ਵੈਸੇ ਤਾਂ ਹਰ ਇੱਕ ਮਾਂ-ਬਾਪ ਦੇ ਮਨ ਵਿੱਚ ਹੁੰਦਾ ਹੈ ਕਿ ਮੇਰੇ ਪੁੱਤਰ ਧੀਆਂ ਚੰਗੀ ਜਿੰਦਗੀ ਜਿਉਂਣ । ਖਾਸ ਕਰਕੇ ਧੀਆਂ ਨੂੰ ਸਹੁਰੇ ਘਰ ਜਾ ਕੇ ਕੋਈ ਔਖਿਆਈ ਨਾਂ ਆਵੇ ਪਰ ਸਭ ਦੀ ਕਿਸਮਤ ਆਪੋ ਆਪਣੀ ਹੁੰਦੀ ਹੈ। ਕੋਈ ਮਾਂ ਬਾਪ ਇਹ ਨਹੀਂ ਸੋਚੇਗਾ ਕਿ ਮੇਰੇ ਬੱਚੇ ਕਿਸੇ ਗੱਲ ਤੋਂ ਦੁਖੀ ਹੋਣ। ਮਾਂ ਬਾਪ ਬੱਚਿਆਂ ਲਈ ਜਿੰਦਗੀ ਵਾਰ ਦਿੰਦੇ ਹਨ। ਇਹ ਤਾਂ ਬੱਚੇ ਦੇਖੋ ਕਿਸ ਦੇ ਕਿਸ ਤਰਾਂ ਨਿਕਲਦੇ ਹਨ। ਆਗਿਆਕਾਰ ਜਾਂ ਦੁਖੀ ਕਰਨ ਵਾਲੀ ਔਲਾਦ। ਮੇਰੇ ਖਿਆਲ ਅਨੁਸਾਰ ਜੋ ਮਾਂ-ਬਾਪ ਚੰਗੀ ਸਿੱਖਿਆ ਦਿੰਦੇ ਹਨ ਉਹਨਾਂ ਦੇ ਬੱਚੇ ਵੀ ਚੰਗੇ ਆਗਿਆਕਾਰ ਹੀ ਹੋਣਗੇ।
ਮੇਰੇ ਪਿਤਾ ਜੀ ਨੇ ਤਿੰਨਾਂ ਧੀਆਂ ਲਈ ਤਿੰਨ ਹੀਰੇ ਲੱਭੇ ਸੀ। ਜੋ ਕਿ ਇੱਕ ਸਭ ਤੋਂ ਸ਼ਰੀਫ ਹੀਰਾ ਛੋਟੀ ਭੈਣ ਕੋਲੋਂ ਛੋਟੀ ਉਮਰ ਵਿੱਚ ਹੀ ਗੁਆਚ ਗਿਆ। ਇਹ ਤਾਂ ਅਸ਼ਕੇ ਉਸ ਭੈਣ ਦੇ ਜਿਸਨੇ ਇੱਕ ਬੰਦਾ ਬਣ ਕੇ ਸੱਸ ਸਹੁਰੇ ਦੀ ਸੇਵਾ ਵੀ ਕੀਤੀ ਬੱਚਿਆਂ ਦੀ ਪਾਲਣਾ ਕੀਤੀ ਤੇ ਸੱਸ ਸਹੁਰੇ ਦੀ ਸੇਵਾ ਵੀ ਕੀਤੀ। ਆਇਆਂ ਮਹਿਮਾਨਾਂ ਦੀ ਆਉ ਭਗਤ ਵੀ ਹਮੇਸ਼ਾਂ ਕਰਨੀ। ਉਸਦਾ ਇਹ ਕਹਿਣਾ ਹੈ ਕਿ ਮਹਿਮਾਨ ਤਾਂ ਦੇਵਤੇ ਹੁੰਦੇ ਹਨ।
