ਮਾਂ-ਬੋਲੀ ਪੰਜਾਬੀ ਦੀ ਹੋਂਦ ਉੱਤੇ ਮੰਡਲਾਉਂਦੇ ਖਤਰਿਆਂ ਬਾਰੇ ਅਕਸਰ ਜ਼ਿਕਰ ਹੁੰਦਾ ਹੈ,ਯੂਨੈਸਕੋ ਨੇ ਤਾਂ ਸਪੱਸ਼ਟ ਕਹਿ ਦਿੱਤਾ ਹੈ ਕਿ ਪੰਜਾਹ ਸਾਲਾਂ ਬਾਅਦ ਇਹ ਦੁਨੀਆਂ ਤੋਂ ਅਲੋਪ ਹੋ ਜਾਏਗੀ,ਤੇ ਜਿਵੇਂ ਪੰਜਾਬੀ ਨੂੰ ਬਚਾਉਣ ਲਈ ਇਹਦੇ ਆਪਣੇ ਘਰ ਪੰਜਾਬ ਵਿੱਚ ਹੀ ਸੰਘਰਸ਼ ਕਰਨਾ ਪੈ ਰਿਹੈ,ਲੱਗਦਾ ਹੈ ਕਿ ਸਾਡੇ ਵਜੂਦ ਦਾ ਥੰ੍ਹਮ ਇਸ ਖੰਡ-ਮਿਸ਼ਰੀ ਬੋਲੀ ਨੂੰ ਬਚਾਉਣ ਦਾ ਰਾਹ ਸੱਚਮੁੱਚ ਕਿਸੇ ਤਪਦੇ ਮਾਰੂਥਲ ਵਰਗਾ ਹੈ।ਇਹੋ ਜਿਹੇ ਵੇਲਿਆਂ ਵਿੱਚ ਜਦੋਂ ਕਿਤੇ ਪੰਜਾਬੀ ਦਾ ਮੋਹ-ਤੇਹ ਨਜ਼ਰੀਂ ਆਉਂਦਾ ਹੈ,ਪੰਜਾਬੀਅਤ ਦੇ ਜਿਉਂਦੀ-ਵਸਦੀ ਹੋਣ ਦੀ ਝਲਕ ਮਿਲਦੀ ਹੈ ਤਾਂ ਜਾਪਦਾ ਹੈ ਜਿਵੇਂ ਮਾਰੂਥਲਾਂ ਦੀ ਸਿਖਰ ਦੁਪਹਿਰ ਵਿੱਚ ਹਲਕੀ ਜਿਹੀ ਕਿਣਮਿਣ ਹੋ ਗਈ ਹੋਵੇ ਤੇ ਰੂਹ ਨੂੰ ਸਕੂਨ ਦੇ ਕੁਝ ਠੰਢੇ-ਮਿੱਠੇ ਪਲ ਨਸੀਬ ਹੋ ਜਾਂਦੇ ਹਨ।ਇਹੋ ਜਿਹੇ ਬਹੁਤ ਸਾਰੇ ਪਲਾਂ ਨੇ ਕੈਨੇਡਾ-ਅਮਰੀਕਾ ਦੀ ਯਾਤਰਾ ਦੌਰਾਨ ਸਾਨੂੰ ਸਰਸ਼ਾਰ ਕੀਤਾ।
ਟੋਰਾਂਟੋ,ਬਰੈਂਪਟਨ,ਮਿਸਿਸਸਾਗਾ,ਵੈਨਕੁਵਰ,ਸਰੀ,ਐਬਟਸਫੋਰਡ ਤੇ ਫਿਰ ਅਮਰੀਕਾ ਦੇ ਫਰੈਜ਼ਨੋ,ਸਨਫਰਾਂਸਿਸਕੋ,ਫਰੀਮੌਂਟ ਤਾਂ ਪੰਜਾਬੀ ਦਾ ਹੀ ਬੋਲ-ਬਾਲਾ ਸੀ। ਇਹਨਾਂ ਦੇਸ਼ਾਂ ਦੇ ਬਾਕੀ ਸ਼ਹਿਰਾਂ ਵਿੱਚ ਅਸੀਂ ਗਏ ਨਹੀਂ, ਪਰ ਸੁਣਿਆ ਹੈ ਕਿ ਉਥੇ ਵੀ ਪੰਜਾਬੀ ਮੁਰ੍ਹੈਲਣ ਬਣੀ ਬੈਠੀ ਹੈ। ਟੋਰਾਂਟੋ ਤੇ ਵੈਨਕੁਵਰ ਦੇ ਹਵਾਈ ਅੱਡਿਆਂ ਉੱਤੇ ਗੁਰਮੁਖੀ ਵਿੱਚ ਲਿਖੇ 'ਜੀਅ!ਆਇਆਂ' ਤੇ ਹੋਰ ਸੂਚਨਾਵਾਂ ਨੂੰ ਦੇਖ ਕੇ ਖੁਸ਼ੀ ਨਾਲ ਝੁਣਝੁਣੀਆਂ ਆ ਗਈਆਂ। ਸਕਾਈ-ਟਰੇਨ ਦੀ ਟਿਕਟ ਉੱਤੇ ਹੋਰ ਭਾਸ਼ਾਵਾਂ ਦੇ ਨਾਲ ਛਪੀ ਗੁਰਮੁਖੀ ਨੇ ਤਾਂ ਦਿਲ ਪੈਲਾਂ ਪਾਉਣ ਲਾ ਦਿੱਤਾ। ਬਜ਼ਾਰਾਂ ਵਿੱਚ ਘੁੰਮੇ ਤਾਂ ਬਹੁਤੀਆਂ ਦੁਕਾਨਾਂ ਦੇ ਫੱਟੇ ਵੀ ਗੁਰਮੁਖੀ ਵਿੱਚ,ਨਾਮ ਵੀ ਸ਼ਹਿਰਾਂ-ਪਿੰਡਾਂ ਦੀ ਯਾਦ ਸਾਂਭੀ ਬੈਠੇ, ਜਿਵੇਂ ਜਿਵੇਂ'ਮੋਗੇ ਵਾਲਿਆਂ ਦੀ ਕੱਪੜੇ ਦੀ ਦੁਕਾਨ', 'ਨਕੋਦਰ ਮੀਟ-ਸ਼ਾਪ','ਪੰਜਾਬੀ ਸਬਜ਼ੀ ਮੰਡੀ'ਆਦਿ। ਅਸੀਂ ਉਹ ਹੱਟੀਆਂ ਵੀ ਦੇਖੀਆਂ ਜਿੱਥੇ ਪੰਜਾਬੀ ਰਹਿਤਲ ਨਾਲ ਸਬੰਧਤ ਹਰ ਸੰਦ ਜਿਵੇਂ ਰੰਬੇ,ਕਹੀਆਂ,ਲੋਹਾਂਡੇ ਆਦਿ ਤੇ ਹਰ ਤਰ੍ਹਾਂ ਦਾ ਸੀਧਾ,ਅਲਸੀ,ਤਿਲ,ਮਖਾਣੇ,ਮਗਜ਼ ਤੇ ਉਹ ਸਭ ਕੁਝ ਮਿਲਦੈ ਜੋ ਪੰਜਾਬ ਦੇ ਸ਼ਹਿਰਾਂ ਵਿੱਚ ਵੀ ਲੱਭਣਾ ਔਖਾ ਹੁੰਦੈ,ਗੁੜ ਵੀ ਕਈ ਤਰ੍ਹਾਂ ਦਾ,ਖੋਪੇ ਵਾਲਾ,ਸੌਂਫ ਵਾਲਾ,ਮੂੰਗਫਲੀ ਵਾਲਾ,ਜਵੈਣ ਵਾਲਾ। 'ਸਰੀ' ਤਾਂ ਅਸੀਂ ਇਕ ਸੜਕ'ਤੇ 'ਗੁਰੁ ਨਾਨਕ ਮਾਰਗ' ਅਤੇ ਇੱਕ ਹੋਰ'ਤੇ 'ਦਸ਼ਮੇਸ਼ ਮਾਰਗ' ਲਿਖਿਆ ਵੀ ਦੇਖਿਆ। ਇਹ ਵੀ ਸੁਣਿਆ ਕਿ ਇਹਨਾਂ ਮੁਲਕਾਂ ਵਿੱਚ ਕੁਝ ਥਾਵਾਂ,ਸਕੂਲਾਂ ਆਦਿ ਦੇ ਨਾਂ ਵੀ ਸਾਡੇ ਪਿੰਡਾਂ ਜਾਂ ਪ੍ਰਸਿੱਧ ਹਸਤੀਆਂ ਦੇ ਨਾਵਾਂ 'ਤੇ ਰੱਖੇ ਹੋਏ ਹਨ।
