ਆਹਾਰ, ਵਿਚਾਰ ਅਤੇ ਵਿਉਹਾਰ
(ਲੇਖ )
ਕਈ ਲੋਕ ਸਮਝਦੇ ਹਨ ਕਿ ਭੋਜਨ ਕਰ ਲਿਆ, ਉਨ੍ਹਾਂ ਦੀ ਭੁੱਖ ਮਿਟ ਗਈ, ਬਸ ਕੰਮ ਖਤਮ। ਪਰ ਇੱਥੇ ਹੀ ਬੱਸ ਨਹੀਂ ਕਿਸੇ ਵੀ ਪ੍ਰਾਣੀ ਨੂੰ ਜ਼ਿੰਦਾ ਰਹਿਣ ਲਈ ਜਾਂ ਸਰੀਰ ਨੂੰ ਚਲਦਾ ਰੱਖਣ ਲਈ ਊਰਜਾ ਦੀ ਜ਼ਰੂਰਤ ਹੁੰਦੀ ਹੈ। ਇਹ ਊਰਜਾ ਭੋਜਨ ਵਿਚੋਂ ਮਿਲਦੀ ਹੈ। ਇਸ ਲਈ ਅਸੀਂ ਜੋ ਭੋਜਨ ਕਰਦੇ ਹਾਂ ਉਹ ਕੇਵਲ ਸਾਡੀ ਭੁੱਖ ਹੀ ਨਹੀਂ ਮਿਟਾਉਂਦਾ ਸਗੋਂ ਸਾਡੇ ਸਰੀਰ ਨੂੰ ਵੀ ਊਰਜਾ ਦਿੰਦਾ ਹੈ। ਸਾਡਾ ਖਾਧਾ ਹੋਇਆ ਭੋਜਨ ਸਾਡੇ ਸਰੀਰ ਨੂੰ ਸ਼ਕਤੀ ਦੇਣ ਦੇ ਨਾਲ ਨਾਲ ਸਾਡੇ ਵਿਚਾਰਾਂ ਅਤੇ ਵਿਉਹਾਰ 'ਤੇ ਵੀ ਅਸਰ ਕਰਦਾ ਹੈ। ਸਾਡੇ ਆਹਾਰ ਦਾ ਸਾਡੇ ਸਰੀਰ, ਵਿਚਾਰ ਅਤੇ ਵਿਉਹਾਰ ਨਾਲ ਗਹਿਰਾ ਸਬੰਧ ਹੈ।ਭੋਜਨ ਕੈਸਾ ਕੀਤਾ ਜਾਵੇ ਤਾਂ ਕਿ ਸਾਡਾ ਸਰੀਰ ਚੁਸਤ, ਦਰੁਸਤ ਅਤੇ ਤੰਦਰੁਸਤ ਰਹੇ? ਇਸ ਲਈ ਬਹੁਤ ਸੁਚੇਤ ਰਹਿਣ ਦੀ ਜ਼ਰੂਰਤ ਹੈ। ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਪ੍ਰੋਟੀਨ, ਕਾਰਬੋਹਾਈਡਰੇਟਸ, ਚਿਕਨਾਈ, ਕੁਦਰਤੀ ਨਮਕ ਵਿਟਾਮਿਨ ਅਤੇ ਪਾਣੀ ਆਦਿ ਦੀ ਜ਼ਰੂਰਤ ਹੈ। ਇਨ੍ਹਾਂ ਤੱਤਾਂ ਦਾ ਆਪਸ ਵਿਚ ਸੰਤੁਲਨ ਰੱਖ ਕੇ ਹੀ ਸਾਨੂੰ ਭੋਜਨ ਕਰਨਾ ਚਾਹੀਦਾ ਹੈ।ਇਹ ਸਾਰੇ ਤੱਤ ਸਾਨੂੰ ਕਿਸੇ ਇਕ ਭੋਜਨ ਵਿਚੋਂ ਨਹੀਂ ਮਿਲਦੇ। ਇਸ ਲਈ ਖਾਣ ਵਾਲੇ ਅਲੱਗ ਅਲੱਗ ਪਦਾਰਥਾਂ ਨੂੰ ਸਾਨੂੰ ਆਪਣੇ ਭੋਜਨ ਦਾ ਹਿੱਸਾ ਬਣਾਉਣਾ ਪੈਂਦਾ ਹੈ ਜਿਵੇਂ ਹਰੀਆਂ ਸਬਜੀਆਂ, ਅੰਕੁਰਿਤ ਦਾਲਾਂ, ਸੁੱਕੇ ਮੇਵੇ, ਪਨੀਰ, ਦੁੱਧ, ਦਹੀਂ, ਫ਼ਲ, ਸਲਾਦ, ਸ਼ਹਿਦ, ਅੰਡੇ ਅਤੇ ਮਾਸ ਮੱਛਲੀ ਆਦਿ।। ਇਨ੍ਹਾਂ ਪਦਾਰਥਾਂ ਵਿਚ ਪ੍ਰੋਟੀਨ, ਵਿਟਾਮਿਨ, ਖਨਿਜ ਅਤੇ ਹੋਰ ਜ਼ਰੂਰੀ ਤੱਤ ਭਰਪੂਰ ਮਾਤਰਾ ਵਿਚ ਮਿਲਦੇ ਹਨ ਜਿਨ੍ਹਾਂ ਕਰ ਕੇ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ। ਚਮੜੀ ਵਿਚ ਚਮਕ ਆਉਂਦੀ ਹੈ। ਖੂਨ ਬਣਦਾ ਹੈ। ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਦਿਮਾਗ ਤੇਜ਼ ਹੁੰਦਾ ਹੈ ਅਤੇ ਸਰੀਰ ਅੰਦਰ ਬਿਮਾਰੀਆਂ ਨਾਲ ਲੜਨ ਦੀ ਸਮਰਥਾ ਪੈਦਾ ਹੁੰਦੀ ਹੈ। ਇਸੇ ਲਈ ਕਹਿੰਦੇ ਹਨ ਕਿ ਤੰਦਰੁਸਤ ਸਰੀਰ ਵਿਚ ਹੀ ਤੇਜ਼ ਦਿਮਾਗ ਅਤੇ ਮਜ਼ਬੂਤ ਮਨ ਵੱਸਦਾ ਹੈ।