ਆਪ ਦੀ ਵਡਿਆਈ ਤਾਂ ਆਪਾਂ ਸਾਰੇ ਹੀ ਕਰ ਲੈਂਦੇ ਹਾਂ ਪਰ ਕਿਸੇ ਦੀ ਵਡਿਆਈ ਕੋਈ ਕੋਈ ਕਰਦਾ ਹੈ। ਜੋ ਮੇਰੇ ਲਈ ਹੀਰਾ ਲੱਭਾ ਉਹ ਗੁਣਾ ਦੇ ਭਰਪੂਰ ਹੈ ਪਰ ਜ਼ਾਹਰ ਘੱਟ ਕਰਦੇ ਹੈ ।
ਜਦ ਮੇਰੀ ਬੇਟੀ 1973 ਜਨਵਰੀ ਵਿੱਚ ਇਸ ਦੁਨੀਆ ਵਿੱਚ ਆਈ। ਉਸ ਸਮੇਂ ਕੋਈ ਵੀ ਫੋਨ ਵਗੈਰਾ ਨਹੀਂ ਹੁੰਦੇ ਸੀ। ਸਾਡਾ ਇੰਡੀਆ ਤਰੱਕੀ ਘੱਟ ਕਰਦਾ ਹੈ। ਮੰਤਰੀ ਬਾਹਰ ਦੇਸ਼ਾਂ ਵਿੱਚ ਸਹੂਲਤਾਂ ਦੇਖ ਲੈਂਦੇ ਹਨ ਪਰ ਵਾਪਸੀ ਤੇ ਰਾਹ ਵਿੱਚ ਸਭ ਭੁੱਲ ਜਾਂਦੇ ਹਨ ਕਿ ਇਹ ਸਹੂਲਤਾਂ ਕਿਵੇਂ ਇੰਡੀਆਂ ਨੂੰ ਦੇਣੀਆਂ ਹੈ ਕਿਉਂਕਿ ਇੰਡੀਆ ਦੀ ਸਰਕਾਰ ਕਦਮ ਪੁੱਛ ਪੁੱਛ ਕੇ ਪੁੱਟਦੀ ਹੈ।
ਮੇਰੀ ਬੇਟੀ ਦੇ ਇਸ ਦੁਨੀਆਂ ਵਿੱਚ ਆਉਂਣ ਤੇ ਪਿਤਾ ਜੀ ਨੇ ਜਿਥੇ ਮੇਰੇ ਪਤੀ ਜਗਜੀਤ ਸਿੰਘ ਬਾਵਰਾ ਜੀ ਸਰਵਿਸ ਕਰਦੇ ਸੀ ਉਹਨਾਂ ਨੂੰ ਚਿੱਠੀ ਪਾ ਦਿੱਤੀ ਕਿ ਬੇਟੀ ਨੇ ਜਨਮ ਲਿਆ ਹੈ। ਉਹ ਚਿੱਠੀ ਮਿਲਣ ਤੇ ਇੱਕ ਵਾਰ ਮਿਲ ਗਏ। ਸਕੂਲ ਵਿੱਚ ਮੇਰੇ ਪਤੀ ਜੀ ਛੋਟੇ ਬੱਚਿਆਂ ਨੂੰ ਪੜਾਉਂਣ ਕਰਕੇ ਸਾਰਾ ਦਿਨ ਬੱਚਿਆਂ ਵਿੱਚ ਰਹਿਣ ਕਰਕੇ ਜਿਸ ਬੱਚੇ ਦਾ ਨਾਮ ਚੰਗਾ ਲੱਗਣਾ ਮੇਰਾ ਉਹੀ ਨਾਮ ਲੈ ਲੈਣਾ। ਸਾਨੂੰ ਮਿਲ ਕੇ ਉਥੇ ਜਾ ਕੇ ਮੇਰੀ ਚਿੱਠੀ ਦੇ ਜੁਆਬ ਵਿੱਚ ਮੇਰੇ ਬਾਰੇ ਤੇ ਮੇਰੀ ਬੇਟੀ ਬਾਰੇ ਜਿਸ ਹੀਰੇ ਨੇ ਇਹ ਚਿੱਠੀ ਲਿਖੀ ਉਹ ਹੇਠ ਲਿਖੀ ਤਰਾਂ ਸੀ।
ਪਿਆਰੇ ਰਾਣੂ,
ਤੇਰਾ ਖਤ ਮਿਲਿਆ ਇਉਂ ਮਹਿਸੂਸ ਹੋਇਆ, ਜਾਣੀ ਸੱਚ ਹੀ ਤੇਰਾ ਪਿਆਰ ਮਿਲਿਆ।