ਇਸ ਸੱਤ-ਪਰਾਏ ਦੇਸ ਵਿੱਚ ਇਕ ਦਿਨ ਮੈਨੂੰ ਮੇਰਾ 'ਪੇਕਾ-ਪਿੰਡ' ਲੱਭ ਗਿਆ। ਟੋਰਾਂਟੋ ਵਿਖੇ ਹੋਏ ਇਕ ਸ਼ਾਨਦਾਰ ਸਮਾਰੋਹ ਵਿੱਚ ਨਜ਼ਮਾਂ ਪੜ੍ਹੀਆਂ ਗਈਆਂ,ਰੂਬਰੂ ਹੋਏ। ਮੈਨੂੰ ਭਾਰਤ ਵਿਚੋਂ ਗਈ ਹੋਣ ਕਰਕੇ ਵਿਸ਼ੇਸ਼ ਆਦਰ-ਸਨਮਾਨ ਦਿੱਤਾ ਗਿਆ।
ਦੁਪਹਿਰ ਦੇ ਖਾਣੇ ਵੇਲੇ ਮੀਟ,ਨਾਨ ਦੀ ਪਲੇਟ ਚੁੱਕੀ,ਖੱਟੀ ਪਗੜੀ ਵਾਲੇ ਇੱਕ ਸ਼ਖਸ ਮੇਰੇ ਕੋਲ ਆ ਕੇ ਬੋਲੇ,
" ਬੀਬਾ! ਡਾ: ਨਿਰਮਲ ਸਿੰਘ ਹੋਰਾਂ ਨੇ ਤੁਹਾਡੇ ਜਗਰਾਉਂ ਵਾਲੇ ਪਾਸੇ ਤੋਂ ਹੋਣ ਦਾ ਜ਼ਿਕਰ ਕੀਤਾ ਸੀ, ਕਿਹੜੇ ਪਿੰਡ ਤੋਂ ਐਂ ਤੁਸੀਂ?"
" ਸਿਧਵਾਂ ਬੇਟ ਤੋਂ.."
" ਹੈਂ? ਸਿਧਵਾਂ ਬੇਟ ਤੋਂ?..ਜਿਹੜਾ ਜਗਰਾਵਾਂ ਤੋਂ ਜਲੰਧਰ ਦੇ ਰਾਹ'ਤੇ ਪੈਂਦੈ ?..ਲੀਲ਼ਾਂ ਤੋਂ ਗਾਹਾਂ ਜਾ ਕੇ?"
" ਹਾਂ ਜੀ…."
" ਕਿਹੜੇ ਅਗਵਾੜ'ਚੋਂ ?..ਕਿਹੜੇ ਘਰਾਂ 'ਚੋਂ?"
" ਤੁਸੀਂ ਜਾਣਦੇ ਓ ਮੇਰੇ ਪਿੰਡ ਨੂੰ ?"
" ਮਰ ਜਾਣੀਏਂ! ਮੈਂ ਸਿਧਵਾਂ ਬੇਟ ਤੋਂ ਆਂ..ਤੂੰ ਕਿਤੇ ਕੈਪਟਨ ਕਰਨੈਲ਼ ਸਿਹੁੰ ਦੀ ਧੀ ਤਾਂ ਨੀ?"
" ਜੀ! ਮੈਂ ਉਹੀਓ ਆਂ.."
" ਹਈ ਸ਼ਾਵਾ-ਸ਼ੇ..ਤੇਰਾ ਭਲਾ ਹੋ ਜੇ..ਕੁੜ੍ਹੇ! ਮੈਂ ਤੇਰੇ ਪਿਓ ਦਾ ਮਿੱਤਰ ਆਂ ਪਿਆਰਾ ਸਿਹੁੰ..."
ਉਹ ਛੜੱਪਾ ਜਿਹਾ ਮਾਰ ਕੇ ਬੋਲੇ ਤੇ ਪਲੇਟ ਮੇਜ਼'ਤੇ ਰੱਖ ਕੇ ਮੈਨੂੰ ਬੁੱਕਲ਼ ਵਿੱਚ ਲੈ ਲਿਆ।ਸੀਮਾ ਅਤੇ ਸਮੇਂ ਦੇ ਹਜ਼ਾਰਾਂ-ਲੱਖਾਂ ਪਹਿਰ ਦੂਰ ਆ ਕੇ ਲੱਭੇ ਇਸ ਰਿਸ਼ਤੇ ਨੇ ਮੈਨੂੰ ਪਿੰਡ ਦੇ ਪਿੱਪਲ ਦੀ ਪੀਂਘ ਦਾ ਝੂਟਾ ਦੇ ਦਿੱਤਾ,
" ਤੂੰ ਭਾਈ!ਪਛਾਣਿਆ ਨੀ ਮੈਨੂੰ? ਮੈਂ ਥੋਡੇ ਘਰ ਆਉਂਦਾ ਹੁੰਦਾ ਸੀ,..aਧਰਲੇ ਅਗਵਾੜੋਂ ਪੰਨੂਆਂ ਵਾਲੇ ਪਾਸਿਉਂ ਆਂ ਮੈਂ.." ਹੁਣ ਮੈਂ ਪਿੰਡ ਦੀਆਂ ਕੱਚੀਆਂ ਬੀਹੀਆਂ ਵਿੱਚ ਦੁੜੰਗੇ ਮਾਰਦੀ ਤੀਜੇ ਅਗਵਾੜ ਵੱਲ ਜਾ ਰਹੀ ਸਾਂ।ਇਹ ਤਾਂ ਉਹੋ ਘਰ ਸਨ,ਪੰਨੂਆਂ ਦੇ,ਲੱਸੀ-ਪੀਣਿਆਂ ਦੇ,ਚਿੱਲੀਆਂ ਦੇ,ਜਿੱਧਰ ਅਸੀਂ ਸਿਰਾਂ 'ਤੇ ਕੜਾਹ-ਮੰਡਿਆਂ ਦੇ ਟੋਕਰੇ ਧਰ ਕੇ, "ਸੁੱਖ ਵਸਦੀ ਵੇ ਬਾਬਾ!ਤੇਰੀ ਨਗਰੀ ਜੀ.."ਗਾਉਂਦੀਆਂ ਪਰੋਸੇ ਵੰਡਣ ਜਾਇਆ ਕਰਦੀਆਂ ਸਾਂ।
ਚੇਤੇ ਨੂੰ ਖੁਰਚਿਆਂ ਮੈਨੂੰ ਉਹਨਾਂ ਦਾ ਮੁਹਾਂਦਰਾ ਜਾਣਿਆ ਪਛਾਣਿਆ ਲੱਗਿਆ..ਵਕਤ ਦੇ ਥੇਹ ਕਿੰਨੇ ਵੀ ਜਾਬਰ ਹੋਣ,ਪਿੰਡ ਦੇ ਮੋਹ ਦਾ ਨਿਰਮਲ-ਸ਼ਫਾਫ ਪਾਣੀ ਧੂੜ-ਅੱਟੀਆਂ ਮੂਰਤੀਆਂ ਨੂੰ ਧੋ-ਲਿਸ਼ਕਾ ਕੇ ਸਾਹਮਣੇ ਲਿਆ ਖੜ੍ਹਾ ਕਰਦਾ ਹੈ।
" ਅੱਛਾ ਤਾਂ ਇਹ ਸਾਡਾ ਜਵਾਈ ਐ..ਬਈ ਬੱਲੇ.."ਬਲਦੇਵ ਵੱਲ aਕੜ ਕੇ ਹੱਥ ਮਿਲਾਉਂਦਿਆਂ ਉਹ ਬੋਲੇ
ਫਿਰ ਅਚਾਨਕ ਆਪਣੀ ਪਲੇਟ ਉੱਥੇ ਹੀ ਪਈ ਛੱਡ ਕੇ ਪਰ੍ਹੇ ਬਾਰੀ ਕੋਲ ਜਾ ਕੇ ਫੋਨ ਮਿਲਾਉਣ ਲੱਗੇ, ਫਿਰ ਉਥੋਂ ਹੀ ਮੈਨੂੰ ਹਾਕ ਮਾਰੀ, " ਕੁੜੀਏ!ਏਧਰ ਆ ! ਆਵਦੀ ਚਾਚੀ ਨਾਲ ਗੱਲ ਕਰ..ਰੱਖ ਪਰ੍ਹੇ ਰੋਟੀ..ਰੋਟੀਆਂ ਤੈਨੂੰ ਤੇਰੇ ਚਾਚੇ ਦੇ ਘਰ ਬਥੇਰੀਆਂ"
ਮੇਰੀ ਸਤਿ ਸ੍ਰੀ ਆਕਾਲ ਸੁਣਦਿਆਂ ਹੀ ਚਾਚੀ ਬੋਲੀ, " ਘਰ ਕਦੋਂ ਆਉਣੈ ਧੀਏ!ਸਾਡੇ ਜਵਾਈ ਨੂੰ ਨਾਲ ਲੈਕੇ ਆਈਂ"..ਮੈਥੋਂ ਤਾਂ ਚਾਅ ਨੀ ਚੱਕਿਆ ਜਾਂਦਾ ਤੇਰੇ ਆਉਣ ਦਾ.."
" ਆਊਂਗੀ ਚਾਚੀ ਜੀ ਛੇਤੀ, ਮੈਨੂੰ ਤਾਂ ਮੇਰੇ ਪੇਕੇ ਲੱਭ'ਗੇ ਕੈਨੇਡਾ'ਚ..ਆਊਂਗੀ ਕਿਵੇਂ ਨਾ?"
ਬੱਸ ਫਿਰ ਕੀ ਸੀ, ਚਾਚਾ ਜੀ ਤਾਂ ਸਾਡੇ ਪਿੰਡ ਦੇ ਉੇਥੇ ਰਹਿੰਦੇ ਹਰ ਬੰਦੇ ਦਾ ਨੰਬਰ ਮਿਲਾਉਣ ਲੱਗੇ,
" aਇ ਫਲਾਣਿਆ! ਆਪਣੇ ਪਿੰਡ ਦੀ ਧੀ ਆਈ ਐ aਇ.. ਲੈ..ਗੱਲ ਕਰ.." ਜਦੋਂ ਅਸੀਂ ਫੋਨਾਂ ਤੋਂ ਵਿਹਲੇ ਹੋਏ ਸਾਰੇ ਖਾਣਾ ਖਾ ਕੇ ਕਾਰਾਂ ਵਿੱਚ ਬੈਠਣ ਲੱਗ ਪਏ ਸਨ।
ਦੋਸਤਾਂ-ਰਿਸ਼ਤੇਦਾਰਾਂ ਦੇ ਘਰ ਵਿਆਹ,ਜਨਮ-ਦਿਨ ਪਾਰਟੀਆਂ ਆਦਿ 'ਤੇ ਗਏ ਤਾਂ ਉੱਥੇ ਵੀ ਗਿੱਧੇ,ਸੁਹਾਗ-ਘੋੜੀਆਂ, ਗੀਤ-ਸੰਗੀਤ ਸਭ ਕੁਝ..ਸਗੋਂ ਉਹ ਤਾਂ ਨੱਚਣ-ਟੱਪਣ ਲਈ ਵਿਆਹਾਂ ਦੀ ਉਡੀਕ ਵੀ ਨਹੀਂ ਕਰਦੇ,ਆਪਣੇ-ਆਪਣੇ ਇਲਾਕੇ, ਸ਼ਹਿਰ,ਜ਼ਿਲ੍ਹੇ ਦਾ ਦਿਵਸ ਮਨਾਉਂਦੇ,ਉਸ ਖਿੱਤੇ ਦੇ ਸਾਰੇ ਵਸਨੀਕ ਇਕੱਠੇ ਹੋ ਕੇ ਖਾਂਦੇ-ਪੀਂਦੇ,ਟੱਪੇ ਗਾਉਂਦੇ,ਜਾਗੋ ਕੱਢਦੇ ਤੇ ਨੱਚ-ਨੱਚ ਧਮਾਲਾਂ ਪਾਉਂਦੇ ਨੇ।ਸਾਵਣ-ਰੁੱਤੇ ਤੀਆਂ ਦੇ ਮੇਲੇ ਵਿੱਚ ਮਾਝੇ-ਮਾਲਵੇ ਦੁਆਬੇ ਦੀਆਂ ਜੱਟੀਆਂ ਅੱਡ ਧੂੜਾਂ ਪੱਟਦੀਆਂ ਨੇ।ਇਹ ਅਨੰਦ ਮੈਂ ਦੋ ਵਾਰ ਮੈਡੀਕਲ ਕਾਲਜ ਪਟਿਆਲਾ ਦੇ ਵਿਦਿਆਰਥੀਆਂ ਦੀ ਟੋਰਾਂਟੋ,ਸਨਫਰਾਂਸਿਸਕੋ ਤੇ ਵੈਨਕੁਵਰ ਹੋਈ ਐਲੂਮਿਨੀ ਮੀਟਿੰਗ ਵਿੱਚ ਵੀ ਮਾਣਿਆ...ਪੰਜ-ਆਬਾਂ ਦੀ ਧਰਤੀ ਦੇ ਡਾਕਟਰ-ਪੁੱਤ ਕਢਾਈਦਾਰ ਸ਼ੇਰਵਾਨੀਆਂ ਨਾਲ ਰੰਗ-ਬਿਰੰਗੀਆਂ ਪੱਗਾਂ ਬੰਨ੍ਹੀ ਕਹਿਕਹੇ ਲਾਉਂਦੇ,ਡਾਕਟਰ-ਧੀਆਂ ਗੋਟੇ ਕਿਨਾਰੀਆਂ ਵਾਲੇ ਲਹਿੰਗੇ,ਪਟਿਆਲਵੀ ਸੂਟ ਤੇ ਤਿੱਲੇਦਾਰ ਜੁੱਤੀਆਂ ਪਾ ਕੇ ਅਮਰੀਕਨ ਕੈਨੇਡੀਅਨ ਪੰਜ-ਸਿਤਾਰਾ ਹੋਟਲਾਂ ਵਿੱਚ ਮਟਕਦੀਆਂ।ਇ੍ਹਨਾਂ ਸਮਾਗਮਾਂ ਦੀਆਂ ਤਸਵੀਰਾਂ ਤੇ ਵੀਡੀਓ ਵਗੈਰਾ ਫੇਸਬੁੱਕ,ਯੂਟਿਊਬ ਤੇ ਹੋਰ ਵੈਬਸਾਈਟਾਂ'ਤੇ ਦੇਖੀਆਂ-ਮਾਣੀਆਂ ਜਾ ਸਕਦੀਆਂ ਹਨ।
