁਖ਼ਤਿਆਰ ਦੀ ਸ਼ਾਨ ਦੇ ਖ਼ਿਲਾਫ਼ ਸੀ । ਉਹ ਪਹਿਲਾਂ ਵਾਲਾ ਸਿਪਾਹੀ ਨਹੀਂ ਸੀ ਰਿਹਾ । ਅਫ਼ਸਰਾਂ ਦੀ ਰਸੋਈ ਵਿਚ ਗੇੜਾ ਮਾਰਨਾ ਉਸ ਨੇ ਕਦੋਂ ਦਾ ਛੱਡ ਦਿੱਤਾ ਸੀ । ਉਸ ਦੇ ਆਪਣੇ ਬੱਚੇ ਵੈਨ ਵਿਚ ਸਕੂਲ ਜਾਂਦੇ ਸਨ । ਕੁਝ ਉਪਰੋਂ ਬਣਦਾ ਹੋਵੇ ਤਾਂ ਮੁਖ਼ਤਿਆਰ ਪੈਟਰੋਲ ਫੂਕ ਕੇ ਮੋਟਰ ਸਾਈਕਲ 'ਤੇ ਹੀ ਬੱਚੇ ਸਕੂਲ ਛੱਡ ਆਵੇ । ਮੁਫ਼ਤ 'ਚ ਵਗਾਰਾਂ ਕਰਨਾ ਉਹਨੂੰ ਵਿਹੁ ਵਰਗਾ ਲੱਗਾ ।
ਓਮੀ ਅਰਦਲੀ ਦੇ ਨਾਲ ਹੀ ਉਹਨੇ ਵੀ ਬਗ਼ਾਵਤ ਦਾ ਝੰਡਾ ਚੁੱਕ ਲਿਆ । ਜੱਜ ਦੀ ਕੋਠੀ ਗੇੜਾ ਮਾਰਨਾ ਉਹਦੀ ਡਿਊਟੀ ਨਹੀਂ । ਖ਼ਰਚੇ ਤੋਂ ਤੰਗ ਆਇਆ ਉਹ ਇਕਦੋ ਵਾਰ ਜੱਜ ਦੇ ਮੂਹਰੇ ਵੀ ਬੋਲ ਪਿਆ ।
ਨਤੀਜਾ ਸਾਫ਼ ਸੀ । ਪਤਾ ਵੀ ਨਾ ਲੱਗਾ ਕਦੋਂ ਬਦਲੀ ਦੇ ਆਰਡਰ ਆ ਗਏ । ਐਸ.ਪੀ. ਦਫ਼ਤਰ 'ਚ ਬੈਠੇ ਬਾਬੂਆਂ ਦੇ ਵਾਅਦੇ ਕਿਧਰੇ ਉੱਡਪੁੱਡ ਗਏ । ਕਿਸੇ ਨੇ ਉਸ ਨੂੰ ਸੂਚਿਤ ਕਰਨ ਦੀ ਖੇਚਲ ਨਹੀਂ ਕੀਤੀ । ਜਦੋਂ ਮੁਖ਼ਤਿਆਰ ਰੰਗਾਂ ਵਿਚ ਸੀ ਤਾਂ ਉਹ ਥਾਣੇਦਾਰਾਂ ਜਿੰਨੀ ਬਾਬੂਆਂ ਦੀ ਸੇਵਾ ਕਰਦਾ ਸੀ । ਪਹਿਲਾਂ ਪਤਾ ਲੱਗ ਜਾਂਦਾ ਤਾਂ ਬਦਲੀ ਨਾ ਹੋਣ ਦਿੰਦਾ । ਜੁਨੇਜਾ ਖ਼ਿਲਾਫ਼ ਤਾਂ ਕੀ ? ਉਹ ਕਿਸੇ ਹੋਰ ਜੱਜ ਕੋਲ ਬਦਲੀ ਕਰਵਾ ਲੈਂਦਾ ।