ਇੱਕ ਇੱਕ ਸ਼ਬਦ ਵਿਚੋਂ ਇਹ ਆਵਾਜ ਆਵੇ, ਮੇਰਾ ਚਿਰਾਂ ਦਾ ਵਿਛੜਿਆ ਯਾਰ ਮਿਲਿਆ।
ਨਾਂ ਹੀ ਮੈਂ ਭੁੱਲਿਆ ਨਾਂ ਹੀ ਤੁਸੀਂ ਭੁੱਲੇ , ਤੇਰੇ ਖਤ ਚੋਂ ਤੇਰਾ ਇਕਰਾਰ ਮਿਲਿਆ।
ਇੱਕ ਇੱਕ ਅੱਖਰ ਚੋਂ ਤੁਸੀਂ ਹੀ ਨਜ਼ਰ ਆਏ, ਰਾਣੂ ਰੱਜ ਕੇ ਤੇਰਾ ਦੀਦਾਰ ਮਿਲਿਆ।
ਤੂੰ ਲਿਖਿਐ ਯਾਦ ਮੈਂ ਬੜਾ ਕਰਦਾਂ, ਮੈਂ ਜੋ ਯਾਦ ਕਰਦਾ ਹਾਂ ਇਹ ਵੀ ਘੱਟ ਨਾਂ ਹੀ।
ਕਰਾਂ ਮੈਂ ਭੁਲਾਉਂਣ ਦੀ ਲੱਖ ਕੋਸ਼ਿਸ਼, ਭੁੱਲਦੀ ਤੇਰੇ ਵਿਛੋੜੇ ਦੀ ਸੱਟ ਨਾਂ ਹੀ।
ਇੱਕ ਇੱਕ ਦਿਨ ਸਾਲਾਂ ਵਾਂਗ ਲੰਘਦਾ ਏ, ਇਹ ਮੈਂ ਜਾਣਦਾ ਕਿਵੇਂ ਮੈਂ ਜੀਅ ਰਿਹਾ ਹਾਂ।
ਇਹ ਨਹੀਂ ਪਤਾ ਮੈਂ ਕੌਣ ਸਾਂ ਕੀ ਹੋਵਾਂ, ਇਹ ਨਹੀਂ ਪਤਾ ਮੈਂ ਕੀ ਹਾਂ ਕੀ ਰਿਹਾ ਹਾਂ।
ਕਾਹਦੀ ਜਿੰਦਗੀ ਹੁੰਦੀ ਇੱਕਲਿਆਂ ਦੀ, ਹੰਝੂ ਅੱਖਾਂ ਦੇ ਅੱਖਾਂ ਥੀ ਪੀ ਰਿਹਾ ਹਾਂ।
ਤੇਰੇ ਹੁੰਦਿਆਂ ਸਭ ਕੁਝ ਹੁੰਦਿਆਂ ਭੀ, ਕੁਝ ਨਾਂ ਹੁੰਦਿਆਂ ਦੇ ਵਾਂਗੂ ਜੀ ਰਿਹਾ ਹਾਂ।
ਮੇਰੀ ਜਿੰਦਗੀ ਤੇਰੀ ਉਡੀਕ ਹੋਈ, ਮੇਰਾ ਜੀਵਨ ਤੇਰੀ ਮਿੱਠੀ ਯਾਦ ਰਾਣੂ।
ਤੈਨੂੰ ਯਾਦ ਕਰਦਾ ਹਾਂ ਮੈਂ ਦਿਨ ਸਾਰਾ, ਤੈਨੂੰ ਯਾਦ ਕਰਦਾ ਦਿਨ ਦੇ ਬਾਦ ਰਾਣੂ।
ਲੋਕੀਂ ਪੁਛਦੇ ਉਹਨਾਂ ਨੇ ਕਦੋਂ ਆਉਂਣਾ, ਇਹਦਾ ਕੋਈ ਜੁਆਬ ਨਹੀਂ ਦੇ ਸਕਦਾ।
ਤੁਸੀਂ ਗਏ ਹੋ ਮੁੱਦਤਾਂ ਬੀਤ ਗਈਆਂ, ਗਿਣਕੇ ਨਹੀਂ ਮੈਂ ਹਿਸਾਬ ਨਹੀਂ ਦੇ ਸਕਦਾ।
ਤੁਸੀਂ ਮਿਲੇ ਇੱਕ ਸਮਾਂ ਹੈ ਬੀਤ ਚੁੱਕਾ, ਤੁਹਾਡੀਆਂ ਮਿੱਠੀਆਂ ਗੱਲਾਂ ਹੈ ਯਾਦ ਅੱਜ ਤੱਕ।
ਜਿਸਦੇ ਆਸਰੇ ਅੱਜ ਤੱਕ ਜੀ ਰਿਹਾ ਮੈਂ, ਚਾਹੁਣਾ ਦੇਖਣਾ ਮੈਂ ਤੈਂਨੂੰ ਖੁਸ਼ ਰਾਣੂ।
ਤੈਂਨੂੰ ਤੱਕਣਾ ਸਦਾ ਹੀ ਹੱਸਦਾ ਮੈਂ, ਮੇਰੇ ਨਾਲ ਤੂੰ ਹੱਸ ਜਾਂ ਰੁੱਸ ਰਾਣੂ।
ਪਲ ਪਲ ਰਹਿਨਾਂ ਤੈਂਨੂੰ ਯਾਦ ਕਰਦਾ, ਕਦੀ ਭੁੱਲਦਾ ਨਹੀਂ ਖਿਆਲ ਤੇਰਾ।
ਉੱਲਝ ਗਿਆ ਹਾਂ ਤੇਰੇ ਵਿਯੋਗ ਤਾਣੇ, ਕੇਹਾ ਫੈਲਿਆ ਏ ਪਿਆਰ ਜਾਲ ਤੇਰਾ।
ਦਿਲ ਲੋਚਦਾ ਹਰਦਮ ਪੜੀ ਜਾਵਾਂ, ਰੱਖਾਂ ਖਤ ਸੰਭਾਲ ਸੰਭਾਲ ਤੇਰਾ।
ਜੇ ਤੂੰ ਸੱਚ ਜਾਣੇ ਸਦਾ ਦਿਲ ਵਿੱਚੋਂ, ਫੁੱਟ ਨਿਕਲੇ ਇਹ ਪਿਆਰ ਗੀਤ ਮੇਰਾ।
ਮੇਰੀ ਪਿਆਰ ਨਿਸ਼ਾਨੀ ਨਾਂ ਰੋਲ ਦੇਈਂ , ਰੱਖੀਂ ਹਿੱਕ ਨਾਲ ਲਾ ਕੇ ਪਰੀਤ ਮੇਰਾ।
ਨਹੀਂ ਭੁੱਲਦਾ ਕਿੰਨਾ ਭੁਲਾਵਾਂ ਭਾਂਵੇ ,ਨਾਂ ਹੀ ਪਰੀਤ ਤੇ ਨਾਂ ਹੀ ਗੁਰਮੀਤ ਮੇਰਾ।
ਮਿੱਠਾ ਚੁੰਮਣ ਇੱਕ ਦੇਣਾ ਪਰੀਤ ਤਾਂਈਂ, ਮਿੱਠਾ ਪਿਆਰ ਇੱਕ ਆਪਣੇ ਆਪ ਸਮਝੀਂ।
ਇੰਤਜ਼ਾਰ ਜੁਵਾਬ ਦੀ ਕਰਾਂਗਾ ਮੈਂ ਛੇਤੀ ਖਤ ਇੱਕ ਮੋੜ ਕੇ ਪਾ ਦੇਣਾ।
ਛੋਟੇ ਬੱਚਿਆਂ ਤਾਈਂ ਪਿਆਰ ਦੇਣਾ, ਫਤਿਹ ਵੱਡਿਆਂ ਤਾਈਂ ਬੁਲਾ ਦੇਣਾ।
ਰਹਿੰਦਾ ਏ ਮਨ ਲੋਚਦਾ, ਕਦ ਮਿਲ ਸੀ ਮਨਮੀਤ।