ਇੱਕ ਸ਼ਾਮ'ਸਰੀ' ਵਿੱਚ ਬੇਟੇ ਰਿਸ਼ਮਦੀਪ ਦੇ ਘਰ ਕੋਈ ਪੰਜਾਬੀ ਫਿਲਮ ਦੇਖ ਰਹੇ ਸਾਂ ਕਿ ਦੋ ਮੇਮਾਂ ਆ ਗਈਆਂ,ਇੱਕ ਦੇ ਵਾਲ ਜਾਮਨੀ ਤੇ ਦੂਜੀ ਦੇ ਸ਼ਰਦਈ,ਠੇਠ ਪੰਜਾਬੀ ਬੋਲਣ,ਵਿੱਚੇ ਫਿਲਮ ਦੇ ਅਦਾਕਾਰਾਂ ਦੀ ਤਾਰੀਫ ਕਰੀ ਜਾਣ।ਰਮਤੇ-ਰਮਤੇ ਉਹਨਾਂ ਨੇ ਝੋਲੇ ਵਿੱਚੋਂ ਗੁਰਮੁਖੀ ਵਿੱਚ ਛਪਿਆ ਈਸਾਈ ਸਾਹਿਤ ਕੱਢ ਲਿਆ ਤੇ ਗੁਣਗਾਨ ਕਰਨ ਲੱਗ ਪਈਆਂ,ਅਸੀਂ ਆਪਣੇ ਧਰਮ ਦੇ ਗੁਣ ਬਿਆਨਣ ਲੱਗ ਪਏ।ਸਾਡਾ ਕਿਹਾ ਧਿਆਨ ਨਾਲ ਸੁਣਨ,ਸਹਿਮਤੀ ਦਿਖਾਉਣ ਤੇ ਫਿਰ ਆਪਣੀ ਕਥਾ ਛੋਹ ਲੈਣ।ਕਰ ਤਾਂ ਭਾਵੇਂ ਉਹ ਆਪਣੇ ਧਰਮ ਦਾ ਪ੍ਰਚਾਰ ਰਹੀਆਂ ਸਨ,ਪਰ ਸਾਡੇ ਮਨਾਂ ਨੂੰ ਹੁਲ੍ਹਾਰਾ ਮਿਲ ਰਿਹਾ ਸੀ,ਕਿਉਂਕਿ ਪੰਜਾਬੀ ਇੰਜ ਫਰਾਟੇਦਾਰ ਬੋਲ ਰਹੀਆਂ ਸਨ,ਜਿਵੇਂ ਉਹ ਪੰਜਾਬ ਵਿੱਚ ਹੀ ਜੰਮੀਆਂ-ਪਲ਼ੀਆਂ ਹੋਣ।ਉਹਨਾਂ ਆਪਣੀ ਕਿਸੇ ਸਖੀ ਦੇ ਪੰਜਾਬੀ ਵਿੱਚ ਪੀ.ਐਚ.ਡੀ. ਕਰਨ ਬਾਰੇ ਵੀ ਦੱਸਿਆ।ਸਾਡੇ ਲਈ ਇਹ ਮੁਲਾਕਾਤ ਬੜੀ ਅਸਚਰਜ ਭਰੀ ਹੋ ਨਿੱਬੜੀ।ਅਸੀਂ ਇੱਕ ਹੋਰ ਅੰਗਰੇਜ਼ ਬਾਰੇ ਵੀ ਸੁਣਿਆ ਜੋ ਪੰਜਾਬੀ ਪੜ੍ਹਾਉਂਦਾ ਸੀ ਤੇ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ ਸੀ।ਕਈ ਦੇਸੀ ਬੰਦੇ ਵੀ ਕੈਨੇਡਾ ਵਿੱਚ ਪੰਜਾਬੀ ਦੇ ਸਿਰ'ਤੇ ਉੱਚੇ ਅਹੁਦਿਆਂ ਉੱਤੇ ਬਿਰਾਜਮਾਨ ਨੇ ਤੇ ਧੱਲੇ ਕੀਆਂ ਲਾ ਰਹੇ ਨੇ..ਇਹ ਉਹਨਾਂ ਭੁੱਲੜਾਂ ਦੀਆਂ ਅੱਖਾਂ ਦਾ ਮੋਤੀਆ ਲਾਹੁਣ ਵਾਲੀ ਖਬਰ ਹੈ,ਜਿਹੜੇ ਪੰਜਾਬੀ ਨੂੰ ਅਨਪੜ੍ਹਾਂ/ਗੰਵਾਰਾਂ ਦੀ ਭਾਸ਼ਾ ਕਹਿੰਦੇ ਹਨ। ਅਸੀਂ ਦੋ ਵਾਰ ਨਗਰ-ਕੀਰਤਨਾਂ ਵਿੱਚ ਵੀ ਸ਼ਾਮਿਲ ਹੋਏ,ਭਾਰਤ ਨਾਲੋਂ ਕਈ ਗੁਣਾ ਵਿਸ਼ਾਲ,ਸਿੱਖੀ-ਬਾਣਿਆਂ ਵਿੱਚ ਸਜੀਆਂ ਸੰਗਤਾਂ ਕੈਨੇਡਾ ਦੀਆਂ ਸੜਕਾਂ'ਤੇ ਜੈਕਾਰੇ ਛੱਡਦੀਆਂ,ਸ਼ਬਦ ਗਾਉਂਦੀਆਂ ਇਲਾਹੀ-ਰੰਗ ਖਿਲਾਰ ਰਹੀਆਂ ਸਨ, ਨਾਲ ਸੰਗੀਤ ਦੇ ਰਹੇ ਛੈਣੇ-ਵਾਜੇ-ਚਿਮਟੇ-ਢੋਲਕੀਆਂ,ਬਾਲਾਂ ਵਿੱਚ ਵੀ ਪੂਰਾ ਜੋਸ਼ ਤੇ ਸ਼ਰਧਾ,ਰੂਹ ਦੇ ਧੁਰ ਅੰਦਰ ਉੱਤਰ ਜਾਣ ਵਾਲਾ ਅਲੌਕਿਕ ਮਾਹੌਲ਼,ਕਈ ਵਾਰ ਮੇਰੀਆਂ ਅੱਖਾਂ ਸੇਜਲ ਹੋਈਆਂ।ਬੰਗਲਿਆਂ ਦੇ ਛੱਜਿਆਂ'ਤੇ ਖੜੋਤੇ ਗੋਰੇ-ਚੀਨੇ ਹੱਥ ਹਿਲਾ ਰਹੇ, ਇੱਕ ਬਰਾਂਡੇ ਵਿੱਚ ਪਹੀਆ-ਕੁਰਸੀ ਉੱਤੇ ਮੇਮ ਨੂੰ ਤਾਂ ਮੈਂ ਜੈਕਾਰਿਆਂ ਦੇ ਨਾਲ ਤਾੜੀਆਂ ਦੀ ਤਾਲ ਦਿੰਦਿਆਂ ਵੀ ਦੇਖਿਆ ..