ਆਸਾਂ ਦੇ ਚਿਰਾਗ ਜਗਦੇ ਰੱਖੋ
(ਲੇਖ )
ਧਰਤੀ ਉੱਪਰ ਮਨੁੱਖੀ ਜੀਵਨ ਪ੍ਰਮਾਤਮਾ ਦੀ ਸਭ ਤੋਂ ਵੱਡੀ ਅਤੇ ਅਨਮੋਲ ਦਾਤ ਹੈ। ਮਨੁੱਖੀ ਜੀਵਨ ਇੱਕ ਕਲਾ ਹੈ। ਭਵਿੱਖ ਦੀਆਂ ਕਲਪਨਾਵਾਂ ਸਿਰਫ ਮਨੁੱਖੀ ਜੀਵਨ ਅੰਦਰ ਹੀ ਉੱਸਰਦੀਆਂ ਹਨ। ਜੀਵਨ ਕਲਾ ਨੂੰ ਨਿਖਾਰਨ ਲਈ ਸਾਡੇ ਅੱਗੇ ਭਵਿੱਖ ਹੈ। ਜੀਵਨ ਦੇ ਦੋ ਅਧਾਰ ਦੁੱਖ ਅਤੇ ਸੁੱਖ ਹਨ। ਵਕਤ ਦੀ ਚਾਲ ਨਾਲ ਮਨੁੱਖੀ ਜੀਵਨ ਵਿੱਚ ਦੁੱਖਾਂ ਦਾ ਆਉਣਾ ਸੁਭਾਵਿਕ ਹੈ। ਮਨੁੱਖ ਨੂੰ ਜੀਵਨ ਵਿੱਚ ਦੁੱਖਾਂ ਤੋਂ ਘਬਰਾਉਣ ਦੀ ਥਾਂ ਹੰਢਾਉਣ ਦਾ ਫੌਲਾਦੀ ਜਿਗਰਾ ਤੇ ਹੌਂਸਲਾ ਉਸਾਰਨਾ ਚਾਹੀਦਾ ਹੈ।
ਜੀਵਨ ਵਿੱਚ ਮਨੁੱਖ ਨੂੰ ਡੁੱਬਣਾ ਨਹੀਂ ਬਲਕਿ ਦੁੱਖ ਰੂਪੀ ਕਿਸ਼ਤੀ 'ਚ ਸਵਾਰ ਹੋ, ਹੌਂਸਲੇ ਦੇ ਚੱਪੂਆਂ ਨਾਲ ਸੁੱਖ ਦੀ ਮੰਜ਼ਿਲ ਤੇ ਪਹੁੰਚਣਾ ਚਾਹੀਦਾ ਹੈ। ਜੀਵਨ ਦਾ ਸੱਚ ਇਹ ਵੀ ਹੈ ਕਿ ਦੁੱਖ ਦਰਦ ਹੀ ਮਨੁੱਖ ਨੂੰ ਇਨਸਾਨ ਬਣਾਉਂਦਾ ਹੈ 'ਤੇ ਪ੍ਰਮਾਤਮਾ ਨੂੰ ਮਿਲਣ ਦਾ ਰਸਤਾ ਦਰਦ ਹੈ। ਦੁੱਖ, ਦਰਦ ਅਤੇ ਉਦਾਸੀ ਮਨੁੱਖੀ ਜੀਵਨ ਵਿੱਚ ਹੈ, ਇਹਨਾਂ ਦਾ ਮਨੁੱਖ ਖੁਦ ਆਪ ਹੀ ਜਿੰਮੇਵਾਰ ਹੁੰਦਾ ਹੈ। ਸੁੱਖ ਵਿੱਚ ਮਨੁੱਖ ਜੀਵਨ ਮਾਣਦਾ ਹੈ ਤੇ ਦੁੱਖ ਵਿੱਚ ਭੋਗਦਾ ਹੈ। ਸੁੱਖ ਕਿਸੇ ਤੋਂ ਉਧਾਰਾ ਅਤੇ ਬਜ਼ਾਰ ਵਿੱਚੋਂ ਮੁੱਲ ਨਹੀਂ ਮਿਲਦਾ ਤੇ ਨਾ ਹੀ ਫੁੱਲਾਂ ਦੀ ਖੁਸ਼ਬੋ, ਸੂਰਜ ਦੀ ਰੁਸ਼ਨਾਈ ਅਤੇ ਸੁੱਖ ਕਿਸੇ ਦੇ ਮਲਕੀਅਤ ਹੁੰਦੇ ਹਨ। ਸੁੱਖਾਂ ਨੂੰ ਪ੍ਰਾਪਤ ਕਰਨ ਲਈ ਦੁੱਖਾਂ ਤੋਂ ਛੁਟਕਾਰਾ ਪਾਉਣ ਦੀ ਲੋੜ ਹੁੰਦੀ ਹੈ। ਮਨੁੱਖ ਜੀਵਨ ਦੇ ਪੜਾਵਾਂ ਵਿੱਚੋਂ ਗੁਜ਼ਰਦਿਆਂ ਉਦਾਸ ਤੇ ਖੁਸ਼ ਹੋਣਾ ਮਨੁੱਖ ਦੇ ਸੁਭਾਅ ਤੇ ਨਿਰਭਰ ਕਰਦਾ ਹੈ। ਮਨੁੱਖ ਦੇ ਜੀਵਨ ਕਾਲ ਵਿੱਚ ਸਮੁੰਦਰੀ ਲਹਿਰਾਂ ਵਾਂਗ ਦੁੱਖਾਂ ਅਤੇ ਸੁੱਖਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਪਰ ਹਰ ਇੱਕ ਮਨੁੱਖ ਦੀ ਤੀਬਰ ਇੱਛਾ ਸੁੱਖ ਪ੍ਰਾਪਤੀ ਦੀ ਹੁੰਦੀ ਹੈ। ਜੇਕਰ ਜੀਵਨ ਵਿੱਚ ਮਨੁੱਖ ਨੂੰ ਦੁੱਖ ਹੀ ਨਾ ਆਇਆ ਤਾਂ ਸੁੱਖ ਦਾ ਅਨੰਦ ਕਿਵੇਂ ਪ੍ਰਾਪਤ ਕਰ ਸਕਦਾ ਹੈ। ਪਿਆਸ ਹੀ ਪਾਣੀ ਨੂੰ ਰਤਨ ਬਣਾਉਂਦੀ ਹੈ। ਫੁੱਲਾਂ ਨੂੰ ਛੂਹਣ ਲਈ ਕੰਢਿਆਂ ਦਾ ਵੀ ਮੁਕਾਬਲਾ ਕਰਨਾ ਪੈਂਦਾ ਹੈ। ਅਸਲ ਵਿੱਚ ਦੁੱਖ ਜੀਵਨ ਜਿਉਣ ਦੀ ਕੀਮਤ ਹੁੰਦੇ ਹਨ। ਇਹ ਕੀਮਤ ਦਿੱਤੇ ਬਗੈਰ ਜੀਵਨ ਮੁੱਲਵਾਣ ਨਹੀਂ ਬਣਦਾ, ਜਿਵੇਂ ਕੱਚੀ ਇੱਟ ਅੱਗ ਵਿੱਚੋਂ ਗੁਜ਼ਰ ਕੇ ਹੀ ਮੁੱਲਵਾਣ ਬਣਦੀ ਹੈ। ਜੀਵਨ ਮਿਲਿਆ ਹੈ ਤਾਂ ਜੀਣਾ ਪੈਂਦਾ ਹੈ ਪਰ ਜਿਉਣ ਦਾ ਢੰਗ ਹੋਣਾ ਬੜਾ ਲਾਜ਼ਮੀ ਹੈ ਤਾਂ ਹੀ ਜੀਵਨ ਰਸ ਮਾਣਿਆ ਜਾ ਸਕਦਾ ਹੈ।