ਯਾਦ ਤੇਰੀ ਵਿੱਚ ਲੁਛਦਾ,
ਤੇਰਾ
ਮੈਂ
ਜਗਜੀਤ।
ਬਾਵਰਾ ਜੀ ਨੇ ਕਦੇ ਕਮਲੀ ਜਿਹੀ ਚਿੱਠੀ ਨਹੀਂ ਲਿਖੀ ਸੀ। ਮੇਰੇ ਪਿਤਾ ਜੀ ਦੇ ਪਤੇ ਤੇ ਹੀ ਹਰੇਕ ਚਿੱਠੀ ਆਉਂਦੀ ਸੀ। ਮੇਰੇ ਪਿਤਾ ਜੀ ਜਦ ਚਿੱਠੀ ਲਿਖਦੇ ਵੀ ਸੀ ਤਾਂ ਲਿਖਿਆ ਹੁੰਦਾ ਸੀ ਕਿ ਜਗਜੀਤ ਤੂੰ ਜਰੂਰ ਚਿੱਠੀ ਲਿਖਿਆ ਕਰ। ਤੇਰੀ ਲਿਖੀ ਚਿਠੀ ਪੜਕੇ ਮਨ ਨੂੰ ਸ਼ਾਂਤੀ ਆਉਂਦੀ ਹੈ। ਮੇਰੇ ਪਿਤਾ ਜੀ ਨੇ ਜਦ ਚਿੱਠੀ ਖੋਲਕੇ ਪੜੀ ਪੜਕੇ ਉਹਨਾਂ ਕਿਹਾ ਕਿ ਜਗਜੀਤ ਵੀ ਲਹਿਰੀ ਬੰਦਾ ਇੱਕ ਹੀਰਾ ਹੈ ਹੀਰਾ। ਸਾਰੇ ਗੁਣਾ ਦਾ ਭਰਿਆ ਪਿਆ ਹੈ।
ਉਸ ਸਮੇਂ ਪਤੀ ਪਤਨੀ ਦਾ ਪਿਆਰ ਇੱਕ ਚਿੱਠੀ ਰਾਹੀਂ ਦਰਸਾਇਆ ਗਿਆ ਪਹਿਲੇ ਬੱਚੇ ਵੇਲੇ ਆਮ ਪੇਕੇ ਹੀ ਲੜਕੀਆਂ ਨੂੰ ਲੈ ਜਾਂਦੇ ਸੀ। ਹੁਣ ਤਾਂ ਲੜਕੀ ਜੇ ਪੇਕੇ ਆ ਵੀ ਜਾਵੇ ਤਾਂ ਫੋਨ ਤੇ ਹਮੇਸ਼ਾਂ ਹੀ ਗੱਲ ਹੁੰਦੀ ਰਹਿੰਦੀ ਹੈ। ਉਦੋਂ ਲੋਕਾਂ ਵਿੱਚ ਸਬਰ ਸੀ।
ਮੇਰੇ ਪਤੀ ਬਾਵਰਾ ਜੀ ਨੂੰ ਗੀਤ ਜੋੜਨ ਦਾ ਤੇ ਗਾਉਂਣ ਦਾ ਬਹੁਤ ਸ਼ੌਂਕ ਸੀ ਜਿਲਾ ਫਿਰੋਜਪੁਰ ਵਿੱਚ ਮੋਹਨ ਕੇ ਹਿਠਾੜ ਪਿੰਡ ਪਿਛਾਂਹ ਖਿੱਚੂ ਇਲਾਕਾ ਸੀ ਪਰ ਬੱਚੇ ਤੇ ਵੱਡੇ ਵੀ ਆਗਿਆਕਾਰ ਬਹੁਤ ਸੀ ਬਾਵਰਾ ਜੀ ਨੇ ਮਨ ਵਿੱਚ ਸੋਚਿਆ ਕਿ ਕੋਈ ਇਹੋ ਜਿਹਾ ਕੰਮ ਕੀਤਾ ਜਾਵੇ ਜਿਸ ਵਿੱਚ ਵੱਡੇ ਅਤੇ ਛੋਟੇ ਸਭ ਰੁਚੀ ਰੱਖਣ।
