ਜਦੋ ਮੈ ਪਹਿਲੀ ਵਾਰੀ ਸਟੇਜ਼ ਤੇ ਚੜ੍ਹਿਆ
(ਪਿਛਲ ਝਾਤ )
ਜਿੰਦਗੀ ਵਿੱਚ ਬਹੁਤ ਕੰਮ ਅਜਿਹੇ ਹੁੰਦੇ ਹਨ ਜ਼ੋ ਕਿਸੇ ਦੀ ਹੱਲਾਸ਼ੇਰੀ ਜਾ ਡਰ ਨਾਲ ਹੀ ਸਿੱਖੇ ਜਾਂਦੇ ਹਨ।ਤੇ ਕਈ ਵਾਰੀ ਕਿਸੇ ਕੰਮ ਸਿਖੱਣ ਦਾ ਕੋਈ ਬਹਾਨਾ ਹੀ ਬਣਦਾ ਹੈ।ਬੇਸੱਕ ਕਲਮ ਨਾਲ ਮੇਰਾ ਵਾਸਤਾ ਬਚਪਣ ਤੌ ਹੀ ਹੈ। ਤੇ ਹੋਲੀ ਹੋਲੀ ਇਸ ਖੇਤਰ ਵਿੱਚ ਕਾਫੀ ਮੁਹਾਰਤ ਹਾਸਿਲ ਕਰ ਲਈ ਹੈ।ਲਿਖਣ ਵਿੱਚ ਲਗਣ ਤੇ ਦਿਲਚਸਪੀ ਹੋਣ ਕਰਕੇ ਇਸ ਖੇਤਰ ਵਿੱਚ ਕੁੱਦਣ ਦਾ ਫਲ ਮਿਲਣਾ ਸੁਰੂ ਹੋ ਗਿਆ ਹੈ। ਘਰੋ ਮਿਲੇ ਸਕਾਰਾਤਮਿਕ ਮਾਹੋਲ ਕਰਕੇ ਹੀ ਮੈ ਪੰਜਾਬੀ ਸਾਹਿਤ ਵਿੱਚ ਤਿੰਨ ਕਿਤਾਬਾਂ ਲਿਖਕੇ ਆਪਣੀ ਹਾਜਰੀ ਲਵਾਉਣ ਦੀ ਜਰਾ ਕੁ ਕੋਸ਼ਿਸ਼ ਕੀਤੀ ਹੈ।ਰਾਸ਼ਟਰੀ ਪੱਧਰ ਦੀਆਂ ਕਈ ਅਖਬਾਰਾਂ ਤੇ ਰਿਸਾਲੇ ਵੀ ਅਕਸਰ ਮੇਰੀ ਕਲਮ ਨੂੰ ਸਮੇ ਸਮੇ ਤੇ ਮਾਣ ਬਖਸਦੇ ਰਹਿੰਦੇ ਹਨ। ਜਿਵੇ ਅਸੀ ਲਿਖਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰ ਸਕਦੇ ਹਾਂ ਉਵਂੇ ਹੀ ਅਸੀ ਬੋਲਕੇ ਆਪਣੀ ਸੋਚ,ਵਿਚਾਰਾਂ ਤੇ ਖਿਆਲਾਂ ਨੂੰ ਜਨਤਕ ਕਰ ਸਕਦੇ ਹਾਂ। ਕਿਸੇ ਜਨਤਕ ਸਟੇਜ਼ ਤੇ ਬੋਲਣ ਪੱਖੋ ਮੈ ਬਿਲਕੁਲ ਹੀ ਕੋਰਾ ਸੀ। ਕੁਝ ਤਾਂ ਮੇਰੀ ਅਵਾਜ ਭਾਰੀ ਤੇ ਕੁਝ ਬਚਪਣ ਤੋ ਪਈ ਸੰਗ ਤੇ ਹੱਲਾ ਸੇਰੀ ਦੀ ਅਣਹੌਦ ਇਸਦਾ ਮੁੱਖ ਕਾਰਨ ਬਣੀ। ਇਸੇ ਝੱਖ ਵਿੱਚ ਮੈ ਕਦੇ ਵੀ ਕਿਸੇ ਮੰਚ ਤੋ ਆਪਣੇ ਖਿਆਲਾਂ ਦਾ ਪ੍ਰਗਟਾਵਾ ਨਾ ਕਰ ਸਕਿਆ।