ਜੀਵਨ ਵਿੱਚ ਮਨੁੱਖ ਭੌਤਿਕ ਇੱਛਾਵਾਂ ਕਾਰਨ ਆਪਣੇ ਰਸਤੇ ਤੋਂ ਭਟਕਦਾ ਹੋਇਆ ਆਤਮ ਸ਼ਾਂਤੀ ਲਈ ਦੌੜਦਾ ਹੋਇਆ ਸੁੱਖਾਂ ਦੀ ਪ੍ਰਾਪਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਰਹਿੰਦਾ ਹੈ। ਇਹ ਨਹੀਂ ਕਿ ਪ੍ਰਮਾਤਮਾ ਦੁੱਖ ਲੈ ਕੇ ਸੁੱਖ ਦੇ ਦਿੰਦਾ ਹੈ, ਉਹ ਤਾਂ ਦੁੱਖਾਂ ਨੂੰ ਤਿਆਗਣ ਦੀ ਮਨੁੱਖ ਨੂੰ ਸ਼ਕਤੀ ਦਿੰਦਾ ਹੈ। ਦੁੱਖ ਮਨੁੱਖ ਨੂੰ ਆਪਣੇ ਦੁਆਰਾ ਤਿਆਗ ਕੇ ਸੁੱਖ ਪ੍ਰਾਪਤ ਕਰ ਸਕਦਾ ਹੈ। ਜਿਸ ਮਨੁੱਖ ਨੂੰ ਦੁੱਖ ਤਿਆਗਣ ਦੀ ਜਾਂਚ ਆ ਜਾਂਦੀ ਹੈ, ਉਸ ਨੂੰ ਜੀਵਨ ਜਿਉਣ ਦਾ ਢੰਗ ਆ ਜਾਂਦਾ ਹੈ। ਮਨੁੱਖ ਨੂੰ ਜੀਵਨ ਨਿਖਾਰਣ ਲਈ ਦੁੱਖਾਂ ਨੂੰ ਸੁੱਖਾਂ ਵਿੱਚ ਢਾਲਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਦੂਸਰਿਆਂ ਦੇ ਸੁੱਖ ਦੇਖਣ ਦੀ ਬਜਾਏ ਦੁੱਖ ਦੇਖ ਕੇ ਆਪਣੇ ਸੁੱਖ ਦਾ ਅਨੰਦ ਮਾਨਣਾ ਚਾਹਦਾ ਹੈ ਪਰ ਮਨੁੱਖ ਦੀ ਮਾਨਸਿਕਤਾ ਇਸ ਦੇ ਬਿਲਕੁਲ ਵਿਪਰੀਤ ਹੈ। ਮਨੁੱਖ ਦੂਸਰਿਆਂ ਦੇ ਸੁੱਖ ਅਤੇ ਆਪਣੇ ਦੁੱਖ ਵੱਲ ਦੇਖਦਾ ਹੈ 'ਤੇ ਮਾਨਸਿਕ ਪ੍ਰੇਸ਼ਾਨੀ ਝੱਲਦਾ ਰਹਿੰਦਾ ਹੈ। ਲੋੜ ਤੋਂ ਵੱਧ ਉਮੀਦ ਸਾਡੇ ਅੰਦਰ ਸਿਉਂਕ ਦਾ ਕੰਮ ਕਰਦੀ ਹੈ। ਦੁੱਖ ਸੁੱਖ ਜੀਵਨ ਦੇ ਅਹਿਮ ਅੰਗ ਹਨ। ਇਹ ਹਰ ਇੱਕ ਮਨੁੱਖ ਦੀ ਜਿੰਦਗੀ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ। ਜੇਕਰ ਅੱਜ ਸਾਡੀ ਜਿੰਦਗੀ ਵਿੱਚ ਦੁੱਖ ਹਨ ਤਾਂ ਘਬਰਾਉਣਾ ਨਹੀਂ ਚਾਹੀਦਾ।