ਸਾਨੂੰ ਸ਼ਰਾਬ ਅਤੇ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ। ਨਸ਼ੇ ਮਨੁੱਖ ਦੀ ਬੁੱਧੀ ਭਰਿਸ਼ਟ ਕਰਦੇ ਹਨ। ਇਹ ਸਰੀਰ ਨੂੰ ਖੋਖਲਾ ਕਰ ਕੇ ਮਨੁੱਖ ਨੂੰ ਨਿਕੰਮਾ ਬਣਾਉਂਦੇ ਹਨ। ਸਾਨੂੰ ਮੁੰਹ ਦੇ ਸੁਆਦ ਲਈ ਜ਼ਿਆਦਾ ਮਿਰਚ ਮਸਾਲੇ, ਤਲੀਆਂ ਹੋਈਆਂ ਚੀਜ਼ਾਂ, ਬਹੁਤ ਜ਼ਿਆਦਾ ਠੰਡੀਆਂ ਅਤੇ ਬਹੁਤ ਜ਼ਿਆਦਾ ਗਰਮ ਵਸਤੂਆਂ ਨਹੀਂ ਖਾਣੀਆਂ ਚਾਹੀਦੀਆਂ। ਅਜਿਹਾ ਭੋਜਨ ਕਰਨ ਵਾਲੇ ਮਨੁੱਖ ਈਰਖਾਲੂ, ਗੁੱਸੇ ਵਾਲੇ, ਚਿੜ-ਚਿੜੇ ਅਤੇ ਬੇਸਬਰੇ ਹੁੰਦੇ ਹਨ। ਉਨ੍ਹਾਂ ਵਿਚ ਸਹਿਜ ਨਹੀਂ ਹੁੰਦੀ।ਜੰਕ ਫੂਡ, ਫਾਸਟ ਫੂਡ, ਡਿੱਬਾ ਬੰਦ ਭੋਜਨ, ਡਿੱਬਾ ਬੰਦ ਜੂਸ ਤੋਂ ਵੀ ਪ੍ਰਹੇਜ ਕਰੋ। ਪਹਿਲਾਂ ਦੇ ਕੱਟੇ ਹੋਏ ਫ਼ਲ ਅਤੇ ਬਾਸਾ ਭੋਜਨ ਵੀ ਨਹੀਂ ਖਾਣਾ ਚਾਹੀਦਾ।ਇਹ ਜਲਦੀ ਹਜ਼ਮ ਨਹੀਂ ਹੁੰਦਾ ਅਤੇ ਸਰੀਰ ਅੰਦਰ ਕਈ ਤਰ੍ਹਾਂ ਦੇ ਵਿਕਾਰ ਪੈਦਾ ਕਰਦਾ ਹੈ ਅਤੇ ਮਨੁੱਖ ਨੂੰ ਰੋਗ ਗ੍ਰਸਤ ਕਰਦਾ ਹੈ। ਸਾਨੂੰ ਭੋਜਨ ਕਾਹਲੀ ਕਾਹਲੀ ਨਹੀਂ ਕਰਨਾ ਚਾਹੀਦਾ ਸਗੋਂ ਸਹਿਜੇ ਸਹਿਜੇ ਚਬਾ ਕੇ ਕਰਨਾ ਚਾਹੀਦਾ ਹੈ।
ਸਾਨੂੰ ਸਦਾ ਸੰਤੁਲਿਤ ਭੋਜਨ ਹੀ ਕਰਨਾ ਚਾਹੀਦਾ ਹੈ। ਹੋ ਸਕੇ ਤਾਂ ਕਿਸੇ ਸਿਆਣੇ ਡਾਕਟਰ ਕੋਲੋਂ
ਆਪਣੀ ਉਮਰ ਅਤੇ ਭਾਰ ਮੁਤਾਬਿਕ ਸੰਤੁਲਿਤ ਭੋਜਨ ਦਾ ਚਾਰਟ ਬਣਵਾ ਲਿਆ ਜਾਵੇ ਤਾਂ ਚੰਗਾ ਹੈ। ਸਾਨੂੰ ਕਿਸੇ ਵੀ ਵਿਟਾਮਿਨ ਨੂੰ ਜ਼ਰੂਰਤ ਤੋਂ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ। ਜਿਆਦਾ ਵਿਟਾਮਿਨ ਸਰੀਰ ਨੂੰ ਫਾਇਦੇ ਦੀ ਥਾਂ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਅੱਤ ਕਿਸੇ ਵੀ ਚੀਜ਼ ਦੀ ਬੁਰੀ ਹੁੰਦੀ ਹੈ। ਉਦਹਾਰਣ ਦੇ ਤੋਰ ਤੇ ਦੁੱਧ ਨੂੰ ਅੰਮ੍ਰਿਤ ਕਿਹਾ ਜਾਂਦਾ ਹੈ। ਇਸ ਵਿਚ ਆਮ ਤੋਰ ਤੇ ਸੰਤੁਲਿਤ ਭੋਜਨ ਦੇ ਕਰੀਬ ਕਰੀਬ ਸਾਰੇ ਤੱਤ ਹੀ ਮੌਜੂਦ ਹੁੰਦੇ ਹਨ ਪਰ ਜ਼ਿਆਦਾ ਦੁੱਧ ਪੀਣਾ ਵੀ ਹਾਨੀਕਾਰਕ ਸਾਬਤ ਹੁੰਦਾ ਹੈ। ਇਸ ਨਾਲ ਵੀ ਟੱਟੀਆਂ ਲੱਗ ਜਾਂਦੀਆਂ ਹਨ ਤੇ ਬੰਦਾ ਬਿਮਾਰ ਪੈ ਜਾਂਦਾ ਹੈ। ਵਿਟਾਮਿਨ ਭੋਜਨ ਵਿਚੋਂ ਹੀ ਪ੍ਰਾਪਤ ਕਰਨੇ ਚਾਹੀਦੇ ਹਨ। ਦਵਾਈਆਂ ਰਾਹੀਂ ਵਿਟਾਮਿਨ ਲੈਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਕਿਉਂਕਿ ਜੇ ਕਿਸੇ ਬੱਚੇ ਦੇ ਸਕੂਲ ਦਾ ਕੰਮ ਕੋਈ ਦੂਸਰਾ ਕਰ ਦੇਵੇਗਾ ਤਾਂ ਬੱਚਾ ਨਲਾਇਕ ਬਣੇਗਾ। ਇਸੇ ਤਰ੍ਹਾਂ ਜੇ ਅਸੀਂ ਬਣੀ ਬਣਾਈ ਊਰਜਾ ਲਵਾਂਗੇ ਤਾਂ ਸਾਡੇ ਸਰੀਰ ਦੇ ਪਾਚਕ ਅੰਗ ਆਪਣਾ ਕੰਮ ਕਰਨਾ ਛੱਡ ਦੇਣਗੇ। ਜੇ ਬੰਦਾ ਬਿਮਾਰੀ ਤੋਂ ਉੱਠੇ ਤਾਂ ਕੰਮਜੋਰੀ ਦੂਰ ਕਰਨ ਲਈ ਵਿਟਾਮਿਨ ਅਤੇ ਤਾਕਤ ਦੀਆਂ ਦਵਾਈਆਂ ਲਈਆਂ ਜਾ ਸਕਦੀਆਂ ਹਨ। ਪੰਜਾਹ ਸਾਲ ਦੀ ਉਮਰ ਤੋਂ ਬਾਅਦ ਸਰੀਰਕ ਊਰਜਾ ਘਟ ਜਾਂਦੀ ਹੈ। ਉਸ ਸਮੇਂ ਵਿਟਾਮਿਨ ਲਏ ਜਾ ਸਕਦੇ ਹਨ।ਹਮੇਸ਼ਾਂ ਸਾਤਵਿਕ ਭੋਜਨ ਹੀ ਕਰਨਾ ਚਾਹੀਦਾ ਹੈ। ਇਸ ਨਾਲ ਮਨ ਇਕਾਗਰ ਰਹਿੰਦਾ ਹੈ। ਮਨ ਵਿਚ ਗਲਤ ਵਿਚਾਰ ਨਹੀਂ ਆਉਂਦੇ। ਮਨ ਭਟਕਦਾ ਨਹੀਂ। ਮਨੁੱਖ ਦੇ ਸਭ ਕੰਮ ਸਹਿਜ ਵਾਲੇ ਅਤੇ ਸਤੋਗੁਣੀ ਹੁੰਦੇ ਹਨ।
ਅਸੀਂ ਜੋ ਭੋਜਨ ਕਰਦੇ ਹਾਂ ਉਸ ਨੂੰ ਹਜ਼ਮ ਕਰਨਾ ਵੀ ਜ਼ਰੂਰੀ ਹੈ ਤਾਂ ਹੀ ਸਾਡੇ ਸਰੀਰ ਨੂੰ ਊਰਜਾ ਮਿਲੇਗੀ। ਇਸ ਲਈ ਰੋਜਾਨਾ ਸੈਰ ਅਤੇ ਵਰਜਿਸ਼ ਕਰਨੀ ਚਾਹੀਦੀ ਹੈ। ਇਸ ਨਾਲ ਸਰੀਰ ਦੇ ਸਾਰੇ ਅੰਗ ਹਰਕਤ ਵਿਚ ਆਉਂਦੇ ਹਨ ਅਤੇ ਭੋਜਨ ਹਜ਼ਮ ਹੁੰਦਾ ਹੈ। ਸਰੀਰ ਨੂੰ ਊਰਜਾ ਮਿਲਦੀ ਹੈ। ਚਮੜੀ ਚਮਕਦਾਰ ਬਣਦੀ ਹੈ। ਚਿਹਰੇ ਤੇ ਨੂਰ ਆਉਂਦਾ ਹੈ। ਸਰੀਰ ਵਿਚ ਬਿਮਾਰੀਆਂ ਨਾਲ ਲੜਣ ਦੀ ਸ਼ਕਤੀ ਆਉਂਦੀ ਹੈ।