ਜੁਨੇਜੇ ਨੇ ਪਤਾ ਨਹੀਂ ਸਾਹਿਬ ਦੇ ਕੰਨ ਵਿਚ ਕਿਹੋ ਜਿਹੀ ਫੂਕ ਮਾਰੀ ਸੀ ? ਮੁਖ਼ਤਿਆਰ ਨੇ ਸ਼ਹਿਰ ਦੇ ਸਾਰੇ ਸਿਆਸੀ ਬੰਦੇ ਢੋਅ ਦਿੱਤੇ । ਉਸ ਨੇ ਬਦਲੀ ਕੈਂਸਲ ਨਹੀਂ ਕੀਤੀ । ਵੱਧੋਵੱਧ ਜੋ ਉਹ ਕਰਾ ਸਕਿਆ ਸੀ, ਉਹ ਸੀ ਥਾਣੇ ਦੀ ਬਦਲੀ ।
ਸੇਠਾਂ ਨੂੰ ਨਰਾਜ਼ ਕਰ ਕੇ ਲੱਗ ਰਿਹਾ ਸੀ ਥਾਣੇ ਵੀ ਬਹੁਤੇ ਦਿਨ ਨਹੀਂ ਟਿਕ ਹੋਣਾ ।
ਮੁਨਸ਼ੀ ਨਾਲ ਬਣੀ ਹੁੰਦੀ ਤਾਂ ਉਹ ਪਹਿਰਾ ਛੱਡ ਕੇ ਸ਼ਹਿਰ ਦਾ ਚੱਕਰ ਲਾ ਆਦਾ ।
ਧਾਗਾ ਮਿੱਲ ਹੋ ਆਦਾ । ਮੁਨਾਦੀ ਵਾਲੇ ਨੂੰ ਲੱਭ ਕੇ ਗੁਆਚੇ ਬੱਚੇ ਦੇ ਘਰ ਦਾ ਪਤਾ ਕਰਦਾ ।
ਭੁੱਲ ਬਖ਼ਸ਼ਾਦਾ । ਮੁਨਸ਼ੀ ਨੂੰ ਸੱਚੀ ਗੱਲ ਵੀ ਨਹੀਂ ਦੱਸ ਸਕਦਾ । ਹੋਰ ਸਿਆਪਾ ਛਿੜੂ । ਆਖੂ ਤੂੰ ਕੌਣ ਹੈਂ ਮੁਸਤਗੀਸਾਂ ਨੂੰ ਬਾਹਰੋਂ ਹੀ ਮੋੜਨ ਵਾਲਾ ।
ਅਕਤੂਬਰ ਦਾ ਮਹੀਨਾ ਸੀ । ਮੌਸਮ ਸੁਹਾਵਣਾ ਸੀ । ਫੇਰ ਵੀ ਪਸੀਨੇ ਦੀਆਂ ਬੂੰਦਾਂ ਉਹਦੇ ਮੱਥੇ 'ਤੇ ਆ ਟਪਕੀਆਂ ਸਨ । ਇਹ ਘਬਰਾਹਟ ਕਰਕੇ ਸੀ ਜਾਂ ਰਾਤੀਂ ਜ਼ਿਆਦਾ ਪੀਣ ਕਰਕੇ, ਇਹ ਸਮਝ ਨਹੀਂ ਸੀ ਆ ਰਿਹਾ ।
ਚਿੱਟੀ ਮਾਰੂਤੀ ਥਾਣੇ ਵੱਲ ਮੁੜਦੀ ਦੇਖ ਕੇ ਸੰਤਰੀ ਸਾਵਧਾਨ ਹੋ ਗਿਆ । ਲੱਕ ਕੋਲੋਂ ਪੈਂਟ 'ਚੋਂ ਬਾਹਰ ਨਿਕਲ ਆਏ ਕਮੀਜ਼ ਨੂੰ ਪੈਂਟ ਦੇ ਅੰਦਰ ਕੀਤਾ, ਬੰਦੂਕ ਨੂੰ ਮੋਢੇ 'ਤੇ ਰੱਖਿਆ ਅਤੇ ਪੋਲੇਪੋਲੇ ਕਦਮੀਂ ਗਸ਼ਤ ਕਰਨ ਲੱਗਾ ।