ਹਲਾਂਕਿ ਮੈਨੂੰ ਪਤਾ ਹੈ ਕਿ ਇੱਕ ਚੰਗਾ ਵਕਤਾ ਆਪਣੀ ਭਾਸਣ ਕਲਾ ਰਾਹੀ ਲੱਖਾਂ ਦੀ ਭੀੜ ਨੂੰ ਆਪਣੇ ਨਾਲ ਜ਼ੋੜ ਸਕਦਾ ਹੈ। ਸਾਡੇ ਲੀਡਰ ਆਪਣੀ ਕਲਾ ਦੇ ਸਹਾਰੇ ਹੀ ਜਨਤਾ ਨੂੰ ਸਾਲਾਂ ਤੌ ਬੁੱਧੂ ਬਣਾਈ ਜਾ ਰਹੇ ਹਨ ਤੇ ਭੋਲੇ ਭਾਲੇ ਲੋਕ ਉਹਨਾਂ ਦੀਆਂ ਲੱਛੇਦਾਰ ਗੱਲਾਂ ਸੁਣ ਕੇ ਤਾੜੀਆ ਮਾਰ ਖੁਸ਼ ਹੁੰਦੇ ਹਨ। ਆਪਣੀ ਇਸ ਭਾਸਣ ਕਲਾ ਕਰਕੇ ਹੀ ਬਹੁਤੇ ਅਖੋਤੀ ਧਾਰਮਿਕ ਲੋਕ ਜਨਤਾ ਨੂੰ ਲੁੱਟ ਰਹੇ ਹਨ। ਤੇ ਕਈ ਆਪਣੀ ਇਸ ਬੋਲ ਬਾਣੀ ਕਰਕੇ ਹੀ ਜਨਤਾ ਦਾ ਕਲਿਆਣ ਕਰ ਰਹੇ ਹਨ।ਤੇ ਸਮਾਜ ਨੂੰ ਬੁਰਾਈਆਂ ਵਲੋ ਰੋਕ ਰਹੇ ਹਨ। ਕਥਾ, ਕੀਰਤਨ, ਸਤਸੰਗ, ਪ੍ਰਵਚ ਤੇ ਵਿਅਖਿਆਣ ਸਭ ਬੋਲਣ ਦੀ ਕਲਾ ਤੇ ਨਿਰਭਰ ਕਰਦੇ ਹਨ।ਤੇ ਭਗਤਾਂ ਨੂੰ ਸਕੂਨ ਤੇ ਰਾਹਤ ਦਿੰਦੇ ਹਨ।
ਖੌਰੇ ਮੇਰੀ ਜਿੰਦਗੀ ਵੀ ਇਸੇ ਝੱਸ ਵਿੱਚ ਲੰਘ ਜਾਂਦੀ। ਪਰ ਇੱਕ ਸਬੱਬ ਨੇ ਮੇਰੀ ਝੱਕ ਖੋਲ ਦਿੱਤੀ। ਹੋਇਆ ਕਿ ਸਾਡੇ ਘਰ ਦੇ ਨੇੜੇ ਰਹਿੰਦੇ ਬੈਕ ਮੈਨੇਜਰ ਸ੍ਰੀ ਸੁਰਿੰਦਰ ਮਿੱਤਲ ਦੀ ਸੇਵਾ ਮੁਕਤੀ ਤੇ ਉਸਦੇ ਪਰਿਵਾਰ ਨੇ ਨਜਦੀਕੀ ਮੈਰਿਜ ਪੈਲੇਸ ਵਿੱਚ ਬਹੁਤ ਵੱਡੇ ਪੱਧਰ ਤੇ ਪ੍ਰੋਗਰਾਮ ਰੱਖਿਆ।