ਭੋਜਨ ਦੇ ਨਾਲ ਨਾਲ ਸਾਡੇ ਸਰੀਰ ਨੂੰ ਹਵਾ ਅਤੇ ਪਾਣੀ ਦੀ ਵੀ ਬਹੁਤ ਜ਼ਰੂਰਤ ਹੈ। ਹਵਾ ਅਸੀਂ ਆਪਣੇ ਸਾਹ ਦਵਾਰਾ ਹਾਸਿਲ ਕਰਦੇ ਹਾਂ। ਤਾਜ਼ੀ ਹਵਾ ਲਈ ਸਾਨੂੰ ਜ਼ਿਆਦਾ ਦਰਖਤ ਲਗਾਉਣੇ ਚਾਹੀਦੇ ਹਨ। ਪਾਣੀ ਨਾਲ ਭੋਜਨ ਹਜ਼ਮ ਹੁੰਦਾ ਹੈ।ਪਾਣੀ ਦੀ ਕਮੀ ਸਾਡੀ ਯਾਦਾਸ਼ਤ ਅਤੇ ਇਕਾਗਰਤਾ ਨੂੰ ਵੀ ਪ੍ਰਭਾਵਿਤ ਕਰਦੀ ਹੈ।ਇਸ ਲਈ ਦਿਨ ਵਿਚ ਘੱਟੋ ਘੱਟ ਦੋ ਜਾਂ ਤਿੰਨ ਲਿਟਰ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਭੋਜਨ ਉਪਰੰਤ ਜੇ ਇਕ ਦਮ ਠੰਡਾ ਪਾਣੀ ਪੀ ਲਿਆ ਜਾਵੇ ਤਾਂ ਨੁਕਸਾਨ ਦਿੰਦਾ ਹੈ ਕਿਉਂਕਿ ਭੋਜਨ ਕਰਨ ਉਪਰੰਤ ਉਸ ਨੂੰ ਹਜ਼ਮ ਕਰਨ ਲਈ ਸਰੀਰ ਅੰਦਰੋਂ ਊਰਜਾ ਪੈਦਾ ਹੁੰਦੀ ਹੈ ਜੋ ਗਰਮ ਹੁੰਦੀ ਹੈ। ਪਾਣੀ ਇਸ ਊਰਜਾ ਨੂੰ ਠੰਡਾ ਕਰਦਾ ਹੈ ਹੈ ਇਸ ਲਈ ਭੋਜਨ ਜਲਦੀ ਹਜ਼ਮ ਨਹੀਂ ਹੁੰਦਾ। ਭੋਜਨ ਕਰਨ ਤੋਂ ਅੱਧਾ ਘੰਟਾ ਪਹਿਲਾਂ ਅਤੇ ਅੱਧਾ ਘੰਟਾ ਬਾਅਦ ਤੱਕ ਪਾਣੀ ਨਹੀਂ ਪੀਣਾ ਚਾਹੀਦਾ।ਰਾਤ ਸੋਣ ਤੋਂ ਘੱਟੋ ਘੱਟ ਇਕ ਘੰਟਾ ਪਹਿਲਾਂ ਭੋਜਨ ਕਰ ਲਓ ਤਾਂ ਕਿ ਸੋਣ ਤਕ ਭੋਜਨ ਚੰਗੀ ਤਰ੍ਹਾਂ ਹਜ਼ਮ ਹੋ ਜਾਵੇ।
ਸ਼ਾਡਾ ਪੇਟ ਸਦਾ ਸਾਫ ਰਹਿਣਾ ਚਾਹੀਦਾ ਹੈ। ਕਦੀ ਪੇਟ ਨੂੰ ਤੂਸੜ ਕੇ ਨਹੀਂ ਖਾਣਾ ਚਾਹੀਦਾ।ਇਸ ਨਾਲ ਮੋਟਾਪਾ ਵਧਦਾ ਹੈ। ਖਾਧਾ ਪੀਤਾ ਹਜ਼ਮ ਨਹੀਂ ਹੁੰਦਾ। ਸਰੀਰ ਸੁਸਤ ਹੋ ਜਾਂਦਾ ਹੈ। ਕੋਈ ਕੰਮ ਕਰਨ ਨੂੰ ਮਨ ਨਹੀਂ ਕਰਦਾ। ਇਸੇ ਲਈ ਕਹਿੰਦੇ ਹਨ ਕਿ ਭੁੱਖ ਤੋਂ ਬਿਨਾ ਅਤੇ ਜ਼ਰੂਰਤ ਤੋਂ ਜ਼ਿਆਦਾ ਕੁਝ ਨਹੀਂ ਖਾਣਾ ਚਾਹੀਦਾ ਭਾਵੇਂ ਉਹ ਅਮ੍ਰਿਤ ਹੀ ਕਿਉਂ ਨਾ ਹੋਵੇ। ਹੋ ਸਕੇ ਤਾਂ ਹਫਤੇ ਵਿਚ ਇਕ ਡੰਗ ਦਾ ਵਰਤ ਰੱਖੋ। ਇਸ ਨਾਲ ਪੇਟ ਅੰਦਰਲੇ ਅਪੱਚ ਪਦਾਰਥ ਖਾਰਜ਼ ਹੋ ਜਾਂਦੇ ਹਨ। ਸਰੀਰ ਤੰਦਰੁਸਤ ਰਹਿੰਦਾ ਹੈ।
ਸਰੀਰ ਨੂੰ ਲੰਮੇ ਸਮੇਂ ਤੱਕ ਸੰਤੁਲਿਤ ਆਹਾਰ ਨਾ ਮਿਲਣਾ ਹੀ ਕੁਪੋਸ਼ਨ ਹੈ। ਸਾਡੇ ਦੇਸ਼ ਵਿਚ ਗਰੀਬੀ ਅਤੇ ਅਨਪੜਤਾ ਕਾਰਨ ਜ਼ਿਆਦਾ ਲੋਕ ਕੁਪੋਸ਼ਨ ਦਾ ਸ਼ਿਕਾਰ ਹਨ। ਪੇਂਡੂ ਅਤੇ ਪੱਛੜੇ ਇਲਾਕਿਆਂ ਵਿਚ ਛੋਟੇ ਬੱਚੇ ਅਤੇ ਔਰਤਾਂ ਕੁਪੋਸ਼ਨ ਦਾ ਜ਼ਿਆਦਾ ਸ਼ਿਕਾਰ ਹਨ। ਕੁਪੋਸ਼ਨ ਕਾਰਨ ਸਰੀਰ ਵਿਚ ਕੰਮਜੋਰੀ ਆ ਜਾਂਦੀ ਹੈ। ਸਰੀਰ ਦਾ ਵਾਧਾ ਰੁਕ ਜਾਂਦਾ ਹੈ। ਮਾਸਪੇਸ਼ੀਆਂ ਢਿਲੀਆਂ ਪੈ ਕੇ ਸੁੰਗੜ ਜਾਂਦੀਆਂ ਹਨ।