ਸੇਠਾਂ ਨੂੰ ਕਾਰ ਵਿਚੋਂ ਨਿਕਲਿਆਂ ਦੇਖ ਕੇ ਸੰਤਰੀ ਦੇ ਸਾਹ ਵਿਚ ਸਾਹ ਆਇਆ । ਉਹਨਾਂ ਨਾਲ ਦਰਵੇਸ਼ ਪੱਤਰਕਾਰ ਵੀ ਸੀ । ਉੱਚਾ ਲੰਬਾ ਕੱਦ ਅਤੇ ਬਗਲੇ ਵਰਗੀਆਂ ਟੰਗਾਂ ।
ਕਾਰ 'ਚੋਂ ਉਤਰਦਿਆਂ ਹੀ ਦਰਵੇਸ਼ ਨੇ ਕੁੜਤੇ ਪਜਾਮੇ ਦੇ ਵਲ ਕੱਢੇ, ਐਨਕ ਲਾਹ ਕੇ ਸ਼ੀਸ਼ੇ ਸਾਫ਼ ਕੀਤੇ ਅਤੇ ਹੱਥਲੀ ਡਾਇਰੀ ਤੋਂ ਮਿੱਟੀ ਝਾੜਦਾ ਲੰਬੀਆਂ ਪੁਲਾਂਘਾ ਪੁੱਟਦਾ ਦਰਵਾਜ਼ੇ ਵੱਲ ਵਧਣ ਲੱਗਾ ।
ਦਰਵੇਸ਼ ਨੂੰ ਦੇਖ ਕੇ ਇਕ ਵਾਰ ਫੇਰ ਮੁਖ਼ਤਿਆਰ ਦੇ ਮੱਥੇ ਦੀਆਂ ਤਿਊੜੀਆਂ ਚੜ੍ਹੀਆਂ ।
ਹੁਣ ਤਕ ਭਾਵੇਂ ਉਹ ਆਪਣੇ ਪਹਿਲੇ ਵਤੀਰੇ 'ਤੇ ਪਛਤਾ ਰਿਹਾ ਸੀ, ਫੇਰ ਵੀ ਉਸ ਦੇ ਦਿਲ ਦੇ ਕਿਸੇ ਨਾ ਕਿਸੇ ਕੋਨੇ ਵਿਚ ਇਸ ਅਸਾਮੀ ਤੋਂ ਫ਼ੀਸ ਮਿਲਣ ਦੀ ਆਸ ਪਲਮ ਰਹੀ ਸੀ । ਸ਼ਹਿਰ ਦੇ ਸਾਰੇ ਮੋਹਤਬਰਾਂ ਵਿਚੋਂ ਸੰਤਰੀ ਨੂੰ ਦਰਵੇਸ਼ ਨਾਲ ਸਭ ਤੋਂ ਵੱਧ ਨਫ਼ਰਤ ਸੀ ।
ਉਹਦੀ ਗਰਦਨ ਵਿਚ ਪੱਤਰਕਾਰੀ ਦਾ ਕੀੜਾ ਅੜਿਆ ਹੋਇਆ ਸੀ । ਵੱਡੇ ਅਫ਼ਸਰਾਂ ਨਾਲ ਬੈਠ ਕੇ ਦਾਰੂ ਪੀਂਦਾ ਸੀ । ਛੋਟੇ ਮੁਲਾਜ਼ਮਾਂ ਨੂੰ ਟਿੱਚ ਸਮਝਦਾ ਸੀ । ਕਿਸੇ ਤੋਂ ਕੋਈ ਗੁਸਤਾਖ਼ੀ ਹੋਈ ਨਹੀਂ ਕਿ ਉਸ ਨੇ ਅਗਲੇ ਦਿਨ ਅਖ਼ਬਾਰ ਵਿਚ ਸੁਰਖ਼ੀ ਦਿੱਤੀ ਨਹੀਂ ।
ਦਰਵੇਸ਼ ਦੀਆਂ ਅੱਖਾਂ ਵਿਚ ਸ਼ਰਾਰਤ ਭਰੀ ਹਾਸੀ ਦੇਖ ਕੇ ਸੰਤਰੀ ਨੂੰ ਲੱਗ ਰਿਹਾ ਸੀ, ਜਿਵੇਂ ਦਰਵੇਸ਼ ਪੁੱਛ ਰਿਹਾ ਹੋਵੇ :
'ਕਿ ਬੱਚੂ, ਇਥੇ ਵੀ ਦਿਲ ਨਹੀਂ ਲੱਗਦਾ ?'