ਬਾਵਰਾ ਜੀ ਨੇ ਦੁਸਹਿਰਾ ਮਨਾਉਂਣ ਦਾ ਮਨ ਪਿੰਡ ਦੇ ਆਦਮੀਆਂ ਨਾਲ ਸਲਾਹ ਕਰਕੇ ਸ਼ੁਰੂ ਕੀਤਾ। ਪਹਿਲਾਂ ਨੌ ਦਿਨ ਰਾਮ ਲੀਲਾ ਤੇ ਦਸਵੇਂ ਦਿਨ ਦੁਸਹਿਰਾ । ਰਾਮ ਲੀਲਾ ਦੇ ਗੀਤ ਸਭ ਆਪ ਜੋੜ ਕੇ ਲਿਖਣੇ ਤੇ ਫਿਰ ਪਿੰਡ ਦੇ ਮੁੰਡਿਆਂ ਨੂੰ ਆਪ ਤਰਜ਼ਾਂ ਕੱਢਕੇ ਗਾਉਂਣੇ ਸਿਖਾਉਂਣੇ । ਪੂਰੀ ਪਰੈਕਿਟਸ ਹੋਣ ਤੇ 1965_66 ਵਿੱਚ ਰਾਮ ਲੀਲਾ ਨੌ ਦਿਨ ਤੇ ਦਸਵੇਂ ਦਿਨ ਦੁਸਹਿਰਾ ਮਨਾਇਆ ਜਾਣ ਲੱਗਾ। ਜੋ ਅੱਜ ਵੀ ਉਸੇ ਤਰਾਂ ਦੁਸਹਿਰਾ ਮਨਾਇਆ ਜਾਂਦਾ ਹੈ। ਭਾਂਵੇ ਉਥੋਂ ਅਸੀਂ 1976 ਵਿੱਚ ਆ ਗਏ ਹਾਂ। ਪਰ ਬਾਵਰਾ ਜੀ ਦਾ ਨਾਮ ਅਜੇ ਤੱਕ ਉਥੇ ਬੋਲਿਆ ਜਾਂਦਾ ਹੈ। ਏਨੇ ਦਿਲਚਸਪ ਸੀਨ ਹੁੰਦੇ ਸੀ ਕਿ ਰਾਤ ਨੂੰ ਸਾਰਾ ਪਿੰਡ ਨੌ ਦੇ ਨੌ ਦਿਨ ਰਾਮ ਲੀਲਾ ਦੇਖਣ ਜਾਂਦਾ ਸੀ। ਦੁਸਹਿਰੇ ਵਾਲੇ ਦਿਨ ਸ਼ਾਮ ਨੂੰ ਰਾਵਣ ਦਾ ਬੁੱਤ ਬਣਾ ਕੇ ਜਲਾਇਆ ਜਾਂਦਾ ਸੀ। ਦੇਖਣ ਵਾਲੀ ਏਨੀ ਭੀੜ ਹੁੰਦੀ ਸੀ ਕਿ ਮੇਨ ਸੜਕ ਤੇ ਬੱਸਾਂ ਟਰੱਕ ਦੇਖਣ ਲਈ ਸਭ ਰੁਕ ਜਾਂਦੇ ਸੀ। ਹਰ ਇੱਕ ਘਰ ਵਿੱਚ ਮਹਿਮਾਨ ਦੁਸਹਿਰੇ ਵਾਲੇ ਦਿਨ ਹੁੰਦੇ ਸੀ। ਇਹ ਸੀ ਮੇਰੇ ਪਿਤਾ ਜੀ ਨੇ ਜੋ ਹੀਰਾ ਲੱਭਿਆ ਸੀ। ਅੱਜ ਕਲ ਉਮਰ ਅਨੁਸਾਰ ਪੜਨ ਤੇ ਜੋਰ ਜਿਆਦਾ ਹੀ ਦਿੰਦੇ ਹਨ। ਪਹਿਲਾਂ ਵੀ ਗੀਤ ਜੋੜ ਕੇ ਕਿਸੇ ਤੋਂ ਗੁਆ ਕੇ ਇਨਾਂ ਨੂੰ ਖੁਸ਼ੀ ਮਿਲਦੀ।