ਚਮੜੀ ਝੂਰੜੀਆਂ ਨਾਲ ਪੀਲੇ ਰੰਗ ਦੀ ਹੋ ਜਾਂਦੀ ਹੈ। ਮਨ ਚਿੜਚਿੜਾ ਹੋ ਜਾਂਦਾ ਹੈ। ਕੰਮ ਕਰਨ ਵਿਚ ਕੋਈ ਉਤਸ਼ਾਹ ਨਹੀਂ ਰਹਿੰਦਾ। ਸਰੀਰ ਦਾ ਵਜਨ ਘਟ ਜਾਂਦਾ ਹੈ। ਅੱਖਾਂ ਅੰਦਰ ਧਸ ਜਾਂਦੀਆਂ ਹਨ। ਵਾਲ ਖੁਸ਼ਕ ਅਤੇ ਰੁੱਖੇ ਹੋ ਜਾਂਦੇ ਹਨ ਅਤੇ ਚਿਹਰਾ ਨੂਰ ਹੀਨ ਹੋ ਜਾਂਦਾ ਹੈ। ਸੰਸਾਰਕ ਪੱਧਰ ਤੇ ਯੂਨੀਸਿਫ ਅਤੇ ਲੋਕਲ ਪੱਧਰ ਤੇ ਕਈ ਸੰਸਥਾਵਾਂ ਕੁਪੋਸ਼ਨ ਦੇ ਖਿਲਾਫ ਕਾਫੀ ਕੰਮ ਕਰ ਰਹੀਆਂ ਹਨ ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਵੀ ਹਾਲੀ ਨਾ ਕਾਫੀ ਹੀ ਹਨ।
ਇਥੇ ਹੀ ਬਸ ਨਹੀਂ, ਸਾਡਾ ਖਾਧਾ ਹੋਇਆ ਭੋਜਨ ਸਾਡੇ ਸਰੀਰ ਦੇ ਨਾਲ ਨਾਲ ਸਾਡੇ ਵਿਚਾਰਾਂ ਅਤੇ ਵਿਉਹਾਰ ਤੇ ਵੀ ਕਾਫੀ ਅਸਰ ਪਾਉਂਦਾ ਹੈ। ਸੰਤੁਲਿਤ ਸਾਦਾ ਭੋਜਨ ਜਿਸ ਵਿਚ ਹਰੀਆਂ ਸਬਜੀਆਂ, ਸਲਾਦ, ਫ਼ਲ, ਸਾਬਤ ਦਾਲਾਂ, ਅਨਾਜ ਅਤੇ ਸੁੱਕੇ ਮੇਵੇ ਹੋਣ ਸਾਤਵਿਕ ਤਾਂ ਭੋਜਨ ਕਹਿਲਾਉਂਦਾ ਹੈ ਪਰ ਇਹ ਭੋਜਨ ਵੀ ਆਪਣੇ ਦਸਾਂ ਨੌਹਾਂ ਦੀ ਕਮਾਈ ਦਵਾਰਾ ਹੀ ਹਾਸਲ ਕੀਤਾ ਹੋਇਆ ਹੀ ਹੋਣਾ ਚਾਹੀਦਾ ਹੈ। ਇਸ ਨਾਲ ਸਾਡਾ ਦਿਮਾਗ ਤੇਜ਼ ਹੁੰਦਾ ਹੈ। ਤੇਜ਼ ਦਿਮਾਗ ਵਾਲੇ ਲੋਕ ਹੀ ਦੁਨੀਆਂ ਨੂੰ ਚਲਾਉਂਦੇ ਹਨ ਅਤੇ ਜ਼ਿੰਦਗੀ ਵਿਚ ਕਾਮਯਾਬ ਹੁੰਦੇ ਹਨ।। ਸਾਤਵਿਕ ਭੋਜਨ ਨਾਲ ਯਾਦਾਸ਼ਤ ਵਧਦੀ ਹੈ ਅਤੇ ਵਿਚਾਰ ਊਸਾਰੂ ਅਤੇ ਧਾਰਮਿਕ ਬਣਦੇ ਹਨ। ਮਨ ਇਕਾਗਰ ਹੁੰਦਾ ਹੈ। ਸੁਭਾaੇ ਸਹਿਜ ਵਾਲਾ ਅਤੇ ਸ਼ਾਂਤ ਬਣਦਾ ਹੈ।