ਸੰਤਰੀ ਨੂੰ ਲੱਗ ਰਿਹਾ ਸੀ, ਅਗਲੇ ਦਿਨ ਦੇ ਅਖ਼ਬਾਰ ਉਸ ਦੇ ਖ਼ਿਲਾਫ਼ ਭਰੇ ਹੋਣਗੇ । ਪੁਲਿਸ ਦੀ ਧੱਕੜਸ਼ਾਹੀ.....ਮੁਦੱਈਆਂ ਲਈ ਥਾਣਿਆਂ ਦੇ ਦਰਵਾਜ਼ੇ ਬੰਦ.....ਸੰਤਰੀ ਸਿੱਧੇ ਮੂੰਹ ਗੱਲ ਨਹੀਂ ਕਰਦੇ.....ਪੁਲਿਸ ਦੀ ਅਣਗਹਿਲੀ ਕਾਰਨ ਅਗਵਾਕਾਰਾਂ ਨੂੰ ਫ਼ਰਾਰ ਹੋਣ ਦਾ ਮੌਕਾ ।
ਦਰਵੇਸ਼ ਨੂੰ ਤੇਜ਼ੀ ਨਾਲ ਆਪਣੇ ਵੱਲ ਵਧਦਾ ਦੇਖ ਕੇ ਸੰਤਰੀ ਦੇ ਕੱਸੇ ਭਰਵੱਟੇ ਢਿੱਲੇ ਪੈ ਗਏ । ਹੋਣ ਵਾਲੇ ਸਵਾਲਾਂ ਦੇ ਉਹ ਉੱਤਰ ਘੜਨ ਲੱਗਾ ।
ਦਰਵੇਸ਼ ਉਹ ਨਾਂ ਦਾ ਹੀ ਸੀ । ਕਿੱਤੇ ਰਾਖ਼ਸ਼ਾਂ ਵਾਲੇ ਹੀ ਸਨ । ਇਕ ਛੋਟੀ ਜਿਹੀ ਪਰੈਸ ਲਾਈ ਹੋਈ ਸੀ । ਹਫ਼ਤਾਵਾਰ ਅਖ਼ਬਾਰ ਕੱਢਣ ਲਈ । ਤਰ੍ਹਾਂਤਰ੍ਹਾਂ ਦੇ ਸਕੈਂਡਲ ਛਾਪਣ ਲਈ ।
ਕਦੇ ਐਫ਼.ਸੀ.ਆਈ. ਦੇ ਅਤੇ ਕਦੇ ਮਾਰਕਫੈੱਡ ਦੇ । ਕਦੇ ਸਿਨੇਮੇ ਵਿਚ ਚੱਲਦੀਆਂ ਟਿਕਟਾਂ ਦੀ ਬਲੈਕ ਦੀ ਕਹਾਣੀ ਅਤੇ ਕਦੇ ਹੋਟਲਾਂ ਵਿਚ ਚੱਲਦੀ ਰੰਡੀਬਾਜ਼ੀ ਅਤੇ ਸ਼ਰੇਆਮ ਚੱਲਦੇ ਜੂਏ ਦੀ । ਕਦੇ ਪੀ.ਡਬਲਿਯੂ.ਡੀ. ਵਾਲਿਆਂ ਵੱਲੋਂ ਵੇਚੇ ਸੀਮਿੰਟ ਦੇ ਕਿੱਸੇ ਅਤੇ ਕਦੇ ਪੁਲਿਸ ਵੱਲੋਂ ਸੱਟੇ ਵਾਲਿਆਂ ਤੋਂ ਲਏ ਜਾ ਰਹੇ ਮਹੀਨੇ ਦੀ ਕਹਾਣੀ । ਸਕੈਂਡਲ ਦਬਾਉਣੇ ਹੋਣ ਤਾਂ ਵੱਡੇਵੱਡੇ ਇਸ਼ਤਿਹਾਰ ਅਖ਼ਬਾਰ ਨੂੰ ਦੇਵੋ । ਚੰਦੇ ਭਰੋ ।