ਇੱਕ ਗਵਾਂਢੀ ਹੋਣ ਦੇ ਨਾਤੇ ਉਹ ਆਪ ਮੈਨੂੰ ਤੇ ਪੂਰੇ ਪਰਿਵਾਰ ਨੂੰ ਸੱਦਾ ਦੇਣ ਆਇਆ ਤੇ ਗੱਲਾਂ ਗੱਲਾਂ ਵਿੱਚ ਹੀ ਉਸਨੇ ਮੈਨੂੰ ਉਥੇ ਦੋ ਸਬਦ ਬੋਲਣ ਦਾ ਵੀ ਆਖਿਆ। ਇਸ ਲਾਇਨ ਵਿੱਚ ਬਿਲਕੁਲ ਕੋਰਾ ਹੋਣ ਕਰਕੇ ਮੈਂ ਮਿੱਠਾ ਜਿਹਾ ਜਵਾਬ ਦੇ ਦਿੱਤਾ।ਪਰ ਮੇਰੀ ਹਮਸਫਰ ਨੂੰ ਇਹ ਮੰਜੂਰ ਨਹੀ ਸੀ।
ਉਂਜ ਤੇ ਸਾਰਾ ਦਿਨ ਬੋਲਦੇ ਰਹਿੰਦੇ ਹੋ। ਉਥੇ ਦੋ ਸਬਦ ਬੋਲਦਿਆਂ ਨੂੰ ਤੁਹਾਨੂੰ ਕੀ ਗੋਲੀ ਪੈਂਦੀ ਹੈ? ਨਹੀ ਤੁਸੀ ਜਰੂਰ ਬੋਲਣਾ ਹੈ। ਕਹਿਕੇ ਉਸਨੇ ਆਪਣਾ ਹੁਕਮ ਸੁਣਾ ਦਿੱਤਾ। ਮਰਦਾ ਕੀ ਨਾ ਕਰਦਾ। ਮੈ ਫਸ ਗਿਆ। ਫਿਰ ਇੱਕ ਦਿਨ ਆਪਣੀ ਲਿਖਣ ਦੀ ਕਲਾ ਦੀ ਬਦੋਲਤ ਮੈ ਦੋ ਕੁ ਵਰਕੇ ਮਿੱਤਲ ਸਾਹਿਬ ਦੀ ਸੇਵਾ ਮੁਕਤੀ ਨੂੰ ਲੈਕੇ ਲਿਖ ਦਿੱਤੇ। ਜਦੋ ਉਸਨੂੰ ਸੁਣਾਏ ਤਾਂ ਉਹ ਹੋਰ ਵੀ ਸ਼ੇਰ ਬਣ ਗਈ। ਤੇ ਜਰੂਰ ਬੋਲਣਾ ਹੈ। ਜਰੂਰ ਬੋਲਣਾ ਹੈ। ਦਾ ਰਾਗ ਫੜ੍ਹ ਲਿਆ। ਜਿਵੇਂ ਜਿਵੇ ਉਸ ਦੀ ਪਾਰਟੀ ਦਾ ਦਿਨ ਨੇੜੇ ਆਉਂਦਾ ਗਿਆ ਉਵੇ ਮੇਰੇ ਦਿਲ ਦੀ ਧੜਕਣ ਵੱਧਣ ਲੱਗੀ।
