ਪ੍ਰੀਤਮ ਦਾ ਪਰਿਵਾਰ ਰੋਜ਼ ਰਾਤ ਨੂੰ ਬਿਜ਼ਲੀ ਦੇ ਮੀਟਰ ਨੂੰ ਕੁੰਡੀ ਲਾਂਉਦਾ ਅਤੇ ਸਵੇਰੇ ਕੰਮ ਤੇ ਜਾਣ ਵੇਲੇ ਉਹ ਜਾਂ ਉਸਦੇ ਮੁੰਡੇ ਲਾਹ ਜਾਂਦੇ ਸਨ। ਪਰ ਅੱਜ ਕੰਮ ਤੇ ਜਾਣ ਸਮੇਂ ਉਹ ਕੁੰਡੀ ਲਾਹੁਣੀ ਭੁੱਲ ਗਏ ਅਤੇ ਅਚਾਨਕ ਓਸੇ ਦਿਨ ਬਿਜਲੀ ਵਾਲਿਆਂ ਨੇ ਛਾਪਾ ਮਾਰ ਲਿਆ। ਘਰੇ ਪ੍ਰੀਤਮ ਦੇ ਘਰ ਵਾਲੀ ਸੀਤੋ, ਅਤੇ ਉਸਦੀ ਬਜੁਰਗ ਮਾਤਾ ਸੀ। ਬਿਜ਼ਲੀ ਵਾਲਿਆਂ ਨੇ ਸੀਤੋ ਨੂੰ ਪੁੱਛਿਆ, ''ਬੀਬੀ, ਤੁਸੀ ਮੀਟਰ ਨੂੰ ਕੁੰਡੀ ਕਿਓਂ ਲਾਈ ਆ?''
ਸੀਤੋ ਨੀਵੀ ਪਾ ਕੇ ਸ਼ਰਮਸਾਰ ਹੋਈ ਧੀਮੀ ਜਿਹੀ ਅਵਾਜ ਵਿੱਚ ਬੋਲੀ, ''ਅਸੀ ਤਾਂ ਜੀ ਅੱਜ ਪਹਿਲੇ ਦਿਨ ਈ ਲਾਈ ਸੀ।''
ਓਧਰੋਂ ਪ੍ਰੀਤਮ ਦੀ ਮਾਤਾ ਅੰਦਰੋਂ ਉੱਠਕੇ ਆਈ ਤੇ ਬਿਜਲੀ ਵਾਲਿਆਂ ਵੱਲ ਵੇਖਕੇ ਕਹਿਣ ਲੱਗੀ, ''ਵੇ ਪੁੱਤ! ਅੱਗੇ ਤਾਂ ਮੁੰਡੇ ਰੋਜ਼ ਕੰਮ ਤੇ ਜਾਣ ਲੱਗੇ ਆਹ ਕੁੰਡੀ ਜੀ ਲਾਹ ਜਾਂਦੇ ਸੀ ਅੱਜ ਕਾਹਲੀ ਵਿੱਚ ਭੁੱਲ ਗਏ ਹੋਣਗੇ, ਛੱਡੋ ਪੁੱਤ।''
ਇਹ ਸੁਣਕੇ ਬਿਜਲੀ ਵਾਲੇ ਆਪਣਾ ਹਾਸਾ ਨਾ ਰੋਕ ਸਕੇ ਤੇ ਸੀਤੋ ਨੂੰ ਕਹਿਣ ਲੱਗੇ, ''ਬੀਬੀ ਤੁਸੀ ਦੋਵੇ ਜਣੀਆਂ ਬਹਿ ਕੇ ਸਲਾਹ ਕਰ ਲਉ ਬਈ ਕਹਿਣਾ ਆ, ਥੋਡੇ ਤਾਂ ਦੋਵਾਂ ਦੇ ਬਿਆਨ ਈ ਨੀਂ ਰਲਦੇ।''
ਸੀਤੋ ਨਿੰਮੋਝੂਣੀ ਜਿਹੀ ਹੋਈ ਕਦੇ ਮਾਤਾ ਦੇ ਮੂੰਹ ਵੱਲ ਝਾਕੇ ਤੇ ਕਦੇ ਬਿਜਲੀ ਵਾਲਿਆ ਦੇ ਮੂੰਹ ਵੱਲ।