ਹੋਰ ਕੋਈ ਸ਼ਰਾਰਤ ਨਾ ਸੁੱਝੀ ਤਾਂ ਕੋਈ ਪਰਗਰਾਮ ਹੀ ਰਚ ਲਿਆ । ਕਦੇ ਅੱਖਾਂ ਦੇ ਕੈਂਪ ਲਈ ਚੰਦਾ, ਕਦੇ ਕਵੀ ਦਰਬਾਰ ਲਈ ਅਤੇ ਕਦੇ ਗਊਸ਼ਾਲਾ ਲਈ । ਡਰਦੇ ਅਫ਼ਸਰਾਂ ਨੂੰ ਮੂੰਹਮੰਗੀ ਰਕਮ ਦੇਣੀ ਪੈਂਦੀ । ਲੱਖਾਂ ਦੀ ਰਕਮ ਇਸੇ ਹੀਲੇ ਡਕਾਰ ਜਾਂਦਾ ।
ਇਥੇ ਹੀ ਬੱਸ ਨਹੀਂ । ਆਪ ਜੂਏ ਦਾ ਸ਼ੌਕੀਨ । ਪਰਸ ਵਿਚ ਹੀ ਮਹਿਫ਼ਲ ਲੱਗਦੀ । ਤਾਸ਼ ਨਾਲ ਸ਼ਰਾਬ ਵੀ ਚੱਲਦੀ ਅਤੇ ਕਦੇਕਦੇ ਕੋਈ ਜ਼ਨਾਨੀ ਵੀ ।
''ਲੈ....ਲੈ ਆਏ ਹਾਂ ਮੋਹਤਬਰ ਨੂੰ.....ਪਸੰਦ ਏ ਨਾ ?'' ਪਰਧਾਨ ਦੇ ਵਿਅੰਗ ਦਾ ਜਵਾਬ ਦੇਣ ਦੀ ਸੰਤਰੀ ਦੀ ਕੋਈ ਇੱਛਾ ਨਹੀਂ ਸੀ । ਉਸ ਨੇ ਚੁੱਪ ਕਰਕੇ ਦਰਵਾਜ਼ਾ ਖੋਲ੍ਹ ਦਿੱਤਾ ।
''ਦਰਵੇਸ਼ ਸਾਹਿਬ ਆ ਗਏ ਤਾਂ ਸਮਝੋ ਕੰਮ ਬਣ ਗਿਆ.....।'' ਨਾ ਚਾਹੁੰਦੇ ਹੋਏ ਵੀ ਸੰਤਰੀ ਨੇ ਦਰਵੇਸ਼ ਨੂੰ ਢਿੱਲਾ ਜਿਹਾ ਸਲੂਟ ਮਾਰਿਆ ।
''ਕਿਵੇਂ ਐਂ ਸੰਤਰੀ ?'' ਮਿਲੀ ਸਲਾਮੀ ਨਾਲ ਦਰਵੇਸ਼ ਦੀ ਹਿੱਕ ਚੌੜੀ ਹੋ ਗਈ । ਪਿੱਛੇ ਆਦੇ ਸੇਠਾਂ ਵੱਲ ਉਸ ਨੇ ਮੁਸਕਰਾ ਕੇ ਦੇਖਿਆ ਜਿਵੇਂ ਆਖ ਰਿਹਾ ਹੋਵੇ, ''ਕਿ ਦੇਖਿਆ ?'' ਜੇਤੂ ਯੋਧਿਆਂ ਵਾਗ ਸੇਠ ਦਰਵੇਸ਼ ਦੇ ਪਿੱਛੇਪਿੱਛੇ ਮੁਨਸ਼ੀ ਵੱਲ ਵਧ ਗਏ ।
ਆਏ ਤੁਫ਼ਾਨ ਨੂੰ ਸ਼ਾਂਤੀ ਨਾਲ ਲੰਘ ਜਾਣ 'ਤੇ ਸੰਤਰੀ ਨੇ ਸੁਖ ਦਾ ਸਾਹ ਲਿਆ ।
....ਚਲਦਾ....