ਹਰ ਗਲੀ,ਹਰ ਮੋੜ ਤੇ ਲੱਡੂ-ਜਲੇਬੀਆਂ,ਸਾਗ-ਮੱਕੀ ਦੀ ਰੋਟੀ,ਕੜ੍ਹੀ-ਚਾਵਲ,ਸਮੋਸੇ,ਕੁਲਫੀਆਂ ਆਦਿ ਦੇ ਲੰਗਰ,ਕਿਹੜੀ ਖਾਣ ਵਾਲੀ ਸੁਗਾਤ ਜਿਹੜੀ ਉੱਥੇ ਹਾਜ਼ਿਰ ਬੈਠੀ ਨਹੀਂ ਸੀ,ਅੱਗੇ-ਅੱਗੇ ਹੋ ਕੇ ਵਰਤਾਉਂਦੇ ਗੁਰੂ-ਪਿਆਰੇ,ਕੌਣ ਕਹਿੰਦੈ ਅਸੀਂ ਉਦੋਂ ਪੰਜਾਬ ਵਿੱਚ ਨਹੀਂ ਸਾਂ।
ਇੱਕ ਦਿਨ ਪੋਤਿਆਂ ਨੂੰ ਸਰੀ ਦੇ'ਕੁਗਰ ਕਰੀਕ ਸਕੂਲ' ਛੱਡਣ ਗਏ ਤਾਂ ਸਾਹਮਣਿਉਂ ਪ੍ਰਿੰਸੀਪਲ ਆ ਰਿਹਾ ਸੀ,ਅਜੇ ਮੈਂ ਬੁਲਾਉਣ ਬਾਰੇ ਜੱਕੋ-ਤੱਕੀ ਵਿੱਚ ਹੀ ਸੀ ਕਿ ਉਹਨੇ ਫੌਰਨ ਹੱਥ ਜੋੜ ਕੇ ਸਤਿ ਸ੍ਰੀ ਆਕਾਲ ਬੁਲਾ ਦਿੱਤੀ।
" ਤੁਸੀਂ ਇੰਡੀਆ ਤੋਂ ਹੋ?ਪੰਜਾਬ ਤੋਂ?"ਖੁਸ਼ੀ ਦੀ ਸਿਖਰ ਤੋਂ ਮੈਂ ਇਹੋ ਕਹਿ ਸਕੀ।
" ਜੀ ਨਹੀਂ..ਮੈਂ ਸਪੈਨਿਸ਼ ਹਾਂ"
" ਤੇ ਐਨੀ ਵਧੀਆ ਪੰਜਾਬੀ..?"
"ਹਾਂ ਜੀ..ਏਥੇ ਬਹੁਤੇ ਸਟੂਡੈਂਟ ਪੰਜਾਬੀ ਨੇ ਜੀ.."
ਕਮਾਲ ਹੈ ਇਹਨਾਂ ਲੋਕਾਂ ਦਾ ਸਿਦਕ ਤੇ ਸਿਰੜ,ਆਪਣੇ ਵਿਦਿਆਰਥੀਆਂ ਦੀ ਭਾਸ਼ਾ ਸਿੱਖਣਾ ਤੇ ਇਹ ਵੀ ਤਾਂ ਘੱਟ ਅਲੋਕਾਰੀ ਗੱਲ ਨਹੀਂ ਕਿ ਪ੍ਰਿੰਸੀਪਲ ਖੁਦ ਮਾਪਿਆਂ ਨੂੰ ਇੰਜ ਪੇਸ਼ ਆਵੇ..ਭਾਰਤ ਵਿੱਚ ਤਾਂ ਇਸ ਦਾ ਖਾਬ ਵੀ ਨਹੀਂ ਲਿਆ ਜਾ ਸਕਦਾ।
ਸਾਡਾ ਦਸ-ਸਾਲਾ ਪੋਤਾ ਗੁਰਬਾਜ਼ ਸਕਾਊਟ-ਸਿਖਲਾਈ ਵੇਲੇ ਸੰਸਥਾ ਵਲੋਂ ਦਿੱਤਾ ਬੈਜ,"ਮੈਂ ਪੰਜਾਬੀ ਬੋਲਦਾਂ"ਛਾਤੀ'ਤੇ ਲਗਾ ਕੇ ਜਾਂਦੈ।
ਤੇ ਉਹ ਵੀ ਕਿੰਨੀ ਮਾਣ-ਮੱਤੀ ਦੁਪਹਿਰ ਸੀ ਜਦੋਂ ਅਸੀਂ 'ਸਟਰਾਬੈਰੀ-ਹਿਲ' ਲਾਇਬ੍ਰੇਰੀ ਪਹੁੰਚੇ ਤਾਂ ਅੱਗੋਂ ਬੂਹਾ ਬੰਦ..ਕੋਲ ਹੀ ਇੱਕ ਮੇਮ ਆਪਣੇ ਗੋਭਲੇ-ਗੁਲਾਬੀ ਬਾਲ ਨੂੰ ਰੇੜ੍ਹੀ ਵਿੱਚ ਲਈ ਖੜ੍ਹੀ ਸੀ।
"ਇਜ਼ ਦਾ ਲਾਇਬ੍ਰੇਰੀ ਕਲੋਜ਼ਡ?" ਮੈਥੋਂ ਪੁੱਛੇ ਬਿਨਾਂ ਨਾ ਰਹਿ ਹੋਇਆ।
"ਆਹੋ.."ਉਹਦਾ ਜਵਾਬ ਮੇਰੇ ਕੰਨਾਂ ਵਿੱਚ ਸੱਤ ਸੁਰਾਂ ਛੇੜਨ ਵਾਲਾ ਸੀ।ਮੈਂ ਉਸ ਨਾਲ ਗੱਲੀਂ ਪੈ ਗਈ।ਮਿੱਸੀ ਜਿਹੀ ਪੰਜਾਬੀ-ਅੰਗਰੇਜ਼ੀ ਬੋਲਦੀ ਨੇ ਉਸ ਦੱਸਿਆ ਕਿ ਉਹਦਾ ਪਤੀ ਪੰਜਾਬੀ ਸੀ ਤੇ ਕਈ ਸਾਲਾਂ ਤੋਂ ਪੰਜਾਬੀ ਉਨ੍ਹਾਂ ਦੇ ਘਰ ਦੀ ਜ਼ੁਬਾਨ ਸੀ।
'ਸਕਾਰਬਰੋ'ਦੇ ਮੈਕਸੀਕਨ ਵਸੋਂ ਵਾਲੇ ਫੁੱਲਦਾਰ ਰਾਹ'ਤੇ ਸੈਰ ਕਰਦਿਆਂ ਅਸੀਂ ਇੱਕ ਚੁਬਾਰੇ ਵਿੱਚ ਉੱਚੀ-ਉੱਚੀ ਵੱਜ ਰਿਹਾ" ਕੁੜੀਏ ਨੀ ਸੱਗੀ ਫੁੱਲ ਵਾਲੀਏ!ਕੈਂਠੇ ਵਾਲਾ ਪੁੱਛੇ ਤੇਰਾ ਨਾਂ" ਸੁਣ ਕੇ ਕੁਝ ਪਲ ਕੀਲੇ ਜਿਹੇ ਖੜ੍ਹੇ ਰਹੇ ।