ਇਸਦੇ ਉੱਲਟ ਨਸ਼ਿਆਂ ਦਾ ਸੇਵਨ ਤੇਜ਼ ਮਿਰਚ ਮਸਾਲੇ ਅਤੇ ਚਟਪਟੀਆਂ ਚੀਜ਼ਾਂ ਤਾਮਸਿਕ ਭੋਜਨ ਅਖਵਾਉਂਦੀਆਂ ਹਨ। ਇਨ੍ਹਾਂ ਨਾਲ ਮਨ ਭਟਕਦਾ ਹੈ। ਕਾਮ, ਕ੍ਰੋਧ ਅਤੇ ਹੰਕਾਰ ਦੀ ਬਿਰਤੀ ਪੈਦਾ ਹੁੰਦੀ ਹੈ। ਮਨ ਗੁੱਸੇ ਖੋਰ ਹੁੰਦਾ ਹੈ ਅਤੇ ਬਲਡ ਪ੍ਰੈਸ਼ਰ ਵਧਦਾ ਹੈ। ਸਰੀਰ ਵਿਚ ਕਮਜੋਰੀ ਆਉਂਦੀ ਹੈ। ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਘਟਦੀ ਹੈ। ਹਰ ਸਮੇਂ ਸੁਸਤੀ ਛਾਈ ਰਹਿੰਦੀ ਹੈ।ਮਨ ਚਿੜਚਿੜਾ ਹੁੰਦਾ ਹੈ। ਹਰ ਕੋਈ ਆਪਣਾ ਦੁਸ਼ਮਣ ਜਾਪਦਾ ਹੈ ਅਤੇ ਵਿਚਾਰ ਢਾਊ ਅਤੇ ਨਾਂਹ ਪੱਖੀ ਪੈਦਾ ਹੁੰਦੇ ਹਨ।
ਸਾਡੇ ਵਿਚਾਰਾਂ ਦਾ ਸਿੱਧਾ ਪ੍ਰਭਾਵ ਸਾਡੇ ਵਿਉਹਾਰ ਤੇ ਪੈਂਦਾ ਹੈ।ਉਦਾਹਰਣ ਦੇ ਤੌਰ ਤੇ ਜੇ ਸਾਨੂੰ ਕੋਈ ਕੰਮ ਕਹੇ ਤਾਂ ਜੇ ਅਸੀਂ ਸਾਤਵਿਕ ਭੋਜਨ ਕਰਦੇ ਹੋਵਾਂਗੇ ਤਾਂ ਸਾਡਾ ਸਰੀਰ ਮਜ਼ਬੂਤ ਹੋਵੇਗਾ ਅਤੇ ਮਨ ਉੱਦਮੀ ਹੋਵੇਗਾ, ਅਸੀ ਉਸੇ ਸਮੇਂ ਕੰਮ ਕਰਨ ਲਈ ਤਿਆਰ ਹੋ ਜਾਵਾਂਗੇ। ਮੰਨ ਲਉ ਸਾਨੂੰ ਕੋਈ ਮਾਰਕੀਟ ਤੱਕ ਨਾਲ ਚੱਲਣ ਲਈ ਕਹਿੰਦਾ ਹੈ ਤਾਂ ਆਪੇ ਸਾਡੇ ਮੁੰਹ ਵਿਚੋਂ ਨਿਕਲੇਗਾ:- ਚੱਲ ਯਾਰ ਚਲਦੇ ਹਾਂ। ਇਸੇ ਬਹਾਨੇ ਫਰੈਸ਼ ਹੋ ਜਾਵਾਂਗੇ। ਮੇਰੀ ਸੈਰ ਵੀ ਹੋ ਜਾਵੇਗੀ। ਇਸ ਦੇ ਉਲਟ ਜੇ ਸਾਡਾ ਭੋਜਨ ਤਾਮਸਿਕ ਹੋਵੇਗਾ ਤਾਂ ਸਾਡਾ ਸਰੀਰ ਕੰਮਜੋਰ ਹੋਵੇਗਾ। ਕੋਈ ਕੰਮ ਕਰਨ ਨੂੰ ਜੀਅ ਨਹੀਂ ਕਰੇਗਾ। ਹਰ ਸਮੇਂ ਸੁਸਤੀ ਛਾਈ ਰਹੇਗੀ ਤਾਂ ਉਪਰਲੇ ਕੇਸ ਵਿਚ ਅਸੀਂ ਕਹਾਂਗੇ:- ਯਾਰ ਤੂੰ ਆਪੇ ਜਾ ਆ। ਮੇਰੀ ਸਿਹਤ ਠੀਕ ਨਹੀਂ। ਮੈਂ ਥੱਕਿਆ ਹੋਇਆ ਹਾਂ।ਇਸ ਤਰ੍ਹਾਂ ਬਹਾਨੇ ਬਾਜੀ ਵਾਲੀ ਤਬੀਅਤ ਬਣੇਗੀ
ਇਸੇ ਤਰ੍ਹਾਂ ਮੰਨ ਲਉ ਕੋਈ ਬੰਦਾ ਦੂਸਰੇ ਦੋਸਤ ਨੂੰ ਕਹਿੰਦਾ ਹੈ:- ਯਾਰ ਅੱਜ ਮੋਹਨ ਮਿਲਿਆ ਸੀ। ਤੇਰੇ ਬਾਰੇ ਬਹੁਤ ਗਲਤ ਬੋਲ ਰਿਹਾ ਸੀ। ਇਸ ਦੇ ਜੁਆਬ ਵਿਚ ਤਾਮਸਿਕ ਭੋਜਨ ਕਰਨ ਵਾਲਾ ਬੰਦਾ ਇਕ ਦਮ ਗੁੱਸੇ ਵਿਚ ਆ ਜਾਵੇਗਾ। ਉਸ ਦਾ ਖੂਨ ਖੌਲਣ ਲਗ ਜਾਵੇਗਾ ਅਤੇ ਉਹ ਕਹੇਗਾ:- ਅੱਛਾ ਉਸ ਦੀ ਇਹ ਹਿੰਮਤ। ਚਲ ਮੈਂ ਤੇਰੇ ਨਾਲ ਚੱਲਦਾ ਹਾਂ। ਮੈਂ ਉਸ ਦੀਆਂ ਲੱਤਾਂ ਨਾ ਤੋੜ ਦਿਤੀਆਂ ਤਾਂ ਮੈਨੂੰ ਕਹੀ। ਪਰ ਇਸ ਦੇ ਉਲਟ ਸਾਤਵਿਕ ਭੋਜਨ ਕਰਨ ਵਾਲਾ ਕਹੇਗਾ:_ ਉਸ ਨੇ ਇੰਜ ਕਿਹਾ? ਉਸਦੀ ਮੇਰੇ ਸਾਹਮਣੇ ਗੱਲ ਕਰਨ ਦੀ ਹਿੰਮਤ ਨਹੀਂ।ਡਰਪੋਕ ਹੈ। ਪਿੱਠ ਪਿੱਛੇ ਤਾਂ ਲੋਕ ਰੱਬ ਨੂੰ ਵੀ ਗਾਲ੍ਹਾਂ ਕੱਢਦੇ ਹਨ। ਇਸ ਤਰ੍ਹਾਂ ਇਹ ਸਹਿਜ ਅਤੇ ਸਮਝਦਾਰੀ ਦੀ ਗਲ ਹੈ।