ਸਗੋਂ ਇਹ ਮੰਨ ਕੇ ਦੁੱਖਾਂ ਦਾ ਸਾਹਮਣਾ ਕਰਨਾ ਚਾਹਦਾ ਹੈ ਕਿ ਜੇ ਜਿੰਦਗੀ ਵਿੱਚ ਦੁੱਖ ਰੂਪੀ ਕਾਲੀ ਰਾਤ ਹੈ ਤਾਂ ਸੁੱਖ ਰੂਪੀ ਸੱਜਰੀ ਸਵੇਰ ਦੀ ਰੁਸ਼ਨਾਈ ਨਾਲ ਦੁੱਖਾਂ ਦੀ ਕਾਲੀ ਰਾਤ ਵੀ ਮਿਟ ਜਾਵੇਗੀ 'ਤੇ ਸੁੱਖਾਂ ਦਾ ਅਹਿਸਾਸ ਜਰੂਰ ਹੋਵੇਗਾ। ਦੁੱਖਾਂ ਵਿੱਚ ਆਪਣੇ ਤੇ ਹਮਦਰਦਾਂ ਦੀ ਪਰਖ਼ ਹੁੰਦੀ ਹੈ ਕਿਉਂਕਿ ਦੁੱਖਾਂ 'ਚ ਆਪਣਾਪਨ ਵਿਖਾਉਣ ਵਾਲੇ ਹਮਦਰਦੀ ਵੀ ਸਾਥ ਛੱਡ ਜਾਂਦੇ ਹਨ, ਸੁੱਖ ਤੇ ਸੱਚੇ ਸਾਥੀ ਹੀ ਸਾਡੇ ਦੁੱਖਾਂ 'ਚ ਸਾਥ ਨਿਭਾਉਂਦੇ ਹਨ।
ਮਨੁੱਖ ਦੇ ਅੰਦਰਲੇ ਭੰਡਾਰ ਵਿੱਚ ਬੁਰੇ ਵਿਚਾਰ ਰੂਪੀ ਕੂੜੇ ਕਰਕਟ ਨੂੰ ਬਾਹਰ ਸੁੱਟਣਾ ਵੀ ਇਕ ਕਲਾ ਹੈ। ਭੈਅ ਅਤੇ ਚਿੰਤਾ ਦੀ ਭਾਵਨਾ ਮਨੁੱਖੀ ਅਵਚੇਤਣ ਮਨ ਦੀ ਕਾਰਜ ਸਮਰੱਥਾ ਨੂੰ ਰੋਕਦੀ ਹੈ। ਚਿੰਤਾ ਦਾ ਬੋਝ ਸੋਗ ਦਾ ਕੱਲਰ ਮਨੁੱਖ ਨੂੰ ਧਰਤੀ ਵਿੱਚ ਧਸਦਾ ਹੈ। ਮਨੁੱਖੀ ਜੀਵਨ ਵਿੱਚ ਸਫ਼ਲਤਾ ਦੀ ਵੱਡੀ ਰੁਕਾਵਟ ਚਿੰਤਾ ਹੈ। ਚਿੰਤਾ ਨਾਲ ਮਨੁੱਖ ਦੀ ਕਾਰਜ ਕੁਸ਼ਲਤਾ ਨਸ਼ਟ ਹੋ ਜਾਂਦੀ ਹੈ। ਚਿੰਤਾ ਨੂੰ ਨਸ਼ਟ ਕਰਨ ਲਈ ਮਨੁੱਖ ਨੂੰ ਹੌਂਸਲਾ, ਆਸ, ਦਿਆਲਤਾ, ਨਿਮਰਤਾ, ਸਹਿਜਤਾ ਵਰਗੇ ਗੁਣਕਾਰੀ ਵਿਚਾਰਾਂ ਨੂੰ ਜਗਾਉਣ ਦੀ ਲੋੜ ਹੁੰਦੀ ਹੈ। ਇਹਨਾਂ ਸਾਰਥਿਕ ਵਿਚਾਰਾਂ ਨਾਲ ਮਨੁੱਖ ਦੀ ਸੋਚ ਸਕਾਰਤਮਿਕ ਹੋ ਕੇ ਜੀਵਨ ਨੂੰ ਅਨੰਦ ਰੂਪੀ ਫਲ ਮਿਲਦਾ ਹੈ।