ਇਹ ਪੰਜਾਬ 'aਂਟਾਰੀਓ'ਦੇ ਸ਼ਹਿਰ'ਲੰਡਨ'ਵਿੱਚ ਬਿਲਕੁਲ ਅਲੋਪ ਸੀ।ਉੱਥੇ ਤਾਂ ਹਰ ਥਾਂ ਗੋਰੇ ਹੀ ਗੋਰੇ ਸਨ,ਟਾਵੇਂ-ਟਾਵੇਂ ਚੀਨੇ ਜਾਂ ਕਾਲ਼ੇ ਦਿਸਦੇ…ਡਾਊਨਟਾਊਨ,ਜਿੱਥੇ ਸਾਡੀ ਰਿਹਾਇਸ਼ ਸੀ,ਸੱਤ ਮਹੀਨਿਆਂ ਵਿੱਚ ਅਸੀਂ ਕੋਈ ਪੱਗ ਵਾਲਾ ਬੰਦਾ,ਜਾਂ ਸਲਵਾਰ-ਕਮੀਜ਼ ਵਾਲੀ ਬੀਬੀ ਦੇਖੀ ਹੀ ਨਹੀਂ,ਬੱਸ ਜਦੋਂ ਕਦੀ ਐਤਵਾਰ ਨੂੰ ਗੁਰਦੁਆਰੇ ਜਾਂਦੇ ਤਾਂ ਉੱਥੇ ਹੀ ਇ੍ਹਨਾਂ ਗੁੰਮੀਆਂ-ਗੁਆਚੀਆਂ ਸੂਰਤਾਂ ਦੇ ਦਰਸ਼ਨ ਹੁੰਦੇ ਤੇ ਦੇਸੀ ਪਰਸ਼ਾਦਿਆਂ ਵਾਲਾ ਲੰਗਰ ਸਾਰੀਆਂ ਭੁੱਖਾਂ ਮਿਟਾ ਦਿੰਦਾ।
ਪਰ ਬੀਜ-ਨਾਸ ਏਥੇ ਵੀ ਨਹੀਂ ਸੀ..ਅਸੀਂ 'ਵਿਕਟੋਰੀਆ ਪਾਰਕ' ਵਿੱਚ ਮਟਕ-ਚਾਲ ਤੁਰੇ ਜਾ ਰਹੇ ਸਾਂ,
ਹਰੇ-ਕਚੂਰ ਪੱਤੇਦਾਰ ਦ੍ਰਖਤਾਂ ਦੀ ਡਾਰ,ਲਾਲ-ਚਿੱਟੇ-ਪੀਲ਼ੇ-ਗੁਲਾਬ ਭਰ-ਜੋਬਨ'ਤੇ ਖਿੜੇ ਹੋਏ,ਗਰਮੀ ਵੀ ਸਿਖਰ'ਤੇ,ਨਿੱਕੀਆਂ-ਨਿੱਕੀਆਂ ਪੁਸ਼ਾਕਾਂ ਪਹਿਨੀਂ ਚਹਿਲਕਦਮੀ ਕਰਦੀਆਂ ਕੜ੍ਹੇ ਦੁੱਧ-ਰੰਗੀਆਂ ਕੁੜੀਆਂ,ਨੰਗੇ ਤਰਬੂਜ਼ੀ ਪਿੰਡਿਆਂ'ਤੇ ਬਿੱਛੂ-ਬਾਘ ਖੁਣਵਾਈ ਫਿਰਦੇ ਮੁੰਡੇ,ਅੱਧਖੜ੍ਹ ਮੇਮਾਂ ਤੇ ਸਾਹਿਬ ਹੱਥਾਂ ਵਿੱਚ ਹੱਥ ਪਾ ਕੇ ਘੁੰਮਦੇ ਹੋਏ,ਕੋਈ ਬਜ਼ੁਰਗ ਜਿਸ ਕੁਰਸੀ'ਤੇ ਬੈਠਾ ਉਸੇ ਨੂੰ ਰੇੜ੍ਹੀ ਫਿਰਦਾ,ਕਿਸੇ-ਕਿਸੇ ਗੁਲਾਨਾਰੀ ਮੱਥੇ ਉੱਤੇ ਪਸੀਨੇ ਦੇ ਮੋਤੀ,ਟਪੂੰ-ਟਪੂੰ ਕਰਦੇ ਬਾਲ ਘਾਹ ਉੱਤੇ ਫਿਰਦੀਆਂ ਕਾਟੋਆਂ ਨੂੰ ਖਿੱਲਾਂ-ਮੂੰਗਫਲੀਆਂ ਪਾ ਰਹੇ,ਗਭਰੀਟ ਸਕੇਟਾਂ ਉੱਤੇ ਸ਼ੋਰ ਮਚਾਉਂਦੇ ਇੱਕ-ਦੂਜੇ ਤੋਂ ਮੂਹਰੇ ਨਿੱਕਲ ਰਹੇ..ਸਭ aਪਰਾ-aਪਰਾ,ਵੱਖਰਾ-ਵੱਖਰਾ,ਅਚਾਨਕ ਪਿੱਛੋਂ ਆਵਾਜ਼ ਆਈ," ਸੈਟ-ਸਿਰੀ 'ਕਾਲ.."
ਅਚੰਭੇ ਜਿਹੇ ਨਾਲ ਮੁੜ ਕੇ ਦੇਖਿਆ,ਕੋਈ ਦੇਸੀ ਚਿਹਰਾ ਨਹੀਂ,ਹਾਂ..ਤਿੰਨ ਜੋੜੀ ਨੀਲੀਆਂ ਅੱਖਾਂ ਨਿੰਮ੍ਹਾ-ਨ੍ਹਿੰਮਾ ਮੁਸਕੁਰਾ ਰਹੀਆਂ,
" ਸਤਿ ਸ੍ਰੀ ਆਕਾਲ..ਤਾਂ ਤੁਸੀਂ ਬੋਲੇ ਸੀ ਹੁਣੇ?"
ਮੈਂ ਖੁਸ਼ੀ ਨਾਲ ਖੀਵੀ ਹੋਈ ਤਿੰਨਾਂ ਜਣੀਆਂ ਨੂੰ ਮੁਖਾਤਿਬ ਹੋਈ।ਉਹ ਬੁੱਤ ਵਾਂਗ ਬਿਟਰ-ਬਿਟਰ ਮੇਰੇ ਵੱਲ ਦੇਖੀ ਜਾਣ, ਝੂਲਦੀਆਂ ਵਾਲੀਆਂ ਤੇ ਲਿਸ਼ਕਦੇ ਕੋਕੇ ਵਾਲੀ ਮੁਟਿਆਰ ਦੇ ਖਿੜੇ ਹੋਂਠ ਅਜੇ ਵੀ ਕੁਝ ਕਹਿਣ ਲਈ ਫਰਕ ਰਹੇ,
"ਓ ਕੇ..ਯੂ ਅੰਡਰਸਟੈਂਡ ਪੰਜਾਬੀ..ਡੌਂਟ ਯੂ..?" ਮੈਨੂੰ ਅੰਗਰੇਜ਼ੀ ਵੱਲ ਪਰਤਣਾ ਪਿਆ
" ਨੋ..ਮਾਈ ਬੁਆਇ ਫਰੈਂਡ ਡਜ਼..ਦਿਸ ਟਰਬਨ.." ਉਹਨੇ ਬਲਦੇਵ ਦੇ ਸਿਰ ਵੱਲ ਵੱਲ ਇਸ਼ਾਰਾ ਕੀਤਾ।.. ਤਾਂ ਇਹ ਗੁਰੂ ਦੀ ਬਖਸ਼ੀ ਦਸਤਾਰ ਦਾ ਕਮਾਲ ਸੀ।
" ਦੈਟ'ਜ਼ ਗਰੇਟ …ਐਂਡ ਯੂ ਨੋਅ aਨਲੀ ਸਤਿ ਸ੍ਰੀ ਆਕਾਲ.?."