ਆਪਣੀਆਂ ਚਾਰ ਉਦਾਸੀਆਂ ਸਮੇਂ ਇਕ ਵਾਰੀ ਗੁਰੂ ਨਾਨਕ ਦੇਵ ਜੀ ਏਮਨਾਬਾਦ ਨਗਰ ਗਏ। ਉੱਥੇ ਭਾਈ ਲਾਲੋ ਨਾਮ ਦਾ ਇਕ ਗਰੀਬ ਤਰਖਾਨ ਰਹਿੰਦਾ ਸੀ ਜੋ ਦਸਾਂ ਨੌਹਾਂ ਦੀ ਕਮਾਈ ਨਾਲ ਕੋਧਰੇ ਦੀ ਰੋਟੀ ਖਾ ਕੇ ਗੁਜ਼ਾਰਾ ਕਰਦਾ ਸੀ। ਗੁਰੂ ਨਾਨਕ ਦੇਵ ਜੀ ਉਸ ਕੋਲ ਠਹਿਰੇ। ਉਥੋਂ ਦਾ ਹਾਕਮ ਮਲਿਕ ਭਾਗੋ ਸੀ ਜੋ ਲੋਕਾਂ ਤੇ ਬਹੁਤ ਜੁਲਮ ਕਰਦਾ ਸੀ। ਪਾਪ ਦੀ ਕਮਾਈ ਨਾਲ ਉਸ ਨੇ ਕਾਫੀ ਧਨ ਇਕੱਠਾ ਕਰ ਲਿਆ। ਮਲਿਕ ਭਾਗੋ ਨੇ ਯੱਗ ਕੀਤਾ ਅਤੇ ਸਾਰੇ ਗਰੀਬਾਂ ਨੂੰ ਅਤੇ ਸਾਧੂ ਸੰਤਾਂ ਨੂੰ ਉਸ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਪਰ ਗੁਰੂ ਨਾਨਕ ਦੇਵ ਜੀ ਉਸ ਯੱਗ ਵਿਚ ਸ਼ਾਮਿਲ ਨਾ ਹੋਏ। ਇਸ ਤੇ ਮਲਿਕ ਭਾਗੋ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਯੱਗ ਵਿਚ ਸ਼ਾਮਿਲ ਨਾ ਹੋਣ ਦਾ ਕਾਰਨ ਪੁੱਛਿਆ। ਗੁਰੁ ਨਾਨਕ ਦੇਵ ਜੀ ਨੇ ਉਸੇ ਸਮੇਂ ਇਕ ਹੱਥ ਵਿਚ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਫੜੀ ਅਤੇ ਦੂਜੇ ਹੱਥ ਵਿਚ ਮਲਿਕ ਭਾਗੋ ਦੇ ਛੱਤੀ ਪ੍ਰਕਾਰ ਦੇ ਭੋਜਨ ਨੂੰ ਫੜਿਆ ਅਤੇ ਦੋਹਾਂ ਨੂੰ ਘੁੱਟ ਕੇ ਨਿਚੋੜਿਆ। ਭਾਈ ਲਾਲੋ ਦੀ ਰੋਟੀ ਵਿਚੋਂ ਦੁੱਧ ਨਿਕਲਿਆ ਅਤੇ ਮਲਿਕ ਭਾਗੋ ਦੇ ਭੋਜਨ ਵਿਚੋਂ ਲਹੂ ਚੌਣ ਲੱਗਾ। ਗੁਰੂ ਸਾਹਿਬ ਨੇ ਇਹ ਸਿਧ ਕੀਤਾ ਕਿ ਦਸਾਂ ਨੌਹਾਂ ਦੀ ਰੁੱਖੀ ਸੁੱਕੀ ਰੋਟੀ ਸਾਡੇ ਅੰਦਰ ਜਾ ਕੇ ਦੁੱਧ ਦਾ ਕੰਮ ਕਰਦੀ ਹੈ ਪਰ ਪਾਪ ਦੀ ਕਮਾਈ ਨਾਲ ਅਰਜਿਤ ਕੀਤਾ ਹੋਇਆ ਭੋਜਨ ਗਰੀਬਾਂ ਦਾ ਲਹੂ ਚੂਸਣ ਸਮਾਨ ਹੈ। ਪਾਪ ਦੀ ਕਮਾਈ ਨਾਲ ਯੱਗ ਕਰਾਉਣ ਦਾ ਜਾਂ ਗਰੀਬਾਂ ਨੂੰ ਭੋਜਨ ਕਰਾਉਣ ਦਾ ਕੋਈ ਲਾਭ ਨਹੀਂ। ਕਿਸੇ ਨੂੰ ਭੋਜਨ ਕਰਾਉਣਾ ਹੈ ਤਾਂ ਦਸਾਂ ਨੌਹਾਂ ਦੀ ਕਮਾਈ ਨਾਲ ਹੀ ਕਰਾਓ। ਉਸ ਵਿਚ ਜ਼ਿਆਦਾ ਬਰਕਤ ਪਵੇਗੀ
ਇਸੇ ਤਰ੍ਹਾਂ ਮਹਾਂ ਭਾਰਤ ਵਿਚ ਗੁਰੂ ਦਰੋਣਾ ਚਾਰਿਆ, ਭੀਸ਼ਮ ਪਿਤਾਮਾ ਅਤੇ ਕਰਣ ਦਾ ਨਾਮ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਉਹ ਸਾਰੇ ਮਹਾਰਥੀ ਆਚਰਨ ਦੇ ਸੱਚੇ ਸੁੱਚੇ ਵੀਰ ਪੁਰਸ਼ ਸਨ ਪਰ ਉਨ੍ਹਾਂ ਅੰਦਰ ਦੁਰਯੋਧਨ ਦਾ ਦੂਸ਼ਿਤ ਅੰਨ ਸੀ ਜਿਸ ਕਾਰਨ ਉਹ ਦਰੋਪਤੀ ਦੇ ਚੀਰ ਹਰਨ ਸਮੇਂ ਚੁੱਪ ਚਾਪ ਬੈਠੇ ਰਹੇ ਅਤੇ ਇਕ ਅੱਬਲਾ ਔਰਤ ਤੇ ਅੱਤਿਆਚਾਰ ਹੁੰਦਿਆਂ ਅਤੇ ਉਸ ਨੂੰ ਨਿਰਵਸਤਰ ਹੁੰਦਿਆਂ ਮੋਨ ਬਣ ਕੇ ਦੇਖਦੇ ਰਹੇ। ਜੇ ਉਨ੍ਹਾਂ ਦੂਸ਼ਿਤ ਅੰਨ ਨਾ ਖਾਧਾ ਹੁੰਦਾ ਤਾਂ ਉਨ੍ਹਾਂ ਵਿਚ ਅਣਖ ਕਾਇਮ ਰਹਿੰਦੀ ਅਤੇ ਉਹ ਜ਼ੁਲਮ ਦੇ ਖਿਲਾਫ ਲੜਦੇ। ਉਹ ਤਲਵਾਰ ਲੈ ਕੇ ਦਰੋਪਦੀ ਦੀ ਇੱਜ਼ਤ ਦੀ ਰੱਖਿਆ ਲਈ ਖੜ੍ਹੇ ਹੁੰਦੇ ਪਰ ਐਸਾ ਨਹੀਂ ਹੋਇਆ। ਦੂਸ਼ਿਤ ਅੰਨ ਨੇ ਉਨ੍ਹਾਂ ਦੀ ਵੀਰਤਾ ਨੂੰ ਕਮਜ਼ੋਰ ਅਤੇ ਕਲੰਕਿਤ ਕਰ ਦਿੱਤਾ।
ਹਰਾਮ ਜਾਂ ਪਾਪ ਦਾ ਭੋਜਨ ਕਰਨ ਨਾਲ ਮਨੁੱਖਾਂ ਦੀ ਬੁੱਧੀ ਭਰਿਸ਼ਟ ਹੋ ਜਾਂਦੀ ਹੈ। ਉਨ੍ਹਾਂ ਦਾ ਵਿਉਹਾਰ ਵੀ ਸਹਿਜ ਵਾਲਾ ਨਹੀਂ ਰਹਿੰਦਾ। ਉਨ੍ਹਾਂ ਦੀਆਂ ਇੱਛਾਵਾਂ ਤਾਮਸਿਕ ਹੋ ਜਾਂਦੀਆਂ ਹਨ। ਉਨ੍ਹਾਂ ਨੂੰ ਚੰਗੇ ਮਾੜੇ ਜਾਂ ਠੀਕ ਗਲਤ ਦੀ ਸੋਝੀ ਨਹੀਂ ਰਹਿੰਦੀ। ਉਨ੍ਹਾਂ ਨੂੰ ਕੋਈ ਪਸੰਦ ਨਹੀਂ ਕਰਦਾ। ਉਹ ਕੋਈ ਮਹਾਨ ਕੰਮ ਨਹੀਂ ਕਰ ਸਕਦੇ। ਉਹ ਆਪਣੀ ਆਉਣ ਵਾਲੀ ਜ਼ਿੰਦਗੀ ਵਿਚ ਕੰਡੇ ਬੀਜ ਲੈਂਦੇ ਹਨ। ਲੋਕਾਂ ਦਾ ਉਨ੍ਹਾਂ ਤੋਂ ਵਿਸ਼ਵਸ਼ ਉੱਠ ਜਾਂਦਾ ਹੈ। ਉਹ ਹਮੇਸ਼ਾਂ ਆਪ ਦੁਖੀ ਰਹਿੰਦੇ ਹਨ ਅਤੇ ਦੂਸਰੇ ਨੂੰ ਵੀ ਦੁਖੀ ਰੱਖਦੇ ਹਨ। ਅਜਿਹੇ ਲੋਕ ਕਈ ਬਿਮਾਰੀਆਂ ਸਹੇੜ ਲੈਂਦੇ ਹਨ ਅਤੇ ਆਪਣੀ ਉਮਰ ਘਟਾ ਲੈਂਦੇ ਹਨ।ਇਸ ਲਈ ਹਮੇਸ਼ਾਂ ਹੱਕ ਹਲਾਲ ਦਾ ਸਾਤਵਿਕ ਭੋਜਨ ਕਰੋ। ਇਸ ਨਾਲ ਸਰੀਰ ਤੰਦਰੁਸਤ, ਮਨ ਸਹਿਜ ਵਿਚ ਅਤੇ ਸ਼ਾਂਤ ਰਹੇਗਾ। ਲੋਕ ਤੁਹਾਡੀ ਇੱਜ਼ਤ ਕਰਨਗੇ। ਤੁਸੀਂ ਸਦਾ ਸੁਖੀ ਰਹੋਗੇ।