ਆਖਿਰ ਉਹ ਦਿਨ ਆ ਹੀ ਗਿਆ। ਸਾਰੇ ਜੀਅ ਤਿਆਰ ਹੋ ਗਏ। ਮੈ ਵੀ ਝਕੋਤਕੀ ਵਿੱਚ ਤਿਆਰ ਹੋ ਗਿਆ ਤੇ ਅਸੀ ਸਾਰੇ ਮੈਰਿਜ ਪੈਲੇਸ ਚਲੇ ਗਏ। ਖਾਣ ਪੀਣ ਦੇ ਪੰਡਾਲ ਵਿੱਚ ਵੱਖ ਵੱਖ ਤਰਾਂ ਦੇ ਸਨੈਕਸ, ਕੋਲਡ ਡਰਿੰਕਸ, ਦਹੀ ਭੱਲੇ ਟਿੱਕੀ ਡੋਸਾ, ਪਨੀਰ ਪਕੋੜੇ, ਪਤਾ ਨਹੀ ਕੀ ਕੁਝ ਹੀ ਸੀ। ਪਰ ਮੈਨੂੰ ਉਹ ਚੀਜਾਂ ਕਿੱਥੇ ਚੰਗੀਆਂ ਲੱਗਦੀਆਂ ਸਨ। ਮੇਰੀ ਧੜਕਣ ਤਾਂ ਪੈਟ ਦੀ ਜੇਬ ਵਿੱਚ ਪਏ ਉਸ ਕਾਗਜ ਦੇ ਟੁਕੜੇ ਨੇ ਵਧਾ ਰੱਖੀ ਸੀ। ਵਾਰੀ ਵਾਰੀ ਮੈ ਕਾਗਜ ਨੂੰ ਹੱਥ ਲਾਕੇ ਵੇਖਦਾ। ਮਤੇ ਉਹ ਕਾਗਜ ਡਿੱਗ ਜਾਵੇ ਤੇ ਮੇਰੀ ਬਿਪਤਾ ਟਲ ਜਾਵੇ।ਡੈਡੀ ਜੀ ਆਹ ਖਾ ਲਵੇ। ਤਾਊ ਜੀ ਤੁਸੀ ਖਾਂਦੇ ਕਿਉ ਨਹੀ? ਕਦੇ ਬੇਟਾ ਤੇ ਕਦੇ ਭਤੀਜਾ ਪਲੇਟ ਮੂਹਰੇ ਕਰਦੇ। ਹੁਣ ਮੇਰੇ ਕੁਝ ਨਹੀ ਸੀ ਲੰਘਦਾ। ਪਰ ਚੋਰ ਦੀ ਮਾਂ ਤਰਾਂ ਮੈ ਆਪਣੀ ਸੱਮਸਿਆ ਕਿਸੇ ਨੂੰ ਦੱਸ ਵੀ ਤਾਂ ਨਹੀ ਸੀ ਸਕਦਾ।ਮੇਰੇ ਨਾਲ ਹੀ ਮੇਰੀ ਧੱਕੇ ਨਾਲ ਬਣੀ ਮੇਰੀ ਪ੍ਰੇਰਨਾ ਸਰੋਤ ਵੀ ਸੀ। ਜ਼ੋ ਇਸ ਵਿਸੇL ਤੇ ਕੁਸਕਣ ਵੀ ਨਹੀ ਸੀ ਦਿੰਦੀ। ਕਹਿੰਦੇ ਹਰ ਕਾਮਜਾਬ ਮਰਦ ਪਿੱਛੇ ਇੱਕ ਅੋਰਤ ਦਾ ਹੱਥ ਹੁੰਦਾ ਹੈ।ਪਰ ਮੈਨੂੰ ਇਹ ਉਲਟ ਲੱਗਦਾ ਸੀ।
ਸਾਰਿਆਂ ਨੂੰ ਹਾਲ ਪਹੁੰਚਣ ਦਾ ਬੁਲਾਵਾ ਆ ਗਿਆ। ਤੇ ਅਸੀ ਅੱਗੇ ਤੀਜੀ ਚੋਥੀ ਲਾਇਨ ਵਿੱਚ ਹੀ ਬੈਠ ਗਏ। ਪ੍ਰੋਗਰਾਮ ਸੁਰੂ ਹੋਣ ਤੌ ਪਹਿਲਾ ਮੈ ਇੱਕ ਦੋ ਜਾਣਕਾਰਾਂ ਨਾਲ ਗੱਲ ਕੀਤੀ ਕਿ ਉਹ ਮੇਰਾ ਲਿਖਿਆ ਭਾਸਣ ਬੋਲਕੇ ਮੈਨੂੰ ਇਸ ਝੰਜਟ ਤੋ ਮੁਕਤੀ ਦਿਵਾਉਣ। ਪਰ ਗੱਲ ਨਾ ਬਣੀ। ਸਟੇਜ਼ ਸਕੱਤਰ ਪਰਮਜੀਤ ਕੋਚਰ ਜ਼ੋ ਸਾਡੇ ਹੀ ਸਹਿਰ ਦਾ ਸੀ ਤੇ ਮੇਰਾ ਕਾਲਜ ਦਾ ਜੂਨੀਅਰ ਸੀ । ਮੈ ਉਸ ਨਾਲ ਆਪਣੀ ਗਲੇ ਪਈ ਮਸੀਬਤ ਸਾਂਝੀ ਕੀਤੀ। ਪਰ ਉਹ ਵੀ ਹੋਸਲਾ ਜਿਹਾ ਦੇਕੇ ਕਹਿੰਦਾ ਕੁਝ ਨਹੀ ਹੁੰਦਾ। ਚਿੰਤਾ ਨਾ ਕਰੋ। ਮੈਨੂੰ ਮੇਰੀ ਬੇਜੱਤੀ ਖਰਾਬ ਹੋਣ ਦਾ ਡਰ ਸੀ। ਮੈਨੂੰ ਲੱਗਿਆ ਮੈ ਸਾਰਿਆਂ ਲਈ ਮਖੋਲ ਦਾ ਪਾਤਰ ਬਣਾਗਾ।ਸਟੇਜ਼ ਸਕੱਤਰ ਮੇਰਾ ਨੰਬਰ ਸਭ ਤੌ ਪਹਿਲਾ ਲਾਉਣ ਦਾ ਕਹਿਕੇ ਸਟੇਜ਼ ਤੇ ਚਲਾ ਗਿਆ। ਦੋ ਚਾਰ ਸੁਰੂਆਤੀ ਗੱਲਾਂ ਜਿਹੀਆਂ ਕਰਕੇ ਉਸਨੇ ਮੇਰੇ ਨਾਮ ਦੀ ਅਨਾਉਸਮੈਂਟ ਕਰ ਦਿੱਤੀ। ਮੈਂ ਅਰਾਮ ਜਿਹੇ ਨਾਲ ਕੁਰਸੀ ਤੌ ਉਠਿਆ ਤੇ ਮਾਇਕ ਅੱਗੇ ਖਲੋ ਗਿਆ ਸਾਇਦ ਕਿਸੇ ਗਿਆਤ ਜਾ ਅਗਿਆਤ ਸ਼ਕਤੀ ਕਾਰਨ । ਹਾਲ ਪੂਰੀ ਤਰਾਂ ਖਚਾ ਖੱਚ ਭਰਿਆ ਹੋਇਆ ਸੀ ।ਪਰ ਮੈਨੂੰ ਤਾਂ ਸਿਰਫ ਉਹ ਯਾਨਿ ਮੇਰੀ ਹਮਸਫਰ ਹੀ ਨਜਰ ਆਉਂਦੀ ਸੀ। ਖੈਰ ਮੈ ਜੇਬ ਵਿੱਚਲਾ ਕਾਗਜ ਕੱਢਿਆ ਤੇ ਆਪਣਾ ਭਾਸਣ ਸੁਰੂ ਕਰ ਦਿੱਤਾ। ਹੁਣ ਮੈ ਕਾਗਜ ਤੋ ਵੇਖਕੇ ਨਹੀ ਬਸ ਉਸ ਵੱਲ ਵੇਖਕੇ ਹੀ ਬੋਲ ਰਿਹਾ ਸੀ। ਕਿਉਕਿ ਸਾਰੇ ਨੁਕਤੇ ਮੈਨੂੰ ਮੂੰਹ ਜੁਬਾਨੀ ਯਾਦ ਸਨ। ਮੈ ਹਰ ਨੁਕਤੇ ਦੀ ਗੱਲ ਕੀਤੀ। ਮਿੱਤਲ ਸਾਹਿਬ ਦੀ ਉਸਦੇ ਮਾਂ ਪਿਉ ਦੀ ,ਉਸਦੀ ਮੇਹਨਤ ਤੇ ਲਗਣ ਦੀ, ਉਸਦੇ ਬੱਚਿਆਂ ਦੀ।