"ਓ.. ਯਾਹ… aਨਲੀ ਸੈਟ-ਸਿਰੀ ਕਾਲ"
" ਨੈਵਰ ਮਾਈਂਡ…ਸੋ ਨਾਈਸ ਆਫ ਯੂ.."
" ਹੈਵ ਏ ਗੁਡ ਡੇ.."ਉਹ ਬੋਲੀ
" ਗੁਡ ਡੇ ਟੂ ਯੂ ਟੂ….ਕੀਪ ਇਟ ਅਪ."
"ਓ ਸ਼ੁਅਰ…"
ਮੈਂ ਅੱਗੇ ਹੋ ਕੇ ਉਸ ਨਾਲ ਹੱਥ ਮਿਲਾਇਆ ਤੇ ਅਸੀਂ ਸਾਰੇ ਮੁਸਕਾਨਾਂ ਵਟਾਂਦੇ ਆਪੋ–ਆਪਣੇ ਰਾਹ ਪਏ।
ਲੰਡਨ-aਂਟਾਰੀਓ ਤੇ ਇਹਦੇ ਨੇੜਲੇ ਕਸਬਿਆਂ ਵਿੱਚ ਕਈ ਵਾਰ ਟੈਕਸੀ 'ਤੇ ਸਫਰ ਕਰਨ ਦਾ ਸਬੱਬ ਬਣਿਆ,ਉਦੋਂ ਵੀ ਜਿਹੜੇ ਡਰਾਈਵਰ ਪੰਜਾਬੀ ਹੁੰਦੇ,ਸਾਨੂੰ ਦੇਖਦਿਆਂ ਹੀ 'ਸਤਿ ਸ੍ਰੀ ਆਕਾਲ' ਬੁਲਾਉਂਦੇ,ਜਿੰਨਾ ਚਿਰ ਅਸੀਂ ਵਿੱਚ ਬੈਠੇ ਰਹਿੰਦੇ ਉਹ ਆਪਣੇ ਪਾਕਿਸਤਾਨੀ ਜਾਂ ਹਿੰਦੁਸਤਾਨੀ ਪਿਛੋਕੜ ਦਾ ਜ਼ਿਕਰ ਕਰਦੇ ਰਹਿੰਦੇ,ਹੱਡ-ਬੀਤੀਆਂ ਸੁਣਾਉਂਦੇ ਰਹਿੰਦੇ ਤੇ ਸਾਡੇ ਉੱਤਰਨ ਵੇਲੇ ਵਿਜ਼ਿਟਿੰਗ-ਕਾਰਡ ਦੇ ਕੇ ਲੋੜ ਵੇਲੇ ਉਹਨਾਂ ਨੂੰ ਹੀ ਬੁਲਾਉਣ ਦੀ ਗੁਜ਼ਾਰਿਸ਼ ਕਰਦੇ।ਸ਼ਾਇਦ ਉਹ ਸਾਡੇ ਵਿੱਚੋਂ ਆਪਣਾ ਗੁਆਚਾ ਵਤਨ ਲੱਭਣ ਦੀ ਕੋਸ਼ਿਸ਼ ਕਰਦੇ ਰਹਿੰਦੇ ਸਨ।
ਕਿੰਨੀਆਂ ਹੀ ਸਾਹਿਤ-ਸਭਾਵਾਂ ਦੀਆਂ ਬੈਠਕਾਂ ਵਿੱਚ ਸਾਨੂੰ ਬੁਲਾਇਆ ਗਿਆ, ਜਿਹੜੀਆਂ ਆਪਣੇ-ਆਪਣੇ ਪੱਧਰ 'ਤੇ ਪੰਜਾਬੀ ਨੂੰ ਪ੍ਰਫੁਲਿਤ ਕਰਨ ਲਈ ਭਰਪੂਰ ਯਤਨ ਕਰ ਰਹੀਆਂ ਹਨ, ਸਾਰੇ ਅਖਬਾਰ-ਰਿਸਾਲੇ ਵਿਦੇਸ਼ੀ ਬਨੇਰਿਆਂ 'ਤੇ ਪੰਜਾਬੀ ਦਾ ਦੀਵਾ ਟਿਕਾ ਰਹੇ ਹਨ,ਰੇਡੀਓ ਟਾਕ-ਸ਼ੋ, ਟੀ.ਵੀ 'ਤੇ ਮੁਲਾਕਾਤਾਂ, ਸਾਡੇ ਮਾਣ-ਸਨਮਾਨ,ਜੋ ਉਥੇ ਗਏ ਸਾਰੇ ਹੀ ਲੇਖਕਾਂ ਦੇ ਹੁੰਦੇ ਨੇ,ਹਰ ਥਾਂ ਪੰਜਾਬੀ ਪ੍ਰਧਾਨ।ਬਹੁਤ ਸਾਰੀਆਂ ਸ਼ਖਸ਼ੀਅਤਾਂ ਨਾਲ ਮੇਲ-ਮਿਲਾਪ ਤੇ ਵਿਚਾਰ ਵਟਾਂਦਰਾ ਹੋਇਆ,ਜਿਹੜੀਆਂ ਮਾਂ-ਬੋਲੀ ਦੇ ਵਿਕਾਸ ਲਈ ਤਨਂੋ-ਮਨਂੋ ਤੇ ਧਨੋਂ ਜੁਟੀਆਂ ਹੋਈਆਂ ਹਨ।ਹਾਕੀ-ਮੈਚ ਵਿੱਚ ਦੇਸੀ-ਘਿਓ ਦੀ ਚੂਰੀ ਵਰਗੀ ਕਮੈਂਟਰੀ ਦਾ ਅਨੰਦ ਵੀ ਮਾਣਿਆ, ਪੰਜਾਬੀ-ਨਾਟਕ,ਸੱਭਿਆਚਾਰਕ ਪ੍ਰੋਗਰਾਮ ਵੀ ਦੇਖੇ,ਏਧਰੋਂ ਗਏ ਗਾਇਕਾਂ ਨੂੰ ਹੱਥਾਂ'ਤੇ ਚੁੱਕਣਾ, ਉਹਨਾਂ ਦੇ ਖਾੜਿਆਂ ਵਿੱਚ ਤਿਲ ਸੁੱਟਣ ਨੂੰ ਵੀ ਥਾਂ ਨਾ ਲੱਭਣੀ,ਇਹ ਸਭ ਤਾਂ ਹੁਣ ਜੱਗ-ਜ਼ਾਹਿਰ ਹੈ।ਪਰਵਾਸੀ ਪਨੀਰੀ ਨੂੰ ਵਿੱਦਿਆ ਦੇ ਰਹੇ ਖਾਲਸਾ ਸਕੂਲ, ਗਿੱਧੇ-ਭੰਗੜੇ,ਅਦਾਕਾਰੀ,ਸਾਜ਼-ਸੰਗੀਤ ਸਿਖਾਉਣ ਵਾਲੀਆਂ ਅਕਾਦਮੀਆਂ ਵੀ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ।ਬਰੈਂਪਟਨ ਵਿੱਚ 'ਸੁਰਖਾਬ ਟੀ.