ਆਸਾ ਅਭਿਲਾਸਾ 'ਤੇ ਇੱਛਾਵਾਂ ਮਨੁੱਖੀ ਜੀਵਨ ਦੇ ਭਵਨ ਦੀ ਉਸਾਰੂ ਨੀਂਵ ਹਨ। ਹੌਸਲੇ ਨਾਲ ਆਸਾਂ ਤੋਂ ਜੀਵਨ ਦੀ ਲੋਅ ਬਣਦੀ ਹੈ। ਆਸਾਂ ਦੀ ਲਾਟ ਜੀਵਨ ਦੇ ਕਾਲੇ ਹਨੇਰੇ ਨੂੰ ਚੀਰ ਕੇ ਜੀਵਨ ਰੁਸ਼ਨਾਉਂਦੀ ਹੈ। ਆਸ ਜੀਵਨ ਤੋਰਦੀ ਹੈ। ਆਸ ਕਾਰਜ ਦੀ ਸ਼ਕਤੀ ਦਾਤਾ ਹੈ। ਆਸਾਂ ਦੇ ਚਿਰਾਗ ਨੂੰ ਹੌਂਸਲੇ ਦਾ ਤੇਲ ਬਾਲ ਕੇ ਹਮੇਸ਼ਾਂ ਜਗਦਾ ਰੱਖੋ। ਆਸ ਜੀਵਨ ਦੀ ਹਨੇਰੀ ਰਾਤ ਦਾ ਜਗਦਾ ਚਿਰਾਗ ਹੈ।
ਮਨੁੱਖ ਜੀਵਨ ਵਿੱਚ ਆਸ ਨੂੰ ਭਵਿੱਖ ਦੀ ਬੁੱਕਲ ਵਿੱਚ ਦੇਖਦਾ ਹੈ। ਆਸ ਮਨੁੱਖ ਨੂੰ ਅੱਗੇ ਵਧਣ ਅਤੇ ਜੀਵਨ ਨੂੰ ਖੁਸ਼ਹਾਲ ਬਣਾਉਂਦੀ ਹੈ। ਆਸਾਂ ਦਾ ਦਾਇਰਾ ਬਹੁਤ ਵਿਸ਼ਾਲ ਹੁੰਦਾ ਹੈ। ਆਸਾਂ ਦਾ ਦਾਇਰਾ ਸੀਮਤ ਰੱਖਣਾ, ਜੀਵਨ ਨੂੰ ਸੁਧਾਰਨਾ-ਸੰਵਾਰਨਾ ਹੀ ਜੀਵਨ ਜਾਂਚ ਉਪਜਾਉਂਦਾ ਹੈ। ਸੰਕਟ ਦੀ ਘੜੀ ਨੂੰ ਸੰਜਮ ਅਤੇ ਹੌਂਸਲੇ ਨਾਲ ਨਜਿੱਠਣਾ ਵੀ ਇਕ ਜੀਵਨ ਕਲਾ ਦਾ ਅੰਗ ਹੈ। ਅਤੀਤ ਦੇ ਸੁਖਮਈ ਪਲਾਂ ਨੂੰ ਯਾਦ ਕਰਕੇ ਵਰਤਮਾਨ ਵਿੱਚ ਦੁੱਖਾਂ ਨੂੰ ਘਟਾਇਆ ਜਾ ਸਕਦਾ ਹੈ। ਮਨੁੱਖ ਨੂੰ ਜੀਵਨ ਵਿੱਚ ਜੀਵਨ ਦੇ ਹਰ ਗੇੜ ਨਾਲ ਪਾਣੀ ਵਾਂਗ ਬਿਨਾ ਅਟਕੇ ਵਹਿੰਦੇ ਅਤੇ ਫੁੱਲਾਂ ਵਾਂਗ ਖਿੜੇ ਰਹਿਣਾ ਚਾਹੀਦਾ ਹੈ। ਜੀਵਨ ਵਿੱਚ ਕੁਦਰਤ ਦੀਆਂ ਦਾਤਾਂ ਦਾ ਭਰਪੂਰ ਅਨੰਦ ਲੈਣਾ ਚਾਹੀਦਾ ਹੈ।