ਮੈ ਉਸ ਦੀ ਸਫਲਤਾ ਦਾ ਸਿਹਰਾ ਉਸਦੇ ਪੈਡੂ ਪਿਛੋੜਕ ਦੇ ਮਾਂ ਪਿਉ ਤੇ ਮਿਹਨਤੀ ਤੇ ਸਾਊ ਘਰਵਾਲੀ ਨੂੰ ਦਿੱਤਾ। ਮੇਰੇ ਭਾਸਣ ਦੋਰਾਨ ਬਹੁਤ ਵਾਰੀ ਤਾੜੀਆਂ ਵੱਜੀਆਂ ਤੇ ਮੇਰਾ ਹੋਸਲਾ ਵੱਧਦਾ ਗਿਆ। ਫਿਰ ਮੈ ਲਿਖੇ ਭਾਸਣ ਨਾਲੋ ਵੀ ਕਈ ਫਿਕਰੇ ਤੁਰੰਤ ਜ਼ੋੜ ਕੇ ਵੀ ਬੋਲ ਗਿਆ। ਮੈ ਇਹ ਵੀ ਕਿਹਾ ਕਿ ਮੇਰੇ ਅੱਜ ਦੇ ਭਾਸਣ ਪਿੱਛੇ ਮੇਰੀ ਹਮਸਫਰ ਦੀ ਪ੍ਰੇਰਨਾ, ਹੋਸਲਾ ਹੈ। ਮੈ ਆਪਣਾ ਭਾਸ਼ਣ ਖਤਮ ਕੀਤਾ ਤੇ ਇੱਕ ਜੇਤੂ ਅੰਦਾਜ ਵਿੱਚ ਕੁਰਸੀ ਤੇ ਬੈਠ ਗਿਆ।ਮੇਰੀ ਸਫਲਤਾ ਮੇਰੇ ਚਿਹਰੇ ਤੌ ਝਲਕਦੀ ਸੀ। ਮੇਰੇ ਤੌ ਬਾਅਦ ਬਹੁਤ ਸਾਰੇ ਵਕਤਾ ਬੋਲੇ ,ਤਜਰਬੇਕਾਰ ਯੂਨੀਅਨ ਆਗੂ ਤੇ ਲੋਕਲ ਲੀਡਰ। ਤਕਰੀਬਨ ਸਭ ਨੇ ਹੀ ਮੇਰੇ ਬੋਲੇ ਸਬਦਾਂ ਦੀ ਤਾਈਦ ਕੀਤੀ ਤੇ ਹਰ ਇੱਕ ਨੇ ਆਪਣੇ ਭਾਸਣ ਵਿੱਚ ਮੇਰਾ ਜਿਕਰ ਕੀਤਾ। ਜ਼ੋ ਮੇਰੇ ਲਈ ਮਾਣ ਦੀ ਗੱਲ ਸੀ। ਮੇਰੇ ਘਰਆਲੀ ਮੈਨੂੰ ਇੱਕ ਸਫਲ ਯੋਧਾ ਗਰਨਾਦ ਰਹੀ ਸੀ।
ਇਸ ਤਰਾਂ ਮੈ ਆਪਣੇ ਪਹਿਲੀ ਵਾਰੀ ਸਟੇਜ਼ ਤੇ ਚੜ੍ਹਣ ਚ ਸਡਲਤਾ ਹਾਸਿਲ ਕੀਤੀ।ਤੇ ਕਾਮਜਾਬ ਮਰਦ ਪਿੱਛੇ ਕਿਸੀ ਅੋਰਤ ਦਾ ਹੱਥ ਹੋਣ ਨੂੰ ਸਾਰਥਿਕ ਕੀਤਾ।