ਵੀ' ਤੇ ਹੋਰ ਪੇਸ਼ਕਾਰੀਆਂ ਨਾਲ ਪੰਜਾਬੀ ਵਿਰਸੇ ਦੀ ਮਹਿਕ ਖਿਲਾਰਨ ਵਾਲੇ ਗੁਰਮਿੰਦਰਪਾਲ ਵਾਲੀਆ ਦੀ ਅਕਾਦਮੀ, ਸਰੀ ਵਿੱਚ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਵਾਲੀਆਂ ਫਿਲਮਾਂ/ਨਾਟਕ ਖਿਡਾਉਣ ਵਾਲੇ ਗੁਰਦੀਪ ਭੁੱਲਰ ਦੀ ਅਕਾਦਮੀ ਤੇ ਚਿੱਤਰਾਂ ਰਾਹੀਂ ਪੰਜਾਬੀ ਸੱਭਿਆਚਾਰ ਦੀ ਅਮੀਰੀ ਕੁੱਲ ਦੁਨੀਆਂ ਨੂੰ ਦਿਖਾਉਣ ਵਾਲੇ ਜਰਨੈਲ ਸਿੰਘ ਦੀ ਰੰਗਸ਼ਾਲਾ ਤਾਂ ਅਸੀਂ ਆਪ ਦੇਖ ਕੇ ਆਏ ਤੇ ਉਹਨਾਂ ਦੇ ਸਿਖਿਆਰਥੀਆਂ ਨੂੰ ਵੀ ਮਿਲੇ।
ਇਹ ਵੀ ਜਾਣਕਾਰੀ ਹਾਸਿਲ ਹੋਈ ਕਿ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿੱਚ ਪੰਜਾਬੀ ਵਿਸ਼ੇ ਵਾਲੇ ਵਿਦਿਆਰਥੀ ਨੂੰ ਹੋਰ ਖੇਤਰੀ-ਭਾਸ਼ਾਵਾਂ ਵਾਂਗ ਵਿਸ਼ੇਸ਼ ਨੰਬਰ ਵੀ ਦਿੱਤੇ ਜਾਂਦੇ ਹਨ,ਪੰਜਾਬੀ ਜਾਨਣ ਵਾਲਿਆਂ ਨੂੰ ਕੁਝ ਨੌਕਰੀਆਂ ਵਿੱਚ ਵੀ ਤਰਜੀਹ ਦਿੱਤੀ ਜਾਂਦੀ ਹੈ।ਸਾਰੇ ਉਤਰੀ ਅਮਰੀਕਾ ਵਿੱਚ ਵਰਤ-ਵਿੱਚਰ ਕੇ ਇਹ ਸ਼ਿੱਦਤ ਨਾਲ ਮਹਿਸੂਸ ਹੋਇਐ ਕਿ ਪਰਵਾਸੀ ਪੰਜਾਬੀਆਂ ਵਿੱਚ ਆਪਣੀ ਬੋਲੀ ,ਆਪਣੇ ਵਿਰਸੇ ਦਾ ਮੋਹ-ਤੇਹ ਪੰਜਾਬੀਆਂ ਨਾਲੋਂ ਕਿਤੇ ਵੱਧ ਹੈ..ਭਾਰਤੀ ਪੰਜਾਬੀਆਂ ਵਿਚੋਂ ਬਹੁਤਿਆਂ ਨੇ ਤਾਂ ਆਪਣੀ ਮਾਂ-ਬੋਲੀ ਨੂੰ ਕੱਖਾਂ ਤੋਂ ਵੀ ਹੌਲੀ ਕਰ ਛੱਡਿਐ।
ਪਰ ਵਿਦੇਸ਼ਾਂ ਵਿਚ ਨਸੀਬ ਹੁੰਦੀਆਂ ਇਹਨਾਂ ਕੱਚੇ ਦੁੱਧ ਦੀਆਂ ਮਿੱਠੀਆਂ ਘੁੱਟਾਂ ਵਿੱਚ ਅੱਕ ਦੇ ਦੁੱਧ ਵਰਗਾ ਕੌੜਾ ਸੱਚ ਇਹ ਹੈ ਕਿ ਉਥੇ ਵੀ ਨਵੀਂ ਪੀੜ੍ਹੀ ਟੁੱਟਦੀ ਜਾ ਰਹੀ ਹੈ ਪੰਜਾਬੀ ਬੋਲੀ ਨਾਲੋਂ,ਪੰਜਾਬੀ ਵਿਰਸੇ ਨਾਲੋਂ,ਨਿੱਕੇ-ਨਿੱਕੇ ਬਾਲ ਖੇਡਦੇ-ਲੜਦੇ ਪਟਰ-ਪਟਰ ਅੰਗਰੇਜ਼ੀ ਬੋਲਦੇ ਹਨ।ਵਿਸ਼ਵੀਕਰਨ ਦੇ ਅੱਥਰੇ ਘੋੜੇ'ਤੇ ਸਵਾਰ ਪੰਜਾਬੀ ਚਾਹੇ ਏਧਰ ਵਸਦੇ ਹੋਣ ਜਾਂ aਧਰ,ਅੰਗਰੇਜ਼ੀ ਬੋਲਣ ਵਿੱਚ ਹੀ ਆਪਣੀ ਸ਼ਾਨ ਸਮਝਦੇ ਹਨ।ਇਹਨਾਂ ਸਭਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦੇ ਸਿਰਤੋੜ ਯਤਨ ਕੀਤੇ ਜਾਣੇ ਚਾਹੀਦੇ ਹਨ ਤੇ ਖਬ੍ਹਰੇ ਇਸ ਲੇਖ ਦੀਆਂ ਸਤਰਾਂ ਵਿਚੋਂ ਗੁਜ਼ਰਨ ਪਿਛੋਂ ਉਹ ਵੀ ਇਸ ਭਰਮ-ਭੁਲੇਖੇ ਦਾ ਗਿਲਾਫ ਲਾਹ ਦੇਣ ਕਿ ਪੰਜਾਬੀ ਵਿੱਚ ਵਰਤ-ਵਿਹਾਜ ਕੇ ਉਹ ਕਿਸੇ ਤੋਂ ਨੀਵੇਂ ਹੋ ਜਾਣਗੇ, ਸ਼ਾਇਦ ਉਹਨਾਂ ਨੂੰ ਕੁਝ ਪ੍ਰੇਰਨਾ ਮਿਲੇ ਤੇ ਉਹ ਮਾਂ ਦੇ ਦੁੱਧ ਦੀ ਲਾਜ ਰੱਖ ਸਕਣ,ਜਮ-ਜਮ ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਸਿੱਖਣ ਪਰ ਮਾਤ-ਭਾਸ਼ਾ ਨੂੰ ਆਪਣੇ ਸਿਰ ਦਾ ਤਾਜ ਸਮਝਣ,ਜਿਵੇਂ ਦੱਖਣ-ਭਾਰਤੀ, ਬੰਗਾਲੀ ਤੇ ਹੋਰ ਦੇਸ਼ਾਂ ਦੇ ਲੋਕ ਸਮਝਦੇ ਨੇ